ਫਾਸੀਵਾਦ, ਜਰਮਨ ਸਿਨੇਮਾ ਅਤੇ ਅਸਲ ਜ਼ਿੰਦਗੀ ਬਾਰੇ ਜਰਮਨੀ ਦੇ ਪ੍ਰਚਾਰ ਮੰਤਰੀ ਡਾਕਟਰ ਗੋਏਬਲਸ ਨੂੰ ਖੁੱਲ੍ਹਾ ਖ਼ਤ •ਸਰਗੇਈ ਆਇਜ਼ੇਂਸਤਾਇਨ

10

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਪਾਦਕੀ ਜਾਣ-ਪਛਾਣ

ਸਰਮਾਏਦਾਰੀ ਆਪਣੀ ਸੁਭਾਵਿਕ ਰਫ਼ਤਾਰ ਨਾਲ਼ ਸੰਕਟ ਵੱਲ ਵਧਦੀ ਰਹਿੰਦੀ ਹੈ ਤੇ ਜਦੋਂ ਕਦੇ ਉਹ ਸੰਕਟਗ੍ਰਸਤ ਹੁੰਦੀ ਹੈ ਤਾਂ ਉਹ ਆਪਣੇ ਸਭ ਤੋਂ ਵਫਾਦਾਰ ਸੇਵਕ ਫਾਸੀਵਾਦ ਨੂੰ ਸੰਕਟ-ਛੁਟਕਾਰੇ ਲਈ ਯਾਦ ਕਰਦੀ ਹੈ। ਸਰਮਾਏਦਾਰੀ ਨੂੰ ਸੰਕਟ ਦੀ ਘੁੰਮਣਘੇਰੀ ‘ਚੋਂ ਬਾਹਰ ਕੱਢਣ ਲਈ ਫਾਸੀਵਾਦ ਡੰਡੇ ਦੇ ਜ਼ੋਰ ‘ਤੇ ਆਮ ਕਿਰਤੀ ਲੋਕਾਂ ‘ਤੇ ਜੁਲਮ ਢਾਹੁੰਦਾ ਹੈ। ਮਜ਼ਦੂਰਾਂ ਤੇ ਕਿਰਤੀ ਲੋਕਾਂ ਦੇ ਖੂਨ ਦੀ ਆਖ਼ਰੀ ਬੂੰਦ ਨੂੰ ਨਚੋੜ ਕੇ ਮੁਨਾਫੇ ਵਿੱਚ ਬਦਲ ਕੇ, ਸਰਮਾਏ ਦੀ ਹੌਲ਼ੀ ਹੁੰਦੀ ਗੱਡੀ ਦੀ ਮੋਟਰ ਵਿੱਚ ਊਰਜਾ ਸੰਚਾਰ ਕਰਨ ਦਾ ਕੰਮ ਕਰਦਾ ਹੈ। ਸੰਕਟ ਦੇ ਸਮੇਂ ਸਰਮਾਏਦਾਰੀ ਨੂੰ ਇੱਕ ਅਜਿਹੇ ਜਾਬਰ ਰਾਜ ਦੀ ਜ਼ਰੂਰਤ ਹੁੰਦੀ ਹੈ ਜੋ ਤਾਨਾਸ਼ਾਹ ਢੰਗ ਨਾਲ਼ ਉਹ ਸਭ ਨੀਤੀਆਂ”ਬਣਾਏ ਅਤੇ ਉਨ੍ਹਾਂ ਨੂੰ ਲਾਗੂ ਕਰੇ ਜਿਸਦੇ ਕਾਰਨ ਸਰਮਾਏਦਾਰੀ ਦੀ ਗੱਡੀ ਅੱਗੇ ਵਧੇ। ਫਾਸੀਵਾਦ ਦੇ ਸੱਤ੍ਹਾ ਉੱਤੇ ਕਾਬਜ਼ ਹੋਣ ਕਾਰਨ ਜਿਸ ਰਫ਼ਤਾਰ ਨਾਲ਼ ਆਮ ਲੋਕਾਂ ਦੀ ਲੁੱਟ ਅਤੇ ਜ਼ਬਰ ਹੁੰਦਾ ਹੈ ਉਸਦੇ ਸਿੱਟੇ ਵਜੋਂ ਲੋਕਾਂ ਵਿੱਚ ਗੁੱਸੇ ਅਤੇ ਅਸਿਹਣਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ। ਫਾਸੀਵਾਦ ਕੌਮਵਾਦ, ਧਰਮ, ਰੰਗ, ਜਾਤ, ਨਸਲ ਆਦਿ ਦੇ ਨਾਮ ਉੱਤੇ ਲੋਕਾਂ ਨੂੰ ਵੰਡਣ ਦਾ ਕੰਮ ਕਰਦਾ ਹੈ। ਫਾਸੀਵਾਦ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ ਨਾਲ਼ ਤਰਸਦੇ ਲੋਕਾਂ ਨੂੰ ਕੌਮ, ਧਰਮ, ਜਾਤੀ, ਰੰਗ, ਨਸਲ ਦੇ ਨਾਮ ‘ਤੇ ਕੁਰਬਾਨੀ ਦੇਣ ਲਈ ਤਿਆਰ ਕਰਦਾ ਹੈ, ਅਸਲ ਵਿੱਚ ਇਹ ਕੁਰਬਾਨੀ ਨਹੀਂ ਸਗੋਂ ਸਰਮਾਏ ਦੀ ਗਿਲੋਟਿਨ ਉੱਤੇ ਆਮ ਕਿਰਤੀ ਲੋਕਾਂ ਦੀ ਕੁਰਬਾਨੀ ਚੜਾਉਂਦਾ ਹੈ। ਫਾਸੀਵਾਦ ਦੇ ਉਭਾਰ ਦੇ ਨਾਲ਼ ਲੋਕਾਂ ਵਿੱਚ ਜੋ ਗੁੱਸਾ ਅਤੇ ਬੇਚੈਨੀ ਪੈਦਾ ਹੁੰਦੀ ਹੈ ਉਸਨੂੰ ਸ਼ਾਂਤ ਕਰਨ ਅਤੇ ਜਨਤਾ ਨੂੰ ਭਰਮਾਉਣ ਲਈ ਫਾਸੀਵਾਦ ਕਈ ਤਰ੍ਹਾਂ ਦੇ ਪਖੰਡ ਰਚਦਾ ਹੈ। ਖਾਸ ਕਰਕੇ ਕਲਾ, ਸਾਹਿਤ, ਸੱਭਿਆਚਾਰ, ਇਤਿਹਾਸ ਉੱਤੇ ਫਾਸੀਵਾਦੀ ਆਪਣੇ ਸਭ ਤੋਂ ਤਾਕਤਵਰ ਹਮਲੇ ਕਰਦੇ ਹਨ। ਆਮ ਕਿਰਤੀ ਲੋਕਾਂ ਦੀ ਸਿਰਜਣਾ ਅਤੇ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਬਣੀ ਸੱਭਿਆਚਾਰ, ਕਲਾ ਅਤੇ ਸਾਹਿਤ ਨੂੰ ਤਬਾਹ ਕਰਨ ਲਈ ਫਾਸੀਵਾਦ ਲੋਕਾਂ ਸਾਹਮਣੇ ਆਪਣੀ ਗਲ਼ਿਆ-ਸੜਿਆ ਸੱਭਿਆਚਾਰ ਪੇਸ਼ ਕਰਦਾ ਹੈ। ਅਸ਼ਲੀਲ ਫ਼ਿਲਮਾਂ ਤੋਂ ਲੈ ਕੇ ਗਾਣਿਆਂ ਤੱਕ, ਘਟੀਆ ਸਾਹਿਤ ਤੋਂ ਲੈ ਕੇ ਪਾਗਲ਼ਪੁਣੇ ਵਾਲ਼ੇ ਸੰਗੀਤ ਤੱਕ ਫਾਸੀਵਾਦੀ ਕਲਾ ਨੂੰ ਕਰੂਪ ਕਰਨ ਦੀ ਕੋਈ ਕੋਸ਼ਿਸ਼ ਨਹੀਂ ਛੱਡਦੇ। ਚਿੰਨ੍ਹਾਂ ਦੀ ਪੂਜਾ ਕਰਕੇ ਫਾਸੀਵਾਦੀ ਆਪਣੀ ਪੂਰੀ ਸਿਆਸਤ ਨੂੰ ਕੇਵਲ ਚਿੰਨ੍ਹ ਪੂਜਣ ਤੱਕ ਸੀਮਤ ਕਰ ਦਿੰਦੇ ਹਨ। ਅਸੀਂ ਇੱਥੇ ਜੋ ਖ਼ਤ ਪੇਸ਼ ਕਰ ਰਹੇ ਹਾਂ ਉਹ ਖ਼ਤ ਸੋਵੀਅਤ ਸੰਘ ਦੇ ਮਹਾਨ ਫ਼ਿਲਮਕਾਰ, ਮੋਂਤਾਜ ਦੇ ਸਿਧਾਂਤ ਨੂੰ ਸੂਤਰਬੱਧ ਤਰੀਕੇ ਨਾਲ਼ ਵਿਕਸਿਤ ਕਰਨ ਵਾਲ਼ੇ ਅਤੇ ਕਿਰਤੀ ਲੋਕਾਂ ਦੇ ਸੰਘਰਸ਼ ਨੂੰ ਆਪਣੀ ਫ਼ਿਲਮਾਂ ਦੇ ਪਰਦੇ ਉੱਤੇ ਸਭ ਤੋਂ ਚੰਗੇਰੇ ਤਰੀਕੇ ਨਾਲ਼ ਪੇਸ਼ ਕਰਨ ਵਾਲ਼ੇ ਆਇਜੇਂਸਤਾਇਨ ਨੇ ਨਾਜ਼ੀ ਪਾਰਟੀ ਦੇ ਪ੍ਰਚਾਰ ਮੰਤਰੀ ਡਾ. ਗੋਏਬਲਸ ਦੁਆਰਾ ਭਾਸ਼ਣ ਵਿੱਚ ਜਰਮਨ ਫਿਲਮਕਾਰਾਂ ਨੂੰ ਆਇਜੇਂਸਤਾਇਨ ਦੀ ਫਿਲਮ ‘ਬੈਟਲਸ਼ਿਪ ਆਫ ਪੋਤਮਕਿਨ’ ਤੋਂ ਸਿੱਖਿਆ ਲੈਣ ਦੀ ਨਸੀਹਤ ਦੇਣ ਦਾ ਮਖੌਲ਼ ਉਡਾਉਣ ਲਈ ਲਿਖੀ ਸੀ। ਆਇਜੇਂਸਤਾਇਨ ਦਾ ਸਿਨੇਮਾ ਜਮਾਤੀ ਘੋਲ਼ ਦਾ ਸਿਨੇਮਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਜੀਵਨ ਅਤੇ ਚਿੰਤਨ ਦੇ ਦਵੰਦ ਨੂੰ ਕਲਾਤਮਕ ਪ੍ਰਗਟਾਵਾ ਦੇਣ ਵਿੱਚ ਸਿਨੇਮਾ ਸਭ ਤੋਂ ਜਿਆਦਾ ਸਮਰੱਥਾਵਾਨ ਮਾਧਿਅਮ ਹੈ ਅਤੇ ਉਨ੍ਹਾਂ ਨੂੰ ਸੁਚੇਤ ਤੌਰ ‘ਤੇ ਹੱਲ ਕਰਨ ਵਿੱਚ, ਇੱਕ ਸੱਭਿਆਚਾਰਕ ਸਮੱਗਰੀ ਦੇ ਤੌਰ ‘ਤੇ ਇਸਦੀ ਭੂਮਿਕਾ ਸਭ ਤੋਂ ਜਿਆਦਾ ਪ੍ਰਭਾਵੀ ਹੋਵੇਗੀ। ‘ਸਟਰਾਇਕ’, ‘ਬੈਟਲਸ਼ਿਪ ਆਫ ਪੋਤਮਕਿਨ’, ‘ਅਕਤੂਬਰ’, ‘ਓਲਡ ਐਂਡ ਨਿਊ’ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਫ਼ਿਲਮਾਂ ਵਿੱਚੋਂ ਕੁੱਝ ਫ਼ਿਲਮਾਂ ਹਨ, ਜਿਨ੍ਹਾਂ ਵਿਚੋਂ ‘ਬੈਟਲਸ਼ਿਪ ਆਫ ਪੋਤਮਕਿਨ’ ਨੂੰ ਅੱਜ ਵੀ ਇਤਹਾਸ ਵਿੱਚ ਬਣੀ ਸਭ ਤੋਂ ਉੱਤਮ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਪੋਤਮਕਿਨ ਇੱਕ ਅਜਿਹੀ ਮਾਅਰਕੇ ਦੀ ਫਿਲਮ ਸੀ ਜਿਸ ਵਿੱਚ ਇਨਕਲਾਬ ਦੀ ਕਥਾ ਦਾ ਵਰਨਣ ਕਿਸੇ ਇੱਕ ਪ੍ਰਤੀਨਿਧ ਨਾਇਕ ਦੇ ਕਿਰਦਾਰ ਰਾਹੀਂ ਨਹੀਂ ਸਗੋਂ ਪੂਰੇ ਇਨਕਲਾਬੀ ਦੌਰ ਦੀ ਇੱਕ ਮਹੱਤਵਪੂਰਨ ਘਟਨਾ ਨੂੰ ਮੋਂਤਾਜ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਸੀ। ਪੋਤਮਕਿਨ ਵਿੱਚ ਕਾਮਿਆ ਨੂੰ ਖਵਾਏ ਜਾਣ ਵਾਲ਼ੇ ਖਾਣ ਦਾ ਦ੍ਰਿਸ਼, ਉਨ੍ਹਾਂ ਦੀ ਹੁੰਦੀ ਲੁੱਟ, ਓਡੇਸਾ ਦੇ ਬੰਦਰਗਾਹ ਉੱਤੇ ਕਜ਼ਾਕਾਂ ਦੁਆਰਾ ਨਾਗਰਿਕਾਂ ਦਾ ਕਤਲੇਆਮ (ਜੋ ਨੌ-ਸੈਨਾ ਵਿਦਰੋਹੀਆਂ ਦਾ ਸਵਾਗਤ ਕਰਨ ਪਹੁੰਚੇ ਸਨ), ਬੰਦਰਗਾਹ ਦੀਆਂ ਪੌੜੀਆਂ ਦਾ ਦ੍ਰਿਸ਼; ਇਨਕਲਾਬ ਦੀ ਇਸ ਇੱਕ ਘਟਨਾ ਦੇ ਜ਼ਰੀਏ ਪੂਰੇ ਇਨਕਲਾਬ ਦੀ ਭਾਵਨਾ ਨੂੰ ਆਇਜੇਂਸਤਾਇਨ ਨੇ ਪਰਦੇ ਉੱਤੇ ਉਤਾਰ ਦਿੱਤਾ ਅਤੇ ਸਿਨੇਮਾ ਨੂੰ ਬਾਹਰਮੁਖੀ ਤੌਰ ‘ਤੇ ਇੱਕ ਮਜ਼ਦੂਰ ਜਮਾਤ ਦੇ ਕਲਾ ਮਾਧਿਅਮ ਦੇ ਰੂਪ ਵਿੱਚ ਸਾਰਥਕ ਸਾਬਤ ਕੀਤਾ। ਲੈਨਿਨ ਨੇ ਕਲਾ ਦੇ ਸਾਰੇ ਮਾਧਿਅਮਾਂ ਵਿੱਚੋਂ ਫਿਲਮਾਂ ਨੂੰ ਸਭ ਤੋਂ ਜ਼ਿਆਦਾ ਮਹੱਤਵਪੂਰਨ ਦੱਸਿਆ ਸੀ। ਉਨ੍ਹਾਂ ਦੇ ਇਸ ਕਥਨ ਦੀ ਪੁਸ਼ਟੀ ਇਸ ਗੱਲੋਂ ਹੋ ਜਾਂਦੀ ਹੈ ਕਿ ਇੰਡੋਨੇਸ਼ਿਆ ਦੇ ਡੱਚ ਜੰਗੀ ਬੇੜੇ ਉੱਤੇ ਬਗ਼ਾਵਤ ਕਰਨ ਵਾਲ਼ੇ ਨੌ-ਸੈਨਿਕਾਂ ਨੇ ਆਪਣੇ ਮੁਕੱਦਮੇ  ਦੌਰਾਨ ਇਹ ਪ੍ਰਵਾਨ ਕੀਤਾ ਸੀ ਕਿ ਉਨ੍ਹਾਂ ਨੂੰ ਬਗ਼ਾਵਤ ਕਰਨ ਦੀ ਪ੍ਰੇਰਨਾ ਆਇਜੇਂਸਤਾਇਨ ਦੀ ਫਿਲਮ ‘ਬੈਟਲਸ਼ਿਪ ਆਫ ਪੋਤਮਕਿਨ’ ਨੂੰ ਵੇਖ ਕੇ ਮਿਲੀ। ਚੌਥੇ ਦਹਾਕੇ ‘ਚ ਉਭਾਰ ਵਿੱਚ ਰਹੇ ਯੂਰਪ ਦੀ ਮਜ਼ਦੂਰ ਲਹਿਰ ਵਿੱਚ ਇਹ ਫਿਲਮ ਬੇਹੱਦ ਹਰਮਨ-ਪਿਆਰੀ ਬਣੀ ਰਹੀ, ਦੂਜੀ ਸੰਸਾਰ ਜੰਮ ਮਗਰੋਂ ਜਾਪਾਨ ਵਿੱਚ ਇਸ ਫਿਲਮ ਕਾਰਨ ਇੱਕ ਸਿਆਸੀ ਸੰਘਰਸ਼ ਉੱਠ ਖੜਾ ਹੋਇਆ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਫਿਲਮ ਵਿਖਾਉਣ ਲਈ ਨਾਗਰਿਕ ਸਮਿਤੀਆਂ ਦਾ ਗਠਨ ਕੀਤਾ ਗਿਆ। 1933 ਅਤੇ 1934 ਵਿੱਚ ਨਾਜ਼ੀ ਪਾਰਟੀ ਦੇ ਪ੍ਰਚਾਰ ਮੰਤਰੀ ਗੋਏਬਲਸ ਨੇ ਜਰਮਨ ਫਿਲਮਕਾਰਾਂ ਨੂੰ ਦਿੱਤੇ ਆਪਣੇ ਭਾਸ਼ਣਾਂ ਵਿੱਚ ਆਇਜੇਂਸਤਾਇਨ ਦੀ ਫਿਲਮ ਦਾ ਜ਼ਿਕਰ ਕਰਦੇ ਹੋਏ ਜਰਮਨ ਫਿਲਮਕਾਰਾਂ ਵੱਲੋਂ ਨਾਜ਼ੀ ਸਮਾਜ ਲਈ, ਵੀ ਅਜਿਹੀ ਉੱਤਮ ਫਿਲਮਾਂ ਬਣਾਉਣ ਦੀ ਗੁਹਾਰ ਲਗਾਈ ਜਿਨ੍ਹਾਂ ਤੋਂ ਨਾਜ਼ੀਆਂ ਦੇ ‘ਕੌਮੀ ਸਮਾਜਵਾਦ’ (ਅਸਲ ਵਿੱਚ ਫਾਸੀਵਾਦ) ਨੂੰ ਸੰਸਾਰ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਹੋਵੇ। ਗੋਏਬਲਸ ਦੇ ਇਸੇ ਭਾਸ਼ਣ ਦੀ ਅਲੋਚਨਾ ਕਰਦੇ ਹੋਏ ਆਇਜੇਂਸਤਾਇਨ ਨੇ ਉਨ੍ਹਾਂ ਨੂੰ ਇਹ ਖੁੱਲ੍ਹਾ ਖ਼ਤ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਗੋਏਬਲਸ ਨੂੰ ਇਹ ਜਤਾਇਆ ਕਿ ਲੋਕ ਸਮੂਹ ਦੀ ਕੁੱਲ ਤਾਕਤ ਅਤੇ ਅਜੇਤੂ ਭਾਵਨਾ ਤੋਂ ਉਪਜੀ ਜਿਸ ਕਲਾ ਨੂੰ ਵਿਗਾੜ ਕੇ ਉਹ ਆਪਣੇ ਘਟੀਆ ਮਨਸੂਬਿਆਂ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ ਉਸ ਵਿੱਚ ਉਹ ਕਦੇ ਕਾਮਯਾਬ ਨਹੀਂ ਹੋਵੇਗਾ, ਕਿਉਂਕਿ ਮਜ਼ਦੂਰ ਜਮਾਤ ਦੀ ਸਿਰਜਣਾਤਮਕਤ, ਉਨ੍ਹਾਂ ਦੀ ਜ਼ਿੰਦਗੀ ਦੀਆਂ ਹਾਲਤਾਂ ਨੂੰ ਆਤਮਸਾਤ ਕੀਤੇ ਬਿਨਾਂ ਕਿਸੇ ਵੀ ਕਲਾਕਾਰ ਲਈ ਕਲਾ ਦੀ ਕੋਈ ਵੀ ਰਚਨਾ ਘੜਣਾ ਅਸੰਭਵ ਹੈ। ਕਲਾ ਨੂੰ ਪਾਲਣ ਵਾਲ਼ਾ ਸਾਰਾ ਖਾਦ-ਪਾਣੀ ਅਤੇ ਕੱਚਾ ਮਾਲ ਉਨ੍ਹਾਂ ਬਸਤੀਆਂ, ਕਾਰਖਾਨਿਆਂ ਵਿੱਚੋਂ ਨਿੱਕਲ਼ਦਾ ਹੈ ਜਿੱਥੇ ਬਰਬਰਤਾ ਨਾਲ਼ ਨਾਜ਼ੀ ਸੱਤ੍ਹਾ ਕਹਿਰ ਢਾਹ ਰਹੀ ਸੀ। ਆਪਣੇ ਤਸੀਹਾ ਕੈਂਪਾਂ ਵਿੱਚ ਜੀਵਨ ਦੀ ਜਿਸ ਤਾਕਤ ਦਾ ਬੇਰਹਿਮੀ ਨਾਲ਼ ਨਾਜ਼ੀ ਗਲ਼ਾ ਘੁੱਟ ਰਹੇ ਸਨ। ਉਸ ਤੋਂ ਬਾਅਦ ਇਹ ਕਲਪਨਾ ਕਰਨਾ ਕਿ ਜਰਮਨ ਸਿਨੇਮਾਕਾਰ ਕਲਾਤਮਕ ਰੂਪ ਪੱਖੋਂਂ ਉੱਨਤ ਫਿਲਮਾਂ ਨੂੰ ਜਨਮ ਦੇਣਗੇ, ਬਹੁਤ ਵੱਡੀ ਬੇਵਕੂਫ਼ੀ ਅਤੇ ਕੋਰੀ ਲੱਫਾਜ਼ੀ ਹੈ।

1930 ਦੇ ਦਹਾਕੇ ਵਿੱਚ ਲਿਖੀ ਗਈ ਇਹ ਚਿੱਠੀ ਭਾਰਤ ਵਿੱਚ ਅੱਜ ਕਲਾ ਉੱਤੇ ਹਮਲਾ ਕਰ ਰਹੇ ਫਾਸੀਵਾਦੀਆਂ ਉੱਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਅੱਜ ਭਾਰਤ ਵਿੱਚ ਮੋਦੀ ਸਰਕਾਰ ਦੇ ਰੂਪ ਵਿੱਚ ਫਾਸੀਵਾਦ ਸੱਤ੍ਹਾ ਵਿੱਚ ਹੈ। ਮੋਦੀ ਦੇ ਸੱਤ੍ਹਾ ਵਿੱਚ ਆਉਣ ਤੋਂ ਪਹਿਲਾਂ ਅਤੇ ਸੱਤ੍ਹਾ ਵਿੱਚ ਆਉਣ ਤੋਂ ਬਾਅਦ ਵਿਗਿਆਨ, ਕਲਾ, ਸਾਹਿਤ ਅਤੇ ਆਮ ਕਿਰਤੀ ਲੋਕਾਂ ਉੱਤੇ ਫਾਸੀਵਾਦੀ ਹਮਲੇ ਤੇਜ਼ ਹੋ ਗਏ ਹਨ। ਘਰ ਵਾਪਸੀ, ਲਵ-ਜੇਹਾਦ ਲੜਾਈ ਦੇ ਨਾਲ਼ ਯੋਗੀ ਆਦਿੱਤਿੱਆਨਾਥ, ਸਾਕਸ਼ੀ ਮਹਾਰਾਜ, ਨਿਰੰਜ਼ਨ ਜੋਤੀ ਵਰਗੇ ਭੋਗੀ ਸਾਧੂਆਂ ਦੇ ਫਿਰਕੂ ਬਿਆਨ, ਮਹਾਰਾਸ਼ਟਰ ਵਿੱਚ ਗਊ-ਮਾਸ ਉੱਤੇ ਪਬੰਧੀ, ਮੁਜੱਫਰਨਗਰ ਦੇ ਦੰਗੇ, ਅਟਾਲੀ ਪਿੰਡ ਦੇ ਦੰਗੇ, ਯੋਗ ਦਿਵਸ ਦੇ ਤਮਾਸ਼ੇ, ਔਰਤਾਂ ਦੇ ਸਨਮਾਨ ਨੂੰ ਤਾਰ-ਤਾਰ ਕਰਨ ਵਾਲ਼ੇ ਬਲਾਤਕਾਰੀ ਸਾਧੂਆਂ ਅਤੇ ਮੰਤਰੀਆਂ ਦੀ ਸਰਕਾਰ ਦੀ ‘ਸੈਲਫੀ ਵਿਦ ਡਾਟਰ’ ਦੇ ਤਮਾਸ਼ੇ ਦੀਆਂ ਇਹ ਕੁੱਝ ਉਦਾਹਰਨਾਂ ਹਨ ਉਨ੍ਹਾਂ ਹੱਥਕੰਡਿਆਂ ਦੀਆਂ ਜੋ ਭਾਰਤ ਵਿੱਚ ਬਚ ਗਈਆਂ ਹਿਟਲਰ ਅਤੇ ਮੁਸੋਲਿਨੀ ਦੇ ਵਾਰਸ ਆਮ ਲੋਕਾਂ ਨੂੰ ਵੰਡਣ ਲਈ ਅਪਣਾ ਰਹੇ ਹਨ। ਵੈਦਿਕ ਵਿਗਿਆਨ ਦੇ ਨਾਮ ਉੱਤੇ ਵਿਗਿਆਨ ਉੱਤੇ ਹਮਲਾ ਹੋਵੇ, ਜਾਂ ਇਤਹਾਸ ਨੂੰ ਫਿਰ ਤੋਂ ਲਿਖਣ ਲਈ ਅੈਨ.ਸੀ.ਆਰ.ਟੀ ਦੀ ਕਮੇਟੀ ਦਾ ਗਠਨ, ਸੈਂਸਰ ਬੋਰਡ ਦੇ ਪ੍ਰਧਾਨ ਦੇ ਤੌਰ ‘ਤੇ ਅਜਿਹੇ ਵਿਅਕਤੀ ਦੀ ਨਿਯੁਕਤੀ ਜਿਸਦੀ ਕਲਾਤਮਕਤਾ ਦਾ ਇੱਕੋ ਪ੍ਰਮਾਣ ਹੋਵੇ ਮੋਦੀ ਲਈ ਬਣਾਈ ਗਈ ‘ਹਰ ਘਰ ਮੋਦੀ’ ਫਿਲਮ, ਚਿਲਡਰਨ ਫਿਲਮ ਸੋਸਾਇਟੀ ਆਫ ਇੰਡਿਆ ਦੇ ਪ੍ਰਧਾਨ ਦੇ ਰੂਪ ਵਿੱਚ ਮੁਕੇਸ਼ ਖੰਨਾ (ਜਿਸਨੇ ਭੀਸ਼ਮ ਦਾ ਕਿਰਦਾਰ ਨਿਭਾਉਣ, ਸ਼ਕਤੀਮਾਨ ਬਣਨ ਅਤੇ ਭਾਜਪਾ ਦੇ ਮੈਂਬਰ ਹੋਣ ਤੋਂ ਇਲਾਵਾ ਕੋਈ ਕਲਾਤਮਕ ਕੰਮ ਨਹੀਂ ਕੀਤਾ) ਅਤੇ ਪਿਛਲੇ ਦਿਨਾਂ ਵਿੱਚ ਸਭ ਤੋਂ ਚਰਚਿਤ ਮਾਮਲਾ ਹੈ ਫਿਲਮ ਐਂਡ ਟੇਲੀਵਿਜ਼ਨ ਇੰਸਟੀਚਿਊਟ ਆਫ ਇੰਡਿਆ ਦੇ ਪ੍ਰਧਾਨ ਦੇ ਰੂਪ ਵਿੱਚ ਗਜ਼ੇਂਦਰ ਚੌਹਾਨ ਦੀ ਨਿਯੁਕਤੀ। ਆਈਂਜੇਂਸਤਾਈਨ ਨੇ ਆਪਣੀਆਂ ਫਿਲਮਾਂ ਜਰੀਏ ਇਹ ਸਾਬਤ ਕੀਤਾ ਕਿ ਫਿਲਮਾਂ ਐਜੀਟੇਸ਼ਨ ਅਤੇ ਪ੍ਰਾਪੇਗੰਡਾ ਦਾ ਬੇਹੱਦ ਤਾਕਤਵਰ ਮਾਧਿਅਮ ਹਨ ਅਤੇ ਉਸਤੋਂ ਵੀ ਮਹੱਤਵਪੂਰਣ ਉਹ ਆਪ ਜਮਾਤੀ ਘੋਲ਼ ਦੀ ਇੱਕ ਰਣਭੂਮੀ ਹਨ। ਇਸ ਗੱਲ ਨੂੰ ਭਾਰਤ ਦੇ ਫਾਸੀਵਾਦੀ ਵੀ ਠੀਕ ਸਿੱਧ ਕਰ ਰਹੇ ਹਨ ਅਤੇ ਇਸ ਲਈ ਭਾਰਤ ਦੀ ਸਭ ਤੋਂ ਪ੍ਰੀਮਿਅਰ ਫਿਲਮ ਸੰਸਥਾ ਦਾ ਭਗਵਾਂਕਰਣ ਕਰਨ ਲਈ ਚੌਹਾਨ ਜਿਹੇ ਆਦਮੀ ਨੂੰ ਪ੍ਰਧਾਨ ਦੀ ਕੁਰਸੀ ਦੇ ਦਿੱਤੀ ਗਈ ਹੈ। ਅਜ਼ਾਦ ਸੋਚ ਅਤੇ ਪ੍ਰਗਟਾਵੇ ਨੂੰ ਕੁਚਲਣ ਦੀ ਇਹ ਮੁਹਿੰਮ ਲੰਬੇ ਸਮੇਂ ਤੋਂ ਚੱਲ ਰਹੀ ਹੈ, ਪਰ ਸੱਤ੍ਹਾ ਹਾਸਿਲ ਹੋਣ ਤੋਂ ਬਾਅਦ ਇਸ ਪੂਰੀ ਮੁਹਿੰਮ ਨੇ ਇੱਕ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਕੇਵਲ ਆਪਣੇ ਕੈਂਪਸਾਂ ਅਤੇ ਕਾਲਜ ਦੀ ਚੌਹੱਦੀ ਅੰਦਰ ਪ੍ਰਗਟਾਵੇ ਦੀ ਅਜ਼ਾਦੀ ਲਈ ਲੜਨ ਅਤੇ ਜਿੱਤ ਜਾਣ ਨਾਲ਼ ਕਲਾ ਉੱਤੇ ਹੋ ਰਹੇ ਬੇਰਹਿਮੀ ਹਮਲੇ ਨਾ ਤਾਂ ਰੁਕਣਗੇ ਤੇ ਨਾ ਹੀ ਖਤਮ ਹੋਣਗੇ। ਠੀਕ ਮਾਅਨੇ ਵਿੱਚ ਕਲਾਤਮਕ ਅਜ਼ਾਦੀ ਅਤੇ ਪ੍ਰਗਟਾਵੇ ਦੀ ਅਜ਼ਾਦੀ ਹਾਸਲ ਕਰਨ ਲਈ ਅਜੋਕੇ ਕਲਾਕਾਰਾਂ ਨੂੰ ਕਲਾ ਰਚਣ ਲਈ ਉਨ੍ਹਾਂ ਬਸਤੀਆਂ, ਝੁੱਗੀਆਂ, ਫੈਕਟਰੀਆਂ, ਕਾਰਖਾਨਿਆਂ ਵਿੱਚ ਜਾਣਾ ਪਵੇਗਾ ਜਿੱਥੋਂ ਜੀਵਨ ਦੀ ਸਿਰਜਣਾ ਹੁੰਦਹ ਹੈ। ਬਾਲਜ਼ਾਕ ਦੀ ਤਰ੍ਹਾਂ ਉਨ੍ਹਾਂ ਬਸਤੀਆਂ ਵਿੱਚ ਜਾ ਕੇ ਅਜੋਕੇ ਸਾਹਿਤਕਾਰ ‘ਹਿਊਮਨ ਕਾਮੇਡੀ’ ਵਰਗੀ ਰਚਨਾਵਾਂ ਨੂੰ ਘੜਣ ਬਾਰੇ ਸੋਚ ਸਕਦੇ ਹਨ, ਬ੍ਰੈਖਤ ਵਾਂਗ ਨਾਟਕਾਂ ਨੂੰ ਕਿਰਤੀ ਲੋਕਾਂ ਵਿੱਚ ਲਿਜਾਕੇ ਹੀ ਅੱਜ ਐਪਿਕ ਥਿਏਟਰ ਦੇ ਡਰਾਮੇ ਲਿਖੇ ਜਾ ਸਕਦੇ ਹਨ ਤੇ ਲੋਕਾਂ ਦੀ ਜ਼ਿੰਦਗੀ ਦੀਆਂ ਹਾਲਤਾਂ ਨੂੰ ਪੇਸ਼ ਕਰਨ ਵਾਲ਼ੀਆਂ ਫਿਲਮਾਂ ਹੀ ਆਇਜੇਂਸਤਾਇਨ ਦੀ ਪੋਤਮਕਿਨ ਵਰਗੀ ਉੱਨਤ ਫਿਲਮ ਬਣ ਸਕਦੀਆਂ ਹਨ। ਫਾਸੀਵਾਦੀਆਂ ਨੇ ਲੋਕਾਂ ਵਿੱਚ ਫਿਰਕਾਪ੍ਰਸਤੀ ਦਾ ਜ਼ਹਿਰ ਉਗਲ਼ ਕੇ ਉਨ੍ਹਾਂ ਨੂੰ ਵੰਡਣ ਅਤੇ ਉਨ੍ਹਾਂ ਦੇ ਅਸਲੀ ਦੁਸ਼ਮਣ ਯਾਨੀ ਇਸ ਸੱਤ੍ਹਾ ਨੂੰ ਬਚਾਉਣ ਦੀ ਆਪਣੀ ਕਾਰਵਾਈ ਬੇਹੱਦ ਤੇਜ਼ ਕਰ ਦਿੱਤੀ ਹੈ। ਸੰਘੀ ਨਿੱਕਰਧਾਰੀ ਆਮ ਕਿਰਤੀ ਅਬਾਦੀ ਵਿੱਚ ਆਪਣੀਆਂ ਸ਼ਾਖਾਵਾਂ ਜ਼ਰੀਏ ਫਿਰਕੂ ਜ਼ਹਿਰ ਲਗਾਤਾਰ ਉਗਲ਼ ਰਹੇ ਹਨ। ਉਨ੍ਹਾਂ ਨੇ ਲੋਕਾਂ ਵਿੱਚ ਆਪਣੇ ਮੋਰਚਿਆਂ ਨੂੰ ਬੇਹੱਦ ਡੂੰਘਾ ਅਤੇ ਵੱਡਾ ਕਰ ਲਿਆ ਹੈ। ਉਨ੍ਹਾਂ ਦਾ ਮੁਕਾਬਲਾ ਕਰਨ ਲਈ ਅਜੋਕੇ ਇਨਕਲਾਬੀਆਂ, ਇਨਸਾਫ ਪਸੰਦ ਨਾਗਰਿਕਾਂ, ਵਿਦਿਆਰਥੀਆਂ, ਨੌਜਵਾਨਾਂ ਨੂੰ ਵੀ ਮਿਲ਼ ਕੇ ਆਪਣੇ ਮੋਰਚੇ ਅਤੇ ਬੈਰੀਕਾਡ ਖੜੇ ਕਰਨੇ ਪੈਣਗੇ। ਕਲਾ ਉੱਤੇ ਫਾਸੀਵਾਦੀਆਂ ਦੇ ਹਮਲਿਆਂ ਦਾ ਜਵਾਬ ਸਾਨੂੰ ਕਲਾ ਦਾ ਸਿਆਸੀਕਰਨ ਕਰਕੇ ਦੇਣਾ ਪਵੇਗਾ। ਕਲਾ ਦੇ ਸਿਆਸੀਕਰਨ ਤੋਂ ਭਾਵ ਹੈ ਅਜਿਹੀਆਂ ਫਿਲਮਾਂ, ਡਰਾਮਾ, ਗੀਤ, ਸਾਹਿਤ, ਕਵਿਤਾਵਾਂ ਦੀ ਰਚਨਾ ਅਤੇ ਉਨ੍ਹਾਂ ਦਾ ਪ੍ਰਚਾਰ ਜੋ ਸਮੁੱਚੀ ਲੋਕਾਈ ਨੂੰ ਸੱਚਾਈ ਨਾਲ਼ ਇੱਕ ਆਲੋਚਨਾਤਮਕ ਰਿਸ਼ਤਾ ਬਣਾਉਣ ਵਿੱਚ ਮਦਦ ਕਰਨ ਅਤੇ ਉਨ੍ਹਾਂ ਨੂੰ ਜਮਾਤੀ ਅਧਾਰ ‘ਤੇ ਇੱਕਜੁਟ ਕਰਨ ਅਤੇ ਉਨ੍ਹਾਂ ਸਾਹਮਣੇ ਉਨ੍ਹਾਂ ਦੇ ਅਸਲੀ ਦੁਸ਼ਮਣ ਭਾਵ ਇਸ ਸੱਤ੍ਹਾ ਨੂੰ ਨੰਗਾ ਕਰ ਦੇਣ। ਬ੍ਰੈਖਤ ਦੇ ਐਪਿਕ ਥਿਏਟਰ ਦੀ ਸ਼ੈਲੀ ਵਿੱਚ ਡਰਾਮੇ ਉਦੋਂ ਹੀ ਤਿਆਰ ਕੀਤੇ ਜਾ ਸਕਣਗੇ ਜੋ ਲੋਕਾਂ ਨੂੰ ਇਹ ਦੱਸਣ ਕਿ ਬਰਬਰ ਲੋਟੂ ਢਾਂਚੇ ਵਿੱਚ ਉਹ ਜਮਾਤ ਹਮੇਸ਼ਾ ਗੁਲਾਮਾਂ ਦੀ ਜ਼ਿੰਦਗੀ ਜਿਉਂਣ ਲਈ ਮਜ਼ਬੂਰ ਰਹੇਗੀ ਜੋ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਸਿਰਜਕ ਹੈ, ਜੋ ਉਨ੍ਹਾਂ ਨੂੰ ਇਹ ਦੱਸੇਗਾ ਦੀ ਉਨ੍ਹਾਂ ਦੇ ਖੂਨ ਅਤੇ ਮੁੜ੍ਹਕੇ ਦੀ ਮਿਹਨਤ ਤੋਂ ਹੀ ਅਮੀਰਾਂ ਦੀਆਂ ਅੱਯਾਸ਼ੀਆਂ ਦਾ ਸਾਰਾ ਸਾਜੋ-ਸਾਮਾਨ ਤਿਆਰ ਕੀਤਾ ਜਾਂਦਾ ਹੈ ਅਤੇ ਜਿਸ ਨਰਕ ਵਰਗੀ ਜ਼ਿੰਦਗੀ ਨੂੰ ਜੀਣ ਲਈ ਉਨ੍ਹਾਂ ਨੂੰ ਮਜ਼ਬੂਰ ਕੀਤਾ ਜਾਂਦਾ ਹੈ ਉਸ ਖਿਲਾਫ ਉਨ੍ਹਾਂ ਨੂੰ ਇੱਕ ਜਮਾਤ ਦੇ ਰੂਪ ਵਿੱਚ ਇੱਕਜੁਟ ਹੋ ਕੇ ਸੰਘਰਸ਼ ਕਰਨਾ ਪਵੇਗਾ। ਅੱਜ ਸਾਡੇ ਸਮਾਜ ਨੂੰ ਅਜਿਹੇ ਕਲਾਕਾਰਾਂ, ਸਾਹਿਤਕਾਰਾਂ, ਕਵੀਆਂ, ਲੇਖਕਾਂ ਅਤੇ ਫਿਲਮਕਾਰਾਂ ਦੀ ਜ਼ਰੂਰਤ ਹੈ ਜੋ ਉਸ ਮਜ਼ਦੂਰ ਅਬਾਦੀ ਦੀ ਅਵਾਜ਼ ਬਣਨਗੇ ਜਿਨ੍ਹਾਂ ਦੀਆਂ ਚੀਖਾਂ ਵੀ ਅੱਜ ਸੱਤ੍ਹਾ ਵਿੱਚ ਬੈਠੇ ਲੋਕਾਂ ਤੱਕ ਨਹੀਂ ਪਹੁੰਚਦੀਆਂ। ਉਨ੍ਹਾਂ ਦੀ ਉਸ ਖਾਮੋਸ਼ੀ ਨੂੰ ਅਵਾਜ਼ ਦੇਣ ਦੀ ਜ਼ਰੂਰਤ ਹੈ ਜੋ ਇਸ ਢਾਂਚੇ ਦੀ ਅਸਲੀਅਤ ਨੂੰ ਬੇਪਰਦਾ ਕਰਦੇ ਹਨ। ਜਿਸ ਤਰ੍ਹਾਂ ਮਾਓ ਨੇ ਲੂ ਸ਼ੁਨ ਨੂੰ ਕਲਾ ਦੀ ਲੜਾਈ ਦੇ ਮੋਰਚੇ ਦਾ ਜਰਨੈਲ ਕਿਹਾ ਸੀ ਅੱਜ ਸਾਨੂੰ ਵੀ ਅਜਿਹੇ ਕਲਾਕਾਰਾਂ ਦੀ ਜ਼ਰੂਰਤ ਹੈ ਜੋ ਜਮਾਤੀ ਸੰਘਰਸ਼ ਦੇ ਇਸ ਮੋਰਚੇ ਉੱਤੇ ਮੋਹਰੀ ਕਤਾਰਾਂ ਵਿੱਚ ਖੜੇ ਹੋਣ ਅਤੇ ਦੁਸ਼ਮਣ ਦੇ ਕਲਾ ਨੂੰ ਵਿਗਾੜਨ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਣ।

ਆਇਜੇਂਸਤਾਇਨ ਦਾ ਖ਼ਤ

ਡਾਕਟਰ ਸਾਹਿਬ !

ਇਹ ਜਾਣ ਕੇ ਤੁਹਾਨੂੰ ਸ਼ਾਇਦ ਹੀ ਦੁੱਖ ਜਾਂ ਹੈਰਾਨੀ ਹੋਵੇ ਕਿ ਮੈਂ ਤੁਹਾਡੇ ਦੁਆਰਾ ਨਿਯੰਤਰਿਤ ਜਰਮਨ ਪ੍ਰੈੱਸ ਦਾ ਗਾਹਕ ਨਹੀਂ ਹਾਂ। ਮੈਂ ਆਮ ਤੌਰ ‘ਤੇ ਉਸਨੂੰ ਪੜ੍ਹਦਾ ਵੀ ਨਹੀਂ ਹਾਂ। ਸ਼ਾਇਦ ਇਸ ਲਈ ਤੁਹਾਨੂੰ ਇਹ ਜਾਣ ਕੇ ਥੋੜ੍ਹੀ ਹੈਰਾਨੀ ਹੋਵੇ ਕਿ ਕੁੱਝ ਉਂਝ ਹੀ ਸਹੀ, ਮੈਨੂੰ ਤੁਹਾਡੇ ਦੁਆਰਾ ਹੁਣੇ ਹੀ ਬਰਲਿਨ ਦੇ ਕਰੋਲ ਓਪੇਰਾ ਹਾਊਸ ਵਿੱਚ 10 ਫਰਵਰੀ ਨੂੰ ਫਿਲਮ ਨਿਰਮਾਤਾਵਾਂ ਨੂੰ ਦਿੱਤੇ ਭਾਸ਼ਣ ਬਾਰੇ ਪਤਾ ਚੱਲਿਆ।

ਇਸ ਮੌਕੇ ਉੱਤੇ ਤੁਸੀਂ ਦੂਜੀ ਵਾਰ ਮੇਰੀ ਫਿਲਮ ‘ਦ ਬੈਟਲਸ਼ਿਪ ਆਫ ਪੋਤੇਮਕਿਨ’ ਦੇ ਸੰਦਰਭ ਵਿੱਚ ਪ੍ਰਸੰਸਾਯੋਗ ਜ਼ਿਕਰ ਕੀਤਾ।

ਹੋਰ ਤਾਂ ਹੋਰ ਤੁਸੀਂ ਇੱਕ ਵਾਰ ਫੇਰ, ਜਿਵੇਂ ਕਿ ਇੱਕ ਸਾਲ ਪਹਿਲਾਂ ਕੀਤਾ ਸੀ, ਇਸਦੀ ਗੁਣਵੱਤਾ ਨੂੰ ਕੌਮੀ ਸਮਾਜਵਾਦੀ ਫਿਲਮਾਂ ਦੁਆਰਾ ਮਿਆਰੀ ਰੂਪ ਵਿੱਚ ਨਕਲ ਕਰਨ ਦੀ ਗੱਲ ਕੀਤੀ ਸੀ।

ਤੁਸੀਂ ਬੇਹੱਦ ਸਮਝ ਦਾ ਪ੍ਰਯੋਗ ਕਰਦੇ ਹੋਏ ਆਪਣੇ ਫਿਲਮ ਨਿਰਮਾਤਾਵਾਂ ਨੂੰ ਆਪਣੇ ਦੁਸ਼ਮਣਾਂ ਤੋਂ ਸਿੱਖਣ ਲਈ ਭੇਜ ਰਹੇ ਹੋ। ਪਰ ਅਜਿਹਾ ਕਰਦੇ ਹੋਏ ਤੁਸੀਂ ਇੱਕ ਛੋਟੀ ਜਿਹੀ ਵਿਧੀ-ਵਿਗਿਆਨ ਦੀ ਭੁੱਲ ਕਰ ਰਹੇ ਹੋ।

ਮੈਨੂੰ ਉਸ ਵੱਲ ਇਸ਼ਾਰਾ ਕਰਨ ਦਾ ਮੌਕਾ ਦਿਓ।

ਅਤੇ ਜੇਕਰ ਜੋ ਮੈਂ ਕਹਾਂ ਉਹ ਤੁਹਾਨੂੰ ਪਸੰਦ ਨਾ ਆਵੇ ਤਾਂ ਮੈਨੂੰ ਦੋਸ਼ ਨਾ ਦਿਓ।

ਅਸੀਂ ਤੁਹਾਨੂੰ ਸਿਖਾਉਣ ਲਈ ਦੁਖ਼ੀ ਨਹੀਂ ਹਾਂ – ਇਹ ਤਾਂ ਤੁਸੀਂ ਹੀ ਹੋ ਜੋ ਆਪਣੇ-ਆਪ ਨੂੰ ਸਾਡੇ ‘ਤੇ ਥੋਪ ਰਹੇ ਹੋ।

ਗ਼ਲਤੀ ਕਰਨਾ ਮਨੁੱਖ ਦਾ ਸੁਭਾਅ ਹੈ।

ਅਤੇ ਤੁਹਾਡਾ ਇਹ ਸੁਝਾਅ ਕਿ ਫਾਸੀਵਾਦ ਮਹਾਨ ਜਰਮਨ ਸਿਨੇਮਾ ਨੂੰ ਜਨਮ ਦੇ ਸਕਦਾ ਹੈ, ਇੱਕ ਵੱਡੀ ਭੁੱਲ ਹੈ।

ਭਾਵੇਂ ਪਵਿੱਤਰ ਆਰੀਆ ਪ੍ਰੇਤ ਦੀ ਸਭ ਤੋਂ ਜਿਆਦਾ ਦਇਆਪੂਰਣ ਮਦਦ ਦੇ ਨਾਲ਼ ਹੁੰਦਿਆਂ ਵੀ ਅਜਿਹਾ ਸੋਚਣਾ ਤੁਹਾਡੀ ਭੁੱਲ ਹੈ। ਏਂਗਲਜ਼ ਨੇ ਕਿਤੇ ਇੱਕ ਅੰਗਰੇਜ਼ੀ ਦੀ ਕਹਾਵਤ ਦਾ ਜ਼ਿਕਰ ਕੀਤਾ ਸੀ ਕਿ ‘ਦ ਪਰੂਫ਼ ਆਫ ਦ ਪੁਡਿੰਗ ਇਜ਼ ਇਨ ਦ ਈਟਿੰਗ’ ਭਾਵ ਸੇਬ ਖਾਕੇ ਹੀ ਇਸਦੀ ਸੱਚਾਈ ਸਿੱਧ ਹੁੰਦੀ ਹੈ। ਉਦਾਸੀ ਦਾ ਇੱਕ ਲੰਬਾ ਅਰਸਾ ਗੁਜ਼ਰ ਜਾਣ ਦੇ ਬਾਅਦ ਵੀ ਜਿਸ ਕੌਮੀ ਸਮਾਜਵਾਦ ਦੀਆਂ ਤੁਸੀਂ ਫੜ੍ਹਾਂ ਮਾਰਦੇ ਹੋ ਉਸਨੇ ਕਲਾ ਦੀ ਇੱਕ ਵੀ ਅਜਿਹੀ ਕਿਰਤ ਨਹੀਂ ਰਚੀ ਜੋ ਜ਼ਰਾ ਵੀ ਚੰਗੀ ਹੋਵੇ। ਇਸ ਲਈ ਜੋ ਦੋ ਭਾਸ਼ਣ ਤੁਸੀਂ ਹਾਲ ਵਿੱਚ ਦਿੱਤੇ ਹਨ ਉਸਦੀ ਤਰਜ਼ ‘ਤੇ ਤੁਹਾਨੂੰ ਕਈ ਭਾਸ਼ਣ ਦੇਣੇ ਪੈਣਗੇ। ਜਰਮਨ ਸਿਨੇਮਾ ਨੂੰ ਪ੍ਰੇਰਿਤ ਕਰਨਾ, ਜਿਸਨੂੰ ਅਤੀਤ ਵਿੱਚ ਕਈ ਉਪਲੱਬਧੀਆਂ ਹਾਸਲ ਕੀਤੀਆਂ ਸਨ ਪਰ ਹੁਣ ਫਾਸੀਵਾਦ ਦੇ ਚੁੰਗਲ਼ ਵਿੱਚ ਫਸ ਚੁੱਕਿਆ ਹੈ, ਇੱਕ ਬਹੁਤ ਹੀ ਥਕਾਊ ਅਤੇ ਸਭ ਤੋਂ ਜਿਆਦਾ ਅਰਥਹੀਣ ਕੰਮ ਹੈ। ਮੈਨੂੰ ਪੂਰੀ ਆਸ ਹੈ ਤੇ ਮੈਂ ਇਹ ਦ੍ਰਿੜਤਾ ਨਾਲ਼ ਕਾਮਨਾ ਕਰਦਾ ਹਾਂ ਕਿ ਜਰਮਨੀ ਦੀ ਮਜ਼ਦੂਰ ਜਮਾਤ ਤੁਹਾਨੂੰ ਇਸ ਥਕਾਣ ਵਾਲ਼ੇ ਕੰਮ ਤੋਂ ਅਜ਼ਾਦ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲਗਾਵੇਗੀ।

ਪਰ ਫਿਰ ਵੀ ਜੇਕਰ ਤੁਹਾਨੂੰ ਸਿਨੇਮੇ ਬਾਰੇ ਫਿਰ ਤੋਂ ਭਾਸ਼ਣ ਦੇਣ ਦੀ ਨੌਬਤ ਆਵੇ ਤਾਂ ਸਾਨੂੰ ਤੁਹਾਡੇ ਵਰਗੇ ਉੱਚੇ ਅਹੁਦੇ ‘ਤੇ ਬੈਠੇ ਆਦਮੀ ਨੂੰ ਅਜਿਹੀ ਭੁੱਲ ਕਰਨ ਦੀ ਇਜ਼ਾਜਤ ਨਹੀਂ ਦੇਣੀ ਚਾਹੀਦੀ ।

ਗੂੰਜਦੀਆਂ ਤਾੜੀਆਂ ਦੇ ਵਿੱਚ ਤੁਸੀਂ ਜਰਮਨ ਸਿਨੇਮਾ ਲਈ ਸ਼ਾਨਦਾਰ ਸਿਰਜਣਾਤਮਕ ਪ੍ਰੋਗਰਾਮ ਦੀ ਰੂਪ ਰੇਖਾ ਪੇਸ਼ ਕਰਦੇ ਹੋਏ ਕਿਹਾ :

“ਅਸਲ ਜ਼ਿੰਦਗੀ ਨੂੰ ਇੱਕ ਵਾਰ ਫਿਰ ਤੋਂ ਫਿਲਮਾਂ ਦਾ ਵਿਸ਼ਾ-ਵਸਤੂ ਬਣਨਾ ਚਾਹੀਦਾ ਹੈ! …

ਸਾਨੂੰ ਜਿੰਦਗੀ ਨੂੰ ਨਿਡਰ ਅਤੇ ਬਹਾਦਰ ਹੋ ਕੇ ਜਿਉਣਾ ਚਾਹੀਦਾ ਹੈ- ਬਿਨਾਂ ਔਕੜਾਂ ਜਾਂ ਅਸਫਲਤਾਵਾਂ ਤੋਂ ਡਰੇ। ਜਿੰਨੀ ਵੱਡੀ ਅਸਫਲਤਾ ਮਿਲ਼ੇ ਉਸ ਸਮੱਸਿਆ ਉੱਤੇ ਸਾਡਾ ਅਗਲਾ ਹਮਲਾ ਹੋਰ ਵੀ ਜ਼ੋਰਦਾਰ ਹੋਣਾ ਚਾਹੀਦਾ ਹੈ। ਜੇਕਰ ਅਸੀਂ ਹਰ ਅਸਫਲਤਾ ਉੱਤੇ ਆਪਣਾ ਹੌਸਲਾ ਗਵਾ ਬੈਠਦੇ ਤਾਂ ਅੱਜ ਅਸੀਂ ਕਿੱਥੇ ਹੁੰਦੇ? (ਤਾੜੀਆਂ ਦੀ ਗਰਜਣਾ) ਹੁਣ ਜਦੋਂ ਕਿ ਤੁੱਛ ਮਨੋਰੰਜਨ ਸਾਡੇ ਸਰਵਜਨਕ ਜੀਵਨ ਵਿੱਚ ਖਤਮ ਕੀਤਾ ਜਾ ਚੁੱਕਿਆ ਹੈ, ਤੁਹਾਨੂੰ ਸਾਰੇ ਫਿਲਮ ਨਿਰਮਾਤਾਵਾਂ ਨੂੰ ਅਮਰ ਜਰਮਨ ਲੋਕਾਂ ਦੇ ਵਿਸ਼ਿਆਂ ਨੂੰ ਵਾਪਸ ਲਿਆਉਣਾ ਪਵੇਗਾ ਅਤੇ ਉਸ ਉੱਤੇ ਫਿਲਮਾਂ ਬਣਾਉਣੀਆਂ ਪੈਣਗੀਆਂ। ਉਨ੍ਹਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਸਾਥੋਂ ਬਿਹਤਰ ਹੋਰ ਕੋਈ ਨਹੀਂ ਸਮਝਦਾ। ਲੋਕ ਉਂਝ ਹੀ ਬਣਦੇ ਹਨ ਜਿਵੇਂ ਉਨ੍ਹਾਂ ਨੂੰ ਬਣਾਇਆ ਜਾਵੇ (ਵਾਹ-ਵਾਹ ਦੀ ਅਵਾਜ਼) ਅਤੇ ਅਸੀਂ ਇਹ ਚੰਗੀ ਤਰ੍ਹਾਂ ਵਿਖਾ ਦਿੱਤਾ ਹੈ ਕਿ ਜਰਮਨ ਲੋਕ ਕੀ ਕਰ ਸਕਦੇ ਹਨ। (ਜ਼ੋਰਦਾਰ ਤਾੜੀਆਂ)

ਲੋਕ ਕਲਾ ਨਾਲ਼ੋਂ ਟੁੱਟੇ ਹੋਏ ਨਹੀਂ ਹਨ।

ਅਤੇ ਮੈਨੂੰ ਚੰਗੀ ਤਰ੍ਹਾਂ ਭਰੋਸਾ ਹੈ ਕਿ ਜੇਕਰ ਅਸੀਂ ਆਪਣੇ ਸਿਨੇਮਾਘਰਾਂ ਵਿੱਚ ਇੱਕ ਅਜਿਹੀ ਫਿਲਮ ਦਿਖਾਵਾਂਗੇ ਜੋ ਠੀਕ ਮਾਅਨੇ ਵਿੱਚ ਸਾਡੇ ਯੁੱਗ ਦਾ ਪ੍ਰਤੀਬਿੰਬਨ ਕਰੇ ਅਤੇ ਹਕੀਕਤ ਵਿੱਚ ਇੱਕ ਕੌਮੀ ਸਮਾਜਵਾਦੀ ‘ਬੈਟਲਸ਼ਿਪ’ ਹੋਵੇ ਤਾਂ ਸਿਨੇਮਾਘਰਾਂ ਦੀਆਂ ਸੀਟਾਂ ਲੰਬੇ ਸਮੇਂ ਤੱਕ ਭਰੀਆਂ ਰਹਿਣਗੀਆਂ।”

ਜਦੋਂ ਤੁਸੀਂ ਬੈਟਲਸ਼ਿਪ ਦੀ ਗੱਲ ਕਰਦੇ ਹੋ ਤਾਂ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੇ ਦਿਮਾਗ਼ ਵਿੱਚ ਕੇਵਲ ਪੋਤੇਮਕਿਨ ਹੀ ਨਹੀਂ ਸਗੋਂ ਸਮਕਾਲੀ ਸਿਨੇਮਾ ਦੀ ਸਾਰੀ ਸਫਲ ਲੜੀ ਹੈ। ਕੁੱਲ ਮਿਲ਼ਾਕੇ ਇਹ ਵਾਕਈ ਇੱਕ ਸ਼ਾਨਦਾਰ ਪ੍ਰੋਗਰਾਮ ਹੈ।

ਅਸੀਂ ਸਭ ਜਾਣਦੇ ਹਾਂ ਕਿ ਕੇਵਲ ਅਸਲ ਜ਼ਿੰਦਗੀ, ਜ਼ਿੰਦਗੀ ਦੀ ਸੱਚਾਈ ਅਤੇ ਜ਼ਿੰਦਗੀ ਦਾ ਸੱਚਾ ਚਿਤਰਣ ਹੀ ਸੱਚੀ ਕਲਾ ਦਾ ਅਧਾਰ ਬਣ ਸਕਦਾ ਹੈ।

ਅੱਜ ਜਰਮਨੀ ਦੀ ਸੱਚਾਈ ਨੂੰ ਇਮਾਨਦਾਰੀ ਨਾਲ਼ ਬਿਆਨ ਕਰਦੀ ਫਿਲਮ ਇੱਕ ਮਾਸਟਰਪੀਸ ਸਾਬਤ ਹੋ ਸਕਦੀ ਹੈ! ਫਿਲਹਾਲ ਤੁਹਾਨੂੰ ਆਪਣੇ ਇਸ ਸ਼ਾਨਦਾਰ ਪ੍ਰੋਗਰਾਮ ਨੂੰ ਹਕੀਕਤ ਵਿੱਚ ਬਦਲਣ ਲਈ ਚੰਗੀ ਸਲਾਹ ਦੀ ਜ਼ਰੂਰਤ ਹੈ।

ਤੁਹਾਨੂੰ ਬੇਸ਼ੱਕ ਹੀ ਸਲਾਹ ਦੀ ਜ਼ਰੂਰਤ ਹੈ ਅਤੇ ਥੋੜੀ-ਬਹੁਤ ਨਹੀਂ ਸਗੋਂ ਢੇਰ ਸਾਰੀ ਸਲਾਹ ਦੀ ਜ਼ਰੂਰਤ ਹੈ।

ਸਿੱਧੇ ਸਾਫ਼ ਸ਼ਬਦਾਂ ਵਿੱਚ ਕਹੀਏ ਤਾਂ ਤੁਹਾਨੂੰ ਪੂਰੇ ਸੋਵੀਅਤ ਢਾਂਚੇ ਦੀ ਜ਼ਰੂਰਤ ਹੈ।

ਕਿਉਂਕਿ ਸਾਡੇ ਸਮੇਂ ਵਿੱਚ ਮਹਾਨ ਕਲਾ, ਜੀਵਨ ਦਾ ਸੱਚਾ ਚਿਤਰਣ, ਜੀਵਨ ਦੀ ਸੱਚਾਈ ਅਤੇ ਜੀਵਨ ਆਪਣੇ-ਆਪ ਕੇਵਲ ਸੋਵੀਅਤਾਂ ਦੀ ਧਰਤੀ ਉੱਤੇ ਸੰਭਵ ਹੈ – ਪਹਿਲਾਂ ਉਸਦਾ ਜੋ ਵੀ ਨਾਮ ਰਿਹਾ ਹੋਵੇ।

ਪਰ ਸੱਚ ਅਤੇ ਕੌਮੀ ਸਮਾਜਵਾਦ ਦੋਵੇਂ ਆਪਸ ਵਿੱਚ ਵਿਰੋਧੀ ਹਨ।

ਜੋ ਵੀ ਸੱਚ ਦੇ ਨਾਲ਼ ਖੜ੍ਹਾ ਹੁੰਦਾ ਹੈ ਉਸਦਾ ਕੌਮੀ ਸਮਾਜਵਾਦ ਨਾਲ਼ ਕੁੱਝ ਲੈਣਾ-ਦੇਣਾ ਨਹੀਂ ਹੋ ਸਕਦਾ। ਜੋ ਵੀ ਸੱਚ ਦੇ ਪੱਖ ਵਿੱਚ ਖੜ੍ਹਾ ਹੁੰਦਾ ਹੈ ਉਹ ਤੁਹਾਡੇ ਵਿਰੁੱਧ ਖੜ੍ਹਾ ਹੈ।

ਤੁਹਾਡੀ ਹਿੰਮਤ ਕਿਵੇਂ ਹੋਈ ਕਿਤੇ ਵੀ ਜੀਵਨ ਬਾਰੇ ਗੱਲ ਕਰਨ ਦੀ, ਜਦੋਂ ਕਿ ਤੁਸੀਂ ਕੁਹਾੜੀ ਅਤੇ ਮਸ਼ੀਨਗੰਨ ਨਾਲ਼ ਆਪਣੇ ਦੇਸ਼ ਵਿੱਚ ਹਰ ਉੱਤਮ ਅਤੇ ਜਿਉਂਦੀ ਚੀਜ਼ ਉੱਤੇ ਮੌਤ ਅਤੇ ਗੁਲਾਮੀ ਦਾ ਕਹਿਰ ਵਰ੍ਹਾ ਰਹੇ ਹੋ?

ਤੁਸੀਂ ਜਰਮਨ ਮਜ਼ਦੂਰ ਜਮਾਤ ਦੇ ਸਭ ਤੋਂ ਚੰਗੇ ਬੇਟੇ-ਬੇਟੀਆਂ ਦਾ ਕਤਲੇਆਮ ਕਰਕੇ, ਧਰਤੀ ਦੀ ਸਤ੍ਹਾ ਉੱਤੇ ਜਰਮਨੀ ਦੇ ਸੱਚੇ ਵਿਗਿਆਨ ਦੀ ਕੁੱਖ ਅਤੇ ਸੰਸਾਰ ਸੱਭਿਆਚਾਰ ਦੇ ਚਿਥੜੇ ਬਖੇਰ ਰਹੇ ਹੋ।

ਤੁਹਾਡੀ ਹਿੰਮਤ ਕਿਵੇਂ ਹੋਈ ਆਪਣੇ ਸਿਨੇਮਾ ਨੂੰ ਜੀਵਨ ਦੇ ਯਥਾਰਥ ਦਾ ਸੱਚਾ ਚਿਤਰਣ ਕਰਨ ਦਾ ਸੱਦਾ ਦੇਣ ਦੀ, ਜਦੋਂ ਕਿ ਉਸਦਾ ਪਹਿਲਾ ਕਰਤੱਵ ਹੋਣਾ ਚਾਹੀਦਾ ਹੈ ਚੀਖ-ਚੀਖ ਕੇ ਪੂਰੀ ਦੁਨੀਆਂ ਨੂੰ ਉਨ੍ਹਾਂ ਹਜ਼ਾਰਾਂ-ਲੱਖਾਂ ਲੋਕਾਂ  ਬਾਰੇ  ਦੱਸਣਾ ਜੋ ਤੁਹਾਡੀਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਸੜ ਰਹੇ ਹਨ, ਜਿਨ੍ਹਾਂ ਦੀ ਲੁੱਟ ਕਰਕੇ ਉਹਨਾਂ ਨੂੰ ਤੁਹਾਡੇ ਤਸੀਹਾ ਕੈਂਪਾਂ ਵਿੱਚ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ?

ਲੀਪਜ਼ਿਗ ਵਿੱਚ ਬੇਬਲ ਦੀ ਕੰਧ ਤੋਂ ਉੱਚੇ ਬੇਸ਼ਰਮ ਝੂਠਾਂ ਦੀ ਕੰਧ ਖੜੀ ਕਰਨ ਤੋਂ ਬਾਅਦ ਤੂੰ ਕਿਸ ਮੂੰਹ ਨਾਲ਼ ਸੱਚਾਈ ਬਾਰੇ ਗੱਲ ਕਰਨ ਦੀ ਹਿੰਮਤ ਕੀਤੀ? ਉਹ ਵੀ ਅਜਿਹੇ ਵਕਤ ਜਦੋਂ ਤੁਸੀਂ ਥੇਲਮਾਨ ਖ਼ਿਲਾਫ ਕਾਰਵਾਈ ਕਰਨ ਲਈ ਬੇਈਮਾਨੀ ਅਤੇ ਝੂਠਾਂ ਦਾ ਇੱਕ ਨਵਾਂ ਢਾਂਚਾ ਖੜ੍ਹਾ ਕਰ ਰਹੇ ਹੋ?

ਤੁਸੀਂ ਇੱਕ ਚੰਗੇ ਆਜੜੀ ਦੀ ਤਰ੍ਹਾਂ ਆਪਣੇ ਭਾਸ਼ਣ ਵਿੱਚ ਅੱਗੇ ਕਹਿੰਦੇ ਹੋ, “ਮੈਨੂੰ ਬਸ ਇੰਨਾ ਵਿਸ਼ਵਾਸ ਦਿਵਾਉਣ ਦੀ ਜ਼ਰੂਰਤ ਹੈ ਕਿ ਇੱਕ ਫਿਲਮ ਦੇ ਪਿੱਛੇ ਇਮਾਨਦਾਰ ਕਲਾਤਮਕ ਨੀਅਤ ਹੋਵੇ ਅਤੇ ਮੈਂ ਹਰ ਤਰ੍ਹਾਂ ਉਸਦੀ ਕੋਸ਼ਿਸ਼ ਕਰਾਂਗਾ।”

ਸ਼੍ਰੀਮਾਨ ਗੋਏਬਲਸ, ਤੁਸੀਂ ਝੂਠ ਬੋਲ ਰਹੇ ਹੋ।

ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇੱਕ ਇਮਾਨਦਾਰ ਅਤੇ ਕਲਾਤਮਕ ਫਿਲਮ ਕੇਵਲ ਉਹੀ ਹੋ ਸਕਦੀ ਹੈ ਜੋ ਉਸ ਨਰਕ ਦਾ ਪਰਦਾਫਾਸ਼ ਕਰ ਦੇਵੇ ਜਿਸ ਵਿੱਚ ਜਰਮਨੀ ਨੂੰ ਕੌਮੀ ਸਮਾਜਵਾਦ ਨੇ ਧੱਕਿਆ ਹੈ।

ਤੁਸੀਂ ਸ਼ਾਇਦ ਹੀ ਅਜਿਹੀਆਂ ਫਿਲਮਾਂ ਨੂੰ ਉਤਸ਼ਾਹਿਤ ਕਰੋਗੇ।

ਸੱਚਾ ਜਰਮਨ ਸਿਨੇਮਾ ਕੇਵਲ ਉਹੀ ਹੋ ਸਕਦਾ ਹੈ ਜੋ ਇਨਕਲਾਬੀ ਲੋਕਾਈ ਦਾ ਤੁਹਾਡੇ ਖ਼ਿਲਾਫ ਘੋਲ਼ ਕਰਨ ਦਾ ਐਲਾਨ ਕਰੇ।

ਇਹ ਅਸਲ ਵਿੱਚ ਦਲੇਰੀ ਅਤੇ ਹਿੰਮਤ ਦੀ ਮੰਗ ਕਰਦਾ ਹੈ।

ਆਪਣੇ ਭਾਸ਼ਣ ਦੀ ਮਧੁਰ ਬਾਣੀ ਦੇ ਬਾਵਜੂਦ ਤੁਸੀਂ ਕਲਾ ਅਤੇ ਸੱਭਿਆਚਾਰ ਨੂੰ ਉਨ੍ਹਾਂ ਲੋਹੇ ਦੀਆਂ ਜ਼ੰਜੀਰਾਂ ਵਿੱਚ ਜਕੜ ਰੱਖਿਆ ਹੈ ਜਿਨ੍ਹਾਂ ਵਿੱਚ ਬੰਨ੍ਹ ਕੇ ਲੱਖਾਂ ਲੋਕ ਤੁਹਾਡੇ ਤਸੀਹਾ ਕੈਂਪਾਂ ਵਿੱਚ ਕੈਦ ਹਨ।

ਕਲਾ ਦੀਆਂ ਕ੍ਰਿਤੀਆਂ ਐਵੇਂ ਨਹੀਂ ਬਣਾਈਆਂ ਜਾਂਦੀਆਂ ਜਿਵੇਂ ਤੁਸੀਂ ਕਲਪਨਾ ਕਰਦੇ ਹੋ। ਮਿਸਾਲ ਦੇ ਤੌਰ ‘ਤੇ, ਅਸੀਂ ਜਾਣਦੇ ਹਾਂ ਅਤੇ ਕੁੱਝ ਹੱਦ ਤੱਕ ਸਿੱਧ ਕਰ ਚੁੱਕੇ ਹਾਂ ਕਿ ਕਲਾ ਦੀ ਕੋਈ ਵੀ ਕ੍ਰਿਤ ਉਦੋਂ ਪ੍ਰਸਿੱਧੀ ਅਤੇ ਨਾਮ ਦੀ ਹੱਕਦਾਰ ਹੁੰਦੀ ਹੈ ਜਦੋਂ ਕੋਈ ਕਲਾਕਾਰ ਇੱਕ ਪੂਰੀ ਜਮਾਤ ਦੇ ਸੰਘਰਸ਼ ਅਤੇ ਉਸਦੀ ਬਗ਼ਾਵਤ ਨੂੰ ਆਪਣੀ ਕਲਾ ਜ਼ਰੀਏ ਪੇਸ਼ ਕਰਦੀ ਹੈ। ਕਲਾ ਦੀ ਇੱਕ ਸੱਚੀ ਕ੍ਰਿਤ ਅਸਲ ਵਿੱਚ ਇੱਕ ਪੂਰੀ ਜਮਾਤ ਦੀ ਆਪਣੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਜਥੇਬੰਦ ਕੋਸ਼ਿਸ਼ ਹੁੰਦੀ ਹੈ ਜੋ ਉਸਦੀਆਂ ਪ੍ਰਾਪਤੀਆਂ, ਉਸਦੇ ਸਮਾਜਕ ਅਧਾਰ ਦੀਆਂ ਕਲਾ ਦੇ ਰੂਪ ਵਿੱਚ ਅਮਰ ਤਸਵੀਰਾਂ ਹੁੰਦੀਆਂ ਹਨ। ਕਲਾ ਦੀ ਕ੍ਰਿਤ ਜਿੰਨੀ ਸ਼ਾਨਦਾਰ ਹੁੰਦੀ ਹੈ ਓਨਾ ਹੀ ਜ਼ਿਆਦਾ ਇੱਕ ਕਲਾਕਾਰ ਲੋਕਾਂ ਦੀ ਸਿਰਜਣਾਤਮਕ ਊਰਜਾ ਨੂੰ ਸਮਝਣ, ਮਹਿਸੂਸ ਕਰਨ ਅਤੇ ਉਸਨੂੰ ਪ੍ਰਗਟਾਉਣ ਵਿੱਚ ਸਫਲ ਹੁੰਦਾ ਹੈ।

ਇਹ ਵਿਚਾਰ ਤੁਹਾਡੀ ਜਮਾਤ ਅਤੇ ਲੋਕਾਂ ਨੂੰ ਦੇਖਣ ਦੇ ਤੁਹਾਡੇ ਨਜ਼ਰੀਏੇ ਨਾਲ਼ੋਂ ਵੱਖਰਾ ਹੈ।

ਤੁਹਾਡੇ ਅਨੁਸਾਰ ”ਲੋਕ ਉਹ ਹੁੰਦੇ ਹਨ ਜੋ ਉਨ੍ਹਾਂ ਨੂੰ ਬਣਾਇਆ ਜਾਂਦਾ ਹੈ” ਅਤੇ ਅਜਿਹੇ ਮੂਰਖ ਮੌਜੂਦ ਹਨ ਜੋ ਇਹਨਾਂ ਸ਼ਬਦਾਂ ਉੱਤੇ ਵਾਹ-ਵਾਹ ਕਹਿ ਉੱਠਦੇ ਹਨ।

ਤੂੰ ਬੱਸ ਥੋੜੀ ਉਡੀਕ ਕਰ। ਮਜ਼ਦੂਰ ਜਮਾਤ ਤੇਰੀ ਇਸ ਧਾਰਨਾ ਨੂੰ ਆਪਣੇ ਤਰੀਕੇ ਨਾਲ਼ ਦਰੁਸਤ ਕਰੇਗੀ, ਜੇਕਰ ਅਸੀਂ ਉਸਨੂੰ ਅਜਿਹਾ ਕਹਿ ਸਕੇ, ਓ ਦੈਵੀ ਤਾਕਤ ਦੇ ਰਚਣਹਾਰਿਓ!

ਤਦ ਤੈਨੂੰ ਪਤਾ ਚੱਲੇਗਾ ਕਿ ਇਤਹਾਸ ਦਾ ਅਸਲੀ ਵਿਸ਼ਾ ਕੌਣ ਹਨ। ਤਦ ਤੈਨੂੰ ਪਤਾ ਚੱਲੇਗਾ ਕਿ ਕੌਣ ਕਿਸ ਨੂੰ ਬਣਾਉਂਦਾ ਹੈ ਅਤੇ ਤੇਰੇ ਨਾਲ਼ ਕੀ ਹੋਵੇਗਾ ਅਤੇ ਤੈਨੂੰ ਕੀ ਬਣਾਇਆ ਜਾਵੇਗਾ।

ਕਿਹਾ ਜਾਂਦਾ ਹੈ ਕਿ ਲੜਾਈ ਯੋਧਿਆਂ ਨੂੰ ਜਨਮ ਦਿੰਦੀ ਹੈ ਅਤੇ ਪਹਾੜਾਂ ਨੂੰ ਪੱਟਣ ‘ਤੇ ਚੂਹੇ ਨਿੱਕਲ਼ਦੇ ਹਨ।

ਪਰ ਨਹੀਂ, ਗੋਏਬਲਸ ਸ਼੍ਰੀਮਾਨ ਏਥੇਨਾ ਵਾਂਗ ਆਪਣੇ ਦਿਮਾਗ਼ ਵਿੱਚੋਂ ਨਵੇਂ ਜਰਮਨੀ ਦੀ ਉਸਾਰੀ ਕਰਨ ਦੇ ਦਾਅਵੇ ਨਾਲ਼ ਮਹਾਨ ਕੌਮੀ ਸਮਾਜਵਾਦੀ ਸਿਨੇਮਾ ਨੂੰ ਜਨਮ ਦੇ ਸਕਦੇ ਹਨ!

ਤੂੰ ਜਿੰਨਾ ਮਰਜੀ ਜ਼ੋਰ ਲਾ ਲੈ ਪਰ ‘ਕੌਮੀ ਸਮਾਜਵਾਦੀ ਯਥਾਰਥਵਾਦ’ ਦੀ ਸਿਰਜਣਾ ਨਹੀਂ ਕਰ ਸਕਦਾ! ਦੋਗਲ਼ੇ ਝੂਠਾਂ ਦੇ ਇਸ ਪੁਲਿੰਦੇ ਵਿੱਚ ਓਨਾ ਹੀ ਅਸਲ ਸੱਚ ਅਤੇ ਯਥਾਰਥ ਹੈ ਜਿੰਨਾ ਕੌਮੀ ਰਾਸ਼ਟਰੀ ਸਮਾਜਵਾਦ’ ਵਿੱਚ ਹੈ। ਕਾਮਰੇਡ ਸਤਾਲਿਨ ਨੇ ਇਸਦੀ ਠੀਕ ਮਾਤਰਾ ਦਾ ਅਨੁਮਾਨ ਲਾ ਕੇ 17ਵੀਂ ਪਾਰਟੀ ਕਾਂਗਰਸ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਦਰਜ ਕੀਤਾ ਹੈ।

ਇੱਕ ਕਣ ਵੀ ਨਹੀਂ!

”ਫਾਸੀਵਾਦ ਬਾਰੇ ਆਪਣੀ ਗੱਲ ਵਿੱਚ ਮੈਂ ਆਮ ਤੌਰ ‘ਤੇ ਨਹੀਂ ਸਗੋਂ ਮੁੱਖ ਤੌਰ ‘ਤੇ ਜਰਮਨ ਕਿਸਮ ਦੇ ਫਾਸੀਵਾਦ ਜਿਸਨੂੰ, ਗ਼ਲਤ ਤਰੀਕੇ ਨਾਲ਼ ਕੌਮੀ ਸਮਾਜਵਾਦ ਦਾ ਨਾਮ ਦਿੱਤਾ ਗਿਆ ਹੈ, ਵੱਲ ਇਸ਼ਾਰਾ ਕਰ ਰਿਹਾ ਹਾਂ। ਬਹੁਤ ਖੋਜ ਅਤੇ ਛਾਣਬੀਣ ਕਰਨ ‘ਤੇ ਵੀ ਇਸ ਵਿੱਚੋਂ ਸਮਾਜਵਾਦ ਦਾ ਇੱਕ ਕਣ ਲੱਭਣਾ ਅਸੰਭਵ ਹੈ।” (ਸਤਾਲਿਨ ਦੇ ਸ਼ਬਦ)

ਕੇਵਲ ਸੋਵੀਅਤ ਯੂਨੀਅਨ ਦਾ ਸਮਾਜਵਾਦੀ ਢਾਂਚਾ ਹੀ ਭਵਿੱਖ ਅਤੇ ਵਰਤਮਾਨ ਵਿੱਚ ਸ਼ਾਨਦਾਰ ਯਥਾਰਥਵਾਦੀ ਕਲਾ ਨੂੰ ਜਨਮ ਦੇਣ ਦੀ ਸਮਰੱਥਾ ਰੱਖਦਾ ਹੈ।

ਤੁਸੀਂ ਅਜਿਹਾ ਕਰਨ ਦੇ ਸਿਰਫ ਸੁਪਨੇ ਵੇਖ ਸਕਦੇ ਹੋ।

ਤੁਹਾਡੇ ਲਈ ਇਹ ਅੰਦਾਜਾ ਲਾਉਣਾ ਵੀ ਮੁਸ਼ਕਲ ਹੈ। ਤੁਸੀਂ ਇਸਨੂੰ ਗ਼ਲਤ ਅਤੇ ਉਲ਼ਟੇ ਤਰੀਕੇ ਨਾਲ਼ ਕਰ ਰਹੇ ਹੋ। ਤੁਸੀਂ ਗ਼ਲਤ ਪੱਤਿਆਂ ਨਾਲ਼ ਖੇਡ ਰਹੇ ਹੋ ਅਤੇ ਕੋਈ ਵੀ ਚਾਲ ਤੁਹਾਡੀ ਮਦਦ ਨਹੀਂ ਕਰੇਗੀ। ਤੁਸੀਂ ਆਪਣੀ ਲੈਅ-ਬੱਧ ਯੋਜਨਾ ਵਿੱਚ ਪ੍ਰਸ਼ਿਆਈ ਨੀਲਾ ਰੰਗ ਭਰਦੇ ਰਹੋ। ਪਰ ਸਿਰਫ ਸਮਾਜਵਾਦ ਅਤੇ ਸਮਾਜਵਾਦੀ ਪ੍ਰੋਗਰਾਮ ਦੇ ਤਹਿਤ ਹੀ ਹਰ ਤਰ੍ਹਾਂ ਦੀ ਕਲਾ ਲਈ ਸਿਰਜਣਾਤਮਕ ਜ਼ਮੀਨ ਤਿਆਰ ਕੀਤੀ ਜਾ ਸਕਦੀ ਹੈ।

ਚੇਲਿਉਸਕਿਨ ਦੇ ਬਹਾਦਰਾਂ ਦੇ ਵਾਇਰਲੈਸ ਸੰਦੇਸ਼ ਨਾਲ਼ ਸਾਡੇ ਤੱਕ ਇਹ ਖ਼ਬਰ ਪੁੱਜਦੀ ਹੈ ਕਿ ਬਰਫ ਵਿੱਚ ਫਸੇ ਅਤੇ ਕੈਦ ਹੋਣ ਤੋਂ ਬਾਅਦ ਵੀ 17ਵੀਂ ਕਾਂਗਰਸ ਪਾਰਟੀ ਦੀ ਕੇਂਦਰੀ ਕਮੇਟੀ ਦੇ ਕੰਮ ਬਾਰੇ ਰਿਪੋਰਟ ਤੋਂ ਉਨ੍ਹਾਂ ਨੂੰ ਤਾਕਤ ਦੇ ਭੰਡਾਰ ਮਿਲ਼ਦੇ ਹਨ, ਜਿਸ ਤੋਂ ਉਨ੍ਹਾਂ ਵਿੱਚ ਸਿਰਜਣਾਤਮਕਤਾ ਦੀ ਨਵੀਂ ਲਹਿਰ ਦੌੜ ਉੱਠਦੀ ਹੈ। ਮਹੀਨਿਆਂ ਤੱਕ ਤੁਹਾਡੀਆਂ ਬੇੜੀਆਂ ਵਿੱਚ ਕੈਦ ਕੀਤੇ ਗਏ ਕੈਦੀ ਅਤੇ ਸਾਡੇ ਪਿਆਰੇ ਵੀਰ ਦਮਿਤਰੋਵ, ਤਾਨੇਵ, ਪੋਪੋਵ ਬਾਹਰ ਦੀ ਦੁਨੀਆ ਤੋਂ ਬਿਲਕੁਲ ਕਟੇ ਹੋਏ ਸਨ। ਇੱਕ ਖੁਸ਼ੀ ਦਾ ਪਲ ਤਦ ਸੀ ਜਦੋਂ ਇਹ ਵਿਛੋੜਾ ਥੋੜ੍ਹੇ ਦਿਨ ਲਈ ਟੁੱਟਿਆ, ਜਦੋਂ ਉਨ੍ਹਾਂ ਤੱਕ ਇੱਕ ਅਖ਼ਬਾਰ ਅੱਪੜਿਆ। ਉਸਦੇ ਪੰਨਿਆਂ ਉੱਤੇ ਉਹੀ ਰਿਪੋਰਟ ਸੀ। ਉਸ ਪਲ਼, ਅਖ਼ਬਾਰ ਦੇ ਕੁੱਝ ਛਪੇ ਹੋਏ ਪੰਨਿਆਂ ਨਾਲ਼ ਕੈਦ ਦੇ ਉਨ੍ਹਾਂ ਅਨੇਕ ਮਹੀਨਿਆਂ ਦੇ ਤਸ਼ੱਦਦਾਂ ਦੀਆਂ ਤਕਲੀਫਾਂ ਦੀ ਭਰਪਾਈ ਹੋ ਗਈ। ਤਾਨੇਵ ਦੀ ਰਿਹਾਈ ਤੇ ਵਾਪਸੀ ਤੋਂ ਅਗਲੇ ਦਿਨ ਮੈਂ ਆਪਣੇ-ਆਪ ਉਸਦੇ ਦੇ ਮੂੰਹੋਂ ਸੁਣਿਆ ਕਿ ਅਖ਼ਬਾਰ ਦੇ ਉਸ ਪੰਨੇ ਦੀ ਕੈਦੀਆਂ ਲਈ ਕੀ ਅਹਿਮੀਅਤ ਸੀ। ਉਸ ਖ਼ਬਰ ਨੇ ਉਨ੍ਹਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ ਅਤੇ ਬੇਕਿਰਕ ਸੰਘਰਸ਼ ਪ੍ਰਤੀ ਇੱਕ ਨਵੇਂ ਅਹਿਸਾਸ ਨੂੰ ਜਗਾਇਆ।

ਉਨ੍ਹਾਂ ਪੰਨਿਆਂ ਵਿੱਚ ਉਹ ਸਭ ਸੀ ਜੋ ਇੱਕ ”ਇਨਕਲਾਬ ਦੇ ਸਿਪਾਹੀ” (ਸੋਵੀਅਤ ਨਾਗਰਿਕ ਦਮਿਤਰੋਵ ਦੇ ਸ਼ਬਦ) ਨੂੰ ਇੱਕ ਸਾਲ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਅਤੇ ਆਉਣ ਵਾਲ਼ੇ ਕਈ ਸਾਲਾਂ ਲਈ ਵੀ।

ਉਨ੍ਹਾਂ ਪੰਨਿਆਂ ਵਿੱਚ ਉਹ ਸਭ ਸੀ ਜਿਸਨੂੰ ਅਧਾਰ ਬਣਾ ਕੇ ਇੱਕ ‘ਕਲਾ ਦੇ ਖੇਤਰ ਵਿੱਚ ਇਨਕਲਾਬ ਦੇ ਸਿਪਾਹੀ’ ਨੇ ਆਪਣੇ ਸਿਰਜਣਾਤਮਕ ਪ੍ਰੋਗਰਾਮ ਨੂੰ ਤਿਆਰ ਕਰਨਾ ਹੈ। ਇੱਕ ਜਮਾਤ ਰਹਿਤ ਸਮਾਜ ਬਣਾਉਣ ਦੇ ਆਖਰੀ ਫੈਸਲਾਕੁੰਨ ਸੰਘਰਸ਼ਾਂ ਵਿੱਚ ਇਸਤੇਮਾਲ ਕਰਨ ਲਈ ਹਰ ਤਰ੍ਹਾਂ ਦੇ ਵਿਚਾਰਕ ਹਥਿਆਰ – ਸਾਹਿਤ, ਕਲਾ, ਸਿਨੇਮਾ ਦੀ ਸਿਰਜਣਾਤਮਕ ਰੂਪ-ਰੇਖਾ ਉਨ੍ਹਾਂ ਪੰਨਿਆਂ ਵਿੱਚ ਹੈ।

ਇਹ ਸਮਾਜਵਾਦੀ ਯਥਾਰਥਵਾਦ ਦੀ ਇੱਕ ਚੰਗੇਰੀ ਉਦਾਹਰਣ ਹੈ।

ਇਹ ਕਲਾਤਮਕ ਸਿਰਜਣਾ ਲਈ ਸਮਾਜਵਾਦੀ ਯਥਾਰਥਵਾਦ ਦਾ ਸਰਵਉੱਚ ਮਾਡਲ ਹੈ।

ਇਹ ਤੁਹਾਡੇ ਭਾਸ਼ਣਾਂ ਦੇ ਫੋਕੇ ਸ਼ਬਦ ਨਹੀਂ।

‘ਇਮਾਨਦਾਰ ਕਲਾਤਮਕ ਸਿਰਜਣਾਤਮਕਤਾ’ ਨੂੰ ਉੱਚ-ਪੱਧਰ ਦੀ ਸੁਰੱਖਿਆ ਦਾ ਵਾਅਦਾ ਕਰਨ ਤੋਂ ਬਾਅਦ ਤੁਸੀਂ ਨਿਮਰਤਾ ਨਾਲ਼ ਆਪਣੇ ਭਾਸ਼ਣ ਵਿੱਚ ਕਹਿੰਦੇ ਹੋ:

”ਪਰ ਮੈਨੂੰ ਅਜਿਹੀਆਂ ਫਿਲਮਾਂ ਨਹੀਂ ਚਾਹੀਦੀਆਂ ਜੋ ਕੌਮੀ ਸਮਾਜਵਾਦੀ ਜਲੂਸ ਦੇ ਨਾਲ਼ ਸ਼ੁਰੂ ਅਤੇ ਖ਼ਤਮ ਹੁੰਦੀਆਂ ਹਨ। ਕੌਮੀ ਸਮਾਜਵਾਦੀ ਜਲੂਸ ਤੁਸੀਂ ਸਾਡੇ ‘ਤੇ ਛੱਡ ਦਿਓ, ਉਹ ਅਸੀਂ ਤੁਹਾਡੇ ਨਾਲ਼ੋਂ ਬਿਹਤਰ ਤਰੀਕੇ ਨਾਲ਼ ਕਰਨਾ ਜਾਣਦੇ ਹਾਂ। ”

ਬਹੁਤ ਖੂਬ ਕਿਹਾ! ਬਹੁਤ ਖੂਬ!

ਆਪਣਾ ਢੋਲ਼ ਕੁੱਟਣਾ ਸ਼ੁਰੂ ਕਰ! ਓ ਮੁੱਖ ਢੋਲੀਆ!

ਆਪਣੀ ਜਾਦੂਈ ਬੰਸਰੀ ਉੱਤੇ ਸਿਨੇਮਾ ਵਿੱਚ ਕੌਮੀ ਸਮਾਜਵਾਦੀ ਯਥਾਰਥਵਾਦ ਦੀ ਧੁਨ ਨਾ ਵਜਾਈਂ।

ਆਪਣੇ ਆਦਰਸ਼ ਮਹਾਨ ਫਰੈਡਰਿਕ ਦੀ ਨਕਲ ਨਾ ਕਰ ਅਤੇ ਬੰਸਰੀ ਉੱਤੇ ਵੀ ਨਹੀਂ।

ਉਸੇ ਯੰਤਰ ਦੀ ਵਰਤੋਂ ਕਰ ਜਿਸਦੀ ਵਰਤੋਂ ਤੈਨੂੰ

ਆਉਂਦੀ ਹੈ ਕੁਹਾੜੀ ਦੀ!

ਅਤੇ ਸਮਾਂ ਬਰਬਾਦ ਨਾ ਕਰ।

ਜੱਲਾਦ ਦੀ ਕੁਹਾੜੀ ਨਾਲ਼ ਤੇਰਾ ਸਾਹਮਣਾ ਹੋਣ ਵਿੱਚ ਜ਼ਿਆਦਾ ਵਕਤ ਨਹੀਂ ਹੈ।

ਆਪਣੇ ਬਚੇ ਸਮੇਂ ਦਾ ਚੰਗੀ ਤਰ੍ਹਾਂ ਇਸਤੇਮਾਲ ਕਰ।

ਜਲ਼ਾ ਆਪਣੀਆਂ ਕਿਤਾਬਾਂ।

ਜਲ਼ਾ ਆਪਣੇ ਰਾਇਸ਼ਤਾਗ।

ਪਰ ਇਹ ਕਲਪਨਾ ਨਾ ਕਰ ਕਿ ਇਸ ਸਭ ਗਲਾਜ਼ਤ ਉੱਤੇ ਪਲ਼ੀ ਨੌਕਰਸ਼ਾਹਨਾ ਕਲਾ “ਲੋਕਾਂ”ਦੇ ਦਿਲਾਂ”ਵਿੱਚ ਆਪਣੀ ਅਵਾਜ਼ ਨਾਲ਼ ਜਵਾਲਾ ਭੜਕਾ ਦੇਵੇਗੀ!”

ਅਨੁਵਾਦ – ਬਲਤੇਜ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements