ਗਜਲ •ਕੁਲਵਿੰਦਰ ਬੱਛੋਆਣਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਿਹਾ ਉਸਨੇ ਜੋ ਮੂੰਹ ਆਇਆ, ਜੋ ਹੱਥ ਆਇਆ ਵਗਾਹ ਦਿੱਤਾ
ਸੁਭਾਵਕ ਹੀ ਜਦੋਂ  ਮੈਂ  ਉਸ ਨੂੰ  ਸ਼ੀਸ਼ਾ   ਦਿਖਾ   ਦਿੱਤਾ

ਤੂੰ  ਮੇਰੇ  ਵਾਂਗ  ਚੁੱਪ  ਹੋਣਾ  ਸਮੇਂ  ਸਿਰ  ਖੌਲਣਾ  ਸਿੱਖੀਂ
ਕਿਨਾਰੇ  ‘ਤੇ  ਖੜ੍ਹੇ  ਬੰਦੇ  ਨੂੰ  ਸਾਗਰ  ਨੇ  ਸੁਝਾਅ  ਦਿੱਤਾ

ਤੂੰ ਜਿਸ ਪੱਥਰ ਨੂੰ ਪੂਜਾ-ਘਰ ‘ਚ ਰੱਖ ਆਇਆ ਸੀ, ਉਹਨੇ ਤਾਂ
ਝੁਕੇ ਸਜਦੇ  ‘ਚ  ਹਰ  ਇੱਕ  ਸੀਸ ਨੂੰ  ਪੱਥਰ  ਬਣਾ  ਦਿੱਤਾ

ਮਸੂਮਾਂ ਦੇ ਕਤਲ ਨੂੰ ਦੇਖ  ਵੀ ਜੋ ਕੁਸਕਦਾ  ਤੱਕ  ਨਈਂ
ਐ  ਮੇਰੇ  ਰਹਿਬਰੋ   ਮੈਨੂੰ   ਤੁਸੀਂ   ਕੈਸਾ  ਖ਼ੁਦਾ  ਦਿੱਤਾ

ਤੂੰ ਅਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰ ਹਰੇਕ ਉੱਤਰ
ਮੇਰੇ ਹਰ ਪ੍ਰਸ਼ਨ ‘ਤੇ ਉਹਨਾਂ ਇਹੋ ਫ਼ਿਕਰਾ ਸੁਣਾ ਦਿੱਤਾ

ਮੇਰੀ ਸੰਵੇਦਨਾ ਵਿੱਛੜ ਗਈ ਜੇਕਰ ਮੇਰੇ ਦਿਲ ਤੋਂ
ਤਾਂ ਸ਼ਾਇਰ ਕੀ, ਮੈਂ ਬੰਦਾ ਹੋਣ ਦਾ ਹੱਕ ਵੀ ਗਵਾ ਦਿੱਤਾ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements