ਫਾਸੀਵਾਦੀ ਤਾਕਤਾਂ ਦੇ ਅੱਗੇ ਵਧਦੇ ਕਦਮ ਲੋਕ ਦੁਸ਼ਮਣ ਫਾਸੀਵਾਦੀਆਂ ਦੇ ਟਾਕਰੇ ਲਈ ਲੋਕਾਂ ਨੂੰ ਜਗਾਉਣ, ਲਾਮਬੰਦ ਤੇ ਜੱਥੇਬੰਦ ਕਰਨਾ ਮੌਜੂਦਾ ਸਮੇਂ ਦੀ ਅਣਸਰਦੀ ਲੋੜ •ਸੰਪਾਦਕੀ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੌਜੂਦਾ ਸਮੇਂ ਵਿੱਚ ਸਾਰੀਆਂ ਫਿਰਕਾਪ੍ਰਸਤ ਤਾਕਤਾਂ ਲੋਕਾਂ ਨੂੰ ਆਪਸ ਵਿੱਚ ਵੰਡਣ-ਲੜਾਉਣ ਦਾ ਕੰਮ ਪੂਰੇ ਜ਼ੋਰ ਨਾਲ਼ ਕਰ ਰਹੀਆਂ ਹਨ।।ਇਹਨਾਂ ਵਿੱਚ ਸਭ ਤੋਂ ਅੱਗੇ ਹਨ ਹਿੰਦੂਤਵੀ ਕੱਟੜਪੰਥੀ,। ਇਹਨਾਂ ‘ਚੋਂ ਵੀ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਸਭ ਤੋਂ ਅੱਗੇ ਹੈ। ਇਸ ਸਮੇਂ ਇਸਦਾ ਪ੍ਰਸਾਰ ਤੇਜ਼ੀ ਨਾਲ਼ ਹੋ ਰਿਹਾ ਹੈ। ਇਸਦਾ ਇੱਕ ਸੂਚਕ ਇਸਦੀਆਂ ਸ਼ਾਖਾਵਾਂ ਦੀ ਗਿਣਤੀ ਵਿੱਚ ਹੋਇਆ ਰਿਕਾਰਡ ਤੋੜ ਵਾਧਾ ਹੈ।।

ਆਰ.ਐਸ.ਐਸ. ਦੀਆਂ ਸ਼ਾਖਾਵਾਂ ਦੀ ਗਿਣਤੀ ਤੋਂ ਇਸ ਜਥੇਬੰਦੀ ਦੀ ਤਾਕਤ ਦਾ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮਾਰਚ 2015 ਵਿੱਚ ਪ੍ਰਾਪਤ ਇੱਕ ਅੰਕੜੇ ਮੁਤਾਬਿਕ ਉਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ 51,335 ਸ਼ਾਖਾਵਾਂ ਲੱਗ ਰਹੀਆਂ ਸਨ। ਇੱਥੇ ਪੰਜ ਸਾਲਾਂ ਦੌਰਾਨ ਸੱਠ ਫੀਸਦੀ ਤੋਂ ਵੀ ਵਧੇਰੇ ਵਾਧਾ ਵਿਖਾਈ ਦਿੰਦਾ ਹੈ। ਸੰਨ 2016 ਦਾ ਤਾਜਾ ਅੰਕੜਾ ਉਪਲੱਭਧ ਨਹੀਂ ਹੈ ਪਰ ਏਨਾ ਪੱਕਾ ਹੈ ਕਿ ਇਸ ਦੌਰਾਨ ਵੀ ਆਰ.ਐਸ.ਐਸ. ਦੀਆਂ ਸ਼ਾਖਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ਼ ਵਾਧਾ ਹੁੰਦਾ ਰਿਹਾ ਹੈ। 

‘ਸ਼ਾਖਾ’ ਆਰ.ਐਸ. ਐਸ. ਦੀ ਮੁੱਢਲੇ ਪੱਧਰ ਦੀ ਇਕਾਈ ਹੈ। ਆਮ ਤੌਰ ‘ਤੇ ਕਿਸੇ ਖੁੱਲੀ ਜਗ੍ਹਾ, ਪਾਰਕ ਜਾਂ ਮੈਦਾਨ ਵਿੱਚ ਲਗਭਗ ਇੱਕ ਘੰਟਾ ‘ਸ਼ਾਖਾ’ ਲਗਾਈ ਜਾਂਦੀ ਹੈ। ਇਸ ਵਿੱਚ ਕਸਰਤ, ਖੇਡਾਂ, ਸੂਰਜ ਨਮਸਕਾਰ, ਪਰੇਡ, ਗੀਤ, ਪ੍ਰਾਰਥਨਾ ਹੁੰਦੀ ਹੈ। ਕਿਸੇ ਵੀ ਆਮ ਵਿਅਕਤੀ ਲਈ (ਖਾਸਕਰ ਹਿੰਦੂ ਧਰਮ ਨਾਲ਼ ਸਬੰਧਤ) ਇਹ ਬਹੁਤ ਲੁਭਾਊ ਪ੍ਰਤੀਤ ਹੁੰਦਾ ਹੈ। ਇੱਕ ”ਚੰਗੀ” ਸਰਗਰਮੀ ਵਿੱਚ ਸ਼ਾਮਲ ਹੋਣ ਲਈ, ਨਵੇਂ-ਨਵੇਂ ਸੰਪਰਕ ਤੇ ਦੋਸਤ ਬਣਾਉਣ ਲਈ, ਉਸਨੂੰ ਸ਼ਾਖਾ ਵਿੱਚ ਸ਼ਾਮਲ ਹੋਣਾ ਫਾਇਦੇਮੰਦ ਪ੍ਰਤੀਤ ਹੁੰਦਾ ਹੈ। ਮਾਂ-ਬਾਪ ਬੱਚਿਆਂ ਨੂੰ ਕਸਰਤਾਂ, ਖੇਡਾਂ ਆਦਿ ਵਿੱਚ ਸ਼ਾਮਲ ਕਰਨ ਲਈ ਸ਼ਾਖਾ ਵਿੱਚ ਭੇਜਣਾ ਪਸੰਦ ਕਰ ਬੈਠਦੇ ਹਨ। ਸ਼ਾਖਾਵਾਂ ਵਿੱਚ ਜਾਣ ਵਾਲ਼ਿਆਂ ਨੂੰ ਪਤਾ ਵੀ ਨਹੀਂ ਚਲਦਾ ਕਦੋਂ ਉਹਨਾਂ ਨੂੰ ਇੱਕ ਬੇਹੱਦ ਖਤਰਨਾਕ, ਲੋਕ ਵਿਰੋਧੀ, ਗੈਰ ਜਮਹੂਰੀ ਸੋਚ ਦਾ ਧਾਰਨੀ ਬਣਾ ਦਿੱਤਾ ਜਾਂਦਾ ਹੈ। ਉਹਨਾਂ ਦੇ ਮਨਾਂ ਵਿੱਚ ਗੈਰਜਮਹੂਰੀ, ਹਿੰਦੂਤਵੀ ਕੱਟੜਪੰਥੀ ਸੋਚ ਤੇ ਅੰਨ੍ਹੀ ਕੌਮਪ੍ਰਸਤੀ ਭਰ ਦਿੱਤੀ ਜਾਂਦੀ ਹੈ। ਉਹਨਾਂ ਨੂੰ ਆਰ.ਐਸ.ਐਸ. ਦੇ ਸਿਆਸੀ ਵਿੰਗ ਭਾਜਪਾ ਦੇ ਵੋਟ-ਬੈਂਕ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ। ਹਿੰਦੂਤਵੀ ਫਿਰਕੂ ਨਫ਼ਰਤ ਦੇ ਜ਼ਹਿਰ ਭਰੇ ਉਹਨਾਂ ਦੇ ਮਨ ਗੈਰ-ਹਿੰਦੂਆਂ ਖਾਸਕਰ ਮੁਸਲਮਾਨਾਂ ਤੇ ਇਸਾਈਆਂ ਨੂੰ ਘੋਰ ਨਫ਼ਰਤ ਕਰਨ ਲੱਗ ਪੈਂਦੇ ਹਨ। ਜਾਤਪਾਤੀ ਤੁਅੱਸਬ ਹੋਰ ਪੱਕੇ ਹੋ ਜਾਂਦੇ ਹਨ। ਉਹ ਇਨਕਲਾਬੀ ਕਾਰਵਾਈਆਂ ਨੂੰ ਨਫ਼ਰਤ ਕਰਨ ਲੱਗ ਪੈਂਦੇ ਹਨ। ਲੋਕਾਂ ਲਈ ਲੜ੍ਹ ਰਹੇ ਕਮਿਊਨਿਸਟਾਂ ਪ੍ਰਤੀ ਉਨ੍ਹਾਂ ਦੀ ਨਫ਼ਰਤ ਦੀ ਕੋਈ ਹੱਦ ਨਹੀਂ ਰਹਿੰਦੀ। ਹਾਕਮਾਂ ਖਿਲਾਫ਼ ਲੋਕਾਂ ਦੇ ਹਰ ਹੱਕੀ ਸੰਘਰਸ਼ ਨੂੰ, ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਉੱਠੀ ਹਰ ਅਵਾਜ਼ ਨੂੰ, ਦਬਾਈਆਂ ਜਾ ਰਹੀਆਂ ਕੌਮਾਂ ਦੇ ਸਵੈਨਿਰਣੈ ਦੀ ਹਰ ਅਵਾਜ਼ ਨੂੰ ਇਹ ”ਦੇਸ਼ ਵਿਰੋਧੀ” ਕਹਿਣ ਲੱਗ ਪੈਂਦੇ ਹਨ। ਇਹ ਸ਼ਾਖਾਵਾਂ ਜਮਹੂਰੀਅਤ ਵਿਰੋਧੀ ਹਿੰਦੂਤਵੀ ਕੱਟੜਪੰਥੀ ਫਿਰਕੂ ਫਾਸੀਵਾਦੀ ਵਿਚਾਰਧਾਰਾ ਤੇ ਸਿਆਸਤ ਦੀ ਚੇਟਕ ਲਾਉਣ ਤੇ ਸਿਖਲਾਈ ਦੇਣ ਤੋਂ ਸਿਵਾ ਹੋਰ ਕੁੱਝ ਨਹੀਂ ਹਨ। 

ਇਹ ਸੰਸਾਰ ਦੀਆਂ ਸਭ ਤੋਂ ਖਤਰਨਾਕ ਜਥੇਬੰਦੀਆਂ ਵਿੱਚੋਂ ਇੱਕ ਹੈ। ਸੰਨ 1925 ਵਿੱਚ ਹਿਟਲਰ-ਮੁਸੇਲਿਨੀ ਤੋਂ ਰਾਹ-ਦਰਸਾਵਾ ਲੈ ਕੇ ਭਾਰਤ ਵਿੱਚ ਬਣੀ ਇਹ ਜਥੇਬੰਦੀ ਸ਼ੁਰੂ ਤੋਂ ਹੀ ਗੈਰ-ਹਿੰਦੂਆਂ ਤੇ ਕਮਿਊਨਿਸਟਾਂ ਖਿਲਾਫ਼ ਕੰਮ ਕਰਦੀ ਆ ਰਹੀ ਹੈ। ਅੰਗਰੇਜ਼ਾਂ ਖਿਲਾਫ਼ ਇਸਨੇ ਇੱਕ ਵੀ ਲੜਾਈ ਨਹੀਂ ਲੜੀ। ਜੇਕਰ ਕਿਤੇ ਭੁੱਲ-ਭੁਲੇਖੇ ਇਹਨਾਂ ਦਾ ਅੰਗਰੇਜ਼ਾਂ ਨਾਲ਼ ਟਕਰਾਅ ਹੋ ਵੀ ਗਿਆ ਤਾਂ ਇਸਦੇ ਆਗੂ ਲਿਖਤੀ ਮਾਫੀਆਂ ਮੰਗ ਕੇ ਤੇ ਵਫਾਦਾਰੀ ਦੀਆਂ ਸੌਹਾਂ ਖਾ ਕੇ ਚੂਹਿਆਂ ਵਾਂਗ ਕਾਇਰਤਾ ਵਖਾਉਂਦੇ ਰਹੇ ਹਨ। ਇਸਦਾ ਸ਼ੁਰੂ ਤੋਂ ਹੀ ਇੱਕੋ ਹੀ ਮਕਸਦ ਰਿਹਾ ਹੈ ਕਿ ਲੋਕਾਂ ਨੂੰ ਜਿਸ ਤਰ੍ਹਾਂ ਵੀ ਹੋਵੇ, ਕਿਸੇ ਵੀ ਹੱਦ ਤੱਕ ਡਿੱਗ ਕੇ ਹੋਵੇ, ਆਪਸ ਵਿੱਚ ਵੰਡਿਆਂ ਜਾਵੇ। ਹਿੰਦੂ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲ਼ੇ ਲੋਕ-ਮਨਾਂ ਨੂੰ ਨਫ਼ਰਤ ਦੇ ਜ਼ਹਿਰ ਨਾਲ਼ ਭਰਨਾ ਹੀ ਇਸਦੀ ਭਾਰਤ ਦੀ ”ਸੇਵਾ”, ”ਦੇਸ਼ ਭਗਤੀ”, ਤੇ ਪਵਿੱਤਰ ਧਰਮ ਰਿਹਾ ਹੈ। ਲੁਟੇਰੇ ਹਾਕਮਾਂ ਲਈ ਅਜਿਹੀਆਂ ਜਥੇਬੰਦੀਆਂ ਹਮੇਸ਼ਾਂ ਤੋਂ ਵਰਦਾਨ ਸਾਬਿਤ ਹੁੰਦੀਆਂ ਰਹੀਆਂ ਹਨ।

ਆਰ.ਐਸ.ਐਸ. ਦਾ ਫੈਲਾਅ ਮੁੱਖ ਰੂਪ ਵਿੱਚ ਨਵ-ਉਦਾਰ ਦੇ ਪਿਛਲੇ 25-30 ਸਾਲਾਂ ਵਿੱਚ ਹੋਇਆ ਹੈ। ਇਸ ਦੌਰ ਦੇ ਅਰੰਭ ਵਿੱਚ ਸੰਸਾਰ ਪੱਧਰੀ ਮੰਦਵਾੜੇ ਦੀ ਇੱਕ ਨਵੀਂ ਸ਼ੁਰੂਆਤ ਹੋ ਚੁੱਕੀ ਸੀ। ਭਾਰਤ ਦਾ ਸਰਮਾਏਦਾਰਾ ਪ੍ਰਬੰਧ ਵੀ ਖੜੌਤ ਦਾ ਸ਼ਿਕਾਰ ਹੋ ਚੁੱਕਾ ਸੀ। ਅਖੌਤੀ ਕਲਿਆਣਕਾਰੀ ਰਾਜ ਦੀਆਂ ਨੀਤੀਆਂ ਤੋਂ ਖਹਿੜਾ ਛੁਡਾਉਣਾ ਲਾਜ਼ਮੀ ਹੋ ਚੁੱਕਾ ਸੀ। ਇਹ ਸਮਾਂ ਦੇਸੀ-ਵਿਦੇਸ਼ੀ ਸਰਮਾਏ ਦੇ ਰਾਹ ‘ਚੋਂ ਹਰ ਤਰ੍ਹਾਂ ਦੀਆਂ ਰੁਕਾਵਟਾਂ ਹਟਾ ਦੇਣ ਲਈ ਵੱਡੇ ਕਦਮ ਚੁੱਕਣ ਦਾ ਸੀ। ਆਮ ਲੋਕਾਂ ਨੂੰ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਆਂ ਵੱਡੇ ਪੱਧਰ ‘ਤੇ ਖੋਹਣ ਦੀ ਸ਼ੁਰੂਆਤ ਹੋ ਚੁੱਕੀ ਸੀ। ਭਾਰਤੀ ਹਾਕਮਾਂ ਨੇ ਮਜ਼ਦੂਰਾਂ ਦੇ ਕਿਰਤ ਹੱਕਾਂ ‘ਤੇ ਵੱਡੇ ਡਾਕੇ ਮਾਰੇ ਜਾਣ ਦਾ ਸ਼ੰਖ ਵਜਾ ਦਿੱਤਾ ਸੀ। ਹਾਕਮਾਂ ਦੀਆਂ ਇਹਨਾਂ ਨੀਤੀਆਂ ਕਾਰਨ ਲੋਕ ਰੋਹ ਦਾ ਵਧਣਾ ਲਾਜ਼ਮੀ ਸੀ। ਲੋਕਾਂ ਦੇ ਸੰਘਰਸ਼ਾਂ ਨੇ ਤਿੱਖਾ ਹੋਣ ਹੀ ਸੀ। ਅਜਿਹੇ ਸਮੇਂ ਵਿੱਚ ਲੋਕਾਂ ਨੂੰ ਆਪਸ ਵਿੱਚ ਵੰਡਣ-ਲੜਾਉਣ ਦਾ ਕੰਮ ਹਿਟਲਰ-ਮੁਸੋਲਿਨੀ ਦੀ ਚੇਲਾ ਜਥੇਬੰਦੀ ਆਰ.ਐਸ.ਐਸ. ਤੋਂ ਵਧੇਰੇ ਕਾਰਗਾਰ ਢੰਗ ਨਾਲ਼ ਕੌਣ ਕਰ ਸਕਦਾ ਸੀ?! ਇਸਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਹੈ। 

ਆਰ.ਐਸ.ਐਸ. ਜਿਹੀਆਂ ਫਾਸੀਵਾਦੀ ਤਾਕਤਾਂ ਦੇ ਫਧਣ-ਫੁੱਲਣ ਲਈ ਜ਼ਰੂਰੀ ਨਹੀਂ ਹੈ ਕਿ ਇਹ ਸਰਕਾਰ ‘ਤੇ ਵੀ ਕਾਬਜ਼ ਹੋਣ। ਸਰਕਾਰ ਤੋਂ ਸੱਖਣੇ ਹੁੰਦੇ ਹੋਏ ਵੀ ਇਹ ਬਾਖੂਬੀ ਵਧ-ਫੁੱਲ ਸਕਦੀਆਂ ਹਨ, ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡ ਸਕਦੀਆਂ ਹਨ। ਆਰ.ਐਸ.ਐਸ. ਦੇ ਵਧਾਰੇ ਦੇ ਮਾਮਲੇ ਵਿੱਚ ਵੀ ਇਹ ਸਾਫ਼ ਵੇਖਿਆ ਜਾ ਸਕਦਾ ਹੈ। ਇੱਕ ਹੱਦ ਤੱਕ ਵਧਣ-ਫੁੱਲਣ ਤੋਂ ਬਾਅਦ ਸਰਮਾਏਦਾਰ ਜਮਾਤ ਦੀ ਲੋੜ ਮੁਤਾਬਿਕ ਸਰਕਾਰ ‘ਤੇ ਫਾਸੀਵਾਦੀਆਂ ਦਾ ਕਬਜ਼ਾ ਹੋ ਸਕਦਾ ਹੈ। ਸਰਕਾਰ ‘ਤੇ ਕਾਬਜ਼ ਹੋਣ ਤੋਂ ਬਾਅਦ ਹੋਰ ਤੇਜ਼ੀ ਨਾਲ਼ ਵਧਣਾ-ਫੁੱਲਣਾ ਵੀ ਲਾਜ਼ਮੀ ਹੁੰਦਾ ਹੈ। ਮਈ 2014 ਵਿੱਚ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਬਣਨ ਦੇ ਰੂਪ ਵਿੱਚ ਆਰ.ਐਸ.ਐਸ. ਸਰਕਾਰ ‘ਤੇ ਕਾਬਜ਼ ਹੋ ਚੁੱਕੀ ਹੈ। ਇਸ ਕਰਕੇ ਇਸਨੂੰ ਆਪਣੀਆਂ ਸਰਗਰਮੀਆਂ ਲਈ ਜ਼ਿਆਦਾ ਸੁਖਾਵਾਂ ਮਹੌਲ ਪ੍ਰਾਪਤ ਹੋਇਆ ਹੈ। ਗਊ ਰੱਖਿਆ, ਧਰਮ ਪਰਿਵਰਤਨ, ਹਿੰਦੂ ਲੜਕੀਆਂ ਦੀ ਅਖੌਤੀ ”ਰੱਖਿਆ” (ਅਖੌਤੀ ”ਲਵ ਜਿਹਾਦੀਆਂ” ਤੋਂ), ਆਦਿ ਮੁਹਿੰਮਾਂ ਵੱਡੇ ਪੱਧਰ ‘ਤੇ ਚਲਾਈਆਂ ਜਾ ਰਹੀਆਂ ਹਨ। ਗੈਰ-ਹਿੰਦੂਆਂ ਖਿਲਾਫ਼ ਜ਼ੋਰਦਾਰ ਮੁੰਹਿਮ ਛੇੜ ਦਿੱਤੀ ਗਈ ਹੈ। ਕੇਂਦਰ ਤੇ ਵੱਖ-ਵੱਖ ਸੂਬਾ ਸਰਕਾਰਾਂ ਦੀਆਂ ਕੁਰਸੀਆਂ ‘ਤੇ ਕਾਬਜ਼ ਹੋ ਕੇ ਭੂਤਰੇ ਆਰ.ਐਸ.ਐਸ. ਦੇ ਗੁੰਡਾ ਟੋਲੇ ਥਾਂ-ਥਾਂ ਤੇ ਹਿੰਸਾਤਮਕ ਫਿਰਕੂ ਕਾਰਵਾਈਆਂ ਤੱਕ ਨੂੰ ਵੱਡੇ ਪੱਧਰ ਤੇ ਅੰਜ਼ਾਮ ਦੇ ਰਹੇ ਹਨ। ਜਿਸ ਕਾਰਨ ਆਰ.ਐਸ.ਐਸ.ਦਾ ਪ੍ਰਚਾਰ-ਪ੍ਰਸਾਰ ਹੋਰ ਵਡੇਰੇ ਪੱਧਰ ‘ਤੇ ਹੋ ਰਿਹਾ ਹੈ।

ਆਰ.ਐਸ.ਐਸ. ਨੇ ਪਿਛਲੇ ਸਮੇਂ ਵਿੱਚ ਸੋਸ਼ਲ ਮੀਡੀਆ ਦਾ ਵੀ ਕਾਰਗਾਰ ਢੰਗ ਨਾਲ਼ ਇਸਤੇਮਾਲ ਕੀਤਾ ਹੈ। ਇਸਦੀਆਂ ਨਿਯਮਿਤ ਟੀਮਾਂ ਰੋਜ਼ਾਨਾਂ ਵੱਡੇ ਪੱਧਰ ‘ਤੇ ਆਰ.ਐਸ.ਐਸ. ਦੀ ਸੋਚ ਮੁਤਾਬਿਕ ਸਮੱਗਰੀ ਤਿਆਰ ਕਰਕੇ ਫੇਸਬੁੱਕ, ਵਟਸਐਪ, ਟਵਿੱਟਰ ਵਗੈਰਾ ‘ਤੇ ਫੈਲਾਉਂਦੀਆਂ ਹਨ। ਫੇਸਬੁੱਕ ‘ਤੇ ਆਰ.ਐਸ.ਐਸ. ਪੇਜ਼ ਦੇ 30  ਲੱਖ 53 ਹਜ਼ਾਰ, ਟਵਿੱਟਰ ‘ਤੇ ਢਾਈ ਲੱਖ ਤੋਂ ਵਧੇਰੇ ਫੋਲੋਅਰ ਹਨ। ਸ਼ੋਸ਼ਲ ਮੀਡੀਆ ਦੀ ਕਾਰਗਰ ਢੰਗ ਨਾਲ਼ ਵੱਡੇ ਪੱਧਰ ਤੇ ਵਰਤੋਂ ਕਾਰਨ ਵੀ ਆਰ.ਐਸ.ਐਸ. ਦੇ ਫੈਲਾਅ ਵਿੱਚ ਤੇਜ਼ੀ ਆਈ ਹੈ। 

ਆਰ.ਐਸ.ਐਸ. ਨੇ ਆਪਣੀਆਂ ਸ਼ਾਖਾਵਾਂ ਨੂੰ ਵੱਖ-ਵੱਖ ਤਬਕਿਆਂ ਦੇ ਹਿਸਾਬ ਨਾਲ਼ ਤਾਲਮੇਲ ਬਿਠਾਉਣ ਦੀਆਂ ਸਫ਼ਲ ਕੋਸ਼ਿਸ਼ਾਂ ਵੀ ਕੀਤੀਆਂ ਹਨ। ਇਸਦੀਆਂ ਸਵੇਰ ਸਮੇਂ, ਸ਼ਾਮ ਸਮੇਂ, ਰਾਤ ਸਮੇਂ, ਹਫਤੇ ‘ਚ ਇੱਕ ਜਾਂ ਦੋ ਵਾਰ, ਜਾਂ ਮਹੀਨੇ ‘ਚ ਇੱਕ ਜਾਂ ਦੋ ਵਾਰ ਲੱਗਣ ਵਾਲ਼ੀਆਂ ਪੰਜ ਤਰ੍ਹਾਂ ਦੀਆਂ ਸ਼ਾਖਾਵਾਂ ਹਨ। ਵੱਖ-ਵੱਖ ਲੋਕਾਂ ਦੇ ਸਮੇਂ ਮੁਤਾਬਿਕ ਇਹਨਾਂ ਸ਼ਾਖਾਵਾਂ ਦਾ ਸੰਚਾਲਨ ਹੋਰ ਠੀਕ ਕੀਤਾ ਗਿਆ ਹੈ। ਅਜਿਹੇ ਸਹਾਇਕ ਕਾਰਨਾਂ ਕਰਕੇ ਵੀ ਆਰ.ਐਸ.ਐਸ. ਦਾ ਵਧਾਰਾ ਹੋਇਆ ਹੈ। ਪਰ ਮੂਲ ਕਾਰਨ ਉਹੋ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਜਦ ਸਰਮਾਏਦਾਰ ਹਾਕਮਾਂ ਦੀਆਂ ਨੀਤੀਆਂ ਪਹਿਲਾਂ ਦੇ ਕਿਸੇ ਵੀ ਸਮੇਂ ਤੋਂ ਵਧੇਰੇ ਜ਼ਾਬਰ ਰੂਪ ਵਿੱਚ ਲੋਕਾਂ ਦੇ ਹੱਕਾਂ ਦਾ ਘਾਣ ਕਰ ਰਹੀਆਂ ਹਨ, ਜਦ ਲੋਕਾਂ ਤੋਂ ਬਚੀਆਂ ਖੁਚੀਆਂ ਸਹੂਲਤਾਂ ਵੀ ਖੋਹੀਆਂ ਜਾ ਰਹੀਆਂ, ਜਦ ਅਮੀਰੀ ਗਰੀਬੀ ਦਾ ਪਾੜਾ ਛਲਾਂਗਾਂ ਮਾਰ ਵਧ ਰਿਹਾ ਹੈ। ਉਸ ਸਮੇਂ ਸਰਮਾਏਦਾਰ ਜਮਾਤ ਨੂੰ ਆਰ.ਐਸ.ਐਸ. ਦੇ ਵਧਾਰੇ ਦੀ ਲੋੜ ਹੈ। ਸਰਮਾਏਦਾਰ ਜਮਾਤ ਦੀ ਪੁਰਜ਼ੋਰ ਇੱਛਾ ਤੇ ਸਹਿਯੋਗ ਤੋਂ ਬਿਨਾਂ ਆਰ.ਐਸ.ਐਸ. ਦਾ ਤੇ ਇਸਦੀਆਂ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜ਼ਰੰਗ ਦਲ, ਜਿਹੀਆਂ ਉਪ-ਜਥੇਬੰਦੀਆਂ ਦਾ ਇਸ ਪੱਧਰ ਦਾ ਫੈਲਾਅ ਸੰਭਵ ਨਹੀਂ ਹੈ। 

ਕੀ ਸਰਮਾਏਦਾਰ ਜਮਾਤ ਦੇ ਇਸ ਹਮਲੇ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ? ਕੀ ਆਰ.ਐਸ.ਐਸ. ਦਾ ਫੈਲਾਅ ਰੋਕਿਆ ਜਾ ਸਕਦਾ ਹੈ? ਹਾਂ, ਅਜਿਹਾ ਪੂਰੀ ਤਰ੍ਹਾਂ ਸੰਭਵ ਹੈ ਅਤੇ ਕਹਿਣ ਦੀ ਲੋੜ ਨਹੀਂ ਕਿ ਕਿਰਤੀ ਲੋਕਾਂ ਲਈ ਇਹ ਸਮੇਂ ਦੀ ਅਣਸਰਦੀ ਲੋੜ ਹੈ। ਸਰਮਾਏਦਾਰ ਜਮਾਤ ਨੇ ਆਪਣੀਆਂ ਲੋੜਾਂ ਮੁਤਾਬਿਕ ਆਪਣੇ ਸਮਾਜਿਕ-ਸਿਆਸੀ ਥੰਮਾਂ ਦੀ ਉਸਾਰੀ ਕੀਤੀ ਹੈ। ਕਿਰਤੀ ਲੋਕਾਂ ਨੂੰ ਵੀ ਆਪਣੀਆਂ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਦੀ ਉਸਾਰੀ ਵੱਡੇ ਪੱਧਰ ‘ਤੇ ਕਰਨੀ ਪਵੇਗੀ। ਸਰਮਾਏਦਾਰ ਜਮਾਤ ਦੀ ਤਾਕਤ ਉਦੋਂ ਤੱਕ ਹੈ ਜਦੋਂ ਤੱਕ ਕਿਰਤੀ ਲੋਕ ਬਿਖਰੇ ਹੋਏ ਹਨ। ਜਦ ਕਿਰਤੀ ਲੋਕ ਜਾਗ ਜਾਂਦੇ ਹਨ, ਆਪਣੇ ਹੱਕਾਂ ਲਈ ਜਮਹੂਰੀ-ਇਨਕਲਾਬੀ ਲੀਹਾਂ ‘ਤੇ ਜਥੇਬੰਦ ਹੋ ਜਾਂਦੇ ਹਨ ਤਾਂ ਸਮਰਾਏਦਾਰ ਜਮਾਤ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਜਦ ਕਿਰਤੀ ਲੋਕ ਧਰਮ ਅਧਾਰਿਤ ਵੰਡੀਆਂ ਤਿਆਗ ਕੇ ਹੱਕੀ ਸੰਘਰਸ਼ਾਂ ਦੇ ਰਾਹ ਪੈ ਜਾਂਦੇ ਹਨ ਤਾਂ ਫਾਸੀਵਾਦੀ ਚੂਹਿਆਂ ਨੂੰ ਭੱਜਣ ਲਈ ਕੋਈ ਰਾਹ ਨਹੀਂ ਲੱਭਦਾ। ਇਸ ਲਈ ਲੋਕਾਂ ਨੂੰ ਹੱਕੀ ਘੋਲਾਂ ਲਈ ਜਗਾਉਣਾ, ਲਾਮਬੰਦ ਕਰਨਾ ਤੇ ਜਥੇਬੰਦ ਕਰਨਾ ਇਨਕਲਾਬੀ-ਜਮਹੂਰੀ ਸੋਚ ਦੇ ਧਾਰਨੀ ਹਰ ਵਿਅਕਤੀ ਦੀ ਇੱਕ ਜ਼ਰੂਰੀ ਤੇ ਨਾ ਟਾਲ਼ੀ ਜਾ ਸਕਣ ਵਾਲ਼ੀ ਜ਼ਿੰਮੇਵਾਰੀ ਹੈ।

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements