ਗਾਂ ਦੇ ਨਾਂ ਹੇਠ ਫਾਸੀਵਾਦੀਆਂ ਦੇ ਪਿਛਲੇ ਦੋ ਸਾਲਾਂ ਦੇ ਕਾਰਿਆਂ ਉੱਤੇ ਇੱਕ ਸਰਸਰੀ ਨਜ਼ਰ •ਰਜਿੰਦਰ ਸਿੰਘ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗਾਂ ਦੇ ਨਾਂ ਹੇਠ ਫਾਸੀਵਾਦੀਆਂ ਨੇ ਜੋ ਗੁੰਡਾਗਰਦੀ ਅਤੇ ਕਤਲੋਂਗਾਰਤ ਮਚਾ ਰੱਖੀ ਹੈ ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਸੰਘੀ ਲਾਣਾ ਅਤੇ “ਗਊ ਰੱਖਿਅਕ” ਜਿਵੇਂ ਮੋਦੀ ਦੇ ਸੱਤਾਂ ਵਿੱਚ ਆਉਣ ਤੋਂ ਬਾਅਦ ਭਮੱਤਰੇ ਫਿਰਦੇ ਨੇ ਤੇ ਨਵੀਂਆਂ-ਨਵੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਇਹਨਾਂ ਘਟਨਾਵਾਂ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਬੇਸ਼ਰਮੀ ਨਾਲ਼ ਚੁੱਪ ਧਾਰੀ ਹੋਈ ਹੈ। ਉਲਟਾ ਇਹਨਾਂ ਗਊ ਦਲਾਂ ਨੂੰ ਸਰਕਾਰੀ ਸ਼ੈਅ ਹਾਸਲ ਹੈ। ਲਗਭਗ ਸਾਰੀਆਂ ਹੀ ਘਟਨਾਵਾਂ ਵਿੱਚ ਪੁਲਿਸ ਦਾ ਰੋਲ ਮੂਕਦਰਸ਼ਕ ਵਾਲ਼ਾ ਬਣਿਆ ਰਿਹਾ ਹੈ, ਕਿਤੇ ਕਿਤੇ ਪੁਲਿਸ ਖੁਦ “ਦੋਸ਼ੀਆਂ” ਨੂੰ ਗਊ ਦਲਾਂ ਦੇ ਹਵਾਲੇ ਕਰ ਰਹੀ ਹੈ। ਇਹ ਪੂਰਾ ਕੰਮ ਪੁਲਿਸ ਅਤੇ ਗਊ ਦਲਾਂ ਦੀ ਮਿਲ਼ੀਭੁਗਤ ਨਾਲ਼ ਚੱਲ ਰਿਹਾ ਹੈ। ਕਈ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਵਾਲ਼ੇ ਇਹਨਾਂ ਘਟਨਾਵਾਂ ਉੱਤੇ ਹੱਸਦੇ ਹੋਏ ਪਾਏ ਗਏ ਹਨ। ਨਾਲ਼ ਹੀ ਗਊ ਰੱਖਿਅਕਾਂ ਲਈ ਇਹ ਇੱਕ ਮੁਨਾਫ਼ੇ ਵਾਲ਼ਾ ਧੰਦਾ ਵੀ ਬਣ ਰਿਹਾ ਹੈ। ਅਖ਼ਬਾਰਾਂ ਵਿੱਚ ਛਪੇ ਲੋਕਾਂ ਦੇ ਅੱਡ-ਅੱਡ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਕਈ ਥਾਵਾਂ ਤੇ ਗਊ ਰੱਖਿਅਕਾਂ ਨੇ ਪੈਸੇ ਲੈ ਕੇ “ਦੋਸ਼ੀਆਂ” ਨੂੰ ਬਰੀ ਕੀਤਾ ਹੈ ਅਤੇ ਜੇਕਰ ਤੁਸੀਂ ਪੈਸੇ ਨਹੀਂ ਦੇ ਸਕਦੇ ਤਾਂ ਸਜ਼ਾ ਦੇ ਹੱਕਦਾਰ ਤਾਂ ਹੋ ਹੀ। ਇਹਦੇ ਨਾਲ਼ ਹੀ ਮੁਸਲਮਾਨਾਂ ਉੱਤੇ ਜਾਹਲੀ ਕੇਸਾ ਦਾ ਵੀ ਦੌਰ ਸ਼ੁਰੂ ਹੋਇਆ ਹੈ। (Prohibition of Slaughter and Regulation of Temporary Migration or Export) Act, 1995 ਅਧੀਨ ਇਕੱਲੇ ਰਾਜਸਥਾਨ ਵਿੱਚ 73 ਕੇਸ ਦਰਜ਼ ਹੋਏ ਜਿਹੜੇ ਬਾਅਦ ਵਿੱਚ ਜਾਹਲੀ ਪਾਏ ਗਏ। ਇਸੇ ਤਰਾਂ ਫਰਵਰੀ 2016 ਤੱਕ ਹੀ 85 ਕੇਸ ਦਰਜ਼ ਹੋਏ ਜਿਹੜੇ ਬਾਅਦ ਵਿੱਚ ਜਾਹਲੀ ਪਾਏ ਗਏ। ਖੈਰ ਜ਼ਿਆਦਾ ਵਿਸਥਾਰ ਵਿਚ ਨਾ ਜਾਂਦੇ ਹੋਏ ਅਸੀਂ ਪਿਛਲੇ ਡੇਢ ਕੁ ਸਾਲਾਂ ਦੀਆਂ ਘਟਨਾਵਾਂ ਉੱਤੇ ਇੱਕ ਸਰਸਰੀ ਨਜ਼ਰ ਮਾਰਦੇ ਹਾਂ ਜੋ ਇਹ ਦਿਖਾਉਂਦੀਆਂ ਹਨ ਕਿ ਇਹ ਗਿਣਤੀ ਦੇ ਮਾਮਲੇ ਨਹੀਂ ਸਗੋਂ ਮਾਮਲਿਆਂ ਦੀ ਇੱਕ ਪੂਰੀ ਲੜੀ ਹੈ। ਜ਼ਿਆਦਾਤਰ ਘਟਨਾਵਾਂ ਮੀਡੀਆ ਤੱਕ ਪਹੁੰਚਣ ਤੋਂ ਪਹਿਲਾ ਹੀ ਦਮ ਤੋੜ ਜਾਂਦੀਆਂ ਹਨ। ਹਥਲੀ ਟਿੱਪਣੀ ਵਿੱਚ ਅਸੀਂ ਮਾਰਚ 2015 ਤੋਂ ਸਤੰਬਰ 2016 ਦੀਆਂ ਘਟਨਾਵਾਂ ਉੱਤੇ ਨਜ਼ਰ ਮਾਰਦੇ ਹਾਂ।

4 ਮਾਰਚ 2015 ਨੂੰ ਮਹਾਰਾਸ਼ਟਰ ਦੀ ਸਰਕਾਰ ਨੇ ਗਾਂ ਦੇ ਮਾਸ ਨੂੰ ਖਾਣ ਉੱਤੇ ਪਬੰਦੀ ਲਗਾਈ। ਕਿਸੇ ਕੋਲੋਂ ਮਾਸ ਮਿਲ਼ਣ ਦੀ ਸੂਰਤ ਵਿੱਚ ਨਵੇਂ ਕਨੂੰਨ ਅਨੁਸਾਰ ਪੰਜ ਸਾਲ ਦੀ ਸਜ਼ਾ ਅਤੇ 10,000 ਜੁਰਮਾਨਾ ਲਾਗੂ ਕੀਤਾ ਗਿਆ। ਮਹਾਰਾਸ਼ਟਰ ਵਿੱਚ 1976 ਦਾ ਕਨੂੰਨ ਸਿਰਫ ਗਾਂ ਮਾਰਨ ਉੱਤੇ ਪਬੰਦੀ ਲਗਾਉਂਦਾ ਸੀ ਜਿਸ ਨੂੰ ਕਿ ਬਦਲ ਕਿ ਬਲਦ ਅਤੇ ਸਾਨ ਤੱਕ ਵਧਾਇਆ ਗਿਆ।

16 ਮਾਰਚ 2015 ਨੂੰ ਹਰਿਆਣਾ ਸਰਕਾਰ ਨੇ ਇੱਕ ਬਿਲ ਪਾਸ ਕੀਤਾ ਜਿਸ ਮੁਤਾਬਕ ਗਾਂ ਦਾ ਮਾਸ ਖਾਣ ਉੱਤੇ ਪਬੰਦੀ ਲਗਾਈ ਗਈ ਅਤੇ ਖਾਣ ਦੀ ਸੂਰਤ ਵਿਚ 5 ਸਾਲ ਦੀ ਸਖ਼ਤ ਸਜ਼ਾ ਅਤੇ 50,000 ਤੱਕ ਦਾ ਜ਼ੁਰਮਾਨਾ ਲਾਗੂ ਹੋਇਆ।

30 ਮਈ 2015 ਨੂੰ ਅਬਦਲ ਗਫਰ ਕੁਰੈਸ਼ੀ ਨਾਂ ਦੇ ਸ਼ਖਸ ਨੂੰ ਬਿਰਲੋਕਾ, ਰਾਜਸਥਾਨ ਵਿੱਚ ਖੇਤਾਂ ਵਿੱਚ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਬਾਰੇ ਸੋਸ਼ਲ ਮੀਡੀਆ ਉੱਤੇ ਲਗਾਤਾਰ ਇਹ ਖ਼ਬਰ ਫਲਾਈ ਗਈ ਕਿ ਇੱਕ ਤਿਉਹਾਰ ਲਈ ਉਸ ਨੇ 200 ਗਾਂਵਾਂ ਮਾਰੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਨੇ ਇਕੱਠੀ ਹੋ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

29 ਅਗਸਤ 2015 ਨੂੰ ਦਿੱਲੀ ਦੇ ਮਾਯੂਰ ਵਿਹਾਰ ਇਲਾਕੇ ਚਿੱਲਾ ਪਿੰਡ ਵਿੱਚ ਭੜਕੀ ਹੋਈ ਭੀੜ ਦੀ ਚਾਰ ਡਰਾਇਵਰਾਂ ਨਾਲ਼ ਖਹਿਬਾਜ਼ੀ ਹੋਈ ਜੋ ਮੱਝਾਂ ਨੂੰ ਇੱਕ ਬੁੱਚੜ ਖਾਨੇ ਛੱਡਣ ਜਾ ਰਹੇ ਸਨ।

28 ਸਤੰਬਰ 2015 ਦਾਦਰੀ ਦੇ ਮੁਹੰਮਦ ਇਖਲਾਕ ਨੂੰ ਭੜਕੀ ਹੋਈ “ਭੀੜ” ਨੇ ਗਾਂ ਮਾਰਨ ਅਤੇ ਗਊ ਮਾਸ ਖਾਣ ਦੇ ਸ਼ੱਕ ਹੇਠ ਵਹਿਸ਼ੀ ਢੰਗ ਨਾਲ਼ ਕੁੱਟ-ਕੁੱਟ ਕੇ ਮਾਰ ਦਿੱਤਾ।

1 ਅਕਤੂਬਰ 2015 ਨੂੰ ਕਰਲਾ ਵਰਮਾ ਕਾਲਜ਼ ਤ੍ਰਿਸੂਰ, ਕਾਰਲਾ ਦੇ ਛੇ ਵਿਦਿਆਰਥੀਆਂ ਜਿਹਨਾਂ ਨੇ ਦਾਦਰੀ ਦੀ ਘਟਨਾਂ ਦੇ ਵਿਰੋਧ ਵਿੱਚ ਖੁੱਲੇ ਤੌਰ ਤੇ ਗਾਂ ਦਾ ਮਾਸ ਖਾਣ ਦਾ ਪ੍ਰਬੰਧ ਕੀਤਾ। ਜਿਹਨਾਂ ਨੂੰ ਕਿ ਇਸ “ਦੋਸ਼” ਹੇਠ ਕਾਲਜੋਂ ਬਰਖਾਸਤ ਕਰ ਦਿੱਤਾ ਗਿਆ।

6 ਅਕਤੂਬਰ 2015 ਕਰਨਾਕਟਾ ਵਿੱਚ ਇੱਕ ਮੱਝਾਂ ਗਾਂਵਾਂ ਦੇ ਵਪਾਰੀ ਜਿਸ ਉੱਤੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਲੋਹੇ ਦੀਆਂ ਛੜਾ ਨਾਲ਼ ਹਮਲਾ ਕਰ ਦਿੱਤਾ, ਭੱਜ ਕੇ ਬਾਲ-ਬਾਲ ਬਚਿਆ। ਜਿਸ ਬਾਰੇ ਕਿਸੇ ਨੇ ਇਹ ਅਫਵਾਹ ਫਲਾਈ ਕਿ ਉਹ ਇੱਕ ਗਊ ਤਸਕਰ ਹੈ।

9 ਅਕਤੂਬਰ 2016 ਯੂਪੀ ਦੇ ਮੈਂਨਪੁਰੀ ਜਿਲੇ ਵਿੱਚ ਭੜਕੀ ਹੋਈ ਭੀੜ ਨੇ ਗਾਂ ਨੂੰ ਮਾਰਨ ਦੀ ਇੱਕ ਅਫਵਾਹ ਕਰਕੇ ਹੁੱਲੜਬਾਜ਼ੀ ਕੀਤੀ।

9 ਅਕਤੂਬਰ 2015 ਸ਼੍ਰੀਨਗਰ ਦੇ ਇੱਕ ਟਰੱਕ ਉੱਤੇ ਉਧਮਪੁਰ ਵਿੱਚ ਸੱਜੇ ਪੱਖੀ ਕਾਰਕੁਨਾਂ ਨੇ ਪੈਟਰੋਲ ਬੰਬ ਨਾਲ਼ ਹਮਲਾ ਕੀਤਾ, ਜਿਸ ਵਿੱਚ ਦੋ ਕਸ਼ਮੀਰੀ ਨਾਗਰਿਕ ਅਤੇ ਇੱਕ ਪੁਲਿਸ ਵਾਲ਼ਾ ਸਵਾਰ ਸੀ। ਜਿਹਨਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

16 ਅਕਤੂਬਰ 2015 ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿਲੇ ਵਿੱਚ ਭੀੜ ਨੇ ਇੱਕ ਬੰਦੇ ਨੂੰ ਗਊ ਤਸਕਰੀ ਦੇ ਦੋਸ਼ ਹੇਠ ਮੌਤ ਦੇ ਘਾਟ ਉਤਾਰ ਦਿੱਤਾ।

19 ਅਕਤੂਬਰ 2015 ਭੂਤਰੇ ਹੋਏ ਹਿੰਦੂਤਵੀ ਕਾਰਕੁਨਾਂ ਨੇ ਜੰਮੂ ਅਤੇ ਕਸ਼ਮੀਰ ਦੇ ਐੱਮ.ਐੱਲ.ਏ. ਇੰਜੀਨੀਅਰ ਰਸ਼ੀਦ ਉੱਤੇ ਕਾਲੀ ਸਿਆਹੀ ਸੁੱਟੀ।

3 ਦਸੰਬਰ 2015 ਹਰਿਆਣੇ ਦੇ ਪਲਵਾਲ ਜਿਲੇ ਵਿੱਚ ਹਿੰਸਕ ਘਟਨਾਵਾਂ ਹੋਈਆਂ ਜਦੋਂ ਭੀੜ ਨੇ ਇੱਕ ਮੀਟ ਦਾ ਟਰੱਕ ਰੋਕ ਲਿਆ।

3 ਜਨਵਰੀ 2016 ਨੂੰ ਮੱਧ ਪ੍ਰਦੇਸ਼ ਦੇ ਖਿਰਕੀਯਾ ਰੇਲਵੇ ਸਟੇਸ਼ਨ ਉੱਤੇ ਗਊ ਰੱਖਿਅਕਾਂ ਨੇ ਇੱਕ ਜੋੜੇ ਉੱਤੇ ਇਹ ਕਹਿਕੇ ਹਮਲਾ ਕੀਤਾ ਕਿ ਉਹ ਗਊ ਮਾਸ ਲਿਜਾ ਰਹੇ ਹਨ। ਜਿਹਨਾਂ ਕੋਲੋਂ ਬਰਾਮਦ ਕੁਝ ਵੀ ਨਾ ਹੋਇਆ।

18 ਮਾਰਚ 2016 ਅਜ਼ਲੂਮ ਅੰਸਾਰੀ ਅਤੇ ਓਸ ਦੇ 15 ਸਾਲਾ ਮੁੰਡੇ ਨੂੰ ਕੁੱਟਿਆ ਗਿਆ ਅਤੇ ਬਾਅਦ ਵਿੱਚ ਦਰੱਖਤ ਨਾਲ਼ ਫਾਂਸੀ ਦੇ ਦਿੱਤੀ ਗਈ ਜਿਹੜੇ ਕਿ ਇੱਕ ਪਸ਼ੂ ਮੇਲੇ ਵਿੱਚੋਂ ਗਾਵਾਂ ਨੂੰ ਲਿਜਾ ਰਹੇ ਸਨ। ਇਹ ਘਟਨਾਂ ਝਾਰਖੰਡ ਦੀ ਹੈ। ਗਊ ਰੱਖਿਅਕ ਜਿਨਾਂ ਇਸ ਕਾਰੇ ਨੂੰ ਅੰਜਾਮ ਦਿੱਤਾ ਬਜਰੰਗ ਦਲ ਦੇ ਮੈਂਬਰ ਹਨ।

2 ਅਪ੍ਰੈਲ 2016 ਕੁਰੂਕਸ਼ੇਤਰ, ਹਰਿਆਣੇ ਵਿੱਚ ਮੁਸਤੈਂਨ ਅੰਸਾਰੀ ਜਿਹੜਾ ਕਿ ਮੱਝ ਲਿਜਾ ਰਿਹਾ ਸੀ ਗਊ ਰੱਖਿਅਕਾਂ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 9 ਮਈ ਨੂੰ ਸੀਬੀਆਈ ਜਾਂਚ ਦੇ ਨਿਰਦੇਸ਼ ਦਿੱਤੇ ਹਨ।

6 ਮਈ 2016 ਨੂੰ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਕਿ ਬਾਹਰੋਂ (ਕਨੂੰਨੀ ਬੁੱਚੜ ਖਾਨਿਆਂ ਵਿੱਚੋਂ!) ਖਰੀਦੀਆਂ ਹੋਈਆਂ ਗਊਆਂ ਦਾ ਮਾਸ ਖਾਣ ‘ਤੇ ਕੋਈ ਰੋਕ ਨਹੀਂ ਹੈ ਪਰ ਖਾਣ ਲਈ ਗਊ ਮਾਰਨ ਵਾਲ਼ੇ ਫੈਸਲੇ ਨੂੰ ਓਵੇਂ ਹੀ ਲਾਗੂ ਰੱਖਿਆ।

2 ਜੂਨ 2016 ਰਾਜਸਥਾਨ ਦੇ ਪ੍ਰਤਾਪਗੜ ਵਿੱਚ ਗਊ ਰੱਖਿਅਕਾਂ ਨੇ ਇੱਕ ਵਪਾਰੀ ਨੂੰ ਬੁਰੀ ਤਰਾਂ ਕੁੱਟ ਮਾਰ ਕੀਤੀ ਅਤੇ ਉਸ ਨੂੰ ਨੰਗਾ ਕਰਕੇ ਤਸਵੀਰਾਂ ਲਈਆਂ।

10 ਜੂਨ 2016 ਗੁਡਗਾਓਂ ਵਿੱਚ ਦੋ ਆਦਮੀਆਂ ਨੂੰ ਬੀਫਟ੍ਰਾਂਸ ਪੋਰਟਰ ਹੋਣ ਦੇ ਸ਼ੱਕ ਹੇਠ ਬੁਰੀ ਤਰਾਂ ਕੁੱਟ ਮਾਰ ਕੀਤੀ ਗਈ ਅਤੇ ਗਾਂ ਦਾ ਗੋਹਾ ਖਾਣ ਲਈ ਮਜ਼ਬੂਰ ਕੀਤਾ ਗਿਆ।

10 ਜੁਲਾਈ 2016 ਕਾਰਨਾਟਕਾ ਦੇ ਕੋਪਾ ਵਿੱਚ ਬਜਰੰਗਦਲ ਵਲੋਂ ਇੱਕ ਦਲਿਤ ਪਰਿਵਾਰ ‘ਤੇ ਗਊ ਮਾਸ ਹੋਣ ਦੇ ਸ਼ੱਕ ਹੇਠ ਹਮਲਾ ਕੀਤਾ ਗਿਆ।

11 ਜੁਲਾਈ 2016 ਗੁਜਰਾਤ, ਊਨਾ ਵਿਖੇ ਗਊ ਰੱਖਿਅਕਾਂ ਵਲੋਂ ਦਲਿਤ ਪਰਿਵਾਰ ਦੇ ਸੱਤ ਮੈਂਬਰਾਂ ਨਾਲ਼ ਮਰੀ ਹੋਈ ਗਾਂ ਦੀ ਖੱਲ•ਲਾਉਣ ਦੇ “ਦੋਸ਼” ਹੇਠ ਬੁਰੀ ਤਰਾਂ ਕੁੱਟ ਮਾਰ ਕਰਕੇ ਨੰਗਾ ਘੁਮਾਇਆ ਗਿਆ।

26 ਜੁਲਾਈ 2016 ਮੱਧ ਪ੍ਰਦੇਸ਼ ਦੇ ਮੰਦਸੌਰ ਰੇਲਵੇ ਸਟੇਸ਼ਨ ਉੱਤੇ ਦੋ ਮੁਸਲਿਮ ਔਰਤਾਂ ਨਾਲ਼ ਗਊ ਮਾਸ ਹੋਣ ਦੇ ਸ਼ੱਕ ਹੇਠ ਬੁਰੀ ਤਰਾਂ ਕੁੱਟ ਮਾਰ ਕੀਤੀ ਗਈ।

30 ਜੁਲਾਈ 2016 ਮੁਜ਼ੱਫਰਨਗਰ ਵਿਖੇ ਇੱਕ ਮੁਸਲਮਾਨ ਪਰਿਵਾਰ ਉੱਤੇ ਗਊ ਮਾਰਨ ਦੇ ਸ਼ੱਕ ਹੇਠ ਭੜਕੀ ਹੋਈ ਭੀੜ ਨੇ ਹਮਲਾ ਕੀਤਾ।

5 ਅਗਸਤ 2016 ਲਖਨਊ ਵਿੱਚ ਦਲਿਤ ਨੌਜਵਾਨਾਂ ਨਾਲ਼ ਮਰੀ ਹੋਈ ਗਊ ਦੀ ਚਮੜੀ ਲਾਹੁਣ ਤੋਂ ਨਾ ਕਰਨ ਉੱਤੇ ਬੁਰੀ ਤਰਾਂ ਕੁੱਟ ਮਾਰ ਹੋਈ।

18 ਅਗਸਤ 2016 ਨੂੰ ਪ੍ਰਵੀਨ ਨਾਂ ਦੇ ਬੀਜੇਪੀ ਕਾਰਕੁੰਨ ਨੂੰ ਕਰਨਾਟਕਾ ਵਿੱਚ ਗਊ ਤਸਕਰੀ ਕਰਨ ਦੇ ਸ਼ੱਕ ਹੇਠ ਮੌਤ ਦੇ ਘਾਟ ਉਤਾਰਿਆ ਗਿਆ।

24 ਅਗਸਤ ਹਰਿਆਣੇ ਮੈਵਾਤ ਵਿਖੇ ਇੱਕ ਮੁਸਲਮਾਨ ਪਰਿਵਾਰ ਉੱਤੇ ਗਊ ਰੱਖਿਅਕਾਂ ਨੇ ਹਮਲਾ ਕੀਤਾ। ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਦੋ ਬੁਰੀ ਤਰਾਂ ਜਖ਼ਮੀਂ ਹੋਏ। ਉਹਨਾਂ ਦੀ ਭੈਣ ਨਾਲ਼ ਗਊ ਦਾ ਮਾਸ ਖਾਣ ਦੇ ਦੋਸ਼ ਹੇਠ ਗੈਂਗ ਰੇਪ ਕੀਤਾ ਗਿਆ ।

18 ਸਤੰਬਰ 2016  ਮੁਹੰਮਦ ਅਯੂਬ ਨਾਂ ਦਾ ਵਿਅਕਤੀ ਜਿਹੜਾ ਇੱਕ ਬਲਦ ਅਤੇ ਇੱਕ ਬੱਛੜੇ ਨੂੰ ਲਿਜਾ ਰਿਹਾ ਸੀ, ਰਾਹ ਵਿੱਚ ਹਾਦਸਾ ਹੋਣ ਕਰਕੇ ਬੱਛੜਾ ਮਾਰਿਆ ਜਾਂਦਾ ਹੈ। ਗਊ ਰੱਖਿਅਕ ਅਯੂਬ ਨਾਲ਼ ਬੁਰੀ ਤਰਾਂ ਕੁੱਟ ਮਾਰ ਕਰਦੇ ਹਨ, ਜਿਹੜਾ ਹਾਦਸੇ ਤੋਂ ਤਾਂ ਬਚ ਜਾਂਦਾ ਹੈ ਪਰ ਇਹਨਾਂ “ਦੇਸ਼ ਭਗਤਾਂ” ਦੀਆਂ ਸੱਟਾਂ ਨਾ ਸਹਾਰਦਾ ਹੋਇਆ ਹਸਪਤਾਲ ਵਿੱਚ ਦਮ ਤੋੜ ਜਾਂਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

Advertisements