ਫ਼ਰਜ਼ੀ ਖੋਜਕਾਰਜ, ਜਾਅਲੀ ਮੈਗਜ਼ੀਨ •ਡਾ. ਅੰਮ੍ਰਿਤ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਿਸੇ ਵੀ ਵਿਗਿਆਨ ਦਾ ਇੱਕ ਬੁਨਿਆਦੀ ਥੰਮ੍ਹ ਉਸ ਵਿੱਚ ਲਗਾਤਾਰ ਹੋਣ ਵਾਲ਼ਾ ਖੋਜਕਾਰਜ ਹੁੰਦਾ ਹੈ ਜਿਸ ਵਿੱਚ ਵਿਗਿਆਨੀਆਂ ਵੱਲੋਂ ਕੀਤੇ ਜਾਂਦੇ ਤਜ਼ਰਬੇ ਤੇ ਉਹਨਾਂ ਵਿੱਚੋਂ ਕੱਢੇ ਗਏ ਸਿੱਟੇ, ਉਸ ਖੇਤਰ ਨਾਲ਼ ਸਬੰਧਤ ਅੰਕੜੇ ਤੇ ਤੱਥਾਂ ਨੂੰ ਇਕੱਠਾ ਕਰਨਾ ਅਤੇ ਉਹਨਾਂ ਦਾ ਵਿਸ਼ਲੇਸ਼ਣ ਕਰਕੇ ਕੱਢੇ ਗਏ ਨਤੀਜੇ ਸ਼ਾਮਲ ਹੁੰਦੇ ਹਨ। ਮੈਡੀਕਲ ਵਿਗਿਆਨ ਬਾਰੇ ਵੀ ਇਹ ਗੱਲ ਓਨੀ ਹੀ ਸੱਚ ਹੈ ਜਿੰਨੀ ਕਿਸੇ ਹੋਰ ਵਿਗਿਆਨ ਬਾਰੇ, ਪਰ ਹੁਣ ਮੈਡੀਕਲ ਵਿਗਿਆਨ ਦੀ ਇਸ ਬੁਨਿਆਦ ਉੱਤੇ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਅਤੇ ਇਹ ਸਵਾਲ ਕੋਈ ਬਾਹਰੀ ਵਿਅਕਤੀ ਨਹੀਂ ਸਗੋਂ ਮੈਡੀਕਲ ਵਿਗਿਆਨ ਨਾਲ਼ ਜੁੜੇ ਵਿਗਿਆਨੀ ਤੇ ਡਾਕਟਰ ਹੀ ਉਠਾ ਰਹੇ ਹਨ। ‘ਲਾਂਸੇਟ’ ਮੈਡੀਕਲ ਖੇਤਰ ਦਾ ਬਹੁਤ ਉੱਘਾ ਤੇ ਸਭ ਤੋਂ ਪੁਰਾਣੇ ਮੈਗਜ਼ੀਨਾਂ ਵਿੱਚੋਂ ਇੱਕ ਹੈ, ਜਿਸ ਵਿੱਚ ਛਪਣ ਵਾਲ਼ੇ ਖੋਜ-ਪੱਤਰਾਂ ਨੂੰ ਦੁਨੀਆਂ ਭਰ ਵਿੱਚ ਡਾਕਟਰ ਤੇ ਵਿਗਿਆਨੀ ਹਵਾਲਿਆਂ ਦੇ ਤੌਰ ‘ਤੇ ਵਰਤਦੇ ਹਨ ਅਤੇ ਇਸ ਵਿੱਚ ਆਪਣਾ ਖੋਜ-ਪੱਤਰ ਛਪਵਾਉਣਾ ਲੋਕਾਂ ਦਾ ਸੁਪਨਾ ਹੁੰਦਾ ਹੈ। ਇਸੇ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਰਿਚਰਡ ਹੌਰਟਨ (ਉਹ 1996 ਤੋਂ ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਹਨ) ਨੇ ਇਸ ਮੈਗਜ਼ੀਨ ਦੇ ਅਪ੍ਰੈਲ ਅੰਕ ਵਿੱਚ ਮੈਡੀਕਲ ਖੋਜਕਾਰਜਾਂ ਦੀ ਪ੍ਰਮਾਣਿਕਤਾ ਉੱਤੇ ਗੰਭੀਰ ਇਤਰਾਜ਼ ਉਠਾਏ ਹਨ।

ਡਾ. ਹੌਰਟਨ ਨੇ ਸੰਪਾਦਕੀ ਵਿੱਚ ਲਿਖਿਆ ਹੈ “ਵਿਗਿਆਨ ਖਿਲਾਫ਼ ਮਾਮਲਾ ਸਿੱਧਾ ਹੈ: ਵਿਗਿਆਨਕ ਲੇਖਣੀ ਦਾ ਵੱਡਾ ਹਿੱਸਾ, ਸ਼ਾਇਦ ਅੱਧਾ, ਹੋ ਸਕਦਾ ਹੈ ਕਿ ਸੱਚਾ ਨਾ ਹੋਵੇ। ਵਿਗਿਆਨ ਨੂੰ ਨਾਕਾਫ਼ੀ ਸੈਂਪਲ, ਮਾਮੂਲੀ ਫਾਇਦਿਆਂ, ਗਲਤ ਵਿਸ਼ਲੇਸ਼ਣ ਢੰਗਾਂ ਅਤੇ ਹਿਤਾਂ ਦੇ ਟਕਰਾਅ ਨਾਲ਼ ਗ੍ਰਸਤ ਅਧਿਐਨ ਤੇ ਨਾਲ਼ ਹੀ ਸ਼ੱਕੀ ਅਹਿਮੀਅਤ ਵਾਲ਼ੇ ਫੈਸ਼ਨੇਬਲ ਰੁਝਾਨਾਂ ਪਿੱਛੇ ਭੱਜਣ ਦਾ ਖਬਤ ਚਿੰਬੜੇ ਹੋਏ ਹਨ ਅਤੇ ਵਿਗਿਆਨ ਹਨੇਰੇ ਵੱਲ ਮੋੜ ਕੱਟ ਗਿਆ ਹੈ।” ਸੰਪਾਦਕੀ ਵਿੱਚ ਡਾਕਟਰ ਹੌਰਟਨ ਨੇ ਇੱਥੋਂ ਤੱਕ ਕਿਹਾ ਹੈ ਕਿ ਵੱਖ-ਵੱਖ ਮੈਗਜ਼ੀਨਾਂ ਦਾ ਸੰਪਾਦਕੀ ਅਮਲਾ ਅਜਿਹੇ ਖੋਜ-ਕਾਰਜ ਨੂੰ ਰੋਕਣ ਦੀ ਥਾਂ ਉਸਦੇ ਫੈਲਣ ਵਿੱਚ ਯੋਗਦਾਨ ਪਾਉਂਦਾ ਹੈ, ਨਾ ਸਿਰਫ ਮੈਗਜ਼ੀਨ ਸਗੋਂ ਯੂਨੀਵਰਸਿਟੀਆਂ/ਕਾਲਜ ਦਾ ਮਾਹੌਲ ਵੀ ਇਸ ਰੁਝਾਨ ਨੂੰ ਉਤਸ਼ਾਹਿਤ ਕਰਦੇ ਹਨ। ਕੁਝ ਇਹੋ ਜਿਹੇ ਵਿਚਾਰ ਹੀ ਇੱਕ ਹੋਰ ਬਹੁਤ ਉੱਘੇ ਮੈਡੀਕਲ ਮੈਗਜ਼ੀਨ ‘ਨਿਊ ਇੰਗਲੈਂਡ ਮੈਡੀਕਲ ਜਰਨਲ” ਦੀ ਸੰਪਾਦਕ ਡਾ.ਮਾਰਸਿਆ ਐਂਜਲ ਦੇ ਹਨ। ਉਹਨਾਂ ਅਨੁਸਾਰ – “ਜਿਹੜੀ ਮੈਡੀਕਲ ਖੋਜ ਪ੍ਰਕਾਸ਼ਿਤ ਹੋ ਰਹੀ ਹੈ ਉਸ ਉੱਤੇ ਯਕੀਨ ਕਰਨਾ ਹੁਣ ਸੰਭਵ ਨਹੀਂ ਰਿਹਾ, ਨਾ ਹੀ ਭਰੋਸੇਯੋਗ ਡਾਕਟਰਾਂ ਦੀਆਂ ਕਹੀਆਂ ਗੱਲਾਂ ਜਾਂ ਅਧਿਕਾਰਤ ਮੈਡੀਕਲ ਦਿਸ਼ਾ-ਨਿਰਦੇਸ਼ਾਂ ਉੱਤੇ ਨਿਰਭਰ ਹੋਇਆ ਜਾ ਸਕਦਾ ਹੈ। ਮੈਨੂੰ ਇਹ ਸਿੱਟਾ ਕੱਢਦੇ ਹੋਏ ਕੋਈ ਖੁਸ਼ੀ ਨਹੀਂ ਹੋ ਰਹੀ ਜਿਸ ਉੱਤੇ ਮੈਂ ‘ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ’ ਦੇ ਸੰਪਾਦਕ ਵਜੋਂ ਕੰਮ ਕਰਦੇ ਹੋਏ ਹੌਲ਼ੀ-ਹੌਲ਼ੀ ਤੇ ਬੜੇ ਅਣਮੰਨੇ ਮਨ ਨਾਲ਼ ਪਹੁੰਚੀ ਹਾਂ।”

ਗੈਰ-ਭਰੋਸੇਯੋਗ ਤੇ ਫ਼ਰਜ਼ੀ ਖੋਜ-ਪੱਤਰ ਨਾ ਸਿਰਫ਼ ਮਸ਼ਹੂਰ ਮੈਡੀਕਲ ਮੈਗਜ਼ੀਨਾਂ ਵਿੱਚ ਛਪਦੇ ਹਨ, ਸਗੋਂ ਇਸ ਤੋਂ ਵੀ ਅੱਗੇ ਫ਼ਰਜ਼ੀ ਮੈਗਜ਼ੀਨਾਂ ਦਾ ਇੱਕ ਵੱਡਾ ਧੰਦਾ ਹੈ। ਇਹ ਫ਼ਰਜ਼ੀ ਮੈਗਜ਼ੀਨ ਹਰ ਪੱਖੋਂ ਖਰੇ ਮੈਡੀਕਲ ਮੈਗਜ਼ੀਨ ਲੱਗਦੇ ਹਨ ਤੇ ਇਹਨਾਂ ਦੇ ਫ਼ਰਜ਼ੀ ਹੋਣ ਬਾਰੇ ਉਸ ਖੇਤਰ ਦਾ ਬਹੁਤ ਜਾਣੂ ਵਿਅਕਤੀ ਹੀ ਦੱਸ ਸਕਦਾ ਹੈ। ਜੈਫਰੀ ਬੇਅਲ ਜੋ ਅਮਰੀਕਾ ਦੇ ਇੱਕ ਅਕਾਦਮਿਕ ਲਾਇਬ੍ਰੇਰੀਅਨ ਹਨ, ਨੇ ਅਜਿਹੇ ਫ਼ਰਜ਼ੀ ਮੈਡੀਕਲ ਮੈਗਜ਼ੀਨਾਂ ਦੀ ਸੂਚੀ ਤਿਆਰ ਕੀਤੀ ਹੈ ਜਿਸ ਵਿੱਚ ਉਹ 1300 ਤੋਂ ਉੱਪਰ ਨਾਮ ਦਰਜ ਕਰ ਚੁੱਕੇ ਹਨ। ਕੁਝ ਮਹੀਨੇ ਪਹਿਲਾਂ ਹਾਰਵਰਡ ਯੂਨੀਵਰਸਿਟੀ ਦੇ ਸਕਾਲਰ ਮਾਰਕ ਸ਼੍ਰਿਮ ਨੇ ਕੈਂਸਰ ਦੇ ਇਲਾਜ ਵਿੱਚ ਭੋਜਨ ਦੀ ਭੂਮਿਕਾ ਸਬੰਧੀ ਇੱਕ ਫ਼ਰਜ਼ੀ ਖੋਜ-ਪੱਤਰ ਤਿਆਰ ਕਰਕੇ 37 ਮੈਡੀਕਲ ਮੈਗਜ਼ੀਨਾਂ ਨੂੰ ਭੇਜਿਆ ਜਿਸ ਵਿੱਚੋਂ 17 ਨੇ ਉਸਦਾ ਖੋਜ-ਪੱਤਰ ਪ੍ਰਵਾਨ ਕਰ ਲਿਆ। ਇੱਕ ਹੋਰ ਖੋਜਾਰਥੀ ਜੌਹਨ ਬੋਹਾਨਨ ਨੇ ਇਸੇ ਤਰ੍ਹਾਂ ਦਾ ਤਜ਼ਰਬਾ ਕੀਤਾ ਹੈ ਤੇ ਉਸਦੇ ਨਤੀਜੇ ਵੀ ਇਹੋ-ਜਿਹੇ ਹੀ ਹਨ। ਇਹ ਫ਼ਰਜ਼ੀ ਮੈਗਜ਼ੀਨ ਖੋਜਾਰਥੀਆਂ/ਵਿਗਿਆਨੀਆਂ ਨੂੰ ਈਮੇਲ ਦੇ ਮਾਧਿਅਮ ਨਾਲ਼ ਸੰਪਰਕ ਕਰਦੇ ਹਨ ਅਤੇ ਕੁਝ ਪੈਸਿਆਂ ਬਦਲੇ ਖੋਜ-ਪੱਤਰ ਛਾਪਣ ਦਾ ਲਾਲਚ ਦਿੰਦੇ ਹਨ। ਬਹੁਤ ਸਾਰੇ ਖੋਜਾਰਥੀ/ਵਿਗਿਆਨੀ ਜਿਹੜੇ ਆਪਣੇ ਖੋਜ-ਪੱਤਰ ਕਿਸੇ ਹੋਰ ਮੈਗਜ਼ੀਨ ਵਿੱਚ ਨਹੀਂ ਛਪਾ ਸਕੇ ਹੁੰਦੇ, ਉਹ ਇਹਨਾਂ ਮੈਗਜ਼ੀਨਾਂ ਦੇ ਜਾਲ਼ ਵਿੱਚ ਫਸ ਜਾਂਦੇ ਹਨ। ਫਾਇਦਾ ਦੋਵਾਂ ਧਿਰਾਂ ਦਾ ਹੁੰਦਾ ਹੈ, ਮੈਗਜ਼ੀਨ ਵਾਲ਼ੇ ਪੈਸੇ ਕਮਾਉਂਦੇ ਹਨ ਤੇ ਵਿਗਿਆਨੀ ਦਾ ਖੋਜ-ਪੱਤਰ ਛਪ ਜਾਂਦਾ ਹੈ। ਫਿਰ ਇਹਨਾਂ ਖੋਜ-ਪੱਤਰਾਂ ਦੇ ਹਵਾਲੇ ਉਸ ਖੇਤਰ ਦੇ ਹੋਰ ਖੋਜਾਰਥੀ ਆਪਣੇ ਖੋਜ-ਕਾਰਜਾਂ ਵਿੱਚ ਦਿੰਦੇ ਹਨ ਜਦਕਿ ਅਜਿਹੇ ਖੋਜ-ਪੱਤਰ ਅਕਸਰ ਫ਼ਰਜ਼ੀ ਹੁੰਦੇ ਹਨ ਜਾਂ ਫਿਰ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ। ਇਹਨਾਂ ਫ਼ਰਜ਼ੀ ਮੈਗਜ਼ੀਨਾਂ ਪਿੱਛੇ ਦਵਾ-ਕੰਪਨੀਆਂ ਤੇ ਮੈਡੀਕਲ ਖੇਤਰ ਜੁੜੀਆਂ ਹੋਰ ਕੰਪਨੀਆਂ ਵੀ ਹੁੰਦੀਆਂ ਹਨ ਜਿਹੜੀਆਂ ਆਪਣੀਆਂ ਦਵਾਈਆਂ ਤੇ ਹੋਰ ਉਤਪਾਦ ਵੇਚਣ ਲਈ ਇਹਨਾਂ ਫ਼ਰਜ਼ੀ ਮੈਗਜ਼ੀਨਾਂ ਵਿੱਚ ਛਪੇ ਫ਼ਰਜ਼ੀ ਖੋਜ-ਪੱਤਰਾਂ ਨੂੰ ਪ੍ਰਚਾਰ ਲਈ ਵਰਤਦੀਆਂ ਹਨ।

ਇਸ ਫ਼ਰਜ਼ੀ ਖੋਜ-ਕਾਰਜ ਦਾ ਨੁਕਸਾਨ ਵਿਗਿਆਨ ਤੇ ਆਮ ਲੋਕਾਂ ਨੂੰ ਬਰਾਬਰ ਭੁਗਤਣਾ ਪੈਂਦਾ ਹੈ। ਅਖ਼ਬਾਰਾਂ ਵਿੱਚ ਅਕਸਰ ਇਸ ਜਾਂ ਉਸ ਅਧਿਐਨ ਦੇ ਹਵਾਲੇ ਨਾਲ਼ ਕੋਈ ਚੀਜ਼ ਖਾਣ ਜਾਂ ਨਾ ਖਾਣ ਅਤੇ ਹੋਰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਖਬਰਾਂ ਛਪਦੀਆਂ ਰਹਿੰਦੀਆਂ ਹਨ ਪਰ ਇਹਨਾਂ ਅਧਿਐਨਾਂ ਦਾ ਸਹੀ ਹੋਣਾ ਸ਼ੱਕ ਦੇ ਘੇਰੇ ਵਿੱਚ ਹੁੰਦਾ ਹੈ, ਅਕਸਰ ਅਜਿਹੇ ਅਧਿਐਨ ਫ਼ਰਜ਼ੀ ਹੁੰਦੇ ਹਨ ਅਤੇ ਮੈਡੀਕਲ ਵਿਗਿਆਨ ਦੇ ਉਲ਼ਟ ਹੁੰਦੇ ਹਨ। ਅਜਿਹੇ ਅਧਿਐਨ ਸਿਰਫ ਕਿਸੇ ਚੀਜ਼ ਦੀ ਵਿੱਕਰੀ ਵਧਾਉਣ ਦੇ ਮਨਸ਼ੇ ਨਾਲ਼ ਕਰਵਾਏ ਜਾਂਦੇ ਹਨ, ਕਿਉਂਕਿ ਅਜਿਹੇ ਅਧਿਐਨਾਂ ਦਾ ਉੱਘੇ ਤੇ ਜਾਣੇ-ਪਛਾਣੇ ਮੈਗਜ਼ੀਨਾਂ ਵਿੱਚ ਛਪ ਸਕਣਾ ਔਖਾ ਹੁੰਦਾ ਹੈ, ਇਸ ਲਈ ਇਹਨਾਂ ਨੂੰ ਅਜਿਹੇ ਜਾਅਲੀ ਮੈਗਜ਼ੀਨਾਂ ਵਿੱਚ ਛਪਵਾ ਲਿਆ ਜਾਂਦਾ ਹੈ ਅਤੇ ਫਿਰ ਉਸ ਦੇ ਅਧਾਰ ਉੱਤੇ ਪ੍ਰਚਾਰਿਆ ਜਾਂਦਾ ਹੈ। “ਰੈੱਡ ਵਾਈਨ” ਪੀਣ ਨਾਲ਼ ਮੋਟਾਪਾ ਦੂਰ ਹੋਣ ਦਾ ਰੌਲ਼ਾ ਪੈਂਦਾ ਰਿਹਾ ਹੈ, ਜਿਸ ਲਈ ਕਈ ਅਧਿਐਨਾਂ ਦੇ ਹਵਾਲੇ ਦਿੱਤੇ ਗਏ ਜਦਕਿ ਸਿਹਤ-ਵਿਗਿਆਨੀ ਇਸ ਨੂੰ ਗਲਤ ਪ੍ਰਚਾਰ ਦੱਸ ਰਹੇ ਸਨ। ਚਾਕਲੇਟ ਖਾ ਕੇ ਭਾਰ ਘਟਣ ਤੇ ਹੋਰ ਵੀ ਕਈ ਫਾਇਦੇ ਹੋਣ ਦੀਆਂ ਖ਼ਬਰਾਂ ਅਕਸਰ ਛਪਦੀਆਂ/ਪ੍ਰਸਾਰਤ ਹੁੰਦੀਆਂ ਰਹਿੰਦੀਆਂ ਹਨ ਪਰ ਇਹਨਾਂ ਖ਼ਬਰਾਂ ਦਾ ਅਧਾਰ ਵੀ ਆਮ ਕਰਕੇ ਇਹੀ ਫ਼ਰਜ਼ੀ ਖੋਜ-ਕਾਰਜ ਹੁੰਦਾ ਹੈ। ਅਖ਼ਬਾਰਾਂ/ਰਸਾਲਿਆਂ ਰਾਹੀਂ ਤਾਂ ਅਜਿਹਾ ਖੋਜ-ਕਾਰਜ ਲੋਕਾਂ ਦਾ ਨੁਕਸਾਨ ਕਰਦਾ ਹੀ ਹੈ, ਫ਼ਰਜ਼ੀ ਖੋਜ-ਕਾਰਜ ਸਿਹਤ-ਵਿਗਿਆਨ ਨੂੰ ਬੇਹੱਦ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਵੱਖ-ਵੱਖ ਬਿਮਾਰੀਆਂ ਦੀ ਪਛਾਣ ਲਈ, ਉਹਨਾਂ ਦੇ ਇਲਾਜ ਲਈ ਤੇ ਇਲਾਜ ਦੌਰਾਨ ਬਿਮਾਰੀ ਦੇ ਰੁਖ਼ ਨੂੰ ਦੇਖਣ ਲਈ ਕਈ ਪੈਮਾਨੇ ਬਣਾਏ ਜਾਂਦੇ ਹਨ, ਇਲਾਜ ਲਈ ਦਵਾਈਆਂ ਤੈਅ ਹੁੰਦੀਆਂ ਹਨ ਅਤੇ ਇਹ ਸਭ ਕੁਝ ਸਿਹਤ-ਵਿਗਿਆਨ ਵਿੱਚ ਹੁੰਦੇ ਖੋਜ-ਕਾਰਜ ਦੇ ਅਧਾਰ ਉੱਤੇ ਹੀ ਹੁੰਦਾ ਹੈ। ਹੁਣ ਜੇ ਖੋਜ-ਕਾਰਜ ਹੀ ਫ਼ਰਜ਼ੀ ਹੈ ਤਾਂ ਇਹਨਾਂ ਪੈਮਾਨਿਆਂ ਦਾ ਕੀ ਬਣਦਾ ਹੋਵੇਗਾ, ਇਹ ਤਾਂ ਅਸੀਂ ਸਹਿਜੇ ਹੀ ਸੋਚ ਸਕਦੇ ਹਾਂ। ਇਸ ਦਾ ਖਮਿਆਜ਼ਾ ਫਿਰ ਮਰੀਜ਼ਾਂ ਨੂੰ ਭੁਗਤਣਾ ਪੈਂਦਾ ਹੈ। ਤੀਸਰਾ, ਵਿਗਿਆਨ ਦਾ ਅਗਲੇਰਾ ਵਿਕਾਸ ਉਸਦੇ ਹੁਣ ਤੱਕ ਹੋਏ ਵਿਕਾਸ ਤੇ ਖੋਜ-ਕੰਮ ਉੱਤੇ ਟਿਕਿਆ ਹੁੰਦਾ ਹੈ। ਇੱਕ ਗਲਤ “ਖੋਜ” ਕਿਸੇ ਖੋਜ-ਕਾਰਜ ਨੂੰ, ਜਿਹੜਾ ਉਸਨੂੰ ਬੁਨਿਆਦ ਬਣਾ ਕੇ ਚੱਲਦਾ ਹੈ, ਉੱਕਾ ਹੀ ਗਲਤ ਰਸਤੇ ਲਿਜਾ ਸਕਦਾ ਹੈ ਜਿਸ ਦਾ ਨੁਕਸਾਨ ਸਾਧਨਾਂ ਦੀ ਬਰਬਾਦੀ (ਜੇ ਗਲਤ ਨਤੀਜਿਆਂ ਦਾ ਪਤਾ ਲੱਗ ਗਿਆ) ਵਿੱਚ ਨਿੱਕਲ਼ਦਾ ਹੈ ਅਤੇ ਜੇ ਬੁਨਿਆਦੀ ਗਲਤੀ ਦਾ ਪਤਾ ਹੀ ਨਾ ਲੱਗ ਸਕਿਆ ਤਾਂ ਉਸ ਤੋਂ ਨਿੱਕਲਣ ਵਾਲ਼ੇ ਗਲਤ ਸਿੱਟਿਆਂ ਦਾ ਨਤੀਜਾ ਵਿਗਿਆਨ ਤੇ ਵਿਗਿਆਨੀ ਨੂੰ ਭੁਗਤਣਾ ਪੈਣਾ ਹੈ।

ਜਿਵੇਂ ਕਿ ਅਸੀਂ ਦੇਖਿਆ ਹੈ, ਖੋਜ-ਕਾਰਜ ਦਾ ਖਰਾ ਹੋਣਾ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਕਿੰਨਾ ਜਰੂਰੀ ਹੈ ਕਿਉਂਕਿ ਇਹ ਖੇਤਰ ਸਿੱਧਾ ਮਨੁੱਖੀ ਜਾਨਾਂ ਨਾਲ਼ ਜੁੜਿਆ ਹੋਇਆ ਹੈ, ਪਰ ਤਾਂ ਵੀ ਫ਼ਰਜ਼ੀ ਖੋਜ-ਕਾਰਜ ਦਾ ਗੋਰਖ-ਧੰਦਾ ਨਾ ਸਿਰਫ ਧੜੱਲੇ ਨਾਲ਼ ਚੱਲ ਰਿਹਾ ਹੈ, ਸਗੋਂ ਵਧ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਵਿੱਚ ਤਿੱਖਾ ਵਾਧਾ ਹੋਇਆ ਹੈ। ਡਾ. ਹੌਰਟਨ ਇਸ ਫ਼ਰਜ਼ੀ ਤੇ ਗੈਰ-ਭਰੋਸੇਯੋਗ ਖੋਜ-ਕਾਰਜ ਪਿੱਛੇ ਕੰਮ ਕਰਦੇ ਕਈ ਕਾਰਨ ਗਿਣਾਉਂਦੇ ਹਨ। ਲੋਕ ਮਸ਼ਹੂਰ ਮੈਗਜ਼ੀਨਾਂ ਵਿੱਚ ਛਪਣ ਲਈ ਹੋੜ੍ਹ ਵਿੱਚ ਹਨ, ਖੋਜ-ਕਾਰਜ ਵਿੱਚੋਂ ਸਿੱਟੇ ਕੱਢਣ ਦਾ ਤਰੀਕਾ ਤਸੱਲੀਬਖਸ਼ ਨਹੀਂ ਹੈ, ਵਿਗਿਆਨੀ ਪਹਿਲੋਂ ਤੈਅ ਕੀਤੇ ਨਤੀਜਿਆਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਖੋਜ-ਕਾਰਜ ਨੂੰ “ਡੀਜ਼ਾਇਨ” ਕਰਦੇ ਹਨ, ਮੈਗਜ਼ੀਨਾਂ ਦੇ ਸੰਪਾਦਕਾਂ ਤੇ ਮੈਡੀਕਲ ਵਿੱਦਿਅਕ ਸੰਸਥਾਵਾਂ ਵੱਲੋਂ ਅਜਿਹੇ ਖੋਜ-ਕਾਰਜ ਨੂੰ ਉਤਸ਼ਾਹਤ ਕਰਨ ਦੀ ਗੱਲ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇਹਨਾਂ ਕਾਰਨਾਂ ਦੀ ਚਰਚਾ ਕਰਦੇ-ਕਰਦੇ ਉਹ ਅਸਲੀ ਕਾਰਨ ਵੱਲ ਇਸ਼ਾਰਾ ਕਰ ਜਾਂਦੇ ਹਨ (ਭਾਵੇਂ ਉਹ ਖੁੱਲ੍ਹ ਕੇ ਨਹੀਂ ਕਹਿੰਦੇ), “ਵਿਗਿਆਨੀਆਂ ਨੂੰ ਇਸ ਲਈ ਪੈਸੇ ਨਹੀਂ ਮਿਲ਼ਦੇ ਕਿ ਉਹ ਸਹੀ ਖੋਜ ਕਰਨ, ਸਗੋਂ ਇਸ ਲਈ ਪੈਸਾ ਮਿਲ਼ਦਾ ਹੈ ਕਿ ਉਹ ਕਿੰਨਾ ਲਾਭ ਕਮਾ ਕੇ ਦਿੰਦੇ ਹਨ।” ਸੁਭਾਵਿਕ ਹੈ ਕਿ ਉਹ ਇੱਕ ਡਾਕਟਰ ਹਨ, ਇੱਕ ਵਿਸ਼ੇਸ਼ ਖੇਤਰ ਨਾਲ਼ ਜੁੜੇ ਤੇ ਬਾਕੀਆਂ ਖੇਤਰਾਂ ਖਾਸ ਕਰਕੇ ਸਮਾਜ-ਵਿਗਿਆਨਾਂ ਨਾਲ਼ੋਂ ਟੁੱਟੇ ਹੋਣ ਕਰਕੇ ਉਹ ਇਸ ਸਭ ਕੁਝ ਦੇ ਹੱਲ ਦੀ ਚਰਚਾ ਕਰਦੇ ਹੋਏ ਬਹੁਤੇ ਸੁਝਾਅ ਨਹੀਂ ਦੱਸਦੇ, ਸਿਵਾਏ ਇਸਦੇ ਕਿ ਖੋਜ-ਕਾਰਜ ਦੇ ਸਿੱਟੇ ਕੱਢਣ ਦੇ ਤਰੀਕਿਆਂ ਨੂੰ ਹੋਰ ਬਿਹਤਰ ਕਰਨਾ ਚਾਹੀਦਾ ਹੈ ਤੇ ਖੋਜ-ਕਾਰਜਾਂ ਦੀ ਹੋਰ ਚੰਗੀ ਤਰ੍ਹਾਂ ਜਾਂਚ-ਪੜਤਾਲ ਦੇ ਢੰਗ-ਤਰੀਕੇ ਵਿਕਸਤ ਕਰਨੇ ਚਾਹੀਦੇ ਹਨ।

ਇਹ ਠੀਕ ਹੈ ਕਿ ਖੋਜ-ਕਾਰਜਾਂ ਦੀ ਜਾਂਚ-ਪੜਤਾਲ਼ ਚੰਗੀ ਤਰ੍ਹਾਂ ਨਾ ਹੋਣਾ ਵੀ ਫ਼ਰਜ਼ੀ ਖੋਜ-ਕਾਰਜਾਂ ਦੇ ਵਾਧੇ ਪਿੱਛੇ ਇੱਕ ਕਾਰਨ ਹੈ ਪਰ ਇਹ ਸਮੁੱਚ ਨਹੀਂ ਹੈ, ਸਗੋਂ ਅੰਸ਼ ਹੈ। ਅਸਲ ਕਾਰਨ ਮੁਨਾਫ਼ੇ ਉੱਤੇ ਟਿਕਿਆ ਢਾਂਚਾ ਹੈ। ਇੱਥੇ ਹਰ ਵਿਅਕਤੀ ਦੂਜੇ ਵਿਅਕਤੀ ਨੂੰ ਦਰੜ ਕੇ ਅੱਗੇ ਲੰਘਣਾ ਚਾਹੁੰਦਾ ਹੈ, ਇਹ ਵਿਅਕਤੀ ਦੀ ਚੋਣ ਨਹੀਂ ਹੈ ਸਗੋਂ ਉਸ ਉੱਤੇ ਥੋਪਿਆ ਹੋਇਆ ਹੈ ਜਿਸ ਤੋਂ ਉਹ ਬਚ ਨਹੀਂ ਸਕਦਾ। ਕਿਸੇ ਵਿਗਿਆਨੀ ਜਾਂ ਡਾਕਟਰ ਨੇ ਕਿਸੇ ਖੋਜ-ਕੇਂਦਰ ਜਾਂ ਯੂਨੀਵਰਸਿਟੀ ਵਿੱਚ ਪਹੁੰਚਣਾ ਹੈ ਤਾਂ ਉਸ ਉੱਤੇ ਵਿੱਦਿਅਕ ਪੈਮਾਨਿਆਂ ਉੱਤੇ ਖਰੇ ਉੱਤਰਨ ਦਾ ਦਬਾਅ ਹੈ। ਇਹਨਾਂ ਵਿੱਦਿਅਕ ਪੈਮਾਨਿਆਂ ਵਿੱਚ ਛਪ ਚੁੱਕੇ ਖੋਜ-ਪੱਤਰਾਂ ਦੀ ਗਿਣਤੀ ਵੀ ਹੁੰਦੀ ਹੈ, ਜਿੰਨਾ ਮਸ਼ਹੂਰ ਕੋਈ ਖੋਜ-ਕੇਂਦਰ ਜਾਂ ਯੂਨੀਵਰਸਿਟੀ ਹੁੰਦੀ ਹੈ, ਓਨਾ ਹੀ ਵਧੇਰੇ ਉਹਨਾਂ ਵੱਲੋਂ ਛਪ ਚੁੱਕੇ ਖੋਜ-ਪੱਤਰਾਂ ਦੀ ਗਿਣਤੀ ਮੰਗੀ ਜਾਂਦੀ ਹੈ। ਇਸ ਪੈਮਾਨੇ ਨੂੰ ਵੱਧ ਤੋਂ ਵੱਧ ਆਪਣੇ ਪੱਖ ਵਿੱਚ ਵਰਤਣ ਲਈ ਵਿਗਿਆਨੀਆਂ/ਡਾਕਟਰਾਂ ਵਿੱਚ ਹੋੜ੍ਹ ਲੱਗੀ ਰਹਿੰਦੀ ਹੈ, ਭਾਵ ਖੋਜ-ਕਾਰਜ ਦਾ ਮਕਸਦ ਖੋਜ ਨਹੀਂ ਸਗੋਂ ਚੰਗਾ ਕੈਰੀਅਰ, ਚੰਗੀ ਨੌਕਰੀ ਹੁੰਦਾ ਹੈ। ਇਸ ਤੋਂ ਇਲਾਵਾ ਅੱਜਕੱਲ੍ਹ ਮੈਡੀਕਲ ਖੇਤਰ ਵਿੱਚ ਖੋਜ-ਪੱਤਰ ਛਪਵਾਉਣਾ ਇੱਕ “ਸਟੇਟਸ ਸਿੰਬਲ”, ਇੱਕ ਫੈਸ਼ਨ ਬਣਿਆ ਹੋਇਆ ਹੈ, ਜਿਸ ਕਾਰਨ ਹਰ ਕੋਈ ਖੋਜ-ਪੱਤਰ ਛਪਵਾਉਣ ਦੇ ਜੋੜ-ਤੋੜ ਵਿੱਚ ਲੱਗਿਆ ਰਹਿੰਦਾ ਹੈ। ਅਜਿਹੇ ਵਿਗਿਆਨੀ/ਡਾਕਟਰ ਫ਼ਰਜ਼ੀ ਮੈਗਜ਼ੀਨਾਂ ਲਈ ਅਸਾਨ ਸ਼ਿਕਾਰ ਹੁੰਦੇ ਹਨ। ਦੂਸਰਾ, ਬਹੁਤਾ ਖੋਜ-ਕਾਰਜ ਹੁਣ ਦਵਾ-ਕੰਪਨੀਆਂ ਤੇ ਮੈਡੀਕਲ ਖੇਤਰ ਨਾਲ਼ ਜੁੜੀਆਂ ਦੂਜੀਆਂ ਕੰਪਨੀਆਂ ਦੇ ਹੱਥ ਵਿੱਚ ਆ ਚੁੱਕਾ ਹੈ ਅਤੇ ਇਹ ਕੰਪਨੀਆਂ ਖੋਜ-ਕਾਰਜ ਨੂੰ ਮਨੁੱਖਤਾ ਦੇ ਫਾਇਦੇ ਲਈ, ਵਿਗਿਆਨ ਨੂੰ ਅੱਗੇ ਵਧਾਉਣ ਲਈ ਨਹੀਂ ਸਗੋਂ ਆਪਣਾ ਮੁਨਾਫ਼ਾ ਵਧਾਉਣ ਲਈ ਵਰਤਦੀਆਂ ਹਨ। ਡਾ. ਹੌਰਟਨ ਦਾ ਇਸ਼ਾਰਾ ਇਸ ਵੱਲ ਹੀ ਸੀ ਜਦੋਂ ਉਹ ਕਹਿੰਦੇ ਹਨ ਕਿ “ਵਿਗਿਆਨੀਆਂ ਨੂੰ ਇਸ ਲਈ ਪੈਸੇ ਨਹੀਂ ਮਿਲ਼ਦੇ ਕਿ ਉਹ ਸਹੀ ਖੋਜ ਕਰਨ, ਸਗੋਂ ਇਸ ਲਈ ਪੈਸਾ ਮਿਲ਼ਦਾ ਹੈ ਕਿ ਉਹ ਕਿੰਨਾ ਲਾਭ ਕਮਾ ਕੇ ਦਿੰਦੇ ਹਨ।” ਵਿਗਿਆਨੀ ਵਿਗਿਆਨ ਲਈ ਨਹੀਂ, ਸਗੋਂ ਕੰਪਨੀ ਲਈ ਕੰਮ ਕਰਦਾ ਹੈ ਅਤੇ ਕੰਪਨੀ ਉਸ ਨੂੰ ਉਸਦੀ ਖੋਜ ਲਈ ਨਹੀਂ, ਉਸਦੀ ਮੁਨਾਫ਼ਾ ਵਧਾਉਣ ਵਿੱਚ ਭੂਮਿਕਾ ਲਈ ਪੈਸਾ ਦਿੰਦੀ ਹੈ। ਅਜਿਹੇ ਵਿੱਚ ਵਿਗਿਆਨੀ ਨੇ ਕੰਪਨੀ ਵੱਲੋਂ “ਲਾਂਚ” ਕੀਤੀ ਜਾਣ ਵਾਲ਼ੀ ਦਵਾਈ ਦੇ ਪੱਖ ਵਿੱਚ ਖੋਜ-ਪੱਤਰ ਲਿਖਣੇ ਹੁੰਦੇ ਹਨ ਨਾ ਕਿ ਅਸਲ ਸਥਿਤੀ ਸਪੱਸ਼ਟ ਕਰਨ ਲਈ। ਦਵਾਈਆਂ ਦੀ ਖੋਜ ਵੀ ਉਸ ਨੇ ਇਸ ਲਈ ਕਰਨੀ ਹੁੰਦੀ ਹੈ ਕਿ ਕੰਪਨੀ ਦਾ ਮੁਨਾਫ਼ਾ ਵਧੇ, ਨਾ ਕਿ ਇਸ ਲਈ ਕਿ ਮਨੁੱਖਤਾ ਨੂੰ ਵਾਕਈ ਉਸ ਨਵੀਂ ਦਵਾਈ ਦੀ ਕੋਈ ਲੋੜ ਹੈ। ਇਸ ਤਰ੍ਹਾਂ ਖੋਜ-ਕਾਰਜ ਪੂਰੀ ਤਰ੍ਹਾਂ ਨਿੱਜੀ ਮੁਨਾਫ਼ੇ ਦੀ ਜਕੜ ਵਿੱਚ ਆ ਚੁੱਕਾ ਹੈ ਅਤੇ ਬਹੁਤ ਥੋੜੇ ਲੋਕੀਂ ਹਨ ਜਿਹੜੇ ਇਸ ਜਕੜ ਨੂੰ ਤੋੜ ਕੇ ਵਿਗਿਆਨ ਲਈ ਸੱਚਮੁੱਚ ਕੰਮ ਕਰ ਪਾਉਂਦੇ ਹਨ। ਸਿਨਕਲੇਅਰ ਲੂਈਸ ਦੇ ਨਾਵਲ “ਐਰੋਸਮਿੱਥ” ਵਿੱਚ ਅਜਿਹੇ ਮੈਡੀਕਲ ਖੋਜ-ਕਾਰਜ ਦਾ ਬਹੁਤ ਸ਼ਾਨਦਾਰ ਚਿਤਰਣ ਹੈ, ਭਾਵੇਂ ਇਹ ਨਾਵਲ ਲਿਖੇ ਨੂੰ ਇੱਕ ਸਦੀ ਹੋ ਚੁੱਕੀ ਹੈ ਪਰ ਹਾਲਤ ਉਸ ਨਾਲ਼ੋਂ ਸੁਧਰੇ ਨਹੀਂ ਹਨ ਸਗੋਂ ਵਿਗੜੇ ਹੀ ਹਨ। ਇਹ ਠੀਕ ਹੈ ਕਿ ਜਾਂਚ-ਪੜਤਾਲ਼ ਹੋਰ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਪਰ ਇਸ ਨਾਲ਼ ਵੀ ਸਮੱਸਿਆ ਹੱਲ ਹੋਣ ਦੀ ਸੰਭਾਵਨਾ ਘੱਟ ਹੀ ਹੈ ਕਿਉਂਕਿ “ਹੋਰ ਚੰਗੀ ਤਰ੍ਹਾਂ ਹੋਣ ਵਾਲ਼ੀ ਜਾਂਚ ਪੜਤਾਲ਼” ਵੀ ਤਾਂ ਕਿਸੇ ਆਦਮੀ ਨੇ ਹੀ ਕਰਨੀ ਹੈ ਅਤੇ ਆਦਮੀਆਂ ਨੂੰ “ਮੈਨੇਜ” ਕਰਨਾ ਪੈਸੇ ਲਈ ਕੋਈ ਵੱਡਾ ਕੰਮ ਨਹੀਂ ਹੈ।

ਮੱਧਕਾਲ ਦੇ ਹਜ਼ਾਰ ਵਰ੍ਹਿਆਂ ਨੂੰ ਯੂਰਪ ਦਾ ਹਨੇਰਾ ਦੌਰ ਕਿਹਾ ਜਾਂਦਾ ਹੈ ਜਦੋਂ ਯੂਰਪੀ ਸਮਾਜ ਉੱਤੇ ਧਰਮ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਉਸ ਕਿਸੇ ਵੀ ਨਵੇਂ ਖਿਆਲ ਨੂੰ ਪਨਪਣ ਹੀ ਨਹੀਂ ਦਿੰਦਾ ਸੀ ਸਿੱਟੇ ਵਜੋਂ ਵਿਗਿਆਨ ਦਾ ਵਿਕਾਸ ਲੱਗਭੱਗ ਠੱਪ ਰਿਹਾ। ਇਹੋ ਜਿਹੇ ਹਨੇਰੇ ਦੌਰ ਸਿਰਫ਼ ਯੂਰਪ ਦੀ ਖਾਸੀਅਤ ਨਹੀਂ ਹਨ, ਇਹ ਸਭਨਾਂ ਸਮਾਜਾਂ ਨੇ ਕਿਸੇ ਨਾ ਕਿਸੇ ਸਮੇਂ ਦੌਰਾਨ ਦੇਖੇ ਹਨ। ਭਾਰਤ ਵਿੱਚ ਇਹ ਕੁਝ-ਕੁਝ ਅੱਜ ਤੱਕ ਜਾਰੀ ਹੈ ਜਦੋਂ ਵਿਗਿਆਨਕ ਗੱਲ ਕਰਨਾ ਧਰਮਾਂ ਨੂੰ ਹਜ਼ਮ ਨਹੀਂ ਹੁੰਦਾ। ਪੁਨਰ-ਜਾਗਰਣ ਦੇ ਦੌਰ ਦੀ ਸ਼ੁਰੂਆਤ ਨਾਲ਼ ਇਹ ਖੜੋਤ ਟੁੱਟੀ ਅਤੇ ਵਿਗਿਆਨ ਨੇ ਨਵੇਂ ਸਿਰਿਓਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕੀਤੀਆਂ, ਵਿਗਿਆਨ ਨੇ ਪਿਛਲੀਆਂ ਦੋ ਸਦੀਆਂ ਵਿੱਚ ਪਹਿਲਾਂ ਕਦੇ ਵੀ ਕਿਆਸੀ ਨਾ ਗਈ ਰਫ਼ਤਾਰ ਨਾਲ਼ ਵਿਕਾਸ ਕੀਤਾ ਪਰ ਹੁਣ ਇੱਕ ਵਾਰ ਫਿਰ ਵਿਗਿਆਨ ਨੂੰ ਗ੍ਰਹਿਣ ਲੱਗਦਾ ਜਾ ਰਿਹਾ ਹੈ। ਜਿੱਥੇ ਮੱਧਕਾਲ ਵਿੱਚ ਧਰਮ ਦੀ ਬੁਨਿਆਦ ਉੱਤੇ ਟਿਕਿਆ ਜਗੀਰੂ ਢਾਂਚਾ ਉਸਦੀਆਂ ਪੈਰਾਂ ਦੀਆਂ ਬੇੜੀਆਂ ਬਣਿਆ ਹੋਇਆ ਸੀ, ਹੁਣ ਨਿੱਜੀ ਜਾਇਦਾਦ ਤੇ ਮੁਨਾਫ਼ੇ ਉੱਤੇ ਟਿਕਿਆ ਢਾਂਚਾ ਵਿਗਿਆਨ ਲਈ ਅੜਿੱਕਾ ਬਣ ਰਿਹਾ ਹੈ। ਜਦੋਂ ਕੋਈ ਸਮਾਜਕ-ਆਰਥਿਕ ਢਾਂਚਾ ਆਪਣੀ ਮਿਆਦ ਪੁਗਾ ਬਹਿੰਦਾ ਹੈ ਤਾਂ ਉਹ ਇਹੀ ਕਰ ਸਕਦਾ ਹੈ ਤੇ ਇਸਦਾ ਹੱਲ ਉਹੀ ਹੈ ਜਿਹੜਾ ਮਨੁੱਖਤਾ ਨੇ ਜਗੀਰੂ ਢਾਂਚੇ ਦੀਆਂ ਬੇੜੀਆਂ ਤੋੜਨ ਲਈ ਕੀਤਾ ਸੀ, ਭਾਵ ਪੁਰਾਣਾ ਢਾਂਚਾ ਢਾਹ ਕੇ ਨਵਾਂ ਢਾਂਚਾ ਖੜਾ ਕਰਨਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s