ਅਲਬਰਟ ਆਈਨਸਟੀਨ : ਇੱਕ ਵਿਗਿਆਨੀ, ਇੱਕ ਅਧਿਆਪਕ, ਲੋਕ-ਹੱਕਾਂ ਦਾ ਇੱਕ ਪਹਿਰੇਦਾਰ •ਨਵਗੀਤ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਡੇ ਵਿੱਚੋਂ ਜਿਨਾਂ ਨੂੰ ਵੀ ਸਕੂਲ ਜਾਣ ਦਾ ਮੌਕਾ ਮਿਲ਼ਿਆ ਹੈ ਤੇ ਕੋਈ ਅਜਿਹਾ ਅਧਿਆਪਕ ਟੱਕਰਿਆ ਹੈ ਜਿਸਨੂੰ ਵਿਗਿਆਨ ਪੜਾਉਣ ਵਿੱਚ ਸੱਚੀਂ ਦਿਲਚਸਪੀ ਸੀ, ਤਾਂ ਉਹਨਾਂ ਨੇ ਅਜਿਹੀ ਰੇਲਗੱਡੀ ਜਾਂ ਜਹਾਜ਼ ਵਾਲ਼ੀ ਕਹਾਣੀ ਲਾਜ਼ਮੀ ਸੁਣੀ ਹੋਵੇਗੀ ਜਿਸ ਦਾ ਨੌਜਵਾਨ ਸਵਾਰ ਆਪਣੇ ਸਕੇ ਭਾਈ ਨੂੰ ਧਰਤੀ ਉੱਤੇ ਛੱਡ ਕੇ ਪੁਲਾੜ ਘੁੰਮਣ ਚਲਾ ਜਾਂਦਾ ਹੈ। ਇਸ ਰੇਲਗੱਡੀ ਜਾਂ ਜਹਾਜ਼ ਦੀ ਖਾਸੀਅਤ ਇਹ ਹੈ ਕਿ ਇਸ ਦੀ ਗਤੀ ਆਮ ਗੱਡੀਆਂ ਜਾਂ ਜਹਾਜ਼ਾਂ ਨਾਲ਼ੋਂ ਬਹੁਤ ਜ਼ਿਆਦਾ, ਲਗਭਗ ਪ੍ਰਕਾਸ਼ ਦੀ ਗਤੀ ਦੇ ਨੇੜੇ ਹੁੰਦੀ ਹੈ। ਜਦੋਂ ਸਵਾਰ ਵਾਪਸ ਧਰਤੀ ਉੱਤੇ ਆਉਂਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ। ਉਸਨੂੰ ਦੱਸਿਆ ਜਾਂਦਾ ਹੈ ਕਿ ਉਹ ਜਿਸ ਨੌਜਵਾਨ ਨੂੰ ਹੁਣੇ ਮਿਲ਼ਿਆ ਹੈ ਉਹ ਉਸਦਾ ਭਾਈ ਨਹੀਂ ਸਗੋਂ ਪੋਤ-ਭਤੀਜਾ ਹੈ, ਉਸਦਾ ਭਾਈ ਤਾਂ ਕਦੋਂ ਦਾ ਬਜ਼ੁਰਗ ਹੋ ਚੁੱਕਾ ਹੈ। ਉਸਦੇ ਬਾਕੀ ਭਤੀਜੇ-ਭਤੀਜੀਆਂ ਵੀ ਕਈ-ਕਈ ਸਾਲ ਪਹਿਲਾਂ ਵਿਆਹੇ ਜਾ ਚੁੱਕੇ ਹਨ ਤੇ ਜੁਆਕਾਂ ਵਾਲ਼ੇ ਹਨ ਜਦਕਿ ਉਹ ਅਜੇ ਵੀ ਉਸੇ ਉਮਰ ਦਾ ਨੌਜਵਾਨ ਹੈ ਜਿਸ ਉਮਰ ਵਿੱਚ ਉਹ ਉੱਥੋਂ ਗਿਆ ਸੀ।* ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੁਲਾੜ ਨੂੰ ਜਾਣ ਵਾਲ਼ੀ ਤੇਜ਼-ਰਫ਼ਤਾਰ ਰੇਲਗੱਡੀ ਵਿੱਚ ਸਮਾਂ ਧੀਮਾ ਹੋ ਜਾਂਦਾ ਹੈ, ਘੜੀ ਦੀਆਂ ਸੂਈਆਂ ਇੱਕ ਚੱਕਰ ਪੂਰਾ ਕਰਨ ਲਈ ਧਰਤੀ ਦੇ ਕਈ-ਕਈ ਸਾਲਾਂ ਜਿੰਨਾ ਸਮਾਂ ਲੈਂਦੀਆਂ ਹਨ। (ਸ਼ਾਇਦ ਦੁੱਖ ਦੀਆਂ ਘੜੀਆਂ ਤੋਂ ਬਾਅਦ ਇਹ ਦੂਜਾ ਅਜਿਹਾ ਵਾਕਿਆ ਹੋਵੇਗਾ ਜਦੋਂ ਸਮਾਂ ਗੁਜ਼ਰਦਾ ਹੀ ਨਹੀਂ, ਪਰ ਦੁੱਖ ਮਨੁੱਖ ਨੂੰ ਜਲਦੀ ਬੁੱਢਾ ਕਰ ਦਿੰਦਾ ਹੈ ਪਰ ਸਾਡੀ ਰੇਲਗੱਡੀ ਮਨੁੱਖ ਨੂੰ ਨੌਜਵਾਨ ਰੱਖਦੀ ਹੈ!! ਇੱਕ ਫ਼ਰਕ ਹੋਰ, ਦੁੱਖ ਵਿੱਚ ਸਮਾਂ ਧੀਮਾ ਹੋਣਾ ਮਨੁੱਖ ਨੂੰ ਮਹਿਸੂਸ ਹੁੰਦਾ ਹੈ ਪਰ ਸਮਾਂ ਅਸਲ ਵਿੱਚ ਧੀਮਾ ਹੁੰਦਾ ਨਹੀਂ, ਸਾਡੀ ਪੁਲਾੜੀ ਰੇਲਗੱਡੀ ਵਿੱਚ ਸਮਾਂ ਸੱਚੀਂ ਧੀਮਾ ਹੋ ਜਾਂਦਾ ਹੈ ਪਰ ਮਨੁੱਖ ਨੂੰ ਮਹਿਸੂਸ ਨਹੀਂ ਹੁੰਦਾ!!) ਦਿਮਾਗ਼ ਨੂੰ ਚੱਕਰਾਂ ਵਿੱਚ ਪਾਉਣ ਵਾਲ਼ੀ ਇਹ ਕਹਾਣੀ ਸਿਰਫ਼ ਕਹਾਣੀ ਨਹੀਂ ਹੈ ਜੇ ਅਸੀਂ ਸਾਪੇਖਤਾ ਦੇ ਸਿਧਾਂਤ ਦੀ ਮੰਨੀਏ, ਹਾਂ ਇਹ ਜ਼ਰੂਰ ਹੈ ਕਿ ਅਜਿਹਾ ਮਨੁੱਖ ਲਈ ਸੰਭਵ ਨਹੀਂ ਹੈ। ਮਨੁੱਖ ਸਿਰਫ਼ ਕਲਪਨਾ ਵਿੱਚ ਅਜਿਹੀਆਂ ਯਾਤਰਾਵਾਂ ਕਰ ਸਕਦਾ ਹੈ, ਪਰ ਇਹ ਕਲਪਨਾ ਵੀ ਤਾਂ ਹੀ ਸੰਭਵ ਹੋਈ ਜੇ ਅਲਬਰਟ ਆਈਨਸਟੀਨ ਨੇ ਸਪੇਖਤਾ ਦਾ ਸਿਧਾਂਤ ਖੋਜਿਆ। ਇਹ ਸਿਧਾਂਤ ਉਸਨੇ ਉਸ ਸਮੇਂ ਖੋਜਿਆ ਜਦੋਂ ਉਹ ਆਪਣੇ ਪਰਿਵਾਰ ਦਾ ਖਰਚਾ ਤੋਰਨ ਲਈ ਇੱਕ ਸਵਿਸ ਪੇਟੈਂਟ ਦਫ਼ਤਰ ਵਿੱਚ ਕਲਰਕ ਦੀ ਨੌਕਰੀ ਕਰਦਾ ਹੋਇਆ ਦਿਨ ਭਰ ਫਾਈਲਾਂ ਨਾਲ਼ ਮੱਥਾ ਮਾਰਦਾ ਅਤੇ ਉੱਥੋਂ ਵਿਹਲਾ ਹੋ ਕੇ ਭੌਤਿਕ ਵਿਗਿਆਨ ਦੇ “ਸੰਕਟ” ਬਾਰੇ ਸੋਚਦਾ ਰਹਿੰਦਾ, ਉਸਨੂੰ ਨਿਊਟਨ ਦੇ ਭੌਤਿਕ ਵਿਗਿਆਨ ਦੇ ਸਿਧਾਂਤ ਅਧੂਰੇ-ਨਾਕਾਫ਼ੀ ਲੱਗਦੇ ਅਤੇ ਉਹ ਆਪਣੀਆਂ ਸੋਚਾਂ ਤੇ ਸਮੀਕਰਨਾਂ ਨਾਲ਼ ਕਿਸੇ ਦੂਸਰੀ ਦੁਨੀਆਂ ਵਿੱਚ ਗੁਆਚ ਜਾਂਦਾ ਜਿੱਥੋਂ ਉਸਨੂੰ ਅਗਲੀ ਸਵੇਰ ਦਫ਼ਤਰ ਦਾ “ਟੈਮ” ਹੀ ਵਾਪਿਸ ਲੈ ਕੇ ਆਉਂਦਾ। ਆਖਿਰ 1905 ਵਿੱਚ ਆਈਨਸਟੀਨ ਨੇ ਚਾਰ ਖੋਜ-ਪੱਤਰ ਛਪਣ ਲਈ ਭੇਜੇ ਜਿਹਨਾਂ ਦੇ ਵਿਸ਼ੇ ਸਨ – ਪ੍ਰਕਾਸ਼-ਬਿਜਲਈ ਪ੍ਰਭਾਵ, ਬ੍ਰਾਊਨੀਅਨ ਮੂਵਮੈਂਟ, ਸਪੇਖਤਾ ਦਾ ਵਿਸ਼ੇਸ਼ ਸਿਧਾਂਤ ਅਤੇ ਪੁੰਜ-ਊਰਜਾ ਸਮੀਕਰਨ (ਜਿਸ ਵਿੱਚੋਂ E=mc2 ਸਮੀਕਰਨ ਸਾਹਮਣੇ ਆਇਆ ਜੋ ਸ਼ਾਇਦ ਮਨੁੱਖੀ ਇਤਿਹਾਸ ਦਾ ਸਭ ਤੋਂ ਪ੍ਰਸਿੱਧ ਸਮੀਕਰਨ ਹੋਵੇਗਾ)। ਇਹਨਾਂ ਚਾਰਾਂ ਖੋਜ-ਪੱਤਰਾਂ ਵਿੱਚੋਂ ਕੋਈ ਇੱਕ ਵੀ ਖੋਜ ਜੇ ਕੋਈ ਵਿਗਿਆਨੀ ਕਰਦਾ ਤਾਂ ਉਹ ਉਸਨੂੰ ਅਮਰ ਕਰਨ ਲਈ ਕਾਫ਼ੀ ਸੀ, ਪਰ ਆਈਨਸਟੀਨ ਨੇ ਚਾਰੋਂ ਇੱਕ ਸਮੇਂ ਹੀ ਲਿਖੇ!!

ਆਈਨਸਟੀਨ ਦਾ ਜਨਮ 14 ਮਾਰਚ, 1879 ਨੂੰ ਮਹਾਨ ਵੋਲਗਾ ਤੋਂ ਬਾਅਦ ਯੂਰਪ ਦੇ ਦੂਜੇ ਸਭ ਤੋਂ ਵੱਡੇ ਦਰਿਆ ‘ਦੇਨਿਊਬ’ ਕੰਢੇ ਵਸੇ ਜਰਮਨੀ ਦੇ ਇੱਕ ਸ਼ਹਿਰ ‘ਉਲਮ’ ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਤੇ ਚਾਚੇ ਦੀ ਇਲੈਕਟ੍ਰੀਕਲ ਸਾਜੋ-ਸਮਾਨ ਬਣਾਉਣ ਦੀ ਇੱਕ ਛੋਟੀ ਜਿਹੀ ਕੰਪਨੀ ਸੀ ਜਿਹੜੀ 1894 ਵਿੱਚ ਉਹਨਾਂ ਨੂੰ ਦਿਵਾਲ਼ਾ ਨਿੱਕਲ਼ ਜਾਣ ਕਰਕੇ ਵੇਚਣੀ ਪਈ ਤੇ ਉਹ ਇਟਲੀ ਵਿੱਚ ਆ ਕੇ ਰਹਿਣ ਲੱਗੇ। ਇਸੇ ਦੌਰਾਨ ਆਈਨਸਟੀਨ ਦਾ ਬਚਪਨ ਬੀਤਿਆ। ਬਚਪਨ ਵਿੱਚ ਹੀ ਆਪਣੀ ਮਾਂ ਦੀ ਸੰਗਤ ਵਿੱਚ ਉਹਨਾਂ ਨੂੰ ਸੰਗੀਤ ਨਾਲ਼ ਪਿਆਰ ਹੋ ਗਿਆ, ਉਹਨਾਂ ਦੀ ਮਾਂ ਪਿਆਨੋ ਦੀ ਅੱਛੀ-ਖਾਸੀ ਜਾਣਕਾਰ ਤੇ ਵਾਦਕ ਸੀ। ਬਾਅਦ ਵਿੱਚ ਇੱਕ ਵਾਰ ਆਈਨਸਟੀਨ ਨੇ ਇਹ ਕਿਹਾ ਵੀ ਕਿ ਜੇ ਉਹ ਭੌਤਿਕ ਵਿਗਿਆਨੀ ਨਾ ਹੁੰਦੇ ਤਾਂ ਪੱਕਾ ਹੀ ਇੱਕ ਸੰਗੀਤਕਾਰ ਹੁੰਦੇ। ਉਹਨਾਂ ਦੇ ਪਿਤਾ ਆਈਨਸਟੀਨ ਨੂੰ ਇੱਕ ਇਲੈਕਟ੍ਰੀਕਲ ਇੰਜੀਨੀਅਰ ਬਣਾਉਣਾ ਲੋਚਦੇ ਸਨ ਪਰ ਆਈਨਸਟੀਨ ਦੇ ਇਰਾਦੇ ਹੋਰ ਸਨ। ਆਪਣੇ ਪਿਤਾ ਦੀ ਇੱਛਾ ਅਨੁਸਾਰ ਪੜਾਈ ਲਈ ਪਰਿਵਾਰ ਦੇ ਇਟਲੀ ਚਲੇ ਜਾਣ ਤੋਂ ਬਾਅਦ ਵੀ ਆਈਨਸਟੀਨ ਜਰਮਨੀ ਦੇ ਵੱਡੇ ਸ਼ਹਿਰ ਮਿਊਨਿਖ ਵਿੱਚ ਰਹੇ, ਪਰ ਇਹ ਰਵਾਇਤੀ ਪੜਾਈ ਉਹਨਾਂ ਨੂੰ ਬੰਨ ਕੇ ਨਹੀਂ ਰੱਖ ਸਕਦੀ ਸੀ। ਪੜਾਈ ਦੇ ਸਿਲੇਬਸ ਤੇ ਪੜਾਉਣ ਦੇ ਤਰੀਕਿਆਂ ਨੂੰ ਲੈ ਕੇ ਆਈਨਸਟੀਨ ਦੀ ਕਾਲਜ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਨਾਲ਼ “ਖੜਕ” ਗਈ। ਆਈਨਸਟੀਨ ਦਾ ਕਹਿਣਾ ਸੀ ਕਿ ਸਿਲੇਬਸ ਤੇ “ਰੱਟੇ” ਨੂੰ ਮੁੱਖ ਟੇਕ ਬਣਾਉਣ ਵਾਲ਼ੇ ਪੜਾਈ ਦੇ ਤਰੀਕੇ ਵਿਦਿਆਰਥੀ ਦੇ ਅਜ਼ਾਦ ਵਿਕਾਸ, ਕਲਪਨਾਸ਼ੀਲਤਾ ਤੇ ਸਿਰਜਣਾਤਮਕਤਾ ਵਿੱਚ ਰੁਕਾਵਟ ਹਨ। ਆਈਨਸਟੀਨ ਦੇ ਇਹਨਾਂ ਵਿਚਾਰਾਂ ਨੇ ਹੀ ਉਹਨਾਂ ਨੂੰ ਬਾਅਦ ਵਿੱਚ ਇੱਕ ਸ਼ਾਨਦਾਰ ਅਧਿਆਪਕ ਬਣਨ ਵਿੱਚ ਮਦਦ ਕੀਤੀ। 1894 ਵਿੱਚ ਇੱਕ ਡਾਕਟਰ ਤੋਂ ਬਿਮਾਰ ਹੋਣ ਦਾ ਫ਼ਰਜ਼ੀ ਸਰਟੀਫਿਕੇਟ ਲੈ ਕੇ ਆਈਨਸਟੀਨ ਨੇ ਮਿਊਨਿਖ ਦੇ ਇਸ ਸਕੂਲ ਤੋਂ ਖਹਿੜਾ ਛੁਡਾਇਆ ਅਤੇ ਪਰਿਵਾਰ ਕੋਲ਼ ਇਟਲੀ ਆ ਗਏ। ਇਸ ਪਿੱਛੇ ਇੱਕ ਹੋਰ ਅਹਿਮ ਕਾਰਨ ਵੀ ਸੀ। ਉਹਨਾਂ ਦਿਨਾਂ ਵਿੱਚ ਜਰਮਨੀ ਤੇ ਆਸਟਰੀਆ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਯਹੂਦੀ-ਵਿਰੋਧੀ ਤੇ ਅਰਬ-ਵਿਰੋਧੀ ਵਿਚਾਰਾਂ ਤੇ ਅੰਨੀ-ਕੌਮਪ੍ਰਸਤੀ ਦੀ ਲਹਿਰ ਦਾ ਬੋਲਬਾਲਾ ਸੀ ਅਤੇ ਜਰਮਨੀ ਵਿੱਚ ਉਸ ਸਮੇਂ ਨੌਜਵਾਨਾਂ ਉੱਤੇ ਥੋਪੀ ਹੋਈ ਫ਼ੌਜ ਦੀ ਲਾਜ਼ਮੀ ਨੌਕਰੀ ਨੂੰ ਵੀ ਆਈਨਸਟੀਨ ਨਫ਼ਰਤ ਕਰਦੇ ਸਨ, ਇਸ ਤੋਂ ਬਚਣ ਲਈ ਜਰਮਨੀ ਵਿੱਚੋਂ ਨਿੱਕਲ਼ਣਾ ਚਾਹੁੰਦੇ ਸਨ। ਇਸ ਥੋਪੀ “ਦੇਸ਼ਭਗਤੀ ਅਤੇ ਦੇਸ਼ਸੇਵਾ” ਤੋਂ ਪੱਕੇ ਬਚਾਅ ਲਈ ਉਹਨਾਂ ਨੇ 1896 ਵਿੱਚ ਜਰਮਨੀ ਦੀ ਨਾਗਰਿਕਤਾ ਹੀ ਤਿਆਗ ਦਿੱਤੀ।

1895 ਵਿੱਚ ਆਈਨਸਟੀਨ ਨੇ ਸਵਿਟਜ਼ਰਲੈਂਡ ਦੇ ਸ਼ਹਿਰ ਜ਼ੂਰਿਚ ਦੇ ਪਾਲੀਟੈਕਨਿਕ ਵਿੱਚ ਦਾਖਲੇ ਲਈ ਇਮਤਿਹਾਨ ਦਿੱਤਾ। ਉਹ ਇਮਤਿਹਾਨ ਤਾਂ ਪਾਸ ਨਾ ਕਰ ਸਕੇ ਪਰ ਭੌਤਿਕ ਵਿਗਿਆਨ ਤੇ ਗਣਿਤ ਵਿੱਚ ਬੇਹੱਦ ਚੰਗੀ ਕਾਰਗੁਜ਼ਾਰੀ ਕਾਰਨ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਦਾਖਲਾ ਦਿੱਤਾ ਗਿਆ। ਇੱਥੇ ਪੜਦੇ ਹੋਏ ਆਈਨਸਟੀਨ ਅਕਸਰ ਕਾਲਜ ਦੀਆਂ ਕਲਾਸਾਂ ਛੱਡ ਕੇ ‘ਓਡੀਅਨ ਕੈਫ਼ੇ’ ਜਾ ਬੈਠਦੇ। ਇਹ ਕੈਫ਼ੇ ਉਸ ਸਮੇਂ ਰੂਸ ਦੇ ਇਨਕਲਾਬੀਆਂ ਦਾ ਬਹਿਸ ਦਾ ਅੱਡਾ ਸੀ, ਜਿਹਨਾਂ ਨੂੰ ਜਾਂ ਤਾਂ ਜ਼ਾਰ ਨੇ ਦੇਸ਼-ਨਿਕਾਲਾ ਦਿੱਤਾ ਹੋਇਆ ਸੀ ਜਾਂ ਉਹ ਖੁਦ ਜ਼ਾਰਸ਼ਾਹੀ ਦੇ ਖ਼ੁਫ਼ੀਆ ਪੁਲਿਸ ਤੋਂ ਬਚਣ ਲਈ ਦੇਸ਼ ਤੋਂ ਆ ਕੇ ਰਹਿ ਰਹੇ ਸਨ। ਅਲੈਗਜ਼ੈਂਡਰਾ ਕੋਲਨਤਾਈ ਤੇ ਲਿਓਨ ਤ੍ਰਾਤਸਕੀ ਇਸ ਕੈਫ਼ੇ ਦੇ ਉੱਘੇ “ਬਹਿਸੂ” ਸਨ। ਬਾਅਦ ਵਿੱਚ ਲੈਨਿਨ ਵੀ ਇਸ ਕੈਫ਼ੇ ਵਿੱਚ ਆਉਣ ਲੱਗੇ। ਇਹਨਾਂ ਬਹਿਸਾਂ ਨੇ ਆਈਨਸਟੀਨ ਦੇ ਸਿਆਸੀ ਵਿਚਾਰਾਂ ਨੂੰ ਡੌਲਿਆ, ਇਹੀ ਵਿਚਾਰ ਉਹਨਾਂ ਦੇ ਨਾਲ਼ ਉਮਰ ਭਰ ਰਹੇ। ਉਹ ਜਿੱਥੇ ਵੀ ਗਏ, ਭੌਤਿਕ ਵਿਗਿਆਨ ਦੇ ਆਪਣੇ ਰੁਝੇਵਿਆਂ ਦੇ ਨਾਲ਼-ਨਾਲ਼ ਹਮੇਸ਼ਾਂ ਮਨੁੱਖੀ ਹੱਕਾਂ ਲਈ, ਨਾਇਨਸਾਫ਼ੀ ਖਿਲਾਫ਼ ਅਤੇ ਜੰਗਾਂ-ਕਤਲੇਆਮਾਂ ਖਿਲਾਫ਼ ਨਾ ਸਿਰਫ਼ ਅਵਾਜ਼ ਉਠਾਉਂਦੇ ਰਹੇ, ਸਗੋਂ ਇਹਨਾਂ ਸੰਘਰਸ਼ਾਂ ਦੇ ਸਰਗਰਮ ਕਾਰਕੁੰਨ ਵੀ ਰਹੇ। 1900 ਵਿੱਚ ਉਹਨਾਂ ਨੇ ਕਾਲਜ ਦੀ ਅਕਾਦਮਿਕ ਪੜਾਈ ਪੂਰੀ ਕਰ ਲਈ ਪਰ ਇੱਕ ਅਧਿਆਪਕ ਵਜੋਂ ਕੰਮ ਕਰਨ ਦੀ ਯੋਗਤਾ ਹਾਸਲ ਕਰ ਲੈਣ ਦੇ ਬਾਵਜੂਦ ਉਹਨਾਂ ਨੂੰ ਕਿਸੇ ਵਿੱਦਿਅਕ ਸੰਸਥਾ ਵਿੱਚ ਅਕਾਦਮਿਕ ਨੌਕਰੀ ਨਾ ਮਿਲ਼ੀ। ਅੰਤ ਵਿੱਚ ਉਹਨਾਂ ਨੇ 1902 ਵਿੱਚ ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ਵਿੱਚ ਸਵਿਸ ਪੇਟੈਂਟ ਦਫ਼ਤਰ ਦੇ ਕਲਰਕ ਦੀ ਨੌਕਰੀ ਕਰ ਲਈ। ਬਰਨ ਵਿੱਚ ਆ ਕੇ ਉਹਨਾਂ ਨੇ ਕੁਝ ਹੋਰ ਦੋਸਤਾਂ ਨਾਲ਼ ਮਿਲ਼ ਕੇ ‘ਉਲੰਪੀਆ ਅਕੈਡਮੀ’ ਨਾਂ ਹੇਠ ‘ਵਿਚਾਰ-ਚਰਚਾ ਗਰੁੱਪ’ ਬਣਾਇਆ ਜਿਸ ਵਿੱਚ ਉਹ ਵਿਗਿਆਨ ਤੇ ਫ਼ਿਲਾਸਫ਼ੀ ਦੀਆਂ ਸਮੱਸਿਆਵਾਂ ਉੱਤੇ ਬਹਿਸ ਕਰਦੇ ਅਤੇ ਕਿਤਾਬਾਂ ਪੜਦੇ।

1905 ਵਿੱਚ ਛਪੇ ਉਹਨਾਂ ਦੇ ਖੋਜ-ਪੱਤਰਾਂ ਨੇ ਹੌਲ਼ੀ-ਹੌਲ਼ੀ ਉਹਨਾਂ ਨੂੰ ਪ੍ਰਸਿੱਧੀ ਦੀਆਂ ਉਚਾਈਆਂ ਵੱਲ਼ ਲਿਜਾਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਅਹੁਦੇ ਮਿਲਣ ਲੱਗੇ ਅਤੇ ਉਹ ਆਪਣੀਆਂ ਖੋਜਾਂ ਵਿੱਚ ਲੱਗੇ ਰਹੇ, ਇਸ ਦੌਰਾਨ ਉਹਨਾਂ ਨੇ ਅਨੇਕਾਂ ਖੋਜ-ਪੱਤਰ ਲਿਖੇ। 1914 ਵਿੱਚ ਜਰਮਨੀ ਵੱਲੋਂ ਉਹਨਾਂ ਨੂੰ ਬਰਲਿਨ ਯੂਨੀਵਰਸਿਟੀ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਵਜੋਂ ਨਿਯੁਕਤੀ ਦੀ ਪੇਸ਼ਕਸ਼ ਹੋਈ ਜੋ ਉਹਨਾਂ ਨੇ ਪ੍ਰਵਾਨ ਕਰ ਲਈ। ਪਰ ਇਸੇ ਦੌਰਾਨ ਹੀ ਪਹਿਲੀ ਸੰਸਾਰ ਜੰਗ ਛਿੜ ਗਈ। ਉਹ ਜਰਮਨੀ ਦੀ ਸਮਾਜਿਕ-ਜਮਹੂਰੀ (ਕਮਿਊਨਿਸਟ) ਪਾਰਟੀ ਦੇ ਹਮਦਰਦ ਸਨ ਪਰ ਜੰਗ ਦੇ ਮਸਲੇ ਉੱਤੇ ਪਾਰਟੀ ਵਿੱਚ ਫੁੱਟ ਪੈ ਗਈ। ਬਹੁਗਿਣਤੀ ਹਿੱਸੇ ਨੇ ਜੰਗ ਦੀ ਹਮਾਇਤ ਕੀਤੀ ਅਤੇ ਇਸ ਜੰਗ ਨੂੰ “ਪਿੱਤਰਭੂਮੀ” ਦੀ ਰੱਖਿਆ ਦਾ ਨਾਮ ਦੇਕੇ ਜਰਮਨ ਲੋਕਾਂ ਨੂੰ ਸਾਮਰਾਜੀ ਹਿੱਤਾਂ ਲਈ ਜੰਗ ਵਿੱਚ ਝੋਕਣ ਦੇ ਜਰਮਨ ਸਰਕਾਰ ਦੇ ਫੈਸਲੇ ਦੇ ਹੱਕ ਵਿੱਚ ਵੋਟ ਦਿੱਤੀ। ਆਈਨਸਟੀਨ ਨੇ ਜੰਗ ਦਾ ਵਿਰੋਧ ਕੀਤਾ ਤੇ ਪਾਰਟੀ ਦੇ ਘੱਟਗਿਣਤੀ ਧੜੇ ਨਾਲ਼ ਚਲੇ ਗਏ। ਜਦੋਂ ਉਸ ਸਮੇਂ ਦੇ ਵਿਗਿਆਨ ਦੇ ਬਹੁਤ ਵੱਡੇ ਨਾਮ ਤੇ ਕੁਆਂਟਮ ਭੌਤਿਕੀ ਦੇ ਜਨਮਦਾਤਾ ਮੈਕਸ ਪਲਾਂਕ ਸਮੇਤ ਜਰਮਨੀ ਦੇ ਸੌ ਤੋਂ ਵਧੇਰੇ ਵਿਗਿਆਨੀਆਂ ਤੇ ਕਲਾਕਾਰਾਂ ਨੇ ਜੰਗ ਦੇ ਹੱਕ ਵਿੱਚ ਬਿਆਨ ਜਾਰੀ ਕੀਤਾ ਤਾਂ ਆਈਨਸਟੀਨ ਨੇ ਆਪਣੇ ਤਿੰਨ ਵਿਗਿਆਨੀ ਤੇ ਕਲਾਕਾਰ ਦੋਸਤਾਂ ਨਾਲ਼ ਮਿਲ਼ ਕੇ ਉਹਨਾਂ ਦੇ ਵਿਰੋਧ ਜੰਗ-ਵਿਰੋਧੀ ਪੈਂਫ਼ਲੈੱਟ ਕੱਢਿਆ। ਉਹਨਾਂ ਵਿੱਚੋਂ ਇੱਕ ਨੂੰ ਕੈਦ ਕਰ ਲਿਆ ਗਿਆ ਪਰ ਆਈਨਸਟੀਨ ਦੀ ਪ੍ਰਸਿੱਧੀ ਕਾਰਨ ਸਰਕਾਰ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਜ਼ੋਖਮ ਮੁੱਲ ਨਾ ਲਿਆ। ਆਪਣੀ ਪ੍ਰਸਿੱਧੀ ਨੂੰ ਆਈਨਸਟੀਨ ਨੇ ਬਾਅਦ ਵਿੱਚ ਵਾਰ-ਵਾਰ ਇਸ ਤਰਾਂ ਵਰਤਿਆ ਪਰ ਕਦੇ ਵੀ ਨਿੱਜੀ ਮਕਸਦ ਲਈ ਉਹਨਾਂ ਨੇ ਅਜਿਹਾ ਨਹੀ ਕੀਤਾ, ਇਹ ਵੀ ਉਹਨਾਂ ਦੀ ਮਹਾਨਤਾ ਸੀ। ਜਦੋਂ ਜੰਗ ਦੇ ਆਖਰੀ ਦਿਨਾਂ ਵਿੱਚ ਜਰਮਨੀ ਦੇ ਕੈਸਰ ਵਿਲਹੈਮ ਦਾ ਤਖਤਾਪਲਟ ਹੋ ਗਿਆ ਤਾਂ ਆਈਨਸਟੀਨ ਨੇ ਕਲਾਸ ਅੱਗੇ ਲਿਖਿਆ – “ਪੜਾਈ ਨਹੀਂ, ਇਨਕਲਾਬ।” 20ਵੀਂ ਸਦੀ ਦੇ ਦੂਸਰੇ ਦਹਾਕੇ ਦੇ ਆਖਰੀ ਸਾਲਾਂ ਤੇ 1920ਵਿਆਂ ਵਿੱਚ ਆਰਥਿਕ ਉਥਲ-ਪੁਥਲ ਦੇ ਸਮਿਆਂ ਵਿੱਚ ਜਦੋਂ ਆਮ ਵਿਦਿਆਰਥੀਆਂ ਲਈ ਸਿੱਖਿਆ ਮਹਿੰਗੀ ਹੋ ਗਈ ਤੇ ਯੂਨੀਵਰਸਿਟੀਆਂ ਦੀਆਂ ਫ਼ੀਸਾਂ ਨੌਜਵਾਨਾਂ ਦੇ ਵੱਸੋਂ ਬਾਹਰ ਹੋ ਗਈਆਂ, ਤਾਂ ਆਈਨਸਟੀਨ ਯੂਨੀਵਰਸਿਟੀ ਤੋਂ ਬਾਹਰ ਸ਼ਾਮਾਂ ਨੂੰ ਮੁਫ਼ਤ ਪੜਾਉਣ ਲੱਗੇ ਤੇ ਇਸ ਕੰਮ ਲਈ ਉਹਨਾਂ ਨੇ ਹੋਰ ਪ੍ਰੋਫੈਸਰਾਂ/ਵਿਗਿਆਨੀਆਂ ਤੱਕ ਵੀ ਪਹੁੰਚ ਕੀਤੀ। ਉਹ ਵਿਦਿਆਰਥੀ ਜਥੇਬੰਦੀਆਂ ਦੇ ਪੱਖ ਵਿੱਚ ਬਿਆਨ ਦਿੰਦੇ, ਸਰਗਰਮ ਹਮਾਇਤ ਕਰਦੇ। ਸਿਰਫ਼ ਜਰਮਨੀ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਪੱਖ ਵਿੱਚ ਹੀ ਨਹੀਂ, ਸਗੋਂ ਜਰਮਨੀ ਤੋਂ ਬਾਹਰ ਦੇ ਵਿਦਿਆਰਥੀਆਂ ਦੇ ਪੱਖ ਵਿੱਚ ਵੀ। ਮਿਸਾਲ ਵਜੋਂ, 1929 ਵਿੱਚ ਜਦੋਂ ਯੂਨਾਨ ਦੀ ਯੂਨੀਵਰਸਿਟੀ ਨੇ ਕਈ ਵਿਦਿਆਰਥੀਆਂ ਨੂੰ ਸਿਆਸੀ ਵਿਚਾਰ (ਸੁਭਾਵਿਕ ਹੀ ਖੱਬੇ-ਪੱਖੀ ਵਿਚਾਰ, ਪਿਛਾਖੜੀ ਵਿਚਾਰਾਂ ਦੇ ਪ੍ਰਗਟਾਵੇ ਨਾਲ਼ ਕਦੇ ਵੀ ਕਿਸੇ ਵਿੱਦਿਅਕ ਸੰਸਥਾ ਨੂੰ ਕੋਈ ਸਮੱਸਿਆ ਨਹੀਂ ਰਹੀ!) ਪ੍ਰਗਟਾਉਣ ਦੇ ਦੋਸ਼ ਵਿੱਚ ਬਾਹਰ ਕੱਢਿਆ ਤਾਂ ਉਹਨਾਂ ਨੇ ਆਪਣੇ ਸਾਥੀਆਂ ਨਾਲ਼ ਮਿਲ਼ਕੇ ਯੂਨਾਨ ਦੇ ਪ੍ਰਧਾਨ ਮੰਤਰੀ ਨੂੰ ਖੁੱਲੀ ਚਿੱਠੀ ਲਿਖੀ, “ਅਸੀਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਕੱਢਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਅਸੀਂ ਵਿਦਿਆਰਥੀਆਂ ਲਈ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਅਜ਼ਾਦੀ ਦੀ ਮੰਗ ਕਰਦੇ ਹਾਂ.” – ਪ੍ਰੋਫੈਸਰ ਅਲਬਰਟ ਆਈਨਸਟੀਨ। ਇਹ ਉਹਨਾਂ ਅਧਿਆਪਕਾਂ, ਪ੍ਰੋਫੈਸਰਾਂ ਨੂੰ ਸ਼ਰਮ ਦਿਵਾਉਣ ਲਈ ਕਾਫ਼ੀ ਹੈ ਜਿਹੜੇ ਆਪਣੇ ਵਿਦਿਆਰਥੀਆਂ ਦੇ ਕੁੱਟ ਪੈਂਦੀ ਦੇਖ ਕੇ ਨਾ ਸਿਰਫ਼ ਚੁੱਪ ਰਹਿੰਦੇ ਹਨ ਸਗੋਂ ਤਨਖਾਹਾਂ, ਅਹੁਦਿਆਂ, ਤਰੱਕੀਆਂ ਲਈ ਸਰਕਾਰਾਂ ਦੇ ਦੱਲੇ ਬਣੇ ਰਹਿੰਦੇ ਹਨ, ਅਤੇ ਜਦੋਂ ਦਲਾਲਪੁਣੇ ਵਿੱਚ ‘ਕੰਪੀਟੀਸ਼ਨ” ਜਿਆਦਾ ਹੋ ਜਾਂਦਾ ਹੈ ਤਾਂ ਉਹ ਸਭ ਤੋਂ ਵੱਡਾ ਦੱਲਾ ਦਿਖਣ ਲਈ ਕੀ ਨਹੀਂ ਕਰਦੇ।

ਇਸਦੇ ਨਾਲ ਹੀ ਉਹ ਯਹੂਦੀ-ਵਿਰੋਧੀ ਕੌਮਪ੍ਰਸਤ-ਨਸਲਵਾਦੀ ਹਿੰਸਾ ਖਿਲਾਫ਼ ਲੋਕਾਂ ਨੂੰ ਇੱਕਜੁੱਟ ਕਰਨ, ਜਥੇਬੰਦੀਆਂ ਬਣਾਉਣ ਵਿੱਚ ਕਾਰਕੁੰਨ ਵਜੋਂ ਤੇ ਮਾਇਕ ਸਹਾਇਤਾ ਪੱਖੋਂ ਵੀ ਭੂਮਿਕਾ ਨਿਭਾਈ। ਇਹ ਐਵੇਂ ਨਹੀਂ ਸੀ ਕਿ ਜਦੋਂ ਹਿਟਲਰ ਨੇ ਜਰਮਨੀ ਦੀ ਸੱਤਾ ਉੱਤੇ ਕਬਜ਼ਾ ਕੀਤਾ ਤਾਂ ਉਸਦੇ ਪ੍ਰਾਪੇਗੰਡਾ ਮੰਤਰੀ ਗੋਬੇਲਜ਼ (ਜਿਸ ਦਾ ਨਾਮ ਬਾਅਦ ਵਿੱਚ “ਝੂਠ ਦਾ ਪ੍ਰਚਾਰਕ” ਦਾ ਸਮਾਨਅਰਥੀ ਬਣ ਗਿਆ!) ਨੇ ਜਿਹਨਾਂ ਵਿਗਿਆਨੀਆਂ, ਕਲਾਕਾਰਾਂ, ਫਿਲਾਸਫਰਾਂ, ਲੇਖਕਾਂ ਦੀਆਂ ਕਿਤਾਬਾਂ ਜਲਾਈਆਂ, ਉਹਨਾਂ ਵਿੱਚ ਆਈਨਸਟੀਨ ਦਾ ਨਾਮ ਸਭ ਤੋਂ ਉੱਪਰਲਿਆਂ ਵਿੱਚ ਸੀ। ਆਈਨਸਟੀਨ ਦਾ ਕੋਈ ਛੋਟਾ ਜਿਹਾ ਲੇਖ, ਭੌਤਿਕ ਵਿਗਿਆਨ ਦਾ ਖੋਜ-ਪੱਤਰ ਛਾਪਣ ਵਾਲ਼ੇ ਰਸਾਲੇ-ਅਖਬਾਰ ਤੱਕ ਨੂੰ ਵੀ ਲੱਭ-ਲੱਭ ਕੇ ਜਲਾਇਆ ਗਿਆ। 

1921 ਵਿੱਚ ਆਈਨਸਟੀਨ ਨੂੰ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ। ਉਸ ਸਮੇਂ ਤੱਕ ਆਈਨਸਟੀਨ ਦੇ ਨਾਲ਼-ਨਾਲ਼ ਬੇਹੱਦ ਪ੍ਰਤਿਭਾਵਾਨ ਭੌਤਿਕ ਵਿਗਿਆਨੀਆਂ ਦੀ ਇੱਕ ਪੂਰੀ ਪੀੜੀ ਕੰਮ ਰਹੀ ਸੀ। ਨੀਲਜ਼ ਬੋਹਰ, ਹੀਜ਼ਨਬਰਗ, ਸ਼੍ਰੋਡਿੰਗਰ, ਲੂਈ ਡੀ ਬ੍ਰੋਗਲੀ, ਡੇਵਿਡ ਬੋਹਮ ਇਹਨਾਂ ਮਸ਼ਹੂਰ ਨਾਵਾਂ ਵਿੱਚੋਂ ਕੁਝ ਸਨ। ਕੁਆਂਟਮ ਭੌਤਿਕੀ ਕਾਮਯਾਬੀ ਦੇ ਨਿੱਤ ਨਵੇਂ ਝੰਡੇ ਗੱਡ ਰਹੀ ਸੀ, ਉੱਥੇ ਉਸ ਅੱਗੇ ਉਲਝਣਤਾਣੀਆਂ ਵੀ ਸਾਹਮਣੇ ਆ ਰਹੀਆਂ ਸਨ। ਆਈਨਸਟੀਨ ਗਰੂਤਾ ਸ਼ਕਤੀ ਲਈ ‘ਜਨਰਲ ਥਿਊਰੀ ਆਫ਼ ਰੈਲੇਟੀਵਿਟੀ’ (ਸਪੇਖਤਾ ਦਾ ਆਮ ਸਿਧਾਂਤ) ਸਿਰਜ ਰਹੇ ਸਨ, ਉੱਥੇ ਬੋਹਰ ਤੇ ਹੀਜ਼ਨਬਰਗ ਕੁਆਂਟਮ ਭੌਤਿਕੀ ਦਾ ਸਿਧਾਂਤਕ ਚੌਖਟਾ ਘੜ ਰਹੇ ਸਨ। 1925-27 ਦੇ ਵਰਿਆਂ ਵਿੱਚ ਬੋਹਰ ਤੇ ਹੀਜ਼ਨਬਰਗ ਨੇ ‘ਕੋਪੇਨਹੇਗਨ ਵਿਆਖਿਆ’ ਸਾਹਮਣੇ ਰੱਖੀ, ਇਹ ਵਿਆਖਿਆ ਅੱਜ ਵੀ ਕੁਆਂਟਮ ਭੌਤਿਕੀ ਦਾ ਸਭ ਤੋਂ ਵੱਧ ਪੜਾਇਆ ਜਾਣ ਵਾਲ਼ਾ ਮਾਡਲ ਹੈ। ਹੀਜ਼ਨਬਰਗ ਨੇ ‘ਅਨਿਸ਼ਚਿਤਤਾ ਦੇ ਸਿਧਾਂਤ’ ਦੀ ਖੋਜ ਕੀਤੀ। ਇਹਨਾਂ ਵਿਆਖਿਆਵਾਂ ਤੇ ਸਿਧਾਂਤਾਂ ਦੇ ਆਉਣ ਨਾਲ਼ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਪਹਿਲਾਂ ਤੋਂ ਹੀ ਚਲਿਆ ਆ ਰਿਹਾ ਪਦਾਰਥਵਾਦ ਤੇ ਵਿਚਾਰਵਾਦ ਦਾ ਦਾਰਸ਼ਨਿਕ ਸੰਘਰਸ਼ ਹੋਰ ਤਿੱਖਾ ਹੋ ਗਿਆ। ਬੋਹਰ ਤੇ ਹੀਜ਼ਨਬਰਗ ਦੇ ਸਿਧਾਂਤਾਂ ਤੋਂ ਤਰਕ-ਸਮੱਗਰੀ ਹਾਸਲ ਕਰਦੇ ਹੋਏ ਵੱਖ-ਵੱਖ ਵਿਗਿਆਨੀਆਂ ਤੇ ਫਿਲਾਸਫਰਾਂ ਨੇ ਦੁਨੀਆਂ ਦੀ ਯਥਾਰਥਕ ਹੋਂਦ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ, ਇਹ ਕਿਹਾ ਜਾਣ ਲੱਗਿਆ ਕਿ ਵਿਗਿਆਨ ਨੇ ਵੀ ਆਖ਼ਰ ਇਹ ਸਿੱਧ ਕਰ ਦਿੱਤਾ ਹੈ ਕਿ ਪਦਾਰਥ ਦੀ ਕੋਈ ਹੋਂਦ ਨਹੀਂ ਹੈ, ਇਹ ਚੇਤਨਾ ਜਾਂ ਵਿਚਾਰ ਦੀ ਸਿਰਜਣਾ ਹੈ। ਪਦਾਰਥਵਾਦ, ਖਾਸ ਕਰਕੇ ਕਿਰਤੀ ਲੋਕਾਂ ਦੇ ਮੁਕਤੀ ਦੇ ਦਰਸ਼ਨ ਮਾਰਕਸਵਾਦ ਉੱਤੇ ਫ਼ਲਸਫਾਨਾ ਹਮਲੇ ਸ਼ੁਰੂ ਹੋ ਗਏ। ਆਈਨਸਟੀਨ ਨੇ ਤੁਰੰਤ ਇਸ ਭਟਕਾਅ ਨੂੰ ਭਾਂਪ ਲਿਆ ਅਤੇ ਕੁਆਂਟਮ ਭੌਤਿਕੀ ਤੋਂ ਅਜਿਹੇ ਸਿੱਟੇ ਕੱਢਣ ਖਿਲਾਫ਼ ਮੋਰਚਾ ਸਾਂਭ ਲਿਆ। ਹੀਜ਼ਨਬਰਗ ਤੇ ਬੋਹਰ ਨੇ ਖੁਦ ਵੀ ਭੌਤਿਕ ਵਿਗਿਆਨ ਦੇ ਸਿਰ ਉੱਤੇ ਬੈਠ ਕੇ ਆਏ ਵਿਚਾਰਵਾਦ ਦੇ ਨਵੇਂ ਅਵਤਾਰ ਖਿਲਾਫ਼ ਕੁਝ ਨਹੀਂ ਕਿਹਾ, ਸਗੋਂ ਉਹਨਾਂ ਨੇ ਕੁਝ ਹੱਦ ਤੱਕ ਇਸਦੇ ਪੱਖ ਵਿੱਚ ਹੀ ਪੋਜੀਸ਼ਨ ਲਈ। ਕੁਆਂਟਮ ਭੌਤਿਕੀ ਦੇ ਇਸ ਨਵੇਂ ਸਿਧਾਂਤ ਤੋਂ ਇਹ ਸਿੱਟਾ ਪੇਸ਼ ਕੀਤਾ ਜਾਣ ਲੱਗਿਆ ਕਿ ਪਦਾਰਥ ਦੀ ਹੋਂਦ ਚੇਤਨਾ ਉੱਤੇ ਨਿਰਭਰ ਹੈ। ਇਸਦੇ ਜਵਾਬ ਵਿੱਚ ਆਈਨਸਟੀਨ ਨੇ ਕਿਹਾ ਕਿ ਜੇ ਉਹ ਚੰਦਰਮਾ ਵੱਲ ਪਿੱਠ ਕਰਕੇ ਖੜੇ ਹੋ ਜਾਣ ਤਾਂ ਕੀ ਚੰਦਰਮਾ ਦੀ ਹੋਂਦ ਖਤਮ ਹੋ ਜਾਂਦੀ ਹੈ? 1927 ਵਿੱਚ ਸਾਲਵੇ ਕਾਨਫਰੰਸ ਵਿੱਚ ਬੋਹਰ, ਹੀਜ਼ਨਬਰਗ ਅਤੇ ਦੂਜੇ ਪਾਸੇ ਆਈਨਸਟੀਨ ਵਿਚਾਲੇ ਸ਼ੁਰੂ ਹੋਈ। ਇਹ ਬਹਿਸ ਉਹਨਾਂ ਦੇ ਪੂਰੇ ਜੀਵਨ ਦੌਰਾਨ ਜਾਰੀ ਰਹੀ ਅਤੇ ਅੱਜ ਵੀ ਜਾਰੀ ਹੈ। ਇਸ ਬਹਿਸ ਬਾਰੇ ਵਿਸਥਾਰ ਵਿੱਚ ਕਦੇ ਫੇਰ ਸਹੀ।

ਹਿਟਲਰ ਦੇ ਸੱਤਾ ਸੰਭਾਲਣ ਤੋਂ ਬਾਅਦ ਆਈਨਸਟੀਨ ਲਈ ਜਰਮਨੀ ਵਿੱਚ ਰਹਿਣਾ ਸੰਭਵ ਨਹੀਂ ਰਹਿ ਗਿਆ ਸੀ। ਉਹ ਕਈ ਦੇਸ਼ਾਂ ਵਿੱਚੋਂ ਹੁੰਦੇ ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿੱਚ ਆ ਕੇ ਟਿਕ ਗਏ ਜਿੱਥੇ ਉਹਨਾਂ ਨੂੰ ਇੱਕ ਵਾਰ ਫਿਰ ਅਧਿਆਪਨ ਦੀ ਨੌਕਰੀ ਮਿਲ਼ ਗਈ। ਇੱਥੇ ਉਹਨਾਂ ਨੇ ਆਪਣੇ ‘ਯੂਨਿਫ਼ਾਈਡ ਫ਼ੀਲਡ ਥਿਊਰੀ’ ਦੇ ਸਿਧਾਂਤ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਪਰ ਸਮਾਜਿਕ ਹਾਲਤਾਂ ਤੋਂ ਉਹ ਇੱਥੇ ਵੀ ਅਣਭਿੱਜ ਨਹੀਂ ਰਹੇ। 1936 ਵਿੱਚ ਜਦੋਂ ਸਪੇਨ ਦੀ ਜਮਹੂਰੀ ਸਰਕਾਰ ਦਾ ਤਖਤਾਪਲਟ ਕਰਕੇ ਹਿਟਲਰ ਤੇ ਮੁਸੋਲਿਨੀ ਦੀ ਹਮਾਇਤ ਨਾਲ਼ ਜਨਰਲ ਫ੍ਰਾਂਕੋ ਨੇ ਫਾਸੀਵਾਦੀ ਤਾਨਾਸ਼ਾਹੀ ਕਾਇਮ ਕਰ ਲਈ ਤੇ ਅਮਰੀਕਾ, ਇੰਗਲੈਂਡ, ਫਰਾਂਸ ਨੇ ਜਮਹੂਰੀ ਧਿਰਾਂ ਨੂੰ ਫ੍ਰਾਂਕੋ ਵਿਰੁੱਧ ਘਰੇਲੂ ਜੰਗ ਦੌਰਾਨ ਕੋਈ ਵੀ ਬਾਹਰੀ ਸਹਾਇਤਾ ਨਾ ਪਹੁੰਚਣ ਦੇਣ ਲਈ “ਨਿਰਪੱਖ ਰਹਿਣ ਦੀ ਨੀਤੀ” ਹੇਠ ਨਾਕਾਬੰਦੀ ਕਰ ਦਿੱਤੀ ਤਾਂ ਅਮਰੀਕਾ ਵਿੱਚ ਵੱਡੇ ਪੱਧਰ ਉੱਤੇ ਹੋਏ ਰੋਸ-ਵਿਖਾਵਿਆਂ ਵਿੱਚ ਆਈਨਸਟੀਨ ਦਾ ਨਾਮ ਹਮੇਸ਼ਾਂ ਗੂੰਜਦਾ ਰਿਹਾ। ਅਮਰੀਕੀ ਸਰਕਾਰ ਦੇ ਵਿਰੁੱਧ ਜਾ ਕੇ 3000 ਅਮਰੀਕੀਆਂ ਵੱਲੋਂ ਅਬਰਾਹਿਮ ਲਿੰਕਨ ਬ੍ਰਿਗੇਡ ਬਣਾ ਕੇ ਫ੍ਰਾਂਕੋ ਖਿਲਾਫ਼ ਜੰਗ ਲਈ ਕੂਚ ਕਰਨ ਨੂੰ ਆਈਨਸਟੀਨ ਨੇ ਪੂਰੀ ਹੱਲਾਸ਼ੇਰੀ ਦਿੱਤੀ। ਜਦੋਂ ਦੂਜੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਆਈਨਸਟੀਨ ਨੂੰ ਇਸ ਗੱਲ ਦੀ ਸੂਹ ਮਿਲ਼ੀ ਕਿ ਹਿਟਲਰ ਪ੍ਰਮਾਣੂ ਬੰਬ ਬਣਾਉਣ ਵੱਲ਼ ਵਧ ਰਿਹਾ ਹੈ (ਇਹ ਵੀ ਸਬੱਬ ਹੀ ਕਹਿ ਲਵੋ ਕਿ ਜਰਮਨੀ ਦੇ ਪ੍ਰਮਾਣੂ ਬੰਬ ਪ੍ਰੋਜੈਕਟ ਦੀ ਅਗਵਾਈ ਆਈਨਸਟੀਨ ਦੇ ਵਿਚਾਰਕ ਵਿਰੋਧੀ ਹੀਜ਼ਨਬਰਗ ਕਰ ਰਹੇ ਸਨ!) ਤਾਂ ਉਹਨਾਂ ਨੇ ਚਿੱਠੀ ਲਿਖਕੇ ਰਾਸ਼ਟਰਪਤੀ ਰੂਜ਼ਵੈਲਟ ਨੂੰ ਆਗਾਹ ਕੀਤਾ ਪਰ ਉਹ ਖੁਦ ਅਮਰੀਕਾ ਦੇ ਪ੍ਰਮਾਣੂ ਪ੍ਰੋਜੈਕਟ ਤੋਂ ਦੂਰ ਹੀ ਰਹੇ ਅਤੇ ਸਰਕਾਰ ਨੇ ਵੀ ਉਹਨਾਂ ਦੇ ਰੈਡੀਕਲ ਵਿਚਾਰਾਂ ਕਾਰਨ ਤੇ ਉਹਨਾਂ ਦੁਆਰਾ ਸਰਕਾਰੀ ਮਨਸ਼ਿਆਂ ਨੂੰ ਜਨਤਕ ਕਰਨ ਦਾ ਖਤਰਾ ਹੋਣ ਕਰਕੇ ਆਈਨਸਟੀਨ ਨੂੰ ਬਦਨਾਮ ‘ਮੈਨਹਟਨ ਪ੍ਰੋਜੈਕਟ’ ਤੋਂ ਦੂਰ ਰੱਖਣਾ ਹੀ ਬਿਹਤਰ ਸਮਝਿਆ। ਜਦੋਂ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਪ੍ਰਮਾਣੂ ਬੰਬ ਸੁੱਟੇ ਗਏ ਤਾਂ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਜਿਹਾ ਰਾਸ਼ਟਰਪਤੀ ਟਰੂਮੈਨ ਨੇ ਸੋਵੀਅਤ ਯੂਨੀਅਨ ਨੂੰ ਰੋਕਣ ਲਈ ਕੀਤਾ ਹੈ। ਉਹਨਾਂ ਦੀ ਇਹ ਇੰਟਰਵਿਊ ਤੁਰੰਤ ਆਈਨਸਟੀਨ ਖਿਲਾਫ਼ ਚੱਲ ਅਮਰੀਕੀ ਖੁਫੀਆ ਏਜੰਸੀ (ਐਫਬੀਆਈ) ਦੀ ਫਾਈਲ ਵਿੱਚ ਨੱਥੀ ਹੋ ਗਈ। ਸੰਸਾਰ ਜੰਗ ਤੋਂ ਬਾਅਦ ਜਦੋਂ ਅਮਰੀਕਾ ਵਿੱਚ ਖੱਬੇ-ਪੱਖੀ ਵਿਅਕਤੀਆਂ ਨੂੰ ਫੜਨ, ਨੌਕਰੀਆਂ ਤੋਂ ਕੱਢਣ ਅਤੇ ਖਤਮ ਕਰਨ ਦੀ ਬਦਨਾਮ “ਮੈਕਾਰਥੀ ਮੁਹਿੰਮ” ਸ਼ੁਰੂ ਹੋਈ ਤਾਂ ਆਈਨਸਟੀਨ ਇੱਕ ਵਾਰ ਫ਼ਿਰ ਆਪਣੀ ਪ੍ਰਸਿੱਧੀ ਨੂੰ ਵਰਤਦੇ ਹੋਏ ਸੰਘਰਸ਼ ਵਿੱਚ ਕੁੱਦ ਪਏ। ਉਹਨਾਂ ਨੇ ਮੈਕਾਰਥੀ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ। ਆਈਨਸਟੀਨ ਨੇ ਕਿਹਾ ਕਿ ਜਿਹੜੇ ਬੁੱਧੀਜੀਵੀ ਇਸ ਕਮਿਸ਼ਨ ਅੱਗੇ ਗਵਾਹੀ ਦੇਣ ਲਈ ਜਾਣਗੇ, ਉਹ ਗ਼ੁਲਾਮੀ ਤੋਂ ਇਲਾਵਾ ਹੋਰ ਕਿਸੇ ਚੀਜ਼ ਦੇ ਲਾਇਕ ਨਹੀਂ। ਆਈਨਸਟੀਨ ਦੀ ਅਪੀਲ ਦਾ ਅਸਰ ਹੋਇਆ,  ਇੱਕ ਗਵਾਹ ਨੇ ਇਹ ਕਹਿ ਕੇ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਕਿ ਉਹ ਡਾਕਟਰ ਆਈਨਸਟੀਨ ਦੀ ਸਲਾਹ ਅਨੁਸਾਰ ਚੱਲੇਗਾ। ਸਿਵਲ ਨਾ-ਫੁਰਮਾਨੀ ਦੀ ਇਸ ਲਹਿਰ ਨੇ ਜ਼ੋਰ ਫੜਿਆ, ਅੰਤ 1957 ਵਿੱਚ (ਆਈਨਸਟੀਨ ਦੀ ਮੌਤ ਤੋਂ ਦੋ ਸਾਲ ਬਾਅਦ) ਮੈਕਾਰਥੀ ਮੁਹਿੰਮ ਉੱਤੇ ਸੰਵਿਧਾਨਕ ਰੋਕ ਲਗਾ ਦਿੱਤੀ ਗਈ।

ਉਸ ਸਮੇਂ ਹੀ ਅਮਰੀਕਾ ਵਿੱਚ ਜਾਰੀ ਕਾਲ਼ੇ ਲੋਕਾਂ ਖਿਲਾਫ਼ ਨਸਲਵਾਦੀ ਹਿੰਸਾ ਵੀ ਵੱਡੇ ਪੱਧਰ ਉੱਤੇ ਚੱਲ ਰਹੀ ਸੀ ਜਿਸ ਵਿੱਚ ਸਰਕਾਰੀ ਸੁਰੱਖਿਆ ਬਲ, ਪੁਲਿਸ ਅਤੇ ਸੱਜ-ਪਿਛਾਖੜੀ ਸਿਆਸੀ ਧਿਰਾਂ ਤੇ ਗੁੰਡਾ-ਗਿਰੋਹ ਸ਼ਾਮਲ ਸਨ। ਇਸ ਵਿਰੁੱਧ ਚੱਲ ਰਹੇ ਲਹਿਰ ਵਿੱਚ ਉਸ ਸਮੇਂ ਮਸ਼ਹੂਰ ਗਾਇਕ ਪਾਲ ਰਾਬਿਸਨ ਪ੍ਰਮੁੱਖ ਭੂਮਿਕਾ ਨਿਭਾ ਰਹੇ ਸਨ। ਪਾਲ ਰਾਬਿਸਨ ਦੇ ਸੱਦੇ ਉੱਤੇ ਆਈਨਸਟੀਨ ਇਸ ਲਹਿਰ ਵਿੱਚ ਵੀ ਸ਼ਾਮਿਲ ਹੋ ਗਏ। ਜਦੋਂ 1946 ਵਿੱਚ ਪਾਲ ਰਾਬਿਸਨ ਨੇ ਰਾਸ਼ਟਰਪਤੀ ਟਰੂਮੈਨ ਨੂੰ ਇਹ ਕਿਹਾ ਕਿ ਜੇ ਸਰਕਾਰ ਕਾਲੇ ਲੋਕਾਂ ਦੀ ਸੁਰੱਖਿਆ ਦਾ ਇੰਤਜ਼ਾਮ ਨਹੀਂ ਕਰਦੀ ਤਾਂ ਉਹ ਖੁਦ ਅਜਿਹਾ ਕਰਨਗੇ, ਤਾਂ ਆਈਨਸਟੀਨ ਨੇ ਖੁੱਲ ਕੇ ਰਾਬਿਸਨ ਦੀ ਹਮਾਇਤ ਕੀਤੀ। 1946 ਵਿੱਚ ਜਦੋਂ ਸੰਸਾਰ ਜੰਗ ਦੇ ਖਤਮ ਹੋਣ ਤੋਂ ਬਾਅਦ ਸ਼ਰਨਾਰਥੀ ਯਹੂਦੀਆਂ ਨੂੰ ਫ਼ਲਸਤੀਨ ਵਿੱਚ ਵਸਾਉਣ ਦੀ ਗੱਲ ਸ਼ੁਰੂ ਹੋਈ ਤਾਂ ਆਈਨਸਟੀਨ ਨੇ ਸਿਰਫ਼ ਓਨੇ ਯਹੂਦੀ ਲੋਕਾਂ ਨੂੰ ਫ਼ਲਸਤੀਨ ਵਿੱਚ ਵਸਾਉਣ ਦਾ ਪੱਖ ਲਿਆ ਜਿੰਨੇ ਲੋਕਾਂ ਨੂੰ ਫ਼ਲਸਤੀਨ ਆਰਥਿਕ ਰੂਪ ਵਿੱਚ ਝੱਲ ਸਕਦਾ ਸੀ। ਉਹਨਾਂ ਨੇ ਉੱਥੇ ਇੱਕ ਅਜਿਹੀ ਸਰਕਾਰ ਬਣਾਉਣ ਦੀ ਮੰਗ ਕੀਤੀ ਜਿਹੜੀ ਵੱਖ-ਵੱਖ ਸਮੂਹਾਂ ਦੇ ਲੋਕਾਂ ਨੂੰ ਇੱਕ ਜਾਂ ਦੂਜੇ ਦੇ ਅਧੀਨ ਨਾ ਕਰੇ। ਜਦੋਂ ਉਹਨਾਂ ਉੱਤੇ ਯਹੂਦੀ ਲੋਕਾਂ ਵਿੱਚੋਂ ਇੱਕ ਹੋਣ ਕਾਰਨ ਵਧੇਰੇ ਜ਼ੋਰਦਾਰ ਬਿਆਨ ਦੇਣ ਲਈ ਦਬਾਅ ਪਾਇਆ ਗਿਆ ਤਾਂ ਉਹਨਾਂ ਨੇ ਅਜ਼ਾਦ ਯਹੂਦੀ ਰਾਜ ਦੀ ਮੰਗ ਦਾ ਵਿਰੋਧ ਕੀਤਾ। ਪਰ ਫ਼ਿਰ ਵੀ ਉਹ ਆਪਣੇ ਭਾਵਨਾਤਮਕ ਦਵੰਦ ਨੂੰ ਜਿੱਤ ਨਾ ਸਕੇ, ਅੰਤ ਵਿੱਚ ਉਹਨਾਂ ਨੇ ਇਜ਼ਰਾਈਲ ਦੀ ਸਥਾਪਨਾ ਨੂੰ ਹਮਾਇਤ ਦੇ ਦਿੱਤੀ ਪਰ ਉਹਨਾਂ ਨੇ ਅੱਜ ਦੇ ਇਜ਼ਰਾਈਲ ਦੀ ਕਲਪਨਾ ਵੀ ਨਹੀਂ ਕੀਤੀ ਹੋਣੀ!

ਅੱਜ ਜਦੋਂ ਭਾਰਤ ਵਿੱਚ ਅਸੀਂ ਨੰਗੀ-ਚਿੱਟੀ ਫਾਸੀਵਾਦੀ ਦਹਿਸ਼ਤਗਰਦ ਹਕੂਮਤ ਵੱਲ ਵਧ ਰਹੇ ਹਾਂ, ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਕੁੱਟਣ, ਡਰਾਉਣ-ਧਮਕਾਉਣ ਤੇ ਪ੍ਰਗਟਾਵੇ ਦੀ ਅਜ਼ਾਦੀ ਉੱਤੇ ਹਮਲੇ ਹੁੰਦੇ ਦੇਖ ਰਹੇ ਹਾਂ, ਦਲਿਤਾਂ, ਔਰਤਾਂ, ਮਜ਼ਦੂਰਾਂ, ਮੁਸਲਮਾਨਾਂ ਤੇ ਹੋਰ ਘੱਟਗਿਣਤੀਆਂ, ਹਾਸ਼ੀਏ ਉੱਤੇ ਧੱਕੇ ਲੋਕਾਂ ਉੱਤੇ ਫਾਸੀਵਾਦੀ ਗੁੰਡਾ ਗਿਰੋਹਾਂ ਦੇ ਜ਼ੁਲਮਾਂ ਦੀ ਇੰਤਹਾਅ ਦੇ ਨਿੱਤ ਜ਼ਾਮਨ ਬਣ ਰਹੇ ਹਾਂ, ਸੰਸਾਰ ਨੂੰ ਇੱਕ ਹੋਰ ਸਾਮਰਾਜੀ ਜੰਗ ਦੇ ਮੁਹਾਣੇ ਉੱਤੇ ਖੜਾ ਦੇਖ ਰਹੇ ਹਾਂ, ਅਮਰੀਕਾ ਵਿੱਚ ਟਰੰਪ-ਵਰਤਾਰੇ ਦੇ ਅੱਗੇ ਵਧਣ ਤੇ ਉਸ ਖਿਲਾਫ਼ ਅਮਰੀਕੀ ਲੋਕਾਂ ਦੇ ਰੋਸ-ਵਿਖਾਵਿਆਂ ਦੀਆਂ ਖਬਰਾਂ ਪੜਦੇ ਹਾਂ, ਤਾਂ ਪ੍ਰੋਫੈਸਰ ਅਲਬਰਟ ਆਈਨਸਟੀਨ ਇੱਕ ਪ੍ਰੇਰਣਾਸ੍ਰੋਤ ਬਣ ਕੇ ਉੱਭਰਦੇ ਹਨ। ਅੱਜ ਸਾਨੂੰ ਨਾ ਸਿਰਫ਼ ਉਹਨਾਂ ਵਰਗੇ ਵਿਗਿਆਨੀ ਲੋੜੀਂਦੇ ਹਨ, ਸਗੋਂ ਉਸ ਤੋਂ ਵੀ ਕਿਤੇ ਵਧੇਰੇ ਸ਼ਿੱਦਤ ਨਾਲ਼ ਉਹਨਾਂ ਵਰਗੇ ਪ੍ਰੋਫੈਸਰ, ਮਨੁੱਖੀ ਹੱਕਾਂ ਦੇ ਪਹਿਰੇਦਾਰ ਲੋੜੀਂਦੇ ਹਨ। ਚਾਰਲਸ ਡਾਰਵਿਨ ਵਾਂਗ ਅਲਬਰਟ ਆਈਨਸਟੀਨ ਵੀ ਅੱਜ ਫਾਸੀਵਾਦੀ ਸਿਆਸਤ ਤੇ ਸਰਮਾਏਦਾਰਾ ਢਾਂਚੇ ਦੇ ਕੁਕਰਮਾਂ ਦੇ ਵਿਰੋਧ ਦੇ ਚਿੰਨ ਵਜੋਂ ਸਥਾਪਤ ਹੋਣੇ ਚਾਹੀਦੇ ਹਨ, ਉਹਨਾਂ ਨੂੰ ਸਿਰਫ਼ ਇਸੇ ਪ੍ਰਸੰਗ ਯਾਦ ਕਰਕੇ ਹੀ ਉਹਨਾਂ ਨੂੰ ਅਸਲੀ ਮਾਅਨਿਆਂ ਵਿੱਚ ਯਾਦ ਕੀਤਾ ਜਾ ਸਕਦਾ ਹੈ। ਪ੍ਰੋਫੈਸਰ ਆਈਨਸਟੀਨ ਜ਼ਿੰਦਾਬਾਦ! ਅਸੀਂ ਵੀ ਡਾਕਟਰ ਆਈਨਸਟੀਨ ਦੀ ਸਲਾਹ ਅਨੁਸਾਰ ਚੱਲਾਂਗੇ!

*ਇਹ ਕਹਾਣੀ ਰੂਸ ਵਿੱਚ ਓਨੀ ਹੀ ਮਸ਼ਹੂਰ ਰਹੀ ਹੋਵੇਗੀ, ਜਿੰਨੀ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਹੈ। ਸੰਸਾਰ ਪ੍ਰਸਿੱਧ ਸੋਵੀਅਤ ਭੌਤਿਕ ਵਿਗਿਆਨੀ ਲ.ਦ. ਲਾਂਦਾਊ ਦੀ ਲਿਖੀ 70 ਕੁ ਸਫ਼ਿਆਂ ਦੀ ਛੋਟੀ ਜਿਹੀ ਕਿਤਾਬ ਸਾਪੇਖਤਾ ਦੇ ਸਿਧਾਂਤ ਦਾ ਬੜਾ ਦਿਲਚਸਪ ਬਿਓਰਾ ਪੇਸ਼ ਕਰਦੀ ਹੈ। ਇਹ ਹਿੰਦੀ ਤੇ ਅੰਗ੍ਰੇਜ਼ੀ ਵਿੱਚ ਉਪਲਬਧ ਹੈ। (’What is Relativity’ by L.4. Landau * 7.2. Rumer)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements