ਫ਼ਰਾਂਸੀਸੀ ਚੋਣਾਂ ਦੇ ਨਤੀਜੇ – ਯੂਰਪ ਵਿੱਚ ਹੋ ਰਹੇ ਸਿਆਸੀ ਧਰੁਵੀਕਰਨ ਦੀ ਹੀ ਇੱਕ ਕੜੀ •ਮਾਨਵ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਤੁਮਰੀ ਤਹਜ਼ੀਬ ਅਪਨੇ ਖੰਜ਼ਰ ਸੇ ਆਪ ਹੀ ਖੁਦ-ਕੁਸ਼ੀ ਕਰੇਗੀ
ਜੋ ਸ਼ਾਖ-ਏ-ਨਾਜ਼ੁਕ ਪੇ ਆਸ਼ਿਯਾਨਾ ਬਨੇਗਾ ਨਾ-ਪਾਏਦਾਰ ਹੋਗਾ
– ਇਕਬਾਲ

ਸਿਆਸੀ ਉਥਲ-ਪੁਥਲ ਅੱਜ ਯੂਰੋਪ ਸਮੇਤ ਪੂਰੇ ਪੱਛਮੀ ਸੰਸਾਰ ਵਿੱਚ ਇੱਕ ਆਮ ਵਰਤਾਰਾ ਬਣ ਚੁੱਕੀ ਹੈ । ਸਪੇਨ, ਯੂਨਾਨ ਦੀ ਆਰਥਿਕ-ਸਿਆਸੀ ਸਥਿਤੀ, ਬ੍ਰੈਕਜ਼ਿਟ ਵਰਤਾਰਾ ਅਤੇ ਅਮਰੀਕਾ ਵਿੱਚ ਟਰੰਪ ਦਾ ਚੁਣਿਆ ਜਾਣਾ ਇਸ ਉਥਲ-ਪੁਥਲ ਦੀਆਂ ਹਾਲੀਆ ਵੱਡੀਆਂ ਘਟਨਾਵਾਂ ਹਨ। 2008 ਤੋਂ ਸ਼ੁਰੂ ਹੋਏ ਆਰਥਿਕ ਸੰਕਟ ਦਾ ਅਜੇ ਤੱਕ ਸਰਮਾਏਦਾਰਾ ਜਗਤ ਕੋਲ਼ ਕੋਈ ਤੋੜ ਮੌਜੂਦ ਨਹੀਂ ਹੈ ਅਤੇ ਲਗਾਤਾਰ ਵੱਖ-ਵੱਖ ਸਰਕਾਰਾਂ ਇਸ ਸੰਕਟ ਦਾ ਬੋਝ ਮਜ਼ਦੂਰਾਂ, ਨੌਜਵਾਨਾਂ ਉੱਤੇ ਸੁੱਟ ਰਹੀਆਂ ਹਨ ਜਿਸ ਖ਼ਿਲਾਫ਼ ਇਹ ਲੁਟੀਂਦੇ ਤਬਕੇ ਵੀ ਚੁੱਪ ਕਰਕੇ ਨਹੀਂ ਬੈਠੇ ਹਨ ਸਗੋਂ ਲਗਾਤਾਰ ਹੜਤਾਲਾਂ, ਧਰਨਿਆਂ ਰਾਹੀਂ ਹਾਕਮਾਂ ਨੂੰ ਵਖ਼ਤ ਪਾਏ ਹੋਏ ਹਨ। ਇਹ ਸਹੀ ਹੈ ਕਿ ਆਪ-ਮੁਹਾਰੇ ਉੱਠ ਰਹੇ ਹਨ ਇਹ ਸੰਘਰਸ਼ ਅਜੇ ਇੱਕ ਸਹੀ ਇਨਕਲਾਬੀ ਬਦਲ ਦੀ ਦਿਸ਼ਾ ਵੱਲ ਨਹੀਂ ਵਧ ਰਹੇ ਪਰ ਕਿਰਤੀ ਲੋਕਾਂ ਦਾ ਇਸ ਤਰਾਂ ਸੜਕਾਂ ਉੱਤੇ ਆਉਣਾ ਇੱਕ ਮੁਬਾਰਕ ਸੰਕੇਤ ਹੈ ਜੋ ਆਉਣ ਵਾਲੇ ਚੰਗੇ ਭਵਿੱਖ ਦੀ ਪੇਸ਼ੀਨਗੋਈ ਕਰ ਰਿਹਾ ਹੈ। ਇਸ ਦੇ ਨਾਲ਼-ਨਾਲ਼ ਹੀ ਕਿਰਤੀ ਲੋਕਾਂ ਦਾ ਰਵਾਇਤੀ ਪਾਰਟੀਆਂ ਨਾਲੋਂ ਮੋਹ ਲਗਾਤਾਰ ਖੁਰਦਾ ਜਾ ਰਿਹਾ ਹੈ। ਲੋਕ ਸਮਝ ਰਹੇ ਹਨ ਕਿ ਇਹ ਇਹਨਾਂ ਪਾਰਟੀਆਂ ਵੱਲੋਂ ਦਹਾਕਿਆਂ ਬੱਧੀ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਦਾ ਹੀ ਸਿੱਟਾ ਹੈ ਕਿ ਅੱਜ ਉਹਨਾਂ ਨੂੰ ਆਪਣੇ ਬੁਨਿਆਦੀ ਜਿਹੇ ਹੱਕਾਂ ਲਈ ਵੀ ਸੜਕਾਂ ‘ਤੇ ਆਉਣਾ ਪੈ ਰਿਹਾ ਹੈ। ਯੂਰਪ ਵਿੱਚ ਰਵਾਇਤੀ ਪਾਰਟੀਆਂ ਨਾਲੋਂ ਮੋਹ ਖੁਰਨ ਦਾ ਇਹ ਵਰਤਾਰਾ ਨਾਲੋਂ-ਨਾਲ਼ ਹੀ ਸਿਆਸਤ ਦਾ ਤੇਜ਼ੀ ਨਾਲ਼ ਧਰੁਵੀਕਰਨ ਵੀ ਕਰਦਾ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਇੱਕ ਪਾਸੇ ਤਾਂ ਤੇਜ਼ੀ ਨਾਲ਼ ਅਤਿ-ਪਿਛਾਖੜੀ ਸੱਜੀਆਂ ਤਾਕਤਾਂ ਦਾ ਉਭਾਰ ਹੋ ਰਿਹਾ ਹੈ ਅਤੇ ਦੂਜੇ ਪਾਸੇ ਖੱਬੀ ਸਿਆਸਤ ਵਿੱਚ ਵੀ ਲੋਕਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ, ਭਾਵੇਂ ਕਿ ਇਹ ਦਿਲਚਸਪੀ ਅਜੇ ਕਿਸੇ ਖਰੇ ਅਤੇ ਵਿਸ਼ਾਲ ਇਨਕਲਾਬੀ ਬਦਲ ਨੂੰ ਪੇਸ਼ ਨਹੀਂ ਕਰ ਪਾਈ ਹੈ।

ਫ਼ਰਾਂਸ ਦੀਆਂ 7 ਮਈ ਨੂੰ ਦੋ-ਪੜਾਵਾਂ ਵਿੱਚ ਨੇਪਰੇ ਚੜੀਆਂ ਰਾਸ਼ਟਰਪਤੀ ਚੋਣਾਂ ਵੀ ਇਸੇ ਵਰਤਾਰੇ ਦੀ ਪੁਸ਼ਟੀ ਕਰਦੀਆਂ ਹਨ। ਇਹਨਾਂ ਚੋਣਾਂ ਵਿੱਚ ‘ਏਨ ਮਾਰਚ’ ਪਾਰਟੀ ਦੇ ਉਮੀਦਵਾਰ ਇਮਾਨੁਅਲ ਮੈਕਰੋਨ ਨੇ ਆਪਣੇ ਵਿਰੋਧੀ, ਨੈਸ਼ਨਾਲ ਫਰੰਟ ਦੀ ਉਮੀਦਵਾਰ ਮੈਰੀਨ ਲਾ ਪੇਂ ਨੂੰ ਹਰਾ ਦਿੱਤਾ ਹੈ। ਮੈਰੀਨ ਲਾ ਪੇਂ ਦੀਆਂ 33.9% ਵੋਟਾਂ ਦੇ ਮੁਕਾਬਲੇ ਮੈਕਰੋਨ ਨੂੰ 66.1% ਵੋਟਾਂ ਹਾਸਲ ਹੋਈਆਂ। ਐਪਰ ਇਹਨਾਂ ਚੋਂਣਾ ਵਿੱਚ ਰਾਸ਼ਟਰਪਤੀ ਦਾ ਚੁਣਿਆ ਜਾਣਾ ਐਨੀ ਮਹੱਤਵਪੂਰਨ ਘਟਨਾ ਨਹੀਂ ਹੈ ਜਿੰਨੀ ਕਿ ਇਸ ਦੌੜ ਦੀ ਪੂਰੀ ਪ੍ਰਕਿਰਿਆ ਰਹੀ ਹੈ।

ਪਹਿਲਾ ਤਾਂ ਇਹ ਕਿ 1958 ਵਿੱਚ ਫ਼ਰਾਂਸ ਵਿੱਚ ਗਣਤੰਤਰ ਦਾ ਨਵਾਂ ਢਾਂਚਾ (ਜਿਸ ਨੂੰ ਕਿ ਪੰਜਵਾਂ ਗਣਤੰਤਰ ਵੀ ਕਿਹਾ ਜਾਂਦਾ ਹੈ ਅਤੇ ਜਿਸ ਤਹਿਤ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀਆਂ ਕਾਰਜਕਾਰੀ ਤਾਕਤਾਂ ਵਿੱਚ ਫੇਰਬਦਲ ਕੀਤਾ ਗਿਆ ਸੀ) ਕਾਇਮ ਹੋਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਕਿ ਫਰਾਂਸੀਸੀ ਬੁਰਜੂਆਜ਼ੀ ਦੀਆਂ ਦੋ ਮੁੱਖ ਰਵਾਇਤੀ ਪਾਰਟੀਆਂ – ਸਮਾਜਵਾਦੀ ਪਾਰਟੀ ਅਤੇ ਰਿਪਬਲਿਕਨ ਪਾਰਟੀ – ਜੋ ਕਿ ਪਿਛਲੇ ਤਕਰੀਬਨ 60 ਸਾਲ ਤੋਂ ਵਾਰੋ-ਵਾਰੀ ਸਰਕਾਰ ਚਲਾਉਂਦੀਆਂ ਆ ਰਹੀਆਂ ਸਨ, ਉਹ ਅੱਜ ਮੁਕਾਬਲੇ ਵਿੱਚੋਂ ਬਾਹਰ ਹੋ ਚੁੱਕੀਆਂ ਹਨ। ਇਹ ਸਿਆਸਤ ਦੇ ਧਰੁਵੀਕਰਨ ਦਾ ਹੀ ਨਤੀਜਾ ਹੈ ਕਿ ਸਿਆਸੀ ਦ੍ਰਿਸ਼ ‘ਤੇ ਨਵੀਆਂ-ਨਵੀਆਂ ਲੋਕਲੁਭਾਊ ਪਾਰਟੀਆਂ ਉੱਭਰ ਰਹੀਆਂ ਹਨ ਜੋ ਵਧੇਰੇ ਤੋਂ ਵਧੇਰੇ ਖੱਬੀ ਜਾਂ ਸੱਜੀ ਸਿਆਸਤ ਦੀ ਧਿਰ ਮੱਲ ਰਹੀਆਂ ਹਨ।

ਦੂਸਰਾ, ਇਹਨਾਂ ਦੋਹਾਂ ਉਮੀਦਵਾਰਾਂ ਦੀ ਹਰਮਨ-ਪਿਆਰਤਾ ਫਰਾਂਸੀਸੀ ਲੋਕਾਂ ਵਿੱਚ ਬੇਹੱਦ ਘੱਟ ਹੈ। ਦੂਜੇ ਪੜਾਅ ਦੀਆਂ ਚੋਣਾਂ ਵਿੱਚ 26% ਫਰਾਂਸੀਸੀ ਨਾਗਰਿਕਾਂ, ਭਾਵ 90 ਲੱਖ ਤੋਂ ਵਧੇਰੇ ਵੋਟਰਾਂ ਨੇ ਇਹਨਾਂ ਚੋਣਾਂ ਤੋਂ ਦੂਰੀ ਬਣਾਈ ਰੱਖੀ। ਇਹ 1969 ਤੋਂ ਬਾਅਦ (ਭਾਵ 1968 ਦੇ ਫ਼ਰਾਂਸ-ਵਿਆਪੀ ਅਤੇ ਯੂਰਪ-ਵਿਆਪੀ ਲੋਕ ਉਭਾਰ ਤੋਂ ਇੱਕਦਮ ਬਾਅਦ) ਸਭ ਤੋਂ ਉੱਚੀ ਦਰ ਹੈ। ਇਸ ਤੋਂ ਇਲਾਵਾ 12% ਵੋਟਰਾਂ, ਭਾਵ 42 ਲੱਖ ਦੇ ਕਰੀਬ ਵੋਟਰਾਂ ਨੇ ਖ਼ਾਲੀ ਵੋਟਾਂ (ਭਾਵ ਦੋਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ) ਪਾਈਆਂ। ਇਸ ਤਰਾਂ ਵੋਟ ਪਾਉਣ ਯੋਗ ਅਬਾਦੀ ਦੇ 38% ਹਿੱਸੇ ਨੇ ਤਾਂ ਸਿੱਧਾ ਹੀ ਇਹਨਾਂ ਚੋਣਾਂ ਖ਼ਿਲਾਫ਼ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਹੋਰ, ਜਿੱਤਣ ਵਾਲੇ ਉਮੀਦਵਾਰ ਮੈਕਰੋਨ ਨੂੰ ਭੁਗਤਣ ਵਾਲੀਆਂ ਕੁੱਲ ਵੋਟਾਂ ਵਿੱਚੋਂ 43% ਵੋਟਾਂ ਅਜਿਹੀਆਂ ਹਨ ਜੋ ਵੋਟਰਾਂ ਨੇ ਇਸ ਕਰਕੇ ਨਹੀਂ ਪਾਈਆਂ ਕਿ ਉਹ ਮੈਕਰੋਨ ਨੂੰ ਪਸੰਦ ਕਰਦੇ ਹਨ, ਸਗੋਂ ਇਸ ਕਰਕੇ ਪਾਈਆਂ ਤਾਂ ਕਿ ਅਤਿ-ਪਿਛਾਖੜੀ ਸੱਜੇ-ਪੱਖੀ ਵਿਰੋਧੀ ਉਮੀਦਵਾਰ ਮੈਰੀਨ ਲੇ ਪੇਂ ਨਾ ਜਿੱਤ ਸਕੇ। ਇਹਨਾਂ ਵੋਟਾਂ ਪ੍ਰਤੀ ਮੁਖ਼ਾਲਫ਼ਤ ਦਰਜ਼ ਕਰਵਾਉਣ ਵਾਲੇ ਵੋਟਰਾਂ ਵਿੱਚੋਂ ਵੱਡਾ ਹਿੱਸਾ ਨੌਜਵਾਨਾਂ, ਬੇਰੁਜ਼ਗਾਰਾਂ ਅਤੇ ਮਜ਼ਦੂਰਾਂ ਦਾ ਸੀ। ਅੰਕੜੇ ਮੁਤਾਬਕ, 18-24 ਸਾਲਾਂ ਦੇ 34% ਵੋਟਰਾਂ ਨੇ, 25-34 ਸਾਲ ਦੇ 32% ਵੋਟਰਾਂ ਨੇ, ਬੇਰੁਜ਼ਗਾਰਾਂ ਵਿੱਚੋਂ 35% ਨੇ ਅਤੇ ਸਰੀਰਕ ਕਿਰਤ ਕਰਨ ਵਾਲੇ ਮਜ਼ਦੂਰਾਂ ਵਿੱਚੋਂ 32% ਨੇ ਇਹਨਾਂ ਚੋਣਾਂ ਵਿੱਚ ਹਿੱਸਾ ਹੀ ਨਹੀਂ ਲਿਆ। ਇਹ ਪੂਰੇ ਬੁਰਜ਼ੂਆ ਸਿਆਸੀ ਢਾਂਚੇ ਤੋਂ ਲੋਕਾਂ ਦਾ ਮੋਹ ਭੰਗ ਹੋਣਾ ਹੀ ਹੈ ਜਿਸ ਸਦਕਾ ਇਸ ਕਦਰ ਲੋਕ ਇਹਨਾਂ ਚੋਣਾਂ ਤੋਂ ਕਿਨਾਰਾ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਬੁਰਜੂਆਜ਼ੀ ਦੇ ਜਿਸ ਵੀ ਧੜੇ ਦੀ ਪਾਰਟੀ ਬਣੇ, ਐਨਾ ਤੈਅ ਹੈ ਕਿ ਇਹਨਾਂ ਚੋਣਾਂ ਰਾਹੀਂ ਆਮ ਲੋਕਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ।

ਹੁਣ ਜੇਕਰ ਇਸ ਸਵਾਲ ‘ਤੇ ਗੌਰ ਕਰੀਏ ਕਿ ਮੈਕਰੋਨ ਕੌਣ ਹੈ ਅਤੇ ਕਿਹਨਾਂ ਨੀਤੀਆਂ ਦਾ ਹਾਮੀ ਹੈ ਤਾਂ ਅਸੀਂ ਫ਼ਰਾਂਸ ਵਿੱਚ ਆਉਣ ਵਾਲੇ ਸਮੇਂ ਦੇ ਹਲਾਤਾਂ ਨੂੰ ਸਮਝ ਸਕਾਂਗੇ। ਇਮਾਨੁਅਲ ਮੈਕਰੋਨ ਇੱਕ ਵੱਡਾ ਬੈਂਕਰ ਹੈ ਜੋ ਸਮਾਜਵਾਦੀ ਪਾਰਟੀ ਦੀ ਔਲਾਂਦੇ ਅਤੇ ਮਗਰੋਂ ਵਾਲਸ ਸਰਕਾਰ ਵਿੱਚ ਵੀ ਆਰਥਿਕ ਮਾਮਲਿਆਂ ਦਾ ਮੰਤਰੀ ਰਹਿ ਚੁੱਕਾ ਹੈ। ਔਲਾਂਦੇ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਿਰਸ ਦੀਆਂ ਨੀਤੀਆਂ ਨੂੰ ਪੂਰੀ ਤੀਬਰਤਾ ਨਾਲ਼ ਲਾਗੂ ਕੀਤਾ ਸੀ ਜਿਸ ਤਹਿਤ ਆਰਥਿਕ ਸੰਕਟ ਦਾ ਸਾਰਾ ਬੋਝ ਆਮ ਅਬਾਦੀ ਉੱਤੇ ਪਾਇਆ ਗਿਆ। ਇਹਨਾਂ ਨੀਤੀਆਂ ਤਹਿਤ ਸਿੱਖਿਆ, ਸਿਹਤ ਆਦਿ ਤੋਂ ਸਰਕਾਰੀ ਹੱਥ ਪਿੱਛੇ ਖਿੱਚਿਆ ਗਿਆ ਅਤੇ ਨਾਲ਼ ਹੀ ਮਜ਼ਦੂਰਾਂ ਦੇ ਹੱਕਾਂ ‘ਤੇ ਵੀ ਹਮਲੇ ਬੋਲੇ ਗਏ। ਪੈਰਿਸ ਵਿੱਚ ਨਵੰਬਰ 2015 ਵਿੱਚ ਹੋਏ ਦਹਿਸ਼ਤੀ ਹਮਲਿਆਂ ਨੂੰ ਬਹਾਨਾ ਬਣਾਕੇ ਪੂਰੇ ਫ਼ਰਾਂਸ ਵਿੱਚ ਐਮਰਜੈਂਸੀ ਜਿਹੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਜੋ ਅਜੇ ਤੱਕ ਚੱਲ ਰਹੀ ਹੈ ਜਿਸ ਤਹਿਤ ਕਿ ਲੋਕਾਂ ਦੇ ਜਥੇਬੰਦ ਹੋਣ ਜਿਹੇ ਜਮਹੂਰੀ ਹੱਕਾਂ ਉੱਤੇ ਵੀ ਸਖ਼ਤ ਸ਼ਰਤਾਂ ਆਇਦ ਕੀਤੀਆਂ ਗਈਆਂ ਹਨ।

ਇਸ ਸਮੇਂ ਦੌਰਾਨ ਮੈਕਰੋਨ ਵੀ ਸਮਾਜਵਾਦੀ ਪਾਰਟੀ ਦੀ ਇਸੇ ਸਰਕਾਰ ਦਾ ਹੀ ਹਿੱਸਾ ਸੀ ਜਿਸ ਨੇ ਇਹਨਾਂ ਲੋਕ-ਵਿਰੋਧੀ ਨੀਤੀਆਂ ਉੱਤੇ ਅਮਲ ਜਾਰੀ ਰੱਖਿਆ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਫ਼ਰਾਂਸ ਆਪਣੇ ਸਾਮਰਾਜੀ ਹਿੱਤਾਂ ਨੂੰ ਸੇਧਣ ਲਈ ਲਗਾਤਾਰ ਅਰਬ ਮੁਲਕਾਂ (ਸੀਰੀਆ, ਇਰਾਕ ਅਤੇ ਮਾਲੀ) ਉੱਪਰ ਜੰਗਾਂ ਥੋਪਕੇ ਲੱਖਾਂ ਬੇਕਸੂਰਾਂ ਦਾ ਘਾਣ ਕਰਦਾ ਰਿਹਾ। ਹੁਣ ਜੇਕਰ ਮੈਕਰੋਨ ਦਾ ਚੋਣਾਂ ਦੌਰਾਨ ਪ੍ਰਚਾਰ ਦੇਖੀਏ ਤਾਂ ਇਸ ਸਮੇਂ ਦੌਰਾਨ ਇਹਨਾਂ ਉਪਰੋਕਤ ਨੀਤੀਆਂ ਵਿੱਚੋਂ ਮੈਕਰੋਨ ਨੇ ਕਿਸੇ ਦੀ ਵੀ ਆਲੋਚਨਾ ਨਹੀਂ ਕੀਤੀ ਸਗੋਂ ਇਹਨਾਂ ਹੀ ਨੀਤੀਆਂ ਨੂੰ ਅਗਾਊਂ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਫ਼ਰਾਂਸ ਵੱਲੋਂ ਥੋਪੀਆਂ ਜਾ ਰਹੀਆਂ ਸਾਮਰਾਜੀ ਜੰਗਾਂ ਨੂੰ ਜਾਰੀ ਰੱਖਣ ਦੇ ਨਾਲ਼-ਨਾਲ਼ ਖੁਦ ਫ਼ਰਾਂਸ ਅੰਦਰ ਇੱਕ ਪੁਲਸੀਆ ਰਾਜ ਕਾਇਮ ਕਰਨਾ ਵੀ ਮੈਕਰੋਨ ਦੇ ਏਜੰਡੇ ‘ਤੇ ਹੈ। ਇਸ ਮਕਸਦ ਲਈ ਉਹ ਨਾ ਸਿਰਫ਼ 2015 ਵਾਲੇ ਉਸੇ ਐਮਰਜੈਂਸੀ ਕਾਨੂੰਨ ਨੂੰ ਜਾਰੀ ਰੱਖੇਗਾ ਸਗੋਂ ਉਸ ਨੇ ਪੁਲਸ ਮਹਿਕਮੇ ਵਿੱਚ 10,000 ਨਵੀਆਂ ਭਰਤੀਆਂ ਅਤੇ 15,000 ਨਵੇਂ ਕੈਦੀ ਬਿਸਤਰਿਆਂ ਦੇ ਬੰਦੋ-ਬਸਤ ਦਾ ਐਲਾਨ ਵੀ ਕਰ ਦਿੱਤਾ ਹੈ। ਜਿੱਥੋਂ ਤੱਕ ਆਰਥਿਕ ਨੀਤੀਆਂ ਦੀ ਗੱਲ ਹੈ ਤਾਂ ਉਹ ਪੂਰੀ ਤਰਾਂ ਸਰਮਾਏਦਾਰਾ ਪੱਖੀ ਨੀਤੀਆਂ ਦੇ ਹੱਕ ਵਿੱਚ ਖੜਾ ਹੈ। ਇਹਨਾਂ ਨੀਤੀਆਂ ਤਹਿਤ ਉਸ ਦੀ ਪਾਰਟੀ ਨੇ ਇਹ ਵਾਅਦਾ ਕੀਤਾ ਹੈ ਕਿ ਵਪਾਰ ਲਈ ਮਾਹੌਲ ਸੁਖਾਵਾਂ ਬਣਾਉਣ ਖਾਤਰ ਉਹ ਪਿਛਲੇ ਸਾਲ ਭਾਰੀ ਵਿਰੋਧ ਦੇ ਬਾਵਜੂਦ ਪਾਸ ਕੀਤੇ ਗਏ ਕਿਰਤ ਕਾਨੂੰਨਾਂ ਦੇ ਬਦਲਾਵਾਂ ਨੂੰ ਜਾਰੀ ਰੱਖੇਗਾ ਅਤੇ ਨਾਲ਼ ਹੀ ਸਰਮਾਏਦਾਰਾਂ ਨੂੰ ਟੈਕਸਾਂ ਵਿੱਚ ਭਾਰੀ ਰਿਆਇਤਾਂ ਦੇਵੇਗਾ। ਚੋਣ ਪ੍ਰਚਾਰ ਦੌਰਾਨ ਪ੍ਰਵਾਸੀਆਂ ਦੇ ਮਸਲੇ ‘ਤੇ ਜਦੋਂ ਸੱਜੇ-ਪੱਖੀ ਮੈਰੀਨ ਲੇ ਪੇਂ ਨੇ ਮੈਕਰੋਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਮੈਕਰੋਨ ਨੇ ਦਾਅਵਾ ਕੀਤਾ ਕਿ ਸਾਲ 2015 ਤੋਂ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਹੀ ਉਹਨਾਂ ਨੇ 60,000 ਦੇ ਕਰੀਬ ਪ੍ਰਵਾਸੀਆਂ ਨੂੰ ਫ਼ਰਾਂਸ ਵਿੱਚ ਆਉਣ ਤੋਂ ਰੋਕਿਆ ਹੈ। ਭਾਵ ਕਿ, ਜਿਸ ਪ੍ਰਵਾਸੀ ਅਤੇ ਮੁਸਲਮਾਨ ਵਿਰੋਧ ਲਈ ਹੁਣ ਤੱਕ ਮੈਰੀਨ ਲੇ ਪੇਂ ਦੀ ਜ਼ਿਆਦਾ ਚਰਚਾ ਹੁੰਦੀ ਹੈ, ਉਸ ਪ੍ਰਚਾਰ ਵਿੱਚ ਮੈਕਰੋਨ ਵੀ ਉਸ ਨਾਲੋਂ ਜ਼ਰਾ ਜਿੰਨਾ ਵੀ ਘੱਟ ਨਹੀਂ ਹੈ।

ਆਰਥਿਕ ਮਾਮਲਿਆਂ ਵਿੱਚ ਵੀ ਮੈਕਰੋਨ ਅਤੇ ਮੈਰੀਨ ਲੇ ਪੇਂ ਦੀਆਂ ਨੀਤੀਆਂ ਲਗਭਗ ਮਿਲ਼ਦੀਆਂ ਹਨ। ਫ਼ਰਕ ਐਨਾ ਹੈ ਕਿ ਲੇ ਪੇਂ ਫਰਾਂਸੀਸੀ ਬੁਰਜੂਆਜ਼ੀ ਦੇ ਉਸ ਧੜੇ ਦੀ ਵਕਾਲਤ ਕਰਦੀ ਹੈ ਜੋ ਯੂਰਪੀ ਯੂਨੀਅਨ ਵੱਲੋਂ ਸਰਮਾਏ ਦੇ ਹੁੰਦੇ ਵਹਿਣ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਦਾ ਹੈ ਅਤੇ ਇਸ ਲਈ ਯੂਰਪੀ ਯੂਨੀਅਨ ਤੋਂ ਬਾਹਰ ਆਉਣਾ ਚਾਹੁੰਦਾ ਹੈ ਜਦਕਿ ਮੈਕਰੋਨ ਉਸ ਧੜੇ ਦੀ ਵਕਾਲਤ ਕਰਦਾ ਹੈ ਜੋ ਧੜਾ ਯੂਰਪੀ ਯੂਨੀਅਨ ਦੇ ਅੰਦਰ ਰਹਿਣ ਵਿੱਚ ਹੀ ਆਪਣਾ ਵਿਸਤਾਰ ਦੇਖਦਾ ਹੈ। ਇਸੇ ਲਈ ਸੰਸਾਰ ਦੇ ਹੋਰਨਾਂ ਸਰਮਾਏਦਾਰਾ ਮੁਲਕਾਂ ਨੇ ਵੀ ਚੋਣਾਂ ਵਿੱਚ ਮੈਕਰੋਨ ‘ਤੇ ਹੀ ਦਾਅ ਲਾਇਆ ਸੀ। ਇਸ ਦੀ ਪੁਸ਼ਟੀ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਮੈਕਰੋਨ ਦੀ ਜਿੱਤ ਤੋਂ ਬਾਅਦ ਯੂਰਪ ਅਤੇ ਅਮਰੀਕਾ ਦੇ ਸ਼ੇਅਰ ਬਜ਼ਾਰਾਂ ਨੇ ਜਬਰਦਸਤ ਉਛਾਲਾ ਖਾਧਾ ਹੈ। ਅਮਰੀਕੀ ਅਖ਼ਬਾਰ ‘ਨਿਊ ਯਾਰਕ ਟਾਇਮਸ’ ਨੇ ਆਪਣੇ ਲੇਖ ਵਿੱਚ ਮੈਕਰੋਨ ਦੀਆਂ ਭਵਿੱਖ ਨੀਤੀਆਂ ਵੱਲ ਇਸ਼ਾਰਾ ਕੀਤਾ ਹੈ ਜਿਸ ਤੋਂ ਮੈਕਰੋਨ ਸਰਕਾਰ ਦੀ ਅਗਲੀ ਦਿਸ਼ਾ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ। ਅਪ੍ਰੈਲ 27, 2017 ਦੇ ਅੰਕ ਵਿੱਚ ਅਖ਼ਬਾਰ ਲਿਖਦਾ ਹੈ –

“ਪਿਛਲੇ ਇੱਕ ਦਹਾਕੇ ਦੌਰਾਨ ਸਰਕਾਰੀ ਖਰਚੇ ਕੁੱਲ ਘਰੇਲੂ ਪੈਦਾਵਾਰ ਦੇ 51% ਤੋਂ ਵਧਕੇ 57% ਹੋ ਗਏ ਹਨ। ਇਹ ਸੰਸਾਰ ਦੇ ਕਿਸੇ ਵੀ ਮੁਲਕ ਨਾਲੋਂ ਜ਼ਿਆਦਾ ਹੈ….ਇਹ ਕਹਿਣਾ ਮੁਸ਼ਕਲ ਹੈ ਕਿ ਕਿੰਨੇ ਸਰਕਾਰੀ ਖ਼ਰਚੇ ਨੂੰ ਹੱਦੋਂ ਬਾਹਰੇ ਕਿਹਾ ਜਾ ਸਕਦਾ ਹੈ ਪਰ ਐਨਾ ਸਪੱਸ਼ਟ ਹੈ ਕਿ ਫ਼ਰਾਂਸ ਇੱਕ ਅਸੰਤੁਲਨ ਦਾ ਸ਼ਿਕਾਰ ਹੋ ਚੁੱਕਾ ਹੈ, ਅਤੇ ਸ੍ਰੀਮਾਨ ਮੈਕਰੋਨ ਉਦੋਂ ਬਿਲਕੁਲ ਸਹੀ ਹੈ ਜਦੋਂ ਉਹ ਇਹ ਕਹਿੰਦਾ ਹੈ ਕਿ ਇਹ ਰੁਝਾਨ “ਬਿਲਕੁਲ ਵੀ ਝੱਲਣਯੋਗ ਨਹੀਂ ਹੈ”। ਇਸੇ ਤਰਾਂ ਸਰਕਾਰੀ ਤਨਖ਼ਾਹਾਂ ਦਾ ਹਿਸਾਬ ਵੀ ਬੇਹੱਦ ਫੁਲਾਇਆ ਗਿਆ ਹੈ ਅਤੇ ਸ੍ਰੀਮਾਨ ਮੈਕਰੋਨ ਆਰਥਿਕਤਾ ਦਾ ਮੁੜ-ਸੰਤੁਲਨ ਕਰਨ ਲਈ 1,20,000 ਸਰਕਾਰੀ ਖੇਤਰ ਦੀਆਂ ਨੌਕਰੀਆਂ ਨੂੰ ਕੱਟਣ, ਪੈਨਸ਼ਨ ਪ੍ਰਬੰਧ ਨੂੰ ਵਿਵਸਥਿਤ ਕਰਨ ਅਤੇ ਸਰਕਾਰੀ ਖਰਚਿਆਂ ਨੂੰ ਮੁੜ ਤੋਂ ਘਰੇਲੂ ਪੈਦਾਵਾਰ ਦਾ 52% ਕਰਨ ਲਈ ਵਚਨਬੱਧ ਹੈ।”

ਬੁਨਿਆਦੀ ਤੌਰ ‘ਤੇ ਬੁਰਜੂਆਜ਼ੀ ਦੀ ਸੇਵਾ ਵਿੱਚ ਲੱਗੀਆਂ ਇਹਨਾਂ ਦੋਹਾਂ ਪਾਰਟੀਆਂ ਵਿੱਚ ਕੋਈ ਫ਼ਰਕ ਨਹੀਂ ਹੈ। ਇਸ ਦਾ ਪਤਾ ਇਸ ਤੱਥ ਤੋਂ ਵੀ ਲੱਗਦਾ ਹੈ ਕਿ ਚੋਣਾਂ ਜਿੱਤਣ ਤੋਂ ਤੁਰੰਤ ਬਾਅਦ ਹੀ ਮੈਕਰੋਨ ਨੇ ਕੌਮੀ ਏਕਤਾ ਦੇ ਨਾਮ ‘ਤੇ ਮੈਰੀਨ ਲੇ ਪੇਂ ਨਾਲ਼ ਮਿਲ਼ਕੇ ਕੰਮ ਕਰਨ ਦੀ ਇੱਛਾ ਜਤਾਈ ਹੈ।

ਕਈ ਸਮਾਜਿਕ-ਜਮਹੂਰੀ ਇਹਨਾਂ ਨਤੀਜਿਆਂ ਨੂੰ ਇਸ ਤਰਾਂ ਪ੍ਰਚਾਰ ਰਹੇ ਹਨ ਕਿ ਇਹ ਨਤੀਜੇ ਫਾਸੀਵਾਦ ਖ਼ਿਲਾਫ਼ ਇੱਕ ਜਿੱਤ ਹਨ, ਕਿ ‘ਕੇਂਦਰਵਾਦੀ’ ਮੈਕਰੋਨ ਦੀ ਜਿੱਤ ਨਾਲ਼ ਮੈਰੀਨ ਲੇ ਪੇਂ ਦੇ ਸੱਜੇ-ਪੱਖੀ ਧੜੇ ਦੀ ਹਾਰ ਹੋ ਗਈ ਹੈ। ਮਜ਼ਦੂਰ ਜਮਾਤ ਦੇ ਇਹਨਾਂ ਮੌਕਾਪ੍ਰਸਤਾਂ ਦੀਆਂ ਇਹ ਨੀਤੀਆਂ ਹੀ ਹਨ ਜਿਨਾਂ ਨੇ ਮਜ਼ਦੂਰਾਂ ਕੋਲ ਇਸ ਪੂਰੇ ਸਰਮਾਏਦਾਰਾ ਢਾਂਚੇ ਦਾ ਬਦਲ ਲੈ ਕੇ ਜਾਣ ਦੀ ਥਾਵੇਂ ਲੋਕਾਂ ਨੂੰ ਬੁਰਜੂਆਜ਼ੀ ਦੇ ‘ਨਰਮ’ ਧੜੇ ਦੀ ਪੂਛ ਬਣਾ ਦਿੱਤਾ। ਆਰਥਿਕ ਸੰਕਟ ਦੇ ਦੌਰ ਵਿੱਚ ਜਦੋਂ ਅੱਜ ਪਿਛਾਖੜੀ, ਸੱਜੇ-ਪੱਖੀ ਪਾਰਟੀਆਂ ਦਾ ਤੇਜ਼ੀ ਨਾਲ਼ ਉਭਾਰ ਹੋ ਰਿਹਾ ਹੈ ਤਾਂ ਅਜਿਹੇ ਸਮੇਂ ਜ਼ਰੂਰਤ ਇੱਕ ਇਨਕਲਾਬੀ ਬਦਲ ਪੇਸ਼ ਕਰਨ ਦੀ ਹੈ, ਨਾ ਕਿ ਬੁਰਜੂਆਜ਼ੀ ਦੇ ਧੜਿਆਂ ਨੂੰ “ਗਰਮ” ਅਤੇ “ਨਰਮ” ਵਿੱਚ ਵੰਡਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ। ਇਹ ਇਹਨਾਂ ਸਮਾਜਿਕ-ਜਮਹੂਰੀਆਂ ਦੀ ਮੌਕਾਪ੍ਰਸਤ ਸਿਆਸਤ ਹੀ ਹੈ ਕਿ ਅੱਜ ਲੋਕਾਂ ਨੇ ਇਹਨਾਂ ਤੋਂ ਇੱਕ ਦੂਰੀ ਬਣਾ ਲਈ ਹੈ। ਪਿਛਲੀਆਂ ਚੋਣਾਂ ਜਿੱਤਣ ਵਾਲੀ ਸਮਾਜਵਾਦੀ ਪਾਰਟੀ ਦੀ ਸਰਕਾਰ ਸਿਰਫ਼ 6.50% ਵੋਟਾਂ ਨਾਲ਼ ਪੰਜਵੇਂ ਸਥਾਨ ‘ਤੇ ਖਿਸਕ ਗਈ ਹੈ ਜਦਕਿ ਸੋਧਵਾਦੀ ਕਮਿਊਨਿਸਟ ਪਾਰਟੀਆਂ, ਜਿਸ ਵਿੱਚ ਫ਼ਰਾਂਸ ਦੀ ਕਮਿਊਨਿਸਟ ਪਾਰਟੀ ਵੀ ਸ਼ਾਮਲ ਹੈ, ਨੇ ਖੁੱਲਕੇ ਮੈਕਰੋਨ ਦਾ ਸਮਰਥਨ ਕੀਤਾ ਹੈ।

ਅੱਜ ਜਰੂਰਤ ਇੱਕ ਸਹੀ ਇਨਕਲਾਬੀ ਬਦਲ ਪੇਸ਼ ਕਰਨ ਦੀ ਹੈ ਜੋ ਇਸ ਮੁਨਾਫ਼ੇ ‘ਤੇ ਟਿਕੇ ਢਾਂਚੇ ਦਾ ਸਮਾਜਵਾਦੀ ਬਦਲ ਪੇਸ਼ ਕਰ ਸਕੇ। ਅਜਿਹਾ ਬਦਲ ਖੜਾਂ ਕਰਨ ਵਿੱਚ ਜਿੰਨੀ ਦੇਰੀ ਹੋਵੇਗੀ, ਓਨਾ ਹੀ ਮਜ਼ਦੂਰ ਅਬਾਦੀ ਅਤੇ ਨਿੱਕ-ਬੁਰਜੂਆ ਅਬਾਦੀ ਵਿੱਚ ਪਿਛਾਖੜੀ ਅਤੇ ਫਾਸੀਵਾਦੀ ਤਾਕਤਾਂ ਦੇ ਅਧਾਰ ਲਈ ਮਾਹੌਲ ਸਾਜ਼ਗਾਰ ਹੋਵੇਗਾ। ਮਿਸਾਲ ਦੇ ਤੌਰ ‘ਤੇ, ਸੱਜੇ-ਪੱਖੀ ਮੈਰੀਨ ਲੇ ਪੇਂ ਨੂੰ ਫ਼ਰਾਂਸ ਦੇ ਉਹਨਾਂ ਇਲਾਕਿਆਂ ਵਿੱਚ ਬਹੁਮਤ ਮਿਲ਼ਿਆ ਹੈ ਜੋ ਫ਼ਰਾਂਸ ਵਿੱਚ ਸਨਅਤ ਦੇ ਕੇਂਦਰ ਮੰਨੇ ਜਾਂਦੇ ਹਨ। ਇਹਨਾਂ ਇਲਾਕਿਆਂ ਵਿੱਚ ਹੀ ਦੂਜੇ ਨੰਬਰ ‘ਤੇ ਮੈਕਰੋਨ ਨਹੀਂ, ਸਗੋਂ ਖੱਬੀ-ਲਫਾਜ਼ੀ ਵਰਤਣ ਵਾਲੇ ਜਾਂ-ਲੁਕ ਮੇਲੇਨਕੋਂ ਦੀ ਪਾਰਟੀ ਰਹੀ ਹੈ। ਇਹ ਕੀ ਦਿਖਾਉਂਦਾ ਹੈ? ਇਹੀ ਕਿ ਮਜ਼ਦੂਰ ਅਤੇ ਛੋਟੀ-ਮਾਲਕੀ ਵਾਲੀ ਅਬਾਦੀ ਵਿੱਚ ਸਿਆਸਤ ਦਾ ਪੈਦਾ ਹੋ ਰਿਹਾ ਖਲਾਅ ਦੋਨੋਂ ਤਰਾਂ ਦੇ ਮੌਕੇ ਪੈਦਾ ਕਰ ਰਿਹਾ ਹੈ – ਪਿਛਾਖੜੀ, ਫਾਸੀਵਾਦੀ ਤਾਕਤਾਂ ਲਈ ਵੀ, ਜਦਕਿ ਇਨਕਲਾਬੀ ਤਾਕਤਾਂ ਲਈ ਵੀ। ਅੱਜ ਵਿਆਪਕ ਕਿਰਤੀ ਅਬਾਦੀ ਵਿੱਚ ਜੜਾਂ ਰੱਖਣ ਵਾਲੀ ਇਨਕਲਾਬੀ ਮਜ਼ਦੂਰ ਜਮਾਤੀ ਪਾਰਟੀ ਦੀ ਉਸਾਰੀ ਦੀ ਲੋੜ ਹੈ, ਇੱਕ ਅਜਿਹੀ ਲਹਿਰ ਦੀ ਲੋੜ ਹੈ ਜੋ ਇਕਬਾਲ ਦੇ ਉਪਰੋਕਤ ਖ਼ੰਜਰ ਦੀ ਮਦਦ ਨਾਲ਼ ਸਰਮਾਏਦਾਰੀ ਦੀਆਂ ਜੜ ਵੱਢ ਸਕੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

 

Advertisements