ਫ਼ਿਰਕੂ ਫ਼ਾਸੀਵਾਦੀ ਹੱਲਾ ਜ਼ੋਰਾਂ ‘ਤੇ •ਲਖਵਿੰਦਰ

Graphic1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਫ਼ਿਰਕੂ ਤਾਕਤਾਂ ਦੇ ਫੁੱਟ-ਪਾਊ, ਲੋਕ-ਦੋਖੀ ਕਿਰਦਾਰ ਨੂੰ ਸਮਝੋ,
ਹਾਕਮਾਂ ਦੀਆਂ ਫ਼ਾਸੀਵਾਦੀ ਸਜ਼ਿਸ਼ਾਂ ਨਾਕਾਮ ਕਰਨ ਲਈ ਅੱਗੇ ਆਓ!

ਭੂਤਰੀਆਂ ਧਾਰਮਿਕ ਕੱਟੜਪੰਥੀ ਤਾਕਤਾਂ ਪੂਰੇ ਜ਼ੋਰ-ਸ਼ੋਰ ਨਾਲ਼ ਫ਼ਿਰਕੂ ਨੰਗਾ-ਨਾਚ ਵਿਖਾ ਰਹੀਆਂ ਹਨ। ਲੋਕਾਂ ‘ਚ ਫ਼ਿਰਕੂ ਲੀਕਾਂ ਪਾ ਕੇ ਆਪਸ ਵਿੱਚ ਲੜਾਉਣ ਦੀਆਂ ਸਾਜ਼ਿਸ਼ਾਂ ਬਹੁਤ ਤੇਜ਼ ਹੋ ਚੁੱਕੀਆਂ ਹਨ। ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਮਨੁੱਖਤਾ ਦੇ ਇਹਨਾਂ ਕਾਤਲਾਂ ਦੇ ਕਾਲ਼ੇ ਕਾਰਿਆਂ ਦੀਆਂ ਖ਼ਬਰਾਂ ਦਾ ਹੜ੍ਹ ਜਿਹਾ ਆ ਗਿਆ ਹੈ। ਇਹਨਾਂ ‘ਚੋਂ ਸਭ ਤੋਂ ਅੱਗੇ ਹਿੰਦੂਤਵੀ ਕੱਟੜ ਟੋਲੇ ਹਨ। ਆਰ.ਐਸ.ਐਸ., ਭਾਜਪਾ, ਸ਼ਿਵ ਸੈਨਾ, ਸਨਾਤਨ ਸੰਸਥਾ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਗਊ ਹੱਤਿਆ ਤੇ ”ਲਵ ਜਿਹਾਦ” ਦੇ ਵਿਰੋਧ, ਹਿੰਦੂ ਧਰਮ ਦੀ ਰੱਖਿਆ ਆਦਿ ਬਹਾਨਿਆਂ ਹੇਠ ਬਣੇ ਅਣਗਿਣਤ ਹਿੰਦੂ ਕੱਟੜਪੰਥੀ ਦਹਿਸ਼ਤੀ ਟੋਲੇ ਥਾਂ-ਥਾਂ ‘ਤੇ ਘੱਟ ਗਿਣਤੀਆਂ ਖ਼ਾਸਕਰ ਮੁਸਲਮਾਨਾਂ ਅਤੇ ਇਸਾਈਆਂ ਖਿਲਾਫ਼ ਹਿੰਸਾ ਭਰੀ ਨਫ਼ਰਤ ਫੈਲਾ ਰਹੇ ਹਨ। ਇਹਨਾਂ ਜੱਥੇਬੰਦੀਆਂ ਦਾ ਇੱਕ ਲੰਮਾ ਚੌੜਾ ਨੈਟਵਰਕ ਲੋਕਾਂ ਦੇ ਖਾਣ-ਪੀਣ, ਵਿਆਹ, ਪ੍ਰੇਮ ਆਦਿ ਜਿਹੇ ਜਮਹੂਰੀ ਹੱਕਾਂ ਤੱਕ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਨ੍ਹਾਂ ਵੱਲ਼ੋਂ ਵਿਗਿਆਨਕ, ਤਰਕਸ਼ੀਲ, ਇਨਕਲਾਬੀ, ਜਮਹੂਰੀ, ਸਰਕਾਰ ਵਿਰੋਧੀ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ‘ਤੇ ਹਮਲੇ ਹੋ ਰਹੇ ਹਨ। ਦਾਦਰੀ (ਉੱਤਰ ਪ੍ਰਦੇਸ਼), ਸਿਰਮੌਰ (ਹਿਮਾਚਲ ਪ੍ਰਦੇਸ਼), ਜੰਮੂ-ਕਸ਼ਮੀਰ ਆਦਿ ਥਾਵਾਂ ‘ਤੇ ਗਊ ਰੱਖਿਆ ਦੇ ਨਾਂ ‘ਤੇ ਹੋਏ ਕਤਲ, ਮਨੁੱਖੀ ਹੱਕਾਂ ਲਈ ਫ਼ਿਰਕਾਪ੍ਰਸਤੀ ਤੇ ਅੰਧਵਿਸ਼ਵਾਸ਼ ਖਿਲਾਫ਼ ਅਵਾਜ਼ ਉਠਾਉਣ ਵਾਲ਼ੇ ਡਾ. ਦਾਭੋਲਕਰ, ਕਾ. ਪਾਨਸਰੇ ਤੇ ਪ੍ਰੋ. ਕਲਬੁਰਗੀ ਦੀ ਕਾਇਰਾਨਾ ਹੱਤਿਆ, ਲੇਖਕ ਕੇ. ਐਸ. ਭਗਵਾਨ, ਪੱਤਰਕਾਰ ਰਵਿਸ਼ ਕੁਮਾਰ, ਨਿਖਿਲ ਵਾਗਲੇ, ਸ਼ਿਆਮ ਸੁੰਦਰ ਸੁਨਾਰ ਤੇ ਹੋਰ ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਨੂੰ ਮਿਲ ਰਹੀਆਂ ਧਮਕੀਆਂ, ਸ਼ਿਵ ਸੈਨਾ ਵੱਲੋਂ ਮਰਹੂਮ ਗਜ਼ਲ ਗਾਇਕ ਜਗਜੀਤ ਸਿੰਘ ਦੀ ਬਰਸੀ ‘ਤੇ ਮੁਬੰਈ ਵਿਖੇ ਹੋਣ ਵਾਲ਼ਾ ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਦਾ ਪ੍ਰੋਗਰਾਮ ਰੱਦ ਕਰਵਾਉਣਾ ਆਦਿ ਘਟਨਾਵਾਂ ਹਿੰਦੂ ਕੱਟੜਪੰਥੀ ਫ਼ਾਸੀਵਾਦੀਆਂ ਦੇ ਕਾਲ਼ੇ ਇਰਾਦੇ ਸਾਫ਼ ਕਰ ਚੁੱਕੀਆਂ ਹਨ।

ਘੱਟ ਗਿਣਤੀ ਫ਼ਿਰਕੂ ਟੋਲ਼ੇ ਵੀ ਪਿੱਛੇ ਨਹੀਂ ਹਨ। ਇਹ ਚਾਹੇ ਮੁਸਲਿਮ ਕੱਟੜਪੰਥੀ ਹੋਣ ਅਤੇ ਚਾਹੇ ਸਿੱਖ ਕੱਟੜਪੰਥੀ ਸਭ ਲੋਕ ਮਨਾਂ ਵਿੱਚ ਫ਼ਿਰਕੂ ਨਫ਼ਰਤ ਦਾ ਜ਼ਹਿਰ ਘੋਲ਼ਣ ਦੀਆਂ ਕਾਲ਼ੀਆਂ ਕਾਰਵਾਈਆਂ ਵਿੱਚ ਪੂਰੇ ਜ਼ੋਰ-ਸ਼ੋਰ ਨਾਲ਼ ਲੱਗੇ ਹੋਏ ਹਨ। ਪੰਜਾਬ ਇੱਕ ਵਾਰ ਫ਼ਿਰ ਫ਼ਿਰਕੂ ਅੱਗ ਵਿੱਚ ਝੁਲਸ ਰਿਹਾ ਹੈ। ਕੁੱਲ ਮਿਲਾ ਕੇ ਦੇਸ਼ ਵਿਚਲੀਆਂ ਹਾਲਤਾਂ ਹੱਦੋਂ ਵੱਧ ਗੰਭੀਰ ਹਨ। ਅੱਜ ਜਦੋਂ ਲੋਕਾਂ ‘ਤੇ ਹਾਕਮਾਂ ਦਾ ਆਰਥਿਕ-ਸਿਆਸੀ ਹੱਲਾ ਤੇਜ਼ ਹੋ ਗਿਆ ਹੈ ਉਸ ਸਮੇਂ ਇਸ ਹਮਲੇ ਖਿਲਾਫ਼ ਲੋਕ ਰੋਹ ਤੋਂ ਹਾਕਮਾਂ ਦੇ ਬਚਾਅ ਲਈ ਫ਼ਿਰਕੂ ਤਾਕਤਾਂ ਦਾ ਅੱਗੇ ਆਉਣਾ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ।

ਸਭ ਧਰਮਾਂ ਦੇ ਅਧਾਰ ਉੱਤੇ ਹੋ ਰਹੀ ਫ਼ਿਰਕਾਪ੍ਰਸਤੀ ਲੋਕਾਂ ਦੀ ਦੁਸ਼ਮਣ ਹੈ ਪਰ ਇਹਨਾਂ ਵਿੱਚੋਂ ਸਭ ਤੋਂ ਖ਼ਤਰਨਾਕ, ਸਭ ਤੋਂ ਵੱਧ ਤਾਕਤ ਰੱਖਣ ਵਾਲ਼ੀ, ਲੋਕਾਂ ਦੀ ਸਭ ਤੋਂ ਵੱਡੀ ਦੁਸ਼ਮਣ ਹਿੰਦੂਤਵ ਅਧਾਰਿਤ ਫ਼ਿਰਕਾਪ੍ਰਸਤੀ ਹੈ। ਹਿੰਦੂਤਵੀ ਫ਼ਿਰਕਾਪ੍ਰਸਤੀ ਹੀ ਹੈ ਜਿਸ ਦੇ ਰੱਥ ‘ਤੇ ਸਵਾਰ ਹੋ ਕੇ ਭਾਰਤੀ ਸਰਮਾਏਦਾਰ ਹਾਕਮ ਕਿਰਤੀ ਲੋਕਾਂ ਦੇ ਆਰਥਿਕ-ਸਿਆਸੀ-ਸਮਾਜਿਕ ਜਮਹੂਰੀ ਹੱਕਾਂ ਦਾ ਘਾਣ ਕਰਦੇ ਹੋਏ ਫ਼ਾਸੀਵਾਦ ਲਾਗੂ ਕਰਨਾ ਚਾਹੁੰਦੇ ਹਨ। ਘੱਟ ਗਿਣਤੀ ਧਾਰਮਿਕ ਫ਼ਿਰਕਾਪ੍ਰਸਤੀ ਨੂੰ ਹਿੰਦੂਤਵੀ ਫ਼ਿਰਕਾਪ੍ਰਸਤੀ ਖਾਦ-ਪਾਣੀ ਦਿੰਦੀ ਹੈ ਅਤੇ ਉਲ਼ਟਾ ਘੱਟਗਿਣਤੀ ਫ਼ਿਰਕਾਪ੍ਰਸਤੀ ਦੇ ਪ੍ਰਤੀਕਰਮ ਦਾ ਸਹਾਰਾ ਲੈ ਕੇ ਹਿੰਦੂਤਵੀ ਫ਼ਿਰਕੂ ਤਾਕਤਾਂ ਹੋਰ ਮਜ਼ਬੂਤ ਹੁੰਦੀਆਂ ਹਨ। ਭਾਰਤ ਵਿੱਚ ਬੁਰਜੂਆ ਜਮਹੂਰੀ ਹੱਕਾਂ ਨੂੰ ਰੱਦ ਕਰਨ ਦੀ ਫ਼ਾਸੀਵਾਦੀ ਤਾਕਤ ਹਿੰਦੂਤਵੀ ਕੱਟੜਪੰਥੀ ਤਾਕਤਾਂ ਹੀ ਰੱਖਦੀਆਂ ਹਨ।

ਫ਼ਾਸੀਵਾਦੀ ਤਾਕਤਾਂ ਨੂੰ ਹੱਲਾਸ਼ੇਰੀ ਦੇਣੀ ਅੱਜ ਭਾਰਤ ਦੇ ਸਰਮਾਏਦਾਰਾ ਹਾਕਮਾਂ ਦੀ ਜ਼ਰੂਰਤ ਹੈ। ”ਅੱਛੇ ਦਿਨ” ਲਿਆਉਣ ਦੇ ਸੁਪਨੇ ਵਿਖਾ ਕੇ ਸੱਤਾ ਵਿੱਚ ਆਈ ਭਾਜਪਾ ਦੀਆਂ ਘੋਰ ਲੋਕ ਵਿਰੋਧੀ ਅਤੇ ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਨੀਤੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ‘ਚ ਬੇਤਹਾਸ਼ਾ ਵਾਧਾ ਕੀਤਾ ਹੈ। ਲੋਕਾਂ ਵਿੱਚ ਵੱਡੇ ਪੱਧਰ ‘ਤੇ ਰੋਹ ਹੈ। ਸੰਸਾਰ ਸਰਮਾਏਦਾਰੀ ਅਤੇ ਇਸਦਾ ਅੰਗ ਭਾਰਤੀ ਸਰਮਾਏਦਾਰੀ ਡੂੰਘੇ ਆਰਥਿਕ ਸੰਕਟ ਨਾਲ਼ ਜੂਝ ਰਹੀ ਹੈ। ਮੋਦੀ ਦਾ ਕੋਈ ਵੀ ਨੀਮ-ਹਕੀਮੀ ਨੁਸਖਾ ਕੰਮ ਨਹੀਂ ਕਰ ਰਿਹਾ। ਅਜਿਹੀ ਹਾਲਤ ਵਿੱਚ ਫ਼ਿਰਕਾਪ੍ਰਸਤ ਸਿਆਸਤ ਨੂੰ ਅੱਗੇ ਵਧਾਉਣ ਤੋਂ ਸਿਵਾ ਮੋਦੀ ਕੋਲ਼ ਹੋਰ ਕੋਈ ਰਾਹ ਨਹੀਂ ਹੈ। ਵਿਉਂਤਬੱਧ ਢੰਗ ਨਾਲ਼ ਤਾਂ ਇਹ ਕੰਮ ਹੋ ਹੀ ਰਿਹਾ ਹੈ ਪਰ ਇਸ ਤੋਂ ਇਲਾਵਾ ਭਾਜਪਾ ਅਤੇ ਇਸਦੀ ਸਰਪ੍ਰਸਤ ਜੱਥੇਬੰਦੀ ਆਰ.ਐਸ.ਐਸ. ਨੇ ਫ਼ਿਰਕੂ ਨਫ਼ਰਤ ਦਾ ਜਿੰਨਾਂ ਜ਼ਹਿਰ ਫੈਲਾਇਆ ਹੈ ਉਹ ਆਪ-ਮੁਹਾਰੇ ਤੌਰ ਉੱਤੇ ਗੰਭੀਰ ਹਾਲਤ ਪੈਦਾ ਕਰ ਰਿਹਾ ਹੈ। ਛੋਟੇ-ਵੱਡੇ ਅਣਗਿਣਤ ਫ਼ਿਰਕੂ ਟੋਲੇ ਹੋਂਦ ਵਿੱਚ ਆ ਚੁੱਕੇ ਹਨ ਜੋ ਹਿੰਦੂਤਵੀ ਕੱਟੜਪੰਥੀ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ। ਸਰਕਾਰ-ਪੁਲਿਸ-ਪ੍ਰਸ਼ਾਸਨ ਇਹਨਾਂ ਭੂਤਰੇ ਫ਼ਿਰਕੂ ਗੁੰਡਾ ਟੋਲ਼ਿਆਂ ਉੱਤੇ ਕਾਰਵਾਈ ਨਾ ਕਰਕੇ ਇਹਨਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਸਗੋਂ ਖ਼ੁਦ ਵੀ ਇਹਨਾਂ ਦੀ ਮਦਦ ਕਰਦੇ ਹਨ।

ਪਿਛਲੇ ਸਮੇਂ ਵਿੱਚ ਜਦੋਂ ਤੋਂ ਭਾਜਪਾ ਕੇਂਦਰ ਸਰਕਾਰ ‘ਤੇ ਕਾਬਜ਼ ਹੋਈ ਹੈ ਉਦੋਂ ਤੋਂ ਖ਼ਾਸ ਕਰਕੇ ਦੇਸ਼ ਵਿੱਚ ਫ਼ਿਰਕੂ ਘਟਨਾਵਾਂ ਵਿੱਚ ਤੇਜ਼ੀ ਆਈ ਹੈ। ਚੋਣਾਂ ਦੇ ਨੇੜੇ ਤਾਂ ਫ਼ਿਰਕੂ ਤਾਕਤਾਂ ਹੋਰ ਵੀ ਸਰਗਰਮ ਹੋ ਜਾਂਦੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਮੁਤਾਬਿਕ ਹੀ 2015 ਦੇ ਜਨਵਰੀ ਤੋਂ ਜੂਨ ਦੇ ਛੇ ਮਹੀਨਿਆਂ ਦੌਰਾਨ ਫ਼ਿਰਕੂ ਹਿੰਸਾ ਦੀਆਂ 330 ਘਟਨਾਵਾਂ ਹੋ ਚੁੱਕੀਆਂ ਹਨ। ਇਹਨਾਂ ਘਟਨਾਵਾਂ ਵਿੱਚ 51 ਵਿਅਕਤੀਆਂ ਦੇ ਮਾਰੇ ਜਾਣ ਅਤੇ 1092 ਵਿਅਕਤੀਆਂ ਦੇ ਜਖ਼ਮੀ ਹੋਣ ਦੀ ਗੱਲ ਗ੍ਰਹਿ ਮੰਤਰਾਲਾ ਆਪ ਮੰਨਦਾ ਹੈ। ਇਸ ਸਰਕਾਰੀ ਅੰਕੜੇ ਤੋਂ ਪਰ੍ਹੇ ਅਸਲ ਹਕੀਕਤ ਇਸ ਤੋਂ ਵੀ ਭਿਆਨਕ ਹੋਵੇਗੀ। ਉੱਤਰ ਪ੍ਰਦੇਸ਼ ਸੰਘ ਪਰਿਵਾਰ ਦੇ ਸਭ ਤੋਂ ਵੱਧ ਨਿਸ਼ਾਨੇ ‘ਤੇ ਹੈ। ਦੋ ਸਾਲ ਬਾਅਦ ਇੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਸਦੀ ਤਿਆਰੀ ਲਈ ਹਿੰਦੂ ਫ਼ਿਰਕੂ ਤਾਕਤਾਂ ਦੀਆਂ ਸਾਜ਼ਿਸ਼ਾਂ ਜ਼ਾਰੀ ਹਨ। ਫ਼ਿਰਕੂ ਹਿੰਸਾ ਦੀਆਂ ਸਭ ਤੋਂ ਵੱਧ ਘਟਨਾਵਾਂ ਉੱਤਰ ਪ੍ਰਦੇਸ਼ ਵਿੱਚ ਹੋਈਆਂ ਹਨ। ਜੁਲਾਈ 2014 ਤੋਂ ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ 330 ਤੋਂ ਵਧੇਰੇ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ। ਇਹਨਾਂ ਵਿੱਚ 216 ਘਟਨਾਵਾਂ ਸਿਰਫ਼ ਪੱਛਮੀ ਉੱਤਰ-ਪ੍ਰਦੇਸ਼ ਨਾਲ਼ ਸਬੰਧਤ ਹਨ। ਉੱਤਰ-ਪ੍ਰਦੇਸ਼ ਵਿੱਚ ਹਿੰਦੂਤਵੀ ਕੱਟੜਪੰਥੀ ਗਊ ਰੱਖਿਆ ਦੇ ਮਸਲੇ ਨੂੰ ਜ਼ੋਰ-ਸ਼ੋਰ ਨਾਲ ਵਰਤ ਰਹੇ ਹਨ। ਮਹਾਂਰਾਸ਼ਟਰ, ਗੁਜਰਾਤ, ਬਿਹਾਰ, ਕਰਨਾਟਕਾ ਆਦਿ ਰਾਜਾਂ ਵਿੱਚ ਵੀ ਹਿੰਦੂਤਵੀ ਫ਼ਿਰਕਾਪ੍ਰਸਤੀ ਦਾ ਨੰਗਾ-ਨਾਚ ਤੇਜ਼ ਹੋ ਗਿਆ ਹੈ।

ਗਊ ਰੱਖਿਆ ਦੇ ਨਾਂ ‘ਤੇ ਕਤਲਾਂ ਦੀਆਂ ਤਾਜ਼ਾ ਘਟਨਾਵਾਂ ਨੇ ਜਮਹੂਰੀਅਤ ਪਸੰਦ ਲੋਕਾਂ ਨੂੰ ਵੱਡਾ ਝੰਜੋੜਾ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਦਾਦਰੀ ਬਲਾਕ ‘ਚ ਸਥਿਤ ਇੱਕ ਪਿੰਡ ਬਿਸਾੜਾ ਵਿੱਚ 28 ਸਤੰਬਰ 2015 ਦੀ ਰਾਤ ਹਿੰਦੂ ਫ਼ਿਰਕਾਪ੍ਰਸਤਾਂ ਦੇ ਟੋਲੇ ਨੇ ਮੁਹੰਮਦ ਇਖ਼ਲਾਕ ਨਾਂ ਦੇ ਵਿਅਕਤੀ ਨੂੰ ਉਸਦੇ ਘਰ ਵਿੱਚ ਵੜ੍ਹ ਕੇ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਸਦੇ ਹੋਰ ਪਰਿਵਾਰਕ ਮੈਂਬਰ ਨੂੰ ਵੀ ਬਰਬਰ ਢੰਗ ਨਾਲ਼ ਕੁੱਟਿਆ ਗਿਆ। ਇਖ਼ਲਾਕ ਦਾ ਲੜਕਾ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਇਖ਼ਲਾਕ ਅਤੇ ਉਸਦੇ ਪਰਿਵਾਰ ‘ਤੇ ਦੋਸ਼ ਲਗਾਇਆ ਗਿਆ ਕਿ ਉਹਨਾਂ ਨੇ ਗਊ ਹੱਤਿਆ ਕੀਤੀ ਹੈ, ਇਸਦਾ ਮਾਸ ਘਰ ਵਿੱਚ ਰੱਖਿਆ ਹੈ ਅਤੇ ਖਾਧਾ ਹੈ। ਇਹ ਹਰ ਵਿਅਕਤੀ ਦੀ ਖਾਣ-ਪੀਣ ਦੀ ਆਪਣੀ ਅਜ਼ਾਦੀ ਹੈ ਅਤੇ ਇਸ ਵਿੱਚ ਦਖ਼ਲਅੰਦਾਜ਼ੀ ਜਮਹੂਰੀਅਤ ਦਾ ਘਾਣ ਹੈ। ਪਰ ਇਹ ਵੀ ਤੱਥ ਹੈ ਕਿ ਇਖ਼ਲਾਕ ਦੇ ਘਰੋਂ ਬਰਾਮਦ ਕੀਤਾ ਮਾਸ ਗਊ ਦਾ ਨਹੀਂ ਸਗੋਂ ਬੱਕਰੇ ਦਾ ਸੀ। ਗਊ ਹੱਤਿਆ ਦਾ ਬਹਾਨਾ ਬਣਾ ਕੇ ਇੱਕ ਇਨਸਾਨ ਨੂੰ ਮੌਤ ਦੇ ਮੂੰਹ ਧੱਕ ਦਿੱਤਾ ਗਿਆ, ਇੱਕ ਪਰਿਵਾਰ ਉਜਾੜ ਦਿੱਤਾ ਗਿਆ।

ਇਸ ਕਾਲ਼ੇ ਕਾਰਨਾਮੇ ਨੂੰ ਭਾਜਪਾ ਤੇ ਸੰਘ ਪਰਿਵਾਰ ਨੇ ਯੋਜਨਾਬੱਧ ਢੰਗ ਨਾਲ਼ ਅੰਜ਼ਾਮ ਦਿੱਤਾ ਹੈ। ਬਿਸਾੜਾ ਪਿੰਡ ਵਿੱਚ ਪਹਿਲਾਂ ਕਦੇ ਵੀ ਕੋਈ ਫ਼ਿਰਕੂ ਘਟਨਾ ਨਹੀਂ ਹੋਈ ਸੀ। ਇਸ ਪਿੰਡ ਵਿੱਚ 25 ਕੁ ਘਰ ਮੁਸਲਮਾਨਾਂ ਦੇ ਹਨ। ਬਾਕੀ ਹਿੰਦੂ ਪਰਿਵਾਰ ਹਨ। ਸਾਲ ਕੁ ਪਹਿਲਾਂ ਹਿੰਦੂ ਕੱਟੜਪੰਥੀਆਂ ਨੇ ਇਸ ਪਿੰਡ ਵਿੱਚ ਹਿੰਦੂ ਧਰਮ ਤੇ ਗਊ ਰੱਖਿਆ ਆਦਿ ਬਹਾਨੇ ਮੁਸਲਮਾਨਾਂ ਖਿਲਾਫ਼ ਹਿੰਦੂਆਂ ਨੂੰ ਭੜਕਾਉਣ ਦੀ ਸ਼ੁਰੂਆਤ ਕੀਤੀ। ਇਖ਼ਲਾਕ ਦੀ ਹੱਤਿਆ ਤੋਂ ਪਹਿਲਾਂ ਗਊ ਹੱਤਿਆ ਬਾਰੇ ਵਟਸਐਪ ਵਗੈਰਾ ‘ਤੇ ਅਫ਼ਵਾਹ ਫੈਲਾਈ ਗਈ। ਰਾਤ ਨੂੰ ਮੰਦਰ ਦੇ ਲਾਊਡ ਸਪੀਕਰ ਤੋਂ ਕਿਹਾ ਗਿਆ ਕਿ ਇਖ਼ਲਾਕ ਦੇ ਘਰ ਅੱਗੇ ਗਊ ਦਾ ਮਾਸ ਵੇਖਿਆ ਗਿਆ ਹੈ ਕਿ ਸਾਰੇ ਉੱਥੇ ਇਕੱਠੇ ਹੋ ਜਾਣ। ਮੰਦਰ ਦਾ ਪੁਜ਼ਾਰੀ ਕੁੱਝ ਮਹੀਨੇ ਪਹਿਲਾਂ ਹੀ ਪਿੰਡ ਵਿੱਚ ਆਇਆ ਸੀ। ਉਸ ਬਾਰੇ ਕੁੱਝ ਖ਼ਬਰਾਂ ਆਈਆਂ ਹਨ ਜਿਨ੍ਹਾਂ ਅਨੁਸਾਰ ਉਹ ਸੰਘ ਪਰਿਵਾਰ ਦਾ ਪੱਕਾ ਬੰਦਾ ਹੈ ਅਤੇ ਮੁਜੱਫ਼ਰਨਗਰ ਸਮੇਤ ਹੋਰ ਥਾਂਵਾਂ ‘ਤੇ ਮੁਸਲਮਾਨਾਂ ਦੇ ਕਤਲੇਆਮ ਮੌਕੇ ਹਾਜ਼ਰ ਸੀ। ਦਾਦਰੀ ਕਾਂਡ ਦੇ ਦੋਸ਼ ਵਿੱਚ ਅੱਠ ਗ੍ਰਿਫ਼ਤਾਰੀਆਂ ਹੋਈਆਂ ਹਨ ਇਹਨਾਂ ਵਿੱਚੋਂ ਸੱਤ ਭਾਜਪਾ ਦੀ ਸਥਾਨਕ ਆਗੂ ਦੇ ਰਿਸ਼ਤੇਦਾਰ ਹਨ। ਇੱਕ ਉਸਦਾ ਪੁੱਤ ਹੈ।

17 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ‘ਚ ਗਊ ਰੱਖਿਆ ਦੇ ਨਾਂ ‘ਤੇ ਬਜਰੰਗ ਦਲ ਦੇ ਗੁੰਡਿਆਂ ਨੇ ਨੋਮਨ ਅਤੇ ਉਸਦੇ ਸਾਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਨੋਮਨ ਦੀ ਤਾਂ ਮੌਤ ਹੀ ਹੋ ਗਈ ਅਤੇ ਬਾਕੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਉੱਤੇ ਗਊ ਦੇ ਮਾਸ ਦੀ ਤਸਕਰੀ ਦਾ ਭੜਕਾਊ ਤੇ ਬੇਬੁਨਿਆਦ ਦੋਸ਼ ਲਾਇਆ ਗਿਆ ਸੀ।

9 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਗਊ ਹੱਤਿਆ ਦੀ ਅਫ਼ਵਾਹ ਫੈਲਣ ਤੋਂ ਬਾਅਦ ਇਲਾਕੇ ਵਿੱਚ ਫ਼ਿਰਕੂ ਤਣਾਅ ਫੈਲ ਗਿਆ ਸੀ। ਇੱਕ ਟਰੱਕ ਉੱਤੇ ਪੈਟ੍ਰੋਲ ਬੰਬ ਸੁੱਟੇ ਜਾਣ ਨਾਲ਼ ਟਰੱਕ ਡਰਾਈਵਰ ਜ਼ਾਹਿਦ ਬੁਰੀ ਤਰ੍ਹਾਂ ਝੁਲਸ ਗਿਆ ਸੀ। ਉਸਦੀ 18 ਅਕਤੂਬਰ ਨੂੰ ਦਿੱਲੀ ਵਿੱਚ ਮੌਤ ਹੋ ਗਈ ਹੈ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਫ਼ਿਰਕੂ ਮਾਹੌਲ ਬਹੁਤ ਭਖ਼ ਗਿਆ ਹੈ। ਗਊ ਹੱਤਿਆਂ ਨੂੰ ਮੁੱਦਾ ਬਣਾ ਕੇ ਹਿੰਦੂਤਵੀ ਫ਼ਿਰਕੂ ਤਾਕਤਾਂ ਨੂੰ ਇੱਥੇ ਵੀ ਵੱਡੀ ਕਾਮਯਾਬੀ ਮਿਲੀ ਹੈ।

ਪੰਜਾਬ ਵਿੱਚ ਵੀ ਹਿੰਦੂ ਕੱਟੜਪੰਥੀ ਤਾਕਤਾਂ ਦੇ ਹੌਂਸਲੇ ਬਹੁਤ ਵੱਧ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ ਇਹਨਾਂ ਨੂੰ ਖੁੱਲ੍ਹੀ ਸ਼ੈਅ ਦੇ ਰਹੀ ਹੈ। ”ਗਊ ਰੱਖਿਆ ਦਲ, ਪੰਜਾਬ” ਜਿਹੇ ਦਹਿਸ਼ਤੀ ਟੋਲੇ ਸ਼ਰੇਆਮ ਬੰਦੂਕਾਂ-ਤਲਵਾਰਾਂ ਚੁੱਕੀ ਸੜਕਾਂ ‘ਤੇ ਫ਼ਿਰਕੂ ਗੁੰਡਾਗਰਦੀ ਦਾ ਨੰਗਾ-ਨਾਚ ਵਿਖਾਉਂਦੇ ਹਨ। ਇਹ ਏਨੇ ਬੇਖੌਫ਼ ਹਨ ਕਿ ਆਪਣੇ ਕਾਰਿਆਂ ਦੀ ਵੀਡੀਓਗ੍ਰਾਫ਼ੀ ਕਰਵਾ ਕੇ ਇੰਟਰਨੈੱਟ ‘ਤੇ ਪਾ ਦਿੰਦੇ ਹਨ। ਸਰਕਾਰ-ਪੁਲਿਸ ਇਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਤਾਂ ਹਿੰਦੂਤਵੀ ਫ਼ਿਰਕਾਪ੍ਰਸਤੀ ਦੀਆਂ ਘਟਨਾਵਾਂ ਬਾਰੇ ਕੁੱਝ ਬੋਲਦਾ ਹੀ ਨਹੀਂ ਜਾਂ ਬਹੁਤ ਘੱਟ ਬੋਲਦਾ ਹੈ। ਉਸਦੀ ਚੁੱਪੀ ਸਿੱਧੇ-ਅਸਿੱਧੇ ਤੌਰ ‘ਤੇ ਦੇਸ਼ ਦੇ ਹਿੰਦੂਤਵੀ ਕੱਟੜਪੰਥੀਆਂ ਨੂੰ ਕਾਲ਼ੇ ਕਾਰੇ ਜ਼ਾਰੀ ਰੱਖਣ ਲਈ ਹਰੀ ਝੰਡੀ ਦਿਖਾਉਂਦੀ ਹੈ। ਦਾਦਰੀ ਕਾਂਡ ਅਤੇ ਗਊ ਰੱਖਿਆ ਦੇ ਨਾਂ ‘ਤੇ ਹੋਈਆਂ ਹੋਰ ਘਟਨਾਵਾਂ ਬਾਰੇ ਉਸਨੇ ਪਹਿਲਾਂ ਤਾਂ ਕੁੱਝ ਬੋਲਿਆ ਹੀ ਨਹੀਂ। ਆਖਰ ਚੁੱਪੀ ਤੋੜੀ ਵੀ ਤਾਂ ਹਿੰਦੂਤਵੀ ਫ਼ਿਰਕਾਪ੍ਰਸਤੀ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ। ਬਸ ਏਨਾ ਕੁ ਕਿਹਾ ਕਿ ਹਿੰਦੂਆਂ-ਮੁਸਲਮਾਨਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਇਹ ਬਿਆਨ ਦੋਸ਼ੀਆਂ ਤੇ ਪੀੜਤਾਂ ਨੂੰ ਇੱਕ ਬਰਾਬਰ ਕਰਾਰ ਦੇਣਾ ਹੀ ਸੀ। ਉਂਝ ਵੀ ਮੋਦੀ ਦੀ ਅਗਵਾਈ ਵਿੱਚ ਹੀ ਗੁਜਰਾਤ ਵਿੱਚ ਸੰਨ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ। ਅਜਿਹੇ ਵਿਅਕਤੀ ਦਾ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠੇ ਹੋਣ ਤੋਂ ਵੱਧ ਹਿੰਦੂਤਵੀ ਕੱਟੜਪੰਥੀਆਂ ਲਈ ਹੋਰ ਕਿਹੜੀ ਹਰੀ ਝੰਡੀ ਦੀ ਜ਼ਰਰੂਤ ਬਾਕੀ ਰਹਿ ਜਾਂਦੀ ਹੈ?

ਫ਼ਿਰਕੂ ਲੀਡਰ ਗਊ ਰੱਖਿਆ ਦੇ ਨਾਂ ‘ਤੇ ਮਨੁੱਖਤਾ ਦੇ ਘਾਣ ਨੂੰ ਜਾਇਜ਼ ਠਹਿਰਾਉਂਦੇ ਭੜਕਾਊ ਤੇ ਅਪਰਾਧਿਕ ਫ਼ਿਰਕੂ ਬਿਆਨ ਦੇ ਕੇ ਵੀ ਅਜ਼ਾਦ ਘੁੰਮ ਰਹੇ ਹਨ। ਅਜ਼ਾਦ ਭਾਜਪਾ ਦੀ ਮਾਂ ਜੱਥੇਬੰਦੀ ਆਰ.ਐਸ.ਐਸ. ਦੇ ਮੁੱਖ ਰਸਾਲੇ ‘ਪੰਚਜਨਯ’ ਦੇ ਤਾਜ਼ਾ ਅੰਕ ਵਿੱਚ ਦਾਦਰੀ ਕਾਂਡ ਨੂੰ ਜਾਇਜ਼ ਠਾਹਿਰਾਉਂਦੇ ਹੋਏ ਕਿਹਾ ਗਿਆ ਹੈ ਕਿ ਹਿੰਦੂ ਗੰ੍ਰਥ ਗਊ ਹੱਤਿਆ ਕਰਨ ਵਾਲ਼ੇ ਲਈ ਮੌਤ ਦੀ ਸਜ਼ਾ ਦੇਣ ਲਈ ਕਹਿੰਦੇ ਹਨ। ਜੋ ਵੀ ਗਊ ਹੱਤਿਆ ਕਰਦਾ ਹੈ ਉਸਨੂੰ ਮੌਤ ਦੇ ਘਾਟ ਉਤਾਰਨਾ ਹਿੰਦੂਆਂ ਦਾ ਫਰਜ਼ ਹੈ। ਹਰਿਆਣਾ ਦੀ ਭਾਜਪਾ ਸਰਕਾਰ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਭੜਕਾਊ ਬਿਆਨ ਦਿੰਦਾ ਹੈ ਕਿ ਜੇਕਰ ਮੁਸਲਮਾਨਾਂ ਨੇ ਭਾਰਤ ਵਿੱਚ ਰਹਿਣਾ ਹੈ ਤਾਂ ਗਾਂ ਦਾ ਮਾਸ ਖਾਣਾ ਛੱਡ ਦੇਣ। ਗਊ ਰੱਖਿਆ ਦੇ ਨਾਂ ‘ਤੇ ਹੋਏ ਕਤਲਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਭਾਜਪਾ ਦੇ ਉੱਤਰ ਪ੍ਰਦੇਸ਼ ਤੋਂ ਵਿਧਾਨ ਸਭਾ ਮੈਂਬਰ, ਸੰਸਦ ਮੈਂਬਰਾਂ ਸਾਕਸ਼ੀ ਮਹਾਰਾਜ ਤੇ ਯੋਗੀ ਅਦਿਤਯ ਨਾਥ ਨੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਲੀਡਰ ਸਾਧਵੀ ਪ੍ਰਾਚੀ ਆਦਿ ਨੇ ਭੜਕਾਊ ਬਿਆਨ ਦਿੱਤੇ ਹਨ। ਯੋਗੀ ਅਦਿਤਯ ਨਾਥ ਨੇ ਦਾਦਰੀ ਦੇ ਹਿੰਦੂਆਂ ਵਿੱਚ ਹਥਿਆਰ ਵੰਡਣ ਦਾ ਐਲਾਨ ਸ਼ਰੇਆਮ ਕੀਤਾ ਹੈ। ਮੋਦੀ, ਰਾਜਨਾਥ ਦਾ ਚੁੱਪ ਰਹਿਣਾ ਜਾਂ ਸਰਸਰੀ ਨਿਖੇਧੀ ਤੇ ਹੋਰਾਂ ਤੋਂ ਭੜਕਾਊ ਬਿਆਨ ਦਿਵਾਉਣਾ ਇਹ ਭਾਜਪਾ ਅਤੇ ਸੰਘ ਪਰਿਵਾਰ ਦੀ ਸੋਚੀ-ਸਮਝੀ ਪੁਰਾਣੀ ਨੀਤੀ ਹੈ। ਸੰਘ ਪਰਿਵਾਰ ਦੇ ਵੱਖ-ਵੱਖ ਹਿੱਸਿਆਂ, ਵੱਖ-ਵੱਖ ਆਗੂਆਂ ਦੀ ਕਹਿਣੀ ਵਿੱਚ ਅਕਸਰ ਫ਼ਰਕ ਵਿਖਾਈ ਦਿੰਦਾ ਹੈ ਪਰ ਇਹਨਾਂ ਦੀ ਕਰਨੀ ਇੱਕੋ ਹੀ ਹੈ। ਇਹ ਸਭ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਅਤੇ ਇਸਾਈਆਂ, ਕਮਿਊਨਿਸਟਾਂ, ਤਰਕਸ਼ੀਲਾਂ, ਜਮਹੂਰੀ ਵਿਚਾਰ ਰੱਖਣ ਵਾਲ਼ਿਆਂ, ਲੋਕ ਹੱਕਾਂ ਲਈ ਜੂਝਣ ਵਾਲ਼ਿਆਂ ਦੇ ਘੋਰ ਖਿਲਾਫ਼ ਹਨ ਅਤੇ ਇਨ੍ਹਾਂ ਖਿਲਾਫ਼ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਜਿਵੇਂ ਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਹਿੰਦੂਤਵੀ ਫ਼ਿਰਕੂ ਤਾਕਤਾਂ ਅੱਜ ਸਭ ਤੋਂ ਵੱਡੀ ਫ਼ਿਰਕੂ ਤਾਕਤ ਹੈ ਪਰ ਇਹੋ ਇੱਕੋ-ਇੱਕ ਖ਼ਤਰਾ ਨਹੀਂ ਹੈ। ਘੱਟ ਗਿਣਤੀ ਫ਼ਿਰਕੂ ਟੋਲੇ ਵੀ ਪਿੱਛੇ ਨਹੀਂ ਹਨ। ਦੇਸ਼ ਦੇ ਕੋਨੇ-ਕੋਨੇ ਵਿੱਚ ਘੱਟ ਗਿਣਤੀ ਫ਼ਿਰਕੂ ਟੋਲੇ ਬਲ਼ਦੀ ‘ਤੇ ਤੇਲ ਪਾ ਰਹੇ ਹਨ, ਕਿਸੇ ਨਾ ਕਿਸੇ ਬਹਾਨੇ ਆਪਣੀਆਂ ਫ਼ਿਰਕੂ ਰੋਟੀਆਂ ਸੇਕ ਰਹੇ ਹਨ। ਮੁਸਲਮਾਨਾਂ ਦੇ ਜਮਹੂਰੀ ਹੱਕਾਂ ਦੇ ਹੋ ਰਹੇ ਘਾਣ ਦਾ ਫ਼ਾਇਦਾ ਉਠਾ ਕੇ ਇਸਲਾਮਿਕ ਕੱਟੜਪੰਥੀ ਆਪਣੀਆਂ ਫ਼ਿਰਕੂ ਰੋਟੀਆਂ ਸੇਕ ਰਹੇ ਹਨ। ਭਾਰਤ ਵਿੱਚ ਸਰਗਰਮ ਇਸਲਾਮਿਕ ਕੱਟੜਪੰਥੀ ਦਹਿਸ਼ਤੀ ਤੇ ਹੋਰ ਜੱਥੇਬੰਦੀਆਂ ਮੁਸਲਮਾਨਾਂ ਨੂੰ ਫ਼ਿਰਕੂ ਲੀਹਾਂ ‘ਤੇ ਪਾਉਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਓਵੈਸੀ ਜਿਹੇ ਲੀਡਰ ਕੋਈ ਮੁਸਲਮਾਨਾਂ ਨੂੰ ਆਪਣੀ ਨਫ਼ਰਤ ਭਰੀ ਇਸਲਾਮਿਕ ਫ਼ਿਰਕੂ ਸਿਆਸਤ ਦੇ ਜਾਲ਼ ਵਿੱਚ ਫਸਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ।

ਪੰਜਾਬ ਦੀ ਹਾਲਤ ਵੀ ਸਾਡੇ ਸਾਹਮਣੇ ਹੈ। ਪੰਜਾਬ ਇੱਕ ਵਾਰ ਫ਼ਿਰ ਫ਼ਿਰਕੂ ਅੱਗ ਵਿੱਚ ਝੁਲਸ ਰਿਹਾ ਹੈ। ਪੰਜਾਬ ਨੂੰ ਫ਼ਿਰਕੂ ਅੱਗ ਵਿੱਚ ਧੱਕਣ ਦੀ ਮਨਸ਼ਾ ਹੇਠ ਗੁਰੂ ਗ੍ਰੰਥ ਸਾਹਿਬ ਦੇ ਵਰਕੇ ਫਾੜ ਕੇ ਸੁੱਟੇ ਗਏ। ਇਸ ਖਿਲਾਫ਼ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣੀ ਲਾਜ਼ਮੀ ਸੀ। ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਉਹਨਾਂ ਨੂੰ ਭੜਕਾਉਣ ਅਤੇ ਫ਼ਿਰਕੂ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼ ਰਚਣ ਵਾਲ਼ੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਦੋਸ਼ੀਆਂ ਨੂੰ ਸਜ਼ਾਵਾਂ ਕਰਵਾਉਣ ਲਈ ਸੜਕਾਂ ‘ਤੇ ਉੱਤਰੀ ਸਿੱਖ ਅਬਾਦੀ ‘ਤੇ ਡਾਂਗਾਂ, ਗੋਲ਼ੀਆਂ, ਜੇਲ੍ਹਾਂ ਨਾਲ਼ ਅਕਾਲੀ-ਭਾਜਪਾ ਸਰਕਾਰ ਵੱਲ਼ੋਂ ਜ਼ਬਰ ਢਾਹੁਣ ਨੇ ਬਲ਼ਦੀ ‘ਤੇ ਹੋਰ ਤੇਲ ਪਾ ਦਿੱਤਾ। ਇਸ ਪੂਰੇ ਘਟਨਾਕ੍ਰਮ ਦਾ ਫ਼ਿਰਕੂ ਸਿੱਖ ਕੱਟੜਪੰਥੀ ਤਾਕਤਾਂ ਨੇ ਪੂਰਾ ਲਾਹਾ ਲਿਆ ਹੈ। ਉਹਨਾਂ ਨੇ ਆਮ ਸਿੱਖ ਅਬਾਦੀ ‘ਚ ਫ਼ਿਰਕੂ ਭਾਵਨਾਵਾਂ ਫੈਲਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਫ਼ਿਰਕੂ ਨਫ਼ਰਤ ਨਾਲ਼ ਭਰੇ ਜ਼ਹਿਰੀਲੇ ਭਾਸ਼ਣਾਂ, ਇੰਟਰਨੈੱਟ ਸਾਈਟਾਂ, ਫੇਸਬੁੱਕ, ਵਟਸਐਪ ਆਦਿ ਰਾਹੀਂ ਜਾਣਬੁੱਝ ਕੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਹਨ। ਲੇਖ ਲਿਖੇ ਜਾਣ ਤੱਕ ਵੀ ਸਿੱਖ ਕੱਟੜਪੰਥੀ ਪੂਰੇ ਜ਼ੋਰ-ਸ਼ੋਰ ਨਾਲ਼ ਇਸ ਕੰਮ ਵਿੱਚ ਲੱਗੇ ਹੋਏ ਹਨ।

ਲਗਾਤਾਰ ਡੂੰਘੇ ਹੁੰਦੇ ਜਾ ਰਹੇ ਸਰਮਾਏਦਾਰਾ ਆਰਥਿਕ ਸੰਕਟ, ਲੋਕਾਂ ਦੀ ਵੱਧਦੀ ਗ਼ਰੀਬੀ-ਬਦਹਾਲੀ, ਬੇਰੁਜ਼ਗਾਰੀ, ਵੱਧਦੀ ਮਹਿੰਗਾਈ ਤੇ ਇਸ ਹਾਲਤ ਖਿਲਾਫ਼ ਵੱਧਦੇ ਲੋਕ ਰੋਹ ਦੇ ਮੱਦੇਨਜ਼ਰ ਵੱਖ-ਵੱਖ ਇਨਕਲਾਬੀ ਧਿਰਾਂ ਅਤੇ ਜਮਹੂਰੀ ਹਲਕੇ ਵਿੱਤ ਮੁਤਾਬਿਕ ਲਗਾਤਾਰ ਹਾਕਮਾਂ ਦੀਆਂ ਫ਼ਾਸੀਵਾਦੀ ਸਾਜ਼ਿਸ਼ਾਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆਏ ਹਨ। ਵੱਖ-ਵੱਖ ਪੱਧਰਾਂ ‘ਤੇ ਫ਼ਾਸੀਵਾਦੀ ਅਤੇ ਫ਼ਿਰਕੂ ਤਾਕਤਾਂ ਖਿਲਾਫ਼ ਘੋਲ਼ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਯੋਜਨਾਬੱਧ ਢੰਗ ਨਾਲ਼ ਖੜ੍ਹੇ ਕੀਤੇ ਗਏ ਫ਼ਿਰਕੂ ਮਾਹੌਲ, ਲੋਕਾਂ ਦੇ ਜਮਹੂਰੀ ਹੱਕਾਂ ਦੇ ਫ਼ਾਸੀਵਾਦੀ ਘਾਣ, ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦੇ ਘਾਣ, ਲੇਖਕਾਂ-ਸਮਾਜਿਕ ਕਾਰਕੁੰਨਾਂ ਦੇ ਕਤਲਾਂ ਖਿਲਾਫ਼ ਲੇਖਕਾਂ, ਕਵੀਆਂ ਤੇ ਕਲਾਕਾਰਾਂ ਵੱਲ਼ੋਂ ਸਾਹਿਤ ਅਕਾਦਮੀ ਅਤੇ ਹੋਰ ਸਰਕਾਰੀ ਸੰਸਥਾਵਾਂ ਵੱਲੋਂ ਦਿੱਤੇ ਇਨਾਮ ਵੱਡੇ ਪੱਧਰ ਉੱਤੇ ਵਾਪਿਸ ਕੀਤੇ ਜਾ ਰਹੇ ਹਨ। ਕਲਾ ਤੇ ਕਲਮਾਂ ਵਾਲ਼ਿਆਂ ਵੱਲੋਂ ਸਰਕਾਰ, ਫ਼ਾਸੀਵਾਦ, ਫ਼ਿਰਕਾਪ੍ਰਸਤੀ ਦਾ ਇਸ ਕਿਸਮ ਦੇ ਵਿਰੋਧ ਦਾ ਸੁਲੱਖਣਾ ਵਰਤਾਰਾ ਪਹਿਲੀ ਵਾਰ ਵੇਖਣ ਵਿੱਚ ਆਇਆ ਹੈ ਜਿਸਦਾ ਨਿੱਘੇ ਦਿਲੋਂ ਸਵਾਗਤ ਹੋਣਾ ਚਾਹੀਦਾ ਹੈ ਅਤੇ ਕੀਤਾ ਵੀ ਗਿਆ ਹੈ।

ਪਰ ਫ਼ਿਰਕਾਪ੍ਰਸਤ ਫ਼ਾਸੀਵਾਦ ਖਿਲਾਫ਼ ਵਿਰੋਧ ਅਜੇ ਲੋੜੀਂਦੀ ਢੁੱਕਵੀਂ ਸ਼ਕਲ-ਸੂਰਤ ਅਤੇ ਤਾਕਤ ਹਾਸਿਲ ਨਹੀਂ ਕਰ ਸਕਿਆ ਹੈ। ਬਹੁਤ ਕੁੱਝ ਕਰਨਾ ਹੋਵੇਗਾ। ਮਜ਼ਦੂਰਾਂ, ਕਿਰਤੀਆਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਅਧਿਆਪਕਾਂ, ਮੁਲਾਜ਼ਮਾਂ, ਲੇਖਕਾਂ, ਕਵੀਆਂ, ਸੱਭਿਆਚਾਰਕ ਕਾਮਿਆਂ ਨੂੰ ਸੜਕਾਂ ‘ਤੇ ਉੱਤਰ ਕੇ ਵਹਿਸ਼ੀ ਹਿੰਦੂਤਵੀ ਕੱਟੜਪੰਥੀ ਤੇ ਹੋਰ ਫ਼ਿਰਕਾਪ੍ਰਸਤਾਂ ਦਾ ਮੁਕਾਬਲਾ ਕਰਨ ਦੀ ਜ਼ੋਰਦਾਰ ਤਿਆਰੀ ਕਰਨੀ ਹੋਵੇਗੀ। ਪ੍ਰਚਾਰ ਤੇ ਘੋਲ਼ ਦੇ ਵੰਨ-ਸੁਵੰਨੇ ਤਰੀਕਿਆਂ ‘ਤੇ ਜ਼ੋਰ ਵਧਾਉਣਾ ਪਵੇਗਾ। ਵੱਖ-ਵੱਖ ਜਮਹੂਰੀ ਧਿਰਾਂ ਦੇ ਸਾਂਝੇ ਮੋਰਚੇ ਦੀ ਫ਼ੌਰੀ ਤੌਰ ‘ਤੇ ਅਣਸਰਦੀ ਜ਼ਰੂਰਤ ਹੈ। ਇਸ ਪਾਸੇ ਨੂੰ ਕੁੱਝ ਕੋਸ਼ਿਸ਼ਾਂ ਹੋਈਆਂ ਹਨ। ਇਹਨਾਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦੇਣ ਦੀ ਜ਼ਰੂਰਤ ਹੈ ਅਤੇ ਸਾਂਝੇ ਮੋਰਚੇ ਦਾ ਘੇਰਾ ਖੇਤਰ ਅਤੇ ਜੱਥੇਬੰਦੀਆਂ/ਸਭਾਵਾਂ ਮੁਤਾਬਿਕ ਵਧਾਉਣ ਦੀ ਲੋੜ ਹੈ। ਹੋਰ ਆਰਥਿਕ-ਸਿਆਸੀ ਘੋਲ਼ਾਂ ਦੌਰਾਨ ਫ਼ਿਰਕੂ ਫ਼ਾਸੀਵਾਦੀ ਤਾਕਤਾਂ ਦੇ ਕਾਲ਼ੇ ਮਨਸੂਬਿਆਂ ਖਿਲਾਫ਼ ਲਗਾਤਾਰ ਲੋਕਾਂ ਨੂੰ ਜਾਗਰੂਕ ਤੇ ਜੱਥੇਬੰਦ ਕਰਨਾ ਪਵੇਗਾ। ਫ਼ਾਸੀਵਾਦੀ ਹਾਕਮਾਂ ਦਾ ਅਸਲ ਨਿਸ਼ਾਨਾ ਲੋਕਾਂ ਦੇ ਸਾਰੇ ਜਮਹੂਰੀ ਹੱਕ ਖੋਹ ਕੇ ਆਰਥਿਕ ਲੁੱਟ ਨੂੰ ਤੇਜ਼ ਕਰਨਾ ਹੀ ਹੈ। ਅਜਿਹੀਆਂ ਭੋਲ਼ੀਆਂ ਆਤਮਾਵਾਂ ਦੀ ਕੋਈ ਕਮੀ ਨਹੀਂ ਹੈ ਜੋ ਸੋਚਦੀਆਂ ਹਨ ਜੇਕਰ ਭਾਜਪਾ ਨੂੰ ਵੋਟ ਸਿਆਸਤ ਵਿੱਚ ਢਾਹ ਲਿਆ ਜਾਵੇ ਤਾਂ ਫ਼ਾਸੀਵਾਦ ਨੂੰ ਹਰਾਇਆ ਜਾ ਸਕਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਫ਼ਾਸੀਵਾਦ ਇੱਕ ਸਰਗਰਮ ਸਮਾਜਿਕ ਲਹਿਰ ਹੈ। ਇਸਨੂੰ ਹਰਾਉਣ ਲਈ ਇਸ ਵਿਰੁੱਧ ਇੱਕ ਜ਼ਬਰਦਸਤ ਇਨਕਲਾਬੀ-ਜਮਹੂਰੀ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਹਾਕਮਾਂ ਦੇ ਫ਼ਾਸੀਵਾਦੀ ਹਮਲੇ ਦਾ ਜਵਾਬ ਇੱਕ ਜੂਝਾਰੂ ਲੋਕ ਲਹਿਰ ਰਾਹੀਂ ਹੀ ਦਿੱਤਾ ਜਾ ਸਕਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements