ਗਰੀਬਾਂ, ਭੁੱਖਿਆਂ ਤੇ ਕਰੋੜਪਤੀਆਂ ਦਾ ਭਾਰਤ •ਸ਼੍ਰਿਸ਼ਟੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਚੰਗੀ ਸਿੱਖਿਆ, ਸਿਹਤ ਸਹੂਲਤਾਂ ਤੇ ਵਧੀਆ ਰਹਿਣ-ਸਹਿਣ ਇੱਕ ਮਨੁੱਖ ਦੇ ਬੁਨਿਆਦੀ ਹੱਕ ਹਨ। ਸਰਕਾਰ ਟੈਕਸਾਂ ਦੇ ਰੂਪ ਵਿੱਚ ਜੋ ਪੈਸਾ ਆਮ ਲੋਕਾਂ ਤੋਂ ਇਕੱਠਾ ਕਰਦੀ ਹੈ ਉਸਦੇ ਬਦਲੇ ਇਹ ਸਹੂਲਤਾਂ ਮੁਹੱਈਆ ਕਰਨ ਦਾ ਵਾਅਦਾ ਕਰਦੀ ਹੈ। ਟੈਕਸਾਂ ਦੇ ਰੂਪ ਵਿੱਚ ਇਕੱਠਾ ਹੋਇਆ ਕਿੰਨਾ ਕੁ ਪੈਸਾ ਆਮ ਲੋਕਾਂ ਦੀਆਂ ਜੀਵਨ ਹਾਲਤਾਂ ਸੁਧਾਰਨ ਲਈ ਲਾਇਆ ਜਾਂਦਾ ਹੈ ਉਹ ਮਨੁੱਖੀ ਵਿਕਾਸ ਸੂਚਕ ਅੰਕ ‘ਤੇ ਭਾਰਤ ਨੂੰ ਮਿਲੀ ਪੁਜੀਸ਼ਨ ਤੋਂ ਜਾਣਿਆ ਜਾ ਸਕਦਾ ਹੈ। ਮਨੁੱਖੀ ਵਿਕਾਸ ਸੂਚਕ ਅੰਕ ‘ਤੇ 187 ਦੇਸ਼ਾਂ ਵਿੱਚੋਂ ਭਾਰਤ 135ਵੇਂ ਸਥਾਨ ‘ਤੇ ਹੈ। ਬਰਿਕਸ ਦੇਸ਼ਾਂ ਚੋਂ ਭਾਰਤ ਸਭ ਤੋਂ ਹੇਠਲੇ ਸਥਾਨ ‘ਤੇ ਹੈ। ਯੂਐਨਡੀਪੀ ਦੀ ਇੱਕ ਰਿਪੋਰਟ ਮੁਤਾਬਕ 1980 ਤੋਂ ਲੈ ਕੇ 2013 ਤੱਕ ਭਾਰਤ ਦਾ ਮਨੁੱਖੀ ਵਿਕਾਸ ਸੂਚਕ ਅੰਕ 0.36 ਤੋਂ ਵਧਕੇ ਸਿਰਫ 0.586 ਤੱਕ ਪਹੁੰਚਿਆ ਹੈ ਜੋ ਕਿ ਮਾਧਿਅਮ ਵਿਕਾਸ ਦੇ ਸਮੂਹ ਦੀ ਔਸਤ 0.614 ਤੋਂ ਵੀ ਘੱਟ ਹੈ। ਬਹੁਪੱਖੀ ਗਰੀਬੀ ਸੂਚਕ ਅੰਕ ਮੁਤਾਬਕ ਭਾਰਤ ਦੀ 55.3 ਫੀਸਦੀ ਅਬਾਦੀ ਬਹੁਪੱਖੀ ਗਰੀਬ ਹੈ, ਕਹਿਣ ਦਾ ਭਾਵ 55.3 ਫੀਸਦੀ ਲੋਕ ਸਿੱਖਿਆ, ਸਿਹਤ ਸਹੂਲਤਾਂ ਅਤੇ ਚੰਗਾ ਰਹਿਣ-ਸਹਿਣ ਲੈਣ ਦੇ ਅਸਮਰੱਥ ਹਨ। ਇਸਦੇ ਨਾਲ਼ 18.2 ਫੀਸਦੀ ਅਬਾਦੀ ਬਹੁਪੱਖੀ ਗਰੀਬੀ ਦੇ ਨੇੜੇ ਹੈ।

ਚੰਗੀ ਸਿਹਤ, ਚੰਗੀ ਸਿੱਖਿਆ ਵਰਗੇ ਸ਼ਬਦ ਉਸ ਦੇਸ਼ ਵਿੱਚ ਬਹੁਤ ਭਾਰੇ ਅਤੇ ਕਿਤੇ ਦੂਰ ਨਜ਼ਰ ਆਉਂਦੇ ਹਨ ਜਿੱਥੇ ਆਮ ਲੋਕਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ। ਗਲੋਬਲ ਹੰਗਰ ਇੰਡੈਕਸ (ਭੁੱਖਮਰੀ ਨੂੰ ਮਾਪਣ ਦਾ ਪੈਮਾਨਾ) ‘ਤੇ 118 ਦੇਸ਼ਾਂ ‘ਚੋਂ ਭਾਰਤ 97ਵੇਂ ਸਥਾਨ ‘ਤੇ ਹੈ। ‘ਇੰਟਰਨੈਸ਼ਨਲ ਫੂਡ ਪਾਲਿਸੀ ਰਿਚਸਰਚ ਇੰਸੀਟਿਊਸ਼ਨ’ ਦੀ ਇੱਕ ਰਿਪੋਰਟ ਅਨੁਸਾਰ:

(1) ਭਾਰਤ ਵਿੱਚ ਜ਼ਰੂਰਤ ਜਿੰਨਾ ਵੀ ਖਾਣ ਨੂੰ ਨਾ ਮਿਲਣ ਕਾਰਨ 6 ਸਾਲ ਤੋਂ ਛੋਟੀ ਉਮਰ ਦੇ 38.7 ਫੀਸਦੀ ਬੱਚਿਆਂ ਦਾ ਵਿਕਾਸ ਨਹੀਂ ਹੋ ਪਾਉਂਦਾ।

(2) 15.2 ਫੀਸਦੀ ਭਾਰਤੀ ਨਾਗਰਿਕ ਕੁਪੋਸ਼ਣ ਦਾ ਸ਼ਿਕਾਰ ਹਨ।

(3) ਭਾਰਤ ਨੂੰ ਸੰਸਾਰ ਭੁੱਖਮਰੀ ਸੂਚਕ ਅੰਕ ‘ਚ 28.5 ਅੰਕ ਮਿਲੇ ਹਨ ਜੋ ਕਿ ਵਿਕਾਸ ਕਰ ਰਹੇ ਦੇਸ਼ਾਂ ਦੇ ਔਸਤ ਅੰਕ 21.3 ਤੋਂ ਵੀ ਘੱਟ ਹੈ।

(4) ਏਸ਼ੀਆਈ ਮੁਲਕਾਂ ‘ਚੋਂ ਭਾਰਤ ਭੁੱਖਮਰੀ ‘ਚ ਉੱਪਰੋਂ ਦੂਜੇ ਸਥਾਨ ‘ਤੇ ਹੈ।

ਜਿੱਥੇ ਇੱਕ ਪਾਸੇ ਭਾਰਤ ਮਨੁੱਖੀ ਵਿਕਾਸ ਸੂਚਕ ਅੰਕ ‘ਤੇ 135ਵੇਂ ਅਤੇ ਸੰਸਾਰ ਭੁੱਖ ਸੂਚਕ ਅੰਕ ‘ਤੇ 97ਵੇਂ ਸਥਾਨ ‘ਤੇ ਹੈ ਉੱਥੇ ਹੀ ਦੂਜੇ ਪਾਸੇ ਕਰੋੜਪਤੀਆਂ ਦੀ ਗਿਣਤੀ ਭਾਰਤ ‘ਚ ਤੀਜੇ ਸਥਾਨ ‘ਤੇ ਹੈ। ਇਹ ਤੱਥ ਸਾਡੇ ਸਾਹਮਣੇ ਕੁੱਝ ਸਿੱਧੇ ਜਿਹੇ ਸਵਾਲ ਖੜੇ ਕਰਦੇ ਹਨ ਕਿ ਇੰਨੇ ਕਰੋੜਪਤੀਆਂ ਤੇ ਮੰਗਲਯਾਨ ਵਰਗੇ ਪ੍ਰੋਜੈਕਟ ਚਲਾਉਣ ਵਾਲਾ ਦੇਸ਼ ਆਪਣੇ ਨਾਗਰਿਕਾਂ ਨੂੰ ਦੋ ਵਕਤ ਦੀ ਰੋਟੀ ਦੇਣ ਦੇ ਸਮਰੱਥ ਕਿਉਂ ਨਹੀਂ ਹੈ?

ਕਹਿੰਦੇ ਹਨ ਕਿ ਜੋ ਮਿਹਤਨ ਕਰਦਾ ਹੈ ਉਸੇ ਨੂੰ ਹੀ ਚੰਗੀ ਜ਼ਿੰਦਗੀ ਨਸੀਬ ਹੁੰਦੀ ਹੈ। ਜੇਕਰ ਇਹ ਗੱਲ ਸੱਚ ਹੈ ਤਾਂ ਇਸ ਮੁਤਾਬਕ ਭਾਰਤ ਵਿੱਚ ਬਹੁ-ਗਿਣਤੀ ਲੋਕ ਮਿਹਨਤ ਨਹੀਂ ਕਰਦੇ ਅਤੇ ਭੁੱਖੇ ਮਰਦੇ ਹਨ ਤੇ ਦੂਜੇ ਪਾਸੇ ਮੁੱਠੀ ਭਰ ਲੋਕ ਖੂਨ-ਪਸੀਨਾ ਇੱਕ ਕਰਕੇ ਕਰੋੜਪਤੀ ਬਣਦੇ ਹਨ। ਪਰ ਕੀ ਇਹ ਗੱਲ ਇਸਤੋਂ ਉਲਟ ਤਾਂ ਨਹੀਂ? ਕਿਤੇ ਮੌਜੂਦਾ ਢਾਂਚੇ ‘ਚ ਮਿਹਨਤ ਕਰਨ ਵਾਲੇ ਆਮ ਲੋਕ ਭੁੱਖੇ ਤੇ ਬਦਹਾਲ ਤੇ ਦੂਜੇ ਪਾਸੇ ਮਿਹਨਤ ਦੀ ਲੁੱਟ ਕਰਨ ਵਾਲੇ ਕਰੋੜਾਂ ਦੀ ਦੌਲਤ ਦੇ ਮਾਲਕ ਤਾਂ ਨਹੀਂ? ਇਹਨਾ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਨਾ ਅੱਜ ਦੇ ਸਮੇਂ ਵਿੱਚ ਇੱਕ ਇਨਕਲਾਬੀ ਕਦਮ ਹੋਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements