ਫਿਰਕਾਪ੍ਰਸਤੀ ਦੇ ਵਧ ਰਹੇ ਖਤਰੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਨੇ ਵਿਚਾਰ-ਗੋਸ਼ਠੀ ਕਾਰਵਾਈ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੀਤੀ 1 ਅਪ੍ਰੈਲ, 2015 ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਭਵਨ ਵਿਖੇ “ਭਾਰਤ ਵਿੱਚ ਫਿਰਕਾਪ੍ਰਸਤੀ ਦੀਆਂ ਜੜ੍ਹਾਂ” ਵਿਸ਼ੇ ਉੱਤੇ ਵਿਚਾਰ-ਗੋਸ਼ਠੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 80 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ। ਇਸ ਵਿੱਚ ਗਿਆਨ ਪ੍ਰਸਾਰ ਸਮਾਜ ਦੇ ਕਨਵੀਨਰ ਡਾ. ਅੰਮ੍ਰਿਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਬੇਸ਼ੱਕ ਫਿਰਕਾਪ੍ਰਸਤੀ ਦੀ ਸਮੱਸਿਆ ਪਿੱਛੇ ਆਰਥਿਕ-ਸਿਆਸੀ ਕਾਰਕ ਕੰਮ ਕਰਦੇ ਹਨ। ਪਰ ਇਸ ਸਮੱਸਿਆ ਦੇ ਸਮਾਜਕ-ਸੱਭਿਆਚਾਰਕ ਪੱਖ ਵੀ ਹਨ ਜਿਨ੍ਹਾਂ ਵੱਲ ਅਕਸਰ ਘੱਟ ਧਿਆਨ ਦਿੱਤਾ ਜਾਂਦਾ ਹੈ। ਭਾਰਤੀ ਸਮਾਜੀ ਤਾਣੇ-ਬਾਣੇ ਦੇ ਕੁੱਝ ਅਹਿਮ ਖਾਸ ਲੱਛਣ ਹਨ ਜੋ ਇੱਥੇ ਫਿਰਕੂ ਤਾਕਤਾਂ ਲਈ ਜਰਖੇਜ਼ ਜ਼ਮੀਨ ਮੁਹੱਈਆ ਕਰਵਾਉਂਦੇ ਹਨ। ਇਹਨਾਂ ਵਿੱਚੋਂ ਪਹਿਲਾ ਹੈ ਭਾਰਤ ਵਿੱਚ ਫੈਲੀ ਗੈਰ-ਤਾਰਕਿਕਤਾ ਤੇ ਅੰਧਵਿਸ਼ਵਾਸ਼ੀ ਮਾਨਸਿਕਤਾ। ਜਿੱਥੇ ਯੂਰਪੀ ਗਿਆਨ ਪ੍ਰਸਾਰ ਲਹਿਰ ਦੌਰਾਨ ਹਰ ਗੱਲ ‘ਤੇ ਸਵਾਲ ਕਰਨ, ਤਰਕ ਕਰਨ ਨੂੰ ਉਤਾਸ਼ਾਹਿਤ ਕੀਤਾ ਗਿਆ, ਉਹਨਾਂ ਲੋਕਾਂ ਦੇ ਨਾਅਰੇ ਵੀ ਇਹ ਸਨ ਕਿ “ਰੱਬ ਸਮੇਤ ਹਰ ਸ਼ੈਅ ਨੂੰ ਤਰਕ ਦੇ ਦਰਬਾਰ ਵਿੱਚ ਹਾਜ਼ਰ ਹੋਣਾ ਪਵੇਗਾ”। ਪਰ ਭਾਰਤੀ ਸਮਾਜ ਵਿੱਚ ਅਜਿਹੇ ਕੋਈ ਨਾਹਰੇ ਨਹੀਂ ਲੱਗੇ, ਸਗੋਂ ਇੱਥੇ ਸਵਾਲ ਕਰਨ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ, ਤਰਕ ਦੀ ਥਾਂ ਅੱਖਾਂ ਮੀਚ ਕੇ ਭਰੋਸਾ ਕਰਨਾ ਸਿਖਾਇਆ ਜਾਂਦਾ ਹੈ। ਇਸ ਕਰਕੇ ਫਿਰਕੂ ਤਾਕਤਾਂ ਦੇ ਹਰ ਤਰ੍ਹਾਂ ਦੇ ਪ੍ਰਾਪੇਗੰਡਾ ਨਾਲ਼ ਲੋਕ ਸਹਿਮਤ ਹੋ ਜਾਂਦੇ ਹਨ।

ਦੂਜਾ ਕਾਰਕ ਭਾਰਤੀ ਸਮਾਜ ਵਿੱਚ ਫੈਲਿਆ ਅਗਿਆਨਤਾ ਦਾ ਸਾਮਰਾਜ ਹੈ, ਸਾਡੇ ਲੋਕ ਆਮ ਜਾਣਕਾਰੀਆਂ, ਕੁਦਰਤੀ ਵਿਗਿਆਨਾਂ ਤੇ ਇਤਿਹਾਸ ਦੀ ਵੀ ਸਹੀ ਜਾਣਕਾਰੀ ਨਹੀਂ ਹੁੰਦੀ। ਇਸੇ ਕਾਰਨ ਸਦੀਆਂ ਪੁਰਾਣੇ ਅੰਧਵਿਸ਼ਵਾਸ਼ਾਂ, ਝੂਠੇ ਇਤਿਹਾਸ ਨੂੰ ਬਿਨਾਂ ਝਿਜਕ ਦੇ ਮੰਨ ਲੈਂਦੇ ਹਨ। ਇਤਿਹਾਸ, ਵਿਗਿਆਨ ਦੀਆਂ ਗਲਤ ਜਾਣਕਾਰੀਆਂ ਨੂੰ ਫਿਰਕੂ ਤਾਕਤਾਂ ਲੋਕਾਂ ਨੂੰ ਦੂਜੇ ਫਿਰਕਿਆਂ ਵਿਰੁੱਧ ਭੜਕਾਉਣ ਦਾ ਕੰਮ ਕਰਦੀਆਂ ਹਨ।

ਤੀਜਾ ਕਾਰਕ ਭਾਰਤ ਵਿਚਲੀ ਜਾਤ-ਪਾਤੀ ਮਾਨਸਿਕਤਾ, ਔਰਤ ਵਿਰੋਧੀ ਮਾਸਿਕਤਾ, ਮਰਦ ਪ੍ਰਧਾਨਤਾ, ਪਿੱਤਰਸੱਤ੍ਹਾ ਤੇ ਮੱਧਯੁਗੀ ਕਦਰਾਂ ਕੀਮਤਾਂ ਦੀ ਮੌਜੂਦਗੀ ਹੈ। ਇਹਨਾਂ ਖੇਤਰਾਂ ਵਿੱਚ ਆਮ ਲੋਕਾਂ ਦੀਆਂ ਧਾਰਨਾਵਾਂ ਉਹੀ ਹੁੰਦੀਆਂ ਹਨ ਜੋ ਫਿਰਕੂ ਤਾਕਤਾਂ ਦੀਆਂ ਹੁੰਦੀਆਂ ਹਨ, ਇਸ ਤਰ੍ਹਾਂ ਇਹਨਾਂ ਖੇਤਰਾਂ ਵਿੱਚ ਆਮ ਲੋਕਾਂ ਦਾ ਫਿਰਕੂ ਤਾਕਤਾਂ ਨਾਲ਼ ਸਾਂਝਾ ਮੋਰਚਾ ਬਣ ਜਾਂਦਾ ਹੈ ਜਿਸ ਕਾਰਨ ਇਹਨਾਂ ਦਾ ਕੋਈ ਸਰਗਰਮ ਵਿਰੋਧ ਨਹੀਂ ਹੁੰਦਾ।

ਉਹਨਾਂ ਕਿਹਾ ਕਿ ਫਿਰਕੂ ਤਾਕਤਾਂ ਖਿਲਾਫ ਆਰਥਿਕ, ਸਿਆਸੀ ਲੜਾਈਆਂ ਦੇ ਮੈਦਾਨ ਵਿੱਚ ਜਿੰਨੇ ਸਰਗਰਮ ਘੋਲ਼ ਦੀ ਲੋੜ ਹੈ ਓਨੀ ਹੀ ਲੋੜ ਉਪਰੋਕਤ ਤਿੰਨ ਕਾਰਕਾਂ, ਭਾਵ ਸੱਭਿਆਚਾਰ-ਸਮਾਜਕ ਖੇਤਰਾਂ ਵਿੱਚ ਵੀ ਲੜੇ ਜਾਣ ਦੀ ਲੋੜ ਹੈ। ਸੰਘਰਸ਼ ਦੇ ਇਹ ਦੋਵੇਂ ਮੈਦਾਨ ਇੱਕ-ਦੂਜੇ ਦੇ ਪੂਰਕ ਹਨ ਤੇ ਦੋਵਾਂ ਖੇਤਰਾਂ ਵਿੱਚ ਨਾਲ਼ੋ-ਨਾਲ਼ ਸੰਘਰਸ਼ ਚਲਾਏ ਜਾਣ ਦੀ ਲੋੜ ਹੈ। ਇਹਨਾਂ ਵਿੱਚੋਂ ਕਿਸੇ ਇੱਕ ‘ਤੇ ਹੀ ਜ਼ੋਰ ਦੇ ਕੇ ਇਸ ਸਮੱਸਿਆ ਨਾਲ਼ ਸਿੱਝਿਆ ਨਹੀਂ ਜਾ ਸਕਦਾ।

ਇਸ ਮਗਰੋਂ ਸਵਾਲ-ਜਵਾਬ ਦਾ ਦੌਰ ਚੱਲਿਆ ਜਿਸ ਵਿੱਚ ਵਿਦਿਆਰਥੀਆਂ ਨੇ ਸਰਗਰਮ ਸ਼ਮੂਲੀਅਤ ਕੀਤੀ। ਅੰਤ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪਹੁੰਚੇ ਸਭ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਿਚਾਰ-ਚਰਚਾਵਾਂ ਅੱਗੇ ਵੀ ਜਾਰੀ ਰਹਿਣਗੀਆਂ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 39, ਮਈ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s