ਗ਼ਲਤੀ •ਕਲੌਡੀਓ ਮਾਰਗਿਸ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਕਲੌਡੀਓ ਮਾਰਗਿਸ ਇਟਲੀ ਦਾ ਅਦੀਬ ਅਤੇ ਤ੍ਰੀਸਤ ਯੂਨੀਵਰਸਿਟੀ ਵਿੱਚ ਸਾਹਿਤ ਅਤੇ ਦਰਸ਼ਨ ਦਾ ਪ੍ਰੋਫੈਸਰ ਹੈ । ਯੂਰਪ ਦੀ ਦੂਜੀ ਸਭ ਤੋਂ ਲੰਬੀ ਨਦੀ ਦਾਨੂਬੇ ਉੱਪਰ ਲਿਖੀ ਉਸਦੀ ਕਿਤਾਬ ‘ਦਾਨੂਬੇ’ ਦਾ ਅਨੁਵਾਦ ਤਮਾਮ ਯੂਰਪੀ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ ।)

ਅਗਸਤ ਦੇ ਖ਼ਤਮ ਹੁੰਦਿਆਂ-ਹੁੰਦਿਆਂ ਅਸੀਂ ਪ੍ਰੋ. ਸਾਹਿਬ ਦੇ ਮੁਕਾਮ, ਕਸਬੇ ਵਿਲਾਦੇਲ ਨਿਊਵਸੋ ਦੇ ਐਲੀਰਸਕਾ ਵਿਖੇ, ਜਾਣ ਦੇ ਆਦੀ ਹੋ ਚੁੱਕੇ ਸਾਂ । ਇਹ ਦੋ ਜੰਗਾਂ ਦਰਮਿਆਨ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਇਹ ਮੁਕਾਮ ਇਟਲੀ ਦੀ ਪੂਰਬੀ ਸਰਹੱਦ ਦੇ ਉਸ ਹਿੱਸੇ ਵਿਚ ਪੈਂਦਾ ਸੀ ਜੋ ਹੁਣ ਸਲੋਵੇਨੀਆ ਅਤੇ ਕ੍ਰੋਏਸ਼ੀਆ ਦੀ ਸਰਹੱਦ ਹੋ ਗਈ ਹੈ । ਪ੍ਰੋ. ਸਾਹਿਬ ਨਿਊਵਸੋ ਪਹਾੜ ਦੇ ਅਸਲੀ ਮਾਲਕ ਅਤੇ ਖ਼ਾਦਮ, ਦੋਨੋਂ ਹੀ ਹਨ । ਪਹਾੜ ਦੀਆਂ ਢਲਾਣਾਂ ਉੱਤੇ ਬੇਤਹਾਸ਼ਾ ਸੰਘਣੇ ਜੰਗਲ ਹਨ ਅਤੇ ਵਿੱਚੋਂ-ਵਿੱਚੋਂ ਰੁੱਖਾਂ ਨੂੰ ਕੱਟ ਕੇ ਸਾਫ਼ ਕੀਤੀ ਹੋਈ ਜ਼ਮੀਨ ਦੇ ਟੁਕੜੇ ਹਨ ਜਿੱਥੋਂ ਮੂੰਹ ਹਨ੍ਹੇਰੇ ਕੋਈ ਹਿਰਨ ਜਾਂ ਬਘਿਆੜ ਕਦੇ-ਕਦੇ ਨਿੱਕਲ ਆਉਂਦਾ ਹੈ । ਪਹਾੜ ਦੀ ਪੁਰਾਤਨਤਾ ਵੱਡੇ-ਵੱਡੇ ਦਾਇਰਿਆਂ ਵਿੱਚ ਉੱਗੇ ਦਰਖਤਾਂ ਤੋਂ ਜ਼ਾਹਰ ਹੁੰਦੀ ਹੈ ਅਤੇ ਉਹਨਾਂ ਦਾਇਰਿਆਂ ਤੋਂ ਨਾ ਸਿਰਫ ਜੰਗਲੀ ਪਗਡੰਡੀਆਂ ਦੀ, ਸਗੋਂ ਸਾਡੀ ਜ਼ਿੰਦਗੀ ਦੇ ਵਰ੍ਹਿਆਂ ਦੀ ਵੀ ਸ਼ਕਲ ਬਣਦੀ ਹੈ । ਸਾਨੂੰ ਇਸ ਤਰਾਂ ਲੱਗਦਾ ਕਿ ਉਸ ਜੰਗਲ ਵਿੱਚ ਸਾਡਾ ਆਉਣਾ-ਜਾਣਾ ਛੁੱਟੀਆਂ ਵਿੱਚ ਬਿਤਾਈ ਕਦੇ-ਕਦਾਈਂ ਦੀ ਸੈਰ ਨਾ ਹੋ ਕੇ, ਇੱਕ ਸਦਾ ਚਲਦਾ ਰਹਿਣ ਵਾਲਾ ਸੰਗੀਤ, ਇੱਕ ਕਦੇ ਨਾ ਟੁੱਟਣ ਵਾਲੀ ਲੈਅ ਹੋਵੇ ਜੋ ਰੁੱਖਾਂ ਦੇ ਉੱਗਣ, ਭਰ ਜਵਾਨ ਬਣਨ, ਹੌਲੀ-ਹੌਲੀ ਰੰਗ ਬਦਲਣ ਅਤੇ ਅਖੀਰ ਮਿਟਕੇ ਅਲੋਪ ਹੋ ਜਾਣ ਦੇ ਅਮਲ ਵਿੱਚ ਜ਼ਾਹਰ ਹੁੰਦੀ ਹੈ ।

ਪਹਾੜੀ ਜੰਗਲਾਂ ਦੀਆਂ ਉਹਨਾਂ ਸੈਰਾਂ ਦੌਰਾਨ ਪ੍ਰੋ. ਸਾਹਿਬ ਸਾਡੇ ਲਈ ਚਮੜੇ ਦੇ ਲੰਮੇ ਬੂਟਾਂ ਜਿੰਨੇ ਹੀ ਲਾਜਮੀ ਸਨ । ਉਹੀ ਸਾਨੂੰ ਜਾਨਵਰਾਂ ਦੀਆਂ ਗੁੱਝੀਆਂ ਗੁਫ਼ਾਵਾਂ, ਅਨੇਕਾਂ ਇਸਤੇਮਾਲ ਆਉਣ ਵਾਲੇ ਗੁਪਤ ਰਾਹਵਾਂ ਬਾਰੇ ਦੱਸਦੇ । ਕਿਸੇ ਪੁਰਾਣੇ ਅਤੇ ਬੁੱਢੇ ਰੁੱਖ ਦੇ ਹੌਲ਼ੇ-ਹੌਲ਼ੇ ਕਰਕੇ ਮੌਤ ਦੀਆਂ ਬਾਹਾਂ ਵਿੱਚ ਸਰਕਣ, ਘੁਲ਼ ਕੇ ਆਵਦੀ ਫਿਤਰੀ ਹਾਲਤ ਵਿੱਚ ਚਲੇ ਜਾਣ ਦਾ ਸੁਸਤ ਰੌਂਅ, ਸ਼ਾਹਾਨਾ ਮੰਜ਼ਰ ਵਿਖਾਉਣ ਲੈ ਜਾਂਦੇ ਅਤੇ ਸ਼ਿਕਾਰੀਆਂ, ਬਾਰਾਂ ਸਿੰਗਿਆਂ ਅਤੇ ਰਿੱਛਾਂ ਦੀਆਂ ਪੁਰਾਣੀਆਂ ਕਹਾਣੀਆਂ ਸੁਣਾਉਂਦੇ । ਇਨਸਾਨ ਅਤੇ ਹੈਵਾਨ ਦੇ ਜੀਵਨ ਅਤੇ ਤਕਦੀਰ ਦੀਆਂ ਕਹਾਣੀਆਂ, ਜਿਹਨਾਂ ਵਿੱਚ ਉਹਨਾਂ ਤਮਾਮ ਕਬੀਲਿਆਂ ਅਤੇ ਸਲਤਨਤਾਂ ਦੀਆਂ ਤਾਰੀਖਾਂ ਇੱਕ ਅਖੀਰੀ ਗੂੰਜ ਦੀ ਤਰਾਂ ਵਹਿ ਕੇ ਜਜ਼ਬ ਹੋ ਜਾਂਦੀਆਂ, ਜੋ ਕਦੇ ਉਹਨਾਂ ਹੀ ਜੰਗਲਾਂ ਥਾਣੀਂ ਗੁਜ਼ਰੇ ਸਨ । ਪ੍ਰੋ. ਸਾਹਿਬ ਦਾ ਜੰਗਲ ਨਾਲ ਇਸ਼ਕ, ਸੂਰਜ ਦੇ ਚੜ੍ਹਨ ਅਤੇ ਅਸਤ ਹੋਣ ਦੇ ਜਾਦੂਮਈ ਮੰਜ਼ਰਾਂ ਨੂੰ ਤੱਕਣ ਜਾਂ ਕਿਸੇ ਜ਼ਖ਼ਮੀ ਹੋਏ ਬਘਿਆੜ ਨੂੰ ਕਰੀਬ ਤੋਂ ਦੇਖਣ ਦੀ ਪੁਰਖਤਰਾ ਮੁਹਿੰਮ ਉੱਤੇ ਨਿੱਕਲਣ ਜਾਂ ਫਿਰ ਹਵਾ ਵਿੱਚ ਪਹਿਲੀ ਬਰਫ਼ਬਾਰੀ ਦੀ ਖੁਸ਼ਬੋ ਮਹਿਸੂਸ ਕਰਨ ਦੇ ਚਾਅ ਤੋਂ ਕਿਤੇ ਵਧਕੇ ਸੀ । ਉਹਨਾਂ ਦੇ ਇਸ਼ਕ ਵਿੱਚ, ਛੋਟੀਆਂ-ਛੋਟੀਆਂ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀ ਇੱਕ-ਇੱਕ ਤਫ਼ਸੀਲ ਦੀ ਐਸੀ ਦੇਖਭਾਲ, ਜੰਗਲ ਦੀ ਜ਼ਰਾ-ਜਿਹੀ ਚੀਜ਼ ਉੱਤੇ ਅਜਿਹਾ ਧਿਆਨ ਸ਼ਾਮਲ ਸੀ, ਜਿਵੇਂ ਕੋਈ ਔਰਤ ਘਰ ਨੂੰ ਝਾੜਦੇ-ਨਿਹਾਰਦੇ ਹੋਏ ਪੂਰੇ ਚੁਕੰਨੇਪਣ ਨਾਲ ਦੇਖਦੀ ਜਾਂਦੀ ਹੈ ਕਿ ਕਿੱਥੇ ਗਰਦ ਜੰਮੀ ਹੈ ਅਤੇ ਕਿਸ ਚੀਜ਼ ਨੂੰ ਮੁਰੰਮਤ ਦੀ ਲੋੜ ਹੈ ।

ਪ੍ਰੋ. ਸਾਹਿਬ ਦੀ ਉਮਰ ਉਸ ਵੇਲੇ ਅੱਸੀ ਤੋਂ ਪਾਰ ਸੀ ਜਦੋਂ ਮਾਰੀਤਸਾ ਨੇ ਉਹਨਾਂ ਦਾ ਖਾਕਾ ਖਿੱਚਿਆ ਸੀ, ਕਿ ਨਿਊਵਸੋ ਦੇ ਪਹਾੜ ਦਾ ਚੱਕਰ ਲਗਾ ਰਹੇ ਹਨ, ਨਕਸ਼ਿਆਂ ਨੂੰ ਫਿਰ ਤੋਂ ਠੀਕ ਕਰ ਰਹੇ ਹਨ, ਅਜੀਬ-ਅਜੀਬ ਸ਼ਕਲਾਂ ਵਾਲੀਆਂ ਜੜ੍ਹਾਂ ਚੁਣ ਰਹੇ ਹਨ ਅਤੇ ਜੇਕਰ ਜੰਗਲ ਵਿੱਚ ਚਲਦੇ-ਚਲਦੇ ਕਿਸੇ ਗਲਤ ਪਗਡੰਡੀ ਉੱਤੇ ਮੁੜ ਜਾਂਦੇ ਹਨ ਤਾਂ ਉਹਨਾਂ ਨੂੰ ਗੁੱਸੇ ਦਾ ਦੌਰਾ-ਜਿਹਾ ਪੈ ਜਾਂਦਾ ਹੈ ।( ਅਜਿਹੇ ਮੌਕਿਆਂ ਉੱਤੇ, ਜੋ ਬਹੁਤ ਹੀ ਖਿਸਿਆ ਦੇਣ ਵਾਲੇ ਹੁੰਦੇ ਸਨ ਪਰ ਖੁਸ਼ਕਿਸਮਤੀ ਨਾਲ ਕਦੇ-ਕਦਾਈਂ ਹੀ ਪੇਸ਼ ਆਉਂਦੇ ਸਨ, ਉਹ ਝੁੰਝਲਾ ਕੇ ਆਪਣੀ ਮਿੱਠੀ ਤਬੀਅਤ ਵਾਲੀ ਅਤੇ ਪਟਰ-ਪਟਰ ਬੋਲਣ ਵਾਲੀ ਪਤਨੀ ਨੂੰ ਚਿਤਾਵਨੀ ਦਿੰਦੇ ਰਹਿੰਦੇ ਸਨ ਕਿ ਉਹ ਆਪਣੀ ਰਾਏ ਆਪਣੇ ਤੱਕ ਹੀ ਰੱਖੇ ।)

ਪ੍ਰੋ. ਸਾਹਿਬ ਸਲੋਵੇਨੀਆ ਦੇ ਰਹਿਣ ਵਾਲੇ ਸੀ । ਪੁਰਾਣੇ ਹਾਬਸਬਰਗ ਆਸਟਰੀਆ ਵਿੱਚ ਤਾਲੀਮ ਹਾਸਲ ਕੀਤੀ ਸੀ ਅਤੇ ਮੇਰੇ ਨਾਲ ਗੱਲ ਕਰਦੇ ਹੋਏ ਹਮੇਸ਼ਾ ਇੱਕ ਬਹੁਤ ਹੀ ਪੁਰਤਕੱਲਫ਼ ਅਤੇ ਕਦੀਮੀ ਜਰਮਨ ਵਿੱਚ ਗੱਲ ਕਰਦੇ ਜਿਸ ਵਿੱਚ ਸਾਹਮਣੇ ਬੈਠੇ ਹੋਏ ਸ਼ਖਸ ਨੂੰ ਵੀ ਗੈਰ-ਹਾਜ਼ਰ ਸਮਝਿਆ ਜਾਂਦਾ । ਮਿਸਾਲੀ ਤੌਰ ‘ਤੇ, ਇੱਕ ਦਿਨ ਜਦੋਂ ਅਸੀਂ ਜੰਗਲੀ ਸੂਰਾਂ ਵਾਲੇ ਰਾਹ ਤੋਂ ਫੂਕ-ਫੂਕ ਕੇ ਕਦਮ ਰੱਖਦੇ ਹੋਏ ਅੱਗੇ ਵਧ ਰਹੇ ਸੀ ਤਾਂ ਉਹ ਮੈਨੂੰ ਬੋਲੇ, “ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮਹਿਮਾਨ ਤੋਂ ਪਤਾ ਕਰੇ ਕਿ ਉਸਦੀ ਪਤਨੀ ਆਪਣੇ ਗੋਬਾਨਿਜ਼ਾ ਦੇ ਪਕਵਾਨ ਵਿੱਚ ਗ੍ਰਾਪਾ ਸ਼ਾਮਲ ਕਰਦੀ ਹੈ ਜਾਂ ਉਸਦੇ ਬਿਨਾਂ ਹੀ ਕੰਮ ਚਲਾ ਲੈਂਦੀ ਹੈ ।”

ਉਹਨਾਂ ਦੇ ਨਾਲ ਸੈਰ ਕਰਦੇ ਹੋਏ ਬੰਦਾ ਜੰਗਲ ਦੇ ਧੁਰ ਦਿਲ ਤੱਕ ਵੀ ਉੱਤਰ ਜਾਂਦਾ ਸੀ, ਨਹੀਂ ਤਾਂ ਇਹ ਅਜਿਹਾ ਜੰਗਲ ਸੀ ਜਿੱਥੇ ਅੱਧਵਾਟੇ ਪਹੁੰਚ ਕੇ ਵੀ ਆਪਣਾ ਰਾਹ ਜਾਨਣਾ ਮੁਸ਼ਕਿਲ ਹੋ ਜਾਂਦਾ ਸੀ ਕਿਉਂਕਿ ਅਕਸਰ ਹੀ ਯੱਕਦਮ, ਨਜ਼ਰ ਨਾ ਆਉਣ ਵਾਲੀਆਂ ਰੁਕਾਵਟਾਂ ਰਾਹ ਰੋਕ ਲੈਂਦੀਆਂ ਸਨ ਅਤੇ ਜੰਗਲ ਐਨਾ ਆਸ-ਪਾਸ, ਇਰਦ-ਗਿਰਦ ਹੁੰਦੇ ਹੋਏ ਵੀ ਪਹੁੰਚ ਤੋਂ ਬਾਹਰ ਹੋ ਜਾਂਦਾ ਸੀ ।

ਕੁੱਝ ਮਹੀਨੇ ਪਹਿਲਾਂ ਇੱਕ ਵਾਰ ਫਿਰ ਪ੍ਰੋ. ਸਾਹਿਬ ਨਾਲ ਮਿਲਣ ਗਏ ਤਾਂ ਇਸੇ ਵਜ੍ਹਾ ਕਰਕੇ ਨਿਊਵਸੋ ਦਾ ਫੇਰਾ ਲਾਏ ਬਿਨਾਂ ਅਤੇ ਉਹਨਾਂ ਨਾਲ ਮੁਲਾਕਾਤ ਦਾ ਲੁਤਫ਼ ਲਏ ਬਿਨਾਂ ਗਰਮੀਆਂ ਦਾ ਮੌਸਮ ਗੁਜ਼ਾਰ ਦੇਣਾ ਤਸੱਵਰੋਂ ਬਾਹਰੀ ਗੱਲ ਸੀ । ਨਾਲ ਹੀ ਇਸ ਲਈ ਵੀ ਕਿ ਮੈਂ ਨਿਊਵਸੋ ਅਤੇ ਉਸ ਵਿੱਚ ਪਾਏ ਜਾਣ ਵਾਲੇ ਜੰਗਲੀ ਰਿੱਛਾਂ ਉੱਤੇ ਇੱਕ ਕਹਾਣੀ ਲਿਖਣ ਦੀ ਸੋਚ ਰਿਹਾ ਸੀ ਅਤੇ ਉਸ ਲਈ ਮੈਨੂੰ ਭਰਪੂਰ ਤਫਸੀਲਾਂ ਦੀ ਦਰਕਾਰ ਸੀ । ਕੁੱਝ ਬੁਨਿਆਦੀ ਗੱਲਾਂ ਵਗੈਰ੍ਹਾ, ਅਜਿਹੀਆਂ ਚੀਜ਼ਾਂ ਜੋ ਆਪਣੇ-ਆਪ ਵਿੱਚ ਤਾਂ ਕੋਈ ਖਾਸ ਅਹਿਮੀਅਤ ਨਹੀਂ ਰੱਖਦੀਆਂ ਪਰ ਫਿਰ ਵੀ ਜ਼ਰੂਰੀ ਹੁੰਦੀਆਂ ਹਨ, ਜਿਵੇਂ ਕੋਈ ਲੈਅ ਪੈਦਾ ਕਰਨ ਲਈ ਅੰਤਰਾ ਚੁਣਨਾ ਹੋਵੇ । ਖਾਸ ਤੌਰ ‘ਤੇ ਜੇਕਰ ਤੁਸੀਂ ਇਹ ਮੰਨਣ ਵਿੱਚ ਇਤਾਲੋ ਸਵੇਵੋ ਦੇ ਨਾਲ਼ ਹੋ ਕਿ ਜ਼ਿੰਦਗੀ ਆਪਣੀਆਂ ਛੋਟੀਆਂ-ਛੋਟੀਆਂ ਤਫਸੀਲਾਂ ਵਿੱਚ ਵੀ ਬੇਹੱਦ ਮੌਲਿਕ ਹੈ । ਕਈ ਵਾਰ ਕਹਾਣੀਕਾਰ ਦੀ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਮੌਲਿਕ ਅਤੇ ਇਹ ਕਿ ਆਹਲਾ ਕਿਸਮ ਦੀ ਕਿੱਸਾਗੋਈ ਦੇ ਲਈ ਇਨਸਾਨਾਂ ਅਤੇ ਚੀਜ਼ਾਂ ਦੀ ਸੱਚਾਈ ਉੱਤੇ ਪੂਰੀ ਤਵੱਜੋਂ ਦੇਣਾ ਅਤੇ ਉਸਦਾ ਪੂਰਾ ਖਿਆਲ ਰੱਖਣਾ ਪਹਿਲੀ ਸ਼ਰਤ ਹੈ ।

ਪ੍ਰੋ. ਸਾਹਿਬ, ਜਿਹਨਾਂ ਦੀ ਉਮਰ ਇਸ ਵੇਲੇ 92 ਸਾਲ ਦੀ ਸੀ, ਲਹੂ-ਸੰਚਾਰ ਵਿੱਚ ਕੋਈ ਗੜਬੜੀ ਦੇ ਕਾਰਨ ਕਈ ਹਫ਼ਤਿਆਂ ਤੋਂ ਬੀਮਾਰ ਪਏ ਸਨ ਅਤੇ ਇਸ ਬਿਮਾਰੀ ਦੇ ਕਾਰਨ ਉਹਨਾਂ ਨੂੰ ਬੋਲਣ ਵਿੱਚ ਦਿੱਕਤ ਹੋ ਰਹੀ ਸੀ । ਉਹਨਾਂ ਨੂੰ ਤੇਜ਼ ਬੁਖਾਰ ਸੀ ਅਤੇ ਪਸੀਨਾ ਛੁੱਟ ਰਿਹਾ ਸੀ । ਉਹਨਾਂ ਦੇ ਹਾਵ-ਭਾਵ ਤੋਂ ਥਕਾਨ ਦਾ ਇਜ਼ਹਾਰ ਹੋ ਰਿਹਾ ਸੀ । ਪਰ ਉਹਨਾਂ ਦੀਆਂ ਅੱਖਾਂ ਉਸੇ ਤਰਾਂ ਹੀ ਜੀਵੰਤ ਅਤੇ ਚਮਕਦਾਰ ਸਨ ਅਤੇ ਉਹ ਚਿਹਰਾ ਜੋ ਪੇਸ਼ੇ ਦੀਆਂ ਲੋੜਾਂ ਕਰਕੇ ਸਖ਼ਤ ਪੈ ਚੁੱਕਾ ਸੀ, ਅਜੇ ਵੀ ਬੇਹੱਦ ਮੁਲਾਇਮੀਅਤ ਰੱਖਦਾ ਸੀ । ਉਹਨਾਂ ਦੇ ਪਲੰਘ ਦੇ ਨਾਲ ਫ਼ਰਸ਼ ਉੱਤੇ ਜਗ੍ਹਾ-ਜਗ੍ਹਾ ਛੋਟੇ-ਵੱਡੇ ਡੱਬੇ ਅਤੇ ਖੋਖੇ ਪਏ ਸਨ ਜਿਹਨਾਂ ਵਿੱਚ ਉਹਨਾਂ ਦੀ ਪਤਨੀ ਉਹਨਾਂ ਦੀਆਂ ਚੀਜ਼ਾਂ ਨੂੰ ਸਿਲਸਿਲੇਵਾਰ ਜਮ੍ਹਾਂ ਕਰਦੀ ਜਾ ਰਹੀ ਸੀ, ਉਹਨਾਂ ਦੀਆਂ ਕਿਤਾਬਾਂ, ਦੁਰਲੱਭ ਜੜ੍ਹਾਂ, ਹਿਰਨ ਦਾ ਸਿਰ, ਫੂਸ ਨਾਲ ਭਰਿਆ ਜੰਗਲੀ ਬਿੱਲਾ, ਪਹਾੜ ਦੇ ਖ਼ਾਕੇ ਅਤੇ ਤਸਵੀਰਾਂ, ਖ਼ਤ, ਦਸਤਾਵੇਜਾਂ ਅਤੇ ਕਿਸਮ-ਕਿਸਮ ਦੀਆਂ ਅਨੋਖੀਆਂ ਚੀਜ਼ਾਂ । ਡੱਬਿਆਂ ਵਿੱਚ ਰੱਖੇ ਜਾਣ ਤੋਂ ਬਾਅਦ ਇਹਨਾਂ ਤਮਾਮ ਚੀਜ਼ਾਂ ਨੂੰ ਅਲੱਗ-ਅਲੱਗ ਪਤਿਆਂ ਉੱਤੇ ਭੇਜ ਦਿੱਤਾ ਜਾਣਾ ਸੀ । ਪ੍ਰੋ. ਸਾਹਿਬ ਆਪਣੇ ਜੀਵਨ ਦੀ ਸਫ਼ਾਈ ਕਰ ਰਹੇ ਸਨ । ਉਸ ਨੂੰ ਉਹਨਾਂ ਤਮਾਮ ਚੀਜ਼ਾਂ ਤੋਂ ਖਾਲੀ ਕਰ ਰਹੇ ਸਨ ਜਿਹਨਾਂ ਨੂੰ ਉਹਨਾਂ ਨੇ ਮੁਹੱਬਤ ਕੀਤੀ ਸੀ ਅਤੇ ਜਿਹਨਾਂ ਨੂੰ ਜਨੂੰਨ ਦੀ ਹੱਦ ਤੱਕ ਪਹੁੰਚੇ ਹੋਏ ਸ਼ੌਂਕ ਨਾਲ਼, ਇੱਕ-ਇੱਕ ਕਰਕੇ ਇੱਕਠਾ ਕੀਤਾ ਸੀ । ਉਹ ਆਪਣੇ ਜੀਵਨ ਵਿੱਚ ਤਰਤੀਬ ਲਿਆਉਂਦੇ ਹੋਏ ਉਹਨਾਂ ਚੀਜ਼ਾਂ ਨੂੰ ਅੱਡ ਕਰ ਰਹੇ ਸਨ ਜਿਹਨਾਂ ਨੂੰ ਅੱਜ ਤੱਕ ਉਹਨਾਂ ਨੇ ਸਜਾ ਕੇ ਰੱਖਿਆ ਸੀ । ਉਹਨਾਂ ਦਾ ਇਹ ਅਮਲ ਬੇਰੋਬੂਵਰ ਦੇ ਹਾਬਸਬਰਗ ਸ਼ਹਿਨਸ਼ਾਹਾਂ ਦੀ ਯਾਦ ਦਿਵਾਉਂਦਾ ਸੀ ਜਿਹਨਾਂ ਨੂੰ ਕਾਪੋਚੀਨ ਸੰਨਿਆਸੀਆਂ ਦੇ ਜ਼ਮੀਨਦੋਜ਼ ਟਿਕਾਣਿਆਂ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਸਾਰੇ ਤਮਗੇ ਅਤੇ ਸ਼ਾਨ-ਸ਼ੌਕਤ ਦੀਆਂ ਸਾਰੀਆਂ ਨਿਸ਼ਾਨੀਆਂ ਉਤਾਰ ਦੇਣੀਆਂ ਹੁੰਦੀਆਂ ਸਨ ।

ਮੇਰੀ ਤਲਬ ਕੀਤੀ ਇੱਕ-ਇੱਕ ਤਫ਼ਸੀਲ ਬਾਰੇ ਬਰੀਕੀ ਨਾਲ ਦੱਸਦੇ ਹੋਏ ਪ੍ਰੋ. ਸਾਹਿਬ ਨੇ ਨਿਊਵਸੋ ਦੀ ਤਸਵੀਰ ਵਾਲਾ ਇੱਕ ਪੋਸਟਕਾਰਡ ਮੈਨੂੰ ਦਿੱਤਾ । ਕਾਰਡ ਦੇ ਮਗਰਲੇ ਪਾਸੇ ਇੱਕ ਕਵਿਤਾ ਦੇ ਕੁੱਝ ਅੰਸ਼ – ਜ਼ਾਹਿਰ ਹੈ ਸਲੋਵੇਨੀ ਜ਼ੁਬਾਨ ਵਿੱਚ – ਛਪੇ ਹੋਏ ਸਨ (ਉਹ ਕਵੀ ਵੀ ਸਨ ਅਤੇ ਸਰਸਰਾਉਂਦੇ ਹੋਏ ਜੰਗਲਾਂ ਅਤੇ ਦੂਰੋਂ ਦਿਖਾਈ ਦਿੰਦੀਆਂ ਚੋਟੀਆਂ ਦੇ ਬਾਰੇ ਉਨੀਂਵੀਂ ਸਦੀ ਦੀ ਸ਼ੈਲੀ ਵਿੱਚ ਕਵਿਤਾਵਾਂ ਲਿਖਦੇ ਸਨ) । ਸਿਰਹਾਣੇ ਦਾ ਸਹਾਰਾ ਲੈਂਦੇ ਹੋਏ, ਅਤੇ ਆਪਣੀ ਪਤਨੀ ਦੀ ਸਹਾਇਤਾ ਨਾਲ ਖੁਦ ਨੂੰ ਦਿੱਕਤ ਨਾਲ ਉਠਾਉਂਦੇ ਹੋਏ ਉਹਨਾਂ ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾਈ ਅਤੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਕਵਿਤਾ ਨੂੰ ਜਰਮਨ ਭਾਸ਼ਾ ਵਿੱਚ ਲਿਖਿਆ ।

ਜਦੋਂ ਅਸੀਂ ਉਹਨਾਂ ਤੋਂ ਵਿਦਾ ਹੋਏ ਤਾਂ ਸਾਨੂੰ ਇਸ ਛੋਟੇ ਜਿਹੇ ਕਾਰਡ ਦੇ ਪਿੱਛੇ ਲਿਖੀਆਂ ਹੋਈਆਂ ਇਹ ਚਾਰ ਤੁਕਾਂ, ਇੱਕ ਤਰਾਂ ਨਾਲ ਉਹਨਾਂ ਦਾ ਆਖਰੀ ਅਹਿਦਨਾਮਾ ਅਤੇ ਇੱਕ ਪੱਕੀ ਮੋਹਰ ਮਲੂਮ ਹੋਈਆਂ ਸਨ । ਪਰ ਨੱਬਿਆਂ ਸਾਲਾਂ ਦੇ ਲੋਕ ਵੀ ਦੂਸਰਿਆਂ ਨੂੰ ਹੈਰਾਨੀ ਵਿੱਚ ਪਾਉਣ ਅਤੇ ਡਾਕਟਰਾਂ ਨੂੰ ਜਿੱਚ ਕਰਨ ਦੀ ਕੇਹੀ ਸਲਾਹੀਅਤ ਰੱਖਦੇ ਹਨ ! ਦੋ ਜਾਂ ਤਿੰਨ ਹਫ਼ਤੇ ਪਹਿਲਾਂ ਦੀ ਗੱਲ ਹੈ, ਜਰਮਨ ਵਿੱਚ ਲਿਖਿਆ ਹੋਇਆ ਇੱਕ ਖ਼ਤ ਮਿਲਿਆ । ਲਿਫ਼ਾਫੇ ਉੱਤੇ ਲਿਖੇ ਵੱਡੇ-ਵੱਡੇ ਕੰਬਦੇ ਹੋਏ ਅੱਖਰ ਦੇਖਕੇ ਮੈਂ ਫ਼ੌਰਨ ਪਛਾਣ ਗਿਆ ਕਿ ਇਹ ਕਿਸਦਾ ਖ਼ਤ ਹੈ, ਪਰ ਉਸ ਵਿੱਚ ਲਿਖਿਆ ਕੀ ਹੈ, ਇਸਦਾ ਅੰਦਾਜ਼ਾ ਨਾ ਕਰ ਸਕਿਆ । ਪ੍ਰੋ।ਸਾਹਿਬ ਨੇ ਇੱਕ-ਇੱਕ ਸ਼ਬਦ ਵਿਆਕਰਣ ਦੇ ਹਿਸਾਬ ਨਾਲ ਪੂਰਾ ਤੋਲ ਕੇ ਲਿਖਿਆ ਸੀ । “ਮੇਰੇ ਪਿਆਰੇ ਪ੍ਰੋਫੈਸਰ ! ਜਦ ਤੁਸੀਂ ਪਿਛਲੀ ਵਾਰ ਸਾਡੇ ਘਰ ਤਸ਼ਰੀਫ਼ ਲਿਆਏ ਸੀ, ਤਾਂ ਮੈਂ ਆਪਣੀਆਂ ਕੁੱਝ ਤੁਕਾਂ ਤੁਹਾਨੂੰ ਪੇਸ਼ ਕੀਤੀਆਂ ਸਨ । ਅਤੇ ਤੁਹਾਡੀ ਖਾਤਰ ਉਹਨਾਂ ਨੂੰ ਜਰਮਨ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ । ਮੇਰੀ ਪਤਨੀ, ਜੋ ਉਸ ਸਮੇਂ ਮੌਜੂਦ ਸੀ, ਨੇ ਮੈਨੂੰ ਦੱਸਿਆ ਕਿ “ਪਹਾੜ” ਸ਼ਬਦ ਤੋਂ ਪਹਿਲਾਂ ਜਰਮਨ ਦੇ (ਦ੍ਰਸ) ਦੀ ਬਜਾਏ ਗ਼ਲਤੀ ਨਾਲ (ਦਰ੍ਰ) ਲਿਖਿਆ ਗਿਆ ਹੈ । ਜੇਕਰ ਅਜਿਹਾ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਸ ਅਫ਼ਸੋਸਨਾਕ ਗ਼ਲਤੀ ਨੂੰ ਦਰੁਸਤ ਕਰ ਲਵੋ ਅਤੇ ਮੈਥੋਂ ਅਣਜਾਣੇ ਵਿੱਚ ਹੋਈ ਇਸ ਗ਼ਲਤੀ ਲਈ ਮੈਨੂੰ ਮਾਫ਼ ਕਰ ਦਿਓ । ਲਹੂ-ਸੰਚਾਰ ਵਿੱਚ ਖਰਾਬੀ ਦੇ ਚਲਦਿਆਂ ਮੈਂ ਕਈ ਵਾਰ ਯਾਦਦਾਸ਼ਤ ਦੀ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦਾ ਹਾਂ । ਅਤੇ ਮੈਥੋਂ ਇਹ ਗ਼ਲਤੀ ਹੋਈ ਹੈ ਤਾਂ ਸ਼ਾਇਦ ਮੇਰੀ ਇਸ ਬਿਮਾਰੀ ਦੀ ਵਜ੍ਹਾ ਕਰਕੇ । ਹੁਣ ਮੇਰੀ ਹਾਲਤ ਕੁੱਝ ਠੀਕ ਹੈ । ਮੈਂ ਬਿਸਤਰੇ ਤੋਂ ਉੱਠਣ ਦੇ ਕਾਬਲ ਹੋ ਗਿਆ ਹਾਂ ਅਤੇ ਅੱਜ ਸਵੇਰੇ ਮੈਂ ਜੰਗਲ ਦੀ ਥੋੜ੍ਹੀ ਜਿਹੀ ਸੈਰ ਵੀ ਕੀਤੀ ਹੈ ।”

ਪ੍ਰੋ. ਸਾਹਿਬ ਲਈ ਇਹ ਗੱਲ ਬਿਲਕੁਲ ਕਲਪਨਾ ਤੋਂ ਪਰੇ ਸੀ ਕਿ ਇਸ ਗ਼ਲਤੀ ਨੂੰ ਦਰੁਸਤ ਕੀਤੇ ਬਿਨਾਂ ਅਤੇ ਇਸ ਤੋਂ ਪੈਦਾ ਹੋਣ ਵਾਲੇ ਭਰਮ ਨੂੰ ਦੂਰ ਕੀਤੇ ਬਿਨਾਂ ਉਹ ਇਸ ਦੁਨੀਆਂ ਤੋਂ ਚਲੇ ਜਾਣ । ਮੈਂ ਜਾਣਦਾ ਹਾਂ ਕਿ ਉਹਨਾਂ ਨੇ ਇੱਕ-ਅੱਧਾ ਮਹੀਨਾ ਆਪਣੇ ਜ਼ਹਿਨ ਵਿੱਚ ਉਸ ਪਲ ਨੂੰ ਦੁਹਰਾਅ-ਦੁਹਰਾਅ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਕਿ ਕੀ ਵਾਕਈ ਉਹਨਾਂ ਦੀ ਕਲਮ ਤੋਂ (ਦ੍ਰਸ) ਦੀ ਬਜਾਏ (ਦਰ੍ਰ) ਲਿਖਿਆ ਗਿਆ ਸੀ ਜਾਂ ਫਿਰ ਉਹਨਾਂ ਦੀ ਪਤਨੀ ਨੇ ਗ਼ਲਤ ਗੁਮਾਨ ਕੀਤਾ ਸੀ (ਸ਼ਾਇਦ ਉਸ ਨੇਕ ਔਰਤ ਨੇ ਵੀ ਇਸ ਘਟਨਾ ਤੋਂ ਬਾਅਦ ਦੇ ਦੋ ਮਹੀਨਿਆਂ ਵਿੱਚ ਕਈ ਵਾਰ ਉਹਨਾਂ ਨੂੰ ਇਹ ਗੱਲ ਯਾਦ ਕਰਾ-ਕਰਾ ਕੇ ਪਰੇਸ਼ਾਨ ਕੀਤਾ ਹੋਵੇਗਾ!) ਇਨਸਾਨੀ ਜਜ਼ਬਾ ਜ਼ਿੰਦਗੀ ਨਾਲ ਲਗਾਓ ਕਰਕੇ ਪੈਦਾ ਹੁੰਦਾ ਹੈ ਪਰ ਇਹ ਜ਼ਿੰਦਗੀ ਨਾਲ ਲਗਾਓ ਨੂੰ ਹੋਰ ਗਹਿਰਾ ਵੀ ਕਰਦਾ ਹੈ । ਇਸੇ ਲਈ ਵਿਆਕਰਣ ਦੀ ਇਸ ਗਲਤੀ ਤੋਂ ਮਹਿਸੂਸ ਹੋਣ ਵਾਲੀ ਝੁੰਜਲਾਹਟ ਅਤੇ ਉਸ ਨੂੰ ਦਰੁਸਤ ਕਰਨ ਦੀ ਖਾਹਿਸ਼ ਨੇ ਪ੍ਰੋ. ਸਾਹਿਬ ਨੂੰ ਜਿਸਮਾਨੀ ਤੌਰ ‘ਤੇ ਵੀ ਤੰਦਰੁਸਤ ਕੀਤਾ ਹੋਵੇਗਾ । ਇਸੇ ਜਜ਼ਬੇ ਨੇ ਉਹਨਾਂ ਨੂੰ ਬਿਸਤਰੇ ਤੋਂ ਉਠਾ ਖੜ੍ਹਾ ਕੀਤਾ ਹੋਵੇਗਾ ਅਤੇ ਉਹਨਾਂ ਨੂੰ ਆਪਣੇ ਜੰਗਲ, ਆਪਣੀ ਦੁਨੀਆਂ ਅਤੇ ਆਪਣੀ ਜ਼ਿੰਦਗੀ ਤੋਂ ਟੁੱਟੇ ਹੋਏ ਸਬੰਧ ਨੂੰ ਬਹਾਲ ਕਰਨ ਦੇ ਕਾਬਲ ਕੀਤਾ ਹੋਵੇਗਾ ।

ਜ਼ੁਬਾਨ ਦੀ ਦਰੁਸਤੀ ਇਖਲਾਕੀ ਫਰਜ਼ ਅਤੇ ਇਮਾਨਦਾਰੀ ਲਈ ਬੁਨਿਆਦੀ ਸ਼ਰਤ ਹੈ ਜਿਹਾ ਕਿ ਵਿਆਨਾ ਦਾ ਅਦੀਬ ਕਾਰਲ ਕਰੌਸ਼ ਕਹਿੰਦਿਆਂ ਨਾ ਥੱਕਦਾ ਸੀ । ਜਦੋਂ ਲੋਕ ਜ਼ੁਬਾਨ ਦੇ ਨਾਲ ਖਿਲਵਾੜ ਕਰਦੇ ਹਨ ਤਾਂ ਉਸਦਾ ਲਾਜ਼ਮੀ ਹੀ ਨਤੀਜਾ ਬੇਈਮਾਨੀ ਹੁੰਦਾ ਹੈ । ਵਿਆਕਰਣ ਦੀ ਮਾਮੂਲੀ ਜਿਹੀ ਗਲਤੀ ਕਰਕੇ ਅਰਥਾਂ ਦਾ ਅਨਰਥ ਹੋ ਜਾਂਦਾ ਹੈ । ਇਸੇ ਲਈ ਗ਼ਲਤ ਜਗ੍ਹਾ ਲਾਇਆ ਗਿਆ ਇੱਕ ਕਾਮਾ ਵੀ ਤਬਾਹੀ ਲਿਆ ਸਕਦਾ ਹੈ । ਅਜਿਹੀ ਅੱਗ ਭੜਕਾ ਸਕਦਾ ਹੈ ਜੋ ਦੁਨੀਆਂ ਭਰ ਦੇ ਜੰਗਲਾਂ ਨੂੰ ਮਚਾ ਕੇ ਰਾਖ ਕਰ ਦੇਵੇ । ਪਰ ਪ੍ਰੋ. ਸਾਹਿਬ ਦਾ ਇਹ ਵਾਕਿਆ ਇਹ ਵੀ ਦੱਸਦਾ ਹੈ ਕਿ ਜ਼ੁਬਾਨ ਰੂਪੀ ਸੱਚ ਦੀ ਇੱਜ਼ਤ ਕਰਕੇ ਵਿਅਕਤੀ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਮਾਅਨੀ ਬਣਾ ਸਕਦਾ ਹੈ । ਆਪਣੇ ਪੈਰਾਂ ਉੱਤੇ ਜ਼ਿਆਦਾ ਮਜਬੂਤੀ ਨਾਲ ਖੜ੍ਹਾ ਹੋ ਸਕਦਾ ਹੈ । ਦੁਨੀਆਂ ਵਿੱਚ ਨਿੱਕਲ ਕੇ ਇੱਕ ਸੈਰ ਦਾ ਨਜ਼ਾਰਾ ਲੈ ਸਕਦਾ ਹੈ ਅਤੇ ਖੁੱਲ਼ੀ ਹਵਾ ਵਿੱਚ ਸਾਹ ਲੈ ਸਕਦਾ ਹੈ । ਕੌਣ ਦੱਸ ਸਕਦਾ ਹੈ ਕਿ ਕਿੰਨੀਆਂ ਚੀਜ਼ਾਂ, ਸਾਡੀਆਂ ਖੁਸ਼ੀਆਂ ਸਾਡੇ ਮਹਿਸੂਸ ਕੀਤੇ ਬਿਨਾਂ ਉਹਨਾਂ ਦਰੁਸਤੀਆਂ ਦੀ ਵਜ੍ਹਾ ਕਰਕੇ ਹਨ ਜੋ ਕਦੇ ਸਾਡੇ ਉਸਤਾਦਾਂ ਨੇ ਸਾਡੀਆਂ ਕਾਪੀਆਂ ਵਿੱਚ ਲਾਲ ਪੈਂਸਲਾਂ ਨਾਲ ਕੀਤੀਆਂ ਸਨ!

ਨੋਟ – ਪੰਜਾਬੀ ਭਾਸ਼ਾ ਵਿੱਚ ਵਰਤੇ ਜਾਂਦੇ ਦੋ ਪ੍ਰਕਾਰ ਦੇ ਲਿੰਗਾਂ ਦੇ ਉਲ਼ਟ ਜਰਮਨ ਭਾਸ਼ਾ ਵਿੱਚ ਤਿੰਨ ਪ੍ਰਕਾਰ ਦੇ ਲਿੰਗ ਵਰਤੇ ਜਾਂਦੇ ਹਨ – ਪੁਲਿੰਗ, ਇਸਤਰੀ ਲਿੰਗ ਅਤੇ ਨਪੁੰਸਕ ਲਿੰਗ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements