ਗਾਂ ਦੇ ਨਾਮ ‘ਤੇ ਦਿਨੋਂ-ਦਿਨ ਘਿਨਾਉਣੀ ਹੁੰਦੀ ਸਿਆਸਤ ਤੇ “ਘੁਰਕੀਆਂ” ਰਾਹੀਂ ਲਿੱਪਾ-ਪੋਚੀ ਕਰਦਾ ਮੋਦੀ

cow-politics_opt_0

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗਾਂ ਦੇ ਨਾਂ ਉੱਪਰ ਹੁੰਦੀ ਗੁੰਡਾਗਰਦੀ ‘ਤੇ ਆਖਰ 7 ਅਗਸਤ ਨੂੰ ਮੋਦੀ ਨੇ ਚੁੱਪ ਤਾਂ ਤੋੜੀ ਹੈ ਪਰ “ਮਨ ਕੀ ਬਾਤ” ਨਾ ਆਖੀ। ਹਿੰਦੂਤਵ ਦੇ ਏਜੰਡੇ ਨਾਲ ਸਿੱਧੇ ਜੁੜਦੇ ਮਸਲਿਆਂ ‘ਤੇ 2014 ਚੋਣਾਂ ਤੋਂ ਪਹਿਲਾਂ ਮੋਦੀ ਸ਼ੇਰ ਵਾਂਗ ਦਹਾੜਦਾ ਰਹਿੰਦਾ ਸੀ ਪਰ ਸੱਤ੍ਹਾ ‘ਚ ਆਉਣ ਤੋਂ ਬਾਅਦ ਉਸਨੇ ਭਖਵੇਂ ਮਸਲਿਆਂ ‘ਤੇ ਲਗਾਤਾਰ ਚੁੱਪ ਵੱਟੀ ਰੱਖੀ ਹੈ। ਗੁਜਰਾਤ ਵਿੱਚ ‘ਗਊ ਰਕਸ਼ਾ ਦਲਾਂ ਵਾਲਿਆਂ ਦੀ ਗੁੰਡਾਗਰਦੀ ਮਗਰੋਂ ਉੱਥੋਂ ਦੇ ਦਲਿਤਾਂ ਨੇ ਇਹਨਾਂ ਸੰਘੀਆਂ, ਫਾਸੀਵਾਦੀਆਂ ਤੇ ਜਾਤੀਵਾਦੀਆਂ ਨੂੰ ਜੋ ਤ੍ਰੇਲੀਆਂ ਲਿਆਂਦੀਆਂ ਹਨ ਉਸ ਮਗਰੋਂ ਮੂੰਹ ਖੋਲਣਾ ਮੋਦੀ ਦੀ ਮਜਬੂਰੀ ਬਣ ਗਈ ਸੀ। ਸਗੋਂ ਜਿਸ ਤਰ੍ਹਾਂ ਹਰ ਭਖਵੇਂ ਮਸਲੇ ‘ਤੇ ਮੋਦੀ ਚੁੱਪ ਵੱਟੀ ਰੱਖਦਾ ਸੀ ਉਸ ਤੋਂ ਤਾਂ ਇਹ ਸਵਾਲ ਵੀ ਉੱਠਣ ਲੱਗ ਪਏ ਸਨ ਕਿ ਕੀ ਮੋਦੀ ਦੇ ਜੀਭ ਵੀ ਹੈ।

ਆਪਣੇ ਤਾਜਾ ਬਿਆਨ ‘ਚ ਮੋਦੀ ਨੇ ਗਾਂਵਾਂ ਦੇ ਰਾਖਿਆਂ ਪ੍ਰਤੀ ਤਿੱਖੇ ਤੇਵਰ ਦਿਖਾਏ ਹਨ। ਉਸਦਾ ਕਹਿਣਾ ਹੈ ਕਿ ਉਸਨੂੰ ਇਹਨਾਂ ਗੈਰ-ਸਮਾਜੀ ਤੱਤਾਂ ਉੱਪਰ ਗੁੱਸਾ ਆ ਰਿਹਾ ਹੈ ਜੋ ਗਊ ਰੱਖਿਆ ਦੇ ਨਾਮ ‘ਤੇ ਆਪਣੀਆਂ ਦੁਕਾਨਾਂ ਚਲਾਉਂਦੇ ਹਨ। ਇਹਨਾਂ ‘ਚੋਂ 80 ਫੀਸਦੀ ਰਾਤ ਨੂੰ ਗੈਰ-ਕਨੂੰਨੀ ਸਰਗਰਮੀਆਂ ਕਰਦੇ ਹਨ ਤੇ ਦਿਨ ਵੇਲੇ ਗਊ ਰੱਖਿਅਕ ਬਣ ਜਾਂਦੇ ਹਨ। ਗਊ ਦੇ ਰਾਖਿਆਂ ਖਿਲਾਫ ਇਹਨਾਂ “ਤਿੱਖੀਆਂ” ਟਿੱਪਣੀਆਂ ਤੋਂ ਅਗਲੇ ਦਿਨ ਬਾਅਦ ਮੋਦੀ ਨੇ ਫੇਰ ਭਾਸ਼ਣ ਦਿੱਤਾ, ਪਰ ਜਰ੍ਹਾ ਸੰਭਲਦੇ ਹੋਏ। ਦੂਜੇ ਦਿਨ ਮੋਦੀ ਨੇ ਕਿਹਾ ਕਿ ਉਹ ਗਊ ਰੱਖਿਆ ਦੇ ਖਿਲਾਫ ਨਹੀਂ ਹਨ ਸਗੋਂ ‘ਨਕਲੀ’ ਗਊ ਰਾਖਿਆਂ ਦੇ ਖਿਲਾਫ ਹਨ। ਉਸਨੇ ਕਿਹਾ ਕਿ ਸਾਨੂੰ ‘ਅਸਲੀ’ ਤੇ ‘ਨਕਲੀ’ ਗਊ ਰਾਖਿਆਂ ਵਿਚਕਾਰ ਫਰਕ ਕਰਨਾ ਚਾਹੀਦਾ ਹੈ ਅਤੇ ਉਸਨੇ ‘ਅਸਲੀ’ ਗਊ ਰਾਖਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਵੀ ‘ਨਕਲੀ’ ਗਊ ਰਾਖਿਆਂ ਨੂੰ ਨੰਗੇ ਕਰਨ ‘ਚ ਮਦਦ ਕਰਨ।

ਮੋਦੀ ਤੋਂ ਅਗਲੇ ਦਿਨ ਬਾਅਦ ਹੀ ਰਾਸ਼ਟਰੀ ਸਵੈਸੇਵਕ ਸੰਘ ਨੇ ਵੀ ਗਊ ਰਾਖਿਆਂ ਦੀ ਗੁੰਡਾਗਰਦੀ ਖਿਲਾਫ ਬਿਆਨ ਦਾਗ ਦਿੱਤੇ। ਰਸਸ ਦੇ ਆਗੂ ਸੁਰੇਸ਼ ਭਾਈਆਜੀ ਜੋਸ਼ੀ ਨੇ ਕਿਹਾ ਕੁੱਝ ਥਾਵਾਂ ‘ਤੇ ਕੁੱਝ ਸਮਾਜ ਵਿਰੋਧੀ ਅਨਸਰ ਕਨੂੰਨ ਨੂੰ ਹੱਥ ‘ਚ ਲੈ ਕੇ ਸ਼ਾਂਤੀ ਭੰਗ ਕਰ ਰਹੇ ਹਨ। ਉਸਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਊ ਰਾਖਿਆਂ ਦੇ ਭੇਸ ਚ ਲੁਕੇ ਸਮਾਜ ਵਿਰੋਧੀ ਤੋਂ ਸੁਚੇਤ ਰਹਿਣ ਤੇ ਉਹਨਾਂ ਨੂੰ ਨੰਗਾ ਕਰਨ। ਪਰ ਨਾਲ ਹੀ ਰਸਸ ਨੇ ਇਹ ਵੀ ਸਾਫ ਕਰ ਦਿੱਤਾ ਕਿ ਉਹ ‘ਨਕਲੀ’ ਗਊ ਰਾਖਿਆਂ ਦੀ ਗੱਲ ਕਰ ਰਹੇ ਹਨ ਤੇ ਗਊ ਰੱਖਿਆ ਦੇ ਆਪਣੇ ਪਵਿੱਤਰ ਕੰਮ ਨੂੰ ਉਹ ਜਾਰੀ ਰੱਖਣਗੇ।

ਭਾਰਤ ‘ਚ ਗਊ ਦੇ ਨਾਮ ‘ਤੇ ਹੁੰਦੀ ਗੁੰਡਾਗਰਦੀ ਹੁਣ ਸਭ ਹੱਦਾਂ-ਬੰਨੇ ਟੱਪਦੀ ਜਾ ਰਹੀ ਹੈ। ਪਿਛਲੇ ਸਾਲ ਇਹਨਾਂ ਫਿਰਕੂ ਗੁੰਡਿਆਂ ਨੇ ਉੱਤਰ-ਪ੍ਰਦੇਸ਼ ਦੇ ਦਾਦਰੀ ‘ਚ ਮੁਹੰਮਦ ਇਖਲਾਕ ਨਾਮੀ ਨੌਜਵਾਨ ਨੂੰ ਗਾਂ ਦਾ ਮਾਸ ਖਾਣ ਦੇ ਝੂਠੇ ਦੋਸ਼ ਵਿੱਚ ਭੀੜ ਰਾਹੀਂ ਕੁੱਟ ਕੇ ਮਰਵਾ ਦਿੱਤਾ ਸੀ। ਉਦੋਂ ਵੀ ਪੁਲਿਸ ਮਾਰੇ ਗਏ ਨੌਜਵਾਨ ਦੀ ਜਾਂਚ ਕਰਨ ਦੀ ਥਾਂ ਇਸ ਗੱਲ ਵਿੱਚ ਵਧੇਰੇ ਦਿਲਚਸਪੀ ਲੈ ਰਹੀ ਸੀ ਕਿ ਜੋ ਮਾਸ ਉਹ ਖਾ ਰਿਹਾ ਸੀ ਉਹ ਗਊ ਦਾ ਸੀ ਕਿ ਨਹੀਂ। ਇੱਕ ਹੋਰ ਘਟਨਾ ਵਿੱਚ ਇਹਨਾਂ ਗਊ ਰਾਖਿਆਂ ਵੱਲੋਂ ਝਾਰਖੰਡ ‘ਚ 12 ਸਾਲਾ ਇਨਾਇਤਉੱਲਾ ਖਾਨ ਨੂੰ ਕੁੱਟ ਕੇ ਮਾਰਨ ਮਗਰੋਂ ਦਰਖਤ ਨਾਲ ਫਾਹੇ ਟੰਗ ਦਿੱਤਾ ਗਿਆ ਸੀ। ਇਸ ਸਾਲ ਜੂਨ ਮਹੀਨੇ ਗੁੜਗਾਓਂ ‘ਚ ਦੋ ਨੌਜਵਾਨਾਂ ਨੂੰ ਬੀਫ ਲਿਜਾਣ ਦੇ ਦੋਸ਼ ‘ਚ ਕੁੱਟ ਕੇ ਗੋਹਾ ਖਵਾਇਆ ਗਿਆ ਤੇ ਉਸਦੀ ਵੀਡੀਓ ਇੰਟਰਨੈੱਟ ‘ਤੇ ਨਸ਼ਰ ਕੀਤੀ ਗਈ। ਅਜਿਹੀਆਂ ਹੋਰ ਵੀ ਸੈਂਕੜੇ ਵਾਰਦਾਤਾਂ ਹੋਈਆਂ ਹਨ ਜਿਹਨਾਂ ਦੇ ਇਹ ਗਊ ਰੱਖਿਅਕ ਖੁਦ ਵੀਡੀਓ ਬਣਾ ਕੇ ਇੰਟਰਨੈੱਟ ‘ਤੇ ਪਾਉਂਦੇ ਹਨ ਤੇ ਸੋਸ਼ਲ ਮੀਡੀਆ ‘ਤੇ ਆਪਣੀਆਂ ਗੁੰਡਾਗਰਦੀ ਦੀਆਂ ਕਾਰਵਾਈਆਂ ਦੀਆਂ ਬੜਕਾਂ ਮਾਰਦੇ ਹਨ। ਇਸਦੇ ਬਾਵਜੂਦ ਨਾ ਤਾਂ ਕਦੇ ਸਰਕਾਰਾਂ ਨੂੰ ਇਹਨਾਂ ਤੋਂ ਕੋਈ ਦਿੱਕਤ ਹੋਈ, ਨਾ ਇਹ ਕਨੂੰਨ ਦੀਆਂ ਨਜਰਾਂ ‘ਚ ਦੋਸ਼ੀ ਬਣੇ ਤੇ ਨਾ ਹੀ ਕਦੇ ਇਹਨਾਂ ਖਿਲਾਫ ਕੋਈ ਕਾਰਵਾਈ ਹੋਈ।

ਹੁਣ ਜੁਲਾਈ ਮਹੀਨੇ ਊਨਾ (ਗੁਜਰਾਤ) ‘ਚ ਮਰੀ ਹੋਈ ਗਾਂ ਦੀ ਖੱਲ ਲਾਹ ਰਹੇ ਚਾਰ ਦਲਿਤ ਨੌਜਵਾਨਾਂ ਨੂੰ ਗਊ ਰਾਖਿਆਂ ਨੇ ਬੇਰਹਿਮੀ ਨਾਲ ਕੁੱਟਿਆ ਤੇ ਸ਼ਹਿਰ ‘ਚ ਘੁਮਾਇਆ। ਪੁਲਿਸ ਨਾ ਸਿਰਫ ਚੁੱਪਚਾਪ ਤਮਾਸ਼ਾ ਦੇਖਦੀ ਰਹੀ ਸਗੋਂ ਪੁਲਿਸ ਨੇ ਖੁਦ ਇਹਨਾਂ ਨੂੰ ਗਊ ਰੱਖਿਅਕਾਂ ਦੇ ਹਵਾਲੇ ਕੀਤਾ ਸੀ। ਬਾਅਦ ‘ਚ ਹੋਈ ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਉਹ ਗਊ ਸ਼ੇਰ ਦੁਆਰਾ ਮਾਰੀ ਗਈ ਸੀ ਤੇ ਉਹ ਨੌਜਵਾਨ ਮਰੀਆਂ ਹੋਈਆਂ ਗਊਆਂ ਨੂੰ ਠਿਕਾਣੇ ਲਾਉਣ ਦਾ ਆਪਣਾ ਕੰਮ ਹੀ ਕਰ ਰਹੇ ਸਨ। ਇਸ ਕੁੱਟਮਾਰ ਦੀ ਵੀਡੀਓ ਇੰਟਰਨੈੱਟ ‘ਤੇ ਆਉਣ ਮਗਰੋਂ ਗੁਜਰਾਤ ਦੀਆਂ ਸੜਕਾਂ ‘ਤੇ ਦਲਿਤਾਂ ਦਾ ਗੁੱਸਾ ਭੜਕ ਉੱਠਿਆ। ਉਹਨਾਂ ਨੇ ਜਾਤੀਵਾਦੀ ਢਾਂਚੇ ਵੱਲੋਂ ਉਹਨਾਂ ਨੂੰ ਮਰੀਆਂ ਗਾਵਾਂ ਸਾਂਭਣ ਦੇ ਦਿੱਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਮਰੀਆਂ ਗਾਵਾਂ ਸਰਕਾਰੀ ਦਫਤਰਾਂ ਅੱਗੇ ਸੁੱਟ ਕੇ ਜਾਤੀਵਾਦੀ ਗਊ ਭਗਤਾਂ ਨੂੰ ਖੁਦ ਹੀ ਮਰੀਆਂ ਗਾਵਾਂ ਸਾਂਭਣ ਦਾ ਸੱਦਾ ਦਿੱਤਾ। ਇਸ ਵਿਰੋਧ ਦੀ ਲਹਿਰ ‘ਚ ਚਾਰ ਦਲਿਤ ਨੌਜਵਾਨਾਂ ਵੱਲੋਂ ਖੁਦਕੁਸ਼ੀ ਕਰਨ ਮਗਰੋਂ ਇਹ ਮਾਮਲਾ ਹੋਰ ਵੀ ਭਖ ਗਿਆ। ਲੋਕਾਂ ਦਾ ਗੁੱਸਾ ਸੰਭਲਦਾ ਨਾ ਵੇਖ ਕੇ ਗੁਜਾਰਤ ਦੀ ਮੁੱਖ ਮੰਤਰੀ ਅਨੰਦੀਬੇਨ ਅਸਤੀਫਾ ਦੇ ਗਈ। ਇਸੇ ਮਹੌਲ ਤੋਂ ਘਬਰਾ ਕੇ ਹੀ ਮੋਦੀ ਨੂੰ ਮੂੰਹ ਖੋਲਣ ਲਈ ਮਜ਼ਬੂਰ ਹੋਣਾ ਪਿਆ।

ਭਾਰਤ ਵਿੱਚ ਰਸਸ ਦੀ ਅਗਵਾਈ ‘ਚ ਹਿੰਦੂ ਕੱਟੜਪੰਥ ਦਾ ਜੋ ਹਮਲਾ ਹੋ ਰਿਹਾ ਹੈ ਉਸ ਵਿੱਚ ਪਵਿੱਤਰ ਗਾਂ ਦੀ ਮਿੱਥ ਘੜਨਾ ਤੇ ਇਸਨੂੰ ਇੱਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਆਪਣੇ ਕੱਟੜਪੰਥੀ ਉਦੇਸ਼ ਲਈ ਰਾਸ਼ਟਰੀ ਸਵੈਸੇਵਕ ਸੰਘ ਕਈ ਸਮਾਜਿਕ ਮੰਚਾਂ ਦੇ ਰੂਪ ‘ਚ ਕੰਮ ਕਰਦਾ ਹੈ ਤੇ ‘ਗਊ ਰਕਸ਼ਾ ਦਲ’ ਉਸਦੇ ਸਮਾਜਿਕ ਥੰਮਾਂ ‘ਚੋਂ ਇੱਕ ਹੈ ਅਤੇ ਭਾਜਪਾ ਉਸਦਾ ਸਿਆਸੀ ਮੰਚ ਹੈ। ਸੱਤ੍ਹਾ ‘ਤੇ ਕਾਬਜ ਭਾਜਪਾ ਸੰਘ ਦੇ ਇਹਨਾਂ ਸਮਾਜਿਕ ਮੰਚਾਂ ਦੀ ਗੁੰਡਾਗਰਦੀ, ਦਹਿਸ਼ਤਗਰਦੀ, ਭਗਵੇਂਕਰਨ ਤੇ ਸਮਾਜ-ਵਿਰੋਧੀ ਕਾਰਵਾਈਆਂ ਨੂੰ ਸੁਰੱਖਿਅਤ ਮੈਦਾਨ ਮੁਹੱਈਆ ਕਰਵਾਉਂਦੀ ਹੈ। ਇਹ ਕੋਈ ਸਬੱਬੀ ਗੱਲ ਨਹੀਂ ਕਿ ਗਊ ਰਾਖੀ ਸਮੇਤ ਹਿੰਦੂ ਕੱਟੜਪੰਥੀਆਂ ਦੀਆਂ ਗੁੰਡਾਗਰਦੀ ਤੇ ਦਹਿਸ਼ਤਗਰਦੀ ਦੀਆਂ ਕਰਾਵਾਈਆਂ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਵਧੀਆਂ ਹਨ। ਭਾਰਤੀ ਦੇ ਇਹ ਫਾਸੀਵਾਦੀ ਜਰਮਨੀ ਦੇ ਫਾਸੀਵਾਦੀ ਹਿਟਲਰ ਦੇ ਵਾਰਸ ਹਨ, ਪਰ ਇਹਨਾਂ ਨੇ ਆਪਣੇ ਪੁਰਖੇ ਹਿਟਲਰ ਦੀ ਹੂ-ਬ-ਹੂ ਨਕਲ ਕਰਨ ਦੀ ਥਾਂ ਉਸਦੀਆਂ ਗਲਤੀਆਂ ਨੂੰ ਸੁਧਰਾਨ ਦੀ ਕੋਸ਼ਿਸ਼ ਵੀ ਕੀਤੀ ਹੈ। ਸੰਘ ਦੇ ਸਮਾਜਿਕ ਮੰਚ ਤਾਂ ਆਪਣੀਆਂ ਫਿਰਕੂ ਕਾਰਵਾਈਆਂ ਉਵੇਂ ਹੀ ਜਾਰੀ ਰੱਖਦੇ ਹਨ ਪਰ ਸਿਆਸੀ ਮੰਚ ‘ਤੇ ਸੱਤਾ ਵਿੱਚ ਮੌਜੂਦ ਭਾਜਪਾ ਹਿਟਲਰ ਵਾਂਗ ਉਹੀ ਭਾਸ਼ਾ ਬੋਲਣ ਦੀ ਥਾਂ ਜਾਂ ਤਾਂ ਇਹਨਾਂ ਕਾਰਵਾਈਆਂ ‘ਤੇ ਚੁੱਪ ਰਹਿੰਦੀ ਹੈ ਜਾਂ ਰਸਮੀ ਵਿਰੋਧ ਕਰਦੀ ਹੈ ਤੇ ਇੰਝ ਉਹਨਾਂ ਨਾਲੋਂ ਆਪਣਾ ਵਖਰੇਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਮੋਦੀ ਵਰਗਾ ਕੋਈ ਸਿਆਸੀ ਚਿਹਰਾ ”ਘੁਰਕੀ” ਵਿਖਾਉਂਦਾ ਹੈ ਤਾਂ ਸੰਘ ਦੇ ਫਿਰਕੂ ਕਾਰਕੁੰਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਸਿਰਫ ਜੁਮਲਾ ਹੈ ਤੇ ਇਸਦਾ ਅਸਲ ਮਤਲਬ ਹੈ “ਸ਼ਾਬਸ਼, ਸ਼ਾਬਾਸ਼,ਖਿੱਚੀ ਚੱਲੋ ਕੰਮ।”

ਜਿੱਥੋਂ ਤੱਕ ਮੋਦੀ ਜਾਂ ਸੰਘ ਦੇ ਕਹਿਣ ਮੁਤਾਬਕ ‘ਅਸਲੀ’ ਤੇ ‘ਨਕਲੀ’ ਗਊ ਰਾਖਿਆਂ ਦਾ ਸਵਾਲ ਹੈ ਤਾਂ ਇਸ ਵਿੱਚ ਕੁੱਝ ਅੰਸ਼ਕ ਸੱਚਾਈ ਵੀ ਹੈ। ਇੱਕ ਗਊ ਰੱਖਿਆ ਉਹ ਹਨ ਜੋ ਸੰਘ ਦੇ ਕਾਰਕੁੰਨ ਹਨ ਤੇ ਉਹਨਾਂ ਦੇ ਇਸ਼ਾਰਿਆਂ ‘ਤੇ ਚਲਦੇ ਹਨ, ਇਹਨਾਂ ਦੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਆਪ ਮੁਹਾਰੇ ਤੌਰ ‘ਤੇ ਵੀ ਅਨੇਕਾਂ ਗਊ ਰੱਖਿਅਕ ਦਲ ਉੱਭਰੇ ਹਨ ਜੋ ਸਿੱਧੇ ਸੰਘ ਦੇ ਕੰਟਰੋਲ ‘ਚ ਨਹੀਂ ਹਨ। ਪਰ ਇਹਨਾਂ ਆਪ-ਮੁਹਾਰੇ ਉੱਗੇ ਗਊ ਰਾਖਿਆਂ ਨੂੰ ਸੰਘ ਤੇ ਭਾਜਪਾ ਵੱਲੋਂ ਹੀ ਸਿੱਧੀ-ਅਸਿੱਧੀ ਸ਼ਹਿ ਹਾਸਲ ਹੋਈ ਹੈ। ਇਸਦਾ ਮਤਲਬ ਇਹ ਨਹੀਂ ਹੈ ਕਿ ਗਊ ਦੇ ਨਾਮ ‘ਤੇ ਗੁੰਡਾਗਰਦੀ ਕਰਨ ਵਾਲੇ ਸਭ “ਨਕਲੀ” ਹੀ ਹਨ ਸਗੋਂ ਇਹਨਾਂ ਵਿੱਚ ਰਾਸ਼ਟਰੀ ਸਵੈਸੇਵਕ ਤੇ ਇਸਦੀਆਂ ਜਥੇਬੰਦੀਆਂ ਦੇ ਕਾਰਕੁੰਨ ਕਾਫੀ ਗਿਣਤੀ ‘ਚ ਹਨ। ਪਰ ਮੋਦੀ ਤੇ ਸੰਘ ਵੱਖਰੇ ਅਰਥਾਂ ‘ਚ ‘ਅਸਲੀ’ ਤੇ ‘ਨਕਲੀ’ ਦਾ ਫਰਕ ਘੜ ਰਹੇ ਹਨ। ਮੋਦੀ ਤੇ ਸੰਘ ਦੇ ਬਿਆਨਾਂ ਤੋਂ ਇਹ ਗੱਲ ਤਾਂ ਸਾਫ ਹੈ ਕਿ ਉਹ ਗਊ ਰੱਖਿਆ ਦੇ ਨਾਂ ‘ਤੇ ਹੁੰਦੀ ਕੁੱਲ ਗੁੰਡਾਗਰਦੀ, ਫਿਰਕੂ ਸਿਆਸਤ ਦੇ ਖਿਲਾਫ ਨਹੀਂ ਹਨ ਸਗੋਂ ਸਿਰਫ ਉਸ ਗੁੰਡਾਗਰਦੀ ਦੇ ਖਿਲਾਫ ਹੈ ਜਿਹੜੀ ਜਿਆਦਾ ਖੁੱਲ੍ਹ ਲੈਦੀਂ ਹੋਈ ਅਜਿਹੀਆਂ ਕਰਤੂਤਾਂ ਕਰ ਰਹੀ ਹੈ ਜਿਸ ਨਾਲ ਗਊ ਦੇ ਨਾਮ ‘ਤੇ ਹੁੰਦੀ ਸਿਆਸਤ ਤੇ ਗੁੰਡਾਗਰਦੀ ਦੀ ਬਦਨਾਮੀ ਹੋ ਰਹੀ ਹੈ। ਬਦਨਾਮੀ ਦਾ ਕਾਰਨ ਬਣਨ ਵਾਲੀਆਂ ਇਹਨਾਂ ਕਾਰਵਾਈਆਂ ਨੂੰ ਹੀ ਉਹ ‘ਨਕਲੀ’ ਦੱਸ ਕੇ ਉਹਨਾਂ ਤੋਂ ਆਪਣੇ-ਆਪ ਨੂੰ ਵੱਖਰਾ ਕਰ ਰਹੇ ਹਨ ਤੇ ਆਪਣੀ ਬਦਨਾਮੀ ਢਕਣ ਦੀ ਕੋਸ਼ਿਸ਼ ਕਰ ਰਹੇ ਹਨ, ਸਗੋਂ ਨਾਲ ਹੀ ਉਹ ‘ਅਸਲੀ’ ਗਊ ਰਾਖਿਆਂ ਦਾ ਭਰਮ ਖੜਾ ਕਰਕੇ ਗਊ ਦੇ ਨਾਮ ‘ਤੇ ਹੁੰਦੀ ਕੁੱਲ ਫਿਰਕੂ ਸਿਆਸਤ ਦੀ ਲਿੱਪਾ-ਪੋਚੀ ਵੀ ਕਰ ਰਹੇ ਹਨ। ਇਹਦੇ ਲਈ ਸਤੀਸ਼ ਕੁਮਾਰ ਵਰਗੇ ਇੱਕਾ-ਦੁੱਕਾ ਛੋਟੇ ਗੁੰਡਿਆਂ ਨੂੰ ਕਨੂੰਨ ਦੀ ਨੱਥ ਪਾਉਣ ਦਾ ਡਰਾਮਾ ਵੀ ਰਚਿਆ ਜਾ ਰਿਹਾ ਹੈ।

ਹਿੰਦੂ ਧਰਮ ਮੁਤਾਬਕ ਵੀ ਗਾਂ ਕੋਈ ਪਵਿੱਤਰ ਜੀਵ ਨਹੀਂ ਹੈ ਸਗੋਂ ਵੈਦਿਕ ਯੁੱਗ ‘ਚ ਗਊ ਦਾ ਮਾਸ ਖਾਧਾ ਜਾਂਦਾ ਸੀ ਤੇ ਅੱਜ ਵੀ ਹਿੰਦੂਆਂ ਦਾ ਇੱਕ ਹਿੱਸਾ ਗਊ ਮਾਸ ਖਾਂਦਾ ਹੈ। ਇਸ ਤੋਂ ਬਿਨਾਂ ਅੱਜ ਭਾਰਤ ਸੰਸਾਰ ‘ਚ ਸਭ ਤੋਂ ਵੱਡਾ ਬੀਫ ਉਤਪਾਦਕ ਦੇਸ਼ ਹੈ ਤੇ ਭਾਰਤ ਚ ਬੀਫ ਦੇ ਕਾਰੋਬਾਰ ਚ ਹਿੰਦੂ ਬਹੁਗਿਣਤੀ ਹਨ। ਭਾਜਪਾ ਵੱਲੋਂ ਬੀਫ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਤੋਂ ਚੰਦੇ ਲੈਣ ਦੇ ਖੁਲਾਸੇ ਹੋ ਚੁੱਕੇ ਹਨ। ਇਸ ਹਾਲਤ ਵਿੱਚ ਗਾਂ ਨੂੰ ਪਵਿੱਤਰ ਦਾ ਦਰਜਾ ਦੇਣਾ, ਸਰਕਾਰੀ ਜਾਂ ਗੈਰ-ਸਰਕਾਰੀ ਰੂਪ ‘ਚ ਗਾਂ ਦੀ ਰਾਖੀ ਦੇ ਡਰਾਮੇ ਰਚਣਾ ਤੇ ਇਸਦੇ ਅਧਾਰ ਫਿਰਕੂ ਸਿਆਸਤ ਰਾਹੀਂ ਕਿਰਤੀ ਲੋਕਾਂ ਦੇ ਇੱਕ ਹਿੱਸੇ ਨੂੰ ਦੂਜੇ ਹਿੱਸੇ ਵਿਰੁੱਧ ਖੜੇ ਕੀਤਾ ਜਾ ਰਿਹਾ ਹੈ। ਅੱਜ ਗਾਂ ਦਲਿਤਾਂ ਤੇ ਮੁਸਲਮਾਨਾਂ ਵਿਰੁੱਧ ਹਿੰਦੂਆਂ ਨੂੰ ਖੜੇ ਕਰਨ ਦਾ ਹਥਿਆਰ ਬਣ ਚੁੱਕੀ ਹੈ। ਗਊ ਰੱਖਿਆ ਨਾਲ ਜੁੜੇ ਇਹ ਉਹ ਮਸਲੇ ਹਨ ਜੋ ਅੱਜ ਲੋਕਾਂ ਵਿੱਚ ਜੋਰ-ਸ਼ੋਰ ਨਾਲ ਪ੍ਰਚਾਰੇ ਜਾਣ ਦੀ ਲੋੜ ਹੈ ਤੇ ਜਿਹਨਾਂ ਉੱਪਰ ਮੋਦੀ ਨੇ ਆਪਣੇ ਬਿਆਨ ‘ਚ ਚੁੱਪ ਵੱਟੀ ਰੱਖੀ ਹੈ, ਸਗੋਂ ਮੋਦੀ ਕਦੇ ਇਹਨਾਂ ਬਾਰੇ ਬੋਲੇਗਾ ਹੀ ਨਹੀਂ ਕਿਉਂਕਿ ਉਸਦੀ ਗੱਦੀ ਦੇ ਪਾਵੇ ਵੀ ਤਾਂ ਇਸੇ ਫਿਰਕੂ ਸਿਆਸਤ ਉੱਪਰ ਟਿਕੇ ਹੋਏ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements