ਗਰੀਬ-ਬਦਹਾਲ ਲੋਕ ਬਨਾਮ ਅੱਯਾਸ਼ ਨੇਤਾਸ਼ਾਹੀ •ਬਲਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦੋ ਧੜਿਆਂ ਵਿੱਚ ਭੂਮੀ ਵੰਡੀ,
ਇੱਕ ਮਹਿਲਾਂ ਦੀ ਇੱਕ ਢੋਕਾਂ ਦੀ।
ਦੋ ਧੜਿਆਂ ਵਿੱਚ ਖਲਕਤ ਵੰਡੀ,
ਇੱਕ ਲੋਕਾਂ ਦੀ ਇੱਕ ਜੋਕਾਂ ਦੀ।

ਪ੍ਰੋਫੈਸਰ ਮੋਹਣ ਸਿੰਘ ਦੀ ਇਹ ਕਵਿਤਾ ਭਾਰਤੀ ਸਮਾਜ ਦੀ ਕਾਣੀ ਵੰਡ ਦਰਸਾਉਂਦੀ ਹੈ। ਇੱਕ ਪਾਸੇ 80 ਫੀਸਦੀ ਅਬਾਦੀ ਹੈ ਜੋ ਗਰੀਬੀ ਦੀ ਦਲਦਲ ‘ਚ ਫਸੀ ਹੋਈ ਹੈ ਤੇ ਦੂਜੇ ਪਾਸੇ ਮੁੱਠੀ ਭਰ ਅੱਯਾਸ਼ ਨੇਤਾ ਤੇ ਸਰਮਾਏਦਾਰ ਜੋ ਲੋਕਾਂ ਦੀ ਕਮਾਈ ਤੇ ਪਲਦੇ ਹਨ ਤੇ ਅੱਯਾਸ਼ੀ ਕਰਦੇ ਹਨ। ਕਨੂੰਨ ਮੁਤਾਬਕ ਸਾਨੂੰ ਇਹਨਾਂ ਲੀਡਰਾਂ ਦੀਆਂ ਨਗੂਣੀਆਂ ਤਨਖਾਹਾਂ ਦਿਖਾ ਕੇ ਭਰਮਾਇਆ ਜਾਂਦਾ ਹੈ ਪਰ ਅਸਲ ਵਿੱਚ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਵਿਸ਼ੇਸ਼ ਸਹੂਲਤਾਂ ਤੇ ਲੋਕਾਂ ਨੂੰ ਲੁੱਟ ਕੇ ਕੀਤੀ ਕਾਲੀ ਕਮਾਈ ਬਾਰੇ ਆਮ ਲੋਕ ਜਾਣ ਨਹੀਂ ਪਾਉਂਦੇ, ਇਹਨਾਂ ਮੰਤਰੀਆਂ ਦਾ ਲੋਕਾਂ ਅੱਗੇ ਪਾਜ਼ ਉਘਾੜਨਾ ਜਰੂਰੀ ਹੈ।

ਪਿਛਲੇ ਦਿਨੀਂ ਹੀ ਸੱਤਾ ਤੇ ਕਾਬਜ਼ ਮੋਦੀ ਸਰਕਾਰ ਦੇ ਕੈਬਨੇਟ ਮੰਤਰੀਆਂ ਨੇ ਆਪਣੇ ਦਫਤਰਾਂ ਨੂੰ ਪੰਜ-ਤਾਰਾ ਬਣਾਉਣ ਲਈ ਕਰੋੜਾਂ ਰੁਪਏ ਵਹਾ ਦਿੱਤੇ। ਖਬਰ ਮੁਤਾਬਕ ਇਹ ਖਰਚ ਕਰੀਬ ਸਾਢੇ ਤਿੰਨ ਕਰੋੜ ਹੈ। ਇਸ ਵਿੱਚੋਂ ਡੇਢ ਕਰੋੜ ਦੇ ਕਰੀਬ ਸਿਰਫ ਸਮ੍ਰਿਤੀ ਇਰਾਨੀ ਤੇ ਉਸਦੇ ਜੂਨੀਅਰ ਮੰਤਰੀਆਂ ਨੇ ਆਪਣੇ ਦਫਤਰ ਨੂੰ ਰੰਗ ਰੋਗਨ ਕਰਵਾਉਣ ਤੇ ਉੜਾ ਦਿੱਤਾ। ਇਸੇ ਤਰ੍ਹਾਂ ਹੋਰ ਮੰਤਰੀ ਜਿਵੇਂ ਚੌਧਰੀ ਵਰੇਂਦਰ ਸਿੰਘ, ਰਾਜਵਰਧਨ ਸਿੰਘ ਰਠੌਰ, ਉਪੇਂਦਰ ਕੁਸ਼ਵਾਹ, ਰਾਮ ਸ਼ੰਕਰ ਕਠੋਰੀਆ, ਜੇ.ਪੀ.ਨੱਡਾ, ਸਾਂਵਰ ਜਾਟ ਤੇ ਜਿਤੇਂਦਰ ਸਿੰਘ ਜਿਹੇ ਮੰਤਰੀ ਲੱਖਾਂ ਰੁਪਏ ਆਪਣੇ ਦਫਤਰਾਂ ਤੇ ਖਰਚਣ ‘ਚ ਲੱਗੇ ਹੋਏ ਹਨ।

ਜੇਕਰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਦੀ ਗੱਲ ਕਰੀਏ ਤਾਂ ਉਹ ਜਦੋਂ ਤੋਂ ਸੱਤਾ ‘ਚ ਆਏ ਹਨ ਉਦੋਂ ਤੋਂ ਹੁਣ ਤੱਕ 70 ਕਰੋੜ ਰੁਪਏ ਸਿਰਫ ਆਪਣੇ ਕੱਪੜਿਆਂ ਤੇ ਖਰਚ ਚੁੱਕੇ ਹਨ ਤੇ ਉਹਨਾਂ ਦੇ ਨਿੱਤ ਪ੍ਰਤੀ ਦਿਨ ਵਿਦੇਸ਼ੀ ਦੌਰਿਆਂ ਦਾ ਖਰਚ 317 ਕਰੋੜ ਤੱਕ ਪਹੁੰਚ ਚੁੱਕਿਆ ਹੈ।

ਲੋਕ ਸਭਾ ਚੋਣਾਂ ਸਮੇਂ ਭਾਜਪਾ ਖਾਸ ਤੌਰ ਤੇ ਮੋਦੀ ਨੇ ਇਹ ਦਾਅਵੇ ਕੀਤੇ ਸਨ ਕਿ ਜੇਕਰ ਸਾਡੀ (ਭਾਜਪਾ) ਸਰਕਾਰ ਕੇਂਦਰ ਵਿੱਚ ਆਵੇਗੀ ਤਾਂ ਭ੍ਰਿਸ਼ਟਾਚਾਰ ਖਤਮ ਕਰ ਕੇ ਦੇਸ਼ ਦਾ ਵਿਕਾਸ ਕੀਤਾ ਜਾਵੇਗਾ ਅਤੇ ਸਰਕਾਰੀ ਖਜ਼ਾਨੇ ਤੇ ਸਰਕਾਰ ਵੱਲੋਂ ਬੋਝ ਘਟਾ ਕੇ ਲੋਕਾਂ ਲਈ ਸਹੂਲਤਾਂ ਉਪਲੱਭਧ ਕਰਵਾਈਆਂ ਜਾਣਗੀਆਂ। ਪਰ ਸੱਤਾ ‘ਚ ਆਉਣ ਤੋਂ ਬਾਅਦ ਉਸਦੇ ਸਾਰੇ ਦਾਅਵਿਆਂ ਦੀ ਫੂਕ ਨਿਕਲ ਗਈ। ਨਿੱਤ ਨਵੇਂ ਘੁਟਾਲੇ ਤੇ ਸਰਮਾਏਦਾਰਾਂ ਨੂੰ ਦਿੱਤੀਆਂ ਜਾਣ ਵਾਲ਼ੀਆਂ ਛੋਟਾਂ ਉਹਨਾਂ ਦੇ ਲੋਕ ਵਿਰੋਧੀ ਕਿਰਦਾਰ ਨੂੰ ਨੰਗਾ ਕਰਦੀਆਂ ਹਨ।

ਮੋਦੀ ਤੇ ਉਸਦੇ ਮੰਤਰੀ ਅੱਯਾਸ਼ੀ ਦੇ ਸਮੁੰਦਰ ‘ਚ ਗੋਤੇ ਲਾ ਰਹੇ ਹਨ।।ਇਹਨਾਂ ਮੰਤਰੀਆਂ ਦੇ ਰਹਿਣ ਲਈ ਹਰ ਤਰ੍ਹਾਂ ਦੀ ਸੁੱਖ-ਸੁਵਿਧਾ ਨਾਲ਼ ਭਰਪੂਰ ਬੰਗਲੇ ਮੁਹੱਈਆ ਕਰਵਾਏ ਜਾਂਦੇ ਹਨ। ਸਲਾਨਾ ਦੋ ਲੱਖ ਦੇ ਕਰੀਬ ਮੁਫਤ ਫੋਨ ਕਾਲਾਂ, 50 ਹਜ਼ਾਰ ਯੂਨਿਟ ਮੁਫਤ ਬਿਜ਼ਲੀ, ਫਸਟ ਕਲਾਸ ਰੇਲਵੇ ਯਾਤਰਾਵਾਂ, ਹਵਾਈ ਯਾਤਰਾਵਾਂ, ਵਿਦੇਸ਼ੀ ਟੂਰ, ਮਹਿੰਗੀਆਂ ਗੱਡੀਆਂ, ਵਿਸ਼ੇਸ਼ ਵਿਅਕਤੀ ਸੁਰੱਖਿਆ ਤੇ ਅਤੀ ਵਿਸ਼ੇਸ਼ ਵਿਅਕਤੀ ਸੁਰੱਖਿਆ ਅਧੀਨ ਹਥਿਆਰਬੰਦ ਕਮਾਂਡੋ ਦਸਤੇ ਅਤੇ ਹੋਰ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਮਾਣਦੇ ਹਨ। ਤੇ ਦੂਜੇ ਪਾਸੇ ਅਬਾਦੀ ਦੇ ਇੱਕ ਵੱਡੇ ਹਿੱਸੇ ਕੋਲ ਸਿਰ ਉਤੇ ਛੱਤ ਤੱਕ ਨਹੀਂ। ਇਹ ਤਾਂ ਸਿਰਫ ਚਿੱਟੀ ਕਮਾਈ ਹੈ,।ਜੇ ਇਹਨਾਂ ਮੰਤਰੀਆਂ ਦੀ ਕਾਲੀ ਕਮਾਈ ਦੀ ਗੱਲ ਕਰੀਏ ਤਾਂ ਇਹਨਾਂ ਵੱਲੋਂ ਕੀਤੇ ਘੁਟਾਲਿਆਂ,ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੇ ਅਨੇਕਾਂ ਕੱਚੇ ਚਿੱਠੇ ਖੋਲੇ ਜਾ ਸਕਦੇ ਹਨ।

ਲੋਕਾਂ ਸਾਹਮਣੇ ਪ੍ਰਚਾਰਿਆ ਜਾਂਦਾ ਹੈ ਕਿ ਭਾਰਤ ਦੀ ਤਰੱਕੀ ਲਈ ਤੇ ‘ਮੇਕ ਇੰਨ ਇੰਡੀਆ’ ਲਈ ਮੋਦੀ ਦੂਜੇ ਦੇਸ਼ਾਂ ਦੇ ਦੌਰੇ ਕਰ ਰਿਹਾ ਹੈ। ਪਰ ਅਸਲ ਵਿੱਚ ਇਹ ਤਰੱਕੀ ਕੁੱਝ ਮੁੱਠੀ ਭਰ ਸਰਮਾਏਦਾਰਾਂ, ਮੁਨਾਫਾਖੋਰਾਂ ਤੇ ਮੰਤਰੀਆਂ ਲਈ ਹੀ ਹੈ ਨਾ ਕਿ ਆਮ ਜਨਤਾ ਲਈ।

ਸਰਕਾਰ ਦੁਆਰਾ ਸਰਮਾਏਦਾਰਾਂ ਨੂੰ ਅੰਨ੍ਹੇਵਾਹ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਕੁੱਝ ਦਿਨ ਪਹਿਲਾਂ ਆਏ ਤਾਜ਼ਾ ਅੰਕੜਿਆਂ ਮੁਤਾਬਕ ਮੋਦੀ ਸਰਕਾਰ ਨੇ ਸਰਮਾਏਦਾਰਾਂ ਨੂੰ ਲਗਭਗ ਇੱਕ ਲੱਖ ਕਰੋੜ ਦੀ ਵੋਟਾਂ ਦਿੱਤੀਆਂ ਹਨ ਜੋ ਕਿ ਅੰਗਰੇਜ਼ਾਂ ਦੇ ਸਾਸ਼ਨਕਾਲ ਸਮੇਂ ਉਹਨਾਂ ਦੁਆਰਾ ਕੀਤੀ ਭਾਰਤੀਆਂ ਦੀ ਲੁੱਟ ਤੋਂ ਵੀ ਵੱਧ ਹੈ।

ਨਿੱਤ ਤਰ੍ਹਾਂ-ਤਰ੍ਹਾਂ ਦੇ ਟੈਕਸ ਲਾ ਕੇ ਇਹ ਭੂਰੇ ਹਾਕਮ ਭਾਰਤੀਆਂ ਦੀ ਦਿਨੋਂ-ਦਿਨ ਲੁੱਟ ਕਰੀ ਜਾ ਰਹੇ ਹਨ ਤੇ ਜਨਤਕ ਸਹੂਲਤਾਂ ‘ਚ ਕਟੌਤੀ ਕਰਕੇ ਤੇ ਸਰਕਾਰੀ ਅਦਾਰਿਆਂ ਦੇ ਨਿੱਜ਼ੀਕਰਨ ਜ਼ਰੀਏ ਖਰਚੇ ਤੋਂ ਹੱਥ ਖਿੱਚ ਰਹੇ ਹਨ।

• ਮੋਦੀ ਸਰਕਾਰ ਨੇ ਮਗਨਰੇਗਾ ਤੇ ਹੋਣ ਵਾਲ਼ੇ ਖਰਚੇ ‘ਚ 20 ਹਜ਼ਾਰ ਦੀ ਕਟੌਤੀ ਕਰ ਦਿੱਤੀ ਹੈ।

• ਇਸੇ ਤਰ੍ਹਾਂ ਸਿੱਖਿਆ ਦੇ ਬਜ਼ਟ ‘ਚ 10 ਹਜ਼ਾਰ ਕਰੋੜ ਦੀ ਕਟੌਤੀ ਕਰ ਦਿੱਤੀ ਗਈ ਹੈ।

• ਸਿਹਤ ਸਹੂਲਤਾਂ ਦੇਖੀਏ ਤਾਂ ਸਰਕਾਰੀ ਹਸਪਤਾਲਾਂ ਦੀ ਹਾਲਤ ਖਸਤਾ ਹੈ।

• ਭਾਰਤ ਕੁਪੋਸ਼ਨ ਪੀੜਿਤ ਦੇਸ਼ਾਂ ‘ਚ ਸਭ ਤੋਂ ਉੱਪਰ ਹੈ।

• ਹਰ ਰੋਜ਼ 9 ਹਜ਼ਾਰ ਬੱਚੇ ਭੁੱਖ ਨਾਲ਼ ਮਰ ਜਾਂਦੇ ਹਨ ਤੇ ਦੂਜੇ ਪਾਸੇ ਹਜ਼ਾਰਾਂ ਟਨ ਅਨਾਜ਼ ਗੋਦਾਮਾਂ ਵਿੱਚ ਸੜ ਜਾਂਦਾ ਹੈ।

ਲੋਕਾਂ ਦੀ ਸੁਰੱਖਿਆ ਵੱਲ ਨਿਗਾਹ ਮਾਰੀਏ ਤਾਂ ਰੋਜ ਹੋਣ ਵਾਲ਼ੇ ਕਤਲ ਬਲਾਤਕਾਰ, ਪੁਲਸ ਜ਼ਬਰ ਕਿਸੇ ਦੇ ਅੱਖੋਂ ਓਹਲੇ ਨਹੀਂ ਤੇ ਦੂਜੇ ਪਾਸੇ ਮੰਤਰੀਆਂ ਤੇ ਸਰਮਾਏਦਾਰਾਂ ਦੀ ਸੁਰੱਖਿਆ ਤੇ ਕਰੋੜਾਂ ਰੁਪਏ ਖਰਚੇ ਜਾਂਦੇ ਹਨ।

ਜਦੋਂ ਆਮ ਲੋਕਾਂ ਲਈ ਰੁਜ਼ਗਾਰ, ਭੋਜ਼ਨ, ਸਿਹਤ, ਗਲੀਆਂ-ਨਾਲੀਆਂ ਸੜਕਾਂ ਤੇ ਸੀਵਰਜ਼ ਦੇ ਪ੍ਰਬੰਧ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਖਜ਼ਾਨੇ ਖਾਲੀ ਹੋ ਜਾਂਦੇ ਹਨ ਤੇ ਜਦੋਂ ਮੈਂਬਰਾਂ, ਵਧਾਇਕਾ, ਮੰਤਰੀਆਂ, ਰਾਸ਼ਟਰਪਤੀਆਂ, ਉੱਪ-ਰਾਸ਼ਟਰਪਤੀਆਂ ਤੇ ਅਫਸਰਾਂ ਆਦਿ ਨੂੰ ਤਨਖਾਹਾਂ ਭੱਤੇ ਤੇ ਸਹੂਲਤਾਂ ਦੇਣੀਆਂ ਹੋਣ ਤਾਂ ਖਜ਼ਾਨੇ ਤੇ ਬੋਝ ਨਹੀਂ ਪੈਂਦਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements