ਫਾਕਸਕਾਨ ਦੇ ਮਜ਼ਦੂਰ ਦੀਆਂ ਕਵਿਤਾਵਾਂ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਹ ਕਵਿਤਾਵਾਂ ਚੀਨ ਦੀ ਫਾਕਸਕਾਨ ਕੰਪਨੀ ਵਿੱਚ ਕੰਮ ਕਰਨ ਵਾਲ਼ੇ ਇੱਕ ਪ੍ਰਵਾਸੀ ਮਜ਼ਦੂਰ ਜੂ ਲਿਜ਼ੀ (Xu Lizhi) ਨੇ ਲਿਖਿਆਂ ਹਨ। 24 ਸਾਲਾ ਲਿਜ਼ੀ ਨੇ 30 ਸਤੰਬਰ 2014 ਨੂੰ ਖੁਦਕੁਸ਼ੀ ਕਰ ਲਈ ਸੀ। ਪਰ ਲਿਜ਼ੀ ਦੀ ਮੌਤ ਖੁਦਕੁਸ਼ੀ ਨਹੀਂ ਹੈ, ਇੱਕ ਨੌਜਵਾਨ ਤੋਂ ਉਸ ਦੇ ਸੁਪਨੇ ਅਤੇ ਉਸਦੀ ਜੀਣ ਦੀ ਇੱਛਾ ਖੋਹ ਕੇ ਇਸ ਮੁਨਾਫਾਖੋਰ ਨਿਜ਼ਾਮ ਨੇ ਉਸ ਦਾ ਕਤਲ ਕਰ ਦਿੱਤਾ। ਲਿਜ਼ੀ ਦੀਆਂ ਕਵਿਤਾਵਾਂ ਦਾ ਇੱਕ-ਇੱਕ ਸ਼ਬਦ ਚੀਕ ਕੇ ਇਸ ਗੱਲ ਦੀ ਗਵਾਹੀ ਦਿੰਦਾ ਹੈ। ਅੱਜ ਵੀ ਦੁਨੀਆਂ ਵਿੱਚ ਕਰੋੜਾਂ ਮਜ਼ਦੂਰ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ। ਲਿਜੀ ਦੀਆਂ ਕਵਿਤਾਵਾਂ ਦੇ ਬਿੰਬ ਉਸ ਨਰਕ ਭਰੀ ਜ਼ਿੰਦਗੀ ਅਤੇ ਉਸ ਬੇਗਾਨਗੀ ਦਾ ਖਾਕਾ ਉਲੀਕਦੇ ਹਨ ਜੋ ਇਹ ਮੁਨਾਫੇਖੋਰ ਢਾਂਚਾ ਥੋਪਦਾ ਹੈ ਅਤੇ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ।  

 

(1)

ਮੈਂ ਲੋਹੇ ਦਾ ਚੰਨ ਨਿਗਲ਼ਿਆ ਹੈ
ਉਹ ਉਸ ਨੂੰ ਕਿੱਲ ਕਹਿੰਦੇ ਹਨ
ਮੈਂ ਇਸ ਸਨਅਤ ਦੇ ਕਚਰੇ ਨੂੰ,
ਬੇਰੁਜ਼ਗਾਰੀ ਦੇ ਦਸਤਾਵੇਜਾਂ ਨੂੰ ਨਿਗਲ਼ਿਆ ਹੈ,
ਮਸ਼ੀਨਾ ‘ਤੇ ਝੁਕੀ ਨੌਜਵਾਨੀ ਆਪਣੇ ਸਮੇਂ ਤੋਂ-
ਪਹਿਲਾਂ ਹੀ ਦਮ ਤੋੜ ਦਿੰਦੀ ਹੈ
ਮੈਂ ਭੀੜ, ਰੌਲ਼ੇ-ਰੱਪੇ ਅਤੇ ਬੇਵਸੀ ਨੂੰ ਨਿਗਲ਼ਿਆ ਹੈ।
ਮੈਂ ਨਿਗਲ਼ ਚੁੱਕਾ ਹਾਂ ਪੈਦਲ ਚੱਲਣ ਵਾਲ਼ਾ ਪੁਲ਼,
ਜੰਗਾਲੀ ਹੋਈ ਜ਼ਿੰਦਗੀ,
ਹੁਣ ਹੋਰ ਨਹੀਂ ਨਿਗਲ਼ ਸਕਦਾ
ਜੋ ਵੀ ਮੈਂ ਨਿਗਲ਼ ਚੁੱਕਾਂ ਹਾਂ,
ਮੇਰੇ ਗਲ਼ੇ ‘ਚੋਂ ਨਿੱਕਲ਼
ਮੇਰੇ ਪੁਰਖਿਆਂ ਦੀ ਧਰਤੀ ‘ਤੇ ਫੈਲ ਰਿਹਾ ਹੈ
ਇੱਕ ਬਦਨਾਮ ਕਵਿਤਾ ਦੇ ਰੂਪ ਵਿੱਚ।

(2)

ਇੱਕ ਪੇਚ ਡਿਗਦਾ ਹੈ ਜ਼ਮੀਨ ‘ਤੇ
ਓਵਰਟਾਇਮ ਦੀ ਇਸ ਹਨੇਰੀ ਰਾਤ ਵਿੱਚ
ਸਿੱਧਾ ਜ਼ਮੀਨ ਵੱਲ, ਟੁਣਕਦਾ ਹੋਇਆ
ਇਹ ਕਿਸੇ ਦਾ ਧਿਆਨ ਨਹੀਂ ਖਿੱਚੇਗਾ
ਬਿਲਕੁਲ ਪਿਛਲੀ ਵਾਰ ਵਾਂਗ
ਜਦ ਅਜਿਹੀ ਹੀ ਇੱਕ ਰਾਤ
ਇੱਕ ਆਦਮੀ ਡਿੱਗ ਰਿਹਾ ਸੀ ਜ਼ਮੀਨ ‘ਤੇ

(3)

ਮੈਂ ਇੱਕ ਵਾਰ ਫਿਰ ਸਮੁੰਦਰ ਵੇਖਣਾ ਚਾਹੁੰਦਾ ਹਾਂ
ਬੀਤ ਚੁੱਕੀ ਅੱਧੀ ਜ਼ਿੰਦਗੀ ਦੇ ਹੰਝੂਆਂ ਦੇ ਵਿਸਥਾਰ ਨੂੰ
ਪਰਖਣਾ ਚਾਹੁੰਦਾ ਹਾਂ
ਮੈਂ ਇੱਕ ਹੋਰ ਪਹਾੜ ‘ਤੇ ਚੜਨਾ ਚਾਹੁੰਦਾ ਹਾਂ,
ਆਪਣੀ ਗਵਾਚੀ ਰੂਹ ਨੂੰ ਮੁੜ ਲੱਭਣਾ ਚਾਹੁੰਦਾ ਹਾਂ,
ਮੈਂ ਅਸਮਾਨ ਨੂੰ ਛੂਹ ਉਸਦੀ ਹਲਕੀ ਨੀਲੱਤਣ
ਨੂੰ ਮਹਿਸੂਸ ਕਰਨ ਚਾਹੁੰਦਾ ਹਾਂ
ਪਰ ਅਜਿਹਾ ਕੁਝ ਵੀ ਨਹੀਂ ਕਰ ਸਕਦਾ,
ਇਸ ਲਈ ਜਾ ਰਿਹਾ ਹਾਂ ਇਸ ਧਰਤੀ ਤੋਂ
ਕੋਈ ਵੀ ਸ਼ਖਸ ਜਿਸ ਮੇਰੇ ਬਾਰੇ ਸੁਣਿਆ ਹੋਵੇ
ਉਸ ਮੇਰੇ ਜਾਣ ‘ਤੇ ਹੈਰਾਨੀ ਨਹੀਂ ਹੋਣੀ ਚਾਹੀਦੀ
ਅਤੇ ਨਾ ਹੀ ਦੁੱਖ
ਮੈ ਠੀਕ ਸੀ ਜਦ ਆਇਆ ਸੀ ਅਤੇ ਠੀਕ ਹਾਂ
ਜਾਂਦਾ ਹੋਇਆ ਵੀ

(4)

ਮਸ਼ੀਨ ਵੀ ਝਪਕੀ ਲੈ ਰਹੀ ਹੈ
ਸੀਲਬੰਦ ਕਾਰਖਾਨੇ ਵਿੱਚ ਭਰਿਆ ਹੋਇਆ ਹੈ
ਬਿਮਾਰ ਲੋਹਾ
ਤਨਖਾਹਾਂ ਲੁਕੀਆਂ ਹੋਈਆਂ ਹਨ ਪਰਦੇ ਪਿੱਛੇ
ਉਸੇ ਤਰ੍ਹਾ ਜਿਵੇਂ ਜਵਾਨ ਮਜ਼ਦੂਰ ਆਪਣੇ ਪਿਆਰ ਨੂੰ
ਦਫਨ ਕਰ ਦਿੰਦੇ ਹਨ ਆਪਣੇ ਦਿਲ ‘ਚ
ਇਜ਼ਹਾਰ ਦੇ ਸਮੇਂ ਤੋਂ ਬਿਨਾਂ
ਭਾਵਨਾਵਾਂ ਧੂੜ ‘ਚ ਬਦਲ ਜਾਂਦੀਆਂ ਹਨ
ਉਨ੍ਹਾਂ ਦੇ ਢਿੱਡ ਲੋਹੇ ਦੇ ਬਣੇ ਹਨ
ਸਲਫਿਊਰਿਕ, ਨਾਈਟ੍ਰਿਕ ਐਸਿਡ ਵਰਗੇ ਸੰਘਣੇ
ਤੇਜ਼ਾਬ ਨਾਲ਼ ਭਰੇ
ਇਸ ਤੋਂ ਪਹਿਲਾਂ ਕਿ ਉਹਨਾਂ ਦੇ ਹੰਝੂਆਂ ਨੂੰ
ਡਿੱਗਣ ਦਾ ਮੌਕਾ ਮਿਲ਼ੇ
ਇਹ ਸੱਨਅਤ ਉਹਨਾਂ ਨੂੰ ਨਿਗਲ਼ ਜਾਂਦੀ ਹੈ
ਸਮਾਂ ਵਹਿੰਦਾ ਰਹਿੰਦਾ ਹੈ, ਉਹਨਾਂ ਦੇ ਸਿਰ
ਧੁੰਦ ਵਿੱਚ ਗਵਾਚ ਜਾਂਦੇ ਹਨ
ਪੈਦਾਵਾਰ ਉਹਨਾਂ ਦੀ ਉਮਰ ਖਾ ਜਾਂਦੀ ਹੈ
ਦਰਦ ਦਿਨ-ਰਾਤ ਓਵਰਟਾਇਮ ਕਰਦਾ ਹੈ
ਉਹਨਾਂ ਦੇ ਸਮੇਂ ਤੋਂ ਪਹਿਲਾਂ
ਇੱਕ ਢਾਂਚਾ ਉਹਨਾਂ ਦੇ ਸਰੀਰ ਤੋਂ
ਚਮੜੀ ਅਲੱਗ ਕਰ ਦਿੰਦਾ ਹੈ
ਅਤੇ ਐਲੂਮੀਨੀਅਮ ਦੀ ਇੱਕ ਪਰਤ ਚਾੜ੍ਹ ਦਿੰਦਾ ਹੈ
ਫਿਰ ਵੀ ਕੁਝ ਬਚ ਜਾਂਦੇ ਹਨ ਅਤੇ
ਬਾਕੀ ਬਿਮਾਰੀਆਂ ਦੀ ਭੇਂਟ ਚੜ੍ਹ ਜਾਂਦੇ ਹਨ
ਮੈਂ ਇਸ ਸਭ ਵਿਚਕਾਰ ਊਂਘਦਾ ਪਹਿਰੇਦਾਰੀ ਕਰ ਰਿਹਾਂ ਹਾਂ
ਆਪਣੇ ਜੋਬਨ ਦੇ ਕਬਰਸਤਾਨ ਦੀ…

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements