ਗੁੰਮਨਾਮ ਹੀਰੋ •ਅਰਜਨ ਸਿੰਘ ‘ਗੜਗੱਜ’

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਲੰਧਰ ਦੇ ਬਜ਼ਾਰ ਸ਼ੇਖਾਂ ਵਿੱਚ ਇੱਕ ਅਧਖੜ ਦੇ ਸਰੀਰ ਦਾ ਦੁਬਲਾ ਪਤਲਾ ਮਨੁੱਖ ਡਰਾਈ ਕਲੀਨਿੰਗ ਦੀ ਦੁਕਾਨ ਕਰਦਾ ਹੈ। ਬਿਨਾਂ ਕੰਮ ਦੇ ਵਾਧੂ ਗੱਲਾਂ ਬਾਤਾਂ ਉਸ ਦੀ ਆਦਤ ਦਾ ਹਿੱਸਾ ਨਹੀਂ ਹਨ। ਉਸ ਨੂੰ ਦੇਖਦਿਆਂ ਇਉਂ ਜਾਪਦਾ ਹੈ ਜਿਵੇਂ ਉਹ ਆਪਣੇ ਦਿਲ ਵਿਚ ਬਹੁਤ ਕੁਝ ਲਈ ਬੈਠਾ ਹੋਵੇ। ਅਸਲ ਵਿਚ ਇਹ ਗੱਲ ਹੈ ਵੀ ਠੀਕ। ਉਸ ਦੇ ਪਿੱਛੇ ਹਿੰਦੁਸਤਾਨ ਦਾ ਇਕ ਬਹੁਤ ਵੱਡਾ ਤੇ ਪ੍ਰਸਿੱਧ ਇਤਿਹਾਸਕ ਵਾਕਿਆ ਛੁਪਿਆ ਹੋਇਆ ਹੈ। ਅੱਜ ਭਾਵੇਂ ਉਸ ਦਾ ਕਿਸੇ ਨੂੰ ਖ਼ਿਆਲ ਨਾ ਹੋਵੇ, ਪਰ ਉਹ ਹਿੰਦੁਸਤਾਨ ਦੀ ਅਜ਼ਾਦੀ ਦੀ ਜੰਗ ਦੇ ਦਿਨਾਂ ਦੇ ਉਸ ਵਾਕਿਆ ਦਾ ਹੀਰੋ ਹੈ, ਜਿਸ ਨੂੰ ਇਤਿਹਾਸ ਕਦੇ ਅੱਖੋਂ ਉਹਲੇ ਨਹੀਂ ਕਰ ਸਕਦਾ। ਉਹ ਵਾਕਿਆ, ਜਿਸ ਨੇ ਇਕ ਵੇਰ ਹਿੰਦੁਸਤਾਨ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। 1923 ਦਾ ਉਹ ਹੀਰੋ ਅੱਜ ਵੀ ਦੇਸ਼ ਦੀ ਉਨੱਤੀ ਤੇ ਖੁਸ਼ਹਾਲੀ ਲਈ ਦੁਆ ਕਰਦਾ ਰਹਿੰਦਾ ਹੈ।

1

ਮਾਲ ਰੋਡ ਲਾਹੌਰ ਨੂੰ ਆਮ ਲੋਕ ਠੰਢੀ ਸੜਕ ਕਰ ਕੇ ਪੁਕਾਰਦੇ ਹਨ। ਜਦ ਦੀ ਮੈਂ ਗੱਲ ਕਰ ਰਿਹਾ ਹਾਂ, ਉਸ ਵੇਲ਼ੇ ਇਸ ਸੜਕ ‘ਤੇ ਅੰਗਰੇਜ਼ਾਂ ਦੀ ਬੜੀ ਆਵਾਜਾਈ ਰਹਿੰਦੀ ਸੀ। ਸਾਹਿਬ ਲੋਕਾਂ ਲਈ ਸੜਕ ਨੂੰ ਠੰਢਾ ਬਣਾਈ ਰੱਖਣ ਲਈ ਬਾਰ-ਬਾਰ ਪਾਣੀ ਛਿੜਕਾਏ ਜਾਂਦੇ ਤੇ ਕਈ ਹੀਲੇ ਕੀਤੇ ਜਾਂਦੇ। ਸ਼ਾਮ ਵੇਲ਼ੇ ਇਸ ਸੜਕ ‘ਤੇ ਚੰਗੀ ਖ਼ਾਸੀ ਰੌਣਕ ਹੋ ਜਾਂਦੀ।

ਇਸ ਠੰਢੀ ਸੜਕ ‘ਤੇ, ਜਿਥੇ ਵੱਡੀਆਂ-ਵੱਡੀਆਂ ਤੇ ਸ਼ਾਨਦਾਰ ਬਿਲਡਿੰਗਾਂ ਸਨ, ਉੱਥੇ ਹੀ ਕਈ ਬੁੱਤ ਵੀ ਖੜੇ ਕੀਤੇ ਗਏ ਸਨ। ਅੱਜ ਤੋਂ 37 ਸਾਲ ਪਹਿਲਾਂ ਇਸ ਸੜਕ ‘ਤੇ ਜਿੰਨੇ ਬੁੱਤ ਸਨ, ਉਨ੍ਹਾਂ ਵਿੱਚੋਂ ਬਹੁਤੇ ਅੰਗਰੇਜ਼ ਹੁਕਮਰਾਨਾਂ ਦੇ ਸਨ। ਇਨ੍ਹਾਂ ਵਿੱਚੋਂ ਐਡਵਰਡ, ਮਲਕਾ ਵਿਕਟੋਰੀਆ ਅਤੇ ਲਾਰਡ ਲਾਰੰਸ ਦੇ ਬੁੱਤ ਖ਼ਾਸ ਵਰਣਨਯੋਗ ਹਨ। ਲਾਰਡ ਲਾਰੰਸ ਦਾ ਬੁੱਤ ਸਰ ਗੰਗਾ ਰਾਮ ਲਾਇਬਰੇਰੀ ਦੇ ਲਾਗੇ ਸੀ। ਇਹ ਬੁੱਤ ਹਿੰਦੁਸਤਾਨ, ਖ਼ਾਸ ਕਰਕੇ ਪੰਜਾਬ, ਦੇ ਮੱਥੇ ‘ਤੇ ਕਾਲਖ ਦਾ ਧੱਬਾ ਸੀ। ਲਾਰੰਸ ਦੇ ਇੱਕ ਹੱਥ ਵਿੱਚ ਕਲਮ ਅਤੇ ਦੂਜੇ ਵਿਚ ਤਲਵਾਰ ਦਿਖਾਈ ਗਈ ਸੀ। ਬੁੱਤ ਉੱਤੇ ਹਿੰਦੁਸਤਾਨੀਆਂ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਗਿਆ ਸੀ—

”ਹਿੰਦੁਸਤਾਨੀਓ! ਹਕੂਮਤ ਕਲਮ ਨਾਲ ਚਾਹੁੰਦੇ ਹੋ ਜਾਂ ਤਲਵਾਰ ਨਾਲ਼?”

ਉਕਤ ਸ਼ਬਦ ਹਿੰਦੁਸਤਾਨ ਦੀ ਹੱਤਕ ਦਾ ਕਾਰਨ ਸਨ। ਜਿਹੜਾ ਇਸ ਨੂੰ ਪੜ੍ਹਦਾ ਉਸ ਦਾ ਖ਼ੂਨ ਖੌਲਣ ਲੱਗ ਜਾਂਦਾ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਜੀ ਨੂੰ ਇਨ੍ਹਾਂ ਸ਼ਬਦਾਂ ਦੇ ਵਿਰੁੱਧ ਨਾ ਕੇਵਲ ਜ਼ੋਰਦਾਰ ਪ੍ਰੋਟੈੱਸਟ ਹੀ ਕਰਨਾ ਪਿਆ ਸਗੋਂ ਉਨ੍ਹਾਂ ਇਹ ਸ਼ਬਦ ਮਿਟਾਉਣ ਲਈ ਸਤਿਆਗ੍ਰਹਿ ਕਰਨ ਦਾ ਸੱਦਾ ਵੀ ਦੇ ਦਿੱਤਾ। ਸਾਡੇ ਉਕਤ ਗੁੰਮਨਾਮ ਹੀਰੋ ਨੇ ਵੀ ਆਪਣਾ ਨਾਮ ਮਹਾਤਮਾ ਗਾਂਧੀ ਜੀ ਨੂੰ ਸਤਿਆਗ੍ਰਹਿ ਲਈ ਘੱਲ ਦਿੱਤਾ।

2

ਲਾਹੌਰ ਵਿਚ ਲੋਕਾਂ ਨੂੰ ਇਹ ਬੜੀ ਸਹੂਲਤ ਸੀ ਕਿ ਦਿਨ ਚੜ੍ਹਨ ਤੋਂ ਪਹਿਲਾਂ ਹੀ ਤਾਜ਼ਾ ਅਖ਼ਬਾਰ ਉਨ੍ਹਾਂ ਦੇ ਬੂਹੇ ਵਿਚ ਪਿਆ ਹੁੰਦਾ ਸੀ।

1 ਮਈ 1923 ਨੂੰ ਨਾ ਸਿਰਫ਼ ਲਾਹੌਰ ਸ਼ਹਿਰ, ਨਾ ਸਿਰਫ਼ ਪੰਜਾਬ ਸਗੋਂ ਸਾਰੇ ਹਿੰਦੁਸਤਾਨ ਦੇ ਲੋਕ ਸਵੇਰੇ ਜਦ ਆਪਣੀ ਆਪਣੀ ਨੀਂਦ ਤੋਂ ਬੇਦਾਰ ਹੋਏ, ਉਨ੍ਹਾਂ ਅਖਬਾਰਾਂ ਵਿੱਚ ਇੱਕ ਅਜਿਹੀ ਖ਼ਬਰ ਪੜ੍ਹੀ ਜਿਸ ਨੇ ਥੱਲਕਾ ਮਚਾ ਦਿੱਤਾ। ਸਿਰਲੇਖ ਇਹ ਸੀ—

”ਮੈਂ 15 ਮਈ ਨੂੰ ਲਾਰੰਸ ਦੇ ਬੁੱਤ ਨੂੰ ਜੜ੍ਹੋਂ ਉਖਾੜਨ ਜਾਵਾਂਗਾ।”

ਉਸੇ ਸਵੇਰ ਨੂੰ ਲਾਹੌਰੀਆਂ ਨੇ ਇਹ ਵੀ ਵੇਖਿਆ ਕਿ ਉਨ੍ਹਾਂ ਦੇ ਮਕਾਨਾਂ ਤੇ ਉਨ੍ਹਾਂ ਦੀਆਂ ਦੁਕਾਨਾਂ ਨਾਲ਼ ਹੱਥ ਲਿਖਤ ਇਸ਼ਤਿਹਾਰ ਵੀ ਲੱਗੇ ਹੋਏ ਸਨ ਜਿਨ੍ਹਾਂ ਵਿੱਚ ਅਖ਼ਬਾਰ ਵਾਲ਼ੀ ਖ਼ਬਰ ਦਾ ਹੀ ਮਜ਼ਮੂਨ ਸੀ।

ਇਹ ਐਲਾਨ ਕਰਨ ਵਾਲੇ ਸਾਡੇ ਗੁੰਮਨਾਮ ਹੀਰੋ ਸ. ਅਮਰੀਕ ਸਿੰਘ ਸਨ। ਉਸ ਵੇਲ਼ੇ ਆਪ ਦੀ ਰਿਹਾਇਸ਼ ਗੁਜਰਾਂਵਾਲੇ ਸ਼ਹਿਰ ਵਿੱਚ ਸੀ। ਸ. ਅਮਰੀਕ ਸਿੰਘ ਨੇ ਐਲਾਨ ਕੀ ਕੀਤਾ ਕਿ ਹਕੂਮਤ ਦੀ ਸੀ। ਆਈ.ਡੀ. ਹਰਕਤ ਵਿੱਚ ਆ ਗਈ। ਉਹ ਲੱਗੀ ਅਮਰੀਕ ਸਿੰਘ ਦੀ ਭਾਲ਼ ਕਰਨ। ਪਰ ਅਮਰੀਕ ਸਿੰਘ ਜੀ ਆਪਣੇ ਮਕਸਦ ਨੂੰ ਤੋੜ ਚਾੜ੍ਹਨ ਲਈ ਚਕਰਵਰਤੀ (underground) ਹੋ ਗਏ।

ਸ. ਅਮਰੀਕ ਸਿੰਘ ਨੇ ਹਕੂਮਤ ਨੂੰ ਪੰਦਰਾਂ ਦਿਨਾਂ ਦਾ ਨੋਟਸ ਦਿੱਤਾ ਸੀ। ਪੰਦਰਾਂ ਹੀ ਦਿਨ ਪੁਲਸ ਨੇ ਥਾਂ ਥਾਂ ਦੀ ਖ਼ਾਕ ਛਾਣ ਮਾਰੀ, ਪਰ ਅਮਰੀਕ ਸਿੰਘ ਜੀ ਹੱਥ ਨਾ ਲੱਗੇ। ਉਨ੍ਹਾਂ ਦੇ ਸਾਕਾਂ ਸੰਬੰਧੀਆਂ ਤੇ ਮਿੱਤਰਾਂ ਦੋਸਤਾਂ ਨੂੰ ਤੰਗ ਕੀਤਾ ਗਿਆ। ਆਂਢ-ਗੁਆਂਢ ਤੇ ਹੋਰ ਕਾਫ਼ੀ ਸ਼ਹਿਰੀਆਂ ਤੋਂ ਅਮਰੀਕ ਸਿੰਘ ਬਾਰੇ ਪੁੱਛ ਪੜਤਾਲ ਹੁੰਦੀ ਰਹੀ, ਪਰ ਅਮਰੀਕ ਸਿੰਘ ਜਿਵੇਂ ਪਰ ਲਾ ਕੇ ਅਕਾਸ਼ ਤੋ ਉੱਡ ਗਿਆ ਹੋਵੇ ਜਾਂ ਜ਼ਮੀਨ ਵਿੱਚ ਧਸ ਗਿਆ ਹੋਇਆ ਸੀ। ਸੀ. ਆਈ. ਡੀ. ਦੀ ਸਮਝ ਵਿੱਚ ਕੁਝ ਨਾ ਆਉਂਦਾ। ਦੂਜੇ ਸਤਿਆਗ੍ਰਿਹੀ ਤਾਂ ਹਾਲਾਂ ਗਾਂਧੀ ਜੀ ਨੂੰ ਨਾਮ ਹੀ ਘੱਲ ਰਹੇ ਸਨ, ਪਰ ਅਮਰੀਕ ਸਿੰਘ ਨੇ ਇਸ ‘ਤੇ ਅਮਲ ਵੀ ਆਰੰਭ ਦਿੱਤਾ ਸੀ।

4

ਸ਼ੇਖਪੂਰਾ ਵੀ ਹੁਣ ਗੁਜਰਾਂਵਾਲੇ ਵਾਂਗ ਪਾਕਿਸਤਾਨੀ ਸ਼ਹਿਰ ਹੈ। ਇਹ ਸ਼ਹਿਰ ਗੁਜਰਾਂਵਾਲੇ ਨਾਲ਼ੋਂ ਰਕਬੇ ਦੇ ਲਿਹਾਜ਼ ਨਾਲ਼ ਛੋਟਾ ਹੈ, ਪਰ ਵਿਰਕਾਂ ਦੀ ਵਸੋਂ ਵਾਲ਼ਾ ਇਹ ਸ਼ਹਿਰ ਵੀ ਆਪਣੀ ਕਿਸਮ ਦਾ ਆਪ ਹੀ ਹੈ। 15 ਮਈ, 1923 ਦਾ ਦਿਨ ਉਹ ਦਿਨ ਸੀ, ਜਿਸ ਦਿਨ ਸ. ਅਮਰੀਕ ਸਿੰਘ ਨੇ ਲਾਰੰਸ ਦੇ ਬੁੱਤ ਨੂੰ ਜੜੋਂ ਉਖਾੜਨਾ ਸੀ। ਇਸੇ ਦਿਨ ਸਵੇਰੇ ਸ. ਅਮਰੀਕ ਸਿੰਘ ਨੂੰ ਸ਼ੇਖੂਪੁਰਾ ਸ਼ਹਿਰ ਵਿੱਚ ਵੇਖਿਆ ਗਿਆ। ਉਹ ਇਸ ਫ਼ਿਕਰ ਵਿਚ ਸਨ ਕਿ ਲਾਹੌਰ ਕਿਸ ਤਰ੍ਹਾਂ ਪੁੱਜਿਆ ਜਾਵੇ। ਉਨ੍ਹਾਂ ਬੁੱਤ ਵਾਲ਼ੀ ਥਾਂ ‘ਤੇ ਪੁੱਜਣ ਦਾ ਵਕਤ ਦਿਨ ਦੇ ਬਾਰਾਂ ਵਜੇ ਦਾ ਦਿੱਤਾ ਹੋਇਆ ਸੀ। ਉਹ ਸੋਚਦੇ ਕਿ ਜੇ ਸਟੇਸ਼ਨ ‘ਤੇ ਜਾ ਕੇ ਗੱਡੀ ‘ਤੇ ਸਵਾਰ ਹੁੰਦੇ ਹਨ ਤਾਂ ਸੰਭਵ ਹੈ ਸੀ. ਆਈ. ਡੀ. ਰਸਤੇ ਵਿਚ ਹੀ ਬੋਚ ਲਵੇ। ਮੋਟਰ ਵਿੱਚ ਜਾਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਸ. ਅਮਰੀਕ ਸਿੰਘ ਨੇ ਇਕ ਘੋੜਾ ਹਾਸਲ ਕੀਤਾ ਅਤੇ ਉਸ ‘ਤੇ ਸਵਾਰ ਹੋ ਕੇ ਚੀਚੋਕੀ-ਮੱਲੀਆਂ ਨਾਮ ਦੇ ਸਟੇਸ਼ਨ ਉੱਤੇ ਚਲੇ ਗਏ। ਉਥੋਂ ਗੱਡੀ ਚੜ੍ਹ ਕੇ ਲਾਹੌਰ ਤੋਂ ਕਿਸੇ ਉਰਲੇ ਸਟੇਸ਼ਨ ‘ਤੇ ਉੱਤਰ ਗਏ।

ਸਟੇਸ਼ਨ ‘ਤੇ ਉੱਤਰ ਕੇ ਵੇਖਿਆ ਕੁਝ ਮਿਸਤਰੀ ਇਮਾਰਤ ਦਾ ਕੰਮ ਕਰ ਰਹੇ ਸਨ। ਉਨ੍ਹਾਂ ਤੋਂ ਤਿੰਨਾਂ ਰੁਪਿਆਂ ਦੀ ਇਕ ਤੇਸੀ ਲਈ ਤੇ ਉਸ ਨੂੰ ਬਗਲ ਵਿੱਚ ਲੁਕਾ ਕੇ ਲਾਹੌਰ ਸ਼ਹਿਰ ਨੂੰ ਤੁਰ ਪਏ।

5

15 ਮਈ ਨੂੰ ਠੰਡੀ ਸੜਕ ‘ਤੇ ਹਜ਼ਾਰਾਂ ਹਿੰਦੂ, ਮੁਸਲਮਾਨ ਤੇ ਸਿੱਖ ਇਕੱਠੇ ਹੋ ਗਏ। ਬੇਸ਼ੁਮਾਰ ਲੋਕ ਐਧਰ ਓਧਰ ਫਿਰਦੇ ਦਿਖਾਈ ਦੇ ਰਹੇ ਸਨ। ਟੋਲੀਆਂ ਦੀਆਂ ਟੋਲੀਆਂ ਵਿੱਚ ਲੋਕ ਖੜੇ ਸਨ। ਪੁਲਸ ਦੇ ਕਈ ਦਸਤੇ ਲਾਰਡ ਲਾਰੰਸ ਦੇ ਬੁੱਤ ਉਦਾਲੇ ਘੇਰਾ ਪਾਈ ਪਹਿਰਾ ਦੇ ਰਹੇ ਸਨ। ਬੰਦੂਕਾਂ ਨਾਲ਼ ਸਨਦਬੱਧ ਪੁਲਸ ਹਰ ਖ਼ਤਰੇ ਦਾ ਮੁਕਾਬਲਾ ਕਰਨ ਲਈ ਤਿਆਰ ਸੀ। ਪੁਲਸ ਵਾਲ਼ੇ ਕਿਸੇ ਨੂੰ ਬੁੱਤ ਲਾਗੇ ਨਹੀਂ ਆਉਣ ਦਿੰਦੇ ਸਨ।

ਲੋਕ ਵਾਰ-ਵਾਰ ਆਪਣੀਆਂ ਘੜੀਆਂ ਵੇਖਦੇ ਤੇ ਗੱਲਾਂ ਕਰਦੇ ”ਕਿਸੇ ਨੇ ਸਰਕਾਰ ਨੂੰ ਚੰਗਾ ਬੁੱਧੂ ਬਣਾਇਆ ਹੈ।” ਕੋਈ ਕਹਿੰਦਾ— ”ਅਜੀ ਕੌਣ ਆਪਣੇ ਨੂੰ ਖ਼ਾਹ-ਮਖ਼ਾਹ ਮੁਸੀਬਤ ਦੇ ਮੂੰਹ ਵਿੱਚ ਪਾਉਂਦਾ ਹੈ।” ਕਿਸੇ ਦੇ ਮੂੰਹੋਂ ਨਿੱਕਲ਼ਦਾ— ”ਜਦੋਂ ਸਾਨੂੰ ਕੌਣ ਭਲਾਮਾਣਸ ਆਖੇ ਜਿਹੜੇ ਅਖ਼ਬਾਰਾਂ ਉੱਤੇ ਇਤਬਾਰ ਕਰ ਕੇ ਕੰਮ ਕਾਰ ਛੱਡ ਕੇ ਇੱਥੇ ਆ ਗਏ ਹਾਂ।” ਕੋਈ ਜਵਾਬ ਦਿੰਦਾ,”ਜੇ ਅਖ਼ਬਾਰਾਂ ਵਾਲ਼ੇ ਅਜਿਹੀਆਂ ਖ਼ਬਰਾਂ ਨਾ ਛਾਪਣ ਤਾਂ ਉਨ੍ਹਾਂ ਦੇ ਅਖ਼ਬਾਰ ਕਿਵੇਂ ਵਿਕਣ।” ਗੱਲ ਕੀ ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਸਨ।

ਘੜਿਆਲ ਨੇ ਇੱਕ-ਇੱਕ ਕਰਕੇ ਬਾਰਾਂ ਵਜਾ ਦਿੱਤੇ। ਐਨ ਓਸੇ ਵੇਲ਼ੇ ”ਨਹੀਂ ਰੱਖਣੀ ਸਰਕਾਰ ਜ਼ਾਲਮ, ਨਹੀਂ ਰੱਖਣੀ” ਗਾਉਂਦਾ ਹੋਇਆ ਇੱਕ ਗੱਭਰੂ ਮੋਢੇ ਉੱਤੇ ਤੇਸੀ ਰੱਖੀ ਲਾਰੰਸ ਦੇ ਬੁੱਤ ਵੱਲ ਵਧਿਆ। ਲੋਕਾਂ ਵਿੱਚ ਸੰਨਾਟਾ ਛਾ ਗਿਆ। ਪੁਲਸ ਨੇ ਬੜੀ ਫੁਰਤੀ ਨਾਲ਼ ਅਮਰੀਕ ਸਿੰਘ ਨੂੰ ਘੇਰੇ ਵਿੱਚ ਲੈ ਲਿਆ। ਬੰਦੂਕਾਂ ਤੇ ਮਸ਼ੀਨਗੰਨਾਂ ਤਣ ਗਈਆਂ। ਪੁਲਸ ਅਫਸਰ ਅਮਰੀਕ ਸਿੰਘ ਨੂੰ ਹੱਥਕੜੀ ਲਾਉਣ ਲਈ ਅੱਗੇ ਵਧੇ, ਪਰ ਸ. ਅਮਰੀਕ ਸਿੰਘ ਨੇ ਉਨ੍ਹਾਂ ਨੂੰ ਪਿੱਛੇ ਹਟਾ ਕੇ ਅੱਗੇ ਵਧਣਾ ਸ਼ੁਰੂ ਕੀਤਾ। ਪੁਲਸ ਨਾਲ਼ ਮੁੱਠਭੇੜ ਦੇ ਦੌਰਾਨ ਪੁਲਸ ਅਫ਼ਸਰਾਂ ਨੇ ਅਮਰੀਕ ਸਿੰਘ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਤੇ ਹੱਥਕੜੀ ਲਾ ਲਈ।

6

”ਤੂੰ ਕਹਿ ਕੇ ਮੇਰਾ ਦਿਮਾਗ ਖ਼ਰਾਬ ਹੋ ਗਿਆ ਸੀ।” ਜ਼ਿਲ੍ਹਾ ਮੈਜਿਸਟਰੇਟ ਲਾਹੌਰ ਨੇ ਆਖਿਆ।

”ਮੇਰਾ ਦਿਮਾਗ ਨਹੀਂ ਅੰਗਰੇਜ਼ਾਂ ਦਾ ਦਿਮਾਗ ਖ਼ਰਾਬ ਹੈ, ਜਿਨ੍ਹੇ ਸਾਨੂੰ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਹੈ।” ਇਹ ਸੀ ਜਵਾਬ ਸ. ਅਮਰੀਕ ਸਿੰਘ ਦਾ।

”ਜੇ ਤੈਨੂੰ ਹੁਣ ਛੱਡ ਦਿੱਤਾ ਜਾਵੇ ਤਾਂ ਕਿੱਥੇ ਜਾਏਂਗਾ?” ਮੈਜਿਸਟਰੇਟ ਨੇ ਦਰਿਆਫ਼ਤ ਕੀਤਾ।

”ਸਿੱਧਾ ਲਾਰੰਸ ਦੇ ਬੁੱਤ ਵੱਲ਼ ਉਸ ਨੂੰ ਤੋੜਨ ਲਈ।” ਅਮਰੀਕ ਸਿੰਘ ਨੇ ਗਰਜ ਕੇ ਆਖਿਆ।

”ਅਜਿਹਾ ਕੰਮ ਕਿਉਂ ਕਰਨਾ ਏਂ?” ਮੈਜਿਸਟਰੇਟ ਨੇ ਪੁਛਿਆ।

”ਇਸ ਬੁੱਤ ਦੀ ਮੌਜੂਦਗੀ ਮੇਰੇ ਬੁੱਤ ਦੀ ਤੌਹੀਨ ਹੈ।” ਅਮਰੀਕ ਸਿੰਘ ਨੇ ਆਖਿਆ।

ਕਈ ਤਰ੍ਹਾਂ ਦੇ ਪ੍ਰਸ਼ਨ ਉੱਤਰ ਪਿਛੋਂ ਜ਼ਿਲ੍ਹਾ ਮੈਜਿਸਟਰੇਟ ਨੇ ਸ. ਅਮਰੀਕ ਸਿੰਘ ਨੂੰ ਪਾਗਲ ਕਰਾਰ ਦੇ ਕੇ ਲਾਹੌਰ ਦੇ ਪਾਗ਼ਲਖ਼ਾਨੇ ਵਿੱਚ ਭਿਜਵਾ ਦਿੱਤਾ, ਜਿੱਥੇ ਖ਼ਤਰਨਾਕ ਕਿਸਮ ਦੇ ਪਾਗਲ ਰਹਿੰਦੇ ਸਨ। ਕੋਈ ਪਾਗਲ ਅਮਰੀਕ ਸਿੰਘ ਨੂੰ ਰੋੜਾ ਮਾਰਦਾ, ਕੋਈ ਉਸ ‘ਤੇ ਗੰਦਗੀ ਸੁੱਟਦਾ ਤੇ ਕੋਈ ਉਸ ਨੂੰ ਗਾਲ੍ਹਾਂ ਕੱਢਦਾ। ਗੱਲ ਕੀ ਕਿ ਪਾਗਲਾਂ ਨੇ ਅਮਰੀਕ ਸਿੰਘ ਨੂੰ ਏਨਾ ਤੰਗ ਕੀਤਾ ਕਿ ਅਸਲੀ ਅਰਥਾਂ ਵਿੱਚ ਉਸ ਦੇ ਪਾਗਲ ਬਣ ਜਾਣ ਵਿੱਚ ਥੋੜੀ ਹੀ ਕਸਰ ਰਹਿ ਗਈ ਸੀ।

ਪੂਰੇ ਦੋ ਮਹੀਨੇ ਪਾਗਲਖ਼ਾਨੇ ਵਿਚ ਰੱਖਣ ਪਿੱਛੋਂ ਦਫ਼ਾ 107 ਹੇਠ ਅਮਨ ਵਿੱਚ ਖ਼ਲਲ ਪਾਉਣ ਦੇ ਦੋਸ਼ ਵਿੱਚ ਉਸ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਦੇ ਦਿੱਤੀ ਗਈ ਤੇ ਉਹ ਮੇਰੇ ਕੋਲ਼ ਮੁਲਤਾਨ ਸੈਂਟਰਲ  ਜੇਲ ਵਿੱਚ ਆ ਗਏ।

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements