‘ਜੀ.ਐਸ.ਟੀ. ਦਾ ਮਜ਼ਦੂਰ ਜਮਾਤ ‘ਤੇ ਅਸਰ’ ਵਿਸ਼ੇ ‘ਤੇ ਵਿਚਾਰ-ਗੋਸ਼ਟੀ ਹੋਈ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 23 ਜੁਲਾਈ ਨੂੰ ਬਿਗੁਲ ਮਜ਼ਦੂਰ ਦਸਤਾ ਵੱਲੋਂ ਡਾ. ਅੰਬੇਡਕਰ ਧਰਮਸ਼ਾਲਾ, ਜਮਾਲਪੁਰ ਵਿੱਚ ‘ਜੀ.ਐਸ.ਟੀ. ਦਾ ਮਜ਼ਦੂਰ ਜਮਾਤ ‘ਤੇ ਅਸਰ’ ਵਿਸ਼ੇ ‘ਤੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਗੋਸ਼ਟੀ ਵਿੱਚ ਲੁਧਿਆਣੇ ਦੇ ਵੱਖ-ਵੱਖ ਇਲਾਕਿਆਂ ਤੋਂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਵਿਚਾਰ-ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੀ.ਐਸ.ਟੀ. ਸਰਮਾਏਦਾਰ ਜਮਾਤ ਦਾ ਮਜ਼ਦੂਰਾਂ-ਕਿਰਤੀਆਂ ਦੀ ਲੁੱਟ ਦਾ ਹਥਿਆਰ ਹੈ।

ਇਸ ਮੌਕੇ ਬਿਗੁਲ ਮਜ਼ਦੂਰ ਦਸਤਾ ਦੇ ਆਗੂ ਲਖਵਿੰਦਰ ਨੇ ਮੁੱਖ ਬੁਲਾਰੇ ਵਜੋਂ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਸਰਕਾਰ ਦੇਸ਼ ਦੀ ਟੈਕਸ ਪ੍ਰਣਾਲੀ ਵਿੱਚ ਬੁਨਿਆਦੀ ਸੁਧਾਰ ਕਰਨ ਦਾ ਦਾਅਵਾ ਕਰ ਰਹੀ ਹੈ। ਕਿਹਾ ਜਾ ਰਿਹਾ ਹੈ। ਇਸ ਨਾਲ਼ ਦੇਸ਼ ਵਿਕਾਸ ਕਰੇਗਾ, ਲੋਕਾਂ ਦੀ ਮਾਲੀ ਹਾਲਤ ਸੁਧਰੇਗੀ। ਪਰ ਸਰਕਾਰ ਦੇ ਇਹ ਸਾਰੇ ਦਾਅਵੇ ਝੂਠੇ ਹਨ। ਟੈਕਸ ਪ੍ਰਣਾਲੀ ਵਿੱਚ ਕੋਈ ਬੁਨਿਆਦੀ ਸੁਧਾਰ ਨਹੀਂ ਕੀਤਾ। ਦੇਸ਼ ਵਿੱਚ ਹਮੇਸ਼ਾਂ ਤੋਂ ਹੀ ਸਰਮਾਏਦਾਰ ਜਮਾਤ ਪੱਖੀ ਟੈਕਸ ਪ੍ਰਣਾਲੀ ਲਾਗੂ ਰਹੀ ਹੈ। ਪਹਿਲਾਂ ਵੀ ਕਰਾਂ ਦਾ ਬੋਝ ਆਮ ਮਜ਼ਦੂਰ-ਕਿਰਤੀ ਲੋਕਾਂ ਉੱਤੇ ਹੀ ਪੈਂਦਾ ਸੀ। ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਹਮੇਸ਼ਾਂ ਤੋਂ ਹੀ ਸਰਮਾਏਦਾਰ ਜਮਾਤ ਉੱਤੇ ਟੈਕਸਾਂ ਦਾ ਬੋਝ ਘਟਾਉਣ ਅਤੇ ਮਜ਼ਦੂਰਾਂ-ਕਿਰਤੀਆਂ ਉੱਤੇ ਟੈਕਸਾਂ ਦਾ ਬੋਝ ਵਧਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਜੀ.ਐਸ.ਟੀ. ਦਾ ਵੀ ਇਹੋ ਮਕਸਦ ਹੈ। ਜਿੱਥੇ ਇੱਕ ਪਾਸੇ ਸਰਮਾਏਦਾਰਾਂ ਨੂੰ ਵੱਖ-ਵੱਖ ਢੰਗਾਂ ਲਈ ਰਾਹਤ ਦਿੱਤੀ ਜਾ ਰਹੀ ਹੈ। ਕਰਜੇ-ਟੈਕਸ ਮਾਫ਼ ਕੀਤੇ ਜਾ ਰਹੇ ਹਨ ਉੱਥੇ ਜੀ.ਐਸ.ਟੀ. ਰਾਹੀਂ ਅਪ੍ਰਤੱਖ ਕਰ ਵਧਾ ਕੇ ਪ੍ਰਤੱਖ ਰੂਪ ਵਿੱਚ ਮਜ਼ਦੂਰਾਂ-ਕਿਰਤੀਆ ਦੀ ਲੁੱਟ ਤੇਜ਼ ਕੀਤੀ ਗਈ ਹੈ। ਇਸ ਨਾਲ਼ ਸਪੱਸ਼ਟ ਰੂਪ ਵਿੱਚ ਪਹਿਲਾਂ ਹੀ ਬਦਹਾਲ ਜ਼ਿੰਦਗੀ ਜਿਉਂ ਰਹੇ ਤੇ ਲੱਕ ਤੋੜ ਮਹਿੰਗਾਈ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹੋਰ ਵਧੇਰੇ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜੀ.ਐਸ.ਟੀ. ਕਰ ਪ੍ਰਣਾਲੀ ਰਾਹੀਂ ਛੋਟੇ ਕੰਮ ਧੰਦੇ ਵਾਲ਼ੇ ਲੋਕਾਂ ਦਾ ਮੁਕਾਬਲੇ ਵਿੱਚ ਟਿਕ ਸਕਣ ਹੋਰ ਵਧੇਰੇ ਮੁਸ਼ਕਿਲ ਹੋ ਗਿਆ ਹੈ। ਵੱਡਾ ਸਰਮਾਇਆ ਹੋਰ ਵਧੇਰੇ ਤੇਜ਼ੀ ਨਾਲ਼ ਛੋਟੇ ਸਰਮਾਏ ਨੂੰ ਮੰਡੀ ਵਿੱਚੋਂ ਖਦੇੜੇਗਾ। ਉਹਨਾਂ ਕਿਹਾ ਕਿ ਸਰਮਾਏਦਾਰ ਜਮਾਤ ਦੀ ਸਾਰੀਆਂ ਪਾਰਟੀਆਂ ਜੀ.ਐਸ.ਟੀ. ਰਾਹੀਂ ਲੋਕਾਂ ਦਾ ਕਚੂੰਮਰ ਕੱਢਣ ਅਤੇ ਸਰਮਾਏਦਾਰ ਜਮਾਤ ਨੂੰ ਫਾਇਦਾ ਪਹੁੰਚਾਉਣ ਦੀ ਨੀਤੀ ‘ਤੇ ਇੱਕਮਿਕ ਹਨ,।ਉਹਨਾਂ ਦੇ ਇਸ ਮੁੱਦੇ ਉੱਤੇ ਮਤਭੇਦ ਕੋਈ ਖਾਸ ਨਹੀਂ ਹਨ।

ਵਿਚਾਰ-ਗੋਸ਼ਟੀ ਵਿੱਚ ਸ਼ਾਮਲ ਹੋਏ ਮਜ਼ਦੂਰਾਂ ਨੇ ਕਿਹਾ ਕਿ ਜੀ.ਐਸ.ਟੀ. ਕਾਰਨ ਛੋਟੇ ਕਾਰਖਾਨਿਆਂ ਦਾ ਕੰਮ ਮੰਦਾ ਪਿਆ ਹੈ। ਮਾਲਕ ਕੰਮ ਢੰਗ ਨਾਲ਼ ਚਲਾ ਨਹੀਂ ਰਹੇ ਹਨ। ਇਸਦਾ ਸਾਰਾ ਬੋਝ ਮਜ਼ਦੂਰਾਂ ‘ਤੇ ਹੀ ਆਣ ਪਿਆ ਹੈ। ਮਜ਼ਦੂਰਾਂ ਨੂੰ ਭਿਆਨਕ ਬੇਰੁਜ਼ਗਾਰੀ-ਅਰਧ, ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਨੋਟਬੰਦੀ ਅਤੇ ਹੁਣ ਜੀ.ਐਸ.ਟੀ. ਨੇ ਮਜ਼ਦੂਰ ਜਮਾਤ ਦੀ ਹਾਲਤ ਹੋਰ ਵਧੇਰੇ ਪਤਲੀ ਕਰ ਦਿੱਤੀ ਹੈ। ਸਭਨਾਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਦੀ ਮਜ਼ਦੂਰ-ਕਿਰਤੀ ਵਿਰੋਧੀ ਨੀਤੀ ਦੀ ਸਖਤ ਨਿਖੇਧੀ ਕੀਤੀ ਹੈ। ਗੋਸ਼ਟੀ ਵਿੱਚ ਘਨਸ਼ਾਮ, ਛੋਟੇ ਲਾਲ, ਨਿਰਭੈ, ਤਾਜ ਮੁੰਹਮਦ, ਮੋਤੀ ਲਾਲ, ਸੋਮੇ, ਵਿਜੈ, ਪ੍ਰਮੋਦ ਅਤੇ ਰਾਮ ਸੇਵਕ ਆਦਿ ਨੇ ਵੀ ਗੱਲ ਰੱਖੀ। ਮੰਚ-ਸੰਚਾਲਨ ਰਾਜਵਿੰਦਰ ਨੇ ਕੀਤਾ। ।

ਬਿਗੁਲ ਮਜ਼ਦੂਰ ਦਸਤਾ ਨੇ ਜੀ.ਐਸ.ਟੀ. ਖਿਲਾਫ਼ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਜੀ.ਐਸ.ਟੀ. ਰਾਹੀਂ ਅਪ੍ਰਤੱਖ ਕਰਾਂ ਵਿੱਚ ਵਾਧਾ ਤੁਰੰਤ ਵਾਪਸ ਲਿਆ ਜਾਵੇ। ਸਰਮਾਏਦਾਰ ਜਮਾਤ ਉੱਤੇ ਪ੍ਰਤੱਖ ਟੈਕਸ ਵਧਾਏ ਜਾਣ। ਬਿਗੁਲ ਮਜ਼ਦੂਰ ਦਸਤਾ ਦਾ ਕਹਿਣਾ ਹੈ ਕਿ ਅਸਲ ਵਿੱਚ ਲੜਾਈ ਤਾਂ ਅਪ੍ਰਤੱਖ ਕਰ ਮਨਸੂਖ ਕਰਨ ਦੀ ਬਣਦੀ ਹੈ। ਇਸ ਵਾਸਤੇ ਮਜ਼ਦੂਰ-ਕਿਰਤੀ ਲੋਕਾਂ ਨੂੰ ਵਿਸ਼ਾਲ ਲੋਕ ਲਹਿਰ ਦੀ ਉਸਾਰੀ ਕਰਨੀ ਪਵੇਗੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements