ਗੈਸ ਚੈਂਬਰਾਂ ‘ਚੋਂ ਫਰਾਰੀ – ਕਲੀਰ ਡੀ. ਹੇਡਰਾਰੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

13 ਜੁਲਾਈ 1944 ਦਾ ਦਿਨ ਬਹੁਤ ਗਰਮ ਸੀ। ਗੱਡੀ ਇੱਕ ਉਜਾੜ ਥਾਂ ਪਹੁੰਚ ਕੇ ਰੁਕ ਗਈ ਤੇ ਰਾਜਸੀ ਕੈਦੀਆਂ ਦੀ ਇੱਕ ਟੋਲੀ ਲੜਖੜਾਉਂਦੀ ਹੋਈ ਗੱਡੀ ‘ਚੋਂ ਉੱਤਰਨ ਲੱਗੀ। ਉਸਦੇ ਸਾਹਮਣੇ ਇੱਕ ਜਗਮਗਾਉਂਦਾ ਹੋਇਆ ਫਾਟਕ ਸੀ, ਜਿਸ ਉੱਤੇ ਇਹ ਵਾਕ ਚਮਕਦੇ ਹੋਏ ਅੱਖਰਾਂ ਵਿੱਚ ਲਿਖੇ ਹੋਏ ਸਨ- ”ਹਿੰਮਤ ਅਜ਼ਾਦੀ ਦਿਵਾਉਂਦੀ ਹੈ।” ਇਸ ਫਾਟਕ ਦੇ ਅੰਦਰ ਇੱਕ ਵਿਸ਼ਾਲ ਕੈਂਪ ਸੀ, ਜਿਸ ਵਿੱਚ ਹਜ਼ਾਰਾਂ ਕੁਆਟਰਾਂ ਉੱਤੇ ਅਧਾਰਤ ਕਈ ਹਾਤੇ ਬਣੇ ਹੋਏ ਸਨ। ਉਹਨਾਂ ਵਿੱਚ ਹਰ ਵੇਲ਼ੇ ਬਿਜਲੀ ਦੌੜਦੀ ਰਹਿੰਦੀ ਸੀ।

ਹਰ ਪਲ ਸਰਚਲਾਈਟ ਦਾ ਲਾਵਾ ਫੁੱਟਦਾ ਸੀ। ਚਾਰੇ ਪਾਸੇ ਮਸ਼ੀਨਗੰਨਾਂ ਨਾਲ਼ ਲੈਸ ਫੌਜੀ ਤਾਇਨਾਤ ਸਨ ਤੇ ਉਹਨਾਂ ਤੋਂ ਬਿਨਾਂ ਸੁੰਘਣ ਵਾਲ਼ੇ ਕੁੱਤੇ ਵੀ ਚੌਂਕੀਦਾਰੀ ਕਰ ਰਹੇ ਸਨ। ਇੱਥੋਂ ਅਜ਼ਾਦੀ ਹਾਸਲ ਕਰਨ ਦਾ ਮੌਤ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ। ਕਿਉਂਕਿ ਇਹ ”ਆਸ਼ਵਿਜ” ਸੀ- ਨਾਜ਼ੀਆਂ ਦਾ ਪੋਲੈਂਡ ਵਿੱਚ ਜਾਣਿਆ ਪਛਾਣਿਆ ਤਸੀਹਾ ਕੈਂਪ ਤੇ ਅਸੀਂ- ਅਸੀਂ ਕੈਦੀਆਂ ਦੀ ਨਵੀਂ ਖੇਪ ਸਾਂ।

ਹਿਟਲਰ ਦੀ ਐੱਸ. ਐੱਸ ਦੀ ਫੌਜ ਦੀ ਇੱਕ ਪਲਟੂਨ ਸਾਨੂੰ ਮਾਰਚ ਕਰਵਾਉਂਦੀ ਹੋਈ ਫਾਟਕ ਦੇ ਅੰਦਰ ਲੈ ਗਈ। ਅੰਦਰ ਪਹੁੰਚਣ ‘ਤੇ ਸਾਨੂੰ ਹੁਕਮ ਮਿਲ਼ਿਆ ਕਿ ਅਸੀਂ ਅਪਣੇ ਸਾਰੇ ਕੱਪੜੇ ਲਾਹ ਦੇਈਏ ਤੇ ਉਹਨਾਂ ਨੂੰ ਵੱਡੇ-ਵੱਡੇ ਡਰੰਮਾਂ ਵਿੱਚ ਸੁੱਟ ਦੇਈਏ।

ਕੱਪੜੇ ਲਾਹ ਕੇ ਅਸੀਂ ਇੱਕ ਦੇ ਪਿੱਛੇ ਦੂਜਾ ਕਤਾਰ ਬਣਾ ਕੇ ਉਸ ਆਦਮੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਜਿਹੜਾ ਅਪਣੇ ਸਟਾਫ ਤੋਂ ਥੋੜੀ ਦੂਰੀ ਉੱਤੇ ਫੌਜੀ ਡਾਕਟਰ ਅਫਸਰ ਦੀ ਨਿਰਦੋਸ਼ ਵਰਦੀ ਪਾਈ ਖੜ੍ਹਾ ਸੀ। ਇਸ ਕੈਂਪ ਦਾ ਮੁੱਖ ਡਾਕਟਰ ਜੋਜਫ਼ ਮੰਜਲੀ ਸੀ। ਜਿਵੇਂ ਹੀ ਹਰ ਆਦਮੀ, ਔਰਤ ਬੱਚਾ ਉਸਦੇ ਸਾਹਮਣੇ ਪਹੁੰਚਦਾ, ਉਹ ਉਸਦੇ ਨੰਗੇ ਸਰੀਰ ਦੀ ਗੌਰ ਨਾਲ਼ ਜਾਂਚ ਕਰਦਾ, ਫਿਰ ਅਪਣੇ ਅੰਗੂਠੇ ਨੂੰ ਸੱਜੇ ਜਾਂ ਖੱਬੇ ਹਿਲਾਉਂਦਾ।

ਉਹ ਕੈਦੀ, ਜਿਹਨਾਂ ਨੂੰ ਬੇਰਹਿਮੀ ਨਾਲ਼ ਧੱਕ ਕੇ ਖੱਬੇ ਪਾਸੇ ਇਕੱਠੇ ਕੀਤਾ ਜਾ ਰਿਹਾ ਸੀ, ਬੁੱਢੇ ਕਮਜ਼ੋਰ, ਬਿਮਾਰ ਤੇ ਬਹੁਤ ਹੀ ਛੋਟੀ ਉਮਰ ਦੇ ਬੱਚੇ ਸਨ। ਉਹਨਾਂ ਨੂੰ ਤੇ ਉਹਨਾਂ ਲੋਕਾਂ ਨੂੰ ਜੋ ਕਿਸੇ ਵੀ ਕੰਮ ਦੇ, ਤੰਦਰੁਸਤ ਨਜ਼ਰ ਨਹੀਂ ਆਉਂੰਦੇ ਸਨ, ਉਸ ਇਮਾਰਤ ਵਿੱਚ ਭੇਜ ਦਿੱਤਾ ਜਾਂਦਾ ਸੀ, ਜਿਸਨੂੰ ”ਗੈਸ ਚੈਂਬਰ” ਕਿਹਾ ਜਾਂਦਾ ਸੀ ਜਿੱਥੇ ਉਹਨਾਂ ਦਾ ”ਬੇਕਾਰ ਵਜੂਦ” ਗੈਸ ਰਾਹੀਂ ਕੱਖਾਂ ਵਾਂਗ ਫੂਕ ਕਰ ਦਿੱਤੇ ਜਾਂਦੇ ਸਨ।

ਜਦੋਂ ਮੇਰੀ ਵਾਰੀ ਆਈ ਤਾਂ ਡਾਕਟਰ ਨੇ ਬੜੇ ਧਿਆਨ ਨਾਲ਼ ਮੇਰੇ ਨੰਗੇ ਸਰੀਰ ਦੀ ਜਾਂਚ ਕੀਤੀ ਅਤੇ ਅੰਗੂਠੇ ਨਾਲ਼ ਸੱਜੇ ਪਾਸੇ ਇਸ਼ਾਰਾ ਕਰ ਦਿੱਤਾ। ਮੇਰੀ ਉਮਰ ਚਾਲ੍ਹੀ ਵਰਿਆ ਦੀ ਸੀ : ਪਰ ਉਮਰ ਦੇ ਹਿਸਾਬ ਨਾਲ਼ ਮੈਂ ਵੱਧ ਤੰਦਰੁਸਤ ਸੀ। ਇਸ ਲਈ ਮੈਨੂੰ ਜਿੰਦਾ ਰੱਖਣ ਦਾ ਫੈਸਲਾ ਕੀਤਾ ਗਿਆ। ਘੱਟੋ ਘੱਟ ਉਸ ਸਮੇਂ ਤੱਕ ਜਿੰਦਾ ਰੱਖਣ ਦੀ ਆਗਿਆ ਮਿਲ਼ ਗਈ, ਜਦੋਂ ਤੱਕ ਮੇਰੇ ਹੱਥਾਂ ਪੈਰ੍ਹਾਂ ਵਿੱਚ ਮਿਹਨਤ ਕਰਨ ਦੀ ਤਾਕਤ ਬਾਕੀ ਸੀ। ਸਾਡੀ ਟੋਲੀ ਵਿੱਚ ਜਿੰਨ੍ਹਾਂ ਨੂੰ ਜਿੰਦਾ ਰੱਖਣ ਲਈ ਚੁਣਿਆ ਗਿਆ ਉਹਨਾਂ ਨੂੰ ਇੱਕ ਮੇਜ਼ ਵੱਲ ਧੱਕ ਦਿੱਤਾ ਗਿਆ, ਜਿੱਥੇ ਸਰੀਰ ‘ਤੇ ਉਕਰਨ ਵਾਲ਼ੀਆਂ ਸੂਈਆਂ ਰੱਖੀਆਂ ਗਈਆਂ ਸਨ। ਮੈਂ ਕਿਸੇ ਗਹਿਰੇ ਖਿਆਲ ਵਿੱਚ ਗੁੰਮ ਹੋਈ ਅਵਚੇਤਨ ਰੂਪ ਵਿੱਚ ਧਿਆਨ ਨਾਲ਼ ਦੇਖਦੀ ਰਹੀਂ ਕਿ ਮੇਰੀ ਸੱਜੀ ਬਾਹ ਉੱਤੇ ਇੱਕ ਨੰਬਰ 82585 ਉੱਕਰ ਦਿੱਤਾ ਗਿਆ। ਜਦੋਂ ਕਿ ਇਸ ਕਿਰਿਆ ਨਾਲ਼ ਪੀੜ ਬਹੁਤੀ ਨਹੀਂ ਹੋਈ। ਪਰ ਡਰ ਦੀ ਇੱਕ ਤਿੱਖੀ ਜਿਹੀ ਲਹਿਰ ਮੈਂ ਅਪਣੇ ਸਰੀਰ ਵਿੱਚ ਦੌੜਦੀ ਮਹਿਸੂਸ ਕੀਤੀ। ਮੈਂ ਅੱਖਾਂ ਬੰਦ ਕਰ ਲਈਆਂ.  . . .ਅਤੇ ਪੂਰੀ ਦ੍ਰਿੜਤਾ ਨਾਲ਼ ਮਨ ਹੀ ਮਨ ਵਿੱਚ ਕਿਹਾ ‘ਨਹੀਂ ਮੈਂ ਇੱਕ ਨੰਬਰ ਹਰਗਿਜ਼ ਨਹੀਂ ਹਾਂ। ਇੱਕ ਪ੍ਰਾਣੀ ਹਾਂ। ਮੇਰਾ ਨਾਅ ਹਮੇਸ਼ਾ ਰਹੇਗਾ। ਮੈਂ ਗੁਪਤ ਨਾਜ਼ੀ ਵਿਰੋਧੀ ਲਹਿਰ ਦੀ ਮੈਂਬਰ ਦੇ ਰੂਪ ਵੇੱਚ ਯਾਦ ਰੱਖੀ ਜਾਵਾਂਗੀ। ਮੈਂ ਤੁਹਾਡੇ ਇਸ ਬੇਰਹਿਮ ਪ੍ਰਬੰਧ ਨੂੰ ਇਸ ਤੋਂ ਵੀ ਵੱਧ ਨਕਸਾਨ ਪਹੁੰਚਾਵਾਗੀ ਜਿੰਨਾ ਤੁਸੀਂ ਮੈਨੂੰ ਲਹਿਰ ਪਹੁੰਚਾ ਸਕਦੇ ਹੋ। ਮੈਂ ਸਿਰਫ ਇੱਕ ਨੰਬਰ ਨਹੀਂ ਹਾਂ।’

ਹੁਣ ਸਾਡੀ ਰੋਜ਼ਮਰਾ ਦੀ ਜ਼ਿੰੰਦਗੀ ਸ਼ੁਰੂ ਹੋ ਗਈ। ਦਿਨ ਵੇਲ਼ੇ ਅਸੀਂ ਧੁੱਪ ਵਿੱਚ ਵੱਡੀਆਂ-ਵੱਡੀਅਾਂ ਇਮਾਰਤਾਂ ਦੀ ਉਸਾਰੀ ਵਿੱਚ ਲੱਗੇ ਰਹਿੰਦੇ। ਮੈਂ ਜਾਨਵਰਾਂ ਵਾਂਗ ਇੱਕ ਖਰਾਦ ਅੱਗੇ ਜੁੜੀ ਹੋਈ ਪੱਥਰ ਪੀਹ ਕੇ ਚੂਨਾ ਬਣਾਉਂਦੀ।

ਰਾਤ ਠੰਡੀਆਂ ਬੈਰਕਾਂ ‘ਚ ਲੱਗੇ ਲੰਮੇ ਚੌੜੇ ਨੰਗੇ ਤਖਤਪੋਸ਼ਾਂ ‘ਤੇ ਪੈ ਕੇ ਕੱਟਣੀ ਪੈਂਦੀ ਸੀ। ਸਾਡਾ ਖਾਣ-ਪੀਣ ਪਾਣੀ ਵਰਗੀ ਪਤਲੀ ਤਰੀ ਵਾਂਗ ਹੁੰਦਾ ਸੀ। ਕਦੇ-ਕਦਾਈ ਸੁੱਕੀ ਰੋਟੀ ਦਾ ਟੁੱਕੜਾ ਵੀ ਮਿਲ਼ ਜਾਂਦਾ ਸੀ। ਅਜਿਹੀ ਮਾੜੀ ਹਾਲਤ ਵਿੱਚ ਸਾਰਿਆਂ ਦਾ ਵਜਨ ਘਟਣਾ ਤੇ ਸਿਹਤ ਬਦਤਰ ਤੋਂ ਬਦਤਰ ਹੋਣੀ ਸ਼ੁਰੂ ਹੋ ਗਈ ਸੀ ਤੇ ਨਾਲ਼ ਹੀ ਨਾਲ਼ ਸਾਰੇ ਕੈਦੀਆਂ ਦੀ ਗਿਣਤੀ ਵੀ ਘਟਣੀ ਸ਼ੁਰੂ ਹੋ ਗਈ ਸੀ। ਹਰ ਰਾਤ ਉੱਥੋਂ ਦੀਆਂ ਚਿਮਨੀਆਂ ਦੀ ਸੁਰਖੀ ਝਲਕਣ ਲੱਗਦੀ। ਜਿਸਨੂੰ ਦੇਖਦਿਆਂ ਹੀ ਠੰਡ ਦੇ ਬਾਵਜੂਦ ਬਚਿਆ-ਖੁਚਿਆ ਖੂਨ, ਪਸੀਨਾ ਬਣਕੇ ਨਿੱਕਲਣ ਲੱਗਦਾ। ਕਿਉਂਕਿ ਇਹ ਸੁਰਖ ਲਾਟ ਉਹਨਾਂ ਮਾੜੀ ਕਿਸਮਤ ਵਾਲ਼ਿਆਂ ਦੀ ਹੁੰਦੀ, ਜਿੰਨ੍ਹਾਂ ਦੀ ਸਰੀਰਕ ਕਮਜ਼ੋਰੀ ਨੇ ਉਹਨਾਂ ਨੂੰ ਮਿਹਨਤ ਦੇ ਅਯੋਗ ਬਣਾ ਦਿੱਤਾ ਹੁੰਦਾ ਸੀ ਤੇ ਜਿੰਨ੍ਹਾਂ ਨੂੰ ਗੈਸ ਚੈਂਬਰ ਵਿੱਚ ਸਾੜਿਆ ਜਾ ਰਿਹਾ ਹੁੰਦਾ ਸੀ।

ਅਪਣੀ ਕੈਦ ਦੇ ਦੂਜੇ ਮਹੀਨੇ ਜਦੋਂ ਅਸੀਂ ਪੂਰੇ ਦਿਨ ਦੀ ਮਿਹਨਤ ਕਰਨ ਪਿੱਛੋ ਅਪਣੀਆਂ ਬੈਰਕਾਂ ਵਿੱਚ ਮੁੜ ਰਹੇ ਸਾ, ਕੈਦੀ ਔਰਤਾਂ ਵਿੱਚੋਂ ਇੱਕ ਨੇ ਸਹਿਜੇ ਜਿਹੇ ਮੈਨੂੰ ਕਿਹਾ, ”ਡਾਕਟਰ ਵੰਕਲਰ ਤਹਾਨੂੰ ਮਿਲਣਾ ਚਾਹੁੰਦਾ ਹੈ।” ਕੁੱਝ ਹੋਰ ਹਫਤਿਆਂ ਮਗਰੋਂ ਮੈਂ ਇੱਕ ਹੋਰ ਕੈਦੀ ਦੇ ਮੂੰਹੋ ਇਹੋ ਨਾਂ ਤੇ ਇਹੋ ਸੁਨੇਹਾ ਫਿਰ ਸੁਣਿਆ। ਇਸ ਵਾਰ ਘੁਸਰ ਮੁਸਰ ਕਰਨ ਵਾਲ਼ੇ ਨੇ ਮੈਨੂੰ ਇੱਕ ਗੱਲ ਵਧਾ ਦਿੱਤੀ, “ਉਹ ਤਹਾਨੂੰ ਇੱਕ ਜਰੂਰੀ ਸੁਨੇਹਾ ਦੇਣਾ ਚਾਹੁੰਦਾ ਹੈ।”

ਬੇਹੱਦ ਸਰੀਰਕ ਮਿਹਨਤ ਦਾ ਕੰਮ ਜਿਹੜਾ ਮੈਂ ਕਰ ਰਹੀ ਸੀ ਉਸਨੇ ਛੇਤੀ ਹੀ ਮੇਰੀ ਸਿਹਤ ਨੂੰ ਤਬਾਹ ਕਰ ਦਿੱਤਾ। ਗੁਪਤ ਹੁਕਮਾਂ ਦੇ ਮੁਤਾਬਕ ਆਖਰ ਮੈਨੂੰ ਸਿਲਾਈ ਦੇ ਕੰਮ ‘ਤੇ ਲਾ ਦਿੱਤਾ ਗਿਆ। ਸਿਲਾਈ ਵਾਲ਼ੀ ਇਮਾਰਤ ਦੇ ਨੇੜੇ ਗੈਸ ਚੈਂਬਰ ਦੀਆਂ ਉੱਚੀਆਂ-ਉੱਚੀਆਂ ਚਿਮਨੀਆਂ ਸਾਫ ਦਿਖਾਈ ਦਿੰਦੀਆਂ ਸਨ। ਜਦੋਂ ਉਸ ਵਿੱਚੋਂ ਲਾਲ ਸ਼ੋਅਲੇ (ਚਿੰਗਾੜੀਆਂ)  ਨਿੱਕਲਣ ਲੱਗਦੇ ਤਾਂ ਮੇਰਾ ਰੋਮ-ਰੋਮ ਕੰਬ ਉੱਠਦਾ। ਮੇਰੇ ਹੱਥਾਂ ਵਿੱਚ ਉਹਨਾਂ ਸੜਨ ਵਾਲ਼ੇ ਇਨਸਾਨਾਂ ਦੇ ਖੂਨ ਭਰੇ ਚੀਥੜੇ ਹੁੰਦੇ, ਜਿਨ੍ਹਾਂ ਨੂੰ ਮੈਂ ਠੀਕ ਕਰਦੀ ਤੇ ਉਹ ਭਵਿੱਖ ਵਿੱਚ ਉਸ ਨਰਕ ਵਿੱਚ ਬਲਣ ਵਾਲ਼ਿਆਂ ਦਾ ਮੁਕੱਦਰ ਬਣਦੇ।

ਸਿਲਾਈ ਦਾ ਕਮਰਾ ਇੱਕ ਦੈਂਤ ਰੂਪ ਔਰਤ ਅਫਸਰ ਦੇ ਅਧੀਨ ਸੀ। ਜਿਹੜੀ ਮਸ਼ੀਨਾਂ ਉੱਤੇ ਝੁਕੀਆਂ ਕਮਜ਼ੋਰ ਔਰਤਾਂ ‘ਤੇ ਹੰਟਰ ਵਰ੍ਹਾ-ਵਰ੍ਹਾ ਕੇ ਹੱਸਦੀ ਰਹਿੰਦੀ ਸੀ। ਉਸ ਨਾਜ਼ੀ ਔਰਤ ਨੇ ਪਹਿਲੀ ਹੀ ਨਜ਼ਰੇ ਮੈਨੂੰ ਘਿਰਣਾ ਤੇ ਨਫਰਤ ਨਾਲ਼ ਦੇਖਿਆ। ਇੱਕ ਦੁਪਿਹਰ ਜਦੋਂ ਮੈਂ ਕੱਪੜਿਆਂ ਨੂੰ ਤੋਪੇ ਲਾ ਰਹੀ ਸੀ, ਉਸਨੇ ਹੰਟਰ ਮਾਰਕੇ ਮੈਥੋ ਕੱਪੜਾ ਖੋਹਲਿਆ ਤੇ ਡਰਾਉਣੇ ਅੰਦਾਜ ਵਿੱਚ ਗਰਜੀ, ”ਕੰਮ ਕਰ ਰਹੀਂ ਏਂ ਜਾਂ ਮੱਖਿਆਂ ਮਾਰ ਰਹੀਂ ਏਂ, ਕਮੀਨੀ ਕਿਸੇ ਥਾਂ ਦੀ!” ਮੈਂ ਹਿੰਮਤ ਕਰਕੇ ਦੱਸਣਾ ਚਾਹਿਆ ਕੇ ਮੇਰੀ ਐਨਕ ਮੈਥੋਂ ਖੋਹ ਲਈ ਗਈ ਸੀ। ਇਸ ਲਈ ਨਜ਼ਰ ਦਾ ਕੰਮ ਕਰਨ ਵਿੱਚ ਮੁਸ਼ਕਲ ਆ ਰਹੀਂ ਹੈ। ਪਰ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਝਿੜਕ ਦਿੱਤਾ ਗਿਆ, ”ਭੌਂਕ ਨਾ, ਇੱਕ ਜਰਮਨ ਅਫਸਰ ਦੇ ਸਾਹਮਣੇ ਜੁਬਾਨ ਖੋਲਣ ਦੀ ਹਿੰਮਤ ਕਰਦੀ ਏਂ।” ਤੇ ਇੱਕ ਜ਼ੋਰਦਾਰ ਚਪੇੜ ਮੇਰੀ ਗੱਲ੍ਹ ਉੱਤੇ ਜੜ ਦਿੰਦੀ ਹੈ। ਸੁਭਾਵਿਕ ਹਾਲਤ ਵਿੱਚ ਮੈਂ ਅਪਣੀ ਰਾਖੀ ਲਈ ਅਪਣਾ ਚਿਹਰਾ ਦੋਹਾਂ ਹੱਥਾਂ ਨਾਲ਼ ਲੁਕੋ ਲਿਆ। ਪਰ ਉਸਦੀਆਂ ਦੋ ਰੱਖਿਅਕ ਔਰਤਾਂ ਨੇ ਮੇਰੇ ਹੱਥ ਮਜ਼ਬੂਤੀ ਨਾਲ਼ ਫੜ੍ਹ ਲਏ ਤੇ ਰੌਲ਼ਾ ਪਾ ਦਿੱਤਾ, ”ਇਸ ਨੇ ਜਰਮਨ ਅਫਸਰ ਉੱਤੇ ਹੱਥ ਚੁਕਿਆ ਹੈ।” ਉਹ ਜਰਮਨ ਔਰਤ ਕੁੱਤੇ ਵਾਂਗ ਭੌਕੀ, ”ਇਹਨੂੰ ਲੈ ਜਾਓ ਤੇ ਇਸਨੂੰ ਹੁਣੇ ਖਤਮ ਕਰ ਦਿਓ।” ਉਹ ਸਿਪਾਹੀ ਔਰਤਾਂ ਮੈਨੂੰ ਧੂੰਹਦੀਆਂ ਹੋਈਆਂ ਲੈ ਗਈਆਂ ਅਤੇ ਮੇਰੀ ਬੈਰਕ ਵਿੱਚ ਲਿਆ ਕੇ ਲੱਕੜ ਦੇ ਤਖ਼ਤਪੋਸ਼ਾਂ ਉੱਤੇ ਸੁੱਟ ਦਿੱਤਾ।

ਕਿੰਨੇ ਘੰਟੇ ਤੇ ਘੜੀਆਂ ਲੰਘ ਗਏ ਮੈਨੂੰ ਕੁਝ ਪਤਾ ਨਾ ਲੱਗਾ। ਪਰ ਜਦੋਂ ਹਨੇਰਾ ਪਸਰ ਗਿਆ ਸੀ ਤਾਂ ਇੱਕ ਫੌਜੀ ਆਇਆ ਤੇ ਕਹਿਣ ਲੱਗਿਆ, ”ਤੈਨੂੰ ਦੁਬਾਰਾ ਸੀਣ ਦੇ ਕੰਮ ਉੱਤੇ ਲਾ ਦਿੱਤਾ ਗਿਆ ਹੈ ; ਚੱਲ ਉੱਠ।” ਦਿਲ ਨੇ ਕਿਹਾ, ”ਨਕਰਮੀਏਂ ਤੇਰੀ ਮੌਤ ਹਾਲੇ ਨਹੀਂ ਆਈ। ਸ਼ਾਇਦ ਤੈਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਹੈ।” ਉਹ ਮੈਨੂੰ ਨਾਲ਼ ਲੈ ਕੇ ਸਿਲਾਈ ਵਾਲ਼ੇ ਕਮਰੇ ਵਿੱਚ ਪਹੁੰਚ ਗਿਆ ਤੇ ਅੰਦਰ ਧੱਕ ਕੇ ਬਾਹਰੋਂ ਜਿੰਦਾ ਲਾ ਦਿੱਤਾ ਗਿਆ। ਉੱਥੇ ਪੰਜਾਹ ਔਰਤਾਂ ਹੋਰ ਸਨ। ਪਤਾ ਲੱਗਿਆ ਕੇ ਸਾਨੂੰ ਸਾਰਿਆ ਨੂੰ ਗੈਸ ਚੈਂਬਰ ਵਿੱਚ ਲਿਜਾਣ ਲਈ ਇਕੱਠਾ ਕੀਤਾ ਗਿਆ ਹੈ। ਛੇਤੀ ਹੀ ਐੱਸ. ਐੱਸ. ਫੌਜੀ ਆ ਗਏ ਤੇ ਸਾਨੂੰ ਕਸਾਈਘਰ ਵੱਲ ਲੈ ਕੇ ਤੁਰ ਪਏ।

ਉਥੇ ਤਾਇਨਾਤ ਸਾਰੇ ਸੁਰੱਖਿਅਕ ਸਿਪਾਹੀ ਕੁੱਝ ਘਾਬਰੇ ਹੋਏ ਤੇ ਪ੍ਰੇਸ਼ਾਨ ਨਜ਼ਰ ਆ ਰਹੇ ਸਨ। ਉਹਨਾਂ ਦੀ ਘਬਰਾਹਟ ਦਾ ਕਾਰਨ ਛੇਤੀ ਹੀ ਬੁੱਝ ਲਿਆ ਗਿਆ, ਹਕੀਕਤ ਇਹ ਸੀ ਕਿ ਰੂਸੀ ਫੌਜਾਂ ਪੂਰਬ ਵੱਲੋਂ ਵਧਦੀਆਂ ਹੋਈਆਂ ਜਿੱਧਰ ਆ ਰਹੀਆਂ ਸਨ ਇਹ ਕੈਂਪ ਉਹਨਾਂ ਦੇ ਰਾਹ ਵਿੱਚ ਪੈਂਦਾ ਸੀ।

ਮੈਂ ਵੇਖਿਆ, ਸਾਹਮਣੇ ਵਾਲ਼ਾ ਸੁਰੱਖਿਅਕ ਤਾਜ਼ਾ ਖ਼ਬਰਾਂ ‘ਤੇ ਗੱਲਬਾਤ ਕਰਨ ਲਈ ਹੋਰ ਸਿਪਾਹੀਆਂ ਵਿੱਚ ਜਾ ਖਲੋਤਾ ਸੀ। ਉਸੇ ਸਮੇਂ ਬਿਜਲੀ ਦੇ ਝਟਕੇ ਵਾਂਗ ਖਿਆਲ ਆਇਆ ਤੇ ਮੈਂ ਕਤਾਰ ‘ਚੋਂ ਪਿਛਾਂਹ ਖਿਸਕ ਗਈ ਤੇ ਫਿਰ ਜਿਉਂ ਹੀ ਸਾਡੀ ਕਤਾਰ ਇੱਕ ਇਮਾਰਤ ਦੀ ਨੁੱਕਰ ਤੋਂ ਮੁੜਨ ਲੱਗੀ ਮੈਂ ਲੁਕ ਕੇ ਕੰਧ ਨਾਲ਼ ਲੱਗ ਗਈ। ਇੱਕ ਪਲ ਸਾਹ ਰੋਕ ਕੇ ਕਿਸੇ ਰੌਲ਼ੇ ਜਾਂ ਹੰਗਾਮੇ ਦਾ ਇੰਤਜ਼ਾਰ ਕਰਦੀ ਰਹੀ। ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਸੀ, ਭਾਵੇਂ ਜਾਨ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਫਿਰ ਵੀ ਮੈਂ ਭੱਜ ਤੁਰੀ।

ਅਚਾਨਕ ਮੈਨੂੰ ਇੱਕ ਛੋਟਾ ਜਿਹਾ ਛੱਪਰ ਦਿਖਾਈ ਦਿੱਤਾ ਜਿਹਦੇ ਦਰਵਾਜੇ ‘ਤੇ ਖਤਰੇ ਦਾ ਚਿੰਨ ਬਣਿਆ ਹੋਇਆ ਸੀ। ਮੈਂ ਸੋਚਿਆ ਕੇ ਕੋਈ ਪਰਵਾਹ ਨਹੀਂ, ਮੈਂ ਜਿੱਥੋਂ ਆਈ ਹਾਂ ਉਸ ਤੋਂ ਵੱਧ ਖਤਰਨਾਰ ਥਾਂ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੋ ਸਕਦੀ। ਮੈਂ ਬੇਵਸੀ ਨਾਲ਼ ਦਰਵਾਜਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਅਪਣੇ ਤਾਕਤ ਵਿਹੂਣੇ ਸਰੀਰ ਤੇ ਕਮਜ਼ੋਰੀ ਕਾਰਨ ਹਿਲਾ ਵੀ ਨਾ ਸਕੀ ਫਿਰ ਅਚਾਨਕ ਖੁਦ ਹੀ ਦਰਵਾਜਾ ਪੂਰਾ ਖੁੱਲ ਗਿਆ ਤੇ ਮੈਨੂੰ ਇੱਕ ਅਕਾਰ ਜਿਹਾ ਦਿਖਾਈ ਦਿੱਤਾ, ਜਿਹਨੇ ਸਫੈਦ ਡਾਕਟਰੀ ਗਾਊਨ ਪਾਇਆ ਹੋਇਆ ਸੀ। ਇੱਕ ਕੋਮਲ ਸੁਰ ਮੇਰੇ ਕੰਨਾਂ ਨਾਲ਼ ਟਕਰਾਇਆ ” ਰੱਬ ਦਾ ਸ਼ੁਕਰ ਹੈ ਤੂੰ ਆ ਗਈ ਹੈ!”

ਹੁਣ  ਮੈਨੂੰ ਇੱਕ ਸੋਹਣੀ ਔਰਤ ਖਲੋਤੀ ਦਿਖਾਈ ਦਿੱਤੀ। ਮੈਂ ਤੁਰੰਤ ਹੀ ਅੰਦਾਜਾ ਲਾਈਆ ਕਿ ਇਹ ਡਾਕਟਰ ਵੰਕਲਰ ਹੈ। ਉਹ ਕਹਿਣ ਲੱਗਾ, ”ਮੇਰੇ ਸੁਨੇਹੇ ਲਾਜ਼ਮੀ ਹੀ ਤੇਰੇ ਤੱਕ ਪਹੁੰਚਦੇ ਰਹੇ ਹੋਣਗੇ। ਮੈਂ ਤੇਰੀ ਮਦਦ ਕਰਨਾ ਚਾਹੁੰਦੀ ਸੀ, ਪਰ ਤੇਰੇ ਤੱਕ ਪਹੁੰਚ ਕਰਨਾ ਸੰਭਵ ਨਹੀਂ ਸੀ, ਮੈਂ ਵੀ ਆਖਰ ਇੱਕ ਕੈਦੀ ਹਾਂ. . . ।”

ਸਹਿਮੀ ਉਹ ਚੁੱਪ ਹੋ ਗਈ ਤੇ ਬੁੱਲ੍ਹਾਂ ‘ਤੇ ਉਂਗਲੀ ਰੱਖ ਕੇ ਮੈਨੂੰ ਵੀ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਕਿਸੇ ਦੇ ਬੂਟਾਂ ਦੀ ਖੜਾਕ ਉਧਰ ਆਉਂਦੀ ਸੁਣਾਈ ਦਿੱਤੀ। ਮੇਰੇ ਦਿਲ ਦੀਆਂ ਧੜਕਣਾਂ ਭਿਆਨਕ ਹੱਦ ਤੱਕ ਵੱਧ ਗਈਆਂ। ਕੋਈ ਫੌਜੀ ਮੇਰੀ ਭਾਲ਼ ਵਿੱਚ ਆ ਰਿਹਾ ਸੀ। ਮੈਨੂੰ ਬੁਹੇ ਦੇ ਪਿੱਛੇ ਲੁਕੋ ਕੇ ਉਹ ਅੱਗੇ ਵਧੀ। ਮੈਨੂੰ ਅਵਾਜ਼ ਸੁਣਾਈ ਦਿੱਤੀ, ”ਤੁਸੀਂ ਸਾਇਦ ਕਿਸੇ ਦੀ ਭਾਲ਼ ਵਿੱਚ ਹੋ?”

”ਜੀ ਹਾਂ, ਨੰਬਰ 82585 ਨੂੰ ਗੈਸ ਚੈਂਬਰਾਂ ਵੱਲ ਲਿਜਾਇਆ ਜਾ ਰਿਹਾ ਸੀ ਕਿ ਉਹ ਅਚਾਨਕ ਜਾਨ ਬਚਾਕੇ ਭੱਜੀ ਹੈ।”

“ਪਰ ਉਹ ਇੱਥੇ ਤਾਂ ਨਹੀਂ ਆਈ। ਯਕੀਨ ਨਹੀਂ ਤਾਂ ਅੰਦਰ ਦੇਖ ਸਕਦੇ ਹੋ।” ਇਹ ਪੇਸ਼ਕਸ਼ ਸੂਲੀ ਚੜ੍ਹੇ ਆਦਮੀ ਦੇ ਪੈਰ੍ਹਾਂ ਹੇਠੋ ਫੱਟਾ ਖਿੱਚਣ ਦੇ ਬਰਾਬਰ ਸੀ, ਕਿਉਂਕਿ ਫੌਜੀ ਅੰਦਰ ਪੈਰ ਰੱਖਦਿਆਂ ਹੀ ਮੈਨੂੰ ਦੇਖ ਲੈਂਦਾ ਤੇ ਸਾਡੀ ਦੋਹਾਂ ਦੀ ਮੌਤ ਪੱਕੀ ਸੀ। ਪਰ ਇਹ ਸੁਰੱਖਿਆ ਫੌਜੀ ਮੇਰੀ ਰੂਪੋਸ਼ੀ  ਕਰਕੇ ਇੰਨਾ ਬੌਖਲਾਇਆ ਹੋਇਆ ਸੀ ਕਿ ”ਖੈਰ, ਚਲੀ ਕਿੱਥੇ ਜਾਵੇਗੀ!” ਕਹਿੰਦਾ ਹੋਇਆ ਵਾਪਸ ਮੁੜ ਗਿਆ। ਉਹਦੇ ਪੈਰ੍ਹਾਂ ਦੀ ਅਵਾਜ਼ ਜਿਵੇਂ-ਜਿਵੇਂ ਦੂਰ ਹੁੰਦੀ ਗਈ,  ਮੇਰੇ ਦਿਲ ਦੀ ਧੜਕਨ ਸੁਭਾਵਕ ਸਥਿਤੀ ‘ਚ ਆਉਂਦੀ ਗਈ। ਡਾਕਟਰ ਵੰਕਲਰ ਨੇ ਵੀ ਸੁੱਖ ਦਾ ਸਾਹ ਲਂੈਦਿਆਂ ਕਿਹਾ, ”ਅਸੀਂ ਤੈਨੂੰ ਸਵੇਰ ਤੋਂ ਪਹਿਲਾਂ ਹੀ ਇੱਥੋ ਭਜਾ ਦੇਣ ਦੀ ਕੋਸ਼ਿਸ਼ ਕਰਾਂਗੇ।” ਇਹ ਕਹਿੰਦਿਆਂ ਹੋਇਆਂ ਉਸਦੇ ਚਿਹਰੇ ‘ਤੇ ਕੰਬਣੀ ਜਿਹੀ ਛਿੜ ਗਈ। ”ਛੂਤ ਦੇ ਡਰ ਕਰਕੇ ਕੋਈ ਵੀ ਉਸ ਵਾਰਡ ਵੱਲ ਨਹੀਂ ਜਾਂਦਾ ਉਹ ਉਸ ਸਮੇਂ ਤੱਕ ਤਹਾਨੂੰ ਉੱਥੇ ਲੁਕੋ ਕੇ ਰੱਖੇਗੀ।”

”ਪਰ ਮੇਰੀ ਖਾਤਰ ਤੁਸੀਂ ਇਹ ਸਭ ਕੁਝ ਕਿਉਂ ਕਰ ਰਹੇ ਹੋ?”

”ਤੇਰੀ ਮਦਦ ਕਰਕੇ ਮੈਂ ਇੱਕ ਪੁਰਾਣਾ ਕਰਜ਼ਾ ਚੁਕਾਉਣਾ ਚਾਹੁੰਦੀ ਹਾਂ। ਉਸ ਸਹਿਣਸ਼ੀਲ ਹਸਤੀ ਦੇ ਉਪਕਾਰ ਦਾ ਭਾਰ ਲਾਹੁਣਾ ਚਾਹੁੰਦੀ ਹਾਂ, ਜਿਹਨੇ ਮੇਰੀ ਜ਼ਿੰਦਗੀ ਬਣਾ ਦਿੱਤੀ ਸੀ। ਉਹ ਮਹਾਨ ਹਸਤੀ ਤੇਰੇ ਪਿਤਾ ਸਨ।”

ਉਹ ਹੰਗਰੀ ਦੇ ਉਸ ਬੌਧਿਕ ਵਰਗ ਵਿੱਚ ਸ਼ਾਮਲ ਸਨ ਜਿਨ੍ਹਾਂ ਦਾ ਵਿਚਾਰ ਇਹ ਸੀ ਕਿ ਸਮਾਜ ਉੱਤੇ ਸਾਰੇ ਲੋਕਾਂ ਨੂੰ ਬਰਾਬਰ ਦੀ ਵਿੱਦਿਆ ਤੇ ਤਰੱਕੀ ਦੇ ਬਰਾਬਰ ਮੌਕੇ ਦੇਣ ਦੀ ਜ਼ੁੰਮੇਵਾਰੀ ਲਾਗੂ ਹੁੰਦੀ ਹੈ।

ਮੈਂ ਖਿੜਕੀ ਵਿੱਚੋਂ ਸਵੇਰ ਦਾ ਚਾਨਣ ਫੁੱਟਦਾ ਦੇਖਿਆ। ਡਾਕਟਰ ਵੰਕਲਰ ਨੇ ਹੌਲ਼ੀ ਸੁਰ ਵਿੱਚ ਕਿਹਾ, ”ਦਿਨ ਚੜ੍ਹਨ ਤੋਂ ਪਹਿਲਾਂ ਤੈਨੂੰ ਇੱਥੋਂ ਨਿੱਕਲ਼ ਜਾਣਾ ਚਾਹੀਦਾ ਹੈ। ਛੂਤ ਦਾ ਵਾਰਡ ਬਲਾਕ ਨੰਬਰ ਅੱਠ ਵਿੱਚ ਹੈ। ਦੂਜੀ ਬਾਰੀ ਨੂੰ ਖੜਕਾ ਕੇ ਇਹ ਗੁਪਤ ਸ਼ਬਦ ਦਰਹਾਉਣਾ ‘ਪਰਯੂ ਗਨੀਆਂ।”

ਸਵੇਰੇ ਹੀ ਮੈਂ ਰੀਂਗਦੀ ਹੋਈ ਉਸ ਵਾਰਡ ਦੀ ਖਿੜਕੀ ਦੇ ਹੇਠਾਂ ਪਹੁੰਚ ਗਈ। ਮੈਂ ਸਹਿਜੇ ਜਿਹੀ ਸੁਰ ਵਿੱਚ ‘ਪਰਯੂ ਗਨੀਅਾਂ’ ਕਿਹਾ। ਮਜ਼ਬੂਤ ਬਾਂਹ ਨੇ ਮੈਨੂੰ ਖਿੱਚ ਕੇ ਖਿੜਕੀ ‘ਚੋ ਅੰਦਰ ਲਾ ਲਿਆ ਤੇ ਫੂਸ ਦੇ ਇੱਕ ਬਿਸਤਰੇ ਉੱਤੇ ਪਹੁੰਚਾ ਦਿੱਤਾ।

ਉਸ ਪਿੱਛੋਂ ਜਿਹੜੇ ਚੌਦਾਂ ਦਿਨ ਲੰਘੇ, ਅਸੀਂ ਬਹੁਤ ਘੱਟ ਹੀ ਗੱਲ ਕੀਤੀ।

ਇੱਕ ਦਿਨ ਡਾਕਟਰ ਵੰਕਲਰ ਮੈਨੂੰ ਮਿਲਣ ਆਈ। ਉਹਦਾ ਚਿਹਰਾ ਪੀਲ਼ਾ ਪੈ ਰਿਹਾ ਸੀ। ਪਰ ਉਹ ਸ਼ਾਂਤ ਸੀ। ਉਹ ਉਦਾਸ ਤੇ ਰੋਣਹਾਕੀ ਸੁਰ ਵਿੱਚ ਬੋਲੀ, “ਤੈਨੂੰ ਅਲਵਿਦਾ ਕਹਿਣ ਆਈ ਹਾਂ। ਅੱਜ ਦੁਪਿਹਰ ਡਾਕਟਰ ਇਹ ਕੈਂਪ ਖਾਲੀ ਕਰਕੇ ਅਪਣਾ ਡਾਕਟਰੀ ਸਟਾਫ ਬਰਲਿਨ ਲੈ ਕੇ ਜਾ ਰਿਹਾ ਹੈ।”

ਉਸ ਤੋਂ ਬਹੁਤ ਛੇਤੀ ਪਿੱਛੋਂ ਪੋਲੈਂਡ ਦਾ ਇੱਕ ਰੈਡ ਕਰਾਸ ਕਮਿਸ਼ਨ ਰੂਸੀ ਜੇਤੂ ਫੌਜਾਂ ਨਾਲ਼ ਉੱਥੇ ਪਹੁੰਚ ਗਿਆ। ਅਸੀਂ ਅਜ਼ਾਦ ਹੁੰਦਿਆਂ ਹੀ ਹੋਰ ਕੈਦੀਆਂ ਦੀ ਭਾਲ਼ ਸ਼ੁਰੂ ਕਰ ਦਿੱਤੀ। ਉਸ ਕੈਂਪ ਦੇ ਚੌਦਾਂ ਮੀਲ ਦੂਰ ਇਕ ਨਾਲ਼ੇ ਵਿੱਚ ਨਾਜ਼ੀ ਡਾਕਟਰੀ ਕੈਂਪ ਦੇ ਸਾਰੇ ਜਰਮਨ ਸਟਾਫ ਦੀਆਂ ਲਾਸ਼ਾਂ ਪਈਆਂ ਦਿਖਾਈ ਦਿੱਤੀਆਂ। ਉਨ੍ਹਾਂ ਲਾਸ਼ਾਂ ਨਾਲ਼ੋਂ ਥੋੜੀ ਦੂਰੀ ‘ਤੇ ਡਾਕਟਰ ਕੈਥਰਾਇਨ ਦੀ ਲਾਸ਼ ਪਈ ਸੀ। ਜਿਵੇਂ ਉਸਨੇ ਜਰਮਨਾਂ ਦਾ ਅੰਤ ਕੀਤਾ ਹੋਵੇ। ਡਾਕਟਰ ਵੰਕਲਰ ਦੇ ਸਿਰ ਵਿੱਚ ਗੋਲ਼ੀ ਲੱਗੀ ਸੀ। ਉਹਨਾਂ ਲਾਸ਼ਾਂ ਵਿੱਚ ਡਾਕਟਰ ਮੰਜ਼ਲੀ ਦੀ ਲਾਸ਼ ਨਹੀਂ ਮਿਲ਼ੀ। ਮੰਜ਼ਲੀ ਡਾਕਟਰ ਵੰਕਲਰ ਦਾ ਕਾਤਿਲ। ਅੰਦਾਜਾ ਸੀ ਕਿ ਉਹ ਹਾਲੇ ਜਿਉਂਦਾ ਹੈ।

ਅਨੁਵਾਦ- ਗਗਨ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements