ਇਹ ਪੰਧ ਲੰਮੇਰਾ ਮੰਜਿਲ ਦਾ, ਕੰਡਿਆਂ ‘ਤੇ ਤੁਰਨਾ ਪੈਂਦਾ ਏ -ਕਰਮਜੀਤ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੌਜੂਦਾ ਲੁੱਟ ਜ਼ਬਰ ਅਧਾਰਤ ਸਮਾਜ ਨੂੰ ਬਦਲ ਕੇ ਹਰ ਤਰ੍ਹਾਂ ਦੀ ਲੁੱਟ-ਜ਼ਬਰ, ਦਾਬੇ ਤੋਂ ਮੁਕਤ ਸਮਾਜ ਦੀ ਸਿਰਜਣਾ ਮਨੁੱਖਤਾ ਦੁਆਰਾ ਹੱਥ ਲਿਆ ਸਭ ਤੋਂ ਮਹਾਨ ਕਾਰਜ ਹੈ। ਜਦੋਂ ਦਾ ਜਮਾਤੀ ਸਮਾਜ ਹੋਂਦ ‘ਚ ਆਇਆ ਹੈ ਇਸਦੇ ਖਾਤਮੇ ਲਈ ਇੱਕ ਲੜਾਈ ਜਾਰੀ ਹੈ। ਵਰਤਮਾਨ ਸਰਮਾਏਦਾਰਾ ਪ੍ਰਬੰਧ ਲੁੱਟ-ਜ਼ਬਰ ਅਧਾਰਤ, ਮਨੁੱਖੀ ਇਤਿਹਾਸ ਦਾ ਆਖਰੀ ਸਮਾਜ ਹੈ। ਅੱਜ ਇਸਨੂੰ ਉਲਟਾਉਣ ਲਈ ਦੁਨੀਆਂ ਭਰ ਦੇ ਕਿਰਤੀ ਸਚੇਤਨ ਯਤਨ ਕਰ ਰਹੇ ਹਨ। ਬੀਤੇ ਦੀਆਂ (ਪੂਰਵ ਸਰਮਾਏਦਾਰਾ ਪ੍ਰਬੰਧ ਦੀਆਂ) ਇਨਕਲਾਬੀ ਲਹਿਰਾਂ ਨਾਲ਼ੋਂ ਵਰਤਮਾਨ ਸਮਾਜ ਨੂੰ ਬਦਲਣ ਲਈ ਕਿਰਤੀਆਂ ਦੇ ਸ਼ੰਘਰਸ਼ ਦੀ ਖਾਸੀਅਤ ਇਹ ਹੈ ਕਿ ਹੁਣ ਉਹਨਾਂ ਦੀ ਰਹਿਨੁਮਾਈ ਕਰਨ ਵਾਲ਼ਾ ਇੱਕ ਵਿਗਿਆਨ, ਮਾਰਕਸਵਾਦ ਮੌਜੂਦ ਹੈ। ਇਨਕਲਾਬੀ ਲਹਿਰ ਵਿੱਚ ਸ਼ਾਮਲ ਹੋਣ ਵਾਲ਼ਿਆਂ ਦੀਆਂ ਇਸ ਵਿੱਚ ਸ਼ਾਮਲ ਹੋਣ ਪਿੱਛੇ ਪ੍ਰੇਰਨਾਵਾਂ ਵੱਖੋ-ਵੱਖਰੀਆਂ ਹੁੰਦੀਆਂ ਹਨ। ਕੋਈ ਵਿਗਿਆਨ ਤੋਂ ਪ੍ਰਭਾਵਿਤ ਹੋਕੇ ਇਸ ਵਿੱਚ ਸ਼ਾਮਲ ਹੁੰਦਾ ਹੈ, ਕੋਈ ਕਿਰਤੀਆਂ ਦੀ ਦੁੱਖ-ਤਕਲੀਫਾਂ ਭਰੀ ਜ਼ਿੰਦਗੀ ਵੇਖਕੇ ਇਸ ਨੂੰ ਬਦਲਣ ਲਈ ਅਹੁਲ਼ਦਾ ਹੈ। ਕਈ ਮੱਧ ਵਰਗੀ ਵਿਦਰੋਹੀ ਆਪਣੇ ਜੀਵਨ ਦੇ ਅਕੇਵੇਂ ਤੋਂ ਤੰਗ ਆ ਕੇ ਵੀ ਇਨਕਲਾਬੀ ਲਹਿਰ ਵਿੱਚ ਕੁੱਦ ਜਾਂਦੇ ਹਨ।

ਕੁੱਝ ਪੇਸ਼ੇਵਰ ਇਨਕਲਾਬੀਆਂ ਵਜੋਂ ਪੂਰਾ ਜੀਵਨ ਦੇਣ ਆਉਂਦੇ ਹਨ ਅਤੇ ਕੁੱਝ ਇਸ ਲਈ ਅੱਧ-ਵਕਤੀ ਵਜੋਂ ਆਪਣੇ ਰੋਜ਼ਮੱਰ੍ਹਾ ਦੇ ਜੀਵਨ ‘ਚੋਂ ਕੁੱਝ ਸਮਾਂ ਦਿੰਦੇ ਰਹਿੰਦੇ ਹਨ।

ਉਂਝ ਤਾਂ ਅੱਧ ਵਕਤੀ ਵੀ ਸਮੇਂ-ਸਮੇਂ ‘ਤੇ ਇਨਕਲਾਬੀ ਲਹਿਰ ਤੋਂ ਕਿਨਾਰਾ ਕਰਦੇ ਰਹਿੰਦੇ ਹਨ, ਪਰ ਇਹਨਾਂ ਦੀ ਗਿਣਤੀ ਥੋੜੀ ਹੀ ਹੁੰਦੀ ਹੈ। ਜੋ ਪੂਰਾ ਜੀਵਨ ਦੇਣ ਇੱਥੇ ਆਉਂਦੇ ਹਨ, ਉਹਨਾਂ ਦਾ ਆਣ-ਜਾਣ ਵਧੇਰੇ ਲੱਗਿਆ ਰਹਿੰਦਾ ਹੈ। ਪੇਸ਼ੇਵਰ ਇਨਕਲਾਬੀਆਂ ਵਜੋਂ ਕੰਮ ਕਰਨ ਵਾਲ਼ੇ ਸਾਥੀ ਲਹਿਰ ਵਿੱਚ ਸ਼ਾਮਲ ਹੁੰਦੇ ਹਨ, ਜੀਅ-ਜਾਨ ਨਾਲ਼ ਕੰਮ ਕਰਦੇ ਹਨ। ਪਰ ਇਹ ਜੀਵਨ ਖੂਬਸੂਰਤ ਹੋਣ ਦੇ ਨਾਲ਼-ਨਾਲ਼ ਦੁਸ਼ਵਾਰੀਆਂ ਅਤੇ ਕਮੀਆਂ ਭਰਿਆ ਵੀ ਹੈ। ਜੋ ਵੀ ਇਨਕਲਾਬ ਲਈ ਆਪਣੀ ਜ਼ਿੰਦਗੀ ਦਿੰਦੇ ਹਨ, ਉਹ ਸਾਰੇ ਇਸ ਜੀਵਨ ਦੀਆਂ ਦੁਸ਼ਵਾਰੀਆਂ, ਕਮੀਆਂ, ਉਤਰਾਅ-ਚੜ੍ਹਾਵਾਂ ਨੂੰ ਝੱਲ ਨਹੀਂ ਪਾਉਂਦੇ। ਆਖ਼ਰ ਥੱਕ ਹੰਭ ਕੇ ਪੁਰਾਣੀ ਦੁਨੀਆਂ ‘ਚ ਵਾਪਸ ਚਲੇ ਜਾਂਦੇ ਹਨ ਅਤੇ ਇਹਨਾਂ ‘ਚੋਂ ਜ਼ਿਆਦਾਤਰ ਇਨਕਲਾਬੀ ਲਹਿਰ ਤੋਂ ਪੂਰੀ ਤਰ੍ਹਾਂ ਨਾਤਾ ਤੋੜ ਲੈਂਦੇ ਹਨ। ਅਜਿਹੇ ਸਾਥੀ ਇੱਕ ਸਮਾਂ ਇਨਕਲਾਬ ਲਹਿਰ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਦਿਲ ਦੇ ਕਿਸੇ ਨਾ ਕਿਸੇ ਕੋਨੇ ‘ਚ ਅਜੇਹੇ ਸਾਥੀਆਂ ਦੀ ਯਾਦ ਸੁਰੱਖਿਅਤ ਰਹਿੰਦੀ ਹੈ। ਇਹਨਾਂ ਵਿੱਚੋਂ ਕਈ ਮੁੜ ਇਨਕਲਾਬੀ ਕਾਫਲੇ ਵਿੱਚ ਸ਼ਾਮਲ ਹੁੰਦੇ ਹਨ। ਕੁੱਝ ਬੁਹਤ ਨੀਚਤਾ ‘ਤੇ ਉੱਤਰ ਆਉਂਦੇ ਹਨ। ਉਹਨਾਂ ਭੱਜਣਾ ਤਾਂ ਹੁੰਦਾ ਹੈ, ਪਰ ਉਹ ਮੱਤਭੇਦਾਂ ਦਾ ਧੂੰਆਂ ਛੱਡਕੇ ਹੋ ਭੱਜਦੇ ਹਨ ਤਾਂ ਕਿ ਭੱਜਦੇ ਹੋਏ ਦਿਖਾਈ ਨਾ ਦੇਣ। ਕੁੱਝ ਰਿਟਾਇਰ ਹੋਣ ਤੋਂ ਕਈ ਸਾਲਾਂ ਬਾਅਦ ਮੱਤਭੇਦ ਖੋਜ ਲੈਂਦੇ ਹਨ ਅਤੇ ਇਨਕਲਾਬੀ ਲਹਿਰ ‘ਤੇ ਚਿੱਕੜ ਸੁੱਟਣ ਦੇ ਗੰਦੇ ਧੰਦੇ ਵਿੱਚ ਰੁੱਝ ਜਾਂਦੇ ਹਨ। ਅਜਿਹੇ ਨੀਚ ਤੱਤਾਂ ਨੂੰ ਕੋਈ ਵੀ ਸੱਚਾ ਇਨਕਲਾਬੀ ਦਿਲ ਦੀਆਂ ਡੂੰਘਾਈਆਂ ‘ਚੋਂ ਨਫ਼ਰਤ ਹੀ ਕਰ ਸਕਦਾ ਹੈ, ਜੋ ਅਜੇਹੇ ਤੱਤਾਂ ਨੂੰ ਮੂੰਹ ਲਾਉਂਦੇ ਹਨ, ਉਹਨਾਂ ਦੀ ਆਪਣੀ ਇਨਕਲਾਬੀ ਨਿਹਚਾ ਹੀ ਸਵਾਲਾਂ ਦੇ ਘੇਰੇ ‘ਚ ਆ ਜਾਂਦੀ ਹੈ।

ਇਨਕਲਾਬੀ ਪਾਰਟੀ ਇੱਕ ਜਿਉਂਦੇ ਸਰੀਰ ਦੀ ਤਰ੍ਹਾਂ ਹੁੰਦੀ ਹੈ, ਜਿਸ ‘ਚ ਪੁਰਾਣੇ ਸੈੱਲ ਟੁੱਟਦੇ ਰਹਿੰਦੇ ਹਨ ਅਤੇ ਨਵੇਂ ਬਣਦੇ ਰਹਿੰਦੇ ਹਨ। ਇਸੇ ਤਰ੍ਹਾਂ ਇਨਕਲਾਬੀ ਪਾਰਟੀ ਵਿੱਚ ‘ਚ ਵੀ ਜੋ ਸਾਥੀ ਬਦਲੀਆਂ ਹਾਲਤਾਂ, ਉਤਰਾਅ-ਚੜ੍ਹਾਵਾਂ ਨਾਲ਼ ਕਦਮ ਮਿਲ਼ਾ ਕੇ ਚੱਲ ਨਹੀਂ ਪਾਉਂਦੇ,ਉਹ ਪਿੱਛੇ ਹਟਦੇ ਰਹਿੰਦੇ ਹਨ ਅਤੇ ਲਹਿਰ ਵਿੱਚ ਨਵਾਂ ਖੂਨ ਸ਼ਾਮਲ ਹੁੰਦਾ ਰਹਿੰਦਾ ਹੈ ਤੇ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਾਰਟੀ ਦੀ ਹੋਂਦ ਰਹੇਗੀ।

ਜੇਕਰ ਇਨਕਲਾਬੀ ਲਹਿਰ ਦੀ ਤੁਲਨਾ ਚੱਲ ਰਹੀ ਰੇਲਗੱਡੀ ਨਾਲ਼ ਕਰੀਏ, ਜੋ ਇੱਕ ਜਮਾਤ ਰਹਿਤ ਸਮਾਜ ਵੱਲ ਵਧ ਰਹੀ ਹੈ ਤਾਂ ਵੱਖ-ਵੱਖ ਸਟੇਸ਼ਨਾਂ (ਇਨਕਲਾਬੀ ਲਹਿਰ ਦੇ ਵੱਖ-ਵੱਖ ਪੜਾਵਾਂ) ਉੱਪਰ ਕੁੱਝ ਸਵਾਰੀਆਂ ਉੱਤਰਦੀਆਂ ਰਹਿੰਦੀਆਂ ਹਨ ਤੇ ਨਵੀਆਂ ਸਵਾਰੀਆਂ ਚੜ੍ਹਦੀਆਂ ਰਹਿੰਦੀਆਂ ਹਨ।

ਪਾਰਟੀ ‘ਚ ਜਿੱਥੇ ਨਵੇਂ ਤੱਤਾਂ ਦਾ ਆਉਣਾ ਜ਼ਰੂਰੀ ਹੈ ਉੱਥੇ ਕੁੱਝ ਤੱਤਾਂ ਦਾ ਜਾਣਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ। ਇਹ ਕੁਦਰਤ ਦਾ ਨਿਯਮ, ਕੁਦਰਤ ਦੇ ਕਿਸੇ ਵੀ ਵਰਤਾਰੇ ਵਿੱਚ ਇਕਹਿਰੀ ਗਤੀ ਮੌਜੂਦ ਨਹੀਂ ਹੈ (ਗਤੀਸ਼ੀਲ ਪਦਾਰਥ ਨੂੰ ਛੱਡਕੇ)।

ਪਰ ਲਹਿਰ ਨਾਲ਼ ਜੁੜੇ ਪੱਛੜੇ ਤੱਤ ਹਮੇਸ਼ਾਂ ਸਰਗਰਮ ਸਾਥੀਆਂ ਨੂੰ ਸਵਾਲਾਂ ਨਾਲ਼ ਘੇਰੀ ਰੱਖਦੇ ਹਨ ਕਿ ਫਲਾਂ-ਫਲਾਂ ਲਹਿਰ ਤੋਂ ਪਾਸੇ ਕਿਉਂ ਹੋ ਗਏ। ਵਾਰ-ਵਾਰ ਉਹਨਾਂ ਨੂੰ ਕੁਦਰਤ ਦਾ ਉਪਰੋਕਤ ਕਨੂੰਨ ਸਮਝਾਇਆ ਜਾਂਦਾ ਹੈ। ਫਿਰ ਜਦੋਂ ਕੋਈ ਸਾਥੀ ਛੱਡ ਜਾਂਦਾ ਹੈ ਤਾਂ ਫਿਰ ਉਹਨਾਂ ਦਾ ਉਹੀ ਪੁਰਾਣਾ ਸਵਾਲ ਫਨ ਤਾਣ ਲੈਂਦਾ ਹੈ। ਉਹਨਾਂ ਨੂੰ ਇਹ ਵੀ ਸਮਝਾਇਆ ਜਾਂਦਾ ਹੈ ਕਿ ਇੱਥੇ ਜ਼ਿੰਦਗੀ ਦੇਣ ਆਉਂਦੇ ਤਾਂ ਅਨੇਕਾਂ ਨੇ, ਪਰ ਸਭ ਆਪਣੀ ਪ੍ਰਤਿੱਗਿਆ ‘ਤੇ ਖਰੇ ਨਹੀਂ ਉੱਤਰਦੇ। ਅਜੇਹੇ ਦ੍ਰਿੜ ਸੰਕਲਪ ਇਨਕਲਾਬੀ ਥੋੜੇ ਹੀ ਹੁੰਦੇ ਹਨ, ਜੋ ਇੱਕ ਵਾਰ ਇਸ ਬਿਖੜੇ ਮਾਰਗ ਉੱਪਰ ਪੈਰ ਰੱਖਦੇ ਹਨ ਤਾਂ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਦੇ। ਮਜ਼ਦੂਰ ਜਮਾਤ ਦੇ ਅਜੇਹੇ ਹੀ ਬਹਾਦਰ ਧੀਆਂ/ਪੁੱਤਾਂ ਦੇ ਦਮ ‘ਤੇ ਅੱਜ ਇਨਕਲਾਬੀ ਲਹਿਰ ਨਾ ਸਿਰਫ਼ ਜੀਵਤ ਹੈ ਸਗੋਂ ਵਧ-ਫੁੱਲ ਵੀ ਰਹੀ ਹੈ। ਸਿਆਸੀ ਵਿਰੋਧੀ ਇਨਕਲਾਬੀ ਪਾਰਟੀ ‘ਚੋਂ ਕੁੱਝ ਸਾਥੀਆਂ ਦੇ ਕਿਰ ਜਾਣ ‘ਤੇ ਖੁਸ਼ੀ ‘ਚ ਕੱਛਾਂ ਵਜਾਉਂਦੇ ਹਨ। ਉਹ ਇਸਨੂੰ ਉਸ ਪਾਰਟੀ ਦੇ ਖਾਤਮੇ ਦਾ ਸੰਕੇਤ ਸਮਝਦੇ ਹਨ ਅਤੇ ਪ੍ਰਚਾਰਦੇ ਹਨ। ਪਰ ਜਦੋਂ ਪਾਰਟੀ ਆਪਣੀ ਵਿਚਾਰਧਾਰਕ ਸਿਆਸੀ ਲੀਹ ਦੇ ਸਹੀ ਹੋਣ ਦੇ ਦਮ ‘ਤੇ ਸਾਬਤ ਕਦਮੀਂ ਅੱਗੇ ਵਧਣਾ ਜਾਰੀ ਰੱਖਦੀ ਹੈ ਤਾਂ ਇਹ ਥੋੜ੍ਹੇ ਹੀ ਸਮੇਂ ਬਾਅਦ ਫਿਰ ਗਮ ਵਿੱਚ ਡੁੱਬ ਜਾਂਦੇ ਹਨ।

ਇਨਕਲਾਬੀ ਲਹਿਰ ‘ਚੋਂ ਕਮਜ਼ੋਰ ਤੱਤਾਂ ਦੇ ਝੜਨ ਦਾ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਅਕਸਰ ਅਜੇਹੇ ਤੱਤਾਂ ਦੇ ਝੜਨ ਦਾ ਲਹਿਰ ਨੂੰ ਨੁਕਸਾਨ ਘੱਟ ਪਰ ਫਾਇਦਾ ਜ਼ਿਆਦਾ ਹੁੰਦਾ ਹੈ। ਇਨਕਲਾਬੀ ਭਾਵਨਾ ਤੋਂ ਸੱਖਣੇ ਕੁੱਝ ਲੋਕ ਜੇਕਰ ਇੱਥੇ ਟਿਕੇ ਵੀ ਰਹਿੰਦੇ ਹਨ ਤਾਂ ਲਗਾਤਾਰ ਗੰਦਗੀ ਫੈਲਾਉਂਦੇ ਹਨ। ਇਸ ਕਾਰਨ ਨਵੇਂ ਇਨਕਲਾਬੀ ਤੱਤਾਂ ਦੀ ਭਰਤੀ, ਤਿਆਰੀ-ਸਿਖਲਾਈ ਆਦਿ ਹਰ ਚੀਜ਼ ਰੁਕ ਜਾਂਦੀ ਹੈ। ਇਹਨਾਂ ਦੇ ਜਾਣ ਨਾਲ਼ ਲਹਿਰ ‘ਚ ਤਾਜ਼ੀ ਹਵਾ ਦੇ ਬੁੱਲੇ ਆਉਂਦੇ ਹਨ। ਪਰ ਕੁੱਝ ਸਮੇਂ ਬਾਅਦ ਲਹਿਰ ਦਾ ਇੱਕ ਹੋਰ ਹਿੱਸਾ ਗਲ਼-ਸੜ ਜਾਂਦਾ ਹੈ। ਇਨਕਲਾਬੀ ਲਹਿਰ ਅਜਿਹੇ ਹਿੱਸਿਆਂ ਦੀ ਲਗਾਤਾਰ ਸਫਾਈ, ਛਗਾਂਈ ਰਾਹੀਂ ਹੀ ਵਿਕਸਿਤ ਹੁੰਦੀ ਹੈ। ਹੋਰ ਨਾ ਤਾਂ ਕੋਈ ਦੂਜਾ ਰਾਹ ਹੈ ਅਤੇ ਨਾ ਹੀ ਹੋ ਸਕਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 33, ਅਕਤੂਬਰ 2014 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s