ਗਰੀਬ ਬਸਤੀ ਈ.ਡਬਲਿਊ.ਐੱਸ. ਕਲੋਨੀ (ਲੁਧਿਆਣਾ) ‘ਚ ਭੈੜੀਆਂ ਰਿਹਾਇਸ਼ੀ ਹਾਲਤਾਂ ‘ਤੇ ਸਰਕਾਰੀ ਪ੍ਰਬੰਧ ਦੀ ਬੇਰੁਖੀ •ਬਲਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦੁਨੀਆਂ ਦੀਆਂ ਸਭ ਤੋਂ ਖੂਬਸੂਰਤ ਇਮਾਰਤਾਂ ਉਸਾਰਨ ਵਾਲ਼ੇ, ਆਪਣੇ ਹੱਥਾਂ ਦੀ ਛੋਹ ਨਾਲ਼ ਮਿੱਟੀ ਤੋਂ ਅਨਾਜ਼, ਪੱਥਰਾਂ ਤੋਂ ਹੀਰੇ ਤਰਾਸ਼ਣ ਵਾਲ਼ੇ, ਬੰਜਰ ਜਮੀਨ ਨੂੰ ਲੋਕਾਂ ਦੇ ਰਹਿਣ ਯੋਗ ਬਣਾਉਂਣ ਵਾਲ਼ੇ ਉਸਰੱਈਆਂ ਦੇ ਆਪਣੇ ਰਹਿਣ ਦੀਆਂ ਥਾਵਾਂ ਦੀ ਹਾਲਤ ਬਹੁਤ ਭਿਆਨਕ ਹੈ। ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਦੇਖ ਲਈਏ ਹਰ ਜਗ੍ਹਾ ਕਿਰਤੀਆਂ-ਮਜਦੂਰਾਂ ਨਾਲ਼ ਧੱਕੇਸ਼ਾਹੀ ਹੁੰਦੀ ਹੈ। ਦੁਨੀਆਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਦਿਨ-ਰਾਤ ਇੱਕ ਕਰ ਕੇ ਆਪਣੀ ਜਾਨ ਦੀ ਬਾਜ਼ੀ ਲਾ ਕੇ, ਖਤਰਨਾਕ ਮਸ਼ੀਨਾਂ ਤੇ ਆਪਣੇ ਹੱਥ-ਪੈਰ ਕਟਾ ਕੇ ਕੰਮ ਕਰਨ ਵਾਲ਼ੇ ਮਜ਼ਦੂਰ ਖੁਦ ਸਾਰੀਆਂ ਬੁਨਿਆਦੀ ਲੋੜਾਂ ਤੋਂ ਵਾਂਝੇ ਰਹਿ ਜਾਂਦੇ ਹਨ। ਜਿਸ ਜਗ੍ਹਾ ਉਹ ਆਪਣੇ ਪਰਿਵਾਰ ਨਾਲ਼ ਸਮਾਂ ਬਿਤਾਉਣ ਤੇ ਅਰਾਮ ਕਰਨ ਲਈ ਰਹਿੰਦੇ ਹਨ ਉੱਥੋਂ ਦੀ ਹਾਲਤ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਅਜਿਹੀ ਹੀ ਹਾਲਤ ਹੈ ਲੁਧਿਆਣੇ ਦੀ ਈ.ਡਬਲਿਯੂ.ਐੱਸ. ਕਲੋਨੀ (ਇਕਨਾਮੀਕਲੀ ਵੀਕਰ ਸੈਕਸ਼ਨਸ ਕਲੋਨੀ) ਦੀ।

ਜਿਵੇਂ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਗਰੀਬ ਲੋਕਾਂ ਦੀ ਕਲੋਨੀ ਹੈ। ਇੱਥੇ ਲੋਕਾਂ ਦੇ ਘਰਾਂ ਤੇ ਕੂੜਾ ਸੁੱਟਣ ਵਾਲੀਆਂ ਥਾਵਾਂ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ। ਗਲ਼ੀਆਂ ਕਿਸੇ ਛੱਪੜ ਤੋਂ ਘੱਟ ਨਹੀਂ। ਲੋਕਾਂ ਦੇ ਕਮਰਿਆਂ ਦੇ ਦਰਵਾਜ਼ਿਆਂ ਤੱਕ ਪਾਣੀ ਭਰਿਆ ਰਹਿੰਦਾ ਹੈ। ਇਹ ਪਾਣੀ ਕਿਸੇ ਮੀਂਹ ਦਾ ਨਹੀਂ ਸਗੋਂ ਸੀਵਰੇਜ਼ ਦਾ ਹੈ। ਇਸਦੇ ਨਾਲ਼ ਹੀ ਪੀਣ ਵਾਲ਼ੇ ਪਾਣੀ ਦੀਆਂ ਪਾਈਪਾਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ। ਅਕਸਰ ਫ਼ਰਕ ਕਰਨਾ ਔਖਾ ਹੋ ਜਾਂਦਾ ਹੈ ਕਿ ਖੜ੍ਹਾ ਪਾਣੀ ਸੀਵਰੇਜ਼ ਜਾਮ ਕਾਰਨ ਹੈ ਜਾਂ ਪੀਣ ਵਾਲ਼ੇ ਪਾਣੀ ਦੀ ਪਾਈਪ ਟੁੱਟਣ ਕਾਰਨ। ਗੰਦਾ ਪਾਣੀ ਪੀਣ ਵਾਲ਼ੇ ਪਾਣੀ ਵਿੱਚ ਰਲ਼ ਜਾਣ ਕਾਰਨ ਅਨੇਕਾਂ ਜਾਨ-ਲੇਵਾ ਬਿਮਾਰੀਆਂ ਫੈਲ ਰਹੀਆਂ ਹਨ। ਪਿਛਲੇ ਦਿਨਾਂ ਵਿੱਚ ਹੀ ਗੰਦਗੀ ਕਾਰਨ ਪੈਦਾ ਹੋਈਆਂ ਬਿਮਾਰੀਆਂ ਨਾਲ਼ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਕਮਰਿਆਂ ਦੇ ਅੰਦਰ ਬਦਬੂ ਫੈਲੀ ਰਹਿੰਦੀ ਹੈ। ਅਜਿਹੀ ਜਗ੍ਹਾ ਮਨੁੱਖ ਤਾਂ ਕੀ ਪਸ਼ੂਆਂ ਦੇ ਰਹਿਣ ਲਾਇਕ ਵੀ ਨਹੀਂ ਹੈ।

ਨਗਰ-ਨਿਗਮ ਪ੍ਰਸ਼ਾਸ਼ਨ ਦੀ ਗੱਲ ਕਰੀਏ ਤਾਂ ਇਸਦਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ। ‘ਬਿਗੁਲ ਮਜਦੂਰ ਦਸਤਾ’, ‘ਟੈਕਸਟਾਇਲ-ਹੌਜ਼ਰੀ ਕਾਮਗਰ ਯੂਨੀਅਨ’, ‘ਇਸਤਰੀ ਮਜਦੂਰ ਸੰਗਠਨ’ ਵਰਗੀਆਂ ਲੋਕ ਪੱਖੀ ਜਥੇਬੰਦੀਆਂ ਦੀ ਅਗਵਾਈ ਵਿੱਚ ਕਈ ਵਾਰ ਲੋਕਾਂ ਨੇ ਨਗਰ-ਨਿਗਮ ਦੇ ਅਫ਼ਸਰਾਂ ਨੂੰ ਕਲੋਨੀ ਦੇ ਇਸ ਨਾਕਸ ਪ੍ਰਬੰਧ ਬਾਰੇ ਮੰਗ-ਪੱਤਰ ਤੇ ਧਰਨਿਆਂ-ਮੁਜ਼ਾਹਰਿਆਂ ਰਾਹੀਂ ਜਾਣਕਾਰੀ ਦਿੱਤੀ ਹੈ, ਪਰ ਉਹ ਮਾੜਾ-ਮੋਟਾ ਜੁਗਾੜ ਕਰ ਕੇ ਕੰਮ ਸਾਰ ਦਿੰਦੇ ਹਨ। ਲੋਕਾਂ ਦੇ ਦਬਾਅ ਹੇਠ ਸੀਵਰੇਜ਼ ਵਿੱਚ ਬਾਂਸ ਮਾਰ ਕੇ ਪਾਣੀ ਕਢਵਾ ਦਿੱਤਾ ਜਾਂਦਾ ਹੈ ਜਦਕਿ ਸੀਵਰੇਜ਼ ਦੀ ਸਫਾਈ ਮਸ਼ੀਨਾਂ ਨਾਲ਼ ਕਰਵਾਉਣ ਦੀ ਲੋੜ ਹੈ। ਜਦੋਂ ਤੋਂ ਕਲੋਨੀ ਬਣੀ ਹੈ ਕਦੇ ਵੀ ਇਸਦੀ ਮਸ਼ੀਨਾਂ ਨਾਲ਼ ਸਫਾਈ ਨਹੀਂ ਕਰਵਾਈ ਗਈ। ਪੀਣ ਵਾਲ਼ੇ ਪਾਣੀ ਦੀਆਂ ਟੁੱਟੀਆਂ ਹੋਈਆਂ ਪਾਈਪਾਂ ਤੇ ਲਿਫ਼ਾਫੇ ਬੰਨ ਕੇ ਮਿੱਟੀ ਪਾ ਦਿੱਤੀ ਜਾਂਦੀ ਹੈ, ਜਦਕਿ ਇਹ ਪਾਈਪ ਗਲ਼-ਸੜ ਚੁੱਕੇ ਹਨ ਤੇ ਇਹਨਾਂ ਨੂੰ ਬਦਲਣ ਦੀ ਲੋੜ ਹੈ। ਜੇ ਸਾਫ਼-ਸਫਾਈ ਦੇ ਨਿਯਮਿਤ ਪ੍ਰਬੰਧ ਦੀ ਗੱਲ ਕਰੀਏ ਤਾਂ ਇੱਕ ਵੀ ਸਫ਼ਾਈ ਕਾਮਾ ਪੱਕੇ ਤੌਰ ‘ਤੇ ਨਹੀਂ ਰੱਖਿਆ ਗਿਆ। ਲੋਕਾਂ ਨੂੰ ਆਪਣੇ ਪੱਧਰ ‘ਤੇ ਪੈਸੇ ਦੇ ਕੇ ਸਾਫ਼-ਸਫਾਈ ਕਰਵਾਉਣੀ ਪੈਂਦੀ ਹੈ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਸੀ ਕਿ ਏਨੀ ਵੱਡੀ ਕਲੋਨੀ ਲਈ ਸੌ ਬੰਦਿਆਂ ਦੀ ਲੋੜ ਹੈ। ਅਸੀਂ ਤਾਂ ਸਿਰਫ ਸ਼ਿਕਾਇਤ ਆਉਣ ‘ਤੇ ਹੀ ਕੰਮ ਕਰਨ ਆਉਂਦੇ ਹਾਂ।

ਨਗਰ-ਨਿਗਮ ਦੇ ਅਫ਼ਸਰ ਤਾਂ ‘ਕਸੂਰ ਲੋਕਾਂ ਦਾ ਹੈ’ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰਦੇ ਹਨ। ਕਦੇ ਉਹ ਕਹਿੰਦੇ ਹਨ ਕਿ ਲੋਕ ਹੀ ਸਫ਼ਾਈ ਨਹੀਂ ਰੱਖਦੇ, ਕਦੇ ਕਹਿੰਦੇ ਹਨ ਵਸੋਂ ਜ਼ਿਆਦਾ ਹੋ ਗਈ ਹੈ। ਪਰ ਕਲੋਨੀ ਦੀ ਨਿਯਮਿਤ ਸਫ਼ਾਈ ਲਈ ਬਕਾਇਦਾ ਸਫ਼ਾਈ ਕਾਮਿਆਂ ਦੀ ਪੱਕੀ ਡਿਊਟੀ ਨਾ ਲਾਉਣ ਅਤੇ ਗਰੀਬਾਂ ਦੀਆਂ ਰਿਹਾਇਸ਼ੀ ਸਮੱਸਿਆਵਾਂ ਵੱਲ ਬਣਦਾ ਧਿਆਨ ਨਾ ਦੇਣ ਦੀ ਗੱਲ ਉਹ ਹਮੇਸ਼ਾ ਟਾਲਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਲੋਕ ਸਫ਼ਾਈ ਨਹੀਂ ਰੱਖਦੇ ਤੇ ਵਸੋਂ ਪਹਿਲਾਂ ਨਾਲ਼ੋਂ ਵਧ ਗਈ ਹੈ ਤਾਂ ਕੀ ਨਗਰ ਨਿਗਮ ਨੂੰ ਲੋਕਾਂ ਦੀ ਪਰਵਾਹ ਕਰਨੀ ਛੱਡ ਦੇਣੀ ਚਾਹੀਦੀ ਹੈ? ਲੋਕਾਂ ਵਿੱਚ ਸਾਫ਼-ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਨਗਰ ਨਿਗਮ ਦੀ ਕੋਈ ਜ਼ਿੰਮੇਵਾਰੀ ਨਹੀਂ? ਉਂਝ ਤਾਂ ਵਧੀ ਵਸੋਂ ਮੁਤਾਬਿਕ ਪ੍ਰਬੰਧ ਕਰਨੇ ਵੀ ਕੋਈ ਔਖੇ ਨਹੀਂ ਹਨ ਪਰ ਅਸਲ ਵਿੱਚ ਇਹ ਕੋਈ ਸਮੱਸਿਆ ਹੈ ਵੀ ਨਹੀਂ।

ਸਮੇਂ-ਸਮੇਂ ਤੇ ‘ਸਵੱਛ ਭਾਰਤ ਅਭਿਆਨ’, ‘ਅੱਛੇ ਦਿਨ’ ਆਦਿ ਦੇ ਨਾਅਰੇ ਲੈ ਕੇ ਆਉਣ ਵਾਲ਼ੀਆਂ ਵੋਟ-ਵਟੋਰੂ ਸਿਆਸੀ ਪਾਰਟੀਆਂ ਲੋਕਾਂ ਨੂੰ ਸਮੇਂ-ਸਮੇਂ ਤੇ ਭਰਮਜਾਲ ਵਿੱਚ ਫਸਾਉਂਦੀਆਂ ਰਹਿੰਦੀਆਂ ਹਨ। ਜਿਸਦੇ ਸਿੱਟੇ ਵਜੋਂ ਲੋਕ ਸਥਾਨਕ ਲੀਡਰਾਂ ਤੋਂ ਸੁਧਾਰ ਦੀਆਂ ਆਸਾਂ ਰੱਖਦੇ ਹਨ। ਇਸੇ ਤਰ੍ਹਾਂ ਹਾਲ ਹੀ ਹੋਏ ਚੋਣ-ਪ੍ਰਚਾਰ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲ਼ੇ ਸਿਆਸੀ ਭੰਡਾਂ ਨੇ ਗੱਪਾਂ ਦੇ ਮਹਿਲ ਉਸਾਰ ਦਿੱਤੇ ਕਿ ਸਾਨੂੰ ਵੋਟ ਪਾਉਗੇ ਤਾਂ ਤੁਹਾਡੇ ਲਈ ਸਹੂਲਤਾਂ ਮੁਹੱਈਆ ਕਰਾਵਾਂਗੇ। ਈ.ਡਬਲਯੂ.ਐਸ ਕਲੋਨੀ ਦੇ ਕਈ ਲੋਕ ਵੀ ਅਜਿਹੇ ਭਰਮਜਾਲ ਦਾ ਸ਼ਿਕਾਰ ਹਨ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਜਿਸਨੂੰ ਵੋਟ ਪਾਈ ਹੈ ਉਹ ਲੀਡਰ ਉਹਨਾਂ ਦੇ ਦੁੱਖ ਨਿਵਾਰਨ ਆਵੇਗਾ। ਪਰ ਆਮ ਲੋਕਾਂ ਦੀ ਸਮੱਸਿਆਵਾਂ ਇਹਨਾਂ ਵੋਟ-ਬਟੋਰੂ ਸਰਮਾਏਦਾਰਾ ਸਿਆਸੀ ਪਾਰਟੀਆਂ ਦੇ ਏਜੰਡੇ ‘ਤੇ ਨਹੀਂ। ਅਜਿਹਾ ਹੀ ਇਸ ਵਾਰ ਹੋਏ ਚੋਣ ਪ੍ਰਚਾਰ ਸਮੇਂ ਸਾਹਮਣੇ ਆਇਆ ਜਦੋਂ ਕਲੋਨੀ ਵਿੱਚ ਅਕਾਲੀ-ਦਲ ਦਾ ਲੀਡਰ ਮੀਟਿੰਗ ਕਰਨ ਆਇਆ ਤਾਂ ਲੋਕਾਂ ਦੀਆਂ ਸਮੱਸਿਆਵਾਂ ‘ਤੇ ਕੋਈ ਗੱਲ ਨਹੀਂ ਕੀਤੀ, ਜਦੋਂ ਲੋਕਾਂ ਨੇ ਸੀਵਰੇਜ਼ ਤੇ ਸਫਾਈ ਸਬੰਧੀ ਸਮੱਸਿਆਵਾਂ ਦੀ ਗੱਲ ਕੀਤੀ ਤਾਂ ਉਸਨੇ ਲੋਕਾਂ ਦੇ ਕਹਿਣ ‘ਤੇ ਹੀ ਵੋਟਾਂ ਲੈਣ ਦੀ ਮਜ਼ਬੂਰੀ ਵਿੱਚ ਹੁੰਘਾਰਾ ਭਰਿਆ।

ਮਜ਼ਦੂਰਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਕੰਮਾਂ ਵਿੱਚ ਰੁੱਝੇ ਰਹਿਣ ਕਾਰਨ ਉਹਨਾਂ ਕੋਲ਼ ਵਿਹਲੇ ਸਮੇਂ ਦੀ ਬਹੁਤ ਘਾਟ ਹੁੰਦੀ ਹੈ। ਮਜ਼ਦੂਰ 12-14 ਘੰਟੇ ਕਾਰਖਾਨਿਆਂ ‘ਚ ਹੱਡ ਗਲਾਉਂਦੇ ਹਨ, ਘਰਾਂ ਵਿੱਚ ਰਹਿਣ ਵਾਲ਼ੀਆਂ ਔਰਤਾਂ ਤੇ ਬੱਚੇ ਸ਼ਾਲਾਂ ਦੇ ਬੁੰਬਲ ਵੱਟਣ, ਬਟਨ ਲਗਾਉਣ, ਟੋਪੀਆਂ ਬਣਾਉਂਣ ਜਾਂ ਫੈਕਟਰੀਆਂ ਦੇ ਹੋਰ ਕੰਮ ਘਰਾਂ ਵਿੱਚ ਕਰਨ ਵਿੱਚ ਰੁੱਝੇ ਰਹਿੰਦੇ ਹਨ। ਘਰ ਦਾ ਗੁਜ਼ਾਰਾ ਚਲਾਉਂਣ ਲਈ ਕਮਾਈ ਕਰਨ ਲਈ ਉਹਨਾਂ ਨੂੰ ਰਾਤਾਂ ਨੂੰ ਜਾਗ-ਜਾਗ ਕੇ ਕੰਮ ਕਰਨਾ ਪੈਂਦਾ ਹੈ। ਰੋਜ਼ ਕਮਾ ਕੇ ਖਾਣ ਵਾਲ਼ੇ ਲੋਕ ਸਮੇਂ ਦੀ ਥੁੜ ਕਾਰਨ ਕਲੋਨੀ ਦੀਆਂ ਸਮੱਸਿਆਵਾਂ ਲਈ ਸੋਚਣ ਤੇ ਸੰਘਰਸ਼ ਵਾਸਤੇ ਜ਼ਿਆਦਾ ਸਮਾਂ ਨਹੀਂ ਕੱਢ ਪਾਉਂਦੇ। ਦੂਜੇ ਪਾਸੇ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੀ ਇੱਕ-ਦੂਜੇ ਤੋਂ ਅਲੱਗ ਰਹਿਣ ਦੀ ਮਾਨਸਿਕਤਾ ਹੈ। ਉਹਨਾਂ ਵਿੱਚ ਇਕਮੁੱਠਤਾ ਦੀ ਭਾਵਨਾ ਦੀ ਵੱਡੀ ਘਾਟ ਹੈ।

ਪਰ ਜੇਕਰ ਲੋਕਾਂ ਨੂੰ ਖਰੀਆਂ ਲੋਕ ਪੱਖੀ ਜਥੇਬੰਦੀਆਂ ਲਗਾਤਾਰ ਸੂਝਵਾਨ ਬਣਾਉਂਣ, ਲਾਮਬੰਦ ਤੇ ਜਥੇਬੰਦ ਕਰਨ ਦਾ ਕੰਮ ਕਰਨ ਤਾਂ ਲੋਕ ਵੋਟ-ਬਟੋਰੂ ਪਾਰਟੀਆਂ ਦੇ ਜਾਲ ‘ਚੋਂ ਬਾਹਰ ਆ ਸਕਦੇ ਹਨ, ਲੋਕਾਂ ਵਿੱਚ ਇਕਮੁੱਠਤਾ ਦੀ ਭਾਵਨਾ ਜਗਾਈ ਜਾ ਸਕਦੀ ਹੈ ਅਤੇ ਉਹਨਾਂ ਨੂੰ ਵੱਡੇ ਪੱਧਰ ਉੱਤੇ ਜਥੇਬੰਦ ਕਰਕੇ ਸੰਘਰਸ਼ਾਂ ਦੇ ਰਾਹ ਪਾਇਆ ਜਾ ਸਕਦਾ ਹੈ। ਅਨੇਕਾਂ ਵਾਰ ਵੱਖ-ਵੱਖ ਮਸਲਿਆਂ ‘ਤੇ ਹੋਏ ਸੰਘਰਸ਼ਾਂ ਵਿੱਚ ਚਾਹੇ ਛੋਟੇ ਪੱਧਰ ‘ਤੇ ਹੀ ਸਹੀ ਲੋਕਾਂ ਨੇ ਵੇਖਿਆ ਹੈ ਕਿ ਜੇਕਰ ਉਹ ਇੱਕਮੁੱਠ ਹੋ ਕੇ ਸੰਘਰਸ਼ ਕਰਦੇ ਹਨ ਤਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements