ਗੁਜਰਾਤ, ਉੱਤਰ ਪ੍ਰਦੇਸ਼ ਤੇ ਹੁਣ ਬਿਹਾਰ… •ਤਜਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਹਿੰਦੂ-ਮੁਸਲਿਮ ਧਰੂਵੀਕਰਨ ਕਰਨ ਅਤੇ ਮੁਸਲਿਮ ਅਬਾਦੀ ਨੂੰ ਹਾਸ਼ੀਏ ਤੇ ਧੱਕਣ ਤੋਂ ਬਾਅਦ ਸੰਘ ਦੀ ਫਿਰਕੂ ਸਿਆਸਤ ਦਾ ਅਗਲਾ ਨਿਸ਼ਾਨਾ ਬਿਹਾਰ ਬਣਨ ਜਾ ਰਿਹਾ ਹੈ। ਜੂਨ 2013 ਵਿੱਚ ਭਾਜਪਾ-ਜਨਤਾ ਦਲ (ਯੂਨਾਇਟਡ) ਗਠਜੋੜ ਟੁੱਟਣ ਤੋਂ ਲਗਭਗ ਇੱਕ ਮਹੀਨੇ ਤੋਂ ਬਾਅਦ ਹੀ ਬਿਹਾਰ ਵਿੱਚ ਫਿਰਕੂ ਘਟਨਾਵਾਂ ਦੀ ਗਿਣਤੀ ਵਧਕੇ 667 ਹੋ ਗਈ ਜੋ ਕਿ ਭਾਜਪਾ-ਜਨਤਾ ਦਲ(ਯੂਨਾਇਟਡ) ਗਠਜੋੜ ਦੇ ਸਾਢੇ ਤਿੰਨ ਸਾਲ ਦੇ ਕਾਲ ਦੌਰਾਨ 226 ਸੀ।

ਬਿਹਾਰ ਵਿੱਚ ਫਿਰਕੂ ਧਰੂਵੀਕਰਨ ਦਾ ਪੈਟਰਨ ਵੀ ਉੱਤਰ ਪ੍ਰਦੇਸ਼ ਨਾਲ ਮਿਲਦਾ ਜੁਲਦਾ ਹੈ। ਉੱਤਰ ਪ੍ਰਦੇਸ਼ ਵਿੱਚ ਮੁਜ਼ੱਫਰ ਨਗਰ ਦੇ ਦੰਗਿਆਂ(ਕਤਲੇਆਮ) ਤੋਂ ਪਹਿਲਾਂ ਸੰਘ ਨੇ ਬਹੁਤ ਪਹਿਲਾਂ ਹੀ ਛੋਟੀਆਂ-ਛੋਟੀਆਂ ਫਿਰਕੂ ਘਟਨਾਵਾਂ ਰਾਹੀਂ ਇੱਕ ਪੂਰੇ ਜਥੇਬੰਦਕ ਰੂਪ ਵਿੱਚ  ਪਹਿਲਾਂ ਮੁਜ਼ੱਫਰਨਗਰ ਦੰਗਿਆਂ ਦੀ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਉੱਤਰ ਪ੍ਰਦੇਸ਼ ਹੀ ਸੀ ਜਿਸ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਇਆ । ਬਿਹਰ ਵਿੱਚ 2014 ਦੀਆਂ ਲੋਕ ਸਭਾ ਚੋਣਾ ਦੌਰਾਨ ਭਾਜਪਾ ਨੂੰ 23 ਵਿੱਚੋਂ 18 ਸੀਟਾ ਉਹਨਾਂ ਜਿਲਿਆਂ ਵਿੱਚੋਂ ਹਾਸਲ ਹੋਈਆਂ ਸਨ ਜਿਹਨਾਂ ਵਿੱਚ ‘ਇੰਡੀਅਨ ਐਕਸਪ੍ਰੈਸ’ ਦੇ ਸ੍ਰਵੇਖਣ ਅਨੁਸਾਰ 2013 ਤੋਂ ਬਾਅਦ ਕੁੱਲ ਘਟਨਾਂਵਾ ‘ਚੋਂ 70 ਫੀਸਦੀ ਤੋਂ ਵੱਧ  ਫਿਰਕੂ ਘਟਨਾਂਵਾ ਵਾਪਰੀਆਂ। ਬਿਹਾਰ ਵਿੱਚ ਜਿਹਨਾਂ 24 ਜਿਲ੍ਹਿਆਂ ਵਿੱਚ ਮੁਸਲਿਮ ਅਬਾਦੀ ਸਭ ਤੋਂ ਘੱਟ ਹੈ ਉਹਨਾਂ ਜਿਲਿਆਂ ਵਿੱਚ ਭਾਜਪਾ ਨੂੰ ਲੋਕ ਸਭਾ ਚੋਣਾ ਵਿੱਚ 22  ਸੀਟਾਂ ਹਾਂਸਲ ਹੋਈਆਂ ਸਨ। ਬਿਹਾਰ ਵਿੱਚ 2013 ਤੋਂ ਹੁਣ ਤੱਕ ਹੋਈਆਂ ਇਹਨਾਂ ਫਿਰਕੂ ਘਟਨਾਂਵਾ ਦੀ ਦਿਸ਼ਾ ਵੀ ਉੱਤਰ-ਪ੍ਰਦੇਸ਼ ਵਾਲੀ ਹੀ ਹੈ।

ਬਿਹਰ ਵਿੱਚ 2015 ਦੀਆਂ ਵਿਧਾਨ ਸਭਾ ਚੋਣਾਂ ਮੁਹੱਰਮ ਅਤੇ ਦੁਰਗਾ ਪੂਜਾ ਦੇ ਸਮੇਂ ਹੋਣਗੀਆਂ। ਦੂਜੇ ਪਾਸੇ ਕੇਂਦਰ ਵਿੱਚ  ਮੋਦੀ ਦੁਅਰਾ ਅਲਾਪੇ ਗਏ ਸਾਰੇ ਰਾਗ ਬੇਸੁਰੀਆਂ ਚੀਕਾਂ ਵਿੱਚ ਬਦਲ ਚੁੱਕੇ ਹਨ। ਮੋਦੀ ਦੀ ਸਤਰੰਗੀ ਪੀਂਗ ਦੇ ਸਾਰੇ ਰੰਗ ਫਿੱਕੇ ਪੈਣ ਤੋਂ ਬਾਅਦ ਭਾਜਪਾ ਨੂੰ ਹੁਣ ਸਿਰਫ ਭਗਵੇਂ ਰੰਗ ਦਾ ਹੀ ਸਹਾਰਾ ਹੈ।  ਇਸ ਦੇ ਨਾਲ ਹੀ ਚੀਨ ਦੇ ਮੌਜੂਦਾ ਆਰਥਿਕ ਸੰਕਟ ਨੇ ਪੂਰੀ ਦੁਨੀਆਂ ‘ਤੇ ਅਸਰ ਪਾਇਆ ਹੈ। ਇਸ ਲਈ ਸੰਘ ਦਾ ਫਿਰਕੂ ਏਜੰਡਾ ਇਸ ਦੇ ਰਾਜਨੀਤਕ ਵਿੰਗ  ਭਾਜਪਾ ਲਈ ਹੀ ਨਹੀ ਸਗੋਂ ਭਾਰਤ ਦੀ ਹਾਕਮ ਜਮਾਤ ਦੀ ਵੀ ਅਣ-ਸਰਦੀ ਲੋੜ ਹੈ।      

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements