ਫਿਰਕਾਪ੍ਰਸਤੀ ਵਿਰੋਧੀ ਦਿਵਸ (6 ਦਸੰਬਰ) ਮੌਕੇ – ਬਾਬਰੀ ਮਸਜਿਦ ਢਾਹੁਣ ਦੇ 23 ਸਾਲਾਂ ਮਗਰੋਂ •ਛਿੰਦਰਪਾਲ

14

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਦੇ ਇਤਿਹਾਸ ਚ ਫਿਰਕੂ ਫਾਸੀਵਾਦੀ ਟੋਲਿਆਂ ਦੇ ਕਾਲੇ ਕਾਰਨਾਮਿਆਂ ਦੀਆਂ ਸੂਚੀਆਂ ਬਹੁਤ ਲੰਮੀਆਂ ਹਨ, ਇਹਨਾਂ ਦੇ ਦਿੱਤੇ ਜਖ਼ਮ ਅੱਜ ਵੀ ਨਸੂਰ ਬਣਕੇ ਸਮਾਜ ਦੇ ਪਿੰਡੇ ਤੇ ਰਿਸ ਰਹੇ ਹਨ। 6 ਦਸੰਬਰ, 1992 ਨੂੰ ਅਯੋਧਿਆ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ਦੀ ਥਾਂ ਸੰਘ ਪਰਿਵਾਰ(ਰਾਸ਼ਟਰੀ ਸਵੈਸੇਵਕ ਸੰਘ) ਦੇ ਕਾਲੇ ਕਾਰਨਾਮਿਆਂ ਵਿੱਚ ਸਭ ਤੋਂ ਉੱਪਰ ਹੈ। 6 ਦਸੰਬਰ 1992 ਦਾ ਦਿਨ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਸੀ। ਅੱਜ ਇਸ ਘਟਨਾ ਨੂੰ ਬੀਤਿਆਂ 23 ਸਾਲਾਂ ਦਾ ਸਮਾਂ ਲੰਘ ਚੁੱਕਿਆ ਹੈ, ਪਰ ਅੱਜ ਵੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸ਼ਰੇਆਮ ਅਜ਼ਾਦ ਤੁਰੇ ਫਿਰਦੇ ਹਨ ਤੇ ਪੀੜਤਾਂ ਨੂੰ ਕੋਈ ਇਨਸਾਫ ਨਹੀਂ ਮਿਲ਼ਿਆ। ਸੰਘੀਆਂ ਵੱਲੋਂ ਯੋਜਨਾਬੱਧ ਢੰਗ ਨਾਲ ਅੰਜ਼ਾਮ ਦਿੱਤੀ ਬਾਬਰੀ ਮਸਜਿਦ ਦੀ ਘਟਨਾ ਵਿੱਚ 2000 ਦੇ ਕਰੀਬ ਮੁਸਲਮਾਨ ਇਕੱਲੇ ਅਯੋਧਿਆ ਵਿੱਚ ਹੀ ਮਾਰੇ ਗਏ, ਮੁਸਲਮਾਨਾਂ ਦੇ ਘਰ ਢਾਹ ਦਿੱਤੇ ਗਏ ਤੇ ਕਬਰਾਂ ਤੋੜ ਦਿੱਤੀਆਂ ਗਈਆਂ। ਇਸ ਤੋਂ ਬਿਨਾਂ ਜਿੱਥੇ-ਜਿੱਥੇ ਵੀ ਲੋਕਾਂ ਨੇ ਇਸ ਘਟਨਾਕ੍ਰਮ ਦਾ ਵਿਰੋਧ ਕੀਤਾ ਗਿਆ, ਉਹਨਾਂ ਨੂੰ ਸੰਘੀ ਬਿਗ੍ਰੇਡ ਨੇ ਮੌਤ ਦੇ ਖਾਤੇ ਪਾ ਦਿੱਤਾ। ਭਾਰਤੀ ਇਤਿਹਾਸ ਅੰਦਰ 6 ਦਸੰਬਰ ਦੇ ਉਸ ਕਾਲੇ ਦਿਨ ਨੂੰ ਅੱਜ ਅਸੀਂ ਫਿਰਕਾਪ੍ਰਸਤੀ ਵਿਰੋਧੀ ਦਿਵਸ ਦੇ ਤੌਰ ਯਾਦ ਕਰ ਰਹੇ ਹਾਂ ਕਿਉਂਕਿ ਇਤਿਹਾਸ 1992 ਵਿੱਚ ਹੀ ਰੁਕ ਨਹੀਂ ਗਿਆ। ਬਾਬਰੀ ਤੋਂ ਮਗਰੋਂ 2002 ‘ਚ ਗੁਜਰਾਤ ਦੇ ਦੰਗੇ, 2008 ਚ ਉੜੀਸਾ ਦੇ ਦੰਗੇ, ਮੁਜੱਫਰਨਗਰ ਦੇ ਦੰਗੇ, ਦਾਦਰੀ ਦੇ ਦੰਗੇ ਤੇ ਇਹਨਾਂ ਤੋਂ ਬਿਨਾਂ ਸੰਘੀ ਟੋਲਾ ਨਿੱਤ ਦਿਨ ਦੰਗਿਆਂ ਦੀ ਸਿਆਸਤ ਨੂੰ ਦੂਣ-ਸਵਾਇਆ ਕਰ ਰਿਹਾ ਹੈ। ਇਸ ਕਰਕੇ ਅੱਜ ਜਰੂਰੀ ਹੈ ਕਿ ਇਤਿਹਾਸ ਤੋਂ ਸਬਕ ਲੈਂਦਿਆਂ ਸੰਘੀ ਫਿਰਕੂ ਟੋਲਿਆਂ ਖਿਲਾਫ ਲੜਾਈ ਵਿੱਢੀ ਜਾ ਸਕੇ ਤੇ ਧਰਮਾਂ ਦੇ ਨਾਂ ਤੇ ਵੰਡਕੇ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਨਾਪਾਕ ਇਰਾਦਿਆਂ ਨੂੰ ਲੋਕ ਕਚਹਿਰੀ ਵਿੱਚ ਨੰਗਿਆਂ ਕੀਤਾ ਜਾ ਸਕੇ।

6 ਦਸੰਬਰ,1992 ਨੂੰ ਵਾਪਰੀ ਬਾਬਰੀ ਮਸਜਿਦ ਢਾਹੁਣ ਦੀ ਘਟਨਾ ਵਿੱਚ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੈਸੇਵਕ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗਦਲ ਵਰਗੀਆਂ ਫਿਰਕੂ ਜਥੇਬੰਦੀਆਂ ਦਾ ਸਿੱਧਾ-ਸਿੱਧਾ ਹੱਥ ਸੀ। ਬਾਬਰੇ ਮਸਜਿਦ ਢਾਹੁਣ ਤੋਂ ਪਹਿਲਾਂ ਹੀ ਇਹਨਾਂ ਦੁਆਰਾ ਪੂਰਾ ਫਿਰਕੂ ਮਹੌਲ ਬਣਾਇਆ ਜਾ ਰਿਹਾ ਸੀ, ਹਿੰਦੂ ਗੌਰਵ ਦੀਆਂ ਦੁਹਾਈਆਂ ਦਿੱਤੀਆਂ ਜਾ ਰਹੀਆਂ ਸਨ, ਰਾਮ ਜਨਮ ਭੂਮੀ ਦਾ ਸ਼ੋਸ਼ਾ ਚਲਾਇਆ ਜਾ ਰਿਹਾ ਸੀ, ਘਟਨਾ ਤੋਂ ਪਹਿਲਾਂ ਅਯੋਧਿਆ ਵਿੱਚ ਤਕਰੀਬਨ ਪੰਜ ਲੱਖ ਕਾਰ ਸੇਵਕਾਂ ਨੂੰ ਲਿਆਂਦਾ ਗਿਆ, ਤਾਂਕਿ ਘਟਨਾ ਨੂੰ ਸਫਲਤਾ ਨਾਲ ਨੇਪਰੇ ਚਾੜਿਆ ਜਾ ਸਕੇ। ਲਾਲ ਕ੍ਰਿਸ਼ਨ ਅਡਵਾਨੀ ਦੁਆਰਾ ਸੋਮਨਾਥ ਤੋਂ ਅਯੋਧਿਆ ਕੱਢੀ ਰਥ ਯਾਤਰਾ ਨੇ ਵੀ ਫਿਰਕੂ ਜਨੂੰਨ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਥਾਂ-ਥਾਂ ਤੇ ਅਡਵਾਨੀ ਦੁਆਰਾ ਬਾਬਰੀ ਮਸਜਿਦ ਬਾਰੇ ਭੜਕਾਊ ਭਾਸ਼ਣ ਦਿੱਤੇ ਗਏ, ਜਿੱਧਰੋਂ-ਜਿੱਧਰੋਂ ਦੀ ਰੱਥ ਯਾਤਰਾ ਨਿੱਕਲੀ, ਆਪਣੇ ਪਿੱਛੇ ਦੰਗਿਆਂ, ਲਾਸ਼ਾਂ, ਢਹੇ ਘਰਾਂ ਤੇ ਕਤਲਾਂ ਦਾ ਅਨੰਤ ਸਿਲਸਿਲਾ ਛੱਡਦੀ ਗਈ। ਬਾਬਰੀ ਮਸਜਿਦ ਢਾਹੁਣ ਵੇਲੇ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਭਾਜਪਾ ਤੇ ਭਾਜਪਾ ਦੇ ਵੱਡੇ-ਵੱਡੇ ਲੀਡਰ ਕੁੱਝ ਹੀ ਦੂਰੀ ਤੇ ਇੱਕ ਮੰਚ ਤੇ ਖੜੇ ਸਾਰਾ ਤਮਾਸ਼ਾ ਦੇਖ ਰਹੇ ਸਨ ਅਤੇ ਉਮਾ ਭਰਤੀ ਤਾਂ ਲਾਊਡ ਸਪੀਕਰ ‘ਤੇ ਇੱਕ ਧੱਕਾ ਹੋਰ-ਇੱਕ ਧੱਕਾ ਹੋਰ ਚੀਕ ਰਹੀ ਸੀ। ਸਪੀਕਰਾਂ ਤੋਂ ਨਾਹਰੇ ਲੱਗ ਰਹੇ ਸਨ ਕਿ “ਅਭੀ ਤੋਂ ਯੇ ਝਾਂਕੀ ਹੈ, ਮਥੁਰਾ ਕਾਂਸੀ ਬਾਕੀ ਹੈ”, ਮੁਸਲਮਾਨਾਂ ਦੇ ਵਿਰੋਧ ਚ ਨਾਹਰੇ ਗੂੰਜਾਏ ਜਾ ਰਹੇ ਸਨ। ਮਸਜਿਦ ਦੇ ਤਿੰਨੇ ਗੁੰਬਦ ਡਿੱਗਣ ਮਗਰੋਂ ਉਮਾ ਭਾਰਤੀ ਨੇ ਮੁਰਲੀ ਮਨੋਹਰ ਜੋਸ਼ੀ ਨੂੰ ਗਲ਼ ਲੱਗ ਕੇ ਵਧਾਈ ਦਿੱਤੀ। ਅਖੀਰ ਭਾਜਪਾ ਤੇ ਆਰ. ਐਸ. ਐਸ ਦੀ ਆਗੂਆਂ ਦੀ ਸਰਪ੍ਰਸਤੀ ਹੇਠ ਬਾਬਰੀ ਮਸਜਿਦ ਨੂੰ ਰਾਮ ਮੰਦਰ ਬਨਾਉਣ ਖਾਤਰ ਤੋੜ ਦਿੱਤਾ ਗਿਆ। ਦਾਅਵਾ ਕੀਤਾ ਗਿਆ ਕਿ ਇਹ ਮਸਜਿਦ ਪੁਰਾਤਨ ਮੰਦਰ ਦੇ ਖੰਡਰ ਤੇ ਬਣਾਈ ਗਈ ਹੈ, ਜੋ ਰਾਮ ਦੀ ਜਨਮ ਭੂਮੀ ਹੈ, ਇਸ ਲਈ ਇੱਥੇ ਰਾਮ ਮੰਦਰ ਬਣਨਾ ਹੀ ਚਾਹੀਦਾ ਹੈ। ਪਰ ਅਸਲ ਰਾਮ ਮੰਦਰ ਦੇ ਨਾਂ ਤੇ ਇਹ ਫਿਰਕੂ ਮਹੌਲ਼ ਬਣਾਉਣ ਦੀਆਂ ਸਾਜਿਸ਼ਾਂ ਕਾਫ਼ੀ ਲੰਮੇ ਸਮੇਂ ਤੋਂ ਚੱਲੀਆਂ ਆਉਂਦੀਆਂ ਹਨ। ਕਿਉਂਕਿ ਜਿਨ੍ਹਾਂ ਸਬੂਤਾਂ ਦੇ ਅਧਾਰ ਤੇ ਬਾਬਰੀ ਦੀ ਥਾਂ ਰਾਮ ਮੰਦਰ ਹੋਣ ਦਾ ਦਾਅਵਾ ਠੋਕਿਆ ਜਾ ਰਿਹਾ ਹੈ, ਉੱਥੇ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਮਿਲਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਇਹ ਰਾਮ ਦੀ ਜਨਮਭੂਮੀ ਹੈ, ਮਸਜਿਦ ਖੁੱਲਣ੍ਹ ਵੇਲੇ ਇਸ ਅੰਦਰੋਂ ਸਿਰਫ ਕੁਝ ਮੂਰਤੀਆਂ ਮਿਲੀਆਂ ਹਨ-ਜਿਸ ਪਿੱਛੇ ਸੰਘੀ ਲਾਣੇ ਦਾ ਚਾਲ ਦਾ ਹੋਣਾ ਕੋਈ ਅਣਹੋਣੀ ਗੱਲ ਨਹੀਂ। 1526 ਈਸਵੀ ਵਿੱਚ ਬਾਬਰ ਦੇ ਸੈਨਾਪਤੀ ਮੀਰ ਬਾਂਕੀ ਦੁਆਰਾ ਬਣਾਈ ਇਹ ਯਾਦਗਾਰ ਬਾਰੇ ਸੰਘੀ ਟੋਲਾ ਕਹਿ ਰਿਹਾ ਕਿ ਇਹ ਯਾਦਗਾਰ ਰਾਮ ਲੱਲਾ( ਬਾਲ ਰਾਮ) ਦੇ ਜਨਮ ਸਥਾਨ ਨੂੰ ਤੋੜ ਕੇ ਬਣਾਈ ਗਈ ਹੈ। ਬਾਬਰੀ ਮਸਜਿਦ ਤੋੜਨ ਪਿੱਛੇ ਇਹ ਸਾਰਾ ਤਰਕ ਬਹੁਤ ਬੇਹੁਦਾ ਹੈ, ਕਿਉਂਕਿ ਇਸੇ ਅਧਾਰ ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਅੰਦਰ ਮੌਜੂਦ ਬਹੁਤੇ ਮੰਦਰ ਤਾਂ ਬੌਧ ਭਿਕਸ਼ੂਆਂ ਦੇ ਮਠਾਂ ਨੂੰ ਢਾਹਕੇ ਜਾਂ ਉਹਨਾਂ ਤੇ ਕਬਜ਼ੇ ਕਰਕੇ ਬਣਾਏ ਗਏ ਹਨ, ਜੋ ਕਿ ਇਤਿਹਾਸ ਦਾ ਇੱਕ ਪ੍ਰਮਾਣਿਤ ਤੱਥ ਹੈ। ਹੁਣ ਇਸ ਤਰਕ ਦੇ ਹਿਸਾਬ ਨਾਲ ਤਾਂ ਮੌਜੂਦਾ ਹਿੰਦੂ ਮੰਦਰ ਢਾਹਕੇ ਦੁਬਾਰਾ ਬੌਧ ਮੱਠ ਬਣਾਏ ਜਾਣੇ ਚਾਹੀਦੇ ਹਨ। ਪਰ ਅਸਲ ਗੱਲ਼ ਇਹ ਹੈ ਕਿ ਸੰਘੀ ਲਾਣੇ ਦੇ ਸਿਰਮੌਰ ਰਾਸ਼ਟਰੀ ਸਵੈਸੇਵਕ ਸੰਘ ਤੇ ਇਹ ਸਾਰਾ ਫਿਰਕੂ ਭਾਈਚਾਰਾ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਬਨਾਉਣ ਦਾ ਸ਼ੋਸ਼ਾ ਸਿਰਫ ਘੱਟਗਿਣਤੀਆਂ ਅੰਦਰ ਦਹਿਸ਼ਤ ਪਾਉਣ ਦਾ ਜ਼ਰੀਆ ਹੈ।

ਇਹ ਹਿੰਦੂਤਵੀ ਕੱਟੜਪੰਥੀ ਤਾਕਤਾਂ ਦੁਆਰਾ ਪੂਰੀ ਯੋਜਨਾ ਬੱਧ ਢੰਗ ਨਾਲ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਕੇ ਕੀਤੀ ਗਈ ਗਿਣੀ ਮਿਥੀ ਸਾਜਿਸ਼ ਸੀ। ਯੋਜਨਾ ਬੱਧ ਢੰਗ ਨਾਲ ਪਹਿਲਾਂ ਤੋਂ ਸੰਘੀ ਕਾਰ ਸੇਵਕਾਂ ਨੂੰ ਸ਼ਹਿਰ ਵਿੱਚ ਲਿਆਂਦਾ ਜਾਣਾ ਸ਼ੁਰੂ ਕਰ ਦਿੱਤਾ ਗਿਆ, ਅਫਸਰਸ਼ਾਹੀ ‘ਚ ਭਰੋਸੇਯੋਗ ਬੰਦਿਆਂ ਦੀ ਤਾਇਨਾਤੀ ਕੀਤੀ ਗਈ। ਇੱਥੋਂ ਤੱਕ ਕਿ ਮਸਜਿਦ ਢਾਹੁਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਯੂਪੀ ਦੇ ਮੁੱਖ ਮੰਤਰੀ ਕਲਿਆਣ ਸਿੰਘ ਵਾਰ-ਵਾਰ ਬਾਬਰੀ ਜਾਂਦੇ ਰਹੇ। ਇਸ ਪੂਰੇ ਘਟਨਾਕ੍ਰਮ ਲਈ ਬਿਠਾਏ ਲਿਬਰਾਹਨ ਕਮਿਸ਼ਨ ਨੇ 17 ਸਾਲਾਂ ਮਗਰੋਂ ਆਵਦੀ ਰਿਪੋਰਟ ਪੇਸ਼ ਕੀਤੀ, ਜੋ ਬਾਕੀ ਰਿਪੋਰਟਾਂ ਵਾਂਗੂੰ ਇੱਕ ਕਾਗਜ਼ੀ ਕਵਾਇਦ ਸੀ, ਰਿਪੋਰਟ ਵਿੱਚ ਕੁਝ ਵੀ ਨਵਾਂ ਨਹੀਂ ਸੀ। ਰਿਪੋਰਟ ਮੁਤਾਬਕ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਬਜਰੰਗ ਦਲ ਦੇ ਮੁਖੀ ਵਿਨੈ ਕਟਿਆਰ, ਆਰ.ਐਸ.ਐਸ ਦੇ ਕਈ ਆਗੂ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਸ਼ੋਕ ਸਿੰਘਲ ਤੇ ਯੂਪੀ ਦੇ ਮੁੱਖ ਮੰਤਰੀ ਕਲਿਆਣ ਸਿੰਘ ਸਮੇਤ ਬਾਕੀ ਕਈ ਹਜ਼ਾਰਾਂ ਬੇਨਾਮੇ ਸੰਘੀ ਕਾਰ ਸੇਵਕਾਂ ਨੂੰ ਦੋਸ਼ੀ ਠਹਿਰਾਇਆ ਗਿਆ, ਜੋ ਕਿ ਪਹਿਲਾਂ ਹੀ ਸਭ ਨੂੰ ਪਤਾ ਹੈ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਮੌਕੇ ਦੇ ਕੇਂਦਰ ਸਰਕਾਰ ‘ਚ ਪੀ. ਵੀ. ਨਰਸਿੰਮਹਾ ਰਾਓ ਵਾਲੀ ਕਾਂਗਰਸ ਸਰਕਾਰ ਨੇ ਵੀ ਆਪਣੇ ਸਿਆਸੀ ਹਿੱਤਾਂ ਲਈ ਇਸ ਘਟਨਾ ਨੂੰ ਰੋਕਣ ਦੇ ਇੰਤਜ਼ਾਮ ਨਹੀਂ ਕੀਤੇ। ਇਸ ਪੂਰੀ ਘਟਨਾਕ੍ਰਮ ਦੀ ਸੀਬੀਆਈ ਜਾਂਚ ਵੀ ਹੋ ਚੁੱਕੀ ਹੈ, ਪਰ ਹਾਲੇ ਤੱਕ ਦੋਸ਼ੀਆਂ ਖਿਲਾਫ ਕਿਸੇ ਤਰ੍ਹਾਂ ਦੀ ਠੋਸ ਕਾਰਵਾਈ ਨੂੰ ਅੰਜ਼ਾਮ ਨਹੀਂ ਦਿੱਤਾ ਗਿਆ।

ਇਸ ਇਤਿਹਾਸਕ ਘਟਨਾ ਤੋਂ ਅਸਲ ਵਿੱਚ ਇਹ ਜਾਣਨਾ ਚਾਹੀਦਾ ਹੈ ਕਿ ਇਸ ਸਾਰੀ ਸਾਜਿਸ਼ ਪਿੱਛੇ ਕਿਹੜੇ ਸਮੀਕਰਨ ਕੰਮ ਕਰ ਰਹੇ ਹਨ, ਕਿਉਂਕਿ ਲੜਾਈ ਸਿਰਫ ਏਨੀ ਗੱਲ ਦੀ ਨਹੀਂ ਹੈ ਕਿ ਬਾਬਰੀ ਮਸਜਿਦ ਰਾਮ ਦੀ ਜਨਮ ਭੂਮੀ ਹੈ ਜਾਂ ਨਹੀਂ। ਅਸਲ ਵਿੱਚ ਭਾਰਤ ਇੱਕ ਅਜਿਹਾ ਦੇਸ ਹੈ, ਜਿੱਥੇ ਅਨੇਕਾਂ ਕੌਮਿਅਤਾਂ, ਜਾਤਾਂ ਧਰਮਾਂ ਦੇ ਲੋਕ ਵਸਦੇ ਹਨ। ਭਾਰਤ ਦੇ ਲੋਕਾਂ ਦੀ ਇਹ ਕੌਮੀ, ਜਾਤੀ ਅਤੇ ਧਾਰਮਿਕ ਵਿਭਿੰਨਤਾ ਇਸ ਦੇਸ ਦੇ ਲੁਟੇਰੇ ਹਾਕਮਾਂ ਵਲੋਂ, ਇੱਥੇ ਦੇ ਲੋਕਾਂ ਦੀ ਏਕਤਾ ਨੂੰ ਤੋੜਨ ਲਈ ਇੱਕ ਸਾਜਗਾਰ ਹਥਿਆਰ ਵਜ਼ੋਂ ਹਮੇਸ਼ਾ ਵਰਤੀ ਜਾਂਦੀ ਰਹੀ ਹੈ। ਸਾਡੇ ਹਾਕਮਾਂ ਨੇ ਇਹ ਗੁਣ, ਫਰੰਗੀਆਂ ਤੋਂ ਵਿਰਸੇ ‘ਚ ਹਾਸਿਲ ਕੀਤਾ ਹੈ, ਜਿਹਨਾਂ ਨੇ ‘ਪਾੜੋ ਤੇ ਰਾਜ ਕਰੋ’ ਦੀ ਰਣਨੀਤੀ ਤਹਿਤ ਲਗਭਗ ਸੌ ਸਾਲ ਤੋਂ ਵੀ ਵੱਧ ਸਮਾਂ ਸਾਡੇ ਦੇਸ ਨੂੰ ਗੁਲਾਮ ਬਣਾਈ ਰੱਖਿਆ। 1947 ‘ਚ ਦੇਸ ਦੀ ਰਾਜ ਸੱਤਾ ‘ਤੇ ਕਾਬਜ਼ ਹੋਏ ਨਵੇਂ ਹਾਕਮਾਂ ਨੇ ਵੀ ਲੋਕਾਂ ਨੂੰ ਕੌਮ, ਜਾਤ, ਧਰਮ, ਭਾਸ਼ਾ, ਖਿੱਤੇ ਦੇ ਅਧਾਰ ‘ਤੇ ਆਪਸ ਵਿੱਚ ਲੜਾਉਣ ਵਿੱਚ ਮੁਹਾਰਤ ਹਾਸਲ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਉਹ ਫਰੰਗੀਆਂ ਦੇ ਯੋਗ ਵਾਰਿਸ ਸਾਬਤ ਹੋਏ ਹਨ। ਲੋਕਾਂ ਦੀਆਂ ਕੌਮੀ, ਜਾਤੀ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ, ਥਾਂ-ਥਾਂ ਦੰਗੇ ਫਸਾਦ ਕਰਵਾਉਣ ਅਤੇ ਫਿਰ ਲੋਕਾਂ ਦੀਆਂ ਲਾਸ਼ਾਂ ‘ਤੇ ਪੈਰ ਰੱਖ ਕੇ ਰਾਜ ਗੱਦੀ ਤੱਕ ਪਹੁੰਚਣ ਦਾ ਧੰਦਾ ਕਿਸੇ ਨਾ ਕਿਸੇ ਰੂਪ ਵਿੱਚ ਸਭੇ ਸਰਮਾਏਦਾਰਾ ਸੰਸਦੀ ਪਾਰਟੀਆਂ ਕਰਦੀਆਂ ਹਨ। ਪਰ ਇਹਨਾਂ ਵਿੱਚੋਂ ਸੰਘ ਪਰਿਵਾਰ ਦਾ ਅੰਗ ਭਾਰਤੀ ਜਨਤਾ ਪਾਰਟੀ ਸਭ ਤੋਂ ਮੂਹਰੇ ਹੈ।

ਜਿਵੇਂ-ਜਿਵੇਂ ਸੰਸਾਰ ਸਰਮਾਏਦਾਰੀ ਦੇ ਨਾਲ ਨਾਲ਼ ਭਾਰਤੀ ਸਰਮਾਏਦਾਰੀ ਆਰਥਕ ਸੰਕਟ ਦੇ ਚਪੇਟ ‘ਚ ਆ ਰਹੀ ਹੈ, ਤਿਵੇਂ-ਤਿਵੇਂ ਸਰਮਾਏਦਾਰੀ ਲਈ ਇੱਕ ਉਦਾਰ ਸਰਮਾਏਦਾਰਾ ਪਾਰਟੀ ਦੀ ਲੋੜ ਨਹੀਂ ਰਹਿੰਦੀ, ਅੰਨ੍ਹੇਵਾਹ ਲੁੱਟ ਤੇ ਮੁਨਾਫੇ ਦੇ ਰਾਹ ਚ ਆਉਂਦੀਆਂ ਦਿੱਕਤਾਂ ਨੂੰ ਲੋਹੇ ਦੇ ਡੰਡੇ ਨਾਲ ਨਜ਼ਿੱਠਣ ਲਈ ਘੋਰ ਫਾਸਿਸਟ ਸੱਤਾ ਦੀ ਲੋੜ ਪੈਂਦੀ ਹੈ, ਜੋ ਅੱਜ ਕੇਂਦਰ ਵਿੱਚ ਭਾਜਪਾ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਪਰ ਇਹ ਗੱਲ ਤੋਂ ਸਦਾ ਸਚੇਤ ਰਹਿਣਾ ਚਾਹੀਦਾ ਹੈ ਕਿ ਫਾਸੀਵਾਦ ਸਿਰਫ ਸਿਆਸਤ ‘ਚ ਆਕੇ ਹੀ ਕੰਮ ਨਹੀਂ ਕਰਦਾ, ਸਮਾਜਕ ਤੌਰ ਤੇ ਲੋਕਾਂ ਚ ਘੁਸਪੈਠ ਕਰਨ ਤੇ ਲੋਕਾਂ ਚ ਪਿਛਾਂਹਖਿੱਚੂ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨ ਦਾ ਕੰਮ ਲਗਾਤਾਰ ਕਰਦਾ ਰਹਿੰਦਾ ਹੈ। ਰਾਸ਼ਟਰੀ ਸਵੈਸੇਵਕ ਸੰਘ ਵੀ ਇਹ ਕੰਮ 1925 ਤਂੋ ਕਰ ਰਿਹਾ ਹੈ। ਸੰਘੀਆਂ ਦਾ ਹਿੰਦੂ ਫਿਰਕੂ ਫਾਸੀਵਾਦ ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਜਿਆਦਾ ਸਮੇਂ ਤੋਂ ਭਾਰਤ ਦੇ ਕਿਰਤੀ ਲੋਕਾਂ, ਧਾਰਮਿਕ ਘੱਟ ਗਿਣਤੀਆਂ ਤੇ ਅਗਾਂਹਵਧੂ ਤਬਕਿਆਂ ਲਈ ਵੱਡਾ ਖਤਰਾ ਬਣ ਕੇ ਉੱਭਰਿਆ ਹੈ। ਕਮਿਊਨਿਸਟ, ਮੁਸਲਮਾਨ, ਇਸਾਈ, ਤਰਕਸ਼ੀਲ, ਜਮਹੂਰੀਅਤ ਪਸੰਦ ਤੇ ਹੋਰ ਅਗਾਂਹਵਧੂ ਤਬਕੇ ਦੇ ਲੋਕ ਸੰਘੀ ਫਾਸੀਵਾਦ ਦੇ ਮੁੱਖ ਨਿਸ਼ਾਨੇ ‘ਤੇ ਹਨ। ਧਾਰਮਿਕ ਘੱਟ ਗਿਣਤੀਆਂ ਨੂੰ ਭਾਵੇਂ ਅਜ਼ਾਦ ਭਾਰਤ ਵਿੱਚ ਹਮੇਸ਼ਾ ਡਰ ਤੇ ਸਹਿਮ ਨਾਲ ਰਹਿਣਾ ਪਿਆ ਹੈ, ਪਰ ਕੇਂਦਰ ਵਿੱਚ ਮੋਦੀ ਸਰਕਾਰ ਦੇ ਆਉਣ ਤੋਂ ਬਾਦ ਸੰਘੀ ਫਾਸੀਵਾਦ ਦੇ ਉਭਾਰ ਨੇ ਭਾਰਤ ਵਿੱਚ ਘੱਟ ਗਿਣਤੀਆਂ ਦਾ ਰਹਿਣਾ ਹੋਰ ਵੀ ਦੁੱਭਰ ਕਰ ਦਿੱਤਾ ਹੈ। ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਹੁੰਦੇ ਜ਼ਬਰ ਦੀਆਂ ਘਟਨਾਵਾਂ ਟੀਵੀ ਚੈਨਲਾਂ ਜਾਂ ਅਖਬਾਰਾਂ ਵਿੱਚ ਆਮ ਦੇਖੀਆਂ ਜਾ ਸਕਦੀਆਂ ਹਨ। ਦੇਸ਼ ਦੀਆਂ ਅਗਾਂਹਵਧੂ ਤਾਕਤਾਂ ਲਈ ਹਿੰਦੂ ਕੱਟੜਪੰਥ ਇੱਕ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ।

ਭਾਜਪਾ ਦੀ ਸਰਕਾਰ ਕੇਂਦਰ ਵਿੱਚ ਸੱਤਾ ਹਾਸਲ ਕਰਕੇ ਮਗਰੋਂ ਆਪਣੇ ਫਿਰਕੂ ਏਜੰਡੇ ਨੂੰ ਜਰਬਾਂ ਦੇਣ ਤੇ ਲੱਗੀ ਹੋਈ ਹੈ। ਲੋਕਾਂ ਨੂੰ ਉਹਨਾਂ ਦੇ ਅਸਲ ਮੰਗਾਂ ਮਸਲਿਆਂ ਤੇ ਲਾਮਬੰਦ ਹੋਣ ਤੋਂ ਰੋਕਣ ਅਤੇ ਲੋਕਾਈ ਦੁਆਰਾ ਲੜ ਕੇ ਹਾਸਲ ਕੀਤੇ (ਸੰਵਿਧਾਨਿਕ ਤੇ ਜਮਹੂਰੀ) ਹੱਕਾਂ ਤੇ ਕਟੌਤੀ ਕਰਨ ਲਈ ਫਾਸੀਵਾਦੀ ਹੁਕਮਰਾਨ ਪੂਰੇ ਦੇਸ਼ ਵਿੱਚ ਫਿਰਕੂ ਹਨ੍ਹੇਰੀ ਵਗਾ ਰਹੇ ਹਨ। ਕਿਉਂਕਿ ਦੇਸ਼ ਦੀ ਲਗਾਤਾਰ ਨਿੱਘਰਦੀ ਆਰਥਕ ਤੇ ਸਮਾਜਕ ਹਾਲਤ ਕਾਰਨ ਸਮਾਜ ਵਿੱਚ ਬੈਚੇਨੀ ਦਾ ਫੈਲਣਾ ਸੁਭਾਵਿਕ ਹੈ। ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਜਿਹੀਆਂ ਸਮੱਸਿਆਂ ਨਿੱਤ ਨਵੇਂ ਰਿਕਾਰੜ ਤੋੜ ਰਹੀਆਂ ਹਨ, ਹਾਲਤ ਇਹ ਹੈ ਕਿ ਅੱਜ ਦੇਸ਼ ਦੇ 84 ਕਰੋੜ ਲੋਕ ਰੋਜ਼ਾਨਾ 20 ਰੁਪਏ ਪ੍ਰਤੀਦਿਨ ਘੱਟ ਤੋਂ ਗੁਜ਼ਾਰਾ ਕਰਦੇ ਹਨ, ਕੁੱਲ਼ ਬੱਚਿਆਂ ਦੀ ਅੱਧੀ ਅਬਾਦੀ ਕੁਪੋਸ਼ਿਤ ਹੈ, 30 ਕਰੋੜ ਤੋਂ ਜਿਆਦਾ ਲੋਕੀਂ ਬੇਰੁਜ਼ਗਾਰ ਹਨ, 36 ਕਰੋੜ ਲੋਕੀਂ ਝੁੱਗੀਆਂ ਝੋਪੜੀਆਂ ਜਾਂ ਫੁੱਟਪਾਥਾਂ ਤੇ ਸੌਂਦੇ ਹਨ, 60 ਕਰੋੜ ਦੇ ਕਰੀਬ ਕਿਰਤੀ ਅਬਾਦੀ ਨਾਮਾਤਰ ਆਮਦਨੀ ਤੇ ਹੱਡ ਗਲਾਉਣ ਲਈ ਮਜ਼ਬੂਰ ਹੈ, ਸਮਾਜ ਜਾਤੀਗਤ ਦਾਬੇ ਤੇ ਔਰਤਾਂ ਵਿਰੋਧੀ ਦਾਬੇ ਦੀ ਮਾਰ ਝੱਲ਼ ਰਿਹਾ ਹੈ। ਅਜਿਹੇ ਵੇਲੇ ਹੱਕ ਮੰਗਦੇ ਲੋਕਾਂ ਦੇ ਆਉਣ ਵਾਲੇ ਹੜ ਨੂੰ ਰੋਕਣ ਵਾਸਤੇ ਹਾਕਮ ਲਗਾਤਾਰ ਲੋਕਾਂ ਚ ਧਾਰਮਿਕ ਵਖਰੇਵਿਆਂ ਨੂੰ ਉਭਾਰਕੇ ਪਾੜੋ ਤੇ ਰਾਜ ਕਰੋ ਦੀ ਸਿਆਸਤ ਕਰਦੇ ਹਨ।

ਅੱਜ ਸਮਾਜ ਦੀਆਂ ਅਗਾਂਹਵਧੂ ਤੇ ਇਨਕਲਾਬੀ ਤਾਕਤਾਂ ਦੇ ਇਹ ਫਰਜ ਬਣਦਾ ਹੈ ਕਿ ਫਿਰਕੂ ਫਾਸੀਵਾਦੀਆਂ ਦੀ ਇਸ ਪੂਰੀ ਸਾਜਿਸ਼, ਇਹਦੇ ਸਿਆਸੀ ਤੇ ਸਮਾਜਿਕ ਮਨਸ਼ੇ ਲੋਕਾਂ ਚ ਨਸ਼ਰ ਕੀਤੇ ਜਾਣ ਅਤੇ ਲੋਕਾਂ ਦੇ ਹੱਕੀ ਮਸਲਿਆਂ ਤੇ ਲਾਮਬੰਦੀ ਕੀਤੀ ਜਾਵੇ ਤੇ ਲੁੱਟ-ਅਨਿਆਂ ਤੇ ਟਿਕੇ ਇਸ ਸਰਮਾਏਦਾਰਾ ਢਾਂਚਾ ਤਬਦੀਲੀ ਦੀ ਲੜਾਈ ਨੂੰ ਅੱਗੇ ਤੋਰਿਆ ਜਾ ਸਕੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements