ਜੈਨੇਟਿਕਲੀ ਮੌਡੀਫਾਇਡ ਫੂਡ (GMF)- ਮਨੁੱਖਤਾ ਲਈ ਵਰਦਾਨ ਜਾਂ ਜ਼ਹਿਰ •ਰਵਿੰਦਰ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕੁੱਝ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਬਣਿਆ ਹੋਇਆ ਹੈ ਕਿ ‘ਜੈਨੇਟਿਕਲੀ ਮੌਡੀਫਾਇਡ ਫੂਡ’ ਹੁੰਦੇ ਕੀ ਹਨ? ਇਨ੍ਹਾਂ ਦੀ ਵਰਤੋਂ ‘ਤੇ ਸਵਾਲੀਆ ਚਿੰਨ੍ਹ ਕਿਉਂ ਹੈ? ਸਭ ਤੋਂ ਵੱਡਾ ਸਵਾਲ ਇਹ ਹੈ ਕਿ, ਇਸ ਦੀ ਵਰਤੋਂ ਮਨੁੱਖੀ ਸਿਹਤ ਲਈ ਕਿੰਨੀ ਕੁ ਚੰਗੀ ਤੇ ਕਿੰਨੀ ਕੁ ਬੁਰੀ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ, ‘ਜੈਨੇਟਿਕਲੀ ਮੌਡੀਫਾਇਡ ਫੂਡ’ ਬਾਰੇ ਜਾਣਿਆ ਜਾਵੇ। ਵਿਗਿਆਨੀਆਂ ਦੁਆਰਾ ਸਮੇਂ-ਸਮੇਂ ‘ਤੇ ਨਵੀਆਂ-ਨਵੀਆਂ ਖੋਜਾਂ ਕੀਤੀਆਂ ਗਈਆਂ ਹਨ ਅਤੇ ਕੀਤੀਆਂ ਜਾ ਰਹੀਆਂ ਹਨ। ‘ਜੈਨੇਟਿਕਲੀ ਮੌਡੀਫਾਇਡ ਫੂਡ’ (ਜੀ. ਐੱਮ. ਐੱਫ) ਤਕਰੀਬਨ 19ਵੀਂ ਸਦੀ ਦੇ ਅੰਤ ‘ਚ ਵਿਗਿਆਨੀਆਂ ਦੁਆਰਾ ਖੋਜੀ ਗਈ ਇੱਕ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਦੌਰਾਨ ਜੀਨ ਪੱਧਰ ‘ਤੇ ਬੀਜਾਂ ਨੂੰ ਸੋਧਿਆ ਜਾਂਦਾ ਹੈ, ਜਾਂ ਕਹਿ ਲਵੋ ਬੀਜਾਂ ਦੀ ਗੁਣਵੱਤਾ (ਜਿਵੇਂ ਕਿ ਝਾੜ, ਬੀਜ ਦਾ ਭਾਰ, ਬੀਜ ਦੀ ਬਣਾਵਟ, ਨਦੀਨਾਂ ਨੂੰ ਝੱਲਣ ਦੀ ਸਮਰੱਥਾ ਆਦਿ) ਵਧਾਉਣ ਲਈ ਜੀਨ ਪੱਧਰ ‘ਤੇ ਪ੍ਰਯੋਗ ਕੀਤੇ ਜਾਂਦੇ ਹਨ।

ਜੈਨੇਟਿਕ ਮੈਟਿਰੀਅਲ, ਜੋ ਸੈੱਲ ਦੀ ਪ੍ਰਕਿਰਿਆ ਨੂੰ ਨਿਰਧਾਰਿਤ ਕਰਦੇ ਹਨ ਅਤੇ ਹਰ ਗੁਣ ਲਈ ਜ਼ਿੰਮੇਵਾਰ ਹੁੰਦੇ ਹਨ ਦੋ ਤਰ੍ਹਾਂ ਦੇ ਹੁੰਦੇ ਹਨ- Phenotopic ਜੋ ਬਾਹਰੀ ਤੌਰ ‘ਤੇ ਦਿਖਦੇ ਹਨ (ਪੱਤਿਆਂ ਦਾ ਰੰਗ, ਫੁੱਲਾਂ ਦਾ ਰੰਗ, ਫਲ਼ ਦੀ ਬਣਾਵਟ, ਪੌਦੇ ਦੀ ਲੰਬਾਈ ਆਦਿ) ਅਤੇ Genotopic ਜੋ ਅੰਦਰੂਨੀ ਤੌਰ ‘ਤੇ ਹੁੰਦੇ ਹਨ (ਕਿਸੇ ਰਸਾਇਣ ਨੂੰ ਪੈਦਾ ਕਰਨਾ, ਅੰਦਰੂਨੀ ਸਰਗਰਮੀਆਂ ਆਦਿ)। ਇਸ ਜੈਨੇਟਿਕ ਮੈਟਿਰੀਅਲ ਵਿੱਚ ਪ੍ਰਯੋਗ ਦੁਆਰਾ ਕਿਸੇ ਖਾਸ ਜੀਨ (ਜੋ ਕਿਸੇ ਗੁਣ ਲਈ ਖਾਸ ਹੋਵੇ, ਜਿਵੇਂ ਕਿ ਝਾੜ ਨਿਰਧਾਰਿਤ ਕਰਨ ਵਾਲ਼ੇ ਜੀਨ) ਨੂੰ ਅਲੱਗ ਕਰਕੇ, ਉਸ ਦੀ ਜਗ੍ਹਾ ‘ਤੇ ਬਾਹਰੀ ਜੀਨ (ਜੋ ਕਿਸੇ ਹੋਰ ਪੌਦੇ ਤੋਂ ਲਿਆ ਹੋਵੇਗਾ, ਨੂੰ ਜੋੜਿਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਜੀ. ਐੱਮ. ਐੱਫ. ਕਿਹਾ ਜਾਂਦਾ ਹੈ। ਇਹ ਸਭ ਕੁੱਝ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕਰਕੇ ਕੀਤਾ ਜਾਂਦਾ ਹੈ।

ਵਿਗਿਆਨ ਦੀ ਓਟ ਵਿੱਚ ਸਰਕਾਰ ਇਹ ਦਾਅਵਾ ਕਰਦੀ ਹੈ ਕਿ, ਜੀ.ਐੱਮ.ਐੱਫ. ਦੀ ਵਰਤੋਂ ਨਾਲ਼ ਵਧ ਰਹੀ ਅਬਾਦੀ ਦੀ ਭੁੱਖ ਮਿਟਾਈ ਜਾ ਸਕੇਗੀ, ਭੋਜਨ ‘ਚੋਂ ਜ਼ਿਆਦਾ ਪੋਸ਼ਟਿਕ ਤੱਤ ਮਿਲਣਗੇ, ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਬੱਚਿਆਂ ਦੀ ਵਧ ਰਹੀ ਦਰ ਨੂੰ ਘਟਾਇਆ ਜਾ ਸਕੇਗਾ ਆਦਿ। ਪਰ ਇਸ ਗੱਲ ਵਿੱਚ ਹਮੇਸ਼ਾ ਦੀ ਤਰ੍ਹਾਂ ਸਰਕਾਰ ਦਾ ਦਾਅਵਾ ਲੋਕਾਂ ਦੇ ਪੱਖ ‘ਚ ਭੁਗਤਦਾ ਹੈ ਜਾਂ ਧਨਾਢਾਂ ਦੀਆਂ ਤਜ਼ੋਰੀਆਂ ਭਰਨ ਲਈ ਭੁਗਤਦਾ ਹੈ, ਇਸ ਦਾ ਅੰਦਾਜ਼ਾ ਹੇਠਾਂ ਦਿੱਤੇ ਅੰਕੜਿਆਂ ਤੋਂ ਸਹਿਜੇ ਹੀ ਲੱਗ ਜਾਵੇਗਾ।

ਹੁਣ ਤੱਕ ਸੋਇਆਬੀਨ ਅਤੇ ਕੌਰਨ (ਮੱਕੀ) ਸਭ ਤੋਂ ਜ਼ਿਆਦਾ (ਕੁੱਲ ਜੀ.ਐੱਮ.ਐੱਫ. ਦਾ 82%) ਵਰਤੀਆਂ ਜਾਣ ਵਾਲ਼ੀਆਂ G.M.F. ਫ਼ਸਲਾਂ ਹਨ। ਇਸ ਤੋਂ ਬਾਅਦ ਕਪਾਹ, ਆਲੂ, ਚੌਲ਼, ਬੈਂਗਣ ਆਦਿ ਫ਼ਸਲਾਂ ਹਨ। ਜਿਨ੍ਹਾਂ ਨੂੰ ਜੀਨ ਪੱਧਰ ‘ਤੇ ਸੋਧਿਆ ਗਿਆ ਹੈ। ਅਮਰੀਕਾ, ਭਾਰਤ, ਚੀਨ, ਪਾਕਿਸਤਾਨ, ਦੱਖਣੀ ਅਫਰੀਕਾ, ਬ੍ਰਾਜ਼ੀਲ, ਸੁਡਾਨ ਆਦਿ ਦੇਸ਼ਾ ਵਿੱਚ ਇਹਨਾਂ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ। ਯੂਨਾਇਟਡ ਸਟੇਟ, ਭਾਰਤ, ਚਾਇਨਾ ਅਤੇ ਪਾਕਿਸਤਾਨ ਦੇ 25 ਮਿਲੀਅਨ ਹੈਕਟੇਅਰ ਜ਼ਮੀਨ ਉੱਤੇ ਜੀ.ਐੱਮ. ਕੌਟਨ (ਕਪਾਹ) ਦੀ ਖੇਤੀ ਕੀਤੀ ਜਾਂਦੀ ਹੈ। ਇਸ 25 ਮਿਲੀਅਨ ਹੈਕਟੇਅਰ ਵਿੱਚੋਂ 12 ਮਿਲੀਅਨ ਹੈਕਟੇਅਰ ‘ਤੇ ਇਸ ਫਸਲ ਦੀ ਖੇਤੀ ਭਾਰਤ ਦੁਆਰਾ ਕੀਤੀ ਜਾਂਦੀ ਹੈ। ਇੱਕ ਪ੍ਰਾਇਵੇਟ ਕੰਪਨੀ ਮੌਨਸੈਂਟੋ (Monsanto) ਦੁਆਰਾ 2002 ‘ਚ ਬੀ.ਟੀ.ਕੌਟਨ ਦੇ ਬੀਜ ਭਾਰਤ ਲਿਆਂਦੇ ਗਏ ਸਨ।

ਇਨ੍ਹਾਂ ਫ਼ਸਲਾਂ ਨੂੰ ਜੀਨ ਪੱਧਰ ‘ਤੇ ਬਦਲਣਾ ਇੱਕ ਮਹਿੰਗੀ ਅਤੇ ਜ਼ਿਆਦਾ ਸਮਾਂ ਲੈਣ ਵਾਲ਼ੀ ਪ੍ਰਕਿਰਿਆ ਹੈ। ਇੱਥੇ ਇਹ ਗੱਲ ਵੀ ਹੈ ਕਿ ਜੇ ਇਨ੍ਹਾਂ ਬੀਜਾਂ ਨੂੰ ਤਿਆਰ ਕਰਨ ਲਈ ਜ਼ਿਆਦਾ ਪੈਸੇ ਲੱਗਦੇ ਹਨ ਤਾਂ ਇਨ੍ਹਾਂ ਦੀ ਮੰਡੀ ਵਿੱਚ ਕੀਮਤ ਆਮ ਬੀਜਾਂ ਨਾਲ਼ੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ। ਕਈ ਕਿਸਾਨ ਤਾਂ ਇਸ ਨੂੰ ਖ਼ਰੀਦ ਹੀ ਨਹੀਂ ਪਾਉਂਦੇ। ਬਾਕੀ ਪ੍ਰਾਈਵੇਟ ਐਗਰੋ ਬਾਇਓਟੈੱਕ ਕੰਪਨੀਆਂ ਇਸ ਤਿੰਨ ਗੁਣਾ ਕੀਮਤ ਨੂੰ ਘੱਟ ਸਮਝਦੇ ਹੋਏ ਅੰਨ੍ਹੇ ਮੁਨਾਫ਼ੇ ਲਈ ਹੋਰ ਜ਼ਿਆਦਾ ਕੀਮਤ ਉੱਤੇ ਵੇਚਦੀਆਂ ਹਨ। ਇੱਥੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ, ਜੇ ਇੰਨ੍ਹਾ ਬੀਜਾਂ ਦੀ ਕੀਮਤ ਜ਼ਿਆਦਾ ਹੈ ਤਾਂ ਇਹਨਾਂ ਬੀਜਾਂ ਤੋਂ ਤਿਆਰ ਭੋਜਨ ਵੀ ਮਹਿੰਗੀ ਕੀਮਤ ‘ਤੇ ਮੰਡੀ ਵਿੱਚ ਵਿਕਦਾ ਹੈ। ਜਿਸ ਨੂੰ ਆਮ ਲੋਕ ਖਰੀਦ ਹੀ ਨਹੀ ਪਾਉਂਦੇ, ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕੀਂ ਤਾਂ ਉਹ ਭੋਜਨ ਨਹੀਂ ਖਰੀਦ ਪਾਉਂਦੇ ਜੋ ਸਧਾਰਨ ਬੀਜਾਂ ਤੋਂ ਤਿਆਰ ਹੁੰਦਾ। ਪੰਜਾਬ ਵਿੱਚ ਕੇਂਦਰ ਵੱਲੋਂ ਇਸ ਵਰ੍ਹੇ ਬੀ.ਟੀ. ਕੌਟਨ ਦੇ ਬੀਜਾਂ ਦੀ ਕੀਮਤ ਐਲਾਨ ਕੀਤੀ ਗਈ। ਇਸ ਅਨੁਸਾਰ ਇੱਕ ਪੈਕੇਟ ਬੀ.ਟੀ.-1 ਕੌਟਨ ਦੇ ਬੀਜਾਂ ਦੀ ਕੀਮਤ 635 ਰੁਪਏ ਅਤੇ ਬੀ.ਟੀ.-2 ਕੌਟਨ ਦੇ ਬੀਜਾਂ ਦੀ ਕੀਮਤ 800 ਰੁਪਏ ਹੈ। ਇਹ ਕੀਮਤ ਸਿਰਫ ਐਲਾਨੀ ਗਈ ਪਰ ਹੈ, ਪ੍ਰਾਈਵੇਟ ਕੰਪਨੀਆਂ ਨੇ ਕਿਸਾਨਾਂ ਨੂੰ ਲੁੱਟਣ ਦੀ ਤਿਆਰੀ ਜ਼ੋਰਾਂ ਨਾਲ਼ ਕਰਕੇ ਇਹ ਬੀਜ ਵੱਧ ਕੀਮਤ ‘ਤੇ ਵੇਚੇ ਹਨ। ਜਦੋਂ ਕਿਸਾਨ ਔਖੇ ਹੋ ਕੇ ਵੱਧ ਕੀਮਤ ‘ਤੇ ਇਹ ਬੀਜ ਖਰੀਦ ਤਾਂ ਲੈਂਦੇ ਹਨ, ਉਹ ਨਾਲ ਹੀ ਅਨੇਕਾਂ ਔਕੜਾਂ ਵੀ ਸਹੇੜ ਲੈਂਦੇ ਹਨ। ਅਕਸਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜੀ.ਐੱਮ.ਐੱਫ. ਦੀ ਵਰਤੋਂ ਨਾਲ਼ ਝਾੜ ਦੋ ਤੋਂ ਤਿੰਨ ਗੁਣਾ ਵਧ ਜਾਂਦਾ ਹੈ। ਪਰ ਜੇ ਇਹ ਗੱਲ ਹੈ ਤਾਂ 2015 ਅਤੇ 2016 ਵਰ੍ਹੇ ‘ਚ ਪੰਜਾਬ ਵਿੱਚ ਬੀ.ਟੀ. ਕੌਟਨ ਤੋ ਪ੍ਰਾਪਤ ਝਾੜ ਕਿਉਂ ਲਗਾਤਾਰ ਘਟਿਆ ਹੈ? ਅੰਕੜਿਆਂ ਦੁਆਰਾ ਇਹ ਅਨੁਮਾਨ ਲਗਾਇਆ ਗਿਆ ਸੀ ਕਿ 2011 ਵਿੱਚ ਆਂਧਰਾ ਪ੍ਰਦੇਸ਼ ਦੇ ਦੱਖਣੀ ਰਾਜਾਂ ‘ਚ ਕੁੱਲ ਫਸਲ ਬੀ.ਟੀ.ਕੌਟਨ ਦਾ (ਜੋ 1.9 ਮੀਲੀਅਨ ਹੈਕਟੇਅਰ ਜ਼ਮੀਨ ‘ਤੇ ਉਗਾਈ ਗਈ ਸੀ) 70% ਹਿੱਸਾ ਤਬਾਹ ਹੋ ਗਿਆ ਸੀ। ਸਰਕਾਰਾਂ ਜੋ ਝਾੜ ਵਧਾ ਕੇ ਭੁੱਖੀ ਅਬਾਦੀ ਦੀ ਥਾਲ਼ੀ ਵਿੱਚ ਰੋਟੀ ਪਹੁੰਚਾਉਣ ਦਾ ਦਾਅਵਾ ਕਰਦੀਆਂ ਹਨ, ਇਹਨਾਂ ਅੰਕੜਿਆਂ ਤੋਂ ਇਸ ਦੀ ਚੰਗੀ ਤਰ੍ਹਾਂ ਪੁਸ਼ਟੀ ਹੋ ਜਾਂਦੀ ਹੈ ਕਿ ਇਹ ਸਿਰਫ ਖੋਖਲੀ ਚਿੰਤਾ ਦਾ ਦਿਖਾਵਾ ਹੈ ਅਤੇ ਅਮੀਰਾਂ ਦੇ ਢਿੱਡ ਭਰਨ ਦੀ ਚਾਲ ਹੈ।

ਇਹ ਗੱਲ ਤਾਂ ਕੀਮਤ ਅਤੇ ਝਾੜ ਬਾਰੇ ਸੀ, ਹੁਣ ਆਪਾਂ ਇਨ੍ਹਾਂ ਦੀ ਵਰਤੋਂ ਕਰਨ ਤੋਂ ਬਾਅਦ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਕੀ ਅਸਰ ਪੈਂਦਾ ਹੈ, ਇਸ ਬਾਰੇ ਗੱਲ ਕਰਦੇ ਹਾਂ। ਪਹਿਲਾਂ-ਪਹਿਲ ਰਸਾਇਣਾਂ (ਕੀਟ-ਨਾਸ਼ਕ, ਨਦੀਨ-ਨਾਸ਼ਕ ਆਦਿ) ਦੀ ਵਰਤੋਂ ਨਾਲ਼ ਕੀਟਾਂ, ਨਦੀਨਾਂ ਨੂੰ ਖ਼ਤਮ ਕੀਤਾ ਜਾਂਦਾ ਹੈ, ਪਰ ਲੰਬੀ ਪ੍ਰਕਿਰਿਆ ਦੌਰਾਨ ਇਹ ਕੀਟ, ਨਦੀਨ ਇਨ੍ਹਾਂ ਰਸਾਇਣਾਂ ਨੂੰ ਝੱਲਣ ਦੇ ਸਮਰੱਥ ਹੋ ਗਏ। ਜਿਵੇਂ ਕਿ ਡੀ.ਡੀ.ਟੀ. ਦੀ ਵਰਤੋਂ ਦਾ ਖ਼ਤਮ ਹੋਣਾ ਇਸੇ ਦੀ ਹੀ ਇੱਕ ਉਦਾਹਰਣ ਹੈ। ਪਰ ਨਾਲ਼ ਹੀ ਜੂਨ, 2013 ਦੀ ਇੱਕ ਰਿਪੋਰਟ ਇਹ ਗੱਲ ਸਪੱਸ਼ਟ ਕਰ ਦਿੰਦੀ ਹੈ ਕਿ ਜਿੱਥੇ ਸਰਕਾਰਾਂ ਇਹ ਦਾਅਵਾ ਕਰਦੀਆਂ ਹਨ ਕਿ, ਜੀ.ਐੱਮ.ਐੱਫ. ਦੀ ਵਰਤੋਂ ਨਾਲ਼ ਰਸਾਇਣਾਂ ਦੀ ਵਰਤੋਂ ਘਟ ਜਾਵੇਗੀ, ਇਹ ਰਿਪੋਰਟ ਇਸ ਦਾਅਵੇ ਨੂੰ ਗ਼ਲਤ ਸਿੱਧ ਕਰਦੀ ਹੈ। ਇਸ ਰਿਪੋਰਟ ਅਨੁਸਾਰ 1/3 ਹਿੱਸਾ (13 ਮੁੱਖ ਕੀਟ ਜਾਤੀਆਂ ਦਾ) ਜੀ.ਐੱਮ. ਕੌਰਨ ਅਤੇ ਜੀ.ਐੱਮ. ਕੌਟਨ ਦੀ ਕੀਟ-ਨਾਸ਼ਕ ਸਮਰੱਥਾ ਨੂੰ ਸਹਿਣ ਦੇ ਯੋਗ ਸਨ। ਇਸ ਦੇ ਨਾਲ਼ ਹੀ ਅਲੱਗ-ਅਲੱਗ ਤਰ੍ਹਾਂ ਦੇ ਨਦੀਨ ਤੇਜ਼ੀ ਨਾਲ਼ ਪੈਦਾ ਹੋ ਰਹੇ ਹਨ, ਜਿਸ ‘ਤੇ ਜੀ.ਐੱਮ.ਐੱਫ. ਦਾ ਕੋਈ ਅਸਰ ਨਹੀਂ ਹੋਇਆ।

ਐਗਰੀ ਬਾਇਓਟੈਕ ਇੰਡਸਟਰੀਜ਼ ਇਹ ਗੱਲ ਠੋਕ-ਵਜਾ ਕੇ ਕਹਿ ਰਹੀਆਂ ਹਨ ਕਿ ਜੀ.ਐੱਮ.ਐੱਫ. ਦੀ ਵਰਤੋਂ ਨਾਲ਼ ਰਸਾਇਣਾਂ ਦੀ ਵਰਤੋਂ ਘਟਦੀ ਹੈ, ਪਰ ਇਨ੍ਹਾਂ ਮੁਨਾਫੇਖ਼ੋਰ ਕੰਪਨੀਆਂ ਦਾ ਇਹ ਦਾਅਵਾ ਝੂਠਾ ਹੈ। ਹੁਣ ਤੱਕ ਇਨ੍ਹਾਂ ਰਸਾਇਣਾਂ ਦੀ ਵਰਤੋਂ ਘਟਣ ਦੀ ਬਜਾਏ ਚਾਰ ਸੌ ਚਾਰ ਮਿਲੀਅਨ ਪਾਊਂਡ ਵਧੀ ਹੈ ਅਤੇ ਇਸ ਨਾਲ਼ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਜੀ. ਐੱਮ. ਫ਼ਸਲਾਂ ਤੋਂ ਤਿਆਰ ਭੋਜਨ ਰਾਹੀਂ ਦੁੱਗਣਾ ਜ਼ਹਿਰ ਖਾਣੇ ਵਿੱਚ ਪਰੋਸਿਆ ਜਾਂਦਾ ਹੈ। ਇੱਕ ਜ਼ਹਿਰ ਜੋ ਫ਼ਸਲਾਂ ‘ਤੇ ਛਿੜਕਿਆ ਜਾਂਦਾ ਹੈ, ਦੂਜਾ ਇਨ੍ਹਾਂ ਜੀ.ਐੱਮ.ਐੱਫ. ਬੀਜਾਂ ਤੋਂ ਹੀ ਤਿਆਰ ਹੁੰਦਾ ਹੈ। ਜਰਨਲ ਆਫ਼ ਅਪਲਾਇਡ ਟੌਕਸੀਲੌਜੀ (2012) ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਕਿ, ਕੀਟ-ਨਾਸ਼ਕ ਬੀ. ਟੀ. ਟੌਕਸਿਨ (ਜੋ ਕਿ ਬੀ. ਟੀ. ਕੌਟਨ ਦੀ ਪੈਦਾਵਾਰ ਦੌਰਾਨ ਪੈਦਾ ਹੁੰਦਾ ਹੈ) ਮਨੁੱਖੀ ਸੈੱਲ ਕਿਰਿਆ ‘ਤੇ ਬੁਰਾ ਪ੍ਰਭਾਵ ਪਾ ਸਕਦਾ ਹੈ। 2012 ‘ਚ ਹੀ ਚੀਨ ਵਿੱਚ ਹੋਏ ਪ੍ਰਯੋਗ ਦੌਰਾਨ ਇਹ ਦੇਖਿਆ ਗਿਆ ਕਿ ਜੀ.ਐੱਮ. ਫ਼ਸਲ ਤੋਂ ਤਿਆਰ ਭੋਜਨ ਵਿੱਚ ਜੋ ਪ੍ਰੋਟੀਨ ਬਾਹਰੀ ਜੀਨ ਕਾਰਨ ਬਣਦੀ ਹੈ, ਭੋਜਨ ਪਚਾਉਣ ਦੀ ਪ੍ਰਕਿਰਿਆ ਦੌਰਾਨ ਟੁੱਟ ਨਹੀਂ ਪਾਉਂਦੀ ਅਤੇ ਇਸ ਕਾਰਨ ਮਨੁੱਖੀ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ। ਜੁਲਾਈ, 2011 ਨਿਊ ਯਾਰਕ ਟਾਈਮਜ਼ ਦੇ ਇੱਕ ਲੇਖ ਵਿੱਚ ਇਹੀ ਗੱਲ ਸਾਹਮਣੇ ਆਈ ਕਿ, ਜੀ.ਐੱਮ.ਐੱਫ. ਕੌਰਨ ਦੇ ਪਰਾਗ-ਕਣ ਦੇ ਕਾਰਨ ਮੋਨਾਰਚ ਬਟਰਫਲਾਈ ਕੈਟਰਪਿਲਰਸ (ਤਿੱਤਲੀ ਦੀ ਇੱਕ ਕਿਸਮ) ਦੀ ਜਿਉਂਦੇ ਰਹਿਣ ਦੀ ਦਰ ਵਿੱਚ ਕਮੀ ਆਈ। ਜਨਵਰੀ, 2014 ਵਿੱਚ ਯੂਨਾਇਟਡ ਸਟੇਟ ‘ਚ ਸ਼ਹਿਦ ਦੀਆਂ ਮੱਖੀਆਂ ਦੀ ਮੌਤ ਦਰ ਤੇਜ਼ੀ ਨਾਲ਼ ਵਧ ਗਈ। ਇਸ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ, ਜੀ. ਐੱਮ. ਐੱਫ਼. ਨੂੰ ਭੋਜਨ ਦੇ ਰੂਪ ਵਿੱਚ ਵਰਤਣ ਨਾਲ਼ ਬੁਰਾ ਪ੍ਰਭਾਵ ਪੈਂਦਾ ਹੈ।

2008 ਵਿੱਚ ਚੂਹਿਆਂ ‘ਤੇ ਇੱਕ ਪ੍ਰਯੋਗ ਕੀਤਾ ਗਿਆ (ਚੂਹੇ ਮਾਡਲ ਜੀਵ ਦੀ ਤਰ੍ਹਾਂ ਆਮ ਤੌਰ ‘ਤੇ ਪ੍ਰਯੋਗ ਲਈ ਵਰਤੇ ਜਾਂਦੇ ਹਨ, ਕਿਉਂਕਿ ਇਹ ਜੈਨੇਟਿਕ ਮੈਟਿਰੀਅਲ ਪੱਖੋਂ ਮਨੁੱਖੀ ਜੈਨੇਟਿਕ ਮੈਟਿਰੀਅਲ ਦੇ ਕਰੀਬ ਹੁੰਦੇ ਹਨ। ਕੋਈ ਵੀ ਐਂਟੀਬਾਇਓਟਿਕ ਜਾਂ ਵੈਕਸਿਨ ਦਾ ਪ੍ਰਯੋਗ ਪਹਿਲਾਂ ਚੁਹਿਆਂ ‘ਤੇ ਕੀਤਾ ਜਾਂਦਾ ਹੈ), ਇਸ ਪ੍ਰਯੋਗ ਵਿੱਚ ਦੋ ਚੂਹਿਆਂ ਓ ਅਤੇ ਅ ਨੂੰ ਅਲੱਗ-ਅਲੱਗ ਤਰ੍ਹਾਂ ਦਾ ਭੋਜਨ ਦਿੱਤਾ ਗਿਆ। ਓ ਚੂਹੇ ਨੂੰ ਜੀ.ਐੱਮ.ਕੌਰਨ ਅਤੇ ਅ ਚੂਹੇ ਨੂੰ ਆਮ ਕੌਰਨ ਭੌਜਨ ਦੇ ਰੂਪ ਵਜੋਂ ਦਿੱਤੀ ਗਈ ਸੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦੋਨਾਂ ਚੂਹਿਆਂ ਦੀ ਵਾਧਾ ਦਰ ਅਲੱਗ-ਅਲੱਗ ਸੀ। ਓ ਚੂਹੇ ਦੀ ਲੰਬਾਈ ਅਤੇ ਭਾਰ ਦੋਨੋਂ ਹੀ ਘੱਟ ਸਨ, ਜਦਕਿ ਅ ਚੂਹੇ ਦੀ ਲੰਬਾਈ ਅਤੇ ਭਾਰ ਮੁਕਾਬਲਤਨ ਵੱਧ ਸੀ ਅਤੇ ਕਈ ਹੋਰ ਤਰ੍ਹਾਂ ਦੇ ਪ੍ਰਭਾਵ ਦੇਖਣ ਨੂੰ ਮਿਲ਼ੇ ਜੋ ਇਹ ਸਿੱਧ ਕਰਦੇ ਹਨ ਕਿ ਜੇ ਇਹ ਜੀ.ਐੱਮ.ਐੱਫ. ਦੂਜੇ ਜੀਵਤ ਪ੍ਰਾਣੀਆਂ ਲਈ ਸੁੱਰਖਿਅਤ ਨਹੀ ਤਾਂ ਮੁਨੱਖਾਂ ਲਈ ਕਿਵੇਂ ਹੋ ਸਕਦੇ ਹਨ। ਇੱਥੇ ਇਹ ਗੱਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਕਿ ਜੀ.ਐੱਮ.ਐੱਫ. ਮਨੁੱਖੀ ਸਿਹਤ ਲਈ ਇੱਕ ਜ਼ਹਿਰ ਦਾ ਕੰਮ ਅਤੇ ਆਮ ਮਨੁੱਖ ਦੀ ਲੁੱਟ ਨੂੰ ਵਧਾਉਣ ਲਈ ਇੱਕ ਸਾਧਨ ਦੀ ਤਰ੍ਹਾਂ ਕੰਮ ਕਰਦੀ ਹੈ। ਜਿੱਥੇ ਵਿਗਿਆਨ ਨੂੰ ਸਮੁੱਚੀ ਮਨੁੱਖਤਾ ਲਈ ਸਮਰਪਿਤ ਹੋਣਾ ਚਾਹੀਦਾ ਹੈ, ਉੱਥੇ ਹੀ ਆਮ ਮਨੁੱਖਤਾ ਦੀ ਲੁੱਟ ਕਰਨ ਲਈ ਨਵੇਂ-ਨਵੇਂ ਸਾਧਨ ਤਿਆਰ ਕਰਕੇ ਦੇਣ ਦੀ ਇੱਕ ਪ੍ਰਯੋਗਸ਼ਾਲਾ ਬਣ ਕੇ ਰਹਿ ਗਿਆ ਹੈ। ਅੱਜ ਵਿਗਿਆਨ ਇੰਨੀ ਤਰੱਕੀ ਕਰਨ ਦੇ ਬਾਵਜੂਦ, ਆਮ ਲੋਕਾਂ ਦੇ ਨੇੜੇ-ਤੇੜੇ ਨਾ ਹੋ ਕੇ ਕੁੱਝ ਧਨਾਢ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੋ ਕੇ ਰਹਿ ਗਿਆ ਹੈ। ਅੱਜ ਜ਼ਰੂਰਤ ਹੈ ਵਿਗਿਆਨ ਨੂੰ ਆਮ ਲੋਕਾਂ ਤੱਕ ਲੈ ਕੇ ਜਾਇਆ ਜਾਵੇ ਅਤੇ ਵਿਗਿਆਨ ਦੇ ਅਸਲ ਮਕਸਦ ਨੂੰ ਪੂਰਾ ਕੀਤਾ ਜਾਵੇ, ਜੋ ਕਿ ਲੋਕਾਂ ਦੀ ਜ਼ਿੰਦਗੀ ਸੁਖੇਰੀ ਅਤੇ ਬਿਹਤਰ ਬਣਾਉਣਾ, ਨਾ ਕਿ ਮੁਨਾਫ਼ੇ ਲਈ ਇੱਕ ਸਾਧਨ ਦੀ ਤਰ੍ਹਾਂ ਵਰਤੋਂ ਕਰਨਾ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements