ਫ਼ਿਰਕੂ ਫ਼ਾਸੀਵਾਦ ਖਿਲਾਫ਼ ‘ਫ਼ਿਰਕਾਪ੍ਰਸਤੀ ਵਿਰੋਧੀ ਸਾਂਝਾ ਮੋਰਚਾ, ਜਿਲ੍ਹਾ ਲੁਧਿਆਣਾ’ ਦਾ ਗਠਨ 4 ਨਵੰਬਰ ਨੂੰ ਡੀ. ਸੀ. ਦਫ਼ਤਰ, ਲੁਧਿਆਣਾ ‘ਤੇ ਜ਼ੋਰਦਾਰ ਮੁਜ਼ਾਹਰੇ ਦਾ ਐਲਾਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

4 ਅਕਤੂਬਰ 2015, ਲੁਧਿਆਣਾ। ਦੇਸ਼ ਵਿੱਚ ਵੱਧਦੇ ਫ਼ਿਰਕੂ ਫ਼ਾਸੀਵਾਦ ਦੇ ਖ਼ਤਰੇ ਦੀ ਚੁਣੌਤੀ ਦੇ ਮੱਦੇਨਜ਼ਰ ਅੱਜ ਵੱਖ-ਵੱਖ ਜਮਹੂਰੀ ਜੱਥੇਬੰਦੀਆਂ/ਸਭਾਵਾਂ ਦੀ ਮੀਟਿੰਗ ਲੁਧਿਆਣੇ ਦੇ ਪੰਜਾਬੀ ਭਵਨ ਵਿਖੇ ਹੋਈ। ਹਿੰਦੂਤਵੀ ਕੱਟੜਪੰਥੀ ਤਾਕਤਾਂ ਜਿਸ ਕਦਰ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ, ਜਮਹੂਰੀ, ਤਰਕਸ਼ੀਲ ਸੋਚ ਰੱਖਣ ਵਾਲ਼ੇ ਸਮਾਜਿਕ ਕਾਰਕੁੰਨਾਂ, ਲੇਖਕਾਂ, ਪੱਤਰਕਾਰਾਂ ਆਦਿ ਨੂੰ ਹਮਲੇ ਦਾ ਨਿਸ਼ਾਨਾ ਬਣਾ ਰਹੀਆਂ ਹਨ ਉਸਨੂੰ ਗੰਭੀਰਤਾ ਨਾਲ਼ ਲੈਂਦੇ ਹੋਏ ਇਸ ਖਿਲਾਫ਼ ਜਨਤਕ ਟਾਕਰੇ ਦੀ ਲੋੜ ਮਹਿਸੂਸ ਕੀਤੀ ਗਈ। ਮੀਟਿੰਗ ਵਿੱਚ ਸ਼ਾਮਲ ਹੋਈਆਂ ਕਰੀਬ ਦੋ ਦਰਜਨ ਜੱਥੇਬੰਦੀਆਂ/ਸਭਾਵਾਂ ਨੇ ‘ਫ਼ਿਰਕਾਪ੍ਰਸਤੀ ਵਿਰੋਧੀ ਸਾਂਝਾ ਮੋਰਚਾ, ਜਿਲ੍ਹਾ ਲੁਧਿਆਣਾ’ ਬਣਾਉਣ ਦਾ ਐਲਾਨ ਕੀਤਾ ਹੈ। ਸਾਂਝੇ ਮੋਰਚੇ ਨੇ ਫ਼ਿਰਕੂ ਫ਼ਾਸੀਵਾਦ ਵਿਰੁੱਧ ਡਟ ਕੇ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ। 4 ਨਵੰਬਰ ਨੂੰ ਡੀ.ਸੀ. ਦਫ਼ਤਰ, ਲੁਧਿਆਣਾ ‘ਤੇ ਜ਼ੋਰਦਾਰ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਹੈ।

ਹਿੰਦੂਤਵੀ ਫ਼ਾਸੀਵਾਦੀ ਤਾਕਤਾਂ ਵੱਲੋਂ ਲੋਕਾਂ ਦੇ ਜਮਹੂਰੀ ਹੱਕਾਂ ਉੱਤੇ ਹਮਲਿਆਂ ਖਿਲਾਫ਼  ਲੇਖਕਾਂ-ਕਵੀਆਂ-ਕਲਾਕਾਰਾਂ ਵੱਲ਼ੋਂ ਅਕਾਦਮੀਆਂ ਦੇ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਇਨਾਮ ਤੇ ਅਹੁਦੇ ਵਾਪਿਸ ਕਰਨ ਰਾਹੀਂ ਅਵਾਜ਼ ਉਠਾਉਣ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ। ਸਾਂਝੇ ਮੋਰਚੇ ਨੇ ਗੁਰੂ ਗਰੰਥ ਸਾਹਿਬ ਦੇ ਵਰਕੇ ਫ਼ਾੜੇ ਜਾਣ ਦੀ ਘਟਨਾ ਨੂੰ ਫ਼ਿਰੂਕ ਹਾਕਮ ਧਿਰਾਂ ਦੀ ”ਪਾੜੋ ਤੇ ਰਾਜ ਕਰੋ” ਦੀ ਸਾਜ਼ਿਸ਼ ਕਰਾਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜਾ ਦੀ ਮੰਗ ਕੀਤੀ ਹੈ।

ਸਾਂਝੇ ਮੋਰਚੇ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਦੀ ਲੋੜ ਮਹਿਸੂਸ ਕਰਦਿਆਂ ਮੋਰਚੇ ਤੋਂ ਬਾਹਰ ਰਹਿ ਗਈਆਂ ਜੱਥੇਬੰਦੀਆਂ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਸੂਬੇ ਅਤੇ ਦੇਸ਼ ਪੱਧਰ ਉੱਤੇ ਫ਼ਿਰਕੂ ਫ਼ਾਸੀਵਾਦ ਖਿਲਾਫ਼ ਸਾਂਝੇ ਮੋਰਚੇ ਦੀ ਲੋੜ ਮਹਿਸੂਸ ਕਰਦਿਆਂ ਇਸਦੀਆਂ ਕੋਸ਼ਿਸ਼ਾਂ ਕਰਨ ਦਾ ਐਲਾਨ ਵੀ ਕੀਤਾ ਗਿਆ।

ਸਾਂਝੇ ਮੋਰਚੇ ਦਾ ਮੰਨਣਾ ਹੈ ਕਿ ਹਿੰਦੂਤਵੀ ਕੱਟੜਪੰਥੀ ਤਾਕਤਾਂ ਦਾ ਸਪੱਸ਼ਟ ਨਿਸ਼ਾਨਾ ਅਸਲ ਵਿੱਚ ਲੋਕਾਂ ਦੇ ਆਰਥਿਕ-ਸਿਆਸੀ, ਜਮਹੂਰੀ ਹੱਕ ਹਨ। ਭਾਰਤ ਦੀ ਕੇਂਦਰ ਸਰਕਾਰ ਉੱਤੇ ਕਾਬਜ਼ ਹਿੰਦੂਤਵੀ ਕੱਟੜਪੰਥੀ ਭਾਜਪਾ ਨੰਗੇ-ਚਿੱਟੇ ਰੂਪ ਵਿੱਚ ਦੇਸੀ-ਵਿਦੇਸ਼ੀ ਸਰਮਾਏਦਾਰ ਜਮਾਤ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਵਾਸਤੇ ਹਰ ਘਿਣਾਉਣਾ ਢੰਗ ਵਰਤਿਆ ਜਾ ਰਿਹਾ ਹੈ। ਭਾਵੇਂ ਹਿੰਦੂਤਵੀ ਕੱਟੜਪੰਥੀ ਫ਼ਾਸੀਵਾਦੀ ਤਾਕਤਾਂ ਲੋਕਾਂ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ ਪਰ ਹੋਰ ਧਾਰਮਿਕ ਫ਼ਿਰਕਾਪ੍ਰਸਤ ਤਾਕਤਾਂ ਵੀ ਲੋਕਾਂ ਦੀਆਂ ਦੁਸ਼ਮਣ ਹਨ ਅਤੇ ਇਹਨਾਂ ਖਿਲਾਫ਼ ਵੀ ਬੇਕਿਰਕ ਲੜਾਈ ਲੜਨੀ ਹੋਵੇਗੀ। ਘੱਟ ਗਿਣਤੀ ਫ਼ਿਰਕਾਪ੍ਰਸਤੀ ਵੀ ਅਸਲ ਵਿੱਚ ਹਿੰਦੂਤਵੀ ਫ਼ਾਸੀਵਾਦ ਦੀ ਪੂਰਕ ਹੈ। ਘੱਟ ਗਿਣਤੀ ਧਾਰਮਿਕ ਫ਼ਿਰਕਿਆਂ ਦੇ ਲੋਕਾਂ ਨੂੰ ਹਿੰਦੂਤਵੀ ਫ਼ਿਰਕਾਪ੍ਰਸਤੀ ਦਾ ਜਵਾਬ ਫ਼ਿਰਕਾਪ੍ਰਸਤ ਕੱਟੜਪੰਥ ਰਾਹੀਂ ਨਹੀਂ ਸਗੋਂ ਸਭ ਧਰਮਾਂ ਦੇ ਲੋਕਾਂ ਦੀ ਏਕਤਾ ਦੇ ਅਧਾਰ ਉੱਤੇ ਦੇਣਾ ਚਾਹੀਦਾ ਹੈ।

ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਏ.ਕੇ. ਮਲੇਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਜਮਹੂਰੀ ਅਧਿਕਾਰ ਸਭਾ, ਬਿਗੁਲ ਮਜ਼ਦੂਰ ਦਸਤਾ, ਏਟਕ, ਸੀ.ਆਈ.ਟੀ.ਯੂ., ਪੰਜਾਬ ਲੋਕ ਸੱਭਿਆਚਾਰਕ ਮੰਚ, ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ, ਇਪਟਾ, ਸੋਸ਼ਲ ਥਿੰਕਰਜ਼ ਫ਼ੋਰਮ, ਤਰਕਸ਼ੀਲ ਸੁਸਾਇਟੀ, ਡੀ.ਵਾਈ.ਐਫ਼.ਆਈ., ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਲੋਕ ਏਕਤਾ ਸੰਗਠਨ, ਲਫ਼ਜਾਂ ਦਾ ਪੁਲ ਸਾਹਿਤ ਸਭਾ, ਜੁਆਇੰਟ ਕਾਉਂਸਿਲ ਆਫ਼ ਟ੍ਰੇਡ ਯੂਨੀਅਨਜ਼, ਟੀ.ਐਸ.ਯੂ., ਸੰਤ ਰਾਮ ਉਦਾਸੀ ਲਿਖਾਰੀ ਸਭਾ, ਮਹਾਂਸਭਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਇੰਡੀਅਨ ਡਾਕਟਰਜ਼ ਪੀਪਲਜ਼ ਐਸੋਸਿਏਸ਼ਨ, ਹੌਜ਼ਰੀ ਵਰਕਰਜ਼ ਯੂਨੀਅਨ, ਐਡਵੋਕੇਟਸ ਐਸੋਸਿਏਸ਼ਨ ਆਦਿ ਜਮਹੂਰੀ ਜੱਥੇਬੰਦੀਆਂ/ਸਭਾਵਾਂ ਵੱਲੋਂ ਨੁਮਾਇੰਦੇ ਸ਼ਾਮਲ ਹੋਏ। ਹੋਰ ਅਨੇਕਾਂ ਜੱਥੇਬੰਦੀਆਂ ਵੱਲੋਂ ਮੋਰਚੇ ਵਿੱਚ ਸ਼ਾਮਲ ਹੋਣ ਅਤੇ ਸਹਿਯੋਗ ਕਰਨ ਦੇ ਸੁਨੇਹੇ ਵੀ ਪ੍ਰਾਪਤ ਹੋਏ ਹਨ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements