ਇਹ ਗਾਥਾ ਹੈ…ਪਰ ਤੁਹਾਡੇ ‘ਚੋਂ ਸਾਰਿਆਂ ਲਈ ਨਹੀਂ! •ਹਾਵਰਡ ਫਾਸਟ

16

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਨ 1947 ਦੇ ਮਈ ਦਿਵਸ ਦੇ ਮੌਕੇ ‘ਤੇ ਲਿਖਿਆ ਗਿਆ ਮਸ਼ਹੂਰ ਅਮਰੀਕੀ ਨਾਵਲਕਾਰ ਹਾਵਰਡ ਫਾਸਟ ਦਾ ਇਹ ਲੇਖ ਮਈ ਦਿਵਸ ਦੀਆਂ ਸ਼ਾਨਾਮੱਤੀਆਂ ਪ੍ਰੰਪਰਾਵਾਂ ਨੂੰ ਅਜਿਹੇ ਸਮੇਂ ਯਾਦ ਕਰਦਾ ਹੈ ਜਦ ਅਮਰੀਕਾ ਵਿੱਚ ਲੰਮੇ ਸੰਘਰਸ਼ਾਂ ਨਾਲ਼ ਮਿਲ਼ੇ ਮਜ਼ਦੂਰ ਹੱਕਾਂ ‘ਤੇ ਧਾਵਾ ਬੋਲਿਆ ਜਾ ਰਿਹਾ ਸੀ। ਅੱਜ ਭਾਰਤ ਵਿੱਚ ਦੇਸੀ-ਵਿਦੇਸ਼ੀ ਸਰਮਾਏ ਦੀ ਮਿਲ਼ੀ-ਜੁਲ਼ੀ ਤਾਕਤ ਨੇ ਕਿਰਤ ‘ਤੇ ਜਬਰਦਸਤ ਹੱਲਾ ਬੋਲ ਦਿੱਤਾ ਹੈ। ਅਜਿਹੇ ਵਿੱਚ ਇਹ ਲੇਖ ਅੱਜ ਭਾਰਤ ਦੇ ਮਜ਼ਦੂਰਾਂ ਲਈ ਲਿਖਿਆ ਮਹਿਸੂਸ ਹੁੰਦਾ ਹੈ ਅਤੇ ਮਈ ਦਿਵਸ ਦੀ ਇਹ ਕਹਾਣੀ ਉਤਸ਼ਾਹ ਅਤੇ ਜੋਸ਼ ਨਾਲ ਭਰ ਦਿੰਦੀ ਹੈ—ਸੰਪਾਦਕ

ਇਹ ਕਹਾਣੀ ਤੁਹਾਡੇ ‘ਚੋਂ ਬੱਸ ਉਹਨਾਂ ਲਈ ਹੈ ਜੋ ਜ਼ਿੰਦਗੀ ਨੂੰ ਪਿਆਰ ਕਰਦੇ ਹਨ ਅਤੇ ਜੋ ਅਜ਼ਾਦ ਮਨੁੱਖਾਂ ਵਾਂਗ ਜਿਉਣਾ ਚਾਹੁੰਦੇ ਹਨ। ਤੁਹਾਡੇ ਸਾਰਿਆਂ ਲਈ ਨਹੀਂ, ਤੁਹਾਡੇ ‘ਚੋਂ ਬੱਸ ਉਹਨਾਂ ਲਈ, ਜੋ ਹਰ ਉਸ ਚੀਜ਼ ਨਾਲ਼ ਨਫਰਤ ਕਰਦੇ ਹਨ, ਜੋ ਅਨਿਆਂਪੂਰਨ ਅਤੇ ਗਲਤ ਹੈ, ਜੋ ਭੁੱਖ, ਬਦਹਾਲੀ ਅਤੇ ਬੇਘਰ ਹੋਣ ਵਿੱਚ ਕੋਈ ਭਲੇ ਦਾ ਤੱਤ ਨਹੀਂ ਦੇਖਦੇ।

ਤੁਹਾਡੇ ‘ਚੋਂ ਉਹਨਾਂ ਲਈ, ਜਿਹਨਾਂ ਨੂੰ ਉਹ ਸਮਾਂ ਯਾਦ ਹੈ, ਜਦ ਇੱਕ ਕਰੋੜ ਵੀਹ ਲੱਖ ਬੇਰੁਜ਼ਗਾਰ ਸੁੰਨੀਆਂ ਅੱਖ਼ਾਂ ਨਾਲ ਭਵਿੱਖ ਵੱਲ ਝਾਕ ਰਹੇ ਸਨ।

ਇਹ ਇੱਕ ਕਹਾਣੀ ਹੈ, ਉਹਨਾਂ ਲਈ ਜਿਹਨਾਂ ਨੇ ਭੁੱਖ ਨਾਲ਼ ਤੜਪਦੇ ਬੱਚੇ ਜਾਂ ਦਰਦ ਨਾਲ਼ ਤੜਫਦੇ ਮਨੁੱਖ ਦੀ ਚੀਖ ਸੁਣੀ ਹੈ। ਉਹਨਾਂ ਲਈ, ਜਿਹਨਾਂ ਨੇ ਬੰਦੂਕਾਂ ਦੀ ਗੜਗੜਾਹਟ ਸੁਣੀ ਹੈ ਅਤੇ ਤਾਰਪੀਡੋ ਦੇ ਦਾਗੇ ਜਾਣ ਦੀ ਅਵਾਜ਼ ‘ਤੇ ਕੰਨ ਲਾਏ ਹੋਣ। ਉਹਨਾਂ ਲਈ ਜਿਹਨਾਂ ਨੇ ਫਾਸੀਵਾਦ ਦੁਆਰਾ ਵਿਛਾਈਆਂ ਲਾਛਾਂ ਦਾ ਢੇਰ ਦੇਖਿਆ ਹੈ। ਉਹਨਾਂ ਲਈ, ਜਿਨ੍ਹਾਂ ਨੇ ਜੰਗ ਦੇ ਦੈਂਤ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਇਆ ਸੀ ਅਤੇ ਬਦਲੇ ਵਿੱਚ ਜਿਨ੍ਹਾਂ ਨੂੰ ਐਟਮੀ ਮੌਤ ਦਾ ਡਰ ਦਿੱਤਾ ਗਿਆ ਸੀ।

ਇਹ ਕਹਾਣੀ ਉਹਨਾਂ ਲਈ ਹੈ। ਉਹਨਾਂ ਮਾਵਾਂ ਲਈ ਜੋ ਆਪਣੇ ਜਵਾਕਾਂ ਨੂੰ ਮਰਦਾ ਨਹੀਂ ਬਲਕਿ ਜਿਉਂਦੇ ਦੇਖਣਾ ਚਾਹੁੰਦੀਆਂ ਹਨ। ਉਹਨਾਂ ਕਿਰਤੀਆਂ ਲਈ ਜੋ ਜਾਣਦੇ ਨੇ ਕਿ ਫਾਸਿਸਟ ਸਭ ਤੋਂ ਪਹਿਲਾਂ ਮਜ਼ਦੂਰ ਯੂਨੀਅਨਾਂ ਨੂੰ ਹੀ ਤੋੜਦੇ ਹਨ। ਉਹਨਾਂ ਸਾਬਕਾ ਸਿਪਾਹੀਆਂ ਲਈ, ਜਿਨ੍ਹਾਂ ਨੂੰ ਪਤਾ ਹੈ ਕਿ ਜੋ ਲੋਕ ਜੰਗ ਨੂੰ ਜਨਮ ਦਿੰਦੇ ਹਨ, ਉਹ ਖੁਦ ਮੈਦਾਨ ਵਿੱਚ ਨਹੀਂ ਨਿੱਤਰਦੇ। ਉਹਨਾਂ ਵਿਦਿਆਰਥੀਆਂ ਲਈ, ਜੋ ਜਾਣਦੇ ਨੇ ਕਿ ਅਜ਼ਾਦੀ ਅਤੇ ਗਿਆਨ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਉਹਨਾਂ ਬੁੱਧੀਜੀਵੀਆਂ ਲਈ, ਜਿਨ੍ਹਾਂ ਦੀ ਮੌਤ ਨਿਸ਼ਚਿਤ ਹੈ ਜੇ ਫਾਸੀਵਾਦ ਜਿਉਂਦਾ ਰਹਿੰਦਾ ਹੈ। ਉਹਨਾਂ ਕਾਲ਼ੇ ਲੋਕਾਂ ਲਈ, ਜੋ ਜਾਣਦੇ ਨੇ ਕਿ ‘ਜਿਮ-ਕ੍ਰੋ’ ਅਤੇ ਪਿਛਾਖੜ ਦੋਵੇਂ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ। ਉਹਨਾਂ ਯਹੂਦੀਆਂ ਲਈ ਜਿਹਨਾਂ ਨੇ ਹਿਟਲਰ ਤੋਂ ਸਿੱਖਿਆ ਕਿ ਯਹੂਦੀ ਵਿਰੋਧ ਦੀ ਭਾਵਨਾ ਅਸਲ ਵਿੱਚ ਕਿਹੋ ਜਿਹੀ ਹੁੰਦੀ ਹੈ। ਅਤੇ ਇਹ ਕਹਾਣੀ ਬੱਚਿਆਂ ਲਈ ਹੈ, ਸਾਰੇ ਬੱਚਿਆਂ ਲਈ, ਹਰ ਰੰਗ, ਹਰ ਨਸਲ, ਹਰ ਸ਼ਰਧਾ ਧਰਮ ਦੇ ਬੱਚਿਆਂ ਲਈ ਅਤੇ ਉਹਨਾਂ ਸਾਰਿਆਂ ਲਈ ਲਿਖੀ ਗਈ ਹੈ, ਤਾਂ ਕਿ ਉਹਨਾਂ ਦਾ ਭਵਿੱਖ ਜੀਵਨ ਨਾਲ਼ ਭਰਪੂਰ ਹੋਵੇ, ਮੌਤ ਨਾਲ਼ ਨਹੀਂ।

ਇਹ ਕਹਾਣੀ ਹੈ ਲੋਕਾਂ ਦੀ ਤਾਕਤ ਦੀ, ਉਹਨਾਂ ਦੇ ਆਪਣੇ ਉਸ ਦਿਨ ਦੀ, ਜਿਸਨੂੰ ਉਹਨਾਂ ਨੇ ਖੁਦ ਚੁਣਿਆ ਸੀ ਅਤੇ ਜਿਸ ਦਿਨ ਉਹ ਆਪਣੀ ਏਕਤਾ ਅਤੇ ਤਾਕਤ ਦਾ ਤਿਉਹਾਰ ਮਨਾਉਂਦੇ ਹਨ। ਇਹ ਉਹ ਦਿਨ ਹੈ, ਜੋ ਅਮਰੀਕੀ ਮਜ਼ਦੂਰ ਜਮਾਤ ਦਾ ਸੰਸਾਰ ਨੂੰ ਤੋਹਫਾ ਸੀ ਅਤੇ ਜਿਸ ‘ਤੇ ਸਾਨੂੰ ਹਮੇਸ਼ਾਂ ਮਾਣ ਰਹੇਗਾ।

ਉਹਨਾਂ ਨੇ ਤੁਹਾਨੂੰ ਇਹ ਨਹੀਂ ਦੱਸਿਆ

. .. ਸਕੂਲ ਵਿੱਚ ਤੁਸੀਂ ਇਤਿਹਾਸ ਦੀਆਂ ਜੋ ਕਿਤਾਬਾਂ ਪੜ੍ਹੀਆਂ ਹੋਣਗੀਆਂ ਉਹਨਾਂ ਵਿੱਚ ਉਹਨਾਂ ਨੇ ਇਹ ਨਹੀਂ ਦੱਸਿਆ ਹੋਵੇਗਾ ਕਿ “ਮਈ ਦਿਵਸ” ਦੀ ਸ਼ੁਰੂਆਤ ਕਿਵੇਂ ਹੋਈ। ਪਰ ਸਾਡੇ ਅਤੀਤ ਵਿੱਚ ਬਹੁਤ ਕੁਝ ਮਹਾਨ ਸੀ ਅਤੇ ਹਿੰਮਤ ਭਰਿਆ ਸੀ, ਜਿਸਨੂੰ ਇਤਿਹਾਸ ਦੇ ਪੰਨਿਆਂ ਤੋਂ ਸਾਵਧਾਨੀ ਨਾਲ਼ ਮਿਟਾ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ “ਮਈ ਦਿਵਸ” ਵਿਦੇਸ਼ੀ ਘਟਨਾ ਹੈ, ਪਰ ਜਿਨ੍ਹਾਂ ਲੋਕਾਂ ਨੇ 1886 ਵਿੱਚ ਸ਼ਿਕਾਗੋ ਵਿਖੇ ਪਹਿਲੇ ਮਈ ਦਿਵਸ ਦੀ ਰਚਨਾ ਕੀਤੀ ਸੀ, ਉਹਨਾਂ ਲਈ ਇਸ ਵਿੱਚ ਕੁਝ ਵੀ ਬਾਹਰੀ ਨਹੀਂ ਸੀ। ਉਹਨਾਂ ਨੇ ਇਸ ਨੂੰ ਦੇਸੀ ਸੂਤ ਨਾਲ਼ ਬੁਣਿਆ। ਉਜਰਤੀ ਮਜ਼ਦੂਰੀ ਦਾ ਪ੍ਰਬੰਧ ਮਨੁੱਖਾਂ ਦਾ ਜੋ ਹਸ਼ਰ ਕਰਦਾ ਹੈ ਉਸ ਪ੍ਰਤੀ ਉਹਨਾਂ ਦਾ ਗੁੱਸਾ ਕਿਸੇ ਬਾਹਰੀ ਸ੍ਰੋਤ ਤੋਂ ਨਹੀਂ ਆਇਆ ਸੀ।

ਪਹਿਲਾ “ਮਈ ਦਿਵਸ” 1886 ਵਿੱਚ ਸ਼ਿਕਾਗੋ ਨਗਰ ਵਿੱਚ ਮਨਾਇਆ ਗਿਆ। ਉਸਦੀ ਵੀ ਇੱਕ ਪਿੱਠਭੂਮੀ ਸੀ, ਜਿਸਦੇ ਦ੍ਰਿਸ਼ਾਂ ਨੂੰ ਯਾਦ ਕਰ ਲੈਣਾ ਬੇਲੋੜਾ ਨਹੀਂ ਹੋਵੇਗਾ। 1886 ਦੇ ਇੱਕ ਦਹਾਕੇ ਪਹਿਲਾਂ ਤੋਂ ਅਮਰੀਕੀ ਮਜ਼ਦੂਰ ਜਮਾਤ ਜਨਮ ਅਤੇ ਵਿਕਾਸ ਦੀ ਪ੍ਰਕਿਰਿਆ ‘ਚੋਂ ਲੰਘ ਰਹੀ ਸੀ। ਇਹ ਨਵਾਂ ਦੇਸ਼ ਜੋ ਥੋੜੇ ਜਿਹੇ ਸਮੇਂ ਵਿੱਚ ਇੱਕ ਮਹਾਂਸਾਗਰ ਤੋਂ ਦੂਜੇ ਮਹਾਂਸਾਗਰ ਤੱਕ ਫੈਲ ਗਿਆ ਸੀ, ਉਸਨੇ ਸ਼ਹਿਰ ‘ਤੇ ਸ਼ਹਿਰ ਬਣਾਏ, ਮੈਦਾਨਾਂ ਤੇ ਰੇਲਾਂ ਦਾ ਜਾਲ਼ ਵਿਛਾ ਦਿੱਤਾ, ਸੰਘਣੇ ਜੰਗਲ਼ਾਂ ਨੂੰ ਵੱਢ ਕੇ ਸਾਫ ਕੀਤਾ ਅਤੇ ਹੁਣ ਉਹ ਸੰਸਾਰ ਦਾ ਪਹਿਲਾ ਸਨਅਤੀ ਦੇਸ਼ ਬਣਨ ਜਾ ਰਿਹਾ ਸੀ। ਅਜਿਹਾ ਕਰਦੇ ਸਮੇਂ ਉਹ ਉਹਨਾਂ ਲੋਕਾਂ ‘ਤੇ ਹੀ ਟੁੱਟ ਪਿਆ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ਼ ਇਹ ਸਭ ਸੰਭਵ ਬਣਾਇਆ ਸੀ, ਉਹ ਸਭ ਕੁਝ ਬਣਾਇਆ ਸੀ ਜਿਸਨੂੰ ਅਮਰੀਕਾ ਕਿਹਾ ਜਾਂਦਾ ਸੀ, ਅਤੇ ਉਸਨੇ ਉਹਨਾਂ ਦੀ ਜ਼ਿੰਦਗੀ ਦੀ ਇੱਕ-ਇੱਕ ਬੂੰਦ ਨਿਚੋੜ ਲਈ।

ਔਰਤਾਂ-ਮਰਦ ਅਤੇ ਇੱਥੋਂ ਤੱਕ ਕਿ ਬੱਚੇ ਵੀ ਅਮਰੀਕਾ ਦੀਆਂ ਨਵੀਆਂ ਫੈਕਟਰੀਆਂ ਵਿੱਚ ਹੱਡ ਭੰਨਵੀਂ ਮਿਹਨਤ ਕਰਦੇ ਸਨ। ਬਾਰ੍ਹਾਂ ਘੰਟੇ ਦਾ ਕੰਮ ਦਾ ਦਿਨ ਆਮ ਸੀ, ਚੌਦਾਂ ਘੰਟੇ ਦਾ ਕੰਮ ਵੀ ਬਹੁਤਾ ਅਸਧਾਰਨ ਨਹੀਂ ਸੀ ਅਤੇ ਕਈ ਥਾਵਾਂ ਤੇ ਬੱਚੇ ਵੀ ਇੱਕ-ਇੱਕ ਦਿਨ ਵਿੱਚ ਸੋਲ਼ਾਂ ਅਤੇ ਅਠਾਰਾਂ ਘੰਟੇ ਤੱਕ ਕੰਮ ਕਰਦੇ ਸਨ। ਮਜ਼ਦੂਰੀ ਬਹੁਤ ਹੀ ਘੱਟ ਹੁੰਦੀ ਸੀ, ਉਹ ਅਕਸਰ ਦੋ ਡੰਗ ਦੀ ਰੋਟੀ ਜੋਗੀ ਵੀ ਨਹੀਂ ਸੀ ਹੁੰਦੀ ਅਤੇ ਵਾਰ-ਵਾਰ ਆਉਣ ਵਾਲ਼ੀ ਮੰਦੀ ਦੀ ਕੌੜੀ ਲਗਾਤਾਰਤਾ ਦੇ ਨਾਲ਼ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਦੇ ਦੌਰ ਆਉਣ ਲੱਗੇ। ਹੁਕਮਾਂ ਜਰੀਏ ਹਕੂਮਤ ਰੋਜ ਦੀ ਹੀ ਗੱਲ ਸੀ।

ਪਰ ਅਮਰੀਕੀ ਮਜ਼ਦੂਰ ਜਮਾਤ ਬਿਨ੍ਹਾਂ ਰੀੜ੍ਹ ਦੀ ਹੱਡੀ ਤੋਂ ਨਹੀਂ ਸੀ। ਉਸਨੇ ਇਹ ਹਾਲਤ ਪ੍ਰਵਾਨ ਨਹੀਂ ਕੀਤੀ, ਇਹਨਾਂ ਨੂੰ ਮਾੜੀ ਕਿਸਮਤ ਮੰਨ ਕੇ ਸਹਿਣ ਨਹੀਂ ਕੀਤਾ। ਉਸਨੇ ਮੁਕਾਬਲਾ ਕੀਤਾ ਅਤੇ ਪੂਰੇ ਸੰਸਾਰ ਦੇ ਕਿਰਤੀਆਂ ਨੂੰ ਜੁਝਾਰੂਪਣ ਦਾ ਸਬਕ ਪੜ੍ਹਾਇਆ। ਅਜਿਹਾ ਜੁਝਾਰੂਪਣ ਜਿਸਦੀ ਅੱਜ ਵੀ ਕੋਈ ਦੂਜੀ ਮਿਸਾਲ ਨਹੀਂ ਮਿਲ਼ਦੀ।

1877 ਵਿੱਚ ਵੈਸਟ ਵਰਜੀਨਿਆ ਦੇ ਮਾਰਟਿਨਸਬਰਗ ਵਿੱਚ ਰੇਲਵੇ ਹੜਤਾਲ ਸ਼ੁਰੂ ਹੋਈ। ਹਥਿਆਰਬੰਦ ਪਿਲਸ ਬੁਲਾ ਲਈ ਗਈ ਅਤੇ ਮਜ਼ਦੂਰਾਂ ਨਾਲ਼ ਇੱਕ ਛੋਟੀ ਲੜਾਈ ਤੋਂ ਬਾਅਦ ਹੜਤਾਲ ਕੁਚਲ ਦਿੱਤੀ ਗਈ। ਪਰ ਸਿਰਫ ਸਥਾਨਕ ਤੌਰ ‘ਤੇ, ਜੋ ਚੰਗਿਆੜੀ ਭੜਕੀ ਸੀ, ਉਹ ਜਵਾਲਾ ਬਣ ਗਈ। “ਬਾਲਟੀਮੋਰ ਅਤੇ ਓਹਾਯੋ” ਰੇਲ ਮਾਰਗ ਬੰਦ ਹੋਇਆ ਅਤੇ ਫਿਰ ਇੱਕ ਤੋਂ ਬਾਅਦ ਦੂਜੀਆਂ ਰੇਲ ਕੰਪਨੀਆਂ ਦਾ ਵੀ ਚੱਕਾ ਜਾਮ ਹੁੰਦਾ ਗਿਆ। ਆਖੀਰ, ਇੱਕ ਛੋਟਾ ਜਿਹਾ ਸਥਾਨਕ ਉਭਾਰ ਇਤਿਹਾਸ ਵਿੱਚ ਉਸ ਸਮੇਂ ਤੱਕ ਜਾਣੀ ਗਈ ਸਭ ਤੋਂ ਵੱਡੀ ਰੇਲ ਹੜਤਾਲ ਬਣ ਗਿਆ। ਦੂਜੀਆਂ ਸਨਅਤਾਂ ਵੀ ਉਸ ਵਿੱਚ ਸ਼ਾਮਲ ਹੋ ਗਈਆਂ ਅਤੇ ਕਈ ਇਲਾਕਿਆਂ ਵਿੱਚ ਇਹ ਰੇਲ ਹੜਤਾਲ ਇੱਕ ਆਮ ਹੜਤਾਲ ਵਿੱਚ ਬਦਲ ਗਈ।

ਪਹਿਲੀ ਵਾਰ ਸਰਕਾਰ ਅਤੇ ਨਾਲ਼ ਹੀ ਮਾਲਕਾਂ ਨੂੰ ਵੀ ਪਤਾ ਲੱਗਿਆ ਕਿ ਮਜ਼ਦੂਰ ਦੀ ਤਾਕਤ ਕੀ ਹੋ ਸਕਦੀ ਹੈ। ਉਹਨਾਂ ਨੇ ਪੁਲਸ ਅਤੇ ਫੌਜ ਬੁਲਾਈ, ਜਗ੍ਹਾ-ਜਗ੍ਹਾ ਜਾਸੂਸ ਤੈਨਾਤ ਕੀਤੇ। ਕਈ ਥਾਵਾਂ ‘ਤੇ ਗਹਿਗੱਚ ਲੜਾਈਆਂ ਹੋਈਆਂ। ਸੇਂਟ ਲੂਈ ਵਿੱਚ ਨਾਗਰਿਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਹਥਿਆਰ ਸੁੱਟ ਦਿੱਤੇ ਅਤੇ ਸ਼ਹਿਰ ਮਜ਼ਦੂਰ ਜਮਾਤ ਦੇ ਹਵਾਲੇ ਕਰ ਦਿੱਤਾ। ਉਹਨਾਂ ਹੈਰਾਨੀਜਨਕ ਉਭਾਰਾਂ ਵਿੱਚ ਕਿੰਨੇ ਸ਼ਹੀਦ ਹੋਏ ਹੋਣਗੇ, ਉਹਨਾਂ ਨੂੰ ਅੱਜ ਕੋਈ ਨਹੀਂ ਗਿਣ ਸਕਦਾ। ਪਰ ਸ਼ਹੀਦਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇਗੀ, ਇਸ ‘ਤੇ ਕੋਈ ਵੀ, ਜਿਨ੍ਹਾਂ ਨੇ ਤੱਥਾਂ ਦਾ ਅਧਿਐਨ ਕੀਤਾ ਹੈ, ਸ਼ੱਕ ਨਹੀਂ ਕਰ ਸਕਦਾ।

ਅਗਲਾ ਦਹਾਕਾ ਸੰਘਰਸ਼ ਦਾ ਦੌਰ ਸੀ, ਸ਼ੁਰੂ ਵਿੱਚ ਹੋਂਦ ਦਾ ਸੰਘਰਸ਼ ਅਤੇ ਫਿਰ ਜਥੇਬੰਦੀਆਂ ਬਣਾਉਣ ਦਾ ਸੰਘਰਸ਼। ਸਰਕਾਰ ਨੇ 1877 ਨੂੰ ਸੌਖਿਆਂ ਨਹੀਂ ਭੁਲਾਇਆ, ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹਥਿਆਰ ਬਣਨ ਲੱਗੇ, ਮੁੱਖ ਸੜਕਾਂ ਚੌੜੀਆਂ ਕਰਨ ਲੱਗੇ, ਤਾਂ ਜੋ ‘ਗੈਟਲਿੰਗ’ ਮਸ਼ੀਨਗੰਨਾਂ ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਰੱਖ ਸਕਣ। ਇੱਕ ਮਜ਼ਦੂਰ ਵਿਰੋਧੀ ਪ੍ਰਾਈਵੇਟ ਪੁਲਸ ਜਥੇਬੰਦੀ “ਪਿੰਕਰਟਨ ਏਜੰਸੀ” ਬਣਾਈ ਗਈ, ਅਤੇ ਮਜ਼ਦੂਰਾਂ ਵਿਰੁੱਧ ਚੁੱਕੇ ਕਦਮ ਹੋਰ ਜਾਬਰ ਹੋਣ ਲੱਗੇ। ਉਂਝ ਤਾਂ ਅਮਰੀਕਾ ਵਿੱਚ ਕੂੜ-ਪ੍ਰਚਾਰ ਦੇ ਤੌਰ ‘ਤੇ “ਲਾਲ ਖਤਰੇ” ਸ਼ਬਦ ਦਾ ਇਸਤੇਮਾਲ 1830 ਦੇ ਦਹਾਕੇ ਤੋਂ ਹੀ ਹੁੰਦਾ ਆਇਆ ਸੀ, ਪਰ ਉਸਨੂੰ ਹੁਣ ਇੱਕ ਅਜਿਹੇ ਡਰਾਉਣੇ ਹਊਏ ਦਾ ਰੂਪ ਦਿੱਤਾ ਗਿਆ, ਜੋ ਪ੍ਰਤੱਖ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ।

ਪਰ ਮਜ਼ਦੂਰਾਂ ਨੇ ਉਸਨੂੰ ਚੁੱਪਚਾਪ ਪ੍ਰਵਾਨ ਨਹੀਂ ਕੀਤਾ। ਉਹਨਾਂ ਨੇ ਵੀ ਆਪਣੀਆਂ ਗੁਪਤ ਜਥੇਬੰਦੀਆਂ ਬਣਾਈਆਂ। ਗੁਪਤ ਸ਼ੁਰੂ ਹੋਈ ਜਥੇਬੰਦੀ ‘ਨਾਈਟਸ ਆਫ ਲੇਬਰ’ ਦੇ ਮੈਂਬਰਾਂ ਦੀ ਗਿਣਤੀ 1886 ਤੱਕ 7,00,000 ਤੋਂ ਵੀ ਜ਼ਿਆਦਾ ਹੋ ਗਈ ਸੀ। ਨਵ ਜੰਮੇ ਅਮਰੀਕਨ ਫੈਡਰੇਸ਼ਨ ਆਫ ਲੇਬਰ ਦਾ ਮਜ਼ਦੂਰ ਜਥੇਬੰਦੀਆਂ ਦੀ ਖੁਦ-ਮੁਖਤਿਆਰ ਸੰਸਥਾ ਦੇ ਰੂਪ ਵਿੱਚ ਗਠਨ ਕੀਤਾ ਗਿਆ, ਸਮਾਜਵਾਦ ਜਿਸਦੇ ਟੀਚਿਆਂ ਵਿੱਚੋਂ ਇੱਕ ਟੀਚਾ ਸੀ। ਇਹ ਸੰਸਥਾ ਬਹੁਤ ਤੇਜ ਰਫਤਾਰ ਨਾਲ਼ ਵਿਕਸਿਤ ਹੁੰਦੀ ਚਲੀ ਗਈ। ਇਹ ਜਮਾਤੀ ਤੌਰ ‘ਤੇ ਸੁਚੇਤ ਅਤੇ ਜੁਝਾਰੂ ਸੀ ਅਤੇ ਆਪਣੀਆਂ ਮੰਗਾਂ ਤੋਂ ਟੱਸ ਤੋਂ ਮੱਸ ਨਹੀਂ ਸੀ ਹੋਣ ਵਾਲ਼ੀ। ਇੱਕ ਨਵਾਂ ਨਾਅਰਾ ਬੁਲੰਦ ਹੋਇਆ। ਇੱਕ ਨਵੀਂ ਦੋ-ਟੁੱਕ, ਸਪੱਸ਼ਟ ਮੰਗ ਪੇਸ਼ ਕੀਤੀ ਗਈ: “ਅੱਠ ਘੰਟੇ ਕੰਮ, ਅੱਠ ਘੰਟੇ ਆਰਾਮ, ਅੱਠ ਘੰਟੇ ਮਨੋਰੰਜਨ”।

1886 ਤੱਕ ਅਮਰੀਕੀ ਮਜ਼ਦੂਰ ਨੌਜਵਾਨ ਯੋਧਾ ਬਣ ਚੁੱਕਿਆ ਸੀ, ਜੋ ਆਪਣੀ ਤਾਕਤ ਪਰਖਣ ਲਈ ਮੌਕੇ ਦੀ ਭਾਲ਼ ਕਰ ਰਿਹਾ ਸੀ। ਉਸਦਾ ਮੁਕਾਬਲਾ ਕਰਨ ਲਈ ਸਰਕਾਰੀ ਹਥਿਆਰ ਬਣਾਏ ਗਏ, ਪਰ ਉਹ ਵੀ ਘੱਟ ਸਨ। “ਪਿੰਕਰਟਨੋ” ਦੀ ਪ੍ਰਾਈਵੇਟ ਪੁਲਸ ਫੌਜ ਵੀ ਬਹੁਤ ਨਹੀਂ ਸੀ, ਨਾ ਹੀ ਗੈਟਲਿੰਗ ਮਸ਼ੀਨ ਗੰਨਾਂ। ਜਥੇਬੰਦ ਮਜ਼ਦੂਰ ਆਪਣੇ ਕਦਮ ਵਧਾ ਰਿਹਾ ਸੀ ਅਤੇ ਉਸਦਾ ਇੱਕੋ ਇੱਕ ਜੁਝਾਰੂ ਨਾਹਰਾ ਦੇਸ਼ ਅਤੇ ਇੱਥੋਂ ਤੱਕ ਕਿ ਧਰਤੀ ਦੇ ਆਰ-ਪਾਰ ਗੂੰਜ ਰਿਹਾ ਸੀ: “ਇੱਕ ਦਿਨ ਵਿੱਚ ਅੱਠ ਘੰਟੇ ਕੰਮ- ਇਸ ਤੋਂ ਜ਼ਰਾ ਵੀ ਵੱਧ ਨਹੀਂ।”

1886 ਦੇ ਉਸ ਜ਼ਮਾਨੇ ਵਿੱਚ, ਸ਼ਿਕਾਗੋ ਜੁਝਾਰੂ, ਖੱਬੇ-ਪੱਖੀ ਮਜ਼ਦੂਰ ਲਹਿਰ ਦਾ ਕੇਂਦਰ ਸੀ। ਇੱਥੇ ਸ਼ਿਕਾਗੋ ਵਿੱਚ ਸਾਂਝੇ ਮਜ਼ਦੂਰ ਮੁਜ਼ਾਹਰੇ ਦੇ ਵਿਚਾਰ ਨੇ ਜਨਮ ਲਿਆ, ਇੱਕ ਦਿਨ ਜੋ ਉਹਨਾਂ ਦਾ ਦਿਨ ਹੋਵੇ ਕਿਸੇ ਹੋਰ ਦਾ ਨਹੀਂ, ਇੱਕ ਦਿਨ ਜਦ ਉਹ ਆਪਣੇ ਸੰਦ ਰੱਖ ਦੇਣਗੇ ਅਤੇ ਮੋਢੇ ਨਾਲ਼ ਮੋਢਾ ਜੋੜ ਕੇ ਤਾਕਤ ਦਾ ਪ੍ਰਦਰਸ਼ਨ ਕਰਨਗੇ। 

ਪਹਿਲੀ ਮਈ ਨੂੰ ਮਜ਼ਦੂਰ ਜਮਾਤ ਦਾ ਦਿਨ, ਲੋਕਾਂ ਦੇ ਦਿਨ ਦੇ ਰੂਪ ਵਿੱਚ ਚੁਣਿਆ ਗਿਆ। ਮੁਜ਼ਾਹਰੇ ਤੋਂ ਬਹੁਤ ਪਹਿਲਾਂ ਹੀ “ਅੱਠ ਘੰਟਾ ਸੰਘ” ਨਾਮੀ ਇੱਕ ਕਮੇਟੀ ਬਣਾਈ ਗਈ। ਇਹ ਅੱਠ ਘੰਟਾ ਕਮੇਟੀ ਇੱਕ ਸਾਂਝਾ ਮੋਰਚਾ ਸੀ, ਜਿਸ ਵਿੱਚ ਅਮਰੀਕਨ ਫੈਡਰੇਸ਼ਨ ਆਫ ਲੇਬਰ, ਨਾਈਟਸ ਆਫ ਲੇਬਰ ਅਤੇ ਸਮਾਜਵਾਦੀ ਮਜਦੂਰ ਪਾਰਟੀ ਸ਼ਾਮਲ ਸਨ। ਸ਼ਿਕਾਗੋ ਦੀ ਸੈਂਟਰਲ ਲੇਬਰ ਯੂਨੀਅਨ ਸੀ, ਜਿਸ ਵਿੱਚ ਸਭ ਤੋਂ ਜੁਝਾਰੂ ਖੱਬੇ ਪੱਖੀ ਜਥੇਬੰਦੀਆਂ ਸ਼ਾਮਲ ਸਨ, ਇਸ ਨਾਲ਼ ਜੁੜੀ ਸੀ। 

ਸ਼ਿਕਾਗੋ ਵਿੱਚ ਹੋਈ ਸ਼ੁਰੂਆਤ ਕੋਈ ਮਾਮੂਲੀ ਗੱਲ ਨਹੀਂ ਸੀ। “ਮਈ ਦਿਵਸ” ਤੋਂ ਪਹਿਲਾਂ ਇੱਕਜੁੱਟਤਾ ਲਈ ਮਿੱਥੀ ਸਭਾ ਵਿੱਚ 25000 ਮਜ਼ਦੂਰ ਆਏ। ਜਦ “ਮਈ ਦਿਵਸ” ਆਇਆ, ਤਾਂ ਉਸ ਵਿੱਚ ਭਾਗ ਲੈਣ ਲਈ ਸ਼ਿਕਾਗੋ ਦੇ ਹਜ਼ਾਰਾਂ ਮਜ਼ਦੂਰ ਆਪਣੇ ਸੰਦ ਛੱਡਕੇ ਫੈਕਟਰੀਆਂ ‘ਚੋਂ ਨਿੱਕਲ਼ ਕੇ ਮਾਰਚ ਕਰਦੇ ਹੋਏ ਜਨ ਸਭਾਵਾਂ ਵਿੱਚ ਸ਼ਾਮਲ ਹੋਣ ਲਈ ਪਹੁੰਚਣ ਲੱਗੇ। ਉਸ ਸਮੇਂ ਵੀ, ਜਦੋਂ ਹਾਲੇ “ਮਈ ਦਿਵਸ” ਸ਼ੁਰੂ ਹੀ ਹੋਇਆ ਸੀ, ਮੱਧਵਰਗ ਦੇ ਹਜ਼ਾਰਾਂ ਲੋਕ ਮਜ਼ਦੂਰਾਂ ਦੀ ਕਤਾਰ ਵਿੱਚ ਸ਼ਾਮਲ ਹੋਏ ਅਤੇ ਹਮਾਇਤ ਦਾ ਇਹ ਰੂਪ ਅਮਰੀਕਾ ਦੇ ਹੋਰਾਂ ਸ਼ਹਿਰਾਂ ਵਿੱਚ ਵੀ ਦੋਹਰਾਇਆ ਗਿਆ।

ਅਤੇ ਅੱਜ ਵਾਂਗੂ ਉਦੋਂ ਵੀ ਵੱਡੇ ਸਰਮਾਏਦਾਰਾਂ ਨੇ ਜਵਾਬੀ ਹਮਲਾ ਕੀਤਾ- ਖੂਨ-ਖਰਾਬਾ, ਦਹਿਸ਼ਤ, ਕਨੂੰਨੀ ਕਤਲਾਂ ਨੂੰ ਜ਼ਰੀਆ ਬਣਾਇਆ ਗਿਆ। ਦੋ ਦਿਨਾਂ ਬਾਅਦ ਮੈਕਾਰਮਿਕ ਰੀਪਰ ਕਾਰਖਾਨੇ ਵਿੱਚ, ਜਿੱਥੇ ਹੜਤਾਲ ਚੱਲ ਰਹੀ ਸੀ, ਇੱਕ ਆਮ ਸਭਾ ‘ਤੇ ਪੁਲਸ ਨੇ ਹਮਲਾ ਕੀਤਾ। ਉਸ ਵਿੱਚ ਛੇ ਮਜ਼ਦੂਰਾਂ ਦੀ ਹੱਤਿਆ ਹੋਈ। ਅਗਲੇ ਦਿਨ ਉਸ ਗੰਭੀਰ ਕਾਰਵਾਈ ਖਿਲਾਫ ਹੇਅ ਮਾਰਕਿਟ ਚੌਂਕ ‘ਤੇ ਜਦ ਮਜ਼ਦੂਰਾਂ ਨੇ ਮੁਜ਼ਾਹਰਾ ਕੀਤਾ, ਤਾਂ ਪੁਲਸ ਨੇ ਉਹਨਾਂ ‘ਤੇ ਫਿਰ ਹਮਲਾ ਕੀਤਾ। ਕਿਤੋਂ ਇੱਕ ਬੰਬ ਸੁੱਟਿਆ ਗਿਆ, ਜਿਸਦੇ ਫਟਣ ਨਾਲ਼ ਕਈ ਮਜ਼ਦੂਰ ਅਤੇ ਪੁਲਸ ਵਾਲ਼ੇ ਮਾਰੇ ਗਏ। ਇਸ ਗੱਲ ਦਾ ਕਦੇ ਪਤਾ ਨਹੀਂ ਚੱਲ ਸਕਿਆ ਕਿ ਬੰਬ ਕਿਸਨੇ ਸੁੱਟਿਆ ਸੀ, ਇਸਦੇ ਬਾਵਜੂਦ ਚਾਰ ਅਮਰੀਕੀ ਮਜ਼ਦੂਰ ਆਗੂਆਂ ਨੂੰ ਫਾਂਸੀ ਦੇ ਦਿੱਤੀ ਗਈ, ਉਸ ਜੁਰਮ ਲਈ, ਜੋ ਉਹਨਾਂ ਨੇ ਕਦੇ ਕੀਤਾ ਹੀ ਨਹੀਂ ਸੀ ਅਤੇ ਜਿਸਦੇ ਲਈ ਉਹ ਨਿਰਦੋਸ਼ ਸਿੱਧ ਹੋ ਚੁੱਕੇ ਸਨ।

ਉਹਨਾਂ ਵੀਰ ਸ਼ਹੀਦਾਂ ਵਿੱਚੋਂ ਇੱਕ, ਆਗਸਤ ਸਪਾਈਸ, ਨੇ ਫਾਂਸੀ ਦੇ ਤਖਤੇ ਤੋਂ ਐਲਾਨ ਕੀਤਾ: 

“ਇੱਕ ਸਮਾਂ ਆਵੇਗਾ, ਜਦੋਂ ਸਾਡੀ ਖਾਮੋਸ਼ੀ ਉਹਨਾਂ ਅਵਾਜ਼ਾਂ ਤੋਂ ਜਿਆਦਾ ਤਾਕਤਵਾਰ ਸਿੱਧ ਹੋਵੇਗੀ, ਜਿਨ੍ਹਾਂ ਦਾ ਤੁਸੀਂ ਅੱਜ ਗਲ਼ਾ ਘੁੱਟ ਰਹੇ ਹੋ।”

ਸਮੇਂ ਨੇ ਉਹਨਾਂ ਸ਼ਬਦਾਂ ਦੀ ਸੱਚਾਈ ਨੂੰ ਸਿੱਧ ਕਰ ਦਿੱਤਾ। ਸ਼ਿਕਾਗੋ ਨੇ ਦੁਨੀਆਂ ਨੂੰ “ਮਈ ਦਿਵਸ” ਦਿੱਤਾ ਅਤੇ ਇਸ ਬਾਹਠਵੇਂ ਮਈ ਦਿਵਸ ‘ਤੇ ਕਰੋੜਾਂ ਦੀ ਗਿਣਤੀ ਵਿੱਚ ਇਕੱਠੇ ਦੁਨੀਆਂ ਭਰ ਦੇ ਲੋਕ ਆਗਸਤ ਸਪਾਈਸ ਦੀ ਭਵਿੱਖਬਾਣੀ ਨੂੰ ਸੱਚ ਸਾਬਤ ਕਰ ਰਹੇ ਹਨ।

ਸ਼ਿਕਾਗੋ ਵਿੱਚ ਹੋਏ ਮੁਜ਼ਾਹਰੇ ਤੋਂ ਤਿੰਨ ਸਾਲ ਬਾਅਦ ਦੁਨੀਆਂ ਭਰ ਦੇ ਮਜ਼ਦੂਰ ਆਗੂ ਬਾਸਤੀਲ ਕਿਲੇ ‘ਤੇ ਧਾਵੇ (ਜਿਸਦੇ ਨਾਲ਼ ਫਰਾਂਸੀਸੀ ਇਨਕਲਾਬ ਦੀ ਸ਼ੁਰੂਆਤ ਹੋਈ ਸੀ) ਦੀ ਨੌਵੀਂ ਵਰੇਗੰਢ ਮਨਾਉਣ ਲਈ ਪੈਰਿਸ ਵਿੱਚ ਇਕੱਠੇ ਹੋਏ। ਇੱਕ-ਇੱਕ ਕਰਕੇ, ਕਈ ਦੇਸ਼ਾਂ ਦੇ ਆਗੂਆਂ ਨੇ ਭਾਸ਼ਣ ਦਿੱਤੇ।

ਆਖਿਰ ਵਿੱਚ ਅਮਰੀਕੀਆਂ ਦੇ ਬੋਲਣ ਦੀ ਵਾਰੀ ਆਈ। ਜੋ ਮਜ਼ਦੂਰ ਸਾਡੀ ਮਜ਼ਦੂਰ ਜਮਾਤ ਦੀ ਅਗਵਾਈ ਕਰ ਰਿਹਾ ਸੀ, ਖੜਾ ਹੋਇਆ ਅਤੇ ਬਿਲਕੁਲ ਸੌਖੀ ਅਤੇ ਦੋ ਟੁੱਕ ਭਾਸ਼ਾ ਵਿੱਚ ਉਸਨੇ ਅੱਠ ਘੰਟੇ ਦੇ ਕੰਮ ਦਿਨ ਦੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਜਿਸਦੇ ਆਖੀਰ ਵਿੱਚ 1886 ਵਿੱਚ ਹੇ ਮਾਰਕਿਟ ਦਾ ਸ਼ਰਮਨਾਕ ਕਾਂਡ ਸੀ।

ਉਸਨੇ ਹਿੰਸਾ, ਖੂਨੀ, ਬਹਾਦਰੀ ਦਾ ਜੋ ਸੰਜੀਵ ਚਿੱਤਰ ਪੇਸ਼ ਕੀਤਾ, ਉਸ ਨੂੰ ਸੰਮੇਲਨ ਵਿੱਚ ਆਏ ਆਗੂ ਵਰਿਆਂ ਤੱਕ ਨਹੀਂ ਭੁੱਲ ਸਕੇ। ਉਸਨੇ ਦੱਸਿਆ ਕਿ ਪਾਰਸਨਸ ਨੇ ਕਿਵੇਂ ਮੌਤ ਦੀ ਚੋਣ ਕੀਤੀ ਸੀ, ਜਦਕਿ ਉਸ ਨੂੰ ਕਿਹਾ ਗਿਆ ਸੀ ਕਿ ਜੇ ਉਹ ਆਪਣੇ ਸਾਥੀਆਂ ਨਾਲ਼ ਗੱਦਾਰੀ ਕਰੇ ਅਤੇ ਮਾਫੀ ਮੰਗ ਲਵੇ ਤਾਂ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ, ਉਸਨੇ ਸਰੋਤਿਆਂ ਨੂੰ ਦੱਸਿਆ ਕਿ ਕਿਵੇਂ ਦਸ ਆਈਰਿਸ਼ ਖਾਣ ਮਜ਼ਦੂਰਾਂ ਨੂੰ ਪੈਨਸਿਲਵੇਨਿਆਂ ਵਿੱਚ ਇਸ ਲਈ ਫਾਂਸੀ ਦਿੱਤੀ ਗਈ ਸੀ ਕਿ ਉਹਨਾਂ ਨੇ ਮਜ਼ਦੂਰਾਂ ਦੇ ਜਥੇਬੰਦ ਹੋਣ ਦੇ ਹੱਕ ਲਈ ਸੰਘਰਸ਼ ਕੀਤਾ ਸੀ। ਉਸਨੇ ਉਹਨਾਂ ਅਸਲੀ ਲੜਾਈਆਂ ਬਾਰੇ ਦੱਸਿਆ ਜੋ ਮਜ਼ਦੂਰਾਂ ਨੇ ਹਥਿਆਰਬੰਦ “ਪਿੰਕਰਟਨੋ” ਨਾਲ਼ ਲੜੀਆਂ ਸਨ ਅਤੇ ਉਸਨੇ ਹੋਰ ਵੀ ਬਹੁਤ ਕੁਝ ਦੱਸਿਆ। ਜਦ ਉਸਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਪੈਰਿਸ ਕਾਂਗਰਸ ਨੇ ਹੇਠ ਲਿਖਿਆ ਮਤਾ ਪਾਸ ਕੀਤਾ: 

“ਕਾਂਗਰਸ ਫੈਸਲਾ ਕਰਦੀ ਹੈ ਕਿ ਰਾਜਾਂ ਦੇ ਅਧਿਕਾਰੀਆਂ ਨਾਲ਼ ਕੰਮ ਦਿਨ ਨੂੰ ਕਨੂੰਨੀ ਢੰਗ ਨਾਲ਼ ਘਟਾ ਕੇ ਅੱਠ ਘੰਟੇ ਕਰਨ ਦੀ ਮੰਗ ਲਈ ਅਤੇ ਨਾਲ਼ ਹੀ ਪੈਰਿਸ ਕਾਂਗਰਸ ਦੇ ਹੋਰ ਫੈਸਲਿਆਂ ਨੂੰ ਲਾਗੂ ਕਰਨ ਲਈ ਸਮੁੱਚੇ ਦੇਸ਼ਾਂ ਅਤੇ ਸ਼ਹਿਰਾਂ ਵਿੱਚ ਕਿਰਤੀ ਲੋਕ ਇੱਕ ਮਿੱਥੇ ਦਿਨ ਇੱਕ ਮਹਾਨ ਕੌਮਾਂਤਰੀ ਮੁਜ਼ਾਹਰਾ ਜਥੇਬੰਦ ਕਰਨਗੇ। ਕਿਉਂਕਿ ਅਮਰੀਕਨ ਫੈਡਰੇਸ਼ਨ ਲੇਬਰ ਪਹਿਲੀ ਮਈ 1890 ਨੂੰ ਅਜਿਹਾ ਹੀ ਮੁਜ਼ਾਹਰਾ ਕਰਨ ਦਾ ਫੈਸਲਾ ਕਰ ਚੁੱਕੀ ਹੈ, ਅੰਤ: ਇਹ ਦਿਨ ਕੌਮਾਂਤਰੀ ਮੁਜ਼ਾਹਰੇ ਲਈ ਪ੍ਰਵਾਨ ਕੀਤਾ ਜਾਂਦਾ ਹੈ। ਵੱਖ-ਵੱਖ ਦੇਸ਼ਾਂ ਦੇ ਮਜ਼ਦੂਰਾਂ ਨੂੰ ਹਰੇਕ ਦੇਸ਼ ਵਿੱਚ ਮੌਜੂਦਾ ਹਾਲਤਾਂ ਅਨੁਸਾਰ ਇਹ ਮੁਜ਼ਾਹਰਾ ਜਰੂਰ ਕਰਨਾ ਚਾਹੀਦਾ ਹੈ।”

ਤਾਂ ਇਸ ਇਰਾਦੇ ‘ਤੇ ਅਮਲ ਕੀਤਾ ਗਿਆ ਅਤੇ “ਮਈ ਦਿਵਸ” ਪੂਰੇ ਸੰਸਾਰ ਦੀ ਵਿਰਾਸਤ ਬਣ ਗਿਆ। ਚੰਗੀਆਂ ਚੀਜ਼ਾਂ ਖਾਸ ਲੋਕਾਂ ਜਾਂ ਦੇਸ਼ਾਂ ਦੀ ਜਾਇਦਾਦ ਨਹੀਂ ਹੁੰਦੀਆਂ। ਇੱਕ ਤੋਂ ਬਾਅਦ ਦੂਜੇ ਦੇਸ਼ਾਂ ਦੇ ਮਜ਼ਦੂਰ ਜਿਵੇਂ-ਜਿਵੇਂ ਮਈ ਦਿਵਸ ਨੂੰ ਆਪਣੇ ਜੀਵਨ, ਆਪਣੇ ਸੰਘਰਸ਼ਾਂ, ਆਪਣੀਆਂ ਆਸਾਂ ਦਾ ਅਟੁਟੱਵਾਂ ਅੰਗ ਬਣਾਉਂਦੇ ਗਏ, ਉਹ ਮੰਨ ਕੇ ਚੱਲਣ ਲੱਗੇ ਕਿ ਇਹ ਦਿਨ ਉਹਨਾਂ ਦਾ ਹੈ ਅਤੇ ਇਹ ਵੀ ਸਹੀ ਹੈ, ਕਿਉਂਕਿ ਧਰਤੀ ‘ਤੇ ਮੌਜੂਦ ਸਮੁੱਚੀਆਂ ਕੌਮਾਂ ਦੇ ਬਰਕਸ ਅਸੀਂ ਕੌਮਾਂ ਦੀ ਕੌਮ ਹਾਂ, ਸਾਰੇ ਲੋਕਾਂ ਅਤੇ ਸਾਰੀਆਂ ਸੱਭਿਅਤਾਵਾਂ ਦਾ ਸਮੂਹ ਹਾਂ।

ਅਤੇ ਅੱਜ ਦੇ ਦਿਨ ਮਈ ਦਿਵਸ
ਦੀ ਕੀ ਖਾਸੀਅਤ ਹੈ?

ਪਿਛਲੇ ਮਈ ਦਿਵਸ, ਅੱਧੀ ਸਦੀ ਦੇ ਸੰਘਰਸ਼ਾਂ ਨੂੰ ਪ੍ਰਕਾਸ਼-ਕਿਰਨਾਂ ਵਾਂਗ ਰੁਸ਼ਨਾਉਂਦੇ ਹਨ। ਇਸ ਸਦੀ ਦੇ ਸ਼ੁਰੂ ਵਿੱਚ ਮਈ ਦਿਵਸ ਦੇ ਹੀ ਦਿਨ ਮਜ਼ਦੂਰ ਜਮਾਤ ਨੇ ਪਰਾਈ ਧਰਤੀ ਨੂੰ ਹੜੱਪਣ ਲਈ ਸਾਮਰਾਜੀ ਕਾਰਵਾਈਆਂ ਦੀ ਸਭ ਤੋਂ ਪਹਿਲਾਂ ਨਿੰਦਾ ਕੀਤੀ ਸੀ। ਮਈ ਦਿਵਸ ਦੇ ਮੌਕੇ ‘ਤੇ ਮਜ਼ਦੂਰਾਂ ਨੇ ਨਵ-ਜੰਮੇ ਸਮਾਜਵਾਦੀ ਸੋਵੀਅਤ ਸੰਘ ਦੀ ਹਮਾਇਤ ਕਰਨ ਲਈ ਅਵਾਜ ਬੁਲੰਦ ਕੀਤੀ ਸੀ। ਮਈ ਦਿਵਸ ਦੇ ਮੌਕੇ ‘ਤੇ ਹੀ ਅਸੀਂ ਆਪਣੀ ਪੂਰੀ ਤਾਕਤ ਨਾਲ਼ ਗੈਰ ਜਥੇਬੰਦਾਂ ਨੂੰ ਜਥੇਬੰਦ ਕਰਨ ਦਾ ਤਿਉਹਾਰ ਮਨਾਇਆ ਸੀ। 

ਪਰ ਬੀਤੇ ਕਿਸੇ ਵੀ ਮਈ ਦਿਵਸ ‘ਤੇ ਕਦੇ ਅਜਿਹੇ ਅਸ਼ੁਭ ਸੰਕੇਤ, ਪਰ ਇੰਨੇ ਆਸ ਭਰੇ ਭਵਿੱਖ ਸੰਕੇਤ ਵੀ ਨਹੀਂ ਦਿਸੇ ਸਨ, ਜਿੰਨਾ ਕਿ ਅੱਜ ਦੇ ਮਈ ਦਿਵਸ ‘ਤੇ ਹੋ ਰਿਹਾ ਹੈ। ਪਹਿਲਾਂ ਕਦੇ ਸਾਡੇ ਕੋਲ਼ ਜਿੱਤਣ ਨੂੰ ਇੰਨਾ ਕੁਝ ਨਹੀਂ ਸੀ, ਪਹਿਲਾਂ ਕਦੇ ਸਾਡੇ ਗਵਾਉਣ ਨੂੰ ਇੰਨਾ ਕੁਝ ਨਹੀਂ ਸੀ।

ਲੋਕਾਂ ਲਈ ਆਪਣੀ ਗੱਲ ਕਹਿ ਸਕਣਾ ਸੌਖਾ ਨਹੀਂ ਹੈ। ਲੋਕਾਂ ਕੋਲ਼ ਅਖ਼ਬਾਰ ਜਾਂ ਮੰਚ ਨਹੀਂ ਹੈ, ਅਤੇ ਨਾ ਹੀ ਸਰਕਾਰ ਵਿੱਚ ਸ਼ਾਮਲ ਸਾਡੇ ਚੁਣੇ ਗਏ ਆਗੂਆਂ ਦੀ ਬਹੁਗਿਣਤੀ ਲੋਕਾਂ ਦੀ ਸੇਵਾ ਕਰਦੀ ਹੈ। ਰੇਡੀਉ ਲੋਕਾਂ ਦਾ ਨਹੀਂ ਹੈ ਅਤੇ ਨਾ ਹੀ ਫਿਲਮ ਬਨਾਉਣ ਵਾਲ਼ੀ ਮਸ਼ੀਨਰੀ ਉਸਦੀ ਹੈ। ਵੱਡੇ ਕਾਰੋਬਾਰੀਆਂ ਦੀ ਇਜਾਰੇਦਾਰੀ ਚੰਗੀ ਤਰ੍ਹਾਂ ਸਥਾਪਿਤ ਹੋ ਚੁੱਕੀ ਹੈ, ਬਹੁਤ ਚੰਗੀ ਤਰ੍ਹਾਂ- ਪਰ ਲੋਕਾਂ ‘ਤੇ ਤਾਂ ਕਿਸੇ ਦਾ ਏਕਾਧਿਕਾਰ ਨਹੀਂ ਹੈ।

ਲੋਕਾਂ ਦੀ ਤਾਕਤ ਉਹਨਾਂ ਦੀ ਆਪਣੀ ਤਾਕਤ ਹੈ। ਮਈ ਦਿਵਸ ਉਹਨਾਂ ਦਾ ਆਪਣਾ ਦਿਨ ਹੈ, ਆਪਣੀ ਇਹ ਤਾਕਤ ਦਿਖਾਉਣ ਦਾ ਦਿਨ। ਕਦਮ ਨਾਲ਼ ਕਦਮ ਮਿਲ਼ਾ ਕੇ ਵਧਦੇ ਲੱਖਾਂ ਲੋਕਾਂ ਦੀਆਂ ਕਤਾਰਾਂ ਵਿੱਚ ਅਲੱਗ ਤੋਂ ਇੱਕ ਅਵਾਜ਼ ਬੁਲੰਦ ਹੋ ਰਹੀ ਹੈ। ਇਹ ਸਮਾਂ ਹੈ ਕਿ ਉਹ ਲੋਕ, ਜੋ ਅਮਰੀਕਾ ਨੂੰ ਫਾਸੀਵਾਦ ਦੇ ਹਵਾਲੇ ਕਰਨ ਨੂੰ ਉਤਾਵਲੇ ਨੇ, ਇਸ ਅਵਾਜ਼ ਨੂੰ ਸੁਣਨ।

ਉਹਨਾਂ ਨੂੰ ਇਹ ਦੱਸਣ ਦਾ ਸਮਾਂ ਹੈ ਕਿ ਮੌਜੂਦਾ ਮਜ਼ਦੂਰੀ ਲਗਭਗ ਪੰਜਾਹ ਫੀਸਦੀ ਘਟ ਗਈ ਹੈ, ਕਿ ਘਰਾਂ ਵਿੱਚ ਅੰਨ ਦੇ ਡੱਬੇ ਖਾਲੀ ਨੇ, ਕਿ ਇੱਥੇ ਅਮਰੀਕਾ ਵਿੱਚ ਬਹੁਗਿਣਤੀ ਭੁੱਖ ਦੀ ਚਪੇਟ ਵਿੱਚ ਆ ਰਹੀ ਹੈ।

ਇਹ ਸਮਾਂ ਹੈ ਕਿਰਤ ਵਿਰੋਧੀ ਕਨੂੰਨਾਂ ਦੇ ਖਿਲਾਫ ਅਵਾਜ ਉੱਚੀ ਕਰਨ ਦਾ। ਦੋ ਸੌ ਤੋਂ ਜ਼ਿਆਦਾ ਕਿਰਤ ਵਿਰੋਧੀ ਕਾਨੂੰਨਾਂ ਦੇ ਬਿੱਲ ਕਾਂਗਰਸ ਸਾਹਮਣੇ ਵਿਚਾਰ ਅਧੀਨ ਆ ਰਹੇ ਹਨ, ਜੋ ਯਕੀਨੀ ਮਜ਼ਦੂਰਾਂ ਨੂੰ ਉਸੇ ਤਰ੍ਹਾਂ ਤੋੜ ਸੁੱਟਣ ਦੇ ਰਾਹ ਖੋਲ ਦੇਣਗੇ, ਜਿਸ ਤਰ੍ਹਾਂ ਹਿਟਲਰ ਦੇ ਨਾਜ਼ੀਵਾਦ ਨੇ ਜਰਮਨ ਮਜ਼ਦੂਰਾਂ ਨੂੰ ਤੋੜ੍ਹ ਸੁੱਟਿਆ ਸੀ।

ਜਥੇਬੰਦ ਅਮਰੀਕੀ ਮਜ਼ਦੂਰਾਂ ਲਈ ਅੱਖਾਂ ਖੋਲ ਕੇ ਇਹ ਤੱਥ ਦੇਖਣ ਦਾ ਵੇਲ਼ਾ ਆ ਗਿਆ ਹੈ ਕਿ ਉਹ ਮਜ਼ਦੂਰਾਂ ਦਾ ਏਕਾ ਕਾਇਮ ਕਰਨ ਲਈ ਆਖਿਰੀ ਪਲ ਹੈ ਨਹੀਂ ਬਹੁਤ ਦੇਰ ਹੋ ਜਾਵੇਗੀ ਅਤੇ ਇਕੱਠੇ ਕਰਨ ਲਈ ਜਥੇਬੰਦ ਮਜ਼ਦੂਰ ਰਹਿਣਗੇ ਹੀ ਨਹੀਂ। 

ਤੁਸੀਂ ਇੱਥੇ ਪੜ੍ਹ ਰਹੇ ਹੋ ਕਹਾਣੀ, ਉਹਨਾਂ ਲੋਕਾਂ ਦੀ ਜੋ ਬਾਰ੍ਹਾਂ ਤੋਂ ਚੌਦਾਂ ਘੰਟੇ ਰੋਜ਼ ਕੰਮ ਕਰਦੇ ਹਨ, ਤੁਸੀਂ ਪੜ੍ਹ ਰਹੇ ਹੋ ਕਹਾਣੀ, ਉਸ ਸਰਕਾਰ ਦੀ, ਜੋ ਦਹਿਸ਼ਤ ਅਤੇ ਮਨਾਹੀਆਂ ਦੇ ਦਮ ‘ਤੇ ਚੱਲ ਰਹੀ ਹੈ।

ਇਹ ਹੈ ਉਹਨਾਂ ਲੋਕਾਂ ਦਾ ਟੀਚਾ, ਜੋ ਅੱਜ ਕਿਰਤੀਆਂ ਨੂੰ ਚਕਨਾ ਚੂਰ ਕਰਨਾ ਚਾਹੁੰਦੇ ਹਨ। ਉਹ ਆਪਣੇ “ਅੱਛੇ” ਦਿਨ ਫਿਰ ਤੋਂ ਲਿਆਉਣਾ ਚਾਹੁੰਦੇ ਹਨ। ਇਸਦਾ ਸਬੂਤ ਯੂਨਾਈਟੇਡ ਮਾਈਨ ਦੇ ਖਣਿਜ ਮਜ਼ਦੂਰਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਹੈ। ਤੁਸੀਂ ਜਦ ਮਈ ਦਿਵਸ ਦੇ ਮੌਕੇ ‘ਤੇ ਮਾਰਚ ਕਰੋਂਗੇ ਤਾਂ ਤੁਸੀਂ ਉਹਨਾਂ ਨੂੰ ਆਪਣਾ ਜਵਾਬ ਦਵੋਂਗੇ।

ਸਮਾਂ ਆ ਗਿਆ ਹੈ ਇਹ ਸਮਝਣ ਦਾ ਕਿ “ਅਮਰੀਕੀ ਸਾਮਰਾਜ” ਦੀ ਲਲਕਾਰ ਦਾ, ਯੂਨਾਨ, ਤੁਰਕੀ ਅਤੇ ਚੀਨ ਵਿੱਚ ਦਖਲ ਨਾਲ਼ ਕੀ ਰਿਸ਼ਤਾ ਹੈ। ਸਾਮਰਾਜ ਦੀ ਕੀਮਤ ਕੀ ਹੈ? ਜੋ ਦੁਨੀਆਂ ‘ਤੇ ਰਾਜ ਕਰਕੇ ਦੁਨੀਆਂ ਨੂੰ “ਬਚਾਉਣ” ਲਈ ਚੀਕ ਰਹੇ ਹਨ, ਉਹਨਾਂ ਨੂੰ ਦੂਜੇ ਸਾਮਰਾਜਾਂ ਦੇ ਅੰਤ ਨੂੰ ਯਾਦ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇਹ ਮਾਪਣਾ ਚਾਹੀਦਾ ਹੈ ਕਿ ਜ਼ਿੰਦਗੀ ਅਤੇ ਪੈਸਾ ਦੋਵੇਂ ਸ਼ਬਦਾਂ ਵਿੱਚ ਜੰਗ ਦੀ ਕੀ ਕੀਮਤ ਹੁੰਦੀ ਹੈ।

ਸਮਾਂ ਆ ਗਿਆ ਹੈ ਇਹ ਦੇਖਣ ਲਈ ਜਾਗ ਜਾਣ ਦਾ ਕਿ ਕਮਿਊਨਿਸਟਾਂ ਪਿੱਛੇ ਸ਼ਿਕਾਰੀ ਕੁੱਤੇ ਛੱਡੇ ਜਾਣ ਦਾ ਕੀ ਮਤਲਬ ਹੈ? ਕੀ ਇੱਕ ਵੀ ਅਜਿਹਾ ਕੋਈ ਦੇਸ਼ ਹੈ,ਜਿੱਥੇ ਕਮਿਊਨਿਸਟ ਪਾਰਟੀ ਨੂੰ ਗੈਰ-ਕਨੂੰਨੀ ਕਿਹਾ ਜਾਣਾ ਜਾਣਾ ਫਾਸੀਵਾਦ ਦੀ ਪਿੱਠਭੂਮੀ ਨਾ ਰਿਹਾ ਹੋਵੇ? ਕੀ ਅਜਿਹਾ ਕੋਈ ਵੀ ਦੇਸ਼ ਹੈ, ਜਿੱਥੇ ਕਮਿਊਨਿਸਟਾਂ ਨੂੰ ਰਾਹ ਤੋਂ ਪਰ੍ਹੇ ਕਰਦੇ ਹੀ ਮਜ਼ਦੂਰ ਜਥੇਬੰਦੀਆਂ ਨੂੰ ਚਕਨਾਚੂਰ ਨਾ ਕਰ ਦਿੱਤਾ ਗਿਆ ਹੋਵੇ?

ਸਮਾਂ ਆ ਗਿਆ ਹੈ ਕਿ ਅਸੀਂ ਇਹਨਾਂ ਹਾਲਤਾਂ ਦੀ ਕੀਮਤ ਨੂੰ ਸਮਝੀਏ। ਕਮਿਊਨਿਸਟਾਂ ‘ਤੇ ਤਸ਼ੱਦਦ ਢਾਹੁਣ ਦੀ ਮੁਹਿੰਮ ਦੀ ਕੀਮਤ ਜਾਂ ਜਥੇਬੰਦ ਮਜ਼ਦੂਰਾਂ ਨੂੰ ਕਿਨਾਰੇ ਲਾਉਣਾ- ਉਸਦੀ ਕੀਮਤ ਹੈ ਫਾਸੀਵਾਦ। ਅਤੇ ਅੱਜ ਅਜਿਹਾ ਕੌਣ ਹੈ, ਜੋ ਇਸ ਗੱਲ ਨੂੰ ਨਹੀਂ ਮੰਨੇਗਾ ਕਿ ਫਾਸੀਵਾਦ ਦੀ ਕੀਮਤ ਮੌਤ ਹੈ?

ਮਈ ਦਿਹਾੜਾ ਇਸ ਦੇਸ਼ ਦੇ ਸਮੁੱਚੇ ਅਜ਼ਾਦੀ ਪਸੰਦ ਲੋਕਾਂ ਲਈ ਪਿਛਾਖੜੀ ਤਾਕਤਾਂ ਨੂੰ ਜਵਾਬ ਦੇਣ ਦਾ ਸਮਾਂ ਹੈ। ਮਾਰਚ ਕਰਦੇ ਜਾ ਰਹੇ ਲੱਖਾਂ ਲੋਕਾਂ ਦੀ ਇੱਕ ਹੀ ਅਵਾਜ ਬੁਲੰਦ ਹੋ ਰਹੀ ਹੈ- ਮਈ ਦਿਹਾੜੇ ਦੇ ਮੁਜ਼ਾਹਰੇ ਵਿੱਚ ਸਾਡੇ ਨਾਲ਼ ਆਉ ਅਤੇ ਮੌਤ ਦੇ ਦਲਾਲਾਂ ਨੂੰ ਆਪਣਾ ਜਵਾਬ ਦਵੋ।

ਅਨੁਵਾਦ : ਬਲਤੇਜ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ