ਏਮੀਲ ਜ਼ੋਲਾ ਤੇ ਉਸਦਾ ਨਾਵਲ ‘ਜਰਮੀਨਲ’ •ਗੁਰਪ੍ਰੀਤ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਸਾਰ ਦੀਆਂ ਜਿਨ੍ਹਾਂ ਕੌਮਾਂ ਦੇ ਸਾਹਿਤ ਨੂੰ ਆਪਣੇ ਖੇਤਰ ਤੇ ਭਾਸ਼ਾ ਦੀਆਂ ਹੱਦਬੰਦੀਆਂ ਨੂੰ ਉਲੰਘ ਕੇ ਪੂਰੇ ਸੰਸਾਰ ਵਿੱਚ ਪਾਠਕ ਦਾ ਨਿੱਘਾ ਹੁੰਘਾਰਾ ਮਿਲਿਆ ਉਹਨਾਂ ਵਿੱਚ ਰੂਸੀ ਤੇ ਫਰਾਂਸੀਸੀ ਸਾਹਿਤ ਮੋਹਰੀ ਹਨ। ਸੰਸਾਰ ਭਰ ਵਿੱਚ ਮੰਨੇ-ਪ੍ਰਮੰਨੇ ਰੂਸੀ ਸਾਹਿਤ ਦਾ ਦੌਰ ਖਾਸ ਤੌਰ ‘ਤੇ 19ਵੀਂ ਸਦੀ ਦੇ ਤੀਜੇ ਦਹਾਕੇ ਤੋਂ ਵੀਹਵੀਂ ਸਦੀ ਦੇ ਅੱਧ ਤੱਕ ਦਾ ਹੈ ਤੇ ਫਰਾਂਸਿਸੀ ਸਾਹਿਤ ਦੀ ਚੜ੍ਹਤ ਦਾ ਦੌਰ ਗਿਆਨ ਪ੍ਰਸਾਰ ਦੇ ਦੌਰ (17ਵੀਂ ਦੇ ਅੰਤ) ਤੋਂ ਲੈ ਕੇ 19ਵੀਂ ਸਦੀ ਫੈਲਿਆ ਹੋਇਆ ਹੈ। ਫਰਾਂਸ ਦੇ ਰੂਸੋ, ਦਿਦਰੋ, ਵਾਲਤੇਅਰ ਤੋਂ ਲੈ ਕੇ ਬਾਲਜ਼ਾਕ, ਸਤੇਂਧਾਲ, ਵਿਕਟਰ ਹਿਊਗੋ, ਮੋਪਾਸਾਂ, ਫਲਾਂਬੇਅਰ ਆਦਿ ਜਿਹੇ ਨਾਮ ਗਿਣਾਏ ਜਾ ਸਕਦੇ ਹਨ। ਇਹਨਾ ਵਿੱਚੋਂ ਹੀ ਇੱਕ ਨਾਮ ਹੈ ਏਮੀਲ ਜ਼ੋਲਾ।

ਏਮੀਲ ਜ਼ੋਲਾ ਦਾ ਜਨਮ 2 ਅਪ੍ਰੈਲ, 1840 ਨੂੰ ਪੈਰਿਸ ਵਿਖੇ ਹੋਇਆ। ਉਹ ਫਰਾਂਸ ਆ ਵਸੇ ਇਤਾਲਵੀ ਪਿਤਾ ਅਤੇ ਫਰਾਂਸੀਸੀ ਮਾਂ ਦੀ ਔਲਾਦ ਸੀ। ਜ਼ੋਲਾ ਦੇ ਬਚਪਨ ਅਤੇ ਜਵਾਨੀ ਦਾ ਜ਼ਿਆਦਾਤਰ ਸਮਾਂ ਦੱਖਣੀ ਫਰਾਂਸ ਵਿੱਚ ਐਕਸ-ਅਂ-ਪ੍ਰੋਵੇਂਸ ਵਿੱਚ ਬੀਤਿਆ, ਜਿੱਥੇ ਉਸਦਾ ਪਿਤਾ ਸਿਵਲ ਇੰਜੀਨੀਅਰ ਸੀ। 1847 ਵਿੱਚ ਪਿਤਾ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਗੰਭੀਰ ਆਰਥਿਕ ਸੰਕਟ ਵਿੱਚ ਧੱਕ ਦਿੱਤਾ।

ਪੈਰਿਸ ਵਿੱਚ ਆਪਣੀ ਸਕੂਲੀ ਪੜਾਈ ਖਤਮ ਕਰ ਲੈਣ ਤੋਂ ਬਾਅਦ ਜ਼ੋਲਾ ਦੋ ਕੋਸ਼ਿਸ਼ਾਂ ਤੋਂ ਬਾਅਦ ਵੀ ਉੱਚ ਸਿੱਖਿਆ ‘ਚ ਦਾਖ਼ਲਾ ਨੈ ਲੈ ਸਕਿਆ ਤੇ ਉਸਨੂੰ ਰੁਜ਼ਗਾਰ ਦੀ ਭਾਲ ਵਿੱਚ ਲੱਗਣਾ ਪਿਆ। ਸਕੂਲ ਤੋਂ ਬਾਅਦ ਦੋ ਵਰ੍ਹੇ ਜ਼ਿਆਦਾਤਰ ਬੇਰੁਜ਼ਗਾਰੀ ਅਤੇ ਭਿਅੰਕਰ ਗਰੀਬੀ ਵਿੱਚ ਕੱਟਣੇ ਪਏ। ਆਖਰ 1862 ਵਿੱਚ ਇੱਕ ਪ੍ਰਕਾਸ਼ਨ ਸੰਸਥਾ ਵਿੱਚ ਕਲਰਕ ਦੀ ਨੌਕਰੀ ਮਿਲੀ ਤੇ ਇਸਦੇ ਨਾਲ ਹੀ ਉਸਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ। 1864 ਵਿੱਚ ਉਸਦੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਿਹ ‘ਟੇਲਜ ਫਾਰ ਨਿਨੋ’ ਅਤੇ 1865 ਵਿੱਚ ਪਹਿਲਾ ਨਾਵਲ ‘ਕਲੋਦਸ ਕਨਫੈਸ਼ਨ’ ਪ੍ਰਕਾਸ਼ਿਤ ਹੋਇਆ। ਸੰਨ 1866 ਤੱਕ ਜ਼ੋਲਾ ਇੱਕ ਆਲੋਚਕ, ਲੇਖਕ ਅਤੇ ਪੱਤਰਕਾਰ ਦੇ ਰੂਪ ਵਿੱਚ ਏਨਾ ਸਥਾਪਿਤ ਹੋ ਚੁੱਕਿਆ ਸੀ ਕਿ ਪੂਰੀ ਤਰਾਂ ਕਲ਼ਮ ਦੀ ਕਮਾਈ ਸਹਾਰੇ ਗੁਜ਼ਾਰਾ ਕਰ ਸਕੇ ਤੇ ਉਹ ਨੌਕਰੀ ਛੱਡ ਕੇ ਹੁਣ ਉਹ ਇੱਕ ਕੁਲਵਕਤੀ ਲੇਖਕ ਅਤੇ ਫ੍ਰੀ-ਲਾਂਸ ਪੱਤਰਕਾਰ ਬਣ ਗਿਆ ਤੇ ਆਪਣੀ ਮੌਤ ਤੱਕ ਬਣਿਆ ਰਿਹਾ। ਇਸ ਦੌਰਾਨ ਉਸਨੇ ਅਨੇਕਾਂ ਨਾਵਲ, ਕਹਾਣੀਆਂ, ਲੇਖ ਲਿਖੇ ਜਿਨ੍ਹਾਂ ਨੂੰ ਪ੍ਰਸਿੱਧੀ ਦੇ ਨਾਲ਼-ਨਾਲ਼ ਵਿਵਾਦਾਂ ਤੇ ਅਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਰਿਹਾ। ਇਸਦੇ ਬਾਵਜੂਦ ਏਮੀਲ ਜ਼ੋਲਾ ਨੂੰ ਪੜ੍ਹਨ ਵਾਲ਼ਾ ਇੱਕ ਵੱਡਾ ਪਾਠਕ ਵਰਗ ਮੌਜੂਦ ਸੀ ਤੇ ਹਾਲੇ ਤੱਕ ਵੀ ਹੈ।

ਜ਼ੋਲਾ ਦੀ ਸਮੁੱਚੀ ਲੇਖਣੀ ਕਾਫ਼ੀ ਵਿਵਾਦ ਦਾ ਵਿਸ਼ਾ ਰਹੀ ਹੈ। ਇਸਦਾ ਕਾਰਨ ਇਹ ਹੈ ਕਿ ਜ਼ੋਲਾ ਦਾ ਫਰਾਂਸ ਦੇ ਇੱਕ ਖਾਸ ਦੌਰ ਵਿੱਚ ਪੈਦਾ ਹੋਣਾ, ਜ਼ੋਲਾ ਦਾ ਆਪਣਾ ਵੱਖਰਾ ਇਤਿਹਾਸ, ਉਸਦੀ ਗੁੰਝਲਦਾਰ ਵਿਕਾਸ ਪ੍ਰਕਿਰਿਆ, ਸਮਾਜ ਵਿਗਿਆਨ ਦੀ ਸਮਝ ਵਿੱਚ ਕੁੱਝ ਡਾਵਾਂਡੋਲਤਾ ਅਤੇ ਉਸਦੇ ਪ੍ਰਗਟਾਏ ਵਿਚਾਰਾਂ ਤੇ ਲਿਖਤਾਂ ਵਿੱਚ ਵਿਰੋਧ ਰਿਹਾ ਹੈ। ਏਮੀਲ ਜ਼ੋਲਾ ਨੂੰ ਪ੍ਰਕਿਰਤੀਵਾਦ ਦਾ ਮੋਢੀ ਮੰਨਿਆ ਜਾਂਦਾ ਹੈ। ਫਰਾਂਸੀਸੀ ਤਰਕਸ਼ਲੀਤਾ ਦੀ ਜ਼ਮੀਨ ‘ਤੇ ਖੜਾ ਜ਼ੋਲਾ ਦਾਰਸ਼ਨਿਕ ਤੌਰ ‘ਤੇ ਪ੍ਰਤੱਖਵਾਦ ਤੋਂ ਪ੍ਰਭਾਵਿਤ ਸੀ। ਇਹੋ ਪ੍ਰਤੱਖਵਾਦ ਉਸਦੇ ਪ੍ਰਕਿਰਤੀਵਾਦ ਦਾ ਅਧਾਰ ਬਣਿਆ। ਪ੍ਰਕਿਰਤੀਵਾਦੀ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਕੁਦਰਤ ਦੇ ਨਿਯਮਾਂ (ਜਲਵਾਯੂ, ਵਾਤਾਵਰਣ, ਲੋਕਾਂ ਵਿਚਕਾਰ ਜੈਵਿਕ, ਨਸਲੀ ਅੰਤਰ ਆਦਿ) ਦੀ ਸਹਾਇਤਾ ਨਾਲ ਸਮਾਜਿਕ ਵਿਕਾਸ ਦੀ ਗਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਉਹ ਕੁਦਰਤ ਦੇ ਨਿਯਮਾਂ ਨੂੰ ਸਮਾਜ ‘ਤੇ ਲਾਗੂ ਕਰਦੇ ਹੋਏ ਵਿਅਕਤੀ ਦੀ ਸਖਸ਼ੀਅਤ ਵਿੱਚ ਫੈਸਲਾਕੁੰਨ ਸਮਾਜਿਕ ਅਤੇ ਇਤਿਹਾਸਕ ਕਾਰਕਾਂ ਦੀ ਭੂਮਿਕਾ ਨੂੰ ਘਟਾ ਕੇ ਵੇਖਦੇ ਹਨ। ਇਸ ਤਰ੍ਹਾਂ ਇਹ ਧਾਰਾ ਸਮਾਜ ਦੀ ਹਕੀਕਤ ਨੂੰ ਸਮਝਣ ਤੋਂ ਦੂਰ ਜਾ ਖੜਦੀ ਹੈ। ਆਪਣੇ ਲੇਖਾਂ ਵਿੱਚ ਜ਼ੋਲਾ ਇਸ ਪ੍ਰਕਿਰਤੀਵਾਦ ਦਾ ਪੱਖ ਲੈਂਦਾ ਸੀ ਪਰ ਉਸਦੀਆਂ ਸਾਹਿਤਕ ਲਿਖਤਾਂ ਵਿੱਚ ਪੇਸ਼ ਯਥਾਰਥ ਆਮ ਤੌਰ ‘ਤੇ ਉਸਦੇ ਪ੍ਰਕਿਰਿਤੀਵਾਦ ਤੋਂ ਦੂਰ ਜਾ ਖੜਦਾ ਸੀ ਤੇ ਉਸ ਵਿੱਚ ਸਮਾਜਕ, ਇਤਿਹਾਸਕ ਕਾਰਕ ਮੁੱਖ ਬਣ ਜਾਂਦੇ ਸਨ। ਇਸ ਤਰ੍ਹਾਂ ਸਿਧਾਂਤਕ ਤੌਰ ‘ਤੇ ਪ੍ਰਕਿਰਤੀਵਾਦ ਨੂੰ ਮੰਨਦੇ ਹੋਣ ਦੇ ਬਾਵਜੂਦ ਜ਼ੋਲਾ ਦੀਆਂ ਸਾਹਿਤਕ ਲਿਖਤਾਂ ਯਥਾਰਥਵਾਦ ਦੇ ਨੇੜੇ ਜਾ ਖੜਦੀਆਂ ਹਨ ਜੋ ਉਸਨੂੰ ਇੱਕ ਮਹਾਨ ਲੇਖਕ ਬਣਾਉਂਦੀਆਂ ਹਨ। ਇਸੇ ਕਾਰਨ ਰਾਲਫ਼ ਫਾਕਸ ਨੇ ਉਸਦੀ ਅਸਫ਼ਲਤਾ (ਸਿਧਾਂਤਕ ਕਮਜ਼ੋਰੀ) ਨੂੰ ਇੱਕ ‘ਸ਼ਾਨਦਾਰ ਅਸਫ਼ਲਤਾ’ ਆਖਿਆ ਹੈ ਜਿਸਤੋਂ ਕਾਫੀ ਕੁੱਝ ਸਿੱਖਿਆ ਜਾ ਸਕਦਾ ਹੈ। 1870ਵਿਆਂ ਦੇ ਦਹਾਕੇ (ਖਾਸ ਕਰਕੇ ਪੈਰਿਸ ਕਮਿਊਨ ਤੋਂ ਬਾਅਦ) ਤੋਂ ਬਾਅਦ ਦੀਆਂ ਉਸਦੀਆਂ ਲਿਖਤਾਂ ਵਿੱਚ ਯਥਾਰਥਵਾਦ ਦੀ ਭੂਮਿਕਾ ਪਹਿਲਾਂ ਦੀਆਂ ਲਿਖਤਾਂ ਨਾਲੋਂ ਵਧੇਰੇ ਸਪੱਸ਼ਟ ਹੁੰਦੀ ਗਈ।

ਜ਼ੋਲਾ ਦੀ ਸਭ ਤੋਂ ਚਰਚਿਤ ਰਚਨਾ ‘ਰੂਜੋਂ ਮਕਾਰ ਲੜੀ’ ਤਹਿਤ ਲਿਖੇ 20 ਤੋਂ ਵੱਧ ਨਾਵਲ ਹਨ ਜੋ ਅੱਜ ਵੀ ਫਰਾਂਸੀਸੀ ਸਾਹਿਤ ਦਾ ਅਹਿਮ ਅੰਗ ਮੰਨੇ ਜਾਂਦੇ ਹਨ। ਇਹ ਲੜੀ ਰੂਜੋਂ ਮਕਾਰ-ਦੂਜੇ ਦੇ ਸਾਮਰਾਜ ਅਧੀਨ ਇੱਕ ਪਰਿਵਾਰ ਦੀਆਂ ਅਨੇਕਾਂ ਪੀੜ੍ਹੀਆਂ ਦੇ ਵੱਖ-ਵੱਖ ਮੈਂਬਰਾਂ ਦੇ ਜੀਵਨ ਨੂੰ ਅਧਾਰ ਬਣਾ ਕੇ ਉਸ ਵੇਲੇ ਦੇ ਸਮੁੱਚੇ ਸਮਾਜਕ ਜੀਵਨ ਦਾ ਚਿਤਰਣ ਹੈ। 1870 ਵਿੱਚ ‘ਦ ਰੂਜੋਂ ਫੈਮਿਲੀ ਫਾਰਚੂਨ’ ਨਾਲ ਸ਼ੁਰੂ ਹੋਈ ਇਸ ਲੜੀ ਵਿੱਚ ਉਹ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਨੂੰ ਉਹਨਾਂ ਦੀ ਵੱਖਰੀ ਪਿੱਠ-ਭੂਮੀ ਨਾਲ ਜੋੜਦੇ ਹੋਏ ਉਹਨਾਂ ਨੂੰ ਵੱਖੋ-ਵੱਖਰੇ ਸਮਾਜਿਕ ਆਲ਼ੇ-ਦੁਆਲ਼ੇ (ਮਜ਼ਦੂਰਾਂ, ਅਮੀਰਾਂ, ਵਪਾਰੀਆਂ, ਕਲਾਕਾਰਾਂ) ‘ਚ ਲੈ ਜਾਂਦਾ ਹੈ ਤੇ ਇਸਦੇ ਅਧਾਰ ‘ਤੇ ਉਸ ਖਾਸ ਸਮਾਜਕ ਜੀਵਨ ਦਾ ਜੀਵੰਤ ਚਿਤਰਣ ਪੇਸ਼ ਕਰਦਾ ਹੈ। ਮੈਕਸਿਮ ਗੋਰਕੀ ਨੇ ਲਿਖਿਆ ਹੈ ਕਿ ਏਮੀਲ ਜ਼ੋਲਾ ਦੇ ਨਾਵਲਾਂ ਰਾਹੀਂ ਕੋਈ ਵਿਅਕਤੀ ਇੱਕ ਪੂਰੇ ਯੁੱਗ ਦਾ ਅਧਿਐਨ ਕਰ ਸਕਦਾ ਹੈ। ਇਸ ਲੜੀ ਤੋਂ ਬਿਨਾਂ ਉਸਦੇ ਹੋਰ ਵੀ ਕਈ ਨਾਵਲ ਹਨ ਤੇ ਉਸਦੇ ਕਈ ਅਲੋਚਨਾਤਮਕ ਲੇਖ ਹਾਲੇ ਤੱਕ ਵੀ ਪ੍ਰਸਿੱਧ ਹਨ।  

ਆਪਣੇ ਨਾਵਲਾਂ ਵਿੱਚ ਜ਼ੋਲਾ ਨੇ ਸਮਾਜ ਦੀਆਂ ਅਲੱਗ-ਅਲੱਗ ਜਮਾਤਾਂ ਦੇ, ਖਾਸ ਤੌਰ ‘ਤੇ ਸਮਾਜ ਦੀ ਪੌੜੀ ਦੇ ਹੇਠਲੇ ਡੰਡੇ ‘ਤੇ ਰਹਿੰਦੇ ਤੇ ਅਣਦੇਖੀ ਦੇ ਸ਼ਿਕਾਰ ਮਜ਼ਦੂਰਾਂ-ਕਿਰਤੀਆਂ ਦੇ ਆਰਥਿਕ-ਸਮਾਜਕ ਜੀਵਨ, ਉਹਨਾਂ ਦੇ ਸੱਭਿਆਚਾਰ, ਉਹਨਾਂ ਦੀਆਂ ਮਾੜੀਆਂ ਹਾਲਤਾਂ, ਉਹਨਾਂ ਦੀਆਂ ਤਕਲੀਫ਼ਾਂ, ਦੁਸ਼ਵਾਰੀਆਂ ਨੂੰ ਚਿਤਰਿਆ ਹੈ। ਦੂਜੇ ਪਾਸੇ ਉਹ ਸਰਮਾਏਦਾਰ ਜਮਾਤ ਦੇ ਨਿਘਾਰ, ਪਸ਼ੂਪੁਣੇ ਤੇ ਕਮੀਨਗੀ, ਬੇਹੂਦਗੀ ਤੇ ਵਹਿਸ਼ੀਪੁਣੇ ਭਰੇ ਉਹਨਾਂ ਦੇ ਜੀਵਨ ਦਾ ਵੀ ਚਿਤਰਣ ਕਰਦਾ ਹੈ। ਸਮਾਜ ਦੀਆਂ ਇਹਨਾਂ ਦੋ ਵਿਰੋਧੀ ਜਮਾਤਾਂ ਦੇ ਜੀਵਨ ਦਾ ਯਥਾਰਕ ਚਿਤਰਣ ਹੀ ਉਸਦੇ ਨਾਵਲਾਂ ਨੂੰ ਅਹਿਮ ਬਣਾਉਂਦਾ ਹੈ। ਇਹ ਗੱਲ ਉਸਦੇ ਅਨੇਕਾਂ ਨਾਵਲਾਂ ਵਿੱਚ ਮੌਜੂਦ ਹੈ।

ਏਮੀਲ ਜ਼ੋਲਾ ਦੇ ਸਭ ਤੋਂ ਪ੍ਰਸਿੱਧ ਨਾਵਲਾਂ ਵਿੱਚੋਂ ਇੱਕ ਉਸਦਾ 1885 ਵਿੱਚ ਛਪਿਆ ਨਾਵਲ ‘ਜਰਮੀਨਲ’ ਹੈ, ਜੋ ਭਾਸ਼ਾ ਵਿਭਾਗ ਵੱਲੋਂ ‘ਅੰਕੁਰ’ ਦੇ ਨਾਮ ਹੇਠ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਨਾਵਲ ‘ਰੂਜੋ-ਮਕਾਰ ਲੜੀ’ ਦਾ 13ਵਾਂ ਨਾਵਲ ਸੀ ਜਿਸ ਵਿੱਚ ਰੂਜੋ-ਮਕਾਰ ਦਾ ਇੱਕ ਮੈਂਬਰ ਸੱਨਅਤ ਵਿੱਚੋਂ ਕੱਢੇ ਜਾਣ ਤੋਂ ਬਾਅਦ ਕੋਲ਼ਾ ਖਾਣ ਵਿੱਚ ਕੰਮ ਕਰਨ ਲਈ ਆਉਂਦਾ ਹੈ। ਇਸ ਨਾਵਲ ਵਿੱਚ ਕੋਲ਼ਾ ਖਾਣ ਮਜ਼ਦੂਰਾਂ ਦੇ ਨਰਕਮਈ ਜੀਵਨ ਤੇ ਉਹਨਾਂ ਦੀ ਇੱਕ ਵੱਡੀ ਹੜਤਾਲ ‘ਤੇ ਕੇਂਦਰਤ ਹੈ ਜੋ ਅਸਫ਼ਲ ਹੋ ਜਾਂਦੀ ਹੈ। ਮਜ਼ਦੂਰਾਂ ਦਾ ਚਿਤਰਣ ਕਰਦੇ ਉਸਦੇ ਪਹਿਲੇ ਨਾਵਲਾਂ ਨਾਲੋਂ ਇਸ ਇਹ ਗੱਲੋਂ ਵੱਖਰਾ ਹੈ ਕਿ ਪਹਿਲੇ ਨਾਵਲਾਂ ਵਿੱਚ ਮਜ਼ਦੂਰਾਂ ਨੂੰ ਹਾਲਤਾਂ ਅੱਗੇ ਬੇਵੱਸ, ਗ਼ੁਲਾਮ ਵਿਖਾਇਆ ਗਿਆ ਹੈ ਪਰ ਇਸ ਨਾਵਲ ਵਿੱਚ ਉਹਨਾਂ ਨੂੰ ਆਪਣੇ ਹਾਲਤਾਂ ਵਿਰੁੱਧ ਰੋਸ ਪ੍ਰਗਟਾਉਂਦੇ ਉਹਨਾਂ ਨੂੰ ਬਦਲਣ ਲਈ ਸੰਘਰਸ਼ ਕਰਦੇ ਵਿਖਾਇਆ ਗਿਆ ਹੈ। ਇਸ ਨਾਵਲ ਵਿੱਚ ਮਜ਼ਦੂਰਾਂ ਦੀ ਭੈੜੀ ਹਾਲਤ ਲਈ ਕੁਦਰਤੀ ਹਾਲਤਾਂ ਜਾਂ ਹੋਣੀ ਨੂੰ ਜ਼ਿੰਮੇਵਾਰ ਮੰਨਣ ਦੀ ਥਾਂ ਨਿੱਜੀ ਜਾਇਦਾਦ ‘ਤੇ ਟਿਕੇ ਸਮਾਜਿਕ ਢਾਂਚੇ ਅਤੇ ਜਾਇਦਾਦ ਮਾਲਕ ਜਮਾਤਾਂ ਨੂੰ ਸਿੱਧੇ ਤੌਰ ‘ਤੇ ਦੋਸ਼ੀ ਠਹਿਰਾਇਆ ਗਿਆ ਹੈ।

ਨਾਵਲ ਦੇ ਪਹਿਲੇ ਭਾਗ ਵਿੱਚ ਭੂਮੀਗਤ ਕੋਲ਼ਾ ਖਾਣਾਂ ਵਿੱਚੋਂ ਕੋਲ਼ਾ ਕੱਢਣ ਦੀ ਪ੍ਰਕਿਰਿਆ, ਮਜ਼ਦੂਰਾਂ ਦੀ ਔਖੀ ਤੇ ਤੰਗੀਆਂ ਭਰੀ ਜ਼ਿੰਦਗੀ ਦਾ ਵਿਸਥਾਰ ਪੂਰਵਕ ਵਰਨਣ ਹੈ। ਕੋਲ਼ਾ ਖਾਣ ਮਜ਼ਦੂਰਾਂ ਦੇ ਜੀਵਨ ਤੇ ਕੰਮ ਪ੍ਰਕਿਰਿਆ ਦਾ ਸਹੀ ਚਿਤਰਣ ਪੇਸ਼ ਕਰਨ ਵਾਲੇ ਨਾਵਲਾਂ ਵਿੱਚ ਅੱਜ ਵੀ ਇਸਦੀ ਗਿਣਤੀ ਹੁੰਦੀ ਹੈ। ਸ਼ੁਰੂਆਤੀ ਪੰਨਿਆਂ ਵਿੱਚ ਆਇਆ 58 ਸਾਲਾ ਬਜੁਰਗ ਮਜ਼ਦੂਰ ਬੋਨਮਾਰ ਦਾ ਚਿਤਰਣ ਹੀ ਸੰਵੇਦਨਸ਼ੀਲ ਪਾਠਕਾਂ ਨੂੰ ਹਲੂਣ ਸੁੱਟਦਾ ਹੈ ਜੋ 8 ਸਾਲ ਦੀ ਉਮਰ ਤੋਂ ਖਾਣ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਹੈ। ਬੁਢਾਪੇ ਵਿੱਚ ਵੀ ਕੰਮ ਕਰਨ ਲਈ ਮਜ਼ਬੂਰ ਹੈ। ਆਪਣਾ ਭਾਰ ਨਾ ਝੱਲਦੀਆਂ ਲੱਤਾਂ ਨਾਲ ਹੀ ਉਹ ਕੋਲ਼ਾ ਢੋਂਦਾ ਹੈ ਤੇ 50 ਸਾਲ ਕੰਮ ਕਰਦੇ ਰਹਿਣ ਕਾਰਨ ਉਸਦੇ ਸਰੀਰ ਅੰਦਰ ਕੋਲੇ ਦੀ ਧੂੜ ਭਰ ਗਈ ਹੈ ਤੇ ਖੰਘ ਨਾਲ ਉਸਨੂੰ ਬਲਗਮ ਵੀ ਕਾਲੇ ਰੰਗ ਦੀ ਆਉਂਦੀ ਹੈ। ਇੱਕ ਪਰਿਵਾਰ ਵਿੱਚ ਕਈ ਜਣੇ ਮਜ਼ਦੂਰੀ ਕਰਦੇ ਹੋਣ ਦੇ ਬਾਵਜੂਦ ਵੀ ਉਹ ਇੰਨੀ ਕਮਾਈ ਨਹੀਂ ਕਰ ਸਕਦੇ ਕਿ ਪੂਰਾ ਪਰਿਵਾਰ ਰੋਜ਼ਾਨਾ ਦੋ ਵੇਲ਼ੇ ਦੀ ਰੱਜਵੀਂ ਰੋਟੀ ਖਾ ਸਕੇ ਜਿਸ ਕਰਕੇ ਉਹ ਦੁਕਾਨਦਾਰਾਂ ਦੇ ਕਰਜ਼ਈ ਰਹਿੰਦੇ ਹਨ ਜਿਨ੍ਹਾਂ ਨੂੰ ਕਈ ਵਾਰ ਕੁੜੀਆਂ, ਔਰਤਾਂ ਨੂੰ ਆਪਣੀ ਪੱਤ ਵੇਚ ਕੇ ਚੁਕਾਉਣਾ ਪੈਂਦਾ ਹੈ। ਅੱਗ ਉਗਲ਼ਦੀਆਂ ਖਾਣਾਂ ਵਿੱਚ ਢਿੱਗ ਡਿੱਗਣ ਜਾਂ ਹੋਰ ਹਾਦਸਿਆਂ ਕਾਰਨ ਮਜ਼ਦੂਰ ਮਰਦੇ ਰਹਿੰਦੇ ਹਨ। ਪਸ਼ੂਆਂ ਦੇ ਪੱਧਰ ‘ਤੇ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੱਤੇ ਗਏ ਇਹਨਾਂ ਲੋਕਾਂ ਕੋਲ਼ ਨਾ ਤਾਂ ਕਿਸੇ ਮਨੋਰੰਜਨ ਲਈ ਸਮਾਂ ਹੈ ਤੇ ਨਾ ਹੀ ਪੈਸਾ, ਇਸ ਲਈ ਸ਼ਰਾਬ ਪੀਣੀ ਜਾਂ ਕਾਮ ਵਾਸਨਾ ਦੀ ਪੂਰਤੀ ਹੀ ਉਹਨਾਂ ਲਈ ਸਭ ਤੋਂ ਵੱਡਾ ਮਨੋਰੰਜਨ ਹੈ। ਮਜ਼ਦੂਰਾਂ ਬਾਰੇ ਇੱਕ ਥਾਂ ਉਹ ਲਿਖਦਾ ਹੈ : “ਉਹ ਘੱਟ ਤੋਂ ਘੱਟ ਗੁਜ਼ਾਰਾ ਚਲਾ ਸਕਣ ਵਾਲੀ ਮਜ਼ਦੂਰੀ ਦੇਣ ਦੇ ਨੇਮਾਂ ਨਾਲ ਬੱਧੇ ਹੋਏ ਹਨ, ਬਸ ਇੰਨੀ ਥੋੜੀ ਜਿਹੀ ਮਜ਼ਦੂਰੀ ਦਿਉ ਜਿਸ ਨਾਲ ਉਹ ਮਸਾਂ ਸੁੱਕੀ ਹੋਈ ਰੋਟੀ ਖਾ ਸਕੇ ਤੇ ਬੱਚੇ ਪੈਦਾ ਕਰਦਾ ਜਾਵੇ।” ਇਸੇ ਤਰ੍ਹਾਂ ਖਾਣ ਦੇ ਮਾਲਕਾਂ, ਜਿਨ੍ਹਾਂ ਨੂੰ ਕਦੇ ਮਜ਼ਦੂਰਾਂ ਨੇ ਦੇਖਿਆ ਵੀ ਨਹੀਂ, ਬਾਰੇ ਉਹ ਲਿਖਦਾ ਹੈ ਮਜ਼ਦੂਰ ਉਹਨਾਂ ਤੋਂ ਡਰਦੇ ਹਨ ਜਿਵੇਂ ਉਹ “ਅਣਦਿਸਦੀ, ਮੋਟੀ ਅਤੇ ਚੌਕੜੀ ਮਾਰੀ ਮੂਰਤੀ ਬਿਰਾਜਮਾਨ ਹੋਵੇ ਜਿਸਨੂੰ ਸਾਰੇ ਆਪਣੇ ਮਾਸ ਨਾਲ ਪ੍ਰਸੰਨ ਕਰਦੇ ਹੋਣ।”

ਖਾਣ ਮਜ਼ਦੂਰਾਂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਤਿੰਨ ਸਿਆਸੀ ਧਾਰਾਵਾਂ ਦੇ ਨੁਮਾਇੰਦੇ ਵੇਖਣ ਨੂੰ ਮਿਲਦੇ ਹਨ। ਰਾਸੇਨੋਰ ਇੱਕ ਸੁਧਾਰਵਾਦੀ ਹੈ ਜੋ ਟਕਰਾਅ ਦੀ ਬਜਾਇ ਗੱਲਬਾਤ ਦੀ ਨੀਤੀ ਵਿੱਚ ਵਿਸ਼ਵਾਸ ਰੱਖਦਾ ਹੈ। ਸੁਵਾਰੀਨ ਅਰਾਜਕਤਾਵਾਦੀ ਹੈ। ਨਾਵਲ ਦਾ ਮੁੱਖ ਪਾਤਰ ਏਤੀਅਨ ਲਾਂਤੇ ਸਮਾਜਵਾਦੀ ਖਿਆਲਾਂ ਦਾ ਹੈ ਤੇ ਪਹਿਲਾਂ ਕਿਸੇ ਸਿਆਸੀ ਲੜਾਈ ਦਾ ਤਜ਼ਰਬਾ ਤੇ ਗਿਆਨ ਦੀ ਘਾਟ ਕਾਰਨ ਉਸਦੀ ਸੋਚ ਇਹਨਾਂ ਦੋਹਾਂ ਦੇ ਵਿਚਕਾਰ ਬਣੀ ਰਹਿੰਦੀ ਹੈ। ਉਹ ਅਨੁਭਵੀ ਢੰਗ ਨਾਲ ਜੁਝਾਰੂ ਜਮਾਤੀ ਸੰਘਰਸ਼ ਦੀ ਸੋਚ ਅਤੇ ਇਨਕਲਾਬੀ ਜਨਤਕ ਲੀਹ ਦੀ ਸੋਚ ਵੱਲ ਅੱਗੇ ਵੱਧਦਾ ਹੋਇਆ ਕਿਰਦਾਰ ਹੈ। ਏਤੀਅਨ ਲਾਂਤੇ ਜੋ ਕੁੱਝ ਪੜ੍ਹਿਆ-ਲਿਖਿਆ ਹੈ ਤੇ ਸੱਨਅਤ ਵਿੱਚੋਂ ਲੜਾਈ ਮਗਰੋਂ ਕੱਢ ਦਿੱਤੇ ਜਾਣ ਕਾਰਨ ਇੱਕ ਕੋਲ਼ਾ ਖਾਣ ਵਿੱਚ ਆ ਕੰਮ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ ਉਹ ਖਾਣ ਮਜ਼ਦੂਰਾਂ ਦੇ ਪਿੰਡ ਲਈ ਇੱਕ ਬਾਹਰੀ ਆਦਮੀ ਹੈ। ਉਹ ਇੱਕ ਮਜ਼ਦੂਰ ਬੁੱਧੀਜੀਵੀ ਹੈ ਜੋ ਸ਼ਰਾਬਖੋਰੀ ਅਤੇ ਆਵਾਰਾਗਰਦੀ ਵਿੱਚ ਡੁੱਬੇ ਆਮ ਖਾਣ ਮਜ਼ਦੂਰਾਂ ਤੋਂ ਅਲੱਗ ਜਿਹੀ ਜਿੰਦਗੀ ਬਿਤਾਉਂਦਾ ਹੈ, ਸਮਾਜਵਾਦੀ ਅਖਬਾਰ ਅਤੇ ਪੈਂਫ਼ਲੇਟ ਪੜ੍ਹਦਾ ਹੈ ਅਤੇ ਰੂਸੀ ਪ੍ਰਵਾਸੀ ਸੁਵਾਰੀਨ ਨਾਲ਼ ਗੱਲਾਂ ਕਰਦਾ ਹੈ। ਮੈਨੇਜਮੈਂਟ ਜਦੋਂ ਤਨਖਾਹ ਦਰਾਂ ਵਿੱਚ ਕਟੌਤੀ ਕਰਦੀ ਹੈ ਅਤੇ ਹੜਤਾਲ ਦੀ ਸੁਰੂਆਤ ਹੁੰਦੀ ਹੈ ਤਾਂ ਏਤੀਅਨ ਹੜਤਾਲੀ ਮਜ਼ਦੂਰਾਂ ਦੇ ਆਗੂ ਦੇ ਰੂਪ ਵਿੱਚ ਉੱਭਰਕੇ ਸਾਹਮਣੇ ਆਉਂਦਾ ਹੈ। ਭੀੜ ਦੇ ਮਿਜ਼ਾਜ ਨੂੰ ਭਾਂਪਦੇ ਹੋਏ ਮਜ਼ਦੂਰਾਂ ਦੀ ਸਭਾ ਵਿੱਚ ਏਤੀਅਨ ਪ੍ਰਭਾਵਸ਼ਾਲੀ ਭਾਸ਼ਣ ਦਿੰਦਾ ਹੈ। ਰੜਤਾਲ ਵਿੱਚ ਆਪਣੀ ਲੋਕਪ੍ਰਿਅਤਾ ਦੇ ਨਸ਼ੇ ਵਿੱਚ ਚੂਰ ਏਤੀਅਨ ਪਾਰਲੀਮੈਂਟ ਵਿੱਚ ਪਹੁੰਚਣ ਵਾਲ਼ਾ ਪਹਿਲਾ ਮਜ਼ਦੂਰ ਹੋਣ ਤੱਕ ਦੇ ਸੁਪਨੇ ਦੇਖਣ ਲੱਗਦਾ ਹੈ। ਪਰ ਜਦੋਂ ਸੰਘਰਸ਼ ਅੱਗੇ ਵਧਦਾ ਹੈ ਤਾਂ ਸੰਗਠਨ ਦੇ ਵਿਚਾਰਾਂ-ਪਰੰਪਰਾਵਾਂ ਤੋਂ ਅਣਜਾਣ ਆਮ ਮਜ਼ਦੂਰ ਏਤੀਅਨ ਦੇ ਕਾਬੂ ਤੋਂ ਬਾਹਰ ਨਿਕਲ ਜਾਂਦੇ ਹਨ। ਹੜਤਾਲ ਤੋੜਨ ਦੀ ਕੋਸ਼ਿਸ਼ ਕਰਨ ਵਾਲ਼ੇ ਗੱਦਾਰਾਂ, ਜਾਸੂਸਾਂ ਵਿੱਰੁਧ ਹਿੰਸਕ ਕਾਰਵਾਈ ਕਰਨ ਅਤੇ ਮਸ਼ੀਨਾਂ ਨੂੰ ਤੋੜਨ ਜਿਹੀਆਂ ਸਰਗਰਮੀਆਂ ਤੋਂ ਉਹ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਹੜਤਾਲ ਜਦੋਂ ਲੰਬੀ ਖਿੱਚ ਜਾਂਦੀ ਹੈ ਤਾਂ ਉਹੀ ਮਜ਼ਦੂਰ ਏਤੀਅਨ ਨੂੰ ਠੁਕਰਾ ਦਿੰਦੇ ਹਨ ਤੇ ਆਪਣੀ ਹੜਤਾਲ ਦਾ ਅੰਤ ਕਰਕੇ ਮੁੜ ਕੰਮ ਸ਼ੁਰੂ ਕਰ ਦਿੰਦੇ ਹਨ।

‘ਜਰਮੀਨਲ’ ਮਜ਼ਦੂਰ ਲਹਿਰ ਦੀ ਆਪਮੁਹਾਰਤਾ ਦੀ ਮਹੱਤਤਾ ਸਪੱਸ਼ਟ ਕਰਦੇ ਹੋਏ ਸੰਘਰਸ਼ ਵਿੱਚ ਸਚੇਤਨਤਾ ਦੇ ਜਨਮ ਅਤੇ ਕ੍ਰਮਵਾਰ ਵਿਕਾਸ ਦੀ ਗੁੰਝਲਦਾਰ ਤੇ ਧੀਮੀ ਪ੍ਰਕਿਰਿਆ ਨੂੰ ਅਤੇ ਸੰਘਰਸ਼ ਦੇ ਅਲੱਗ-ਅਲੱਗ ਪੜਾਵਾਂ ਨੂੰ ਇੰਨੇ ਪ੍ਰਭਾਵੀ ਢੰਗ ਨਾਲ ਦਰਸਾਉਂਦਾ ਹੈ ਕਿ ਮਜ਼ਦੂਰ ਲਹਿਰ ਵਿੱਚ ਸਰਗਰਮ ਕਾਰਕੁਨਾਂ ਲਈ ਇਹ ਅੱਜ ਵੀ ਇੱਕ ਜਰੂਰੀ ਅਧਿਐਨ ਸਮੱਗਰੀ ਹੈ। ਲਗਾਤਾਰ ਡਰ, ਸਮਝੌਤਿਆਂ ਤੇ ਹੋਣੀ ਨੂੰ ਪ੍ਰਵਾਨ ਕਰਨ ਦੇ ਮਹੌਲ ਵਿੱਚ ਪਲ਼ਦੇ ਆਏ ਮਜ਼ਦੂਰਾਂ ਵਿੱਚ ਜੁਰਮਾਨਿਆਂ, ਬੇਇਨਸਾਫ਼ੀਆਂ ਕਾਰਨ ਹੌਲ਼ੀ-ਹੌਲ਼ੀ ਗੁੱਸਾ ਪਲ਼ਦਾ ਰਹਿੰਦਾ ਹੈ। ਫੇਰ ਖਾਣ ਵਿੱਚ ਸ਼ਤੀਰੀਆਂ ਗੱਡਣ ਦੇ ਵੱਖਰੇ ਪੈਸੇ ਦੇਣ ਦੇ ਨਾਮ ‘ਤੇ ਜਦੋਂ ਉਹਨਾਂ ਦੀ ਮਜ਼ਦੂਰੀ ਘਟਾ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਅੰਦਰੋ-ਅੰਦਰੀ ਪਲ਼ ਰਿਹਾ ਗੁੱਸਾ ਹੜਤਾਲ ਦੇ ਰੂਪ ਵਿੱਚ ਬਾਹਰ ਨਿੱਕਲਦਾ ਹੈ ਜਿਸਦੀ ਅਗਵਾਈ ਏਤੀਅਨ ਕਰਦਾ ਹੈ। ਇਸ ਤਰ੍ਹਾਂ ਪਾਤਰਾਂ ਦੀ ਚੇਤਨਾ ਵਿੱਚ ਹੌਲ਼ੀ-ਹੌਲ਼ੀ ਵਿਕਾਸ, ਆਪਣੇ ਬਿਹਤਰ ਦਿਨਾਂ ਲਈ ਆਖਰੀ ਸਾਹ ਤੱਕ ਸੰਘਰਸ਼ ਕਰਨ ਲਈ ਤਿਆਰ ਹੋ ਜਾਣ ਦੀ ਜ਼ਿੱਦ, ਮਹੀਨਿਆਂ ਬੱਧੀ ਹੜਤਾਲ ਚਲਦੀ ਰਹਿਣ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ‘ਤੇ ਮੈਨੇਜਰਾਂ, ਗੱਦਾਰ ਮਜ਼ਦੂਰਾਂ ਤੇ ਮਸ਼ੀਨਾਂ ਪ੍ਰਤੀ ਉਹਨਾਂ ਦਾ ਗੁੱਸਾ ਜੋ ਹਿੰਸਕ ਭੰਨਤੋੜ ਦੇ ਰੂਪ ਵਿੱਚ ਨਿੱਕਲਦਾ ਹੈ, ਫਿਰ 3 ਮਹੀਨਿਆਂ ਬਾਅਦ ਜਦੋਂ ਕੋਈ ਨਤੀਜਾ ਨਹੀਂ ਨਿੱਕਲਦਾ ਤੇ ਉਹਨਾਂ ਦੇ ਬੱਚਿਆਂ ਦੀ ਮੌਤ ਹੌਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਮਜਬੂਰੀਵੱਸ ਹੜਤਾਲ ਖਤਮ ਕਰਕੇ ਨਿਰਾਸ਼ ਹੋਏ ਮੁੜ ਕੰਮ ‘ਤੇ ਜਾਣਾ ਪੈਂਦਾ ਹੈ। ਮਜ਼ਦੂਰਾਂ ਵਿੱਚ ਆ ਰਹੀ ਨਵੀਂ ਚੇਤਨਾ ਨੂੰ ਨਾਵਲ ਵਿੱਚ ਇੰਝ ਬਿਆਨਿਆ ਗਿਆ ਹੈ: “1789 ਤੋਂ ਅਮੀਰ ਤਬਕਾ ਧਰਤੀ ਦੀ ਚਰਬੀ ਉੱਪਰ ਗੁਜ਼ਾਰਾ ਕਰਦਾ ਆ ਰਿਹਾ ਹੈ ਅਤੇ ਉਹ ਵੀ ਇਤਨੇ ਲਾਲਚ ਨਾਲ਼ ਕਿ ਮਜ਼ਦੂਰਾਂ ਲਈ ਪਲੇਟਾਂ ਛੱਡਣ ਵਾਸਤੇ ਵੀ ਕੁੱਝ ਨਹੀਂ ਛੱਡਿਆ। ਹੁਣ ਕੌਣ ਝੂਠਾ ਦਾਅਵਾ ਕਰ ਸਕਦਾ ਹੈ ਕਿ ਕਾਮਿਆਂ ਨੂੰ ਪਿਛਲੇ ਦੋ ਸਾਲਾਂ ਵਿੱਚ ਹੋਏ ਦੌਲਤ ਦੇ ਵਾਧੇ ਅਤੇ ਜੀਵਨ ਪੱਧਰ ਵਿੱਚ ਹੋਈ ਅਸਧਾਰਨ ਤਰੱਕੀ ਵਿੱਚੋਂ ਯੋਗ ਹਿੱਸਾ ਮਿਲਿਆ ਹੈ? ਉਹਨਾਂ ਨੂੰ ਅਜ਼ਾਦ ਕਹਿਣਾ ਇੱਕ ਵੱਡਾ ਮਜ਼ਾਕ ਹੈ- ਹਾਂ, ਉਹ ਮਰਨ ਲਈ ਅਜ਼ਾਦ ਹਨ ਅਤੇ ਉਨ੍ਹਾਂ ਨੇ ਇਹ ਕੰਮ ਠੀਕ ਤਰ੍ਹਾਂ ਕੀਤਾ ਹੈ। … ਨਹੀਂ ਇਸ ਗੱਲ ਨੂੰ ਕਿਸੇ ਤਰ੍ਹਾ ਰੋਕਣਾ ਪਵੇਗਾ, ਜਾਂ ਤਾਂ ਕਨੂੰਨ ਰਾਹੀਂ ਚੰਗੇ ਢੰਗ ਨਾਲ਼ ਤੇ ਦੋਸਤਾਨਾ ਸਮਝ ਬੂਝ ਨਾਲ਼ ਜਾਂ ਅਨੇਕਾਂ ਗੋਲ਼ੀਆਂ ਚਲਾ ਕੇ ਤੇ ਕਲਤੇਆਮ ਕਰਕੇ ਜ਼ਾਲਮਾਨਾ ਢੰਗ ਨਾਲ਼। ਬੱਚੇ ਉਸ ਨੂੰ ਵੇਖਣ ਲਈ ਜਰੂਰ ਜਿਉਂਦੇ ਹੋਣਗੇ, ਭਾਵੇ ਬੁੱਢੇ ਆਦਮੀ ਨਾ ਹੀ ਜਿਉਂਦੇ ਰਹਿਣ ਕਿਉਂਕਿ ਸਦੀ ਦਾ ਅੰਤ ਹੋਣ ਤੱਕ ਇੱਕ ਹੋਰ ਇਨਕਲਾਬ ਲਾਜ਼ਮੀ ਆਵੇਗਾ ਤੇ ਇਸ ਵਾਰੀ ਇਹ ਇਨਕਲਾਬ ਕਾਮਿਆਂ ਦਾ ਹੋਵੇਗਾ। ਇਹ ਇੱਕ ਸ਼ਾਨਦਾਰ ਟੱਕਰ ਹੋਵੇਗੀ ਜੋ ਸਮਾਜ ਨੂੰ ਚੋਟੀ ਤੋਂ ਲੈ ਕੇ ਧਰਾਤਲ ਤੱਕ ਸਾਫ਼ ਸੁਥਰਾ ਕਰ ਦੇਵੇਗੀ ਤੇ ਮੁੜ ਉਸ ਨੂੰ ਵਧੇਰੀ ਸੁੱਘੜਤਾ ਅਤੇ ਨਿਆਂ ਨਾਲ ਨਵੇਂ ਸਿਰਿਓਂ ਉਸਾਰੇਗੀ। ”

ਨਾਵਲ ਵਿੱਚ ਅਮੀਰ ਤਬਕੇ ਦੇ ਜੀਵਨ ਦਾ ਵੀ ਦਿਲਚਸਪ ਚਿਤਰਣ ਵੇਖਣ ਨੂੰ ਮਿਲਦਾ ਹੈ। ਖਾਣ ਦੇ 6 ਮਾਲਕਾਂ ਦਾ ਬੋਰਡ ਜੋ ਕਦੇ ਖਾਣ ਵਿੱਚ ਨਹੀਂ ਆਇਆ ਤੇ ਹਰ ਹਾਲ ਆਪਣੇ ਮੁਨਾਫ਼ੇ ਵਧਾਉਣੇ ਚਾਹੁੰਦਾ ਹੈ। ਗਰੇਗੁਆਰ ਪਰਿਵਾਰ ਜਿਸਦੇ ਖਾਣ ਵਿੱਚ ਕਈ ਸਾਲ ਪਹਿਲਾਂ ਕੀਤੇ ਨਿਵੇਸ਼ ਸਦਕਾ ਹੀ ਹੁਣ ਉਹਨਾਂ ਨੂੰ ਕਈ ਗੁਣਾ ਮੁਨਾਫ਼ਾ ਘਰੇ ਬੈਠੇ ਆ ਜਾਂਦਾ ਹੈ ਤੇ ਜੋ ਗਰੀਬਾਂ ਨੂੰ ਰੱਬ ਦੀ ਰਜ਼ਾ ‘ਚ ਰਹਿਣ ਦੀ ਨਸੀਹਤਾਂ ਦਿੰਦੇ ਹਨ। ਖਾਣ ਦਾ ਮੈਨੇਜਰ ਮਿਸਟਰ ਐਨਬੋ ਜੋ ਮਾਲਕਾਂ ਦੇ ਮੁਨਾਫ਼ਿਆਂ ਦੀ ਰਾਖੀ ਲਈ ਮਜ਼ਦੂਰਾਂ ਦਾ ਖੂਨ ਵਹਾਉਣ ਲਈ ਤਿਆਰ ਹੈ ਤੇ ਭੁੱਖ ਨਾਲ ਮਰਦੇ ਬੱਚਿਆਂ ਦੇ ਬਾਵਜੂਦ ਵੀ ਤਨਖਾਹ ਵਿੱਚ ਕੀਤੀ ਕਟੌਤੀ ਵਾਪਸ ਲੈਣ ਲਈ ਤਿਆਰ ਨਹੀਂ। ਮੈਨੇਜਰ ਦੀ ਪਤਨੀ ਜੋ ਇੱਕ ਅਮੀਰਜ਼ਾਦੀ ਹੈ ਤੇ ਆਪਣੇ ਪਤੀ ਨੂੰ ਪਸੰਦ ਨਹੀਂ ਕਰਦੀ, ਪਤੀ ਨਾਲ ਬੇਵਫਾਈ ਕਰਦੀ ਬਾਹਰ ਸਬੰਧ ਬਣਾਉਂਦੀ ਹੈ ਤੇ ਪੁਰਾਣਾ ਸਬੰਧ ਟੁੱਟਣ ‘ਤੇ ਆਪਣੇ ਭਤੀਜੇ ਨਾਲ ਹੀ ਭੋਗ ਵਿਲਾਸ ਕਰਦੀ ਹੈ। ਵੱਡਾ ਦੁਕਾਨਦਾਰ ਮੇਗਰਾ ਜੋ ਮਜ਼ਦੂਰਾਂ ਦੇ ਉਧਾਰ ਨੂੰ ਚੁਕਾਉਣ ਬਦਲੇ ਉਹਨਾਂ ਦੀਆਂ ਜਵਾਨ ਕੁੜੀਆਂ, ਔਰਤਾਂ ਨੂੰ ਰਾਤ ਬਿਤਾਉਣ ਲਈ ਮਜ਼ਬੂਰ ਕਰਦਾ ਹੈ। ਇਹਨਾਂ ਸਭ ਦਾ ਚਿਤਰਣ ਪਾਠਕਾਂ ਦੇ ਮਨ ਵਿੱਚ ਇਸ ਅਮੀਰ ਤਬਕੇ ਖਿਲਾਫ਼ ਘ੍ਰਿਣਾ ਪੈਦਾ ਕਰਦਾ ਹੈ।

ਭਾਵੇਂ ਇਸ ਹੜਤਾਲ ਦਾ ਅੰਤ ਅਸਫ਼ਲਤਾ ਵਿੱਚ ਹੁੰਦਾ ਹੈ ਪਰ ਇਹ ਅਸਫ਼ਲਤਾ ਨਾਵਲ ਦਾ ਨਿਰਾਸ਼ਮਈ ਅੰਤ ਨਹੀਂ ਕਰਦੀ। ਸੰਘਰਸ਼ ਰਾਹੀਂ ਮਜ਼ਦੂਰਾਂ ਦੀ ਚੇਤਨਾ ਵਿੱਚ ਆਈ ਤਬਦੀਲੀ ਅਤੇ ਹਾਰ ਦੇ ਬਾਵਜੂਦ ਪਾਠਕ ਅੱਗੇ ਇਸ ਢਾਂਚੇ ਦੀ ਤਬਾਹੀ ਨੂੰ ਹੀ ਇੱਕੋ-ਇੱਕ ਹੱਲ ਵਜੋਂ ਪੇਸ਼ ਕਰਨਾ ਇਸ ਨਾਵਲ ਨੂੰ ਸਕਾਰਤਾਮਕ ਨਾਵਲ ਬਣਾ ਦਿੰਦਾ ਹੈ। ਅੰਤ ਵਿੱਚ ਭਾਵੇਂ ਏਤੀਅਨ ਖਾਣ ਮਜ਼ਦੂਰਾਂ ਦਾ ਪਿੰਡ ਛੱਡ ਦਿੰਦਾ ਹੈ, ਇਸ ਲਈ ਨਹੀਂ ਕਿ ਮਜ਼ਦੂਰ ਜਮਾਤ ਤੋਂ ਉਸਨੇ ਉਮੀਦ ਕਰਨੀ ਛੱਡ ਦਿੱਤੀ ਹੈ, ਸਗੋਂ ਇਸ ਲਈ ਕਿ ਪੈਰਿਸ ਵਿੱਚ ਮਜ਼ਦੂਰ ਜਮਾਤ ਦੀ ਜਥੇਬੰਦੀ ਪਹਿਲੀ ਇੰਟਰਨੈਸ਼ਲ ਵਿੱਚ ਕੰਮ ਕਰਦੇ ਜਥੇਬੰਦਕ ਆਗੂ ਪਲੂਸਾਰ ਨੇ ਉਸ ਸਾਹਮਣੇ ਪੈਰਿਸ ਵਿੱਚ ਕੰਮ ਕਰਨ ਦਾ ਪ੍ਰਸਤਾਵ ਰੱਖਿਆ ਹੈ। ਨਾਵਲ ਦੇ ਆਖਰੀ ਪੰਨਿਆਂ ਦੇ ਇਹ ਸ਼ਬਦ ਖੁਦ ਆਪਣਾ ਅੰਤਲਾ ਪ੍ਰਭਾਵ ਸਿਰਜਦੇ ਹਨ: “ਖਾਣ ਮਜ਼ਦੂਰਾਂ ਨੇ ਹੁਣ ਆਪਣੀਆਂ ਫੌਜਾਂ ਦੀ ਗਿਣਤੀ ਕਰ ਲਈ ਸੀ, ਆਪਣੀ ਤਾਕਤ ਦਾ ਅਨੁਮਾਨ ਲਾ ਲਿਆ ਸੀ ਅਤੇ ਇਨਸਾਫ਼ ਲਈ ਉਹਨਾਂ ਦੀ ਅਵਾਜ਼ ਨੇ ਫਰਾਂਸ ਦੇ ਸਾਰੇ ਕਾਮਿਆਂ ਨੂੰ ਜਗਾ ਦਿੱਤਾ ਸੀ। ਅਤੇ ਇਹੀ ਕਾਰਨ ਸੀ ਕਿ ਉਹਨਾਂ ਦੀ ਹਾਰ ਨੇ ਕਿਸੇ ਨੂੰ ਵੀ ਕੋਈ ਸੁੱਖ ਦਾ ਸਾਹ ਨਹੀਂ ਪਹੁੰਚਾਇਆ ਅਤੇ ਮਾਂਟੂਸ ਦੇ ਬੁਰਜੂਆਵਾਂ ਨੂੰ ਤਾਂ ਬਿਲਕੁਲ ਵੀ ਨਹੀਂ ਜਿਨ੍ਹਾਂ ਦੀ ਜਿੱਤ ਵਿੱਚ ਬੇਚੈਨੀ ਭਰੇ ਡਰ ਦਾ ਜ਼ਹਿਰ ਮਿਲ ਗਿਆ ਸੀ।… ਇਸ ਵਾਰੀ ਉਹਨਾਂ ਦੇ ਪੁਰਾਣੇ ਜਰਜਰ ਕਰਦੇ ਸਮਾਜ ਨੂੰ ਧੱਕਾ ਲੱਗਾ ਤੇ ਉਹਨਾਂ ਨੂੰ ਆਪਣੇ ਪੈਰਾਂ ਹੇਠੋਂ ਧਰਤੀ ਦੇ ਪਾਟਣ ਦੀ ਅਵਾਜ਼ ਸੁਣਾਈ ਦਿੱਤੀ ਸੀ। ਪਰ ਉਨ੍ਹਾਂ ਨੂੰ ਕਈ ਹੋਰ ਝਟਕੇ ਆਉਂਦੇ ਹੋਏ ਮਹਿਸੂਸ ਹੋਏ ਤੇ ਅਤੇ ਹੋਰ ਝਟਕੇ ਲੱਗੇ। ਇਹ ਝਟਕੇ ਇਸੇ ਤਰ੍ਹਾਂ ਚਲਦੇ ਜਾਣਗੇ ਜਦੋਂ ਤੱਕ ਕਿ ਪੁਰਾਣੇ ਢਾਂਚੇ ਦੇ ਟੁਕੜੇ-ਟੁਕੜੇ ਨਹੀਂ ਹੋ ਜਾਂਦੇ ਅਤੇ ਉਹ ਲਾ-ਵਰਾ ਵਾਂਗ ਢਹਿ-ਢੇਰੀ ਹੋ ਕੇ ਜ਼ਮੀਨ ਵਿੱਚ ਨਹੀਂ ਗੁਆਚ ਜਾਂਦਾ।”

ਫਰਾਂਸ ਦੇ ਇਸ ਮਹਾਨ ਲੇਖਕ ਦੀ 29 ਸਤੰਬਰ, 1902 ਨੂੰ ਮੌਤ ਹੋ ਗਈ। ਏਮੀਲ ਜ਼ੋਲਾ ਆਪਣੀ ਸਿਧਾਂਤਕ ਸਮਝ ਵਿੱਚ ਪਿਛਾਖੜਤਾ ਅਤੇ ਸਾਹਿਤਕ ਸਿਧਾਂਤਾਂ ਵਿੱਚ ਸਮੋਈਆਂ ਵਿਰੋਧਤਾਈਆਂ ਦੇ ਬਾਵਜੂਦ ਦਾ ਲੋਕਾਂ ਦੇ ਪੱਖ ਵਿੱਚ ਭੁਗਤਿਆ। ਸਰਮਾਏਦਾਰੀ ਦੇ ਬੇਰਹਿਮੀ, ਕਮੀਨਗੀ, ਨਿਘਾਰ ਤੇ ਲੋਭ-ਲਾਲਚ ਦੇ ਸੱਭਿਆਚਾਰ ਨਾਲ ਉਹ ਜ਼ਿੰਦਗੀ ਭਰ ਨਫ਼ਰਤ ਕਰਦਾ ਰਿਹਾ ਅਤੇ ਕਿਰਤ ਦੀ ਲੁੱਟ ਰਹਿਤ ਸਮਾਜ ਦੀ ਉਸਾਰੀ ਬਾਰੇ ਅੰਤਿਮ ਸਾਹ ਤੱਕ ਸੋਚਦਾ ਰਿਹਾ। ਜਦੋਂ ਤੱਕ ਸਰਮਾਏਦਾਰਾ ਢਾਂਚਾ, ਇਸਦੀ ਲੁੱਟ ਸੰਸਾਰ ‘ਤੇ ਰਹੇਗੀ ਉਦੋਂ ਤੱਕ ਇਸ ਢਾਂਚੇ ਦੀ ਅਲੋਚਨਾ ਕਰਦੀਆਂ, ਇਸਦੀ ਸੱਚਾਈ ਉਘਾੜਦੀਆਂ ਅਤੇ ਬਿਹਤਰ ਭਵਿੱਖ ਸੁਪਨਿਆਂ ਦੀ ਗੱਲ ਕਰਦੀਆਂ  ਜ਼ੋਲਾ ਲਿਖਤਾਂ ਦੀ ਪ੍ਰਸੰਗਿਕਤਾ ਬਣੀ ਰਹੇਗੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016