ਏਦੁਆਰਦੋ ਗੈਲੇਆਨੋ ਜਿਸ ਦੀ ਕਲ਼ਮ “ਭੁੱਲ ਜਾਣ” ਦੇ ਖਿਲਾਫ਼ ਚੱਲੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਮਰਾਜੀ ਅਮਰੀਕਾ ਦੀ ਚਰਾਗਾਹ ਕਹੇ ਜਾਂਦੇ ਲਾਤੀਨੀ ਅਮਰੀਕਾ ਦੇ ਇੱਕ ਮੁਕਾਬਲਤਨ ਅਣਜਾਣੇ ਜਿਹੇ ਦੇਸ਼ ਉਰੂਗਏ ਵਿੱਚ ਜਨਮੇ ਗੈਲੇਆਨੋ ਨਾ ਸਿਰਫ਼ ਲਾਤੀਨੀ ਅਮਰੀਕਾ ਦੀ ਲੋਕਾਂ ਦਾ ਕੰਠ ਬਣ ਕੇ ਉੱਭਰੇ, ਸਗੋਂ ਇਸ ਕੰਠ ਰਾਹੀਂ ਸਮੁੱਚੀ ਦੁਨੀਆਂ ਦੇ ਲੋਕਾਂ ਦੀ ਅਵਾਜ਼ ਦੀ ਗੂੰਜ ਪਈ। ਗੈਲੇਆਨੋ ਨੇ ਇੱਕ ਥਾਂ ਕਿਹਾ, “ਮੈਨੂੰ ਡਰ ਹੈ ਕਿ ਅਸੀਂ ਸਾਰੇ ਭੁੱਲਣ ਦੀ ਬਿਮਾਰੀ ਦਾ ਸ਼ਿਕਾਰ ਹਾਂ।” ਤੇ ਗੈਲੇਆਨੋ ਸਾਰੀ ਜ਼ਿੰਦਗੀ “ਭੁੱਲ ਜਾਣ” ਦੇ ਖਿਲਾਫ਼ ਲਿਖਦੇ ਰਹੇ ਤਾਂ ਕਿ ਨਾ ਤਾਂ ਬਸਤੀਵਾਦੀਆਂ ਦੀ ਲੁੱਟ ਤੇ ਜ਼ੁਲਮ ਲੋਕਾਂ ਦੀ ਯਾਦਦਾਸ਼ਤ ਵਿੱਚੋਂ ਮਿਟ ਸਕਣ, ਨਾ ਹੀ ਲੋਕ ਆਪਣੀਆਂ ਜੜਾਂ, ਆਪਣੇ ਇਤਿਹਾਸ, ਆਪਣੀਆਂ ਉਮੀਦਾਂ, ਆਪਣੇ ਸੁਫ਼ਨੇ ਤੇ ਆਪਣੀ ਤਾਕਤ ਨੂੰ ਭੁੱਲਣ।

ਭਾਵੇਂ ਉਹ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮੇ ਪਰ ਸਕੂਲੀ ਸਿੱਖਿਆ ਉਹਨਾਂ ਨੂੰ ਨਾਂਹ ਦੇ ਬਰਾਬਰ ਹੀ ਹਾਸਲ ਹੋਈ। ਆਪਣੀ ਸਿੱਖਿਆ ਬਾਰੇ ਗੈਲੇਆਨੋ ਦਾ ਕਹਿਣਾ ਸੀ ਕਿ ਉਸ ਦੇ ਕਲਾਸਰੂਮ ਮਾਂਟੇਵਿਡੀਓ (ਉਰੂਗਏ ਦੀ ਰਾਜਧਾਨੀ) ਦੇ ਕੈਫ਼ੇ ਸਨ ਜਿੱਥੇ ਆਮ ਲੋਕੀਂ ਬੈਠਦੇ, ਖਾਣਾ ਖਾਂਦੇ ਤੇ ਚਾਹ ਦੀਆਂ ਘੁੱਟਾਂ ਭਰਦੇ, ਗੱਪਾਂ ਮਾਰਦੇ ਤੇ ਆਪਣੇ ਦੁੱਖ-ਸੁੱਖ, ਤਜ਼ਰਬੇ ਸਾਂਝੇ ਕਰਦੇ ਤੇ ਉਹਨਾਂ ਦੀਆਂ ਗੱਲਾਂ ਹੀ ਉਸ ਲਈ ਅਧਿਆਪਕਾਂ ਦੇ ਪਾਠ ਬਣੇ। ਇਹਨਾਂ ਪਾਠਾਂ ਦਾ ਅਸਰ ਗੈਲੇਆਨੋ ਦੀ ਲੇਖਣੀ ਦੇ ਤੱਤ ਅਤੇ ਰੂਪ ਉੱਤੇ ਤਾਉਮਰ ਰਿਹਾ। 14 ਸਾਲ ਦਾ ਗਭਰੇਟ ਗੈਲੇਆਨੋ ਉਰੂਗਏ ਦੀ ਸਮਾਜਵਾਦੀ ਪਾਰਟੀ ਦੇ ਪਰਚੇ ਲਈ ਕਾਰਟੂਨ ਵਾਹੁਣ ਲੱਗਾ ਅਤੇ ਬਾਅਦ ਵਿੱਚ ਉਹ ਕਈ ਸਾਲ ਅਲੱਗ-ਅਲੱਗ ਅਗਾਂਹਵਧੂ-ਖੱਬੇਪੱਖੀ ਪਰਚਿਆਂ ਲਈ ਪੱਤਰਕਾਰੀ ਕਰਦੇ ਰਹੇ। 1967 ਵਿੱਚ ਗੁਆਟੇਮਾਲਾ ਦੇ ਗੁਰੀਲਿਆਂ ਬਾਰੇ ਵਾਰਤਾ ਲਿਖੀ। “ਭੁੱਲਣ ਦੇ ਖਿਲਾਫ਼” ਗੈਲੇਆਨੋ ਦੀ ਪਹਿਲੀ ਵੱਡੀ ਲਿਖਤ ‘ਲਾਤੀਨੀ ਅਮਰੀਕਾ ਦੀਆਂ ਰਿਸਦੇ ਜ਼ਖਮ’ (ਓਪਨ ਵੇਨਜ਼ ਆਫ਼ ਲੈਟਿਨ ਅਮੇਰਿਕਾ) 1971 ਵਿੱਚ ਆਈ। ਇਸ ਨੂੰ ਉਹਨਾਂ ਦੀ ਸ਼ਾਹਕਾਰ ਰਚਨਾ ਤਾਂ ਮੰਨਿਆ ਜਾਂਦਾ ਹੀ ਹੈ, ਸਗੋਂ ਇਹ ਕਿਤਾਬ ਇਤਿਹਾਸ ਲੇਖਣ ਦੇ ਖੇਤਰ ਵਿੱਚ ਵੀ ਮਿਸਾਲੀ ਹੈ। ਕੁਝ ਵਿਦਵਾਨ ਇਸਨੂੰ “ਸਰਮਾਏ ਦੇ ਮੁੱਢਲੇ ਇਕੱਤਰੀਕਰਨ” ਦਾ ਮਾਰਕਸ ਤੋਂ ਬਾਅਦ ਦਾ ਸਭ ਤੋਂ ਸ਼ਾਨਦਾਰ ਵਰਣਨ ਮੰਨਦੇ ਹਨ। ਲਾਤੀਨੀ ਅਮਰੀਕਾ ਦੇ ਲੋਕਾਂ ਉੱਤੇ ਜ਼ੁਲਮਾਂ ਦੀ ਦਾਸਤਾਨ ਨੂੰ ਗੈਲੇਆਨੋ ਕਿਸੇ ਅਕਾਦਮਿਕ ਵਿਦਵਾਨ ਵਾਂਗ ਨਹੀਂ ਲਿਖਦਾ, ਉਹ ਉਹਨਾਂ ਵਿੱਚੋਂ ਹੀ ਅਜਿਹੇ ਇੱਕ ਜਣੇ ਵਾਂਗ ਲਿਖਦਾ ਹੈ ਜਿਹੜਾ ਪੜਨਾ-ਲਿਖਣਾ ਸਿੱਖ ਗਿਆ ਹੋਵੇ।

ਵੇਂਜੂਏਲਾ ਦੇ ਕੱਚੇ ਤੇਲ ਦੀ ਲੁੱਟ ਲਈ ਸਾਮਰਾਜੀਆਂ ਵੱਲੋਂ ਕੁਦਰਤ ਤੇ ਮਨੁੱਖਾਂ ਦੇ ਕੀਤੇ ਘਾਣ ਦੇ ਇਸ ਕਿਤਾਬ ਵਿੱਚ ਉਹਦੇ ਬਿਆਨ ਦੀ ਇੱਕ ਝਲਕ: “ਝੀਲ ਮੀਨਾਰਾਂ ਦਾ ਜੰਗਲ ਹੈ। ਲੋਹੇ ਦੇ ਇਹਨਾਂ ਅਕਾਰਾਂ ਵਿੱਚ ਅੱਧੀ ਸਦੀ ਤੋਂ ਅਰੁੱਕ ਚੱਲ ਰਹੇ ਪੰਪਾਂ ਨੇ ਵੇਂਜੂਏਲਾ ਲਈ ਸਾਰੀ ਖੁਸ਼ਹਾਲੀ ਤੇ ਸਾਰੀ ਗਰੀਬੀ ਲਿਆਂਦੀ ਹੈ। ਕੁਦਰਤੀ ਗੈਸ ਤੋਂ ਬਲਦੀਆਂ ਆਸਮਾਨ ਨੂੰ ਲੂੰਹਦੀਆਂ ਲਾਟਾਂ ਵਾਤਾਵਰਣ ਲਈ ਮੁਫ਼ਤ ਦੇ ਤੋਹਫ਼ੇ ਹਨ। ਇੱਥੋਂ ਤੱਕ ਕਿ ਉਹਨਾਂ ਪਿੰਡਾਂ ਦੇ ਘਰਾਂ ਵਿੱਚ ਤੇ ਗਲੀ ਦੀਆਂ ਨੁੱਕਰਾਂ ‘ਤੇ ਵੀ ਪੰਪ ਲੱਗੇ ਹੋਏ ਹਨ ਜਿਹੜੇ ਝੀਲ ਦੇ ਚੁਫ਼ੇਰੇ ਤੇਲ ਡੋਲਦੀਆਂ ਪਾਈਪਾਂ ਵਾਂਗ ਉੱਗ ਆਏ ਹਨ – ਪਿੰਡ ਜਿੱਥੇ ਕੱਪੜੇ, ਖਾਣਾ ਤੇ ਕੰਧਾਂ ਤੇਲ ਨਾਲ ਕਾਲੇ ਹੋਏ ਰਹਿੰਦੇ ਹਨ, ਅਤੇ ਜਿੱਥੇ ਵੇਸਵਾਵਾਂ ਦੇ ਨਾਮ ਵੀ ਤੇਲ ਨਾਲ ਜੁੜੇ ਹੁੰਦੇ ਹਨ ਜਿਵੇਂ ‘ਪਾਈਪਲਾਈਨ,’ ‘ਫ਼ੋਰਵਾਲਵ,’ ‘ਡੈਰਿਕ,’ ‘ਹੋਇਸ਼ਟ।’ ਇੱਥੇ ਕੱਪੜੇ ਤੇ ਖਾਣਾ ਕਾਰਾਕਸ (ਵੇਂਜੂਏਲਾ ਦੀ ਰਾਜਧਾਨੀ) ਤੋਂ ਵੀ ਮਹਿੰਗਾ ਹੈ। ਇਹਨਾਂ ਆਧੁਨਿਕ ਪਿੰਡਾਂ ਜਿੱਥੇ ਬੱਚੇ ਦੇ ਜਨਮ ਦੀ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ ਪਰ ਲੁੱਟ ਦੇ ਪੈਸੇ ਦੀਆਂ ਉਤਸ਼ਾਹੀ ਚਾਂਭਲਾਂ ਗੂੰਜਦੀਆਂ ਹਨ, ਨੇ ਜਾਣ ਲਿਆ ਹੈ ਕਿ ਉਹਨਾਂ ਦਾ ਕੋਈ ਭਵਿੱਖ ਨਹੀਂ ਹੈ। ਜਦੋਂ ਖੂਹ ਸੁੱਕ ਜਾਂਦੇ ਹਨ, ਤਾਂ ਜ਼ਿੰਦਾ ਰਹਿਣਾ ਇੱਕ ਚਮਤਕਾਰ ਤੋਂ ਘੱਟ ਨਹੀਂ ਹੁੰਦਾ: ਘਰਾਂ ਦੇ ਪਿੰਜਰ ਪਿੱਛੇ ਰਹਿ ਜਾਂਦੇ ਹਨ, ਥਿੰਦੇ ਪਾਣੀ ਉੱਜੜੇ ਕੰਢਿਆਂ ਨੂੰ ਚੱਟ ਕੇ ਮੁੜਦੇ ਰਹਿੰਦੇ ਹਨ ਤੇ ਮੱਛੀਆਂ ਨੂੰ ਜ਼ਹਿਰ ਪਿਆਉਂਦੇ ਹਨ। ਉਹਨਾਂ ਸ਼ਹਿਰਾਂ ਵਿੱਚ ਵੀ ਜਿਹੜੇ ਅਜੇ ਵੀ ਤੇਲ ਉਗਲ਼ਦੇ ਖੂਹਾਂ ਦੀ ਲੁੱਟ ਦੇ ਸਿਰ ਉੱਤੇ ਜਿਉਂਦੇ ਹਨ, ਵੱਡੇ ਪੱਧਰ ਉੱਤੇ ਹੁੰਦੀਆਂ ਛਾਂਟੀਆਂ ਤੇ ਵੱਧ ਰਿਹਾ ਮਸ਼ੀਨੀਕਰਨ ਉਜਾੜਾ ਲੈ ਕੇ ਆਉਂਦਾ ਹੈ।”

ਕਿਤਾਬ ਦੇ ਆਉਣ ਤੋਂ ਥੋੜਾ ਬਾਅਦ ਹੀ ਉਰੂਗਏ ਵਿੱਚ ਰਾਜਪਲਟਾ ਹੋ ਜਾਂਦਾ ਹੈ, ਤਾਨਾਸ਼ਾਹ ਹਕੂਮਤ ਗੈਲੇਆਨੋ ਨੂੰ ਸਲਾਖਾਂ ਪਿੱਛੇ ਸੁੱਟ ਦਿੰਦੀ ਹੈ ਤੇ ਉਸਦੀ ਕਿਤਾਬ ਦਾ ਕੋਈ ਪੰਨਾ ਵੀ ਕਿਸੇ ਕੋਲੋਂ ਮਿਲ ਜਾਣਾ “ਕਨੂੰਨੀ ਅਪਰਾਧ” ਬਣ ਜਾਂਦਾ ਹੈ। ਗੈਲੇਆਨੋ ਜੇਲ ਵਿੱਚੋਂ ਕਿਸੇ ਤਰਾਂ ਬਚ ਕੇ ਅਰਜਨਟਾਈਨਾ ਨਿਕਲ ਜਾਂਦੇ ਹਨ ਤੇ ਉੱਥੇ ‘ਕਰਾਈਸਿਜ਼’ ਪਰਚੇ ਦੇ ਸੰਪਾਦਕ ਬਣਾ ਦਿੱਤੇ ਜਾਂਦੇ ਹਨ। ਪਰ ਉਹਨਾਂ ਦੇ ਦੋਸਤ ਤੇ ਸਮਾਜਵਾਦੀ ਆਗੂ, ਕਵੀ ਤੇ ਨਾਟਕਕਾਰ ਰੋਜ਼ਨਕੋਫ਼ ਇੰਨੇ ਖੁਸ਼ਕਿਸਮਤ ਨਹੀਂ ਸਨ, ਉਹਨਾਂ ਨੂੰ 1985 ਤੱਕ ਜਦ ਤਾਨਾਸ਼ਾਹੀ ਨੂੰ ਲੋਕ-ਘੋਲ਼ ਚੱਲਦਾ ਕਰ ਦਿੰਦੇ ਹਨ, 12 ਸਾਲ ਇਕੱਲੇ ਜੇਲ ਵਿੱਚ ਬਿਤਾਉਣੇ ਪੈਂਦੇ ਹਨ। ਰੋਜ਼ਨਕੋਫ਼ ਨੇ ਇਸ ਦੌਰਾਨ ਮੈਲੀਆਂ ਟੀ-ਸ਼ਰਟਾਂ ਤੇ ਸਿਗਰਟਾਂ ਦੇ ਕਾਗਜ਼ਾਂ ਉੱਤੇ ਕਵਿਤਾਵਾਂ ਲਿਖ ਕੇ ਬਾਹਰ ਭੇਜੀਆਂ ਜਿਹੜੀਆਂ ‘ਟੀ-ਸ਼ਰਟ ਪੋਇਮਜ਼’ ਦੇ ਨਾਮ ਨਾਲ ਮਸ਼ਹੂਰ ਹੋਈਆਂ। ਖੈਰ, ਚਿੱਲੀ ਤੇ ਅਰਜਨਟਾਈਨਾ ਵੀ ਗੈਲੇਆਨੋ ਦੀ ਕਿਤਾਬ ਉੱਤੇ ਪਾਬੰਦੀ ਲਗਾ ਦਿੰਦੇ ਹਨ। 1976 ਵਿੱਚ ਅਰਜਨਟਾਈਨਾ ਵਿੱਚ ਵੀ ਫ਼ੌਜੀ ਤਖਤਾਪਲਟ ਹੋ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਗੈਲੇਆਨੋ ਨੂੰ ਇੱਥੋਂ ਵੀ ਤੁਰਨਾ ਪੈਂਦਾ ਹੈ, ਹੁਣ ਉਹ ਸਪੇਨ ਆ ਟਿਕਦੇ ਹਨ। ਤਾਨਾਸ਼ਾਹੀ ਦੇ ਇਸ ਦੌਰ ਦੀ ਹੌਲਨਾਕ ਵਿਥਿਆ ਨੂੰ ਉਹ ‘ਪਿਆਰ ਤੇ ਯੁੱਧ ਦੇ ਦਿਨ ਤੇ ਰਾਤਾਂ’ (ਦ ਡੇਜ਼ ਐਂਡ ਨਾਈਟਸ ਆਫ਼ ਲਵ ਐਂਡ ਵਾਰ) ਕਿਤਾਬ ਵਿੱਚ ਬਿਆਨਦੇ ਹਨ। ਇਹ ਕਿਤਾਬ 1978 ਵਿੱਚ ਛਪਦੀ ਹੈ। ਇਸ ਤੋਂ ਬਾਅਦ ਉਹਨਾਂ ਦੀ ਅਗਲੀ ਅਹਿਮ ਕਿਰਤ ‘ਅੱਗ ਦੀਆਂ ਯਾਦਾਂ’ (ਮੈਮਰੀਜ਼ ਆਫ਼ ਫਾਇਰ) ਆਉਂਦੀ ਹੈ ਜੋ 1985 ਵਿੱਚ ਪੂਰੀ ਹੁੰਦੀ ਹੈ। ਇਸ ਵੱਡ-ਅਕਾਰੀ ਲਿਖਤ ਦੇ ਤਿੰਨ ਭਾਗ ਹਨ – ਜੇਨੇਸਿਜ਼, ਫੇਸਜ਼ ਐਂਡ ਮਾਸਕਜ਼ ਅਤੇ ਸੈਂਚੁਰੀ ਆਫ਼ ਦ ਵਿੰਡ। ਇਹ ਲਾਤੀਨੀ ਅਮਰੀਕਾ ਦੇ ਇਤਿਹਾਸ, ਸਿਆਸਤ, ਫਲਸਫ਼ੇ, ਨੈਤਿਕਤਾ ਤੇ ਸੱਭਿਆਚਾਰ ਦਾ ਬਿਰਤਾਂਤ ਹੈ ਜਿਸ ਵਿੱਚ ਕਵਿਤਾ ਹੈ, ਫਲਸਫ਼ੇ ਜਿਹੀ ਗਹਿਰਾਈ ਹੈ, ਸਪਾਟ ਵਿਅੰਗ ਹੈ, ਵਿਡੰਬਨਾ ਹੈ, ਲੋਕ ਗਾਥਾ ਹੈ, ਨੀਂਦ ਦੇ ਸੁਪਨੇ ਹਨ, ਅਖਬਾਰਾਂ ਦੀਆਂ ਕਾਤਰਾਂ ਹਨ, ਅਖਾਣ ਹਨ, ਆਮ ਲੋਕਾਂ ਦੇ ਮੂੰਹੋਂ ਨਿਕਲੀਆਂ ਟੂਕਾਂ ਹਨ, ਸਭ ਤੋਂ ਉੱਤੇ ਯਾਦਾਂ ਹਨ, ਤੇ ਉਮੀਦਾਂ ਹਨ। ਗੈਲੇਆਨੋ ਖੁਦ ਕਹਿੰਦੇ ਹੈ ਕਿ ਉਹ ਯਾਦਾਂ ਦਾ ਲੇਖਕ ਹੈ, ਪਰ ਉਹਨਾਂ ਦੀਆਂ ਲਿਖੀਆਂ ਯਾਦਾਂ ਵਿੱਚੋਂ ਝੋਰਾ ਜਾਂ ਬੇਵਸੀ ਨਹੀਂ, ਸਗੋਂ ਉਮੀਦਾਂ ਫੁੱਟਦੀਆਂ ਹਨ। ਇੱਕ ਥਾਂ ਉਹ ਲਿਖਦੇ ਹਨ ਕਿ ਜ਼ੁਲਮ ਦੇ ਦੌਰਾਂ ਵਿੱਚ ਉਮੀਦ ਵੀ ਟਾਕਰੇ ਦਾ ਹਥਿਆਰ ਬਣ ਜਾਂਦੀ ਹੈ, ਇੱਕ ਹੋਰ ਥਾਂ ਤਾਨਾਸ਼ਾਹੀ ਦੇ ਦਿਨਾਂ ਬਾਰੇ ਲਿਖਦੇ ਹੋਏ ਕਹਿੰਦੇ ਹਨ ਕਿ ਉਮੀਦ ਰੱਖਣਾ ਅਪਰਾਧ ਸੀ। ਅਤੇ ਇਸ ਲਈ ਹੀ ਉਹਨਾਂ ਦੀਆਂ ਕਿਤਾਬਾਂ ਉੱਤੇ ਤਾਨਾਸ਼ਾਹੀਆਂ ਨੂੰ ਪਾਬੰਦੀਆਂ ਲਗਾਉਣੀਆਂ ਪਈਆਂ ਕਿਉਂਕਿ ਉਹ ਉਮੀਦਾਂ ਨੂੰ ਜਗਾਉਂਦੀਆਂ ਹਨ, ਉਮੀਦਾਂ ਨੂੰ ਜਿਉਂਦਾ ਰੱਖਣਾ ਸਿਖਾਉਂਦੀਆਂ ਹਨ।

ਗੈਲੇਆਨੋ ਲਾਤੀਨੀ ਅਮਰੀਕਾ ਦੇ ਬਹੁਤੇ ਲੋਕਾਂ ਵਾਂਗ ਫੁਟਬਾਲ ਨੂੰ ਚਾਹੁਣ ਵਾਲ਼ੇ ਸਨ। ‘ਧੁੱਪ ਤੇ ਪਰਛਾਵਿਆਂ ਵਿੱਚ ਫੁਟਬਾਲ’ (ਸਾਕਰ ਇਨ ਸਨ ਐਂਡ ਸ਼ੈਡੋਅ) ਵਿੱਚ ਉਹਨਾਂ ਨੇ ਫੁਟਬਾਲ ਦਾ ਇਤਿਹਾਸ ਲਿਖਿਆ, ਇਸ ਲਈ ਉਹਨਾਂ ਨੂੰ “ਫੁਟਬਾਲ ਬਾਰੇ ਲੇਖਣ ਦਾ ਪੇਲੇ” ਕਿਹਾ ਗਿਆ। ਉਹਨਾਂ ਦੀਆਂ ਹੋਰ ਅਹਿਮ ਲਿਖਤਾਂ ਵਿੱਚ ‘ਬੁੱਕ ਆਫ਼ ਐਂਬਰੇਸਜ਼,’ ‘ਵੀ ਸੇ ਨੋ,’ ‘ਵਾਇਸ ਆਫ਼ ਟਾਈਮਜ਼,’ ‘ਦ ਚਿਲਡਰਨ ਆਫ਼ ਡੇਜ਼,’ ਮਿਰਰਜ਼: ਦ ਸਟੋਰੀਜ਼ ਆਫ਼ ਏਵਰੀਵਨ’ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹਨਾਂ ਨੇ ਨਾਵਲ, ਕਹਾਣੀਆਂ, ਕਵਿਤਾਵਾਂ ਤੇ ਵਾਰਤਕ ਲਿਖੀ। 1985 ਵਿੱਚ ਦੇਸ਼ ਪਰਤਣ ਸਮੇਂ ਉਹਨਾਂ ਨੇ ਆਪਣੇ ਮਿੱਤਰਾਂ ਨਾਲ ਮਿਲ ਕੇ ‘ਬ੍ਰੇਚਾ’ (ਦਰਾੜ) ਨਾਮ ਹੇਠ ਰਸਾਲਾ ਸ਼ੁਰੂ ਕੀਤਾ ਜੋ ਅੱਜ ਤੱਕ ਛਪ ਰਿਹਾ ਹੈ। 3 ਸਤੰਬਰ, 2015 ਨੂੰ ਸਮਾਜਵਾਦ ਤੇ ਕੌਮੀ ਅਜ਼ਾਦੀ ਦਾ ਉਮਰਭਰ ਦਾ ਹਮਾਇਤੀ ਅਤੇ ਸਾਮਰਾਜੀ ਤੇ ਤਾਨਾਸ਼ਾਹਾਂ ਦੇ ਜ਼ਬਰ-ਓ-ਜ਼ੁਲਮ ਖਿਲਾਫ਼ ਅਡੋਲ ਆਵਾਜ਼ ਰਿਹਾ ਗੈਲੇਆਨੋ ਰੁਖ਼ਸਤ ਲੈ ਗਿਆ। ਆਪਣੀ ਸਾਹਿਤਕ ਘਾਲਣਾ ਪੱਖੋਂ ਉਹ ਸੱਚੀ ਹੀ ਅਜਿਹਾ ਸਖਸ਼ ਸੀ ਜਿਸ ਬਾਰੇ ਪਾਬਲੋ ਨੇਰੂਦਾ ਦੇ ਇਹ ਸ਼ਬਦ ਪੂਰੇ ਢੁੱਕਵੇਂ ਹਨ, “ਉਹ ਸਖਸ਼ ਵਿਦਾ ਕਹਿ ਗਿਆ ਹੈ ਜਿਹੜਾ ਸਾਨੂੰ ਰੋਜ਼ ਇੱਕ ਸਿਤਾਰਾ ਦਿੰਦਾ ਸੀ।”

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements