ਫਾਸੀਵਾਦੀ ਵਹਿਸ਼ਤ ਦੀ ਦਿਲ ਕੰਬਾਉ ਕਹਾਣੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਸੰਸਾਰ ਸਰਮਾਏਦਾਰੀ ਅੱਜ ਫਿਰ ਡੂੰਘੇ ਸੰਕਟ ਦੀ ਸ਼ਿਕਾਰ ਹੈ ਅਤੇ ਇੱਕ ਵਾਰ ਫਿਰ ਦੁਨੀਆਂ ਵਿੱਚ ਫਾਸੀਵਾਦੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਫਾਸੀਵਾਦ ਸਰਮਾਏਦਾਰੀ ਦੇ ਸੰਕਟ ‘ਚੋਂ ਉਪਜੀ ਇੱਕ ਲਹਿਰ ਹੈ ਜੋ ਆਪਣੇ ਤੱਤ ਅਤੇ ਰੂਪ ਪੱਖੋਂ ਘੋਰ ਮਨੁੱਖਦੋਖੀ ਹੈ। ਜਰਮਨੀ ‘ਚ ਫਾਸੀਵਾਦ ਦੌਰਾਨ ਮਨੁੱਖਤਾ ਦੇ ਇੱਕ ਹਿੱਸੇ ਪ੍ਰਤੀ ਏਨੀ ਨਫਰਤ ਉਭਾਰੀ ਗਈ ਕਿ ਉਹਨਾਂ ਨੂੰ ਇਨਸਾਨ ਹੀ ਨਹੀਂ ਸਮਝਿਆ ਗਿਆ। ਲੱਖਾਂ ਲੋਕਾਂ ਨੂੰ ਨਾ ਸਿਰਫ ਮਾਰਿਆ ਗਿਆ ਸਗੋਂ ਤਰ੍ਹਾਂ-ਤਰ੍ਹਾਂ ਨਾਲ਼ ਤਸੀਹੇ ਦੇ ਕੇ ਮਾਰਿਆ ਗਿਆ। ਪਰ ਨਫਰਤ ਦੀ ਇਸ ਹਨੇਰੀ ਨੇ ਇਨਸਾਨਾਂ ਦਾ ਸ਼ਿਕਾਰ ਕਰਨ ਵਾਲ਼ਿਆਂ ਨੂੰ ਵੀ ਨਹੀਂ ਬਖਸ਼ਿਆ। ਲੱਖਾਂ ਲੋਕਾਂ ਨੂੰ ਮਾਰਨ ਵਾਲ਼ੇ ਔਸ਼ਵਿਜ਼ ਨਾਜ਼ੀ ਤਸੀਹਾ ਕੈਂਪ ਦੇ ਸੰਚਾਲਕ ਫ੍ਰਾਂਜ਼ ਲੈਂਗ ਉੱਥੇ ਗੈਸ ਚੈਂਬਰ ਵਿੱਚ ਮਰਨ ਵਾਲ਼ੇ ਯਹੂਦੀ ਨੂੰ ਸਿਰਫ “ਇਕਾਈਆਂ” ਮੰਨਦਾ ਸੀ ਜਿਨ੍ਹਾਂ ਨੂੰ “ਸਿੱਝਿਆ” ਜਾਣਾ ਸੀ। ਅਨੇਕ ਸਨਕੀ ਡਾਕਟਰ ਇਹ “ਖੋਜ” ਕਰਦੇ ਸਨ ਕਿ ਅਲੱਗ-ਅਲੱਗ ਢੰਗ ਨਾਲ਼ ਤਸੀਹੇ ਦਿੱਤੇ ਜਾਣ ‘ਤੇ ਮਰਨ ਤੋਂ ਪਹਿਲਾਂ ਕਿੰਨਾ ਦਰਦ ਹੁੰਦਾ ਹੈ। ਇੱਥੇ ਅਸੀਂ ਦੂਸਰੀ ਸੰਸਾਰ ਜੰਗ ਖਤਮ ਹੋਣ ਤੋਂ ਬਾਅਦ ਜਰਮਨੀ ਦੇ ਨਿਊਰਿਮਬਰਗ ਵਿੱਚ ਹਿਟਲਰ ਦੇ ਨਾਜ਼ੀ ਸਹਿਯੋਗੀਆਂ ‘ਤੇ ਚਲਾਏ ਗਏ ਕੌਮਾਂਤਰੀ ਮੁਕੱਦਮੇ ਦੀ ਸ਼ੁਰੂਆਤ ਦਾ ਵੇਰਵਾ ਦੇ ਰਹੇ ਹਾਂ। ਇਸ ਨੂੰ ‘ਅਸਲੀ ਇਨਸਾਨ ਦੀ ਕਹਾਣੀ’ ਵਰਗੇ ਪ੍ਰਸਿੱਧ ਨਾਵਲ ਦੇ ਲੇਖਕ ਅਤੇ ਸੋਵੀਅਤ ਪੱਤਰਕਾਰ ਬੋਰਿਸ ਪੋਲੇਵੋਈ ਦੀ ਕਿਤਾਬ ‘ਅੰਤਿਮ ਲੇਖਾ’ ਵਿੱਚੋਂ ਲਿਆ ਗਿਆ ਹੈ। ਇਸ ਨੂੰ ਪੜ੍ਹਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਫਾਸੀਵਾਦ ਵਰਗੇ ਮਨੁੱਖਦੋਖੀ ਵਿਚਾਰਾਂ ਨੂੰ ਜੇਕਰ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਇਹ ਵਹਿਸ਼ੀਪਨ ਦੀ ਕਿਸ ਹੱਦ ਤੱਕ ਜਾ ਸਕਦੇ ਹਨ। ਕਤਲੇਆਮ ਵਿੱਚ ਔਰਤਾਂ ਦੇ ਗਰਭ ਵਿੱਚੋਂ ਬੱਚਿਆਂ ਨੂੰ ਕੱਢਕੇ ਟੁਕੜੇ-ਟੁਕੜੇ ਕਰਨਾ ਅਤੇ ਜਿਉਂਦੇ ਇਨਸਾਨਾਂ ਦੀ ਖੱਲ ਨਾਲ਼ ਜੁੱਤੀਆਂ ਬਣਾਉਣ ਵਰਗੀਆਂ ਹਰਕਤਾਂ ਪਿੱਛੇ ਇੱਕ ਹੀ ਮਨੁੱਖਦੋਖੀ ਸੋਚ ਕੰਮ ਕਰਦੀ ਹੈ।  – ਸੰਪਾਦਕ)         

ਸਾਡੀ ਨੀਂਦ ‘ਤੇ ਭੁੱਖ ਹਰਾਮ ਹੋ ਗਈ

ਮੁੱਖ ਅਮਰੀਕੀ ਵਕੀਲ, ਜਸਟਿਸ ਜੈਕਸਨ ਨੇ ਮੁਕੱਦਮਾ ਸ਼ੁਰੂ ਕਰਦੇ ਹੋਏ ਜੋ ਭਾਸ਼ਣ ਦਿੱਤਾ ਸੀ, ਉਸ ਦਾ ਹਵਾਲਾ ਮੈਂ ਪਹਿਲਾਂ ਹੀ ਦੇ ਚੁੱਕਾਂ ਹਾਂ, “ਅਸੀਂ ਮਨੁੱਖਤਾ ਦੇ ਖਿਲਾਫ ਹੋਏ ਅਪਰਾਧਾਂ ਦਾ ਸਬੂਤ ਪੇਸ਼ ਕਰਨ ਜਾ ਰਹੇ ਹਾਂ। ਸ਼੍ਰੀਮਾਨ ਮੈਂ ਸਾਵਧਾਨ ਕਰ ਰਿਹਾਂ ਹਾਂ ਕਿ ਇਹ ਸਬੂਤ ਅਜਿਹੇ ਹਨ ਕਿ ਤੁਹਾਡੀ ਨੀਂਦ ਹਰਾਮ ਹੋ ਜਾਵੇਗੀ।”

ਮੈਂ ਪ੍ਰਵਾਨ ਕਰਦਾਂ ਹਾਂ, ਅਸੀਂ ਸੋਵੀਅਤ ਪੱਤਰਕਾਰਾਂ ਨੇ ਇਹਨਾਂ ਸ਼ਬਦਾਂ ‘ਤੇ ਬੇ-ਯਕੀਨੀ ਭਰੀ ਨਜ਼ਰ ਮਾਰੀ ਸੀ। ਅਸੀਂ ਜੋ ਬਾਬੀਯਾਰ, ਚੇਵਿਲਕਾ, ਮਾਯਦਾਨੇਕ ਅਤੇ ਓਸਵੀਸਿਮ ਆਪਣੀ ਅੱਖੀਂ ਵੇਖ ਚੁੱਕੇ ਸਾਂ ਕੀ ਹੁਣ ਸਾਨੂੰ ਹੋਰ ਜ਼ਿਆਦਾ ਭਿਆਨਕ ਦ੍ਰਿਸ਼ ਵੀ ਵੇਖਣ ਮਿਲ ਸਕਦਾ ਸੀ? ਪਰ ਜਸਟਿਸ ਜੈਕਸਨ ਹੀ ਸਹੀ ਸਾਬਤ ਹੋਏ। ਨਾਜ਼ੀ ਰਾਜ ਵਿੱਚ ਕਤਲੇਆਮ ਇੱਕ ਵੱਡਾ, ਵਿਆਪਕ ਰੂਪ ਵਿੱਚ ਵਿਕਸਤ, ਯੋਜਨਾਬੱਧ ਅਤੇ ਜਥੇਬੰਦ ਉਦਯੋਗ ਸੀ। ਅਸੀਂ ਖੌਫਨਾਕ ਸਬੂਤਾਂ ਦੇ ਆਦੀ ਹੋ ਗਏ ਸਾਂ- ਏਨੇ ਬੇ-ਦਰਦ ਜਿਹੇ ਹੋ ਗਏ ਸਾਂ ਕਿ ਨਾ ਸਾਡੀ ਨੀਂਦ ਗਵਾਚੀ, ਨਾ ਭੁੱਖ।

ਪਰ ਸਾਡੀ ਨੀਂਦ ਅਤੇ ਭੁੱਖ ਦੋਵੇਂ ਹਰਾਮ ਹੋ ਗਈਆਂ- ਅਲੰਕਾਰੀ ਨਹੀਂ ਹਕੀਕੀ ਭਾਸ਼ਾ ਵਿੱਚ- ਜਦ ਮੁੱਖ ਸੋਵੀਅਤ ਵਕੀਲ ਦੇ ਸਹਾਇਕ ਲੇਵ ਸਮਿਰਨੌਵ ਨੇ ਭਾਸ਼ਣ ਸ਼ੁਰੂ ਕੀਤਾ। ਉਹ ਇੱਕ ਬਹੁਤ ਪੜ੍ਹੇ-ਲਿਖੇ ਵਕੀਲ ਸਨ ਅਤੇ ਸੋਹਣਾ ਭਾਸ਼ਣ ਦਿੰਦੇ ਸਨ, ਜੋ ਮੁਨਸਫਾਂ  ਦੀ ਭਾਵਨਾ ਨਹੀਂ ਸਗੋਂ ਤਰਕ ਨੂੰ ਜਗਾਉਂਦਾ ਸੀ। ਉਹਨਾਂ ਨੇ ਤੱਥ ਪੇਸ਼ ਕੀਤੇ ਅਤੇ ਫਿਰ ਉਹਨਾਂ ਨੂੰ ਸਾਬਤ ਕਰਨ ਲਈ ਅਜਿਹੇ ਸਬੂਤ ਪੇਸ਼ ਕੀਤੇ ਕਿ ਕਟਿਹਰੇ ਵਿੱਚ ਖੜੇ ਜੰਗੀ-ਅਪਰਾਧੀਆਂ ਵਿੱਚ ਵੀ ਖਲਬਲੀ ਮੱਚ ਗਈ। ਉਹ ਆਪਸ ਵਿੱਚ ਬਹਿਸ ਕਰਨ ਲੱਗੇ ਅਤੇ ਛਾਖਟ ਨੂੰ ਤਾਂ ਅਜਿਹਾ ਸਰਸਾਮ ਜਿਹਾ ਹੋ ਗਿਆ ਕਿ ਉਸ ਨੂੰ ਦਵਾਈ ਦੇ ਕੇ ਸ਼ਾਂਤ ਕਰਨਾ ਪਿਆ।

ਨਹੀਂ, ਇਹ ਦ੍ਰਿਸ਼ ਭੁੱਲਣਾ ਨਹੀਂ ਚਾਹੀਦਾ ਅਤੇ ਮੈਂ ਇਸ ਦਾ ਵਿਸਥਾਰ ਵਿੱਚ ਵਰਨਣ ਕਰਾਂਗਾ ਕਿਉਕਿ ਭਵਿੱਖ ਵਿੱਚ ਸਮਾਂ ਬੀਤਣ ਨਾਲ਼ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਵੇਗਾ ਕਿ ਅਜਿਹੀਆਂ ਗੱਲਾਂ ਇਸ ਧਰਤੀ ‘ਤੇ ਹੀ ਹੋਈਆਂ; ਉਹ ਧਰਤੀ ਜਿੱਥੇ ਤਰਕ ਅਤੇ ਸਮਝ ਵਾਲ਼ਾ ਮਨੁੱਖ ਰਹਿੰਦਾ ਹੈ।

ਅਸੀਂ ਪਿਛਲੇ ਦਿਨ ਹੀ ਜਾਣ ਗਏ ਸੀ ਕਿ ਅਗਲੇ ਦਿਨ ਸੋਵੀਅਤ ਵਕੀਲ ਬੋਲਣਗੇ ਅਤੇ ਪ੍ਰੈੱਸ ਕਮਰਾ ਜੋ ਬਸੰਤ ਦੇ ਦਿਨਾਂ ਵਿੱਚ ਕੁਝ ਖਾਲੀ ਰਹਿਣ ਲੱਗਾ ਸੀ, ਹੁਣ ਖਚਾ-ਖਚ ਭਰਿਆ ਸੀ। ਜਦ ਅਸੀ ਅਦਾਲਤ ਦੇ ਕਮਰੇ ਵਿੱਚ ਪਹੁੰਚੇ ਤਾਂ ਇੱਕ ਅਨੋਖੀ ਚੀਜ਼ ਦੇਖੀ, ਉੱਥੇ ਪੇਸ਼ਕਾਰੀ ਕਰਨ ਲਈ ਕੁਝ ਚਬੂਤਰੇ ਜਿਹੇ ਬਣੇ ਸਨ ਅਤੇ ਕਮਰੇ ਵਿਚਕਾਰ ਇੱਕ ਵੱਡੀ ਮੇਜ਼ ‘ਤੇ ਚਾਦਰਾਂ ਨਾਲ਼ ਢਕੀਆਂ ਕੁਝ ਵੱਡੀਆਂ-ਵੱਡੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਕੱਪੜੇ ਨਾਲ਼ ਢਕਿਆ ਕੁਝ ਵਕੀਲ ਦੀ ਮੇਜ਼ ‘ਤੇ ਵੀ ਰੱਖਿਆ ਹੋਇਆ ਸੀ ਅਤੇ ਚਮੜੇ ਨਾਲ਼ ਮੜ੍ਹੀ ਇੱਕ ਮੋਟੀ ਕਿਤਾਬ ਜੋ ਮੱਧ-ਯੁਗੀ ਪ੍ਰਕਾਸ਼ਤ ਗ੍ਰੰਥਾਂ ਜਿਹੀ ਲੱਗ ਰਹੀ ਸੀ, ਸਹਾਇਕ ਦੀ ਮੇਜ਼ ‘ਤੇ ਪਈ ਸੀ।

ਆਪਣੇ ਭਾਸ਼ਣ ਦੌਰਾਨ ਲਿਵ ਸਮਿਰਨੌਵ ਨੇ ਇਸ ਪੁਸਤਕ ਦਾ ਜਿਕਰ ਕੀਤਾ। ਨਹੀਂ, ਇਹ ਰਾਇਨ ਨਦੀ ਦੇ ਕਿਨਾਰੇ ਕਿਸੇ ਕਿਲ੍ਹੇ ਦੇ ਮਾਲਕਾਂ ਦੇ ਪਰਿਵਾਰ ਦੀਆਂ ਤਸਵੀਰਾਂ ਦਾ ਐਲਬਮ ਨਹੀਂ ਸੀ, ਨਾ ਇਹ ਦੌੜ ਵਿੱਚ ਜਿੱਤੇ ਘੋੜਿਆਂ ਦੀਆਂ ਤਸਵੀਰਾਂ ਦਾ ਸੰਗ੍ਰਿਹ ਹੀ ਸੀ। ਵੱਖ-ਵੱਖ ਜਾਤੀਆਂ ਦੇ ਲੋਕਾਂ ਦੀ ਇਹ ਇੱਕ ਅੰਤਹੀਣ ਸੂਚੀ ਸੀ ਜਿਹਨਾਂ ਨੂੰ ਇੱਕ ਨਾਜ਼ੀ ਕੈਂੱਪ ਵਿੱਚ ਗੋਲ਼ੀ ਮਾਰ ਦਿੱਤੀ ਗਈ ਸੀ ਜਾਂ ਜੋ ਗੈਸ ਰਾਹੀਂ ਮਾਰ ਦਿੱਤੇ ਗਏ ਸਨ। ਵਕੀਲ ਨੇ ਕੁਝ ਮੁਸ਼ਕਲ ਨਾਲ਼ ਉਹ ਕਿਤਾਬ ਚੁੱਕੀ ਅਤੇ ਜੱਜਾਂ ਨੂੰ ਸੰਬੋਧਤ ਹੋ ਕੇ ਬੋਲੇ- “ਮੇਜਰ ਜਨਰਲ ਸਤਰੂਪ  ਨੇ ਆਪਣੇ ਹਾਕਮਾਂ ਲਈ ਉਹਨਾਂ ਲੋਕਾਂ ਬਾਰੇ ਸੂਚੀ ਤਿਆਰ ਕੀਤੀ ਸੀ ਜਿਹਨਾਂ ਨੂੰ ਵਾਰਸਾ ਦੇ ਯਹੂਦੀ ਕੈਂਂਪ ਵਿੱਚ ਸਫਲਤਾਪੂਰਵਕ ਮਾਰ ਦਿੱਤਾ ਗਿਆ ਸੀ, ਇਹ ਉਸ ਦਾ ਸਰਕਾਰੀ ਰਿਕਾਰਡ ਹੈ। ਇਸ ਵਿੱਚ ਸਿਰਫ ਉਹਨਾਂ ਲੋਕਾਂ ਦੇ ਨਾਮ ਹਨ ਜੋ ਮਾਰ ਦਿੱਤੇ ਗਏ। ਮੇਰੀ ਬੇਨਤੀ ਹੈ ਕਿ ਇਸ ਨੂੰ ਠੋਸ ਸਬੂਤ ਦੇ ਰੂਪ ਵਿੱਚ ਸ਼ਾਮਲ਼ ਕਰ ਲਿਆ ਜਾਵੇ।”

ਇਸ ਸਮੇਂ ਸਾਰਿਆਂ ਦੀਆਂ ਅੱਖਾਂ ਅਚਾਨਕ ਹਾਂਸ ਫਰੈਂਕ ‘ਤੇ ਟਿਕ ਗਈਆਂ ਜੋ ਪੋਲੈਂਡ ਦਾ ਸਾਬਕਾ ਗਵਰਨਰ ਜਨਰਲ ਸੀ, ਜਿਸ ਨੇ ਪੋਲੈਂਡ ਵਿੱਚ ਨਾਜ਼ੀ ਢਾਂਚਾ ਸਥਾਪਤ ਕੀਤਾ ਸੀ, ਜੋ ਏਥੇ ਕਟਿਹਰੇ ਵਿੱਚ ਰੰਗੀਨ ਚਸ਼ਮਾ ਲਾਈ ਸਥਿਰ ਬੈਠਾ ਸੀ। ਇਸ ਦੈਂਤ ਨੂੰ ਇਤਿਹਾਸ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਦੀ ਫਿਕਰ ਸੀ, ਕਿਉਕਿ ਇਸ ਨੇ ਆਪਣੇ ਅਪਰਾਧਾਂ ਅਤੇ ਵਿਚਾਰ ਦੀ ਇੱਕ ਡਾਇਰੀ ਰੱਖੀ ਹੋਈ ਸੀ। ਮੈਨੂੰ ਮੁੱਖ ਸੋਵੀਅਤ ਵਕੀਲ ਦੇ ਇੱਕ ਦੂਸਰੇ ਸਹਾਇਕ ਲੇਵ ਸ਼ਾਇਨਿਨ ਨੇ ਪਹਿਲਾਂ ਹੀ ਇਹਨਾਂ ਨਿਰਦਈ ਡਰਾਉਣੀਆਂ ਡਾਇਰੀਆਂ ਬਾਰੇ ਦੱਸਿਆ ਸੀ। ਸ਼ਇਨਿਨ ਸੋਵੀਅਤ ਸੰਘ ਵਿੱਚ ਨਾ ਸਿਰਫ ਇੱਕ ਵਕੀਲ ਸਗੋਂ ਇੱਕ ਲੇਖਕ ਅਤੇ ਪੱਤਰਕਾਰ ਦੇ ਰੂਪ ਵਿੱਚ ਵੀ ਜਾਣਿਆਂ ਜਾਂਦਾ ਸੀ, ਉਸ ਨੇ ‘ਨੋਟਸ ਆਫ ਐਨ ਇਨਵੈਸਟੀਗੇਟਰ’ ਨਾਮ ਦੀ ਪ੍ਰਸਿੱਧ ਕਿਤਾਬ ਵੀ ਲਿਖੀ ਸੀ। ਹੁਣ ਪੈਰਵੀ ਪੱਖ ਕੋਲ਼ ਦਰਜਨਾਂ ਕਾਪੀਆਂ ਸਨ ਜਿਹਨਾਂ ਨਾਲ਼ ਇਸ ਨਾਜ਼ੀ ਦਾ ਕਾਲ਼ਾ ਦਿਲ ਖੁੱਲ੍ਹ ਕੇ ਲੋਕਾਂ ਸਾਹਮਣੇ ਆ ਗਿਆ ਸੀ।    

ਸਮਿਰਨੌਵ ਨੇ ਫਰੈਂਕ ਦੇ ਇੱਕ ਵਿਚਾਰ ਦਾ ਡਾਇਰੀ ‘ਚੋਂ ਹਵਾਲਾ ਦਿੱਤਾ- “ਅਸੀਂ 12 ਲੱਖ ਯਹੂਦੀਆਂ ਨੂੰ ਭੁੱਖ ਨਾਲ਼ ਮਰ ਜਾਣ ਦੀ ਸਜ਼ਾ ਦਿੱਤੀ, ਇਹ ਗੱਲ ਓਨੇ ਮਾਣ ਦੀ ਨਹੀਂ ਹੈ।” ਇਸ ਹਵਾਲੇ ‘ਤੇ ਫਰੈਂਕ ਇੱਕ ਵਿਅੰਗਮਈ ਮੁਸਕਾਨ ਨਾਲ਼ ਬੈਠਾ ਰਿਹਾ।

ਪਰ, ਜਦ ਮਰੇ ਹੋਏ ਵਿਅਕਤੀਆਂ ਦੇ ਨਾਵਾਂ ਵਾਲ਼ਾ ਗ੍ਰੰਥ ਜੱਜ ਦੀ ਮੇਜ਼ ‘ਤੇ ਖਿਸਕਾ ਦਿੱਤਾ ਗਿਆ ਅਤੇ ਵਾਰਸਾ ਦੇ ਗੇਟ੍ਹੋ (ਸ਼ਹਿਰ ਵਿਚਲੀ ਯਹੂਦੀਆਂ ਦੀ ਬਸਤੀ-ਅਨੁ:) ਦੇ ਕਤਲੇਆਮ ਦਾ ਤ੍ਰਾਸਦੀ ਭਰਿਆ ਵਰਨਣ ਉੱਚੀ-ਉੱਚੀ ਪੜਿਆ ਗਿਆ ਤਾਂ ਕਿ ਸਾਰੇ ਉਸ ਨੂੰ ਸੁਣ ਲੈਣ, ਫਰੈਂਕ ਆਪਣੀ ਕੁਰਸੀ ‘ਤੇ ਪਿੱਛੇ ਨੂੰ ਧਸ ਗਿਆ, ਆਪਣੀ ਪੈਂਸਿਲ ਤੋੜ ਸੁੱਟੀ ਅਤੇ ਏਨੀ ਤੇਜ਼ੀ ਨਾਲ ਏਧਰ-ਓਧਰ ਖਿਸਕਣ ਲੱਗਾ ਕਿ ਉਸ ਦੇ ਨਾਲ਼ ਬੈਠੇ ਰੋਜੇਬ੍ਰਗ ਨੇ ਘ੍ਰਿਣਾ ਨਾਲ ਉੱਸ ਵੱਲ ਵੇਖਦਿਆਂ ਉਸ ਦੇ ਕੂਹਣੀ ਮਾਰ ਦਿੱਤੀ।

ਇਸ ਡਰਾਉਣੀ ਕਿਤਾਬ ਦੇ ਹਰ ਪੰਨੇ, ਹਰ ਸਤਰ ਨਾਲ਼ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਕੌਮੀ ਸਮਾਜਵਾਦ ਅਮਲ ‘ਚ ਕੇਹਾ ਸੀ।

ਅਮਰੀਕੀ ਦਾਅਵੇ ਵੱਲੋਂ ਪਹਿਲਾਂ ਹੀ ਕਈ ਦਸਤਾਵੇਜ਼ ਪੇਸ਼ ਕੀਤੇ ਜਾ ਚੁੱਕੇ ਸਨ, ਜਿਹਨਾਂ ਵਿੱਚ ਕਾਫੀ ਵਿਸਥਾਰ ਨਾਲ਼ ਦੱਸਿਆ ਗਿਆ ਸੀ ਕਿ ਜਰਮਨੀ ਅਤੇ ਉਸ ਦੇ ਜਿਆਦਾਤਰ ਖੇਤਰਾਂ ਵਿੱਚ ਕਿਸ ਤਰ੍ਹਾਂ ਯਹੂਦੀਆਂ ਦਾ ਵੱਡੇ ਪੱਧਰ ‘ਤੇ ਖਾਤਮਾ ਹੋਇਆ ਸੀ। ਉਸ ਪਾਸੇ ਵੱਲੋਂ ਲੱਖਾਂ ਲੋਕਾਂ ਦੀ ਜਇਦਾਦ ਖੋਹਣ ਅਤੇ ਉਹਨਾਂ ਨੂੰ ਘਰਾਂ ‘ਚੋਂ ਕੱਢੇ ਜਾਣ ‘ਤੇ ਲੱਖਾਂ ਲੋਕਾਂ ਨੂੰ ਗੈਸ ਨਾਲ਼ ਮਾਰ ਸੁੱਟਣ ਦਾ ਵੇਰਵਾ ਵੀ ਦਿੱਤਾ ਗਿਆ ਸੀ। ਪਰ, ਹੁਣ ਤੱਕ ਅਸੀਂ ਮੇਜਰ ਜਨਰਲ ਸਤਰੂਪ ਦੀ ਰਿਪੋਰਟ ਵਰਗਾ ਕੁਝ ਵੀ ਵੇਖਿਆ ਸੁਣਿਆਂ ਨਹੀਂ ਸੀ।  23 ਅਪ੍ਰੈਲ, 1943 ਨੂੰ ਰਾਇਖ ਫਿਉਹਰਰ ਨੇ ਕਰਾਕਾਓ ਦੇ ਐੱਸ.ਐੱਸ ਫਿਉਹਰਰ ਦੁਆਰ ਹੁਕਮ ਭੇਜਿਆ ਕਿ- ਵਾਰਸਾ ਦੀ ਯਹੂਦੀ ਬਸਤੀ ਨੂੰ ਬੇਰਹਿਮੀ ਤੇ ਬਰਬਰਤਾ ਨਾਲ਼ ਤਬਾਹ ਕਰ ਦਿੱਤਾ ਜਾਵੇ। ਇਸ ਹੁਕਮ ਦੀ ਪਾਲਣਾ ਸਬੰਧੀ ਵਿੱਚ ਰਿਪੋਰਟ ਦਿੰਦੇ ਹੋਏ ਸਤਰੂਪ ਨੇ ਲਿਖਿਆ ਸੀ, “ਇਸ ਲਈ ਮੈਂ ਨਿਸ਼ਚਾ ਕਰ ਲਿਆ ਕਿ ਸਾਰੀ ਯਹੂਦੀ ਬਸਤੀ ਨੂੰ ਤਬਾਹ ਕਰ ਦਿੱਤਾ ਜਾਵੇ, ਹਰ ਇੱਕ ਬਲਾਕ ਨੂੰ ਅੱਗ ਲਾ ਦਿੱਤੀ ਜਾਵੇ, ਕਿਸੇ ਵਾਸੀ ਨੂੰ ਵੀ ਬਚ ਕੇ ਨਿੱਕਲਣ ਨਾ ਦਿੱਤਾ ਜਾਵੇ।” ਉਸ ਨੇ ਆਪਣੀ ਰਿਪੋਰਟ ਵਿੱਚ ਕਾਰੋਬਾਰੀ ਢੰਗ ਨਾਲ਼ ਵੇਰਵੇ ਦਿੱਤਾ ਕਿ ਕਿਵੇਂ ਐਸ ਐਸ (ਸਟਾਰਮ ਟਰੂਪਰ), ਮਿਲਟਰੀ ਪੁਲਸ ਅਤੇ ਸੈਪਰਾਂ ਨੇ ਬਾਹਰ ਨਿੱਕਲਣ ਦੇ ਦਰਵਾਜ਼ੇ ਬੰਦ ਕੀਤੇ, ਹੇਠਲੀ ਮੰਜ਼ਲ ਦੀਆਂ ਬਾਰੀਆਂ ਨੂੰ ਬੰਦ ਕੀਤਾ ਤੇ ਫਿਰ ਇਮਾਰਤਾਂ ਨੂੰ ਅੱਗ ਲਾ ਦਿੱਤੀ। ਇਸ ਸੰਘਣੀ ਵਸੋਂ ਵਾਲ਼ੇ ਇਲਾਕੇ ਦੇ ਘਰਾਂ ਵਿੱਚ ਜੀਊਂਦੇ ਸੜ ਰਹੇ ਲੋਕਾਂ ਦੀਆਂ ਦਿਲ ਚੀਰ ਸੁੱਟਣ ਵਾਲ਼ੀਆਂ ਚੀਕਾਂ ਸੁਣ ਰਹੀਆਂ ਸਨ, ਜਿੱਥੇ ਪੂਰੇ ਸ਼ਹਿਰ ਵਿੱਚੋਂ ਯਹੂਦੀ ਪਰਿਵਾਰਾਂ ਨੂੰ ਲਿਆ ਕੇ ਡੱਕ ਦਿੱਤਾ ਗਿਆ ਸੀ। ਲੋਕ ਅਨੁਭਵੀ ਤੌਰ ‘ਤੇ ਜਾਨਾਂ ਬਚਾਉਣ ਲਈ ਉਪਰਲੀਆਂ ਮੰਜ਼ਲਾਂ ‘ਤੇ ਚੜ੍ਹਨ ਲੱਗੇ ਜਿੱਥੇ ਅਜੇ ਅੱਗ ਨਹੀਂ ਪੁੱਜੀ, ਪਰ ਅੱਗ ਦੀਆਂ ਲਾਟਾਂ ਉੱਥੇ ਵੀ ਅੱਪੜ ਗਈਆਂ। ਲੋਕਾਂ ਨੇ ਬਾਰੀਆਂ ਥਾਣੀ ਪਹਿਲਾਂ ਚਟਾਈਆਂ ‘ਤੇ ਦਰੀਆਂ, ਆਦਿ, ਸਮਾਨ ਬਾਹਰ ਸੁੱਟਿਆ ਤੇ ਫਿਰ ਆਪਣੇ ਬੱਚਿਆਂ ਤੇ ਬੁੱਢਿਆਂ ਨੂੰ ਇਹਨਾਂ ਉੱਤੇ ਸੁੱਟਿਆ ਤਾਂ ਜੋ ਵਿਚਾਰੇ ਬਚ ਸਕਣ। ਫੇਰ ਉਹਨਾਂ ਨੇ ਆਪ ਛਾਲ਼ਾਂ ਮਾਰੀਆਂ ਤੇ ਲੱਤਾਂ ਬਾਹਾਂ ਤੁੜਵਾ ਕੇ ਮੌਤ ਦੇ ਮੂੰਹ ਜਾ ਪਏ। ਜਿਹੜੇ ਕੁਝ ਇਕ ਬਚੇ ਰਹੇ ਤੇ ਅੱਗ-ਲੱਗੇ ਖੰਡਰਾਂ ਵਿੱਚੋਂ ਬਾਹਰ ਨਿੱਕਲਣ ਦਾ ਯਤਨ ਕੀਤਾ, ਉਹਨਾਂ ਨੂੰ ਗੋਲ਼ੀ ਨਾਲ਼ ਉਡਾ ਦਿੱਤਾ ਗਿਆ। ਜਿਵੇਂ ਕਿ ਰਿਪੋਰਟ ਵਿੱਚ ਸਨਕੀ ਤੌਰ ‘ਤੇ ਕਿਹਾ ਗਿਆ: “ਜੁਆਨਾਂ ਨੇ ਆਪਣਾ ਫ਼ਰਜ਼ ਕਰੜੀ ਤਰ੍ਹਾਂ ਨਿਭਾਇਆ ਅਤੇ ਉਹਨਾਂ ਨੂੰ ਗੋਲ਼ੀ ਮਾਰ ਦਿੱਤੀ ਗਈ ਤਾਂ ਜੋ ਉਹਨਾਂ ਦੇ ਦੁੱਖਾਂ ਦਾ ਭੋਗ ਪਾ ਦਿੱਤਾ ਜਾਵੇ ਅਤੇ ਉਹਨਾਂ ਨੂੰ ਬੇਲੋੜੇ ਦੁੱਖਾਂ ਤੋਂ ਬਚਾਇਆ ਜਾਵੇ।”  

ਫੌਜੀ ਨੌਕਰਸ਼ਾਹ ਸਟਰੂਪ ਨੇ ਉੱਪਰਲੇ ਅਧਿਕਾਰੀਆਂ ਨੂੰ ਭੇਜੀ ਆਪਣੀ ਇਸ ਰਿਪੋਰਟ ਵਿੱਚ ਇੱਕ ਇੱਕ ਗੱਲ ਦਾ ਪੂਰਾ ਵੇਰਵਾ ਦਿੱਤਾ। ਉਸ ਨੂੰ ਜਰੂਰ ਕਿਸੇ ਇਨਾਮ ਦੀ ਉਮੀਦ ਸੀ। ਉਸ ਨੇ ਸ਼ੇਖੀ ਮਾਰਦੇ ਦੱਸਿਆ ਕਿ ਹਜ਼ਾਰਾਂ ਯਹੂਦੀਆਂ ਦੀ ਹੋਣੀ ਦਾ ਫੈਸਲਾ ਪੂਰਨ ਤੌਰ ‘ਤੇ ਜਥੇਬੰਧਕ ਤੇ ਤਾਬੜਤੋੜ ਤਰੀਕੇ ਨਾਲ਼ ਕਰ ਦਿੱਤਾ ਗਿਆ। ਰਿਪੋਰਟ ਦੇ ਅੰਤ ਨੇੜੇ ਉਸ ਨੂੰ ਲੱਗਿਆ ਕਿ ਉਸ ਦੇ ਅਫਸਰ ਕਿਤੇ ਇਹ ਸ਼ੱਕ ਨਾ ਕਰਨ ਲੱਗਣ ਕਿ ਉਸ ਨੇ ਉਦਾਰਤਾ ਜਾਂ ਲਾਪਰਵਾਹੀ ਨਾਲ਼ ਕੰਮ ਕੀਤਾ। ਇਸ ਲਈ ਸਤਰੂਪ ਨੇ ਇਹ ਗੱਲ ਖ਼ਾਸ ਤੌਰ ‘ਤੇ ਜ਼ੋਰ ਦੇ ਕੇ ਦਿੰਦਿਆਂ ਦੱਸੀ ਕਿ ਜਿਨ੍ਹਾਂ ਲੋਕਾਂ ਨੇ ਖੰਡਰਾਂ ਵਿੱਚ ਲੁਕ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸ਼ਿਕਾਰੀ ਕੁੱਤਿਆਂ ਰਾਹੀਂ ਲੱਭਿਆ ਗਿਆ। ਉਸ ਨੇ ਦੱਸਿਆ ਕਿ ਕੁਝ ਯਹੂਦੀ ਗੰਦੇ ਪਾਣੀ ਦੀਆਂ ਪਾਇਪਾਂ ਵਿੱਚ ਲੁਕ ਗਏ। ਪਰ ਉੱਥੋਂ ਉਹਨਾਂ ਦੇ ਰੋਣ ਤੇ ਹਉਕੇਂ ਭਰਨ ਦੀ ਅਵਾਜ਼ ਸੁਣ ਕੇ ਗੈਸ ਪਲਟਨ ਉੱਥੇ ਭੇਜੀ ਗਈ ਤੇ ਉਹਨੇ “ਉਹਨਾਂ ਨੂੰ ਬੇਲੋੜੇ ਦੁੱਖਾਂ ਤੋਂ ਬਚਾਉਣ ਲਈ”, ਗੰਦੀਆਂ ਨਾਲ਼ੀਆਂ ਦੇ ਮੁੱਖ ਸੁਰਾਖਾਂ ਰਾਹੀਂ ਧੂੰਏਂ ਦੇ ਬੰਬ ਸੁੱਟੇ। ਜਦ ਲੋਕ ਸੁਰੱਖਿਆ ਲਈ ਨਾਲ਼ੀਆਂ ‘ਚੋਂ ਬਾਹਰ ਨਿੱਕਲ਼ਣ ਲੱਗੇ ਤਾਂ ਉਹਨਾਂ ਨੂੰ ਆਪਣੀਆਂ ਖੁੱਡਾਂ ‘ਚੋਂ ਨਿੱਕਲ਼ਦਿਆਂ ਖਰਗੋਸ਼ਾਂ ਵਾਂਗ ਗੋਲ਼ੀਆਂ ਨਾਲ਼ ਭੁੰਨ ਦਿੱਤਾ ਗਿਆ। ਸਤਰੂਪ ਨੇ ਲਿਖਿਆ ਕਿ ਇੱਕ ਦਿਨ 183 ਮੁੱਖ ਸੁਰਾਖਾਂ ਨੂੰ ਖੋਲ੍ਹ ਕੇ ਉਹਨਾਂ ਵਿੱਚ ਧੂੰਆਂ ਪੈਦਾ ਕਰਨ ਵਾਲ਼ੇ ਬੰਬ ਸੁੱਟੇ ਗਏ। ਇਸ ਧੂੰਏ ਨੂੰ ਜ਼ਹਿਰੀਲੀ ਗੈਸ ਸਮਝ ਕੇ ਯਹੂਦੀ ਨਾਲ਼ੀਆਂ ‘ਚੋਂ ਬਾਹਰ ਆਉਣ ਲੱਗੇ। ਸੀਵਰ ਉਡਾ ਦਿੱਤੇ ਗਏ ਤੇ ਅਨੇਕਾਂ ਲੋਕ ਮਾਰ ਦਿੱਤੇ ਗਏ, ਅਫਸੋਸ ਕਿ ਉਹਨਾਂ ਦੀ ਗਿਣਤੀ ਠੀਕ-ਠੀਕ ਜਾਣੀ ਨਹੀਂ ਜਾ ਸਕੀ। ਇਹ ਕੰਮ ਨਾਜ਼ੀ ਸੈਪਰਾਂ ਨੇ ਬੜੀ ਮੁਹਾਰਤ ਨਾਲ਼ ਸਿਰੇ ਚਾੜ੍ਹਿਆ।

ਇਸ ਬਰਬਰ ਕਾਂਡ ਦੇ ਸਬੰਧ ਵਿੱਚ ਆਪਣੇ ਅਧੀਨ ਆਦਮੀਆਂ ਦੇ ਕੰਮ- ਢੰਗ ਦਾ ਵਰਨਣ ਕਰਦਿਆਂ ਹੋਇਆਂ ਇੱਕ ਕਾਵਿਕ ਟੂਕ ਜੜੀ ਅਤੇ ਕੌਮੀ ਸਮਾਜਵਾਦੀ ਜਰਮਨ ਬਾਰੇ ਲਿਖਿਆ ਕਿ: “ਜਿੰਨਾ ਵੱਡਾ ਵਿਰੋਧ ਹੋਇਆ ਓਨੇ ਹੀ ਬੇਕਿਰਕ ਅਤੇ ਬੇਰਹਿਮ ਤਰੀਕੇ ਨਾਲ ਐੱਸ.ਐੱਸ.,  ਪੁਲਿਸ ਅਤੇ ਫੌਜ ਨੇ ਕੰਮ ਕੀਤਾ… ਉਹਨਾਂ ਨੇ ਆਪਣਾ ਕੰਮ ਬੜੇ ਡੂੰਘੇ ਮਿਲਵਰਤਨ ਦੀ ਭਾਵਨਾ ਨਾਲ਼ ਨਿਭਾਇਆ ਅਤੇ ਅਜਿਹਾ ਕਰਦਿਆਂ ਉਹਨਾਂ ਨੇ ਮਹਾਨ ਫੌਜੀ ਭਾਵਨਾ ਵਿਖਾਈ। ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਅਣਥੱਕ ਤੌਰ ‘ਤੇ ਕੰਮ ਕੀਤਾ। ਉਹਨਾਂ ਨੇ ਯਹੂਦੀਆਂ ਦਾ ਸ਼ਿਕਾਰੀਆਂ ਵਾਂਗ ਪਿੱਛਾ ਕੀਤਾ ਅਤੇ ਉਹਨਾਂ ਨੂੰ ਕਿਤੇ ਸਿਰ ਨਾ ਲੁਕਾਉਣ ਦਿੱਤਾ…ਅਫਸਰਾਂ, ਜਵਾਨਾਂ ਤੇ ਪੁਲਿਸ ਨੇ ਖਾਸਤੌਰ ‘ਤੇ ਉਹਨਾਂ ਨੇ ਜੋ ਮੋਰਚੇ ਉੱਤੇ ਸੇਵਾ ਕਰ ਚੁੱਕੇ ਸਨ- ਸੱਚੇ ਹੌਸਲੇਂ ਨਾਲ਼ ਆਪਣੀ ਜਰਮਨ ਭਾਵਨਾ ਵਿਖਾਈ।”

ਇਹ ਲੋਕ ਨਾਜੀ ਰਾਜ ਦੇ ਆਦਰਸ਼ ਨਾਗਰਿਕ ਸਨ। ਕਟਿਹਰੇ ਵਿੱਚ ਬੈਠੇ ਸਭ ਜਣੇ ਏਸੇ ਰਾਹ ‘ਤੇ ਚੱਲਣ ਵਾਲ਼ੇ ਸਨ। ਜਿਹਨਾਂ ਨੇ ‘ਸੱਚੇ ਟਯੂਟਨਾਂ’ ਨੂੰ ਸਿੱਖਿਅਤ ਕਰਨ ਦਾ ਉੱਪਰਾਲਾ ਕੀਤਾ ਸੀ। ਉਹਨਾਂ ਨੇ ਆਪਣਾ ਕੌਮੀ ਫਰਜ਼ ਏਸੇ ਤਰ੍ਹਾਂ ਨਿਭਾਇਆ, ਅਤੇ ਆਨ ਸ਼ਾਨ, ਮਾਣ ਸਤਿਕਾਰ ਅਤੇ ਜਿਗਰੇ ਤੇ ਫੌਜੀ ਸੂਰਮਤਾਈ ਦੀਆਂ ਜੁਗਾਂ-ਪੁਰਾਣੀਆਂ ਕਦਰਾਂ ਕੀਮਤਾਂ ਨੂੰ ਇਹਨਾਂ ਅਰਥਾਂ ਵਿੱਚ ਸਮਝਿਆ। ਏਸੇ ਦੀ ਸ਼ੇਖੀ ਉਹਨਾਂ ਨੇ ਮਾਰੀ ਤੇ ਏਸੇ ਲਈ ਉਹਨਾਂ ਨੂੰ ਇਨਾਮ ਦਿੱਤੇ ਗਏ।

“ਜਾਣਦੇ ਹੋ ਮੇਰੇ ਦਿਮਾਗ ਵਿੱਚ ਹੁਣੇ-ਹੁਣੇ ਕੀ ਵਿਚਾਰ ਆਇਆ ਹੈ?” ਯੂਰੀ ਯਾਨੋਵਸਕੀ ਨੇ ਰੀਸੈਸ ਦੌਰਾਨ ਮੈਨੂੰ ਪੁੱਛਿਆ, “ਜਿਹਨਾਂ ਲੋਕਾਂ ਨੂੰ ਇਹਨਾਂ ਨੇ ਮਾਰਿਆ, ਜ਼ਹਿਰੀਲੀਆਂ ਗੈਸਾਂ ਨਾਲ਼ ਖ਼ਤਮ ਕੀਤਾ ਤੇ ਤਸੀਹੇ ਦਿੱਤੇ, ਜੇ ਉਹਨਾਂ ਸਾਰਿਆਂ ਦਾ ਲਹੂ ਧਰਤੀ ਵਿੱਚੋਂ ਬਾਹਰ ਵਗ ਤੁਰੇ ਤਾਂ ਇਹ ਸਭ ਲਹੂ ਦੀ ਝੀਲ ਵਿੱਚ ਡੁੱਬ ਜਾਣ।”

ਇਹ ਸੱਚ ਬਹੁਤ ਹੀ ਭਿਆਨਕ ਸੀ, ਪਰ ਇਸ ਤੋਂ ਵੀ ਵਧੇਰੇ, ਅੱਤ ਭਿਆਨਕ ਅਜੇ ਸਾਡੇ ਸਾਹਮਣੇ ਆਉਣ ਵਾਲ਼ਾ ਸੀ। ਹਾਲ ਕਮਰੇ ਵਿੱਚ ਰੱਖੇ ਸ਼ੋਅਕੇਸ ਅਤੇ ਮੇਜ਼ਾਂ ਉੱਤੇ ਟਿਕੀਆਂ ਚੀਜ਼ਾਂ ਹਾਲੇ ਚਾਦਰ ਨਾਲ਼ ਢਕੀਆਂ ਹੋਈਆਂ ਸਨ। ਰੀਸੈੱਸ ਪਿੱਛੋਂ ਪ੍ਰਾਸੀਕਿਊਟਰ ਨੇ ਮੇਜ਼ ਉੱਤੇ ਰੱਖੀ ਇੱਕ ਚੀਜ਼ ਤੋਂ ਪਰਦਾ ਹਟਾਇਆ, ਲੋਕਾਂ ਦਾ ਮੂੰਹ ਅੱਡਿਆ ਰਹਿ ਗਿਆ, ਫਿਰ ਉਹ ਦਹਿਸ਼ਤ ਦੇ ਮਾਰੇ ਘੁਸਰ-ਮੁਸਰ ਕਰਨ ਲੱਗੇ। ਸੰਗਮਰਮਰ ਦੀ ਸੋਹਣੀ ਤਰ੍ਹਾਂ ਤਰਾਸ਼ੀ ਸਿੱਲ ਉੱਤੇ ਇੱਕ ਬੈੱਲ-ਗਲਾਸ ਹੇਠ ਇੱਕ ਮਨੁੱਖੀ ਸਿਰ ਟਿਕਿਆ ਹੋਇਆ ਸੀ। ਹਾਂ, ਲੰਮੇਂ ਪਿਛਾਂਹ ਸੁੱਟੇ ਕੇਸਾਂ ਵਾਲ਼ਾ ਇੱਕ ਆਦਮੀ ਦਾ ਸਿਰ, ਜਿਹੜਾ ਕਿਸੇ ਅਣਬੁੱਝ ਤਰੀਕੇ ਨਾਲ਼ ਛੋਟਾ ਕਰ ਦਿੱਤਾ ਗਿਆ ਸੀ ਅਤੇ ਇੱਕ ਵੱਡੀ ਮੁੱਠ ਦੇ ਬਰਾਬਰ ਰਹਿ ਗਿਆ ਸੀ। ਸਪੱਸ਼ਟ ਸੀ ਕਿ ਇਹ ਕਿਸੇ ਸ਼ੈਤਾਨ “ਸ਼ਿਲਪੀਏ” ਵੱਲੋਂ ਸਜਾਵਟ ਦੇ ਮਕਸਦ ਲਈ ਤਿਆਰ ਕੀਤੀ ਚੰਦਰੀ ਕਿਰਤ ਸੀ ਜਿਹੜੀ ਕਿਸੇ ਤਸੀਹਾ-ਕੈਂਪ ਵਿੱਚ ਤਿਆਰ ਕੀਤੀ ਗਈ ਸੀ ਤੇ ਫਿਰ ਕੈਂਪ ਚੀਫ ਨੇ ਕਿਸੇ ਖਾਸ ਮਹਿਮਾਨ ਨੂੰ ਨਿਸ਼ਾਨੀ ਦੇ ਤੌਰ ‘ਤੇ ਪੇਸ਼ ਕੀਤੀ ਹੋਵੇਗੀ। ਇਸ ਮਰਦ ਜਾਂ ਔਰਤ ਮਹਿਮਾਨ ਨੂੰ ਜਿਹੜਾ ਕੈਦੀ ਨਜ਼ਰ ਚੜ੍ਹਿਆ, ਉਹਨੂੰ ਮਾਰ ਦਿੱਤਾ ਗਿਆ ਅਤੇ ਫਿਰ ਸਿਰ ਦੀਆਂ ਕੁਚਲੀਆਂ ਹੋਈਆਂ ਹੱਡੀਆਂ ਤੇ ਦਿਮਾਗ ਦੀ ਮਿੱਝ ਨੂੰ ਕਿਸੇ ਤਕਨੀਕ ਰਾਹੀਂ ਗਰਦਨ ਥੀਂ ਬਾਹਰ ਕੱਢਿਆ ਗਿਆ, ਤੇ ਫਿਰ ਕਿਸੇ ਪ੍ਰਕਿਰਿਆ ਨਾਲ਼ ਸਿਰ ਨੂੰ ਸੁੰਗੇੜ ਦਿੱਤਾ ਗਿਆ, ਇਹਦੇ ਵਿੱਚ ਕੋਈ ਮਸਾਲਾ ਭਰਿਆ ਗਿਆ ਅਤੇ ਮੂਰਤੀ ਜਾਂ ਸਜਾਉਣੀ ਚੀਜ਼ ਵਜੋਂ ਸੰਗਮਰਮਰ ਦੇ ਟੁਕੜੇ ਉੱਤੇ ਬੀੜ ਦਿੱਤਾ ਗਿਆ।    

ਇਸ ਮਨੁੱਖੀ ਸਿਰ ਨੂੰ ਬੈੱਲ-ਗਲਾਸ ਹੇਠ ਜੜਿਆ ਵੇਖ ਕੇ ਸਾਡੇ ਰੌਂਗਟੇ ਖੜੇ ਹੋ ਗਏ ਤੇ ਸਾਡੇ ਸਰੀਰ ਵਿੱਚ ਸੀਤ ਲਹਿਰ ਦੌੜ ਗਈ। ਵਿਜ਼ਿਟਰ ਗੈਲਰੀ ਵਿੱਚ ਕੋਈ ਔਰਤ ਚੀਕ ਮਾਰ ਕੇ ਬੇਹੋਸ਼ ਹੋ ਗਈ। ਲੋਕ ਉਹਨੂੰ ਸੰਭਾਲਣ ਲਈ ਦੌੜੇ।

ਲੇਵ ਸਮਿਰਨੋਵ ਨੇ ਆਪਣੀ ਤਕਰੀਰ ਜਾਰੀ ਰੱਖੀ। ਉਹਨੇ ਕੋਨਿਗਸਬਰਗ ਇੰਸਟੀਚਿਊਟ ਦੇ ਇੱਕ “ਵਿਗਿਆਨੀ”, ਕਿਸੇ ਸਿਗਮੁੰਡ ਮਾਜ਼ੂਰ ਦੀ ਗਵਾਹੀ ਪੇਸ਼ ਕੀਤੀ। ਇਸ “ਵਿਗਿਆਨੀ” ਨੇ ਸ਼ਾਂਤ, “ਵਿਗਿਆਨਕ” ਢੰਗ ਨਾਲ਼ ਦੱਸਿਆ ਕਿ ਇਸ ਇੰਸਟੀਚਿਊਟ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਮਨੁੱਖੀ ਮਾਸ, ਚਰਬੀ, ਚਮੜੀ, ਆਦਿ ਦੀ “ਯੁਕਤੀ ਪੂਰਨ ਸਨਅਤੀ ਵਰਤੋਂ” ਦੇ ਤਜਰਬੇ, ਵੱਡੇ-ਵੱਡੇ ਮੌਤ-ਕੈਪਾਂ ਵਿੱਚ ਕੀਤੇ ਜਾਂਦੇ ਸਨ।

ਪ੍ਰਾਸੀਕਿਊਟਰ ਦੀਆਂ ਹਦਾਇਤਾ ‘ਤੇ, ਸਟੈਂਡਾਂ ਅਤੇ ਮੇਜ਼ਾਂ ਉੱਤੇ ਰੱਖੀਆਂ ਚੀਜ਼ਾਂ ਤੋਂ ਕੱਪੜੇ ਲਾਹ ਦਿੱਤੇ ਗਏ। ਇਹਨਾਂ ਵਿੱਚ ਮਨੁੱਖੀ ਚਮੜੀ ਨੂੰ ਪ੍ਰਾਸੈਸਿੰਗ ਦੇ ਵੱਖ-ਵੱਖ ਪੜਾਵਾਂ ‘ਤੇ ਵਿਖਾਇਆ ਗਿਆ ਸੀ। ਤਾਜ਼ਾ ਲਾਹੀ ਚਮੜੀ, ਮਾਸ ਸਾਫ ਕੀਤੀ ਹੋਈ ਚਮੜੀ, ਕਮਾਈ ਗਈ ਚਮੜੀ ਅਤੇ ਅੰਤ, ਚੰਮ ਦਾ ਤਿਆਰ ਮਾਲ- ਸੁਆਣੀਆਂ ਲਈ ਸੁਹਣੀਆਂ ਜੁੱਤੀਆਂ, ਦਸਤੀ ਬੈਗ, ਬਟੂਏ, ਬਰੀਫਕੇਸ, ਬਲਾਟਿੰਗ-ਪੈਡ, ਇੱਥੋਂ ਤੱਕ ਕਿ ਜਾਕਟਾਂ ਵੀ। ਮੇਜ਼ ਉੱਤੇ ਵੱਖ-ਵੱਖ ਕਿਸਮ ਦੇ ਸਾਬਣ ਪਏ ਸਨ: ਆਮ ਸਾਬਣ, ਘਰ ਵਰਤਣ ਵਾਲ਼ਾ ਸਾਬਣ , ਬੇਬੀ ਸੋਪ, ਸਨਅਤੀ ਸਾਬਣ, ਖੁਸ਼ਬੂਦਾਰ ਪਾਇਲਟ ਸੋਪ। ਡੱਬਿਆਂ ਉੱਤੇ ਦਿਲਕਸ਼ ਰੰਗਦਾਰ ਰੈਪਰ ਚੜ੍ਹੇ ਹੋਏ ਸਨ।

ਪ੍ਰਾਸੀਕਿਊਟਰ ਨੇ ਆਪਣੀ ਤਕਰੀਰ ਜਾਰੀ ਰੱਖੀ। ਅਦਾਲਤ ਵਿੱਚ ਚੁੱਪ ਛਾਈ ਹੋਈ ਸੀ। ਮੁਦਾਲੇ ਪੂਰੇ ਖਿਚਾਉ ਵਿੱਚ ਬੈਠੇ ਸਨ। ਰਿਬਨਟਰਾਪ ਨੇ ਆਪਣੀਆਂ ਅੱਖਾਂ ਗੁਲ਼ਾਈ ਵਿੱਚ ਘੁਮਾਈਆਂ ਅਤੇ ਪੀੜ ਭਰੇ ਪ੍ਰਗਟਾਉ ਨਾਲ਼ ਆਪਣਾ ਬੁੱਲ੍ਹ ਟੁੱਕਿਆ; ਗੋਇਰਿੰਗ ਨੇ ਖਚਰੀ ਤਰ੍ਹਾਂ ਨੋਟ ਤੇ ਨੋਟ ਲਿਖ ਕੇ ਆਪਣੇ ਵਕੀਲ ਨੂੰ ਦਿੱਤੇ; ਸਟਰੀਖਰ ਖੰਘਿਆ; ਅਤੇ ਹਿਸਟਰੀਕਲੀ ਵਾਛਾਂ ਵਿੱਚ ਹੱਸਿਆ, ਸਖਾਖਤ ਮੁੜ ਬੇਸੁੱਧ ਹੋਣ ਵਾਲਾ ਸੀ ਅਤੇ ਉਹਦਾ ਆਮ ਤੌਰ ‘ਤੇ ਗਤੀਹੀਣ, ਬੇਰਹਿਮ ਬੁੱਲ-ਡਾਗ ਵਾਲ਼ਾ ਚਿਹਰਾ ਘਬਰਾਇਆ ਹੋਇਆ ਤੇ ਪ੍ਰੇਸ਼ਾਨ ਸੀ।

ਕਰੂਸ਼ਿੰਧਕੀ ਤੇ ਮੈ ਓਸਵੀਸੀਮ ਜਾਣ ਵਾਲ਼ੇ ਪਹਿਲੇ ਪੱਤਰ-ਪ੍ਰੇਰਕ ਸਾਂ। ਇਹਨੂੰ ਉਦੋਂ ਵੀ ਅਜੇ ਔਸਖਵਿਟਜ਼ ਦੇ ਜਰਮਨ ਨਾਂ ਨਾਲ਼ ਸੱਦਿਆ ਜਾਂਦਾ ਸੀ। ਸਾਡੀਆਂ ਫੌਜਾਂ ਨੇ ਇਸ ਮੌਤ ਕੈਂਪ ਉੱਤੇ ਇਹਦੇ ਚਾਲੂ ਰੂਪ ਵਿੱਚ ਹੀ ਕਬਜ਼ਾ ਕਰ ਲਿਆ ਸੀ ਤੇ ਅਸੀ ਤੁਰੰਤ ਹੀ ਹਵਾਈ ਜਹਾਜ਼ ਰਾਹੀਂ ਉੱਥੇ ਪਹੁੰਚ ਗਏ ਸਾਂ। ਅਸਾਂ ਮਨੁੱਖੀ ਵਾਲ਼ਾਂ ਨਾਲ਼ ਪੂਰੀ ਤਰ੍ਹਾਂ ਭਰਿਆ ਗੁਦਾਮ ਵੇਖਿਆ, ਵਾਲ਼ ਦਰਜਾਵਾਰ ਛਾਂਟ ਕੇ ਢੇਰਾਂ ਵਿੱਚ ਰੱਖੇ ਹੋਏ ਸਨ, ਜਾਂ ਬੋਰਿਆਂ ਵਿੱਚ ਬੰਨ੍ਹੇ ਜਾ ਚੁੱਕੇ ਸਨ ਤੇ ਡਿਸਪੈਚ ਕੀਤੇ ਜਾਣ ਵਾਲ਼ੇ ਸਨ। ਅਸਾਂ ਬੱਚੇ ਵੇਖੇ ਜਿਨ੍ਹਾਂ ਉੱਤੇ ਨਾਜ਼ੀ ਡਾਕਟਰਾਂ ਨੇ ਘਿਣਾਉਣੇ ਤਜਰਬੇ ਕੀਤੇ ਸਨ। ਅਸਾਂ ਦੋ ਰੂਸੀ ਜੰਗੀ ਕੈਦੀਆਂ ਨਾਲ਼ ਗੱੱਲਾਂ ਕੀਤੀਆਂ ਜਿਨ੍ਹਾਂ ਨੂੰ ਦੂਜੇ ਵਹਿਸ਼ੀ ਡਾਕਟਰਾਂ ਨੇ ਬਹੁਤ ਹੀ ਘੱਟ ਤਾਪਮਾਨ ਵਿੱਚ ਰੱਖ ਕੇ ਮਨੁੱਖੀ ਸਹਿਣਸ਼ੀਲਤਾ ਦੇ ਤਜਰਬੇ ਕੀਤੇ ਸਨ। ਇਹਨਾਂ ਨੂੰ ਸਹਿਜੇ ਸਹਿਜੇ ਤਾਪਮਾਨ ਘਟਾਉਂਦਿਆਂ ਜਮਾ ਹੀ ਦਿੱਤਾ ਗਿਆ ਸੀ ਅਤੇ ਉਹ ਬੇਸੁੱਧ ਹੋ ਗਏ ਸਨ, ਫੇਰ ਤਾਪਮਾਨ ਸਹਿਜੇ ਸਹਿਜੇ ਵਧਾ ਕੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ ਸੀ। ਇਹ ਸਭ ਅਜੇ ਸਾਡੇ ਚੇਤਿਆਂ ਵਿੱਚ ਤਾਜ਼ਾ ਸੀ, ਜਦੋਂ ਅਸੀਂ ਇਹ “ਫੈਕਟਰੀਆਂ” ਜਿੱਥੇ ਮਨੁੱਖੀ ਮਾਸ, ਵਾਲ਼ਾਂ, ਚੰਮ ਆਦਿ ਦੀ ਵਰਤੋਂ ਹੁੰਦੀ ਸੀ ਤੇ ਇਸ ਸਬੰਧੀ ਤਜਰਬੇ ਹੁੰਦੇ ਸਨ ਤਾਂ ਅਸੀਂ ਪੂਰੀ ਤਰ੍ਹਾਂ ਟੁੱਟ ਗਏ। ਘਿਣ ਨਾਲ਼ ਸਾਨੂੰ ਉਲਟੀ ਆਉਣ ਲੱਗੀ, ਤੇ ਅਸੀਂ ਅਦਾਲਤ ਦੇ ਕਮਰੇ ਨੂੰ ਛੱਡ ਕੇ ਦੌੜ ਜਾਣਾ ਚਾਹਿਆ।

ਉਂਝ ਇਹ ਸਭ ਕੁੱਝ ਸਾਡੇ ਲਈ ਨਵਾਂ ਨਹੀਂ ਸੀ। ਅਮਰੀਕੀ ਪ੍ਰਾਸੀਕਿਊਸ਼ਨ ਪਹਿਲਾਂ ਹੀ, ਰੀਖਬੈਂਕ ਦੇ ਸਾਬਕਾ ਪ੍ਰਧਾਨ ਅਤੇ ਜੰਗੀ ਆਰਥਕਤਾ ਲਈ ਕਮਿਸ਼ਨਰ-ਜਨਰਲ ਵਾਲਥਰ ਫੰਗ, ਵਿਰੁੱਧ ਸ਼ਹਾਦਤ ਪੇਸ਼ ਕਰ ਚੁੱਕਿਆ ਸੀ। ਇਸ ਨਾਜ਼ੀ ਕਮਿਸ਼ਨਰ-ਜਨਰਲ ਨੇ ਹੁਕਮ ਜਾਰੀ ਕੀਤਾ ਸੀ ਕਿ ਕੈਦੀ ਕੈਂਪਾਂ ਵਿੱਚ ਜਾ ਕੇ ਸਭਨਾਂ ਨਜ਼ਰਬੰਦਾਂ ਦੇ ਮੂੰਹਾਂ ਵਿੱਚੋਂ ਦੰਦਾਂ ਉੱਤੇ ਲੱਗਾ ਸੋਨਾ ਤੇ ਪਲਾਟੀਨਮ ਕੱਢਿਆ ਜਾਵੇ ਤੇ ਇਸ ਮਤਲਬ ਲਈ ਉਹਨੇ ਖਾਸ ਟੀਮਾਂ ਭੇਜੀਆਂ। ਇਹ ਵਡਮੁੱਲੀਆਂ ਧਾਤਾਂ ਲੇਖਾ ਲਾ ਕੇ ਸਫਾਂ ਵਿੱਚ ਰੱਖੀਆਂ ਗਈਆਂ ਸਨ। ਇਹ ਗਵਾਹੀ ਅਸਲੋਂ ਹੀ ਭਿਆਨਕ ਸੀ। ਪਰ ਸਿਗਮੁੰਡ ਮਾਜੂਰ ਨੇ ਜਿਸ ਕਾਰੋਬਾਰੀ ਢੰਗ ਤੇ ਠਰੰ੍ਹਮੇਂ ਨਾਲ਼ ਆਪਣੀ ਗਵਾਹੀ ਲਿਖੀ ਉਹ ਅਸਲੋਂ ਹੀ ਭਿਆਨਕ ਹੈ। ਉਹਨੇ ਲਿਖਿਆ : “ਮਨੁੱਖੀ ਚਮੜੀ ਵਾਲ਼ਾਂ ਨਾਲ਼ ਢੱਕੀ ਹੋਈ ਨਹੀਂ ਅਤੇ ਇਸੇ ਲਈ ਇਹਦੀ ਪ੍ਰਾਸੈਸਿੰਗ ਬੜੇ ਅਰਾਮ ਨਾਲ ਹੋ ਸਕਦੀ ਹੈ ਅਤੇ ਜਾਨਵਰਾਂ ਦੀਆਂ ਖੱਲਾਂ ਦੇ ਮੁਕਾਬਲੇ ਤੇ ਬਹੁਤ ਸਾਰੀਆਂ ਮਹਿੰਗੀਆਂ ਕਿਰਿਆਵਾਂ ਤੋਂ ਬਚਿਆ ਜਾ ਸਕਦਾ ਹੈ…” ਜਾਂ “ਠੰਢਾ ਕਰਨ ਪਿੱਛੋਂ, ਉੱਬਲਿਆ ਹੋਇਆ ਮਾਲ ਆਮ ਸਾਂਚਿਆਂ ਵਿੱਚ ਪਾਇਆ ਜਾ ਸਕਦਾ ਹੈ ਤੇ ਸਾਬਣ ਤਿਆਰ ਹੋ ਜਾਂਦਾ ਹੈ।”

ਮੈਂ ਪਹਿਲੀ ਵਾਰ ਵੇਖਿਆ ਕਿ ਤ੍ਰਿਕੜੀ ਵਾਲ਼ੇ ਤਿੰਨੇ ਕਲਾਕਾਰ ਹੱਕੇ-ਬੱਕੇ ਬੈਠੇ ਸਨ- ਉਹਨਾਂ ਦੇ ਫੋਲਡਰ ਉਹਨਾਂ ਦੇ ਸਾਹਮਣੇ ਪਏ ਸਨ ਤੇ ਪੈਨਸਿਲਾਂ ਹੱਥਾਂ ਵਿੱਚ ਅਹਿੱਲ ਸਨ।

“ਦਾਂਤੇ ਦਾ ਨਰਕ ਇਹਦੇ ਟਾਕਰੇ ਤੇ ਬੱਸ ਇਕ ਮਿਊਜ਼ਿਕਲ ਕਮੇਡੀ ਹੀ ਸੀ,” ਯੂਰੀ ਕੋਰੋਲਕੋਵ ਨੇ ਕਿਸੇ ਦੇ ਕੰਨ ਵਿੱਚ ਹੌਲ਼ੀ ਜੇਹੀ ਕਿਹਾ, ਪਰ ਅਦਾਲਤ ਦੇ ਕਮਰੇ ਵਿੱਚ ਚੁੱਪ ਦਾ ਇਹ ਹਾਲ ਸੀ ਕਿ ਸਾਨੂੰ ਤਿੰਨ ਪਾਲ਼ਾਂ ਪਿੱਛੇ ਬੈਠਿਆਂ ਨੂੰ ਵੀ ਇਹ ਸ਼ਬਦ ਸੁਣਾਈ ਦਿੱਤੇ।

ਅਸੀਂ ਚੁੱਪਚਾਪ ਉੱਠ ਕੇ ਚਲੇ ਗਏ।

“ਮੈਂ ਹੁਣ ਮਾਸ ਬਿਲਕੁਲ ਨਹੀਂ ਖਾ ਸਕਾਂਗਾ”, ਮਿਖਾਇਲ ਗੂਸ ਨੇ ਗੱਡੀ ਵਿੱਚ ਬੈਠਿਆਂ ਕਿਹਾ।

“ਤਾਂ ਫਿਰ, ਮੰਤਕੀ ਤੌਰ ‘ਤੇ ਤੁਹਾਨੂੰ ਸਾਬਣ ਨਾਲ਼ ਵੀ ਨਹਾਉਣਾ ਨਹੀਂ ਚਾਹੀਦਾ”, ਸੇਮੀਓਨ ਨਾਰਿਨਯਾਨੀ ਨੇ ਉਦਾਸੀ ਵਿੱਚ ਮਖੌਲ ਕੀਤਾ। ਸਾਡੀ ਦੁਭਾਸ਼ਣ ਮਾਇਆ ਦਾ ਬੁਰਾ ਹਾਲ ਸੀ। ਉਹ ਕਾਰ ਵਿੱਚ ਬੈਠੀ ਝੱਲਿਆਂ ਵਾਂਗ ਹਉਂਕੇ ਭਰ ਰਹੀ ਸੀ ਤੇ ਆਪਣੇ ਬੁੱਲ੍ਹ ਟੁੱਕ ਰਹੀ ਸੀ ਅਤੇ ਉਹਦੇ ਨਾਲ਼ ਬੈਠੇ ਟਾਈਪਿਸਟ ਉਹਦੇ ਨੱਕ ਹੇਠਾਂ ਤੇਜ਼ ਗੰਧ ਵਾਲ਼ੇ ਕੋਈ ਲੂਣ ਰੱਖ ਰਹੇ ਸਨ।

ਘੱਟੋ-ਘੱਟ ਉਸ ਦਿਨ, ਸਾਨੂੰ ਕਿਸੇ ਨੂੰ ਵੀ ਨਾ ਭੁੱਖ ਲੱਗੀ ਤੇ ਨਾ ਹੀ ਨੀਂਦ ਆਈ।    

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ