ਫੈਜ਼ ਦੀ ਕਵਿਤਾ ਉੱਪਰ ਪਾਬੰਦੀ ਕਿਉਂ? •ਗੁਰਪ੍ਰੀਤ

4

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਉਰਦੂ ’ਚ ਲੋਕਾਂ ਲਈ ਨਜ਼ਮ ਲਿਖਣ ਵਾਲ਼ਾ, ਉਹਨਾਂ ਦੀਆਂ ਦੁਸ਼ਵਾਰੀਆਂ ਨੂੰ ਸ਼ਬਦ ਦਿੰਦਾ, ਸੰਘਰਸ਼ਾਂ ਨੂੰ ਸਿਜਦਾ ਕਰਨ ਤੇ ਉਮੀਦਾਂ ਨੂੰ ਹਰਫ਼ਾਂ ’ਚ ਪਰੋਣ ਵਾਲ਼ਾ ਸਾਡਾ ਫੈਜ਼ ਅਹਿਮਦ ਫੈਜ਼ ਫੇਰ ਚਰਚਾ ਵਿੱਚ ਹੈ। ਮੌਜੂਦਾ ਮੋਦੀ ਹਕੂਮਤ ਹਰ ਵਿਰੋਧੀ ਅਵਾਜ ਨੂੰ ਦਬਾਉਣ ਤੇ ਲੋਕ ਘੋਲ਼ਾਂ ਨੂੰ ਜਬਰ ਰਾਹੀਂ ਕੁਚਲਣ ਦੇ ਫਾਸੀਵਾਦੀ ਪੈਂਤੜੇ ਅਪਣਾ ਰਹੀ ਹੈ। ਇਹਨਾਂ ਦਿਨਾਂ ਵਿੱਚ ਕੌਮੀ ਨਾਗਰਿਕਤਾ ਕਨੂੰਨ ਦਾ ਵਿਰੋਧ ਕਰ ਰਹੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਲਾਠੀਚਾਰਜ ਕੀਤਾ ਗਿਆ ਤਾਂ ਦੇਸ਼ ਦੀਆਂ ਅਨੇਕਾਂ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੇ ਵੰਨ-ਸੁਵੰਨੇ ਢੰਗਾਂ ਨਾਲ਼ ਇਸ ਖਿਲਾਫ ਰੋਸ ਪ੍ਰਗਟਾਇਆ। ਅਜਿਹੇ ਹੀ ਮੌਕੇ ਆਈ.ਆਈ.ਟੀ ਕਾਨਪੁਰ ਵਿੱਚ ਫੈਜ਼ ਅਹਿਮਦ ਫੈਜ਼ ਦੀ ਪ੍ਰਸਿੱਧ ਨਜ਼ਮ ‘ਹਮ ਦੇਖੇਂਗੇ’ ਗਾਈ ਗਈ। ਇਹ ਹੁਕਮਰਾਨਾਂ ਨੂੰ ਇੰਨੀ ਚੁਭੀ ਕਿ ਇਸਨੂੰ ਹਿੰਦੂ ਵਿਰੋਧੀ ਆਖ ਕੇ ਇਸ ਉੱਪਰ ਪਾਬੰਦੀ ਲਾ ਦਿੱਤੀ ਗਈ। ਇਹ ਪਾਬੰਦੀ ਲਫਜਾਂ ਦੀ ਤਾਕਤ ਦੀ ਗਵਾਹ ਹੈ ਤੇ ਲੋਕਾਂ ਦੇ ਗੀਤਾਂ ਤੋਂ ਹਾਕਮਾਂ ਨੂੰ ਖੌਫ ਦਾ ਇਕਬਾਲ ਹੈ।

ਫੈਜ਼ ਦੀ ਇਹ ਰਚਨਾ ਕੋਈ ਅੱਜ ਦੀ ਨਹੀਂ ਹੈ ਇਹ ਨਜ਼ਮ 1979 ’ਚ ਤਾਨਾਸ਼ਾਹ ਜਿਆ-ਉਲ-ਹੱਕ ਦੇ ਖਿਲਾਫ ਲਿਖੀ ਗਈ। 1984 ’ਚ ਫੈਜ਼ ਦੀ ਮੌਤ ਹੋ ਗਈ। ਪਾਕਿਸਤਾਨ ਵਿੱਚ ਜਰਨਲ ਜਿਆ-ਉੱਲ-ਹੱਕ ਦੇ ਜਮਾਨੇ ’ਚ ਫੈਜ਼ ਦੀਆਂ ਨਜ਼ਮਾਂ ਗਾਉਣ ਅਤੇ ਔਰਤਾਂ ਦੇ ਸਾੜੀ ਪਾਉਣ ਉੱਪਰ ਪਾਬੰਦੀ ਲਾ ਦਿੱਤੀ ਗਈ। ਲਹੌਰ ਦੇ ਅਲ-ਹਮਰਾ ਆਡੀਟੋਰੀਅਮ ਵਿੱਚ ਫੈਜ਼ ਦੀ ਬਰਸੀ ਮੌਕੇ ਨਾਮਵਾਰ ਗਾਇਕਾ ਇਕਬਾਲ ਬਾਨੋ ਹਕੂਮਤਾਂ ਦੀਆਂ ਇਹਨਾਂ ਪਾਬੰਦੀਆਂ ਨੂੰ ਠੁੱਡਾ ਮਾਰਦਿਆਂ ਸਾੜੀ ਪਾ ਕੇ ਆਈ ਤੇ ਉਸਨੇ ਫੈਜ਼ ਦੀ ਨਜ਼ਮ ‘ਹਮ ਦੇਖੇਂਗੇ’ ਇਸ ਅੰਦਾਜ ਵਿੱਚ ਗਾਈ ਕਿ ਪੂਰਾ ਆਡੀਟੋਰੀਅਮ ਝੂਮ ਉੱਠਿਆ ਤੇ ਉਸਦੇ ਨਾਲ਼ ਗਾਉਣ ਲੱਗਾ। ਉਦੋਂ ਤੋਂ ਇਹ ਨਜ਼ਮ ਵਿਦਰੋਹ ਦਾ ਪ੍ਰਤੀਕ ਬਣ ਚੁੱਕੀ ਹੈ।

ਲੋਕਾਂ ਦੇ ਸੰਘਰਸ਼ਾਂ ’ਚੋਂ ਵਿਦਰੋਹ ਦੇ ਗੀਤ ਪਹਿਲਾਂ ਵੀ ਪੈਦਾ ਹੁੰਦੇ ਰਹੇ ਹਨ ਤੇ ਹੁਕਮਰਾਨਾਂ ਨੂੰ ਖੌਫਜਦਾ ਕਰਦੇ ਰਹੇ ਹਨ। 1962 ’ਚ ਪਾਕਿਸਤਾਨ ਵਿੱਚ ਤਾਨਾਸ਼ਾਹ ਆਯੂਬ ਖਾਨ ਵੱਲੋਂ ਨਵਾਂ ਸੰਵਿਧਾਨ ਲਾਗੂ ਕਰਨ ਖਿਲਾਫ ਹਬੀਬ ਜਾਲਿਬ ਨੇ ‘ਦਸਤੂਰ’ ਲਿਖੀ ਜੋ ਅੱਜ ਵੀ ਗਾਈ ਜਾਂਦੀ ਹੈ। 1984 ’ਚ ਇੰਦਰਾ ਗਾਂਧੀ ਦੇ ਕਤਲ ਮਗਰੋ ਪਾਸ਼ ਨੇ ਕਵਿਤਾ ਲਿਖੀ ਕਿ ‘ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਿਲ ਹੈ ਤਾਂ ਇਸ ਦੇਸ਼ ’ਚੋਂ ਮੇਰਾ ਨਾਮ ਕੱਟ ਦੇਵੋ’। ਤੁਰਕੀ ਦੇ ਕਵੀ ਨਾਜਿਮ ਹਿਕਮਤ ਨੇ ਆਪਣੀ ਕਵਿਤਾ ਲਈ ਦਹਾਕਿਆਂ ਦੀ ਕੈਦ ਕੱਟੀ। ਨਾਟਕਕਾਰ ਸਫਦਰ ਹਾਸ਼ਮੀ ਨੂੰ ਕਤਲ ਕੀਤਾ ਗਿਆ। ਇਸ ਤਰ੍ਹਾਂ ਸੂਚੀ ਬਹੁਤ ਲੰਬੀ ਹੈ। ਪਰ ਸਭ ਪਾਬੰਦੀਆਂ, ਕੈਦਾਂ ਕਦੇ ਕਵਿਤਾ ਨੂੰ ਰੋਕ ਨਹੀਂ ਸਕੀਆਂ ਕਿਉਂਕਿ ਇਹਨਾਂ ਕਵਿਤਾਵਾਂ ਵਿੱਚ ਜਾਨ ਪਾਉਣ ਵਾਲ਼ੇ ਲੋਕ ਸੰਘਰਸ਼ ਕਰਨਾ ਨਹੀਂ ਤਿਆਗਦੇ।

ਫੈਜ਼ ਦੀ ਜਿਸ ਨਜ਼ਮ ਨੂੰ ਹਿੰਦੂ ਵਿਰੋਧੀ ਆਖਿਆ ਜਾ ਰਿਹਾ ਹੈ ਉਹ ਅਸਲ ਵਿੱਚ ਲੁਟੇਰੀਆਂ ਜਮਾਤਾਂ ਦੀ ਜਾਬਰ ਸੱਤ੍ਹਾ ਵਿਰੋਧੀ ਹੈ।

ਇਹ ਲੋਕਾਂ ਦੇ ਸੰਘਰਸ਼ਾਂ ਤੇ ਸੁਨਹਿਰੇ ਭਵਿੱਖ ਦਾ ਜਸਗਾਣ ਹੈ। ਜੇ ਅਜਿਹੀ ਕਲਾ ਲੋਕਾਂ ਦੇ ਸੰਘਰਸ਼ਾਂ ਵਿੱਚੋਂ ਉਪਜਦੀ ਹੈ ਤਾਂ ਮੁੜ ਲੋਕਾਂ ਦੇ ਹੋਰ ਨਵੇਂ ਸੰਘਰਸ਼ਾਂ ਵਿੱਚ ਹੀ ਇਸ ਤਰ੍ਹਾਂ ਦੀ ਕਲਾ ਦੀ ਵਾਰ-ਵਾਰ ਕਦਰ ਪੈਂਦੀ ਰਹਿੰਦੀ ਹੈ। ਅਤੇ ਕਲਾ ਦੀ ਇਸ ਤਾਕਤ ਤੋਂ ਜਾਲਮਾਂ, ਹਾਕਮਾਂ ਨੂੰ ਹਮੇਸ਼ਾਂ ਤੋਂ ਖੌਫ ਰਿਹਾ ਹੈ। ਇਸ ਕਰਕੇ ਉਹ ਵਾਰ-ਵਾਰ ਅਜਿਹੀ ਕਲਾ ਉੱਪਰ ਪਾਬੰਦੀਆਂ ਲਾਉਂਦੇ ਰਹੇ ਹਨ ਤੇ ਲੋਕ ਇਹਨਾਂ ਪਾਬੰਦੀਆਂ ਨੂੰ ਤੋੜਦੇ ਰਹੇ ਹਨ। ਖੁਦ ਫੈਜ਼ ਦੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ-

ਯੂੰ ਹੀ ਹਮੇਸ਼ਾ ਉਲਝਤੀ ਰਹੀ ਹੈ ਜੁਲਮ ਸੇ ਖਲਕ (ਲੋਕ)
ਨਾ ਉਨਕੀ ਰਸਮ ਨਈ ਹੈ, ਨਾ ਅਪਨੀ ਰੀਤ ਨਈ ਹੈ

ਇਸ ਪਾਬੰਦੀ ਤੋਂ ਬਾਅਦ ਦੇਸ਼ ਦੀਆਂ ਅਨੇਕਾਂ ਵਿੱਦਿਅਕ ਸੰਸਥਾਵਾਂ ਸਮੇਤ ਕੌਮੀ ਨਾਗਰਿਕਤਾ ਕਨੂੰਨ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਇਹ ਨਜ਼ਮ ਹੋਰ ਵੀ ਜੋਰ ਤੇ ਜੋਸ਼ ਨਾਲ਼ ਗਾਈ ਜਾ ਰਹੀ ਹੈ। ਇਹ ਨਜ਼ਮ ਹਾਕਮਾਂ ਜਬਰ, ਜੁਲਮ ਖਿਲਾਫ ਨਾ ਸਿਰਫ ਰੋਸ ਹੈ ਸਗੋਂ ਉਹਨਾਂ ਦੇ ਤਖਤ, ਤਾਜ ਢਾਹੁਣ ਦੀ ਵੀ ਗੱਲ ਕਰਦੀ ਹੈ ਅਤੇ ਮਨਸੂਰ ਦੇ ਨਾਹਰੇ ਦੇ ਹਵਾਲੇ ਨਾਲ਼ ਆਖਦੀ ਹੈ ਕਿ ਮੈਂ (ਲੋਕ) ਹੀ ਸੱਚ, ਇਤਿਹਾਸ, ਸਮਾਜ ਤੇ ਅਸਲ ਸੱਤ੍ਹਾ ਹਨ। ਇਹ ਪੂਰੀ ਨਜ਼ਮ ਪਾਠਕਾਂ ਲਈ ਪੇਸ਼ ਹੈ-

ਲਾਜ਼ਿਮ ਹੈ ਕੇ: ਹਮ ਭੀ ਦੇਖੇਗੇਂ
ਵੋ : ਦਿਨ ਕੇ: ਜਿਸਕਾ ਵਾਦਾ ਹੈ
ਜੋ ਲੌਹੇ-ਅਜ਼ਲ1 ਮੇਂ ਲਿਖਾ ਹੈ
ਜਬ ਜ਼ੁਲਮੋ-ਸਿਤਮ ਕੇ ਕੋਹੇ-ਗਰਾਂ 2
ਰੂਈ ਕੀ ਤਰ੍ਹਾਂ ਉੜ ਜਾਏਂਗੇ
ਹਮ ਮਹਕੂਮੋਂ 3 ਕੇ ਪਾਵ ਤਲੇ
ਜਬ ਧਰਤੀ ਧੜ ਧੜ ਧੜਕੇਗੀ
ਔਰ ਅਹਲੇ-ਹਿਕਮ 4 ਕੇ ਸਰ ਊਪਰ
ਜਬ ਬਿਜਲੀ ਕੜ ਕੜ ਕੜਕੇਗੀ
ਜਬ ਅਰਜ਼-ਏ-ਖ਼ੁਦਾ 5 ਕੇ ਕਾ ‘ਬੇ ਸੇ
ਸਬ ਬੁੱਤ ਉਠਵਾਏ ਜਾਏਂਗੇ
ਹਮ ਅਹਲੇ-ਸਫਾ 6, ਮਰਦੂਦ-ਏ-ਹਰਮ 7
ਮਸਨਦ ਪੇ ਬਿਠਾਏ ਜਾਏਂਗੇ
ਸਬ ਤਾਜ਼ ਉਛਾਲੇ ਜਾਏਂਗੇ
ਸਬ ਤਖ਼ਤ ਗਿਰਾਏ ਜਾਏਂਗੇ
ਬਸ ਨਾਮ ਰਹੇਗਾ ਅੱਲ੍ਹਾ ਕਾ
ਜੋ ਗਾਇਬ ਭੀ ਹੈਂ; ਹਾਜ਼ਿਰ ਭੀ
ਜੋ ਮੰਜਰ 8 ਭੀ ਹੈਂ; ਨਾਜ਼ਿਰ 9 ਭੀ
ਉੱਠੇਗਾ ‘ਅਨ-ਉੱਲ-ਹੱਕ’ 10 ਕਾ ਨਾਰਾ
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ
ਔਰ ਰਾਜ ਕਰੇਗੀ ਖ਼ਲਕੇ-ਖ਼ੁਦਾ 11
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ

(1. ਪੂਰਵ-ਲਿਖਤ, ਕਿਸਮਤ 2. ਭਾਰੀ ਪਹਾੜ 3. ਦੱਬੇ-ਕੁਚਲੇ 4. ਸੱਤਾਧਾਰੀ, ਹਾਕਮ 5. ਖੁਦਾ ਦੀ ਜ਼ਮੀਨ 6. ਸੱਚੇ ਲੋਕ 7. ਕੱਟੜਪੰਥੀਆਂ ਦੁਆਰਾ ਲਿਤਾੜੇ ਹੋਏ 8. ਦਿ੍ਰਸ਼ 9. ਦਰਸ਼ਨ 10. “ਮੈਂ ਸੱਚ ਹਾਂ” ਸੂਫੀ ਸੰਤ ਮਨਸੂਰ ਦਾ ਨਾਅਰਾ ਜਿਸਨੂੰ ਇਸ ਘੋਸ਼ਣਾ ਕਾਰਨ ਸੂਲੀ ’ਤੇ ਚੜ੍ਹਾਇਆ ਗਿਆ ਸੀ। 11. ਲੋਕ ਸਮੂਹ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 22-23, ਜਨਵਰੀ 2020 (ਸੰਯੁਕਤ ਅੰਕ) ਵਿੱਚ ਪਰ੍ਕਾਸ਼ਿਤ