ਗੁਰਦਾਸ ਮਾਨ ਦਾ ‘ਪੰਜਾਬ’ ਤੇ ‘ਵਿਦਿਆਰਥੀ ਸੰਘਰਸ਼’ •ਗੁਰਪ੍ਰੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸੇ ਸਾਲ ਦੀ 9 ਫਰਵਰੀ ਨੂੰ ਪੰਜਾਬ ਦੇ ਨਾਮਵਾਰ ਗਾਇਕ ਗੁਰਦਾਸ ਮਾਨ ਦਾ ਇੱਕ ਨਵਾਂ ਗੀਤ ‘ਪੰਜਾਬ’ ਯੂ-ਟਿਊਬ ਉੱਪਰ ਜਾਰੀ ਹੋਇਆ ਜਿਸ ਵਿੱਚ ਕਥਿਤ ਤੌਰ ‘ਤੇ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਛੂਹਿਆ ਗਿਆ ਸੀ। ਇਹ ਗੀਤ ਜਾਰੀ ਹੋਣ ਸਾਰ 1-2 ਦਿਨਾਂ ਵਿੱਚ ਹੀ ਚਰਚਾ ਦਾ ਵਿਸ਼ਾ ਬਣ ਗਿਆ। ਉਸ ਵੇਲ਼ੇ ਇਸ ਗੀਤ ਦੀਆਂ ਅਨੇਕਾਂ ਗਲਤ ਅਲੋਚਨਾਵਾਂ ਦੇ ਨਾਲ਼ ਹੀ ਇਸਦੀਆਂ ਘਾਟਾਂ, ਸਗੋਂ ਗਲਤੀਆਂ ਨੂੰ ਉਸੇ ਵੇਲ਼ੇ ਅਨੇਕਾਂ ਲੋਕਾਂ ਨੇ ਕਾਫੀ ਸਹੀ ਸਮਝ ਲਿਆ ਸੀ ਤੇ ਸੋਸ਼ਲ ਮੀਡੀਆ ਉੱਪਰ ਇਸਦੀ ਅਲੋਚਨਾ ਵੀ ਰੱਖੀ ਸੀ। ਫੇਰ ਕੁੱਝ ਦਿਨਾਂ ਮਗਰੋਂ ਹੀ ਇਹ ਗੀਤ ਭੁਲਾ ਦਿੱਤਾ ਗਿਆ। ਇਹਨਾਂ ਕਾਰਨਾਂ ਕਰਕੇ ਅਸੀਂ ‘ਲਲਕਾਰ’ ਵਿੱਚ ਇਸ ਗੀਤ ਉੱਪਰ ਕੋਈ ਟਿੱਪਣੀ ਕਰਨ ਦਾ ਇਰਾਦਾ ਤਿਆਗ ਦਿੱਤਾ ਸੀ। ਪਰ ਹੁਣੇ ਸਾਡੇ ਹੱਥ ‘ਪੰਜਾਬ ਸਟੂਡੈਂਟਸ ਯੂਨੀਅਨ’ ਦਾ ਬੁਲਾਰਾ ਰਸਾਲਾ ‘ਵਿਦਿਆਰਥੀ ਸੰਘਰਸ਼’ ਦਾ ਮਾਰਚ-ਅਪ੍ਰੈਲ 2017 ਦਾ ਅੰਕ ਆਇਆ ਹੈ ਜਿਸ ਵਿੱਚ ਸਾਥੀ ਗਗਨ ਸੰਗਰਾਮੀ ਨੇ ‘ਸਿਰਫ ਤੇ ਸਿਰਫ ਅਲੋਚਨਾ ਹੀ ਠੀਕ ਨਹੀਂ’ ਸਿਰਲੇਖ ਤਹਿਤ ਇਸ ਗੀਤ ਉੱਪਰ ਕੁੱਝ ਟਿੱਪਣੀਆਂ ਕੀਤੀਆਂ ਹਨ ਜਿਹਨਾਂ ਨਾਲ਼ ਸਾਡੀ ਸਹਿਮਤੀ ਨਹੀਂ ਹੈ। ਵਿਦਿਆਰਥੀ ਲਹਿਰ ਦੇ ਇੱਕ ਜ਼ਿੰਮੇਵਾਰ ਰਸਾਲੇ ਵਿੱਚ ਅਜਿਹੀ ਟਿੱਪਣੀ ਛਪਣ ਕਾਰਨ ਅਸੀਂ ਇਸ ਗੀਤ ਅਤੇ ਉਹਨਾਂ ਦੀ ਟਿੱਪਣੀ ਉੱਪਰ ਆਪਣਾ ਪੱਖ ਰੱਖ ਰਹੇ ਹਾਂ।

ਗੁਰਦਾਸ ਮਾਨ ਦੇ ਪੰਜਾਬ ਬਾਰੇ

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਗਾਇਕੀ ਵਿੱਚ ਗੁਰਦਾਸ ਮਾਨ ਇੱਕ ਵੱਡਾ ਨਾਮ ਹੈ। ਉਹਨਾਂ ਦੇ ਗੀਤ ਪੰਜਾਬੀ ਵਿੱਚ ਪ੍ਰਚੱਲਿਆ ਆਮ ਹਲਕੇ, ਲੱਚਰ ਤੇ ਸਮਾਜ-ਵਿਰੋਧੀ ਗੀਤਾਂ ਨਾਲ਼ੋਂ ਕਾਫੀ ਹਟਵੇਂ ਹੁੰਦੇ ਹਨ ਜਿਸ ਕਰਕੇ ਲੋਕਾਂ ਵਿੱਚ ਪ੍ਰਚੱਲਿਤ ਵੀ ਹਨ। ਪਰ ਕਿਉਂਕਿ ਗੀਤਾਂ ਵਿੱਚ ਸਮਾਜ ਦਾ ਚਿਤਰਣ ਕੀਤਾ ਜਾਂਦਾ ਹੈ ਤੇ ਸਮਾਜ ਦਾ ਚਿਤਰਣ ਕਰਨਾ ਸਮਾਜ-ਵਿਗਿਆਨ ਨਾਲ਼ ਜੁੜਿਆ ਮਾਮਲਾ ਹੈ। ਇਸ ਲਈ ਸਮਾਜਿਕ ਸਰੋਕਾਰਾਂ ਨਾਲ਼ ਜੁੜਿਆ ਹਰ ਵਿਅਕਤੀ ਗੀਤਾਂ ਵਿੱਚ ਚਿਤਰੇ ਸਮਾਜ ਦੀ ਅਸਲ ਸਮਾਜ ਨਾਲ਼ ਤੁਲਨਾ ਕਰਦੇ ਹੋਏ ਇਹਨਾਂ ਗੀਤਾਂ ਬਾਰੇ ਗੱਲ ਕਰਨੀ ਜ਼ਰੂਰੀ ਸਮਝੇਗਾ। ਬਹੁਤ ਲੋਕ ਇਹ ਦਲੀਲ ਦਿੰਦੇ ਹਨ ਕਿ ਇਹ ਗੀਤ ਪੰਜਾਬ ਵਿੱਚ ਆਮ ਪ੍ਰਚੱਲਿਤ ਅਸ਼ਲੀਲ, ਗੁੰਡਾਗਰਦੀ, ਔਰਤ ਵਿਰੋਧੀ, ਗੈਰ-ਯਥਾਰਕ, ਜਾਤੀਵਾਦੀ ਤੇ ਸਤੱਹੀ ਗੀਤਾਂ ਤੋਂ ਵੱਖਰਾ ਹਟ ਕੇ ਸਮਾਜ ਦੀਆਂ ਸਮੱਸਿਆਵਾਂ ਨੂੰ ਸੰਬੋਧਿਤ ਹੁੰਦਾ ਹੈ ਇਸ ਲਈ ਇਸ ਨਾਲ਼ ਰਿਆਇਤ ਵਰਤੀ ਜਾਣੀ ਚਾਹੀਦੀ ਹੈ (ਸਾਥੀ ਗਗਨ ਸੰਗਰਾਮੀ ਵੀ ਇਹੋ ਦਲੀਲ ਦਿੰਦੇ ਹਨ)। ਪਰ ਸਾਡਾ ਮੰਨਣਾ ਹੈ ਕਿ ਅਜਿਹੇ ਗੀਤ ਜੋ ਸਮਾਜ ਦੇ ਚੇਤੰਨ ਤਬਕੇ ਨੂੰ ਸੰਬੋਧਿਤ ਹੁੰਦੇ ਹਨ ਪਰ ਗਲਤ ਵਿਚਾਰ ਪੇਸ਼ ਕਰਦੇ ਹਨ ਉਹਨਾਂ ਦੀ ਅਲੋਚਨਾ ਵੀ ਓਨੀ ਹੀ ਜ਼ਰੂਰੀ ਹੁੰਦੀ ਹੈ। ਪਹਿਲੀ ਕਿਸਮ ਦੇ ਗੀਤ ਜਿੱਥੇ ਸਿੱਧਾ ਜ਼ਹਿਰ ਪਰੋਸਦੇ ਹਨ ਉੱਥੇ (‘ਪੰਜਾਬ’ ਵਰਗੇ) ਦੂਜੀ ਕਿਸਮ ਦੇ ਗੀਤ ਇਸ ਜ਼ਹਿਰ ਨੂੰ ਗੁੜ ਵਿੱਚ ਲਪੇਟ ਕੇ ਪਰੋਸਦੇ ਹਨ। ਕਾਮਰੇਡ ਮਾਓ ਨੇ ਵੀ ਲਿਖਿਆ ਹੈ ਕਿ “ਜਿੰਨਾ ਪਿਛਾਂਹਖਿੱਚੂ ਤੱਤ ਅਤੇ ਜਿੰਨਾ ਵੱਧ ਕਲਾਤਮਕ ਖੂਬੀ, ਲੋਕਾਂ ਲਈ ਉਹ ਰਚਨਾ ਓਨੀ ਹੀ ਵੱਧ ਜ਼ਹਿਰੀਲੀ ਹੁੰਦੀ ਹੈ ਅਤੇ ਉਸਨੂੰ ਰੱਦ ਕਰਨ ਦੀ ਉਨੀ ਹੀ ਵੱਧ ਲੋੜ ਹੁੰਦੀ ਹੈ।”

ਇਸ ਗੀਤ ਦੇ ਬੋਲਾਂ ਦੇ ਨਾਲ਼ ਹੀ ਇਸਦਾ ਫਿਲਮਾਂਕਣ ਵੀ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਗੁਰਦਾਸ ਮਾਨ ਦੇ ਹਨ ਤੇ ਵੀਡੀਓ ਦਾ ਸਮੁੱਚਾ ਵਿਚਾਰ ਤੇ ਨਿਰਦੇਸ਼ਨ ਉਹਨਾਂ ਦੇ ਬੇਟੇ ਗੁਰਿਕ ਮਾਨ ਨੇ ਕੀਤਾ ਹੈ। ਦੋਵਾਂ ਪੱਖਾਂ ਤੋਂ ਹੀ ਇਸ ਵਿੱਚ ਬਹੁਤ ਸਾਰੀਆਂ ਗਲਤ ਤੇ ਪਿਛਾਂਹਖਿੱਚੂ ਗੱਲਾਂ ਪੇਸ਼ ਕੀਤੀਆਂ ਗਈਆਂ ਹਨ। ਅਸੀਂ ਆਪਣੀ ਟਿੱਪਣੀ ਨੂੰ ਗੀਤ ਦੇ ਬੋਲਾਂ ਤੇ ਫਿਲਮਾਂਕਣ ਦੋਹਾਂ ਉੱਪਰ ਕੁੱਝ ਮੁੱਖ ਨੁਕਤਿਆਂ ‘ਤੇ ਹੀ ਕੇਂਦਰਤ ਕਰਾਂਗੇ।

 ਇਸ ਗੀਤ ਦੇ ਕਥਾਨਕ ਲਈ 1917 ਦੇ ਬਾਲ ਉਮਰ ਦੇ ਭਗਤ ਸਿੰਘ ਨੂੰ ਲਿਆ ਗਿਆ ਹੈ ਜੋ ਉਸ ਵੇਲ਼ੇ ਰੋਜ਼ ਸੁਵਖਤੇ ਉੱਠ ਕੇ ਫਾਂਸੀ ਦੇ ਰੱਸੇ ‘ਤੇ ਝੂਲਣ ਦਾ ਅਭਿਆਸ ਕਰਦਾ ਹੈ ਤੇ ਗੁਰਦਾਸ ਮਾਨ ਉਸਨੂੰ ਉੱਥੋਂ 2017 ਦਾ ਮੌਜੂਦਾ ਪੰਜਾਬ ਵਿਖਾਉਣ ਲੈ ਆਉਂਦਾ ਹੈ ਤੇ ਇਸ ਮੌਜੂਦਾ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਸੁਣਾਉਂਦਾ ਹੈ। ਪਰ ਇੱਥੇ ਸ਼ਹੀਦ ਭਗਤ ਸਿੰਘ ਦੀ ਸਮੁੱਚੀ ਪੇਸ਼ਕਾਰੀ ਉਸਦੇ ਅਸਲ ਅਕਸ ਤੋਂ ਵਿਗੜੇ ਰੂਪ ਵਿੱਚ ਪੇਸ਼ ਆਉਂਦੀ ਹੈ। ਇਹ ਵਿਖਾਉਣਾ ਕਿ 10 ਸਾਲਾ ਬਾਲ ਭਗਤ ਸਿੰਘ ਰੋਜ਼ ਸੁਵੱਖਤੇ ਉੱਠ ਕੇ ਫਾਂਸੀ ਲੱਗਣ ਦਾ ਅਭਿਆਸ ਕਰਦਾ ਸੀ, ਉਸਦੇ ਵਿਚਾਰਾਂ ਨਾਲ਼ ਹਾਸੋਹੀਣਾ ਖਿਲਵਾੜ ਹੈ। ਭਗਤ ਸਿੰਘ ਬਚਪਨ ਤੋਂ ਹੀ ਫਾਂਸੀ ਚੜਨਾ ਮਿੱਥ ਕੇ ਅਜ਼ਾਦੀ ਦੀ ਜੰਗ ਵਿੱਚ ਨਹੀਂ ਆਇਆ ਸੀ। ਜਿੱਥੇ ਇੱਕ ਪਾਸੇ ਸ਼ਹੀਦ ਭਗਤ ਸਿੰਘ ਨੂੰ ਬੰਬਾਂ ਤੇ ਪਿਸਤੌਲਾਂ ਤੱਕ ਸੀਮਤ ਕਰਕੇ ਉਸਦੇ ਵਿਚਾਰਾਂ ਨੂੰ ਲੁਕਾਇਆ ਜਾ ਰਿਹਾ ਹੈ ਉੱਥੇ ਉਸਨੂੰ ਫਾਂਸੀ ਚੜਨ ਦੀ ਸਨਕ ਦਾ ਸ਼ਿਕਾਰ ਵਿਖਾ ਕੇ ਉਸਦੀ ਅੰਸ਼ਕ ਬਹਾਦਰੀ ਤਾਂ ਵਿਖਾਈ ਜਾ ਸਕਦੀ ਹੈ ਪਰ ਉਸਦੇ ਵਿਚਾਰ ਲੁਕ ਗਏ ਹਨ। ਦੂਜਾ, ਕੋਈ ਵੀ ਵਿਅਕਤੀ ਜਨਮ ਤੋਂ ਹੀ ਮਹਾਨ ਨਹੀਂ ਹੁੰਦਾ ਸਗੋਂ ਸਮਾਜਿਕ ਜੀਵਨ ਵਿੱਚ ਵਿਚਰਦਿਆਂ, ਇੱਕ ਸਿਲਸਿਲੇਵਾਰ ਵਿਕਾਸ ਦੌਰਾਨ ਹੀ ਕਿਸੇ ਮੁਕਾਮ ਤੱਕ ਪੁੱਜਦਾ ਹੈ। ਗੀਤ ਦੇ ਅੰਤ ਵਿੱਚ ਭਗਤ ਸਿੰਘ ਨੂੰ ਗੁਰਦੁਆਰੇ ਮੱਥਾ ਟਿਕਾਇਆ ਜਾਂਦਾ ਹੈ, ਚੂਲਾ ਛਕਾਇਆ ਤੇ ਨਾਲ ਗੀਤ ਦੇ ਬੋਲ ਚਲਦੇ ਹਨ ‘ਤੇਰੇ ਤੋਂ ਬਿਨਾਂ ਰੱਖੀ ਨਾ ਕਿਸੇ ਤੋਂ ਆਸ ਜੀ, ਸੁਣ ਲੈ ਬੇਨਤੀ ਗੁਰਾਂ ਦੇ ਦਾਸ ਦੀ’…!!! ਹੁਣ ਜਿਸ ਕਿਸੇ ਨੇ ਵੀ ਭਗਤ ਸਿੰਘ ਦੀਆਂ ‘ਮੈਂ ਨਾਸਤਿਕ ਕਿਉਂ ਹਾਂ?’, ‘ਡ੍ਰੀਮਲੈਂਡ ਦੀ ਭੂਮਿਕਾ’, ‘ਇਨਕਲਾਬੀ ਪ੍ਰੋਗਰਾਮ ਦਾ ਖਰੜਾ’ ਵਰਗੀਆਂ ਲਿਖਤਾਂ ਪੜੀਆਂ ਹਨ ਉਹ ਸਹਿਜੇ ਹੀ ਸਮਝ ਸਕਦਾ ਹੈ ਕਿ ਕਿਸੇ ਵੀ ਤਰਾਂ ਦੀ ਗੈਬੀ ਸ਼ਕਤੀ ਵਿੱਚ ਯਕੀਨ ਤੇ ਕਿਸਮਤ ਵਿੱਚ ਯਕੀਨ ਰੱਖਣ ਦੀ ਥਾਂ ਲੋਕਾਂ ਦੀ ਇੱਕਜੁੱਟਤਾ ਦੀ ਤਾਕਤ ਤੇ ਵਿਗਿਆਨ ਵਿੱਚ ਭਰੋਸਾ ਰੱਖਣ ਵਾਲ਼ੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਇੱਥੇ ਕਿਵੇਂ ਵਿਗਾੜਿਆ ਗਿਆ ਹੈ। ਗੁਰਦਾਸ ਮਾਨ ਤੇ ਖਾਸ ਕਰਕੇ ਉਹਨਾਂ ਦੇ ਬੇਟੇ ਗੁਰਿਕ ਮਾਨ ਨੂੰ ਭਗਤ ਸਿੰਘ ਦੀ ਪੇਸ਼ਕਾਰੀ ਬਾਰੇ ਗੰਭੀਰਤਾ ਨਾਲ਼ ਸ਼ਹੀਦ ਭਗਤ ਸਿੰਘ ਦੇ ਜੀਵਨ, ਵਿਚਾਰਾਂ ਤੇ ਉਹਨਾਂ ਦੀਆਂ ਲਿਖਤਾਂ ਦਾ ਅਧਿਐਨ ਕਰਨਾ ਚਾਹੀਦਾ ਸੀ ਤਾਂ ਜੋ ਇਸ ਮਹਾਨ ਇਤਿਹਾਸਕ ਸਖਸ਼ੀਅਤ ਨਾਲ਼ ਇਸਨਾਫ ਹੋ ਸਕਦਾ।

ਇਸ ਗੀਤ ਦੀ ਪ੍ਰਸੰਸ਼ਾ ‘ਚ ਕਿਹਾ ਜਾ ਰਿਹਾ ਹੈ ਕਿ ਇਹ ਗੀਤ ਮੌਜੂਦਾ ਪੰਜਾਬ ਦੀਆਂ ਹਕੀਕੀ ਸਮੱਸਿਆਵਾਂ ਉੱਪਰ ਉਂਗਲ ਧਰਦਾ ਹੈ। ਗੁਰਦਾਸ ਮਾਨ ਦੇ ਗੀਤ ਹੀ ਨਹੀਂ ਸਗੋਂ ਪੰਜਾਬ ਦੇ ਬੌਧਿਕ ਤਬਕੇ ਵਿੱਚ ਇਸ ਗੱਲ ਦਾ ਬਹੁਤ ਚੀਕ-ਚਿਹਾੜਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਗਾਲ਼ ਦਿੱਤਾ ਹੈ, ਕਿ ਨਸ਼ੇ ਪੰਜਾਬ ਦੇ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਹਨ। ਗੁਰਦਾਸ ਮਾਨ ਵੀ ‘ਹਰ ਪਾਸੇ ਨਸ਼ੇ ਦੀ ਹਨੇਰੀ ਝੁੱਲ ਗਈ’, ‘ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰ ਤੇ’, ‘ਚਿੱਟੇ ਦਾ ਤੂਫਾਨ ਬਾਹਲਾ ਹੋ ਗਿਆ’, ‘ਮੁਡਿੰਆਂ ਨੂੰ ਮਾਰ ਗਈਆਂ ਡੋਡੇ-ਭੁੱਕੀਆਂ’ ਆਦਿ ਬੋਲਾਂ ਰਾਹੀਂ ਗੀਤ ਵਿੱਚ ਨਸ਼ਿਆਂ ਦੀ ਇਸ ਸਮੱਸਿਆ ਦਾ ਵਾਰ-ਵਾਰ ਜ਼ਿਕਰ ਕਰਦਾ ਹੈ। ਬੇਸ਼ੱਕ ਅੱਜ ਪੰਜਾਬ ਲਈ ਤੇ ਖਾਸ ਕਰ ਨੌਜਵਾਨਾਂ ਲਈ ਨਸ਼ੇ ਇੱਕ ਗੰਭੀਰ ਸਮੱਸਿਆ ਹੈ ਪਰ ਇਹ ਪੰਜਾਬ ਦੇ ਸਮੁੱਚੇ ਨੌਜਵਾਨਾਂ ਲਈ ਪੂਰਾ ਸੱਚ ਨਹੀਂ ਹੈ। ਨਸ਼ਾ ਕਰਨ ਵਾਲ਼ੇ ਨੌਜਵਾਨਾਂ ਦੀ ਗਿਣਤੀ ਪੰਜਾਬ ਵਿੱਚ ਬਹੁਤ ਥੋੜੀ ਹੈ ਕਿਉਂਕਿ ਨਸ਼ਾ ਕਰਨ ਲਈ ਆਰਥਿਕ ਸਾਧਨ ਚਾਹੀਦੇ ਹਨ। ਇਸਦੇ ਉਲਟ ਪੰਜਾਬ ਦੀ ਨੌਜਵਾਨੀ ਲਈ ਮੁੱਖ ਸਮੱਸਿਆ ਸਿੱਖਿਆ, ਰੋਜ਼ੀ-ਰੋਟੀ ਤੇ ਰੁਜ਼ਗਾਰ ਦੀ ਸਮੱਸਿਆ ਹੈ। ਬਹੁਗਿਣਤੀ ਨੌਜਵਾਨ ਨਸ਼ਿਆਂ ‘ਚ ਨਹੀਂ ਸਗੋਂ ਜਿਉਂਦੇ ਰਹਿਣ ਦੇ ਸੰਘਰਸ਼ ਵਿੱਚ ਜੂਝ ਰਹੇ ਹਨ। ਇੱਥੋਂ ਨਿਰਾਸ਼ ਹੋਏ ਨੌਜਵਾਨਾਂ ਵਿੱਚੋਂ ਹੀ ਇੱਕ ਹਿੱਸਾ ਨਸ਼ਿਆਂ ਵੱਲ ਜਾ ਰਿਹਾ ਹੈ। ਇਹ ਨੌਜਵਾਨ ਜਾਂ ਬੇਰੁਜ਼ਗਾਰੀ ਜਾਂ ਫੇਰ ਬਹੁਤ ਥੋੜੀ ਤਨਖਾਹ ‘ਤੇ ਔਖੀਆਂ ਹਾਲਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹਨ। ਇਹਨਾਂ ਦਾ ਵੱਡਾ ਹਿੱਸਾ ਮਜ਼ਦੂਰ ਅਬਾਦੀ ਹੈ। ਇਹਨਾਂ ਦੀਆਂ ਸਮੱਸਿਆਵਾਂ ਨੂੰ ਸੰਬੋਧਤ ਹੋਏ ਬਿਨਾਂ ਪੰਜਾਬ ਦੇ ਮੌਜੂਦਾ ਯਥਾਰਥ ਤੇ ਭਵਿੱਖ ਨੂੰ ਨਹੀਂ ਸਮਝਿਆ ਜਾ ਸਕਦਾ। ਜਦੋਂ ਅਜਿਹਾ ਚਿੰਤਨ ਪੰਜਾਬ ਦੇ ਬੌਧਿਕ ਤੇ ਅਕਾਦਮਿਕ ਹਲਕਿਆਂ ਵਿੱਚ ਲਗਭਗ ਗਾਇਬ ਹੈ, ਤਾਂ ਇਸ ਹਾਲਤ ਵਿੱਚ ਇੱਕ ਕਲਾਕਾਰ ਤੋਂ ਅਜਿਹੀ ਉਮੀਦ ਰੱਖਣੀ ਹੋਰ ਵੀ ਔਖੀ ਹੈ। 

ਨੌਜਵਾਨਾਂ ਵਿੱਚ ਨਸ਼ਿਆਂ ਤੋਂ ਬਿਨਾਂ ਗੀਤ ਵਿੱਚ ਗੁਰਦਾਸ ਮਾਨ ਆਧੁਨਿਕਤਾ ਦੀ ਸ਼ਿਕਾਰ ਭਟਕੀ ਹੋਈ ਪੀੜੀ, ਖੇਤੀ ਵਿੱਚ ਵਰਤੇ ਜਾਂਦੇ ਕੀਟਨਾਸ਼ਕਾਂ ਤੇ ਮੱਝਾਂ ਨੂੰ ਲਾਏ ਜਾਂਦੇ ਟੀਕੀਆਂ ਤੇ ਇਸ ਕਾਰਨ ਖਰਾਬ ਹੋ ਰਹੀ ਸਿਹਤ ਜਿਹੀਆਂ ਸਮੱਸਿਆਵਾਂ ਦੀ ਚਰਚਾ ਕਰਦਾ ਹੈ। ਸਿਰਫ ਕਿਸੇ ਸਮੱਸਿਆ ਦੀ ਚਰਚਾ ਕਰਨਾ ਹੀ ਕਾਫੀ ਨਹੀਂ ਹੈ ਸਗੋਂ ਇਹ ਚਰਚਾ ਸਹੀ ਜ਼ਮੀਨ ਤੋਂ ਖੜਕੇ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸੇ ਢੰਗ ਨਾਲ਼ ਹੀ ਸਹੀ ਕਾਰਨ ਤੇ ਹੱਲ ਲੱਭੇ ਜਾ ਸਕਦੇ ਹਨ। ਪਰ ਗੁਰਦਾਸ ਮਾਨ ਦਾ ਸਮੁੱਚਾ ਗੀਤ ਹਰ ਸਮੱਸਿਆ ਨੂੰ ਅਤੀਤ ਦੇ ਚੌਰਾਹੇ ‘ਤੇ ਖੜਾ ਹੋ ਕੇ ਹੇਰਵੇ ਨਾਲ ਵੇਖਦਾ ਹੈ। ਚਾਹੇ ਗੀਤ ਦੇ ਸ਼ੁਰੂ ਵਿੱਚ ‘ਫੁੱਲ ਮੁਰਝਾਇਆ ਪਿਆ ਏ ਪੰਜਾਬ ਦਾ… ਸੁੱਕ ਗਈਆਂ ਜੜਾਂ, ਮੁਰਝਾਈਆਂ ਟਾਹਣੀਆਂ’ ਤੇ ‘ਰੰਗਲਾ ਪੰਜਾਬ ਮੇਰਾ ਕਾਲ਼ਾ ਹੋ ਗਿਆ’ ਦੇ ਬਿੰਬਾਂ ਦੇ ਰੂਪ ਵਿੱਚ ਹੋਵੇ ਚਾਹੇ ਭੁੱਲ ਜਾਣ ਦੇ ਰੂਪ ਵਿੱਚ ਸਮੱਸਿਆ ਦੀ ਚਰਚਾ ਹੋਵੇ, ਹਰ ਥਾਂ ਇੰਝ ਹੀ ਪ੍ਰਤੀਤ ਹੁੰਦਾ ਹੈ ਜਿਵੇਂ ਅਤੀਤ ਵਿੱਚ ਸਭ ਕੁੱਝ ਖਿੜਿਆ, ਰੰਗਲਾ ਤੇ ਸਹੀ ਸੀ ਤੇ ਹੁਣੇ ਹੀ ਖਰਾਬ ਹੋਇਆ ਹੈ। ਇਹ ਸਿਰਫ ਇਸੇ ਗੀਤ ਦੀ ਨਹੀਂ ਗੁਰਦਾਸ ਮਾਨ ਦੀ ਸਮੁੱਚੀ ਗਾਇਕੀ ਦੀ ਮੁੱਖ ਕਮਜ਼ੋਰੀ ਹੈ। ਵਰਤਮਾਨ ਸਮੁੱਚੇ ਰੂਪ ਵਿੱਚ ਅਤੀਤ ਨਾਲ਼ ਬਿਹਤਰ ਹੀ ਹੁੰਦਾ ਹੈ। ਪੰਜਾਬ ਦਾ ਅਤੀਤ ਵੀ ਵਰਤਮਾਨ ਨਾਲੋਂ ਚੰਗਾ ਨਹੀਂ ਸਗੋਂ ਮਾੜਾ ਸੀ। ਬੀਤੇ ਵੱਲ਼ ਹੇਰਵੇ ਨਾਲ਼ ਵੇਖਦੇ ਹੋਏ ਅੱਜ ਨੂੰ ਸੰਬੋਧਿਤ ਹੋਣਾ ਇਸਦਾ ਹੱਲ ਵੀ ਬੀਤੇ ਵੱਲ਼ ਮੁੜਨ ਵਿੱਚ ਲੱਭਦਾ ਹੈ ਜਦਕਿ ਬੀਤਿਆ ਲੱਖ ‘ਵਾਜ਼ਾਂ ਮਾਰਨ ‘ਤੇ ਵੀ ਨਹੀਂ ਮੁੜਦਾ। ਵਰਤਮਾਨ ਦੀਆਂ ਸਮੱਸਿਆਵਾਂ ਦੇ ਕਾਰਨ ਵਰਤਮਾਨ ਸਮਾਜਿਕ-ਢਾਂਚੇ ਵਿੱਚ ਵੇਖੇ ਜਾਣੇ ਚਾਹੀਦੇ ਹਨ ਜਿਸਦੇ ਲਈ ਬੀਤੇ ਤੋਂ ਸਬਕ, ਪ੍ਰੇਰਨਾ ਤਾਂ ਲਈ ਜਾ ਸਕਦੀ ਹੈ ਪਰ ਇਸ ਵੱਲ਼ ਮੁੜਿਆ ਨਹੀਂ ਜਾ ਸਕਦਾ, ਸਗੋਂ ਇਹਨਾਂ ਦੇ ਹੱਲ ਭਵਿੱਖ ਵਿੱਚ ਹੀ ਮਿਲ਼ ਸਕਦੇ ਹਨ। 

ਗੁਰਦਾਸ ਮਾਨ ਦੇ ਗੀਤ ਦੇ ਕੁੱਝ ਬੋਲ ਪੰਜਾਬ ਦੀਆਂ ਔਰਤਾਂ ਨੂੰ ਸੰਬੋਧਿਤ ਹਨ। ਗੁਰਦਾਸ ਮਾਨ ਕਹਿੰਦਾ ਹੈ ਕਿ ਅੱਜ ਦੀਆਂ ਪੰਜਾਬਣਾਂ ਨੂੰ ਜਵਾਕ ਸਾਂਭਣੇ ਭੁੱਲ ਗਏ ਹਨ (ਜਿਵੇਂ ਪਹਿਲਾਂ ਦੇ ਵੇਲ਼ਿਆਂ ‘ਚ ਉਹਨਾਂ ਨੂੰ ਮੁਹਾਰਤ ਹਾਸਲ ਸੀ!)। ਸਾਡੇ ਮਰਦ ਪ੍ਰਧਾਨ ਸਮਾਜ ‘ਚ ਬੱਚਿਆਂ ਨਾਲ਼ ਲਾਡ ਤੇ ਹਾਸੇ-ਠੱਠੇ ਲਈ ਤਾਂ ਬਾਪੂ ਮੂਹਰੇ ਹੁੰਦਾ ਹੈ ਪਰ ਬੱਚਿਆਂ ਦਾ ਸੀਂਡ, ਟੱਟੀ ਪੂੰਝਣ ਦਾ ਕੰਮ ਮਾਵਾਂ ਲਈ ਰਾਖਵਾਂ ਰੱਖ ਦਿੱਤਾ ਜਾਂਦਾ ਹੈ। ਬੱਚੇ ਪਾਲਣਾ ਸਮੁੱਚੇ ਪਰਿਵਾਰ ਦੀ, ਸਗੋਂ ਸਮਾਜ ਦੀ ਜ਼ਿੰਮੇਵਾਰੀ ਹੈ, ਇਸ ਲਈ ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਦਾ ਸਵਾਲ ਪਰਿਵਾਰ ਤੇ ਸਮਾਜ ਨੂੰ ਕੀਤਾ ਜਾਣਾ ਚਾਹੀਦਾ ਹੈ। ਪਰ ਗੁਰਦਾਸ ਮਾਨ ਵੀ ਰਵਾਇਤੀ ਮਰਦ ਪ੍ਰਧਾਨ ਸੋਚ ਅਧੀਨ ਬੱਚੇ ਪਾਲਣ ਨੂੰ ਔਰਤਾਂ ਦੀ ਜ਼ਿੰਮੇਵਾਰੀ ਮੰਨਦੇ ਹੋਏ ਸਿਰਫ ਔਰਤਾਂ ਨੂੰ ਹੀ ਸਵਾਲ ਕਰਦੇ ਹਨ। ਉਹ ਗੀਤ ‘ਚ ਇਹ ਸ਼ਿਕਾਇਤ ਵੀ ਕਰਦੇ ਹਨ ਕਿ ਪੰਜਾਬਣਾਂ ਨੇ (ਸਿਗਰਟਾਂ ਦੇ) ਧੂੰਏਂ ਨਾਲ਼ ਆਪਣੀਆਂ ਛਾਤੀਆਂ ਦਾ ਦੁੱਧ ਸਾੜ ਦਿੱਤਾ ਹੈ। ਹੁਣ ਸਿਗਰਟਾਂ ਪੀਣ ਵਾਲ਼ੀਆਂ ਪੰਜਾਬਣਾਂ ਕਿੰਨੀਆਂ ਕੁ ਹਨ ਤੇ ਇਹ ਪੰਜਾਬਣ ਦੀ ਕਿੰਨੀ ਕੁ ਹਕੀਕੀ ਪੇਸ਼ਕਾਰੀ ਹੈ, ਇਸ ਬਾਰੇ ਕੁੱਝ ਕਹਿਣ ਦੀ ਲੋੜ ਨਹੀਂ ਹੈ। ਪਰ ਇਹਨਾਂ ਬੋਲਾਂ ਦੇ ਨਾਲ਼ ਉਹਨਾਂ ਦੇ ਬੇਟੇ ਨੇ ਜੋ ਵੀਡੀਓ ਦਾ ਫਿਲਮਾਂਕਣ ਕੀਤਾ ਹੈ ਉਹ ਹੋਰ ਵੀ ਘਟੀਆ ਹੈ। ਇੱਥੇ ਪੰਜਾਬਣ ਨੂੰ ਭੜਕੀਲਾ ਲਿਬਾਸ ਪਹਿਨੀ, ਸਿਗਰਟ, ਸ਼ਰਾਬ ‘ਚ ਖੁੱਭੀ ਤੇ ਗੈਰ-ਕੁਦਰਤੀ ਢੰਗ ਨਾਲ਼ ਤੁਰਦੀ ਵਿਖਾਇਆ ਗਿਆ ਹੈ। ਇਹ ਨਾ ਸਿਰਫ ਪੰਜਾਬੀ ਔਰਤਾਂ ਦੀ ਗਲਤ ਪੇਸ਼ਕਾਰੀ ਹੈ ਸਗੋਂ ਔਰਤਾਂ ਦੇ ਵਿਚਾਰਾਂ, ਜੀਵਨ-ਜਾਂਚ (ਪੜਨ-ਲਿਖਣ, ਘਰੋਂ ਬਾਹਰ ਨਿੱਕਲ ਕੇ ਕੰਮ ਕਰਨ, ਆਤਮ-ਨਿਰਭਰ ਹੋਣ, ਚੁੱਲੇ ਚੌਂਕੇ ਦੀ ਗੁਲਾਮੀ ਛੱਡਣ ਆਦਿ) ਤੇ ਪਹਿਰਾਵੇ ਵਿੱਚ ਹਾਂ-ਪੱਖੀ ਆਧੁਨਿਕਤਾ ਅਪਣਾਉਣ ਦਾ ਬਿਨਾਂ ਨਾਮ ਲਏ ਭੱਦੇ ਤਰੀਕੇ ਨਾਲ਼ ਮਜ਼ਾਕ ਉਡਾਇਆ ਗਿਆ ਹੈ। ਆਧੁਨਿਕਤਾ ਦੇ ਨਾਮ ‘ਤੇ ਔਰਤ ਦਾ ਜੋ ਭੰਡ-ਚਿੱਤਰ ਪੇਸ਼ ਕੀਤਾ ਗਿਆ ਹੈ ਉਸਨੂੰ ਦੇਖਕੇ ਦਰਸ਼ਕ ਸੋਚੇਗਾ ਕਿ ਇਹ ‘ਆਧੁਨਿਕ ਔਰਤ’ ਤਾਂ ਬਹੁਤ ਮਾੜੀ ਹੈ। ਫੇਰ ਸਹੀ ਔਰਤ ਕਿਹੜੀ ਹੈ? ਸ਼ਾਇਦ ਅਤੀਤ ਦੀ ਘਰ-ਬਾਰੂ, ਚੁੱਲੇ-ਚੌਂਕੇ ਦੀ ਗੁਲਾਮ ਔਰਤ ਜਿਸਨੂੰ ਗੁਰਦਾਸ ਮਾਨ ਆਪਣੇ ਹੋਰਾਂ ਗੀਤਾਂ ‘ਚ ਵਾਰ-ਵਾਰ ‘ਵਾਜ਼ ਮਾਰਦੇ ਹਨ ਤੇ ਇੱਕ ਥਾਂ ਇਹ ਵੀ ਕਹਿੰਦੇ ਹਨ ‘ਲੱਤਾਂ ਘੁੱਟਦੀ ਚੂੜੇ ਵਾਲੀ ਨਾਰ ਹੋਵੇ’!

ਇਸੇ ਤਰਾਂ ਫਸਲਾਂ ਵਿੱਚ ਵਰਤੇ ਜਾਂਦੇ ਕੀਟਨਾਸ਼ਕਾਂ ਦੇ ਵੀ ਸਿਰਫ ਇੱਕ ਪੱਖ ਨੂੰ ਵੇਖਿਆ ਗਿਆ ਹੈ। ਖੇਤੀ ਨਾਲ਼ ਜੁੜਿਆ ਹਰ ਵਿਅਕਤੀ ਜਾਣਦਾ ਹੈ ਕਿ ਜੇ ਖੇਤੀ ਅਤੇ ਦੁਧਾਰੂ ਪਸ਼ੂਆਂ ਵਿੱਚ ਇਹਨਾਂ ਦਵਾਈਆਂ ਨੇ ਹੀ ਖੇਤੀ ਦੀ ਪੈਦਾਵਾਰ ਵਿੱਚ ਭਾਰੀ ਵਾਧਾ ਕਰਕੇ ਪੰਜਾਬ ਤੇ ਦੇਸ਼ ਨੂੰ ਭੁੱਖਮਰੀ ‘ਚੋਂ ਬਾਹਰ ਕੱਢਿਆ ਹੈ। ਅੱਜ ਜੇ ਖੇਤੀ ਵਿੱਚ ਜਹਿਰਾਂ ਦੀ ਵਰਤੋਂ ਲੋੜੋਂ ਵੱਧ ਹੋ ਰਹੀ ਹੈ ਤਾਂ ਇਸਦੇ ਜ਼ਿੰਮੇਵਾਰ ਕਿਸਾਨ ਨਹੀਂ ਹਨ ਸਗੋਂ ਮੌਜੂਦਾ ਸਮਾਜਿਕ-ਆਰਥਿਕ ਢਾਂਚਾ ਹੈ ਜਿੱਥੇ ਖੇਤੀ ਹੀ ਮੰਡੀ ‘ਚ ਵੇਚ ਕੇ ਮੁਨਾਫੇ ਲਈ ਕੀਤੀ ਜਾਂਦੀ ਹੈ ਨਾ ਕਿ ਲੋਕਾਂ ਦੀਆਂ ਲੋੜਾਂ ਲਈ। ਮੁਨਾਫੇ ਦੀ ਖੇਤੀ ਦਾ ਆਪਣਾ ਤਰਕ ਹੁੰਦਾ ਹੈ ਜਿਸ ਵਿੱਚੋਂ ਬਾਹਰ ਨਿੱਕਲਣਾ ਇਕੱਲੇ ਕਿਸਾਨਾਂ ਦੇ ਹੱਥ ਵਿੱਚ ਨਹੀਂ ਹੈ।

ਇੱਕ ਹੋਰ ਥਾਂ ਗੀਤ ਦੇ ਵੀਡੀਓ ਵਿੱਚ ਧਰਨੇ ‘ਤੇ ਬੈਠੇ ਲੋਕਾਂ ਨੂੰ ਐਂਬੂਲੈਂਸ ਨੂੰ ਲੰਘਣ ਨਾ ਦੇਣ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਥੁੱਕਦੇ ਹੋਏ ਵਿਖਾ ਕੇ ਦਰਸ਼ਕਾਂ ਦੇ ਮਨਾਂ ਵਿੱਚ ਧਰਨਿਆਂ ਲਈ ਨਫਰਤ ਪੈਦਾ ਕੀਤੀ ਗਈ ਹੈ। ਧਰਨੇ ‘ਤੇ ਬੈਠੇ ਲੋਕ ਕੌਣ ਹਨ, ਉਹਨਾਂ ਦੀਆਂ ਮੰਗਾਂ ਕੀ ਹਨ, ਉਹ ਕਿਉਂ ਬੈਠੇ ਹਨ, ਧਰਨੇ ਲਾਉਣਾ ਉਹਨਾਂ ਦਾ ਖ਼ਬਤ ਹੈ ਜਾਂ ਮਜ਼ਬੂਰੀ? ਇਸ ਬਾਰੇ ਵੀਡੀਓ ਕੁੱਝ ਵੀ ਨਹੀਂ ਬੋਲਦੀ ਸਗੋਂ ਸਭ ਤਰਾਂ ਦੇ ਧਰਨਿਆਂ ਨੂੰ ਇੱਕੋ ਰੱਸੇ ਬੰਨ ਦਿੰਦੀ ਹੈ। ਇੱਕ ਹੋਰ ਵੀਡੀਓ ‘ਚ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਦੱਸਦੇ ਹਨ ਕਿ ਉਹ ਸ਼ਹੀਦ ਭਗਤ ਸਿੰਘ ਦੇ “ਫੈਨ” ਹਨ ਤੇ ਉਹਨਾਂ ਦੀ ਸਮਾਧੀ ‘ਤੇ ਮੱਥਾ ਟੇਕ ਕੇ ਅਸ਼ੀਰਵਾਦ ਵੀ ਲਿਆ ਹੈ (ਹੱਸਣਾ ਨਹੀਂ)! ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਹੱਕਾਂ ਲਈ ਲੋਕਾਂ ਦਾ ਧਰਨਿਆਂ, ਮੁਜ਼ਾਹਰਿਆਂ ਤੇ ਹੋਰਨਾਂ ਰੂਪਾਂ ‘ਚ ਸੰਘਰਸ਼ ਕਰਨਾ ਸ਼ਹੀਦ ਭਗਤ ਸਿੰਘ ਦੇ ਹੀ ਰਾਹ ਦਾ ਇੱਕ ਅੰਗ ਹੈ। ਅੱਜ ਦੇ ਪੰਜਾਬ ‘ਚ ਕਿਰਤੀ ਲੋਕਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਮਜ਼ਦੂਰਾਂ ਨੂੰ ਜੋ ਹੱਕ ਤੇ ਜ਼ਿੰਦਗੀ ਦੇ ਜੋ ਟੁਕੜੇ ਮਿਲ਼ੇ ਹੋਏ ਹਨ ਉਹ ਇਹਨਾਂ ਧਰਨਿਆਂ ਦੀ ਬਦੌਲਤ ਹੀ ਹਨ ਤੇ ਇਹਨਾਂ ਲੋਕ ਸੰਘਰਸ਼ ਦੇ ਰੂਪ ਵਿੱਚ ਹੀ ਅੱਜ ਭਗਤ ਸਿੰਘ ਵੀ ਲੋਕਾਂ ਅੰਦਰ ਧੜਕ ਰਿਹਾ ਹੈ। ਇਸੇ ਨੂੰ ਉਹਨਾਂ ਕਿਹਾ ਸੀ ‘ਹਵਾ ਮੇਂ ਰਹੇਂਗੀ ਮੇਰੇ ਖਿਆਲ ਕੀ ਬਿਜਲੀਆਂ, ਯੇ ਮੁਸ਼ਤੇ-ਖਾਕ ਹੈ ਫਾਨੀ, ਰਹੇ ਨਾ ਰਹੇ’। 

ਅਸਲ ‘ਚ ਗੁਰਿਕ ਮਾਨ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਵਰਗੇ ਬਹੁਤ ਉੱਚ-ਤਬਕੇ ਦੇ ਰਈਸ ਸਕੂਲ ਤੇ ਵਿਦੇਸ਼ਾਂ ਵਿੱਚ ਪੜੇ ਹਨ, ਇਹ ਇੱਕ ਵੱਡਾ ਕਾਰਨ ਹੈ ਕਿ ਉਹ ਪੰਜਾਬ ਦੇ ਹਕੀਕੀ ਜੀਵਨ ਤੋਂ ਬੁਰੀ ਤਰਾਂ ਟੁੱਟੇ ਹੋਏ ਹਨ। ਸ਼ਹੀਦ ਭਗਤ ਸਿੰਘ ਦੀ ਪੇਸ਼ਕਾਰੀ ਤੇ ਬਾਕੀ ਗੀਤ ਵਿੱਚ ਪੰਜਾਬ ਤੇ ਪੰਜਾਬੀਆਂ ਦੀ ਪੇਸ਼ਕਾਰੀ ਉਹਨਾਂ ਦੀ ਪੰਜਾਬ ਪ੍ਰਤੀ ਇਸ ਅਣਜਾਣਤਾ ਦਾ ਪ੍ਰਤੱਖ ਸਬੂਤ ਹੈ।

 ਕੁੱਲ ਮਿਲ਼ਾ ਕੇ ਕਿਹਾ ਜਾਵੇ ਤਾਂ ਇਹ ਗੀਤ ਪੰਜਾਬ ਦੇ ਦੁਖਾਂਤ ਨੂੰ ਕਲਾ ਰਾਹੀਂ ਪੇਸ਼ ਕਰਨ ਦੀ ਤੜਪ ਵਿੱਚੋਂ ਪੈਦਾ ਹੋਇਆ ਹੈ ਪਰ ਪੰਜਾਬੀ ਸਮਾਜ ਦੇ ਗੁੰਝਲਦਾਰ ਯਥਾਰਥ ਦੀ ਸਹੀ ਸਮਝ ਨਾ ਹੋਣ ਕਾਰਨ ਇਹ ਗੀਤ ਆਪਣੇ ਮਨੋਰਥ ਵਿੱਚ ਕਾਮਯਾਬ ਨਹੀਂ ਰਹਿੰਦਾ ਤੇ ਅਨੇਕਾਂ ਗਲਤ ਪੇਸ਼ਕਾਰੀਆਂ ਕਰਦੇ ਹੋਏ ਕਈ ਪਿਛਾਂਹਖਿੱਚੂ ਪੇਸ਼ਕਾਰੀਆਂ ਕਰਨ ਤੱਕ ਪੁੱਜਦਾ ਹੋਇਆ ਆਪਣੇ ਮਨੋਰਥ ਦੇ ਉਲਟ ਭੁਗਤਦਾ ਹੈ।

ਸਾਥੀ ਗਗਨ ਸੰਗਰਾਮੀ ਦੀ ਅਲੋਚਨਾ ਬਾਰੇ

ਆਪਣੇ ਲੇਖ ‘ਸਿਰਫ ਤੇ ਸਿਰਫ ਅਲੋਚਨਾ ਹੀ ਠੀਕ ਨਹੀਂ’ ਸਾਥੀ ਗਗਨ ਸੰਗਰਾਮੀ ਖੁੱਲ ਕੇ ਉਪਰੋਕਤ ਗੀਤ ਦੀ ਪ੍ਰਸੰਸ਼ਾ ‘ਚ ਨਿੱਤਰਦੇ ਹਨ। ਇੱਕ ਪੰਕਤੀ ਵਿੱਚ ਅਸੀਂ ਉਹਨਾਂ ਦੀ ਟਿੱਪਣੀ ਵਿੱਚ ਜੁਆਬ ਦੇਵਾਂਗੇ ਕਿ ‘ਸਿਰਫ ਤੇ ਸਿਰਫ ਪ੍ਰਸੰਸਾ ਵੀ ਠੀਕ ਨਹੀਂ ਅਤੇ ਆਪਣੀ ਵਿਚਾਰਧਾਰਾ ਨਾਲ਼ ਸਮਝੌਤਾ ਕਰਨਾ ਤਾਂ ਗੰਭੀਰ ਗਲਤੀ ਹੈ।’

ਉਹਨਾਂ ਦੀ ਟਿੱਪਣੀ ਤੋਂ ਲਗਦਾ ਹੈ ਕਿ ਉਹ ਸੰਕਲਪ ‘ਅਲੋਚਨਾ’ ਤੋਂ ਹੀ ਸਹੀ ਢੰਗ ਨਾਲ਼ ਵਾਕਿਫ ਨਹੀਂ ਹਨ। ਉਹ ਲਿਖਦੇ ਹਨ, “ਇਸ ਗੀਤ ਦੀ ਪ੍ਰਸੰਸਾ ਕਰਨ ਦੀ ਬਜਾਇ ਇਸਦੀ ਕੁੱਝ ਲੋਕਾਂ ਦੁਆਰਾ ਰੱਜ ਕੇ ਅਲੋਚਨਾ ਕੀਤੀ ਗਈ ਜੋ ਕਿ ਗਲਤ ਹੈ।” ਇੱਕ ਹੋਰ ਥਾਂ ਲਿਖਦੇ ਹਨ “ਉਸਦੇ ਗੀਤ ਦੇ ਸਕਾਰਾਤਮਕ ਪਹਿਲੂਆਂ ਨੂੰ ਛੱਡ ਕੇ ਨਕਾਰਾਤਮਕ ਹੀ ਦੇਖਕੇ ਉਸਦੀ ਅਲੋਚਨਾ ਕਰੀ ਜਾਣਾ ਇਹ ਬਿਲਕੁਲ ਗਲਤ ਹੈ।” ਇਸੇ ਤਰਾਂ ਇੱਕ ਹੋਰ ਥਾਂ ਲਿਖਿਆ ਹੈ “ਗੀਤ ਦੀ ਵੱਧ ਪ੍ਰਸੰਸਾ ਤੇ ਘੱਟ ਅਲੋਚਨਾ ਕਰਨੀ ਚਾਹੀਦੀ ਹੈ।” ਪਾਠਕ ਸਾਫ ਦੇਖ ਸਕਦੇ ਹਨ ਕਿ ਸਾਥੀ ਗਗਨ ਲਈ ਅਲੋਚਨਾ ਦਾ ਮਤਲਬ ਸਿਰਫ ਕਮੀਆਂ ਦੀ ਗੱਲ ਕਰਨਾ ਹੈ ਜਦਕਿ ਕਿਸੇ ਕਲਾਤਕਮ ਰਚਨਾ ਦੀ ਅਲੋਚਨਾ ਕਰਨ ਵਿੱਚ ਉਸਦੀਆਂ ਖੂਬੀਆਂ ਤੇ ਘਾਟਾਂ ਦੋਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਪ੍ਰਸੰਸਾ ਕਰਨੀ ਅਲੋਚਨਾ ਦਾ ਹਿੱਸਾ ਹੈ, ਨਾ ਕਿ ਅਲੋਚਨਾ ਦੇ ਵਿਰੁੱਧ।

ਖੈਰ, ਅਸੀਂ ਉਹਨਾਂ ਦੀ ਟਿੱਪਣੀ ਦੀਆਂ ਬਰੀਕੀਆਂ ਨੂੰ ਛੱਡਦੇ ਹੋਏ ਸਿਰਫ ਮੁੱਖ ਨੁਕਤੇ ‘ਤੇ ਕੇਂਦਰਤ ਕਰਦੇ ਹਾਂ। ਉਹ ਲਿਖਦੇ ਹਨ ਕਿ ਪੰਜਾਬ ਵਿੱਚ ਗਾਇਕੀ ਨਿਘਾਰ ਵੱਲ਼ ਜਾ ਰਹੀ ਹੈ ਤੇ ਜੋ ਲੋਕ ਇਸ ਖਿਲਾਫ ਨਹੀਂ ਬੋਲਦੇ ਉਹ ਹੁਣ ਗੁਰਦਾਸ ਮਾਨ ਦੇ ਗੀਤ ਖਿਲਾਫ ਬੋਲ ਰਹੇ ਹਨ। ਸਾਥੀ ਗਗਨ ਨੇ ਗੀਤ ਦੀ ਜਿਸ ਅਲੋਚਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੀ ਟਿੱਪਣੀ ਕੀਤੀ ਹੈ ਉਹ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਵੱਲੋਂ ਕੀਤੀ ਅਲੋਚਨਾ ਹੈ। ਜਿਹਨਾਂ ਦੀ “ਅਲੋਚਨਾ” ਸਿਰਫ ਇੰਨੀ ਕੁ ਸੀ ਕਿ ਇਹ ਗੀਤ ਚੋਣਾਂ ਤੋਂ ਪਹਿਲਾਂ ਕਿਉਂ ਰਿਲੀਜ਼ ਨਹੀਂ ਕੀਤਾ ਗਿਆ। ਇਸ ਪਿੱਛੇ ਉਹਨਾਂ ਦੀ ਸੋਚ ਇਹ ਹੈ ਕਿ ਇਹ ਗੀਤ ਸਹੀ ਹੈ ਤੇ ਜੇ ਇਹ ਚੋਣਾਂ ਤੋਂ ਪਹਿਲਾਂ ਆ ਜਾਂਦਾ ਤਾਂ ਇਸ ਗੀਤ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੁੱਝ ਵੋਟਾਂ ਹੋਰ ਭੁਗਤਾ ਦੇਣੀਆਂ ਸਨ। ਇੰਨੀ ਕੁ “ਅਲੋਚਨਾ” ਨੂੰ ਸਾਥੀ ਗਗਨ “ਰੱਜ ਕੇ ਅਲੋਚਨਾ” ਕਰਨ ਦਾ ਨਾਮ ਦੇ ਰਹੇ ਹਨ, (ਜੇ ਉਹਨਾਂ ਲਈ “ਰੱਜ ਕੇ ਅਲੋਚਨਾ ਕਰਨ ਵਾਲ਼ੇ ਕੁੱਝ ਲੋਕ” ਕੋਈ ਹੋਰ ਹਨ ਤਾਂ ਉਹਨਾਂ ਬਾਰੇ ਸਾਥੀ ਨੂੰ ਉਹਨਾਂ ਦੀ ਅਲੋਚਨਾ ਦੀ ਚਰਚਾ ਕਰਦੇ ਹੋਏ ਗੱਲ ਕਰਨੀ ਚਾਹੀਦੀ ਹੈ)। ਇਸ “ਰੱਜ ਕੇ ਕੀਤੀ ਅਲੋਚਨਾ” ਦਾ ਵਿਰੋਧ ਕਰਦੇ-ਕਰਦੇ ਸਾਥੀ ਗਗਨ ਇਸਦੀ ਰੱਜਵੀਂ ਪ੍ਰਸੰਸਾ ਵਿੱਚ ਉੱਤਰ ਆਉਂਦੇ ਹਨ ਤੇ ਇਸ ਗੀਤ ਦੀ ਇੱਕ ਵੀ ਕਮਜ਼ੋਰੀ, ਗਲ਼ਤੀ ਉੱਪਰ ਕੋਈ ਸਪੱਸ਼ਟ ਗੱਲ ਕਰਨ ਤੋਂ ਹੀ ਕੰਨੀ ਕਤਰਾ ਜਾਂਦੇ ਹਨ ਤੇ ਬੁਰੀ ਤਰਾਂ ਭਟਕ ਜਾਂਦੇ ਹਨ।

ਗੀਤ ਦੀ ਪ੍ਰਸੰਸਾ ਕਰਦੇ ਉਹ ਲਿਖਦੇ ਹਨ ਕਿ “ਪਹਿਲੀ ਵਾਰ ਪੰਜਾਬ ਦੀ ਅਸਲ ਤਸਵੀਰ ਇਸ ਗੀਤ ਵਿੱਚ ਪੇਸ਼ ਕੀਤੀ ਗਈ ਹੈ।” ਇਹ ਆਖ ਕੇ ਉਹ ਗੀਤ ਵਿੱਚ ਪੇਸ਼ ਕੀਤੀ ਪੰਜਾਬ ਦੀ ਤਸਵੀਰ ਨੂੰ ਦੁਹਰਾਉਂਦੇ ਹਨ ਤੇ ਲਿਖਦੇ ਹਨ “7 ਮਿੰਟ ਦੇ ਇਸ ਗੀਤ ਵਿੱਚ ਪੰਜਾਬ ਦੀ ਅਸਲ ਤੇ ਮੌਜੂਦਾ ਤਸਵੀਰ ਨੂੰ ਪੇਸ਼ ਕੀਤਾ ਹੈ ਜਿਸਦੀ ਸ਼ਲਾਘਾ ਤੇ ਪ੍ਰਸੰਸਾ ਕਰਨੀ ਬਣਦੀ ਹੈ।” ਸਾਥੀ ਗਗਨ ਸੰਗਾਰਮੀ ਨੂੰ ਇਸ ਗੀਤ ਵਿੱਚ ਕੋਈ ਵੀ ਗਲਤੀ ਨਹੀਂ ਦਿਸਦੀ ਤੇ ਸਿਰਫ ਇੱਕ ਥਾਂ ਉਹ ਸਿਰਫ ਇੰਨਾ ਹੀ ਲਿਖਦੇ ਹਨ ਕਿ “ਇਸ ਗੀਤ ਵਿੱਚ ਹੋਰ ਵੀ ਕਾਫੀ ਕੁੱਝ ਵਿਖਾਇਆ ਜਾ ਸਕਦਾ ਸੀ।”

ਇਸ ਗੀਤ ਵਿੱਚ ਪੰਜਾਬ ਦੀ ਤਸਵੀਰ ਕੋਈ ਪਹਿਲੀ ਵਾਰ ਪੇਸ਼ ਨਹੀਂ ਕੀਤੀ ਜਾ ਰਹੀ (ਜਿਵੇਂ ਕਿ ਸਾਥੀ ਗਗਨ ਦਾ ਮੰਨਣਾ ਹੈ), ਉੱਤੋਂ “ਪਹਿਲੀ ਵਾਰ” ਪੇਸ਼ ਕੀਤੀ ਇਹ “ਅਸਲ ਤਸਵੀਰ” ਕਿੰਨੀ ਕੁ ਅਸਲੀ ਹੈ ਇਸ ਬਾਰੇ ਅਸੀਂ ਉੱਪਰ ਚਰਚਾ ਕਰ ਹੀ ਚੁੱਕੇ ਹਾਂ। ਪੰਜਾਬ ਦੀ ਅਧੂਰੀ ਤੇ ਵਿਗੜੀ ਤਸਵੀਰ ਨਾਲ਼ ਸਾਥੀ ਗਗਨ ਸੰਗਰਾਮੀ ਦੀ ਇਹ ਸਹਿਮਤੀ ਉਹਨਾਂ ਦੀ ਸਮਝ ਉੱਪਰ ਸਵਾਲੀਆ ਚਿੰਨ ਬਣਦੀ ਹੈ। ਸ਼ਹੀਦ ਭਗਤ ਸਿੰਘ ਦੀ ਪੇਸ਼ਕਾਰੀ ਉੱਪਰ ਵੀ ਕੁੱਝ ਕਹਿਣ ਦੀ ਥਾਂ ਉਹ ਸਿਰਫ ਇੰਨਾ ਕਹਿੰਦੇ ਹਨ ਕਿ “ਭਗਤ ਸਿੰਘ ਬਾਰੇ ਘੱਟ ਪੜਿਆ ਹੋ ਸਕਦਾ ਹੈ।” ਸਾਡੀ ਇਨਕਲਾਬੀ ਵਿਰਾਸਤ ਨੂੰ ਵਿਗਾੜ ਕੇ ਪੇਸ਼ ਕੀਤੇ ਜਾਣ ਉੱਪਰ ਅਸਿੱਧੇ ਢੰਗ ਨਾਲ਼ ਇੰਨੇ ਕੁ ਸ਼ਬਦ ਆਖਣ ਪਿੱਛੇ ਇੱਕ ਗਾਇਕ ਨਾਲ਼ ਹਮਦਰਦੀ ਵਿਖਾਉਂਦੇ ਹੋਏ ਆਪਣੀ ਵਿਰਾਸਤ ਤੇ ਵਿਚਾਰਧਾਰਾ ਨਾਲ਼ ਸਮਝੌਤਾ ਕਰਨਾ ਹੈ। ਇਤਿਹਾਸ ਗਵਾਹ ਹੈ ਕਿ ਅਜਿਹੇ ਸਮਝੌਤੇ ਕਰਨ ਵਾਲ਼ਿਆਂ ਦਾ ਹਸ਼ਰ ਬਹੁਤ ਮਾੜਾ ਹੋਇਆ ਹੈ, ਇਸ ਲਈ ਅਜਿਹੇ ਸਮਝੌਤੇ ਕਰਨ ਬਾਰੇ ਸਾਥੀ ਗਗਨ ਸੰਗਰਾਮੀ ਨੂੰ ਮੁੜ ਵਿਚਾਰਨਾ ਚਾਹੀਦਾ ਹੈ।

 ਸਾਥੀ ਗਗਨ ਨੇ ਲਿਖਿਆ ਹੈ ਕਿ ਗੁਰਦਾਸ ਮਾਨ “ਡੇਰਿਆਂ ‘ਤੇ ਜਾਂਦਾ ਹੋਵੇਗਾ, ਇਹ ਉਸਦਾ ਨਿੱਜੀ ਮਸਲਾ ਹੈ। ਪਰ ਉਹ ਨਾ ਤਾਂ ਇਨਕਲਾਬੀ ਹੈ, ਨਾ ਨਾਸਤਿਕ ਹੈ। ਉਹ ਇੱਕ ਗਾਇਕ ਹੈ, ਸਾਨੂੰ ਉਸਨੂੰ ਆਪਣੇ ਸਾਂਚੇ ਵਿੱਚ ਢਾਲ ਕੇ ਨਹੀਂ ਵੇਖਣਾ ਚਾਹੀਦਾ।” ਉਹਨਾਂ ਦੀ ਇਹ ਇਹ ਗੱਲ ਸਹੀ ਹੈ ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਇਸ ਬਦਲੇ ਅਸੀਂ ਉਸਨੂੰ ਸਮਾਜ ਤੇ ਸਾਡੀ ਇਨਕਲਾਬੀ ਵਿਰਾਸਤ ਨੂੰ ਆਪਣੇ ਸਾਂਚੇ ਵਿੱਚ ਢਾਲ਼ ਕੇ ਗਲਤ ਪੇਸ਼ ਕਰਨ ਦੀ ਖੁੱਲ ਦੇ ਦੇਈਏ ਤੇ ਇਸ ਗਲਤੀ ਬਾਰੇ ਕੁੱਝ ਵੀ ਨਾ ਬੋਲੀਏ ਸਗੋਂ ਇੱਕ ਸਮਝੌਤਾਵਾਦੀ ਰੁਖ ਅਪਣਾਉਂਦੇ ਹੋਏ ਉਸਨੂੰ ਸਾਡੀ ਇਨਕਲਾਬੀ ਵਿਰਾਸਤ ਨੂੰ ਵਿਗਾੜਨ ਦੇਈਏ ਤੇ ਅਸੀਂ ਉਸ ਉੱਪਰ ਵੀ ਚੁੱਪ ਵੱਟ ਲਈਏ। ਉਹਨਾਂ ਦਾ ਇਹ ਸਮਝੌਤਾ ਸਿਰਫ ਸ਼ਹੀਦ ਭਗਤ ਸਿੰਘ ਉੱਪਰ ਚੁੱਪ ਵੱਟਣ ਦੇ ਰੂਪ ਵਿੱਚ ਹੀ ਨਹੀਂ ਹੈ ਸਗੋਂ ਸਮੁੱਚੇ ਗੀਤ ਦੀ ਪੜਚੋਲ ਵੀ ਭਗਤ ਸਿੰਘ ਦੀ ਵਿਚਾਰਧਾਰਾ, ਉਹਨਾਂ ਦੇ ਤਰੀਕਾਕਾਰ ਨਾਲ਼ ਸਮਝੌਤਾ ਹੈ। ਜੇ ਇਹ ਸਮਝੌਤਾ ਨਹੀਂ ਤਾਂ ਬਹੁਤ ਗੰਭੀਰ ਭਟਕਾਅ ਹੈ।

ਪਾਸ਼ ਨੇ ਆਪਣੀ ਇੱਕ ਕਵਿਤਾ ‘ਚ ਲਿਖਿਆ ਸੀ ਕਿ ਜ਼ਿੰਦਗੀ ਗੁਲਸ਼ਨ ਨੰਦਾ ਦੇ ਨਾਵਲਾਂ ਵਰਗੀ ਸ਼ੈਅ ਨਹੀਂ, ਅਸੀਂ ਕਹਾਂਗੇ ਕਿ ਇਹ ਗੁਰਦਾਸ ਮਾਨ ਦੇ ਗੀਤ ਵਰਗੀ ਵੀ ਸ਼ੈਅ ਨਹੀਂ ਹੈ। ਸਮਾਜ ਨੂੰ ਬਦਲਣ ਦੀ ਜੱਦੋ-ਜਹਿਦ ‘ਚ ਸ਼ਾਮਲ ਸਾਥੀ ਗਗਨ ਸੰਗਰਾਮੀ ਜਿਹੇ ਵਿਦਿਆਰਥੀ ਆਗੂ ਤੇ ‘ਵਿਦਿਆਰਥੀ ਸੰਘਰਸ਼’ ਜਿਹੇ ਜ਼ਿੰਮੇਵਾਰ ਅਦਾਰੇ ਦਾ ਗੁਰਦਾਸ ਮਾਨ ਦੇ ਗੀਤ ਵਿਚਲੀ ਜ਼ਿੰਦਗੀ ਨੂੰ ਪੰਜਾਬ ਦੀ ਅਸਲ ਤਸਵੀਰ ਮੰਨ ਲੈਣ ਦਾ ਮਤਲਬ ਇਹੋ ਹੈ ਕਿ ਜਾਂ ਤਾਂ ਉਹਨਾਂ ਨੂੰ ਖੁਦ ਹੀ ਪੰਜਾਬ ਦੀ ਤਸਵੀਰ ਸਪੱਸ਼ਟ ਨਹੀਂ ਹੈ ਜਾਂ ਫੇਰ ਉਹਨਾਂ ਨੂੰ ਗੁਰਦਾਸ ਮਾਨ ਦੇ ਗੀਤ ਦੀ ਹੀ ਸਮਝ ਨਹੀਂ ਆਈ। ਦੋਵਾਂ ਹਾਲਤਾਂ ਵਿੱਚ ਇਹਨਾਂ ਸਾਥੀਆਂ ਨੂੰ ਆਪਣੀ ਸਮਝ ਨੂੰ ਹੋਰ ਵਿਗਿਆਨਕ ਤੇ ਦ੍ਰਿੜ ਬਣਾਉਣ ਲਈ ਗੰਭੀਰਤਾ ਨਾਲ਼ ਯਤਨਸ਼ੀਲ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿਦਿਆਰਥੀਆਂ ਤੇ ਪਾਠਕਾਂ ਦਾ ਇੱਕ ਹਿੱਸਾ ਆਪਣੀ ਸਮਝ ਲਈ ਉਹਨਾਂ ਉੱਪਰ ਨਿਰਭਰ ਹੈ। ਉਮੀਦ ਕਰਦੇ ਹਾਂ ਕਿ ਸਾਥੀ ਇਸ ਗੀਤ ਉੱਪਰ ਆਪਣੀ ਪੁਜੀਸ਼ਨ ਨੂੰ ਮੁੜ ਵਿਚਾਰ ਕੇ ਪਾਠਕਾਂ ਸਾਹਮਣੇ ਪੇਸ਼ ਕਰਨਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ