ਏਦੁਆਰਦੋ ਗਾਲਿਆਨੋ ਦੀ ਕਿਤਾਬ ‘ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ’ ਇੱਕ ਜਾਣ ਪਛਾਣ •ਇਸਾਬੇਲ ਅਲਾਂਦੇ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬਹੁਤ ਸਾਲ ਪਹਿਲਾਂ ਜਦੋਂ ਮੈਂ ਜਵਾਨ ਸੀ ਤੇ ਮੇਰਾ ਵਿਸ਼ਵਾਸ਼ ਸੀ ਕਿ ਦੁਨੀਆਂ ਨੁੰੰ ਸਾਡੀਆਂ ਚੰਗੀਆਂ ਇੱਛਾਵਾਂ ਅਤੇ ਉਮੀਦਾਂ ਅਨੁਸਾਰ ਬਦਲਿਆ ਜਾ ਸਕਦਾ ਹੈ, ਤਾਂ ਕਿਸੇ ਨੇ ਮੈਨੂੰ ਪੀਲ਼ੀ ਜ਼ਿਲਦ ਵਾਲ਼ੀ ਇੱਕ ਕਿਤਾਬ ਪੜ੍ਹਣ ਲਈ ਦਿੱਤੀ, ਜਿਸਨੂੰ ਮੈਂ ਦੋ ਦਿਨਾਂ ਵਿੱਚ ਹੀ ਭਾਵਨਾਵਾਂ ਦੇ ਅਜਿਹੇ ਜਵਾਰ ਵਿੱਚ ਮੁਕਾ ਦਿੱਤਾ ਕਿ ਉਸਨੂੰ ਪੂਰੀ ਤਰ੍ਹਾਂ ਸਮਝਣ ਲਈ ਮੈਨੂੰ ਉਸਨੂੰ ਦੁਬਾਰਾ ਦੋ ਵਾਰ ਪੜ੍ਹਣਾ ਪਿਆ। ਉਹ ਕਿਤਾਬ ਸੀ ਏਦੁਆਰਦੋ ਗਾਲਿਆਨੋ ਦੀ ‘ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ’।

1970 ਦੇ ਦਹਾਕੇ ਦੇ ਸ਼ੁਰੂ ਵਿੱਚ, ਚਿੱਲੀ ਉਸ ਤੂਫ਼ਾਨੀ ਸਮੁੰਦਰ ਦਾ ਛੋਟਾ ਜਿਹਾ ਟਾਪੂ ਸੀ ਜਿਸ ਵਿੱਚ ਇਤਿਹਾਸ ਨੇ ਲਾਤੀਨੀ ਅਮਰੀਕਾ ਨੂੰ ਧੱਕ ਦਿੱਤਾ ਸੀ, ਇੱਕ ਮਹਾਂਦੀਪ ਜੋ ਨਕਸ਼ੇ ਵਿੱਚ ਇੱਕ ਬਿਮਾਰ ਦਿਲ ਵਾਂਗ ਲੱਗਦਾ ਹੈ। ਅਸੀਂ ਸਲਵਾਡੋਰ ਅਲਾਂਦੇ ਦੀ ਸਮਾਜਵਾਦੀ ਸਰਕਾਰ ਦੇ ਵਿਚਕਾਰ ਸੀ, ਸਭ ਤੋਂ ਪਹਿਲੇ ਮਾਰਕਸਵਾਦੀ, ਜਿਹਨਾਂ ਨੂੰ ਜਮਹੂਰੀ ਚੋਣਾਂ ਵਿੱਚ ਰਾਸ਼ਟਰਪਤੀ ਚੁਣਿਆ ਗਿਆ, ਇੱਕ ਅਜਿਹਾ ਵਿਅਕਤੀ ਜਿਸ ਕੋਲ਼ ਬਰਾਬਰੀ ਅਤੇ ਅਜਾਦੀ ਦਾ ਸੁਪਨਾ ਸੀ ਅਤੇ ਉਸ ਸੁਪਨੇ ਨੂੰ ਹਕੀਕਤ ਵਿੱਚ ਉਤਾਰਨ ਦਾ ਜੋਸ਼। ਪੀਲ਼ੀ ਜ਼ਿਲਦ ਵਾਲ਼ੀ ਉਸ ਕਿਤਾਬ ਨੇ ਉਦੋਂ ਵੀ ਇਹ ਸਾਬਿਤ ਕੀਤਾ ਕਿ ਸਾਡੇ ਖੇਤਰ ਵਿੱਚ ਕੋਈ ਵੀ ਸੁਰੱਖਿਅਤ ਟਾਪੂ ਨਹੀਂ ਸੀ, ਅਸੀਂ ਸਭ ਨੇ ਲੁੱਟ ਤੇ ਬਸਤੀਵਾਦ ਦੇ 500 ਸਾਲ ਨੂੰ ਸਾਂਝਿਆਂ ਹੰਢਾਇਆ ਸੀ, ਅਸੀਂ ਸਾਰੇ ਇੱਕੋ ਜਿਹੀ ਹੋਣੀ ਨਾਲ਼ ਬੱਝੇ ਹੋਏ ਸਾਂ, ਅਸੀ ਸਾਰੇ ਪਸਿੱਤਿਆਂ ਦੀ ਇੱਕੋ ਪ੍ਰਜਾਤੀ ਨਾਲ ਸਬੰਧਿਤ ਸੀ। ਜੇ ਮੈਂ ਅਸਲ ਮਤਲਬ ਸਮਝਣ ਦੇ ਸਮਰੱਥ ਹੁੰਦੀ ਤਾਂ ਮੈਂ ਇਹ ਨਤੀਜਾ ਕੱਢ ਸਕਦੀ ਕਿ ਸਲਵਾਡੋਰ ਅਲਾਂਦੇ ਦੀ ਸਰਕਾਰ ਮੁੱਢ ਤੋਂ ਹੀ ਸ਼ਰਾਪੀ ਹੋਈ ਸੀ। ਇਹ ਸ਼ੀਤ ਯੁੱਧ ਦਾ ਸਮਾਂ ਸੀ ਅਤੇ ਬਕੌਲ ਹੈਨਰੀ ਕਿਸਿੰਗਰ ਅਮਰੀਕਾ ਇੱਕ ਮਾਰਕਸਵਾਦੀ ਪ੍ਰਯੋਗ ਨੂੰ “ਆਪਣੇ ਘਰ ਦੇ ਪਿਛਲੇ ਵਿਹੜੇ” ਵਿੱਚ ਸਫ਼ਲ ਨਹੀਂ ਹੋਣ ਦੇ ਸਕਦਾ ਸੀ। ਕਿਊਬਾ ਦਾ ਇਨਕਲਾਬ ਹੀ ਬਹੁਤ ਸੀ, ਕੋਈ ਹੋਰ ਸਮਾਜਵਾਦੀ ਪ੍ਰਯੋਗ ਸਹਿਣ ਨਹੀਂ ਸੀ ਕੀਤਾ ਜਾ ਸਕਦਾ, ਤਾਂ ਵੀ ਨਹੀਂ ਜੇ ਇਹ ਇੱਕ ਲੋਕਤੰਤਰੀ ਚੋਣਾਂ ਦਾ ਨਤੀਜਾ ਹੋਵੇ। 11 ਸਤੰਬਰ 1973 ਨੂੰ ਇੱਕ ਫੌਜੀ ਤਖ਼ਤਾਪਲਟ ਨੇ ਚਿੱਲੀ ਵਿੱਚ ਇੱਕ ਸਦੀ ਦੀ ਲੋਕਤੰਤਰੀ ਪ੍ਰੰਪਰਾ ਨੂੰ ਖ਼ਤਮ ਕਰ ਦਿੱਤਾ ਅਤੇ ਜਨਰਲ ਔਗੁਸਤੋ ਪਿਨੌਚੇ ਦੀ ਲੰਬੀ ਹਕੂਮਤ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਦੇ ਤਖ਼ਤਾਪਲਟ ਦੂਜੇ ਦੇਸ਼ਾਂ ਵਿੱਚ ਵੀ ਹੋਏ ਅਤੇ ਜਲਦ ਹੀ ਮਹਾਂਦੀਪ ਦੀ ਅੱਧੀਓਂ ਜਿਆਦਾ ਜਨਤਾ ਖੌਫ਼ ਦੇ ਪਰਛਾਵੇਂ ਹੇਠ ਜਿਉਣ ਲੱਗੀ। ਇਹ ਯੁੱਧਨੀਤੀ ਵਾਸ਼ਿੰਗਟਨ ਵਿੱਚ ਤਿਆਰ ਕੀਤੀ ਗਈ ਅਤੇ ਸੱਜੇਪੱਖੀਆਂ ਦੀਆਂ ਆਰਥਿਕ ਅਤੇ ਸਿਆਸੀ ਤਾਕਤਾਂ ਦੇ ਦਮ ‘ਤੇ ਉਸਨੂੰ ਲਾਤੀਨੀ ਅਮਰੀਕਾ ਦੇ ਲੋਕਾਂ ‘ਤੇ ਥੋਪ ਦਿੱਤਾ ਗਿਆ। ਹਰ ਮੌਕੇ ‘ਤੇ ਫੌਜ ਨੇ ਵਿਸ਼ੇਸ਼ ਹੱਕ ਪ੍ਰਾਪਤ ਹਾਕਮ ਗੁੱਟਾਂ ਦੇ ਭਾੜੇ ਦੇ ਸਿਪਾਹੀਆਂ ਜਿਹਾ ਵਤੀਰਾ ਅਪਣਾਇਆ। ਵੱਡੇ ਪੈਮਾਨੇ ‘ਤੇ ਲੁੱਟ ਸ਼ੁਰੂ ਕੀਤੀ ਗਈ। ਤਸ਼ੱਦਦ, ਤਸੀਹਾ ਕੈਂਪ, ਸੈਂਸਰਸ਼ਿੱਪ, ਬਿਨ੍ਹਾਂ ਮੁਕੱਦਮੇ ਦੇ ਜੇਲ ਅਤੇ ਮੌਤ ਦੀ ਸਜਾ ਰੋਜ਼ਮਰਾ ਜਿੰਦਗੀ ਦਾ ਹਿੱਸਾ ਬਣ ਗਏ ਗਏ। ਹਜ਼ਾਰਾਂ ਲੋਕ “ਗਾਇਬ ਹੋ ਗਏ” ਅਤੇ ਕਈ ਗੁਣਾ ਬੇਘਰ ਅਤੇ ਸ਼ਰਨਾਰਥੀ ਆਪਣੀ ਜਾਨ ਬਚਾਉਣ ਲਈ ਆਪਣਾ ਦੇਸ਼ ਛੱਡ ਗਏ। ਇਸ ਮਹਾਂਦੀਪ ਵੱਲੋਂ ਝੱਲੀਆਂ ਪੁਰਾਣੀਆਂ ਅਤੇ ਤਾਜ਼ਾ ਸੱਟਾਂ ਉੱਪਰ ਨਵੇਂ ਜਖ਼ਮ ਦਿੱਤੇ ਜਾ ਰਹੇ ਸਨ। ਇਸ ਸਿਆਸੀ ਪਿੱਠਭੂਮੀ ਵਿੱਚ, ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ ਛਪੀ। ਇਸ ਕਿਤਾਬ ਨੇ ਰਾਤੋ-ਰਾਤ ਏਦੁਆਰਦੋ ਗਾਲਿਆਨੋ ਨੂੰ ਮਸ਼ਹੂਰ ਕਰ ਦਿੱਤਾ, ਭਾਵੇਂ ਉਹ ਪਹਿਲਾਂ ਤੋਂ ਹੀ ਉਰੂਗੁਏ ਦੇ ਮੰਨੇ-ਪ੍ਰਮੰਨੇ ਸਿਆਸੀ ਪੱਤਰਕਾਰ ਸਨ।

ਆਪਣੇ ਸਾਰੇ ਦੇਸ਼ਵਾਸੀਆਂ ਵਾਂਗ, ਏਦੁਆਰਦੋ ਇੱਕ ਫੁੱਟਬਾਲ ਖਿਡਾਰੀ ਬਣਨਾ ਚਾਹੁੰਦੇ ਸਨ। ਉਹ ਇੱਕ ਸੰਤ ਵੀ ਬਣਨਾ ਚਹੁੰਦੇ ਸਨ ਪਰ ਜਿਵੇਂ ਮਗਰੋਂ ਸਾਹਮਣੇ ਆਇਆ, ਉਹਨਾਂ ਜਿਆਦਾਤਾਰ ਭਿਆਨਕ ਪਾਪ ਹੀ ਕੀਤੇ। ਉਹਨਾਂ ਨੇ ਇੱਕ ਵਾਰ ਕਬੂਲ ਵੀ ਕੀਤਾ ਕਿ “ਮੈਂ ਕਿਸੇ ਦਾ ਕਤਲ ਨਹੀਂ ਕੀਤਾ, ਇਹ ਸੱਚ ਹੈ, ਪਰ ਇਹ ਇਸ ਲਈ ਹੋਇਆ, ਕਿਉਂਕਿ ਜਾਂ ਤਾਂ ਮੇਰੇ ਵਿੱਚ ਦਮ ਨਹੀਂ ਸੀ ਜਾਂ ਫਿਰ ਸਮੇਂ ਦੀ ਘਾਟ ਸੀ, ਇਸ ਲਈ ਨਹੀਂ ਕਿ ਮੇਰੇ ਵਿੱਚ ਇੱਛਾ ਦੀ ਘਾਟ ਸੀ।” ਉਹਨਾਂ ਨੇ ਇੱਕ ਅਖ਼ਬਾਰ ‘ਮਾਰਚਾ’ ਲਈ ਕੰਮ ਕੀਤਾ ਅਤੇ ਅਠਾਈ ਸਾਲ ਦੀ ਉਮਰ ਵਿੱਚ ਉਹ ਉਰੂਗੁਏ ਦੇ ਇੱਕ ਮਹੱਤਵਪੂਰਨ ਅਖ਼ਬਾਰ ‘ਏਪੋਚਾ’ ਦੇ ਨਿਰਦੇਸ਼ਕ ਬਣ ਗਏ। ਉਹਨਾਂ ਨੇ 1970 ਦੀਆਂ ਆਖ਼ਰੀ ਨੱਬੇ ਰਾਤਾਂ ਵਿੱਚ, ਤਿੰਨ ਮਹੀਨਿਆਂ ਵਿੱਚ, ਜਦ ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ ਲਿਖੀ, ਤਾਂ ਉਹ ਦਿਨ ਦੇ ਸਮੇਂ ਯੂਨੀਵਰਸਿਟੀ ਵਿੱਚ ਕਿਤਾਬਾਂ, ਮੈਗਜ਼ੀਨਾਂ ਅਤੇ ਖ਼ਬਰਨਾਮਿਆ ਦਾ ਸੰਪਾਦਨ ਕਰਦੇ ਸਨ।

ਇਹ ਉਰੂਗੁਏ ਦਾ ਬਹੁਤ ਬੁਰਾ ਸਮਾਂ ਸੀ। ਹਵਾਈ ਜਹਾਜ ਅਤੇ ਪਾਣੀ ਦੇ ਜਹਾਜ ਉਹਨਾਂ ਨੌਜਵਾਨਾਂ ਨਾਲ ਭਰੇ ਜਾਂਦੇ ਸਨ ਜੋ ਉਸ ਦੇਸ਼ ਦੀ ਗਰੀਬੀ ਅਤੇ ਆਮ ਜੀਵਨ ਤੋਂ ਬਚਕੇ ਭੱਜ ਰਹੇ ਸਨ, ਜਿਸਨੇ ਉਹਨਾਂ ਨੂੰ ਵੀਹ ਸਾਲ ਦੀ ਉਮਰ ਵਿੱਚ ਹੀ ਬੁੱਢਾ ਬਣਨ ਲਈ ਮਜ਼ਬੂਰ ਕਰ ਦਿੱਤਾ ਸੀ ਅਤੇ ਜੋ ਮਾਸ ਅਤੇ ਉੱਨ ਤੋਂ ਜਿਆਦਾ ਹਿੰਸਾ ਪੈਦਾ ਕਰਦਾ ਸੀ। ਇੱਕ ਗ੍ਰਹਿਣ ਮਗਰੋਂ, ਜੋ ਇੱਕ ਸਦੀ ਤੱਕ ਚੱਲਿਆ, ਫੌਜ ਨੇ ਤੁਪਾਮਾਰੋ ਗੁਰੀਲਿਆਂ ਨਾਲ਼ ਲੜਣ ਬਹਾਨੇ ਹੱਲਾ ਬੋਲ ਦਿੱਤਾ। ਉਹਨਾਂ ਨੇ ਅਜ਼ਾਦੀ ਦੀ ਬਲੀ ਚੜ੍ਹਾ ਦਿੱਤੀ ਅਤੇ ਨਾਗਰਿਕ ਸੱਤ੍ਹਾ ਦਾ ਖਾਤਮਾ ਕਰ ਦਿੱਤਾ, ਜੋ ਪਹਿਲਾਂ ਹੀ ਬੇਹੱਦ ਘੱਟ ਸੱਭਿਅਕ ਸੀ।

1973 ਦੇ ਮੱਧ ਵਿੱਚ ਫੌਜੀ ਤਖ਼ਤਾਪਲਟ ਹੋਇਆ ਅਤੇ ਉਹਨਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਉਸਦੇ ਕੁਝ ਸਮੇਂ ਬਾਅਦ ਉਹ ਜਲਾਵਤਨੀ ਵਿੱਚ ਅਰਜਨਟੀਨਾ ਚਲੇ ਗਏ, ਜਿੱਥੇ ਉਹਨਾਂ ਨੇ ‘ਕ੍ਰਾਈਸਿਸ’ ਮੈਗਜ਼ੀਨ ਸ਼ੁਰੂ ਕੀਤਾ। ਪਰ 1976 ਤੱਕ ਅਰਜਨਟੀਨਾ ਵਿੱਚ ਵੀ ਫੌਜੀ ਤਖ਼ਤਾਪਲਟ ਹੋ ਗਿਆ ਅਤੇ ਬੁੱਧੀਜੀਵੀਆਂ, ਖੱਬੇਪੱਖੀਆਂ, ਪੱਤਰਕਾਰਾਂ ਅਤੇ ਕਲਾਕਾਰਾਂ ਖਿਲਾਫ਼ “ਬਦਨਾਮ ਲੜਾਈ” ਸ਼ੁਰੂ ਹੋ ਗਈ। ਗਾਲਿਆਨੋ ਇੱਕ ਵਾਰ ਫੇਰ ਜਲਾਵਤਨੀ ਵਿੱਚ ਚਲੇ ਗਏ, ਇਸ ਵਾਰ ਉਹ ਆਪਣੀ ਪਤਨੀ ਹੈਲੇਨਾ ਵਿਲਾਗਰਾ ਨਾਲ਼ ਸਪੇਨ ਗਏ। ਸਪੇਨ ਵਿੱਚ ਉਹਨਾਂ ਨੇ ਯਾਦਾਂ ਬਾਰੇ ਇੱਕ ਖੁਬਸੂਰਤ ਕਿਤਾਬ ‘ਡੇਜ਼ ਐਂਡ ਨਾਈਟਜ ਆਫ਼ ਲਵ ਐਂਡ ਵਾਰ’ ਲਿਖੀ ਅਤੇ ਉਸਦੇ ਕੁਝ ਸਮੇਂ ਬਾਅਦ ਉਹਨਾਂ ਨੇ ਲਾਤੀਨੀ ਅਮਰੀਕਾ ਦੇ ਪੂਰਵ ਕੋਲੰਬੀਅਨ ਯੁੱਗ ਦੇ ਆਧੁਨਿਕ ਸਮੇਂ ਤੱਕ ਦੇ ਇਤਿਹਾਸ ਦੇ ਇੱਕ ਵਿਸ਼ਾਲ ਕੰਧਚਿੱਤਰ ‘ਮੈਮੋਰੀਸ ਆਫ਼ ਫਾਇਰ’ ਜਰੀਏ ਅਮਰੀਕਾ ਦੀ ਆਤਮਾ ਨਾਲ਼ ਇੱਕ ਵਾਰਤਾਲਾਪ ਜਿਹਾ ਸ਼ੁਰੂ ਕੀਤਾ। “ਮੈਂ ਅਜਿਹੀ ਕਲਪਨਾ ਕੀਤੀ ਕਿ ਅਮਰੀਕਾ ਇੱਕ ਔਰਤ ਹੈ ਅਤੇ ਉਹ ਮੇਰੇ ਕੰਨਾਂ ਵਿੱਚ ਆਪਣਾ ਰਹੱਸ ਦੱਸ ਰਹੀ ਹੈ, ਪਿਆਰ ਅਤੇ ਹਿੰਸਾ ਦੇ ਉਹ ਦ੍ਰਿਸ਼ ਜਿਹਨਾਂ ਨੇ ਉਸਦੀ ਸਿਰਜਣਾ ਕੀਤੀ ਸੀ।” ਉਹਨਾਂ ਨੇ ਹੱਥ ਨਾਲ਼ ਲਿਖਦਿਆਂ ਅੱਠ ਸਾਲ ਤੱਕ ਇਹਨਾਂ ਤਿੰਨਾਂ ਖੰਡਾਂ ‘ਤੇ ਕੰਮ ਕੀਤਾ। “ਮੈਂ ਸਮਾਂ ਬਚਾਉਣ ਵਿੱਚ ਖਾਸ ਰੁਚੀ ਨਹੀਂ ਰੱਖਦਾ, ਮੈਂ ਉਸਦਾ ਮਜ਼ਾ ਲੈਣਾ ਜਿਆਦਾ ਪਸੰਦ ਕਰਦਾ ਹਾਂ।” ਆਖ਼ਿਰ, 1985 ਵਿੱਚ, ਜਦ ਇੱਕ ਜਨਤਕ ਸਮੂਹ ਨੇ ਊਰੂਗੁਏ ਦੇ ਸਿਪਾਹੀਆਂ ਨੂੰ ਹਰਾ ਦਿੱਤਾ, ਤਾਂ ਗਾਲਿਆਨੋ ਆਪਣੇ ਦੇਸ਼ ਵਾਪਸ ਪਰਤ ਸਕੇ। ਉਹਨਾਂ ਦੀ ਜਲਾਵਤਨੀ ਗਿਆਰਾਂ ਸਾਲ ਤੱਕ ਚੱਲੀ, ਪਰ ਉਹਨਾਂ ਨੇ ਚੁੱਪ ਜਾਂ ਲੁਕੇ ਰਹਿਣਾ ਨਹੀਂ ਸੀ ਸਿੱਖਿਆ। ਜਿਵੇਂ ਹੀ ਉਹਨਾਂ ਨੇ ਮੌਂਟੇਵੀਡੀਉ ਵਿੱਚ ਪੈਰ ਜਮਾਏ ਉਹ ਫੌਜੀ ਹਕੂਮਤ ਦੀ ਥਾਂ ਲੈਣ ਵਾਲੇ ਕਮਜ਼ੋਰ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਲੱਗ ਗਏ। ਉਹਨਾਂ ਨੇ ਲਗਾਤਾਰ ਸੱਤ੍ਹਾ ਦਾ ਵਿਰੋਧ ਕਰਨਾ ਜਾਰੀ ਰੱਖਿਆ ਅਤੇ ਤਾਨਾਸ਼ਾਹੀ ਦੇ ਜੁਰਮਾਂ ਦੀ ਅਲੋਚਨਾ ਕਰਨ ਲਈ ਆਪਣੀ ਜਿੰਦਗੀ ਨੂੰ ਖ਼ਤਰੇ ਵਿੱਚ ਪਾਇਆ।

ਏਦੁਆਰਦੋ ਗਾਲਿਆਨੋ ਦੇ ਕਥਾ ਸਾਹਿਤ ਅਤੇ ਕਵਿਤਾਵਾਂ ਦੇ ਕਈ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ਹਨ। ਉਹ ਅਣਗਿਣਤ ਲੇਖਾਂ, ਮੁਲਾਕਾਤਾਂ ਅਤੇ ਭਾਸ਼ਣਾਂ ਦੇ ਲੇਖਕ ਹਨ ਅਤੇ ਉਹਨਾਂ ਨੇ ਆਪਣੀ ਸਾਹਿਤਿਕ ਪ੍ਰਤਿਭਾ ਅਤੇ ਸਿਆਸੀ ਸਰਗਰਮੀਆਂ ਲਈ ਅਨੇਕਾਂ ਪੁਰਸਕਾਰ, ਸਨਮਾਨਯੋਗ ਉਪਾਧੀਆਂ ਅਤੇ ਸਨਮਾਨ ਹਾਸਲ ਕੀਤੇ। ਉਹ ਲਾਤੀਨੀ ਅਮਰੀਕਾ ਤੋਂ ਆਉਣ ਵਾਲੇ ਸਭ ਤੋਂ ਦਿਲਚਸਪ ਲੇਖਕਾਂ ਵਿੱਚੋਂ ਇੱਕ ਹਨ, ਇੱਕ ਅਜਿਹਾ ਖੇਤਰ ਜੋ ਆਪਣੇ ਮਹਾਨ ਸਾਹਿਤਿਕ ਨਾਵਾਂ ਲਈ ਜਾਣਿਆ ਜਾਂਦਾ ਹੈ। ਉਹਨਾਂ ਦੀ ਲੇਖਣੀ ਨੂੰ ਚੁਸਤ ਵੇਰਵੇ, ਸਿਆਸੀ ਸੂਝ-ਬੂਝ, ਕਾਵਿਕ ਸ਼ੈਲੀ ਅਤੇ ਬੇਹਤਰੀਨ ਕਿੱਸਾਗੋਈ ਲਈ ਜਾਣਿਆ ਜਾਂਦਾ ਹੈ। ਉਹ ਗਰੀਬਾਂ ਅਤੇ ਪਸਿੱਤਿਆਂ ਦੀ ਅਤੇ ਨਾਲ਼ ਹੀ ਆਗੂਆਂ ਅਤੇ ਬੁੱਧੀਜੀਵੀਆਂ ਦੀ, ਅਵਾਜ ਸੁਣਨ ਲਈ ਲਾਤੀਨੀ ਅਮਰੀਕਾ ਵਿੱਚ ਹੇਠਾਂ ਤੋਂ ਉੱਪਰ ਤੱਕ ਘੁੰਮੇ। ਉਹ ਅਮਰੀਕਾ ਦੇ ਮੂਲਨਿਵਾਸੀਆਂ, ਕਿਸਾਨਾਂ, ਗੁਰੀਲਿਆਂ, ਸੈਨਿਕਾਂ, ਕਲਾਕਾਰਾਂ ਅਤੇ ਭਗੌੜਿਆਂ ਦੇ ਨਾਲ ਰਹੇ; ਉਹਨਾਂ ਨੇ ਰਾਸ਼ਟਰਪਤੀਆਂ, ਜ਼ਾਲਮਾਂ, ਸ਼ਹੀਦਾਂ, ਪੁਜਾਰੀਆਂ, ਨਾਇਕਾਂ, ਡਾਕੂਆਂ, ਨਿਰਾਸ਼ ਮਾਵਾਂ ਅਤੇ ਸਹਿਣਸ਼ੀਲ਼ ਵੇਸ਼ਵਾਵਾਂ ਨਾਲ਼ ਵੀ ਗੱਲਬਾਤ ਕੀਤੀ। ਉਹਨਾਂ ਨੇ ਤੇਜ਼ ਬੁਖਾਰ ਸਹੇ, ਜੰਗਲਾਂ ਵਿੱਚ ਪੈਦਲ ਚੱਲੇ ਅਤੇ ਇੱਕ ਜ਼ਬਰਦਸਤ ਦਿਲ ਦੇ ਦੌਰੇ ਤੋਂ ਵਾਲ-ਵਾਲ ਬਚੇ। ਉਹਨਾਂ ਨੂੰ ਲੋਟੂ ਹਾਕਮਾਂ ਅਤੇ ਕੱਟੜਵਾਦੀ ਅੱਤਵਾਦੀਆਂ ਨੇ ਪ੍ਰੇਸ਼ਾਨ ਕੀਤਾ। ਮਨੁੱਖੀ ਹੱਕਾਂ ਦੀ ਰਾਖੀ ਲਈ ਬੇਅੰਤ ਜੋਖਿਮ ਚੁੱਕੇ, ਉਹਨਾਂ ਨੇ ਸੈਨਿਕ ਤਾਨਾਸ਼ਾਹੀ ਅਤੇ ਹਰ ਤਰ੍ਹਾਂ ਦੇ ਵਹਿਸ਼ੀਪੁਣੇ ਅਤੇ ਜ਼ਬਰ ਦਾ ਵਿਰੋਧ ਕੀਤਾ। ਉਹਨਾਂ ਨੂੰ ਲਾਤੀਨੀ ਅਮਰੀਕਾ ਬਾਰੇ ਕਿਸੇ ਵੀ ਹੋਰ ਵਿਅਕਤੀ ਨਾਲ਼ੋਂ, ਜਿਸਨੂੰ ਮੈਂ ਜਾਣਦੀ ਹਾਂ, ਜਿਆਦਾ ਪ੍ਰਤੱਖ ਗਿਆਨ ਹੈ ਅਤੇ ਉਹ ਇਸਦੀ ਵਰਤੋਂ ਆਪਣੇ ਲੋਕਾਂ ਦੇ ਸੁਪਨਿਆਂ ਤੇ ਵਹਿਮਾਂ ਅਤੇ ਆਸਾਂ ਤੇ ਅਸਫ਼ਲਤਾਵਾਂ ਨੂੰ ਦੁਨੀਆਂ ਨੂੰ ਦੱਸਣ ਲਈ ਕਰਦੇ ਹਨ। ਉਹ ਇੱਕ ਲੇਖਣ ਪ੍ਰਤਿਭਾ, ਦਿਆਲੂ ਦਿਲ ਅਤੇ ਕੋਮਲ ਹਾਸ-ਰਸ ਰੱਖਣ ਵਾਲ਼ੇ ਯੋਧੇ ਹਨ। “ਅਸੀਂ ਇੱਕ ਅਜਿਹੀ ਦੁਨੀਆਂ ਵਿੱਚ ਰਹਿੰਦੇ ਹਾਂ ਜੋ ਜਿਉਂਦੇ ਲੋਕਾਂ ਦੀ ਥਾਂ ਮੁਰਦਿਆਂ ਨਾਲ਼ ਚੰਗਾ ਸਲੂਕ ਕਰਦੀ ਹੈ। ਅਸੀਂ, ਜੋ ਜਿਉਂਦੇ ਹਾਂ, ਸਵਾਲ ਕਰਨ ਵਾਲੇ ਅਤੇ ਜਵਾਬ ਦੇਣ ਵਾਲੇ ਹਾਂ ਅਤੇ ਸਾਡੇ ਅੰਦਰ ਹੋਰ ਬਹੁਤ ਸਾਰੇ ਅਜਿਹੇ ਦੋਸ਼ ਹਨ। ਇਹ ਉਸ ਢਾਂਚੇ ਲਈ ਨਾ-ਮੁਆਫੀ ਯੋਗ ਹੈ ਜੋ ਮੰਨਦਾ ਹੈ ਕਿ ਮੌਤ, ਪੈਸੇ ਵਾਂਗ, ਲੋਕਾਂ ਨੂੰ ਬਿਹਤਰ ਬਣਾਉਂਦੀ ਹੈ।”

ਇਹ ਸਾਰੀਆਂ ਪ੍ਰਤਿਭਾਵਾਂ ਇੱਕ ਲੇਖਕ ਦੇ ਤੌਰ ‘ਤੇ ਉਹਨਾਂ ਦੀ ਨਿਪੁੰਨਤਾ ਵਾਂਗ ਹੀ ਉਹਨਾਂ ਦੀ ਪਹਿਲੀ ਕਿਤਾਬ ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ ਵਿੱਚ ਸਪੱਸ਼ਟ ਦਿਖਾਈ ਦਿੰਦੀ ਹੈ। ਮੈਂ ਏਦੁਆਰਦੋ ਗਾਲਿਆਨੋ ਨੂੰ ਨਿੱਜੀ ਤੌਰ ‘ਤੇ ਜਾਣਦੀ ਹਾਂ; ਉਹ ਬਿਨਾਂ ਕਿਸੇ ਸਿੱਧੀ ਆਸ ਦੇ, ਇੱਕ ਲੰਬੇ ਸਮੇਂ ਤੱਕ ਕਹਾਣੀਆਂ ਦੀ ਕਦੇ ਨਾ ਮੁੱਕਣ ਵਾਲੀ ਕੜੀ ਪਰੋ ਸਕਦੇ ਹਨ। ਇੱਕ ਵਾਰ ਅਸੀਂ ਕਿਊਬਾ ਦੇ ਸਮੁੰਦਰ ਤੱਟ ਨੇੜਲੇ ਇੱਕ ਹੋਟਲ ਵਿੱਚ ਬਿਨਾਂ ਕਿਸੇ ਆਵਾਜਾਈ ਦੇ ਸਾਧਨ ਅਤੇ ਏਅਰਕੰਡੀਸ਼ਨਰ ਤੋਂ ਪਿੱਛੇ ਰਹਿ ਗਏ। ਪੀਨਾ ਕੋਲਾਡਾ ਪੀਂਦੇ ਹੋਏ ਉਹਨਾਂ ਨੇ ਆਪਣੀਆਂ ਅਦਭੁੱਤ ਕਹਾਣੀਆਂ ਨਾਲ਼ ਕਈ ਦਿਨਾਂ ਤੱਕ ਮੇਰਾ ਮਨੋਰੰਜਨ ਕੀਤਾ। ਕਹਾਣੀ ਕਹਿਣ ਦੀ ਇਹ ਲਗਭਗ ਅਲੌਕਿਕ ਪ੍ਰਤਿਭਾ ਹੀ ‘ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ’ ਨੂੰ ਪੜ੍ਹਣਯੋਗ ਬਣਾਉਂਦੀ ਹੈ- ਜਿਵੇਂ ਕਿ ਇਹ ਇੱਕ ਸਮੁੰਦਰੀ ਡਾਕੂਆਂ ਦਾ ਨਾਵਲ ਹੋਵੇ, ਇੱਕ ਵਾਰ ਉਹਨਾਂ ਅਜਿਹਾ ਕਿਹਾ ਵੀ ਸੀ। ਉਹਨਾਂ ਲੋਕਾਂ ਲਈ ਵੀ ਜੋ ਆਰਥਿਕ ਅਤੇ ਸਿਆਸੀ ਮਸਲਿਆਂ ਦੀ ਬਹੁਤੀ ਸਮਝ ਨਹੀਂ ਰੱਖਦੇ ਇਹ ਕਿਤਾਬ ਕਿਸੇ ਅਫ਼ਸਾਨੇ ਵਾਂਗੂ ਤਰਤੀਬਵਾਰ ਹੋ ਕੇ ਅੱਗੇ ਵਧਦੀ ਹੈ; ਇਸ ਨੂੰ ਬਿਨ੍ਹਾਂ ਖ਼ਤਮ ਕੀਤਿਆਂ ਰੱਖ ਦੇਣਾ ਅਸੰਭਵ ਹੈ। ਉਹਨਾਂ ਦੇ ਤਰਕ, ਉਹਨਾਂ ਦਾ ਗੁੱਸਾ, ਉਹਨਾਂ ਦਾ ਜੋਸ਼ ਹੋਰ ਬਹੁਤ ਵਧ ਗਿਆ ਹੁੰਦਾ ਜੇ ਇਹ ਸਭ ਇੰਨੀ ਸ਼ਾਨਦਾਰ ਸ਼ੈਲੀ ਵਿੱਚ, ਇੰਨੀ ਹੁਨਰਮੰਦ ਟਾਈਮਿੰਗ ਅਤੇ ਉਤਸੁਕਤਾ ਨਾਲ਼ ਨਾ ਦਰਸਾਇਆ ਹੁੰਦਾ। ਗਾਲਿਆਨੋ ਸੋਸ਼ਣ ਦੀ ਦ੍ਰਿੜਤਾ ਪ੍ਰਚੰਡਤਾ ਨਾਲ਼ ਨਿੰਦਾ ਕਰਦੇ ਹਨ, ਫਿਰ ਵੀ ਇਹ ਕਿਤਾਬ ਇੱਕ ਸਭ ਤੋਂ ਘਿਣਾਉਣੇ ਲੁੱਟ ਦੇ ਦੌਰ ਵਿੱਚ ਇੱਕਜੁੱਟਤਾ ਅਤੇ ਬਚਾਅ ਦੀ ਮਨੁੱਖੀ ਸਮੱਰਥਾ ਨੂੰ ਕਾਵਿਕ ਅੰਦਾਜ਼ ਵਿੱਚ ਪੇਸ਼ ਕਰਦੀ ਹੈ। ਗਾਲਿਆਨੋ ਦੀ ਕਹਾਣੀ ਕਹਿਣ ਦੀ ਕਲਾ ਵਿੱਚ ਇੱਕ ਰਹੱਸਮਈ ਸਮਰੱਥਾ ਹੈ। ਉਹ ਆਪਣੇ ਹੁਨਰ ਦੀ ਵਰਤੋ ਪਾਠਕ ਦੇ ਦਿਮਾਗ ਦੀ ਇਕਾਂਤ ਨੂੰ ਵਿੰਨ੍ਹਦੀ ਹੋਈ, ਉਸ ਨੂੰ ਪੜ੍ਹਣ ਲਈ ਅਤੇ ਲਗਾਤਾਰ ਅੰਤ ਤੱਕ ਪੜ੍ਹਦੇ ਰਹਿਣ ਲਈ ਰਾਜੀ ਕਰਨ ਲਈ ਕਰਦੇ ਹਨ ਅਤੇ ਉਸਨੂੰ ਆਪਣੀ ਲੇਖਣੀ ਦੀ ਖਿੱਚ ਅਤੇ ਆਪਣੇ ਆਦਰਸ਼ਾਂ ਸਾਹਮਣੇ ਆਤਮ-ਸਮਰਪਣ ਕਰਾਉਣ ਲਈ ਕਰਦੇ ਹਨ।

ਆਪਣੀ ਕਿਤਾਬ ‘ਬੁੱਕ ਆਫ਼ ਇੰਬਰੇਸਿਸ’ ਵਿੱਚ, ਏਦੁਆਰਦੋ ਨੇ ਇੱਕ ਕਹਾਣੀ ਲਿਖੀ ਹੈ, ਜਿਸਨੂੰ ਮੈਂ ਬੇਹੱਦ ਪਸੰਦ ਕਰਦੀ ਹਾਂ। ਮੇਰੇ ਲਈ ਇਹ ਆਮ ਤੌਰ ‘ਤੇ ਲੇਖਣੀ ਦਾ ਅਤੇ ਖਾਸ ਤੌਰ ‘ਤੇ ਉਹਨਾਂ ਦੀ ਲੇਖਣੀ ਦਾ ਸ਼ਾਨਦਾਰ ਰੂਪ ਹੈ:

ਇੱਕ ਬੁੱਢਾ ਅਤੇ ਇਕੱਲਾ ਆਦਮੀ ਸੀ ਜਿਸਦਾ ਜਿਆਦਾ ਸਮਾਂ ਬਿਸਤਰੇ ‘ਤੇ ਲੰਘਦਾ ਸੀ। ਅਜਿਹੀ ਅਫ਼ਵਾਹ ਸੀ ਕਿ ਉਸਨੇ ਆਪਣੇ ਘਰੇ ਇੱਕ ਖਜ਼ਾਨਾ ਲੁਕੋ ਕੇ ਰੱਖਿਆ ਹੈ। ਇੱਕ ਦਿਨ ਕੁਝ ਚੋਰ ਉਸਦੇ ਘਰ ਵਿੱਚ ਵੜ੍ਹ ਗਏ, ਉਹਨਾਂ ਨੇ ਹਰ ਪਾਸੇ ਭਾਲ਼ਿਆ ਅਤੇ ਉਹਨਾਂ ਨੂੰ ਤਹਿਖਾਨੇ ਵਿੱਚ ਇੱਕ ਸੰਦੂਕ ਮਿਲਿਆ। ਉਹ ਉਸ ਨੂੰ ਚੁੱਕ ਕੇ ਲੈ ਗਏ ਅਤੇ ਜਦੋਂ ਉਹਨਾਂ ਨੇ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਖਤਾਂ ਨਾਲ਼ ਭਰਿਆ ਹੋਇਆ ਸੀ। ਉਹ ਪ੍ਰੇਮ-ਪੱਤਰ ਸਨ, ਜੋ ਉਸ ਬੁੱਢੇ ਆਦਮੀ ਨੇ ਆਪਣੇ ਲੰਮੇ ਜੀਵਨ ਦੌਰਾਨ ਪ੍ਰਾਪਤ ਕੀਤੇ ਸਨ। ਚੋਰ ਉਹਨਾਂ ਖਤਾਂ ਨੂੰ ਜਲਾਉਣ ਵਾਲ਼ੇ ਸਨ ਪਰ ਉਹਨਾਂ ਨੇ ਇਸ ਬਾਰੇ ਗੱਲਬਾਤ ਕੀਤੀ ਅਤੇ ਆਖ਼ਰ ਉਹਨਾਂ ਨੇ ਇਹ ਖਤ ਵਾਪਸ ਕਰਨ ਦਾ ਫੈਸਲਾ ਲਿਆ। ਇੱਕ-ਇੱਕ ਕਰਕੇ। ਹਰ ਹਫ਼ਤੇ ਵਿੱਚ ਇੱਕ। ਉਦੋਂ ਤੋਂ, ਹਰ ਸੋਮਵਾਰ ਦੀ ਦੁਪਿਹਰ ਨੂੰ ਉਹ ਬੁੱਢਾ ਆਦਮੀ ਡਾਕੀਏ ਦੇ ਆਉਣ ਦੀ ਉਡੀਕ ਕਰਦਾ। ਜਿਵੇਂ ਹੀ ਉਹ ਉਸਨੂੰ ਆਉਂਦੇ ਦੇਖਦਾ, ਬੁੱਢਾ ਆਦਮੀ ਦੌੜਣਾ ਸ਼ੁਰੂ ਕਰ ਦਿੰਦਾ ਅਤੇ ਡਾਕੀਆ, ਜੋ ਇਸ ਬਾਰੇ ਸਭ ਜਾਣਦਾ ਸੀ, ਆਪਣੇ ਹੱਥ ਨਾਲ਼ ਇੱਕ ਚਿੱਠੀ ਉਸ ਵੱਲ ਵਧਾ ਦਿੰਦਾ। ਇੱਥੋਂ ਤੱਕ ਕਿ ਸੰਤ ਪੀਟਰ ਵੀ, ਇੱਕ ਔਰਤ ਦਾ ਪੈਗਾਮ ਮਿਲਣ ਦੀ ਖੁਸ਼ੀ ਵਿੱਚ ਆਨੰਦ ਨਾਲ਼ ਧੜਕਦੇ ਉਸ ਬੁੱਢੇ ਆਦਮੀ ਦੇ ਦਿਲ ਦੀ ਅਵਾਜ ਨੂੰ ਸੁਣ ਸਕਦੇ ਸਨ।

ਕੀ ਇਹ ਸਾਹਿਤ ਦਾ ਜਿੰਦਾਦਿਲ ਸਰੂਪ ਨਹੀਂ ਹੈ? ਇਹ ਘਟਨਾ ਜਿਸ ਨੂੰ ਕਾਵਿਕ ਸੱਚ ਨਾਲ਼ ਬਦਲਿਆ ਗਿਆ ਹੈ। ਲੇਖਕ ਉਹਨਾਂ ਚੋਰਾਂ ਵਾਂਗ ਹੁੰਦੇ ਹਨ, ਉਹ ਕੁਝ ਅਜਿਹਾ ਲੈਂਦੇ ਹਨ ਜੋ ਅਸਲੀ ਹੈ, ਜਿਵੇਂ ਕਿ ਚਿੱਠੀਆਂ ਅਤੇ ਉਸਨੂੰ ਜਾਦੂ ਦੀ ਤਰਤੀਬ ਨਾਲ਼ ਕਿਸੇ ਅਜਿਹੀ ਚੀਜ਼ ਵਿੱਚ ਬਦਲ ਦਿੰਦੇ ਹਨ ਜੋ ਅਧੂਰੀ ਹੋਵੇ। ਗਾਲਿਆਨੋ ਦੀ ਕਹਾਣੀ ਵਿੱਚ ਚਿੱਠੀਆਂ ਪਹਿਲਾਂ ਤੋਂ ਅਸਲ ਵਿੱਚ ਹਨ ਅਤੇ ਉਹ ਸਭ ਤੋਂ ਪਹਿਲਾਂ ਉਸ ਬੁੱਢੇ ਆਦਮੀ ਦੀਆਂ ਹਨ, ਪਰ ਉਹਨਾਂ ਨੂੰ ਬਿਨ੍ਹਾਂ ਪੜ੍ਹੇ ਹੀ ਇੱਕ ਹਨ੍ਹੇਰੇ ਤਹਿਖਾਨੇ ਵਿੱਚ ਰੱਖਿਆ ਗਿਆ ਹੈ, ਉਹ ਬੇਜਾਨ ਹਨ। ਉਹਨਾਂ ਨੂੰ ਇੱਕ-ਇੱਕ ਕਰਕੇ ਡਾਕ ਨਾਲ਼ ਵਾਪਸ ਭੇਜਣ ਦੀ ਇਸ ਆਮ ਲੜੀ ਨਾਲ਼, ਉਹਨਾਂ ਚੋਰਾਂ ਨੇ ਚਿੱਠੀਆਂ ਨੂੰ ਇੱਕ ਨਵਾਂ ਜੀਵਨ ਅਤੇ ਉਸ ਬੁੱਢੇ ਆਦਮੀ ਨੂੰ ਇੱਕ ਨਵਾਂ ਭਰਮ ਦਿੱਤਾ ਹੈ। ਮੇਰੇ ਲਈ ਗਾਲਿਆਨੋ ਦੀ ਲੇਖਣੀ ਵਿੱਚ ਪ੍ਰਸੰਸ਼ਾਯੋਗ ਹੈ ਉਹਨਾਂ ਦਾ ਲੁਕੇ ਹੋਏ ਖਜ਼ਾਨਿਆਂ ਨੂੰ ਲੱਭ ਲੈਣਾ, ਭੁੱਲੀਆਂ-ਵਿਸਰੀਆਂ ਘਟਨਾਵਾਂ ਨੂੰ ਇੱਕ ਨਵਾਂ ਜੀਵਨ ਦੇਣਾ ਅਤੇ ਆਪਣੀ ਗਰਮਜੋਸ਼ੀ ਨਾਲ਼ ਥੱਕੀਆਂ ਹੋਈਆਂ ਆਤਮਾਵਾਂ ਵਿੱਚ ਨਵੀਂ ਜਾਨ ਪਾਉਣਾ।

ਪੁਸਤਕ ‘ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ’ ਚੀਜ਼ਾਂ ਜਿਵੇਂ ਦਿਖਦੀਆਂ ਹਨ ਉਸ ਤੋਂ ਅੱਗੇ ਵਧ ਕੇ ਉਹਨਾਂ ਦੀ ਖੋਜ ਦਾ ਸੱਦਾ ਦਿੰਦੀ ਹੈ। ਇਸ ਤਰ੍ਹਾਂ ਦੇ ਮਹਾਨ ਸਾਹਿਤਿਕ ਕਾਰਜ ਲੋਕਾਂ ਦੀ ਚੇਤਨਾ ਨੂੰ ਝੰਜੋੜਦੇ ਹਨ, ਉਹਨਾਂ ਨੂੰ ਇੱਕਜੁੱਟ ਕਰਦੇ ਹਨ, ਵਿਅਖਿਆ ਕਰਦੇ ਹਨ, ਸਮਝਾਉਂਦੇ ਹਨ, ਨਿੰਦਾ ਕਰਦੇ ਹਨ, ਦਰਜ਼ ਕਰਦੇ ਹਨ ਅਤੇ ਬਦਲ ਲਈ ਉਕਸਾਉਂਦੇ ਹਨ। ਏਦੁਆਰਦੋ ਗਾਲਿਆਨੋ ਦਾ ਇੱਕ ਹੋਰ ਪੱਖ ਹੈ ਜੋ ਮੈਨੂੰ ਬੇਹੱਦ ਖਿੱਚਦਾ ਹੈ। ਇਹ ਮਨੁੱਖ ਜਿਸਨੂੰ ਇੰਨੀ ਜਿਆਦਾ ਜਾਣਕਾਰੀ ਹੈ ਅਤੇ ਜਿਸਨੇ ਸੂਤਰਾਂ ਅਤੇ ਸੰਕੇਤਾਂ ਦਾ ਅਧਿਐਨ ਕਰਕੇ ਇੱਕ ਢੰਗ ਨਾਲ਼ ਭਵਿੱਖਬਾਣੀ ਦਾ ਬੋਧ ਵਿਕਸਿਤ ਕੀਤਾ ਹੈ, ਉਹ ਇੱਕ ਆਸ਼ਵਾਦੀ ਹੈ। ‘ਮੈਮੋਰੀਜ਼ ਆਫ ਫਾਇਰ’ ਦੇ ਤੀਜੇ ਭਾਗ ‘ਸੈਂਚੁਰੀ ਆਫ ਵਿੰਡ’ ਦੇ ਅੰਤ ਵਿੱਚ 600 ਪੰਨਿਆਂ ਵਿੱਚ ਲਾਤੀਨੀ ਅਮਰੀਕਾ ਦੇ ਲੋਕਾਂ ਦੇ ਹੋਏ ਕਤਲੇਆਮ, ਵਹਿਸ਼, ਦੁਰਵਿਹਾਰ ਅਤੇ ਸ਼ੋਸ਼ਣ ਨੂੰ ਸਾਬਿਤ ਕਰਨ ਤੋਂ ਬਾਅਦ, ਉਹ ਸਭ ਕੁਝ ਜੋ ਚੋਰੀ ਕਰ ਲਿਆ ਗਿਆ ਸੀ ਅਤੇ ਜਿਸਦੀ ਚੋਰੀ ਕੀਤੇ ਜਾਣਾ ਲਗਾਤਾਰ ਜਾਰੀ ਹੈ, ਇਸਦਾ ਸਬਰ ਨਾਲ਼ ਵਰਨਣ ਕਰਨ ਤੋਂ ਬਾਅਦ ਉਹ ਲਿਖਦੇ ਹਨ-

ਜੀਵਨ ਦੇਣ ਵਾਲੀ ਸ਼ਕਤੀ ਜਾਣਦੀ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਉਸਦੇ ਆਲ਼ੇ-ਦੁਆਲ਼ੇ ਨਾਚ ਕਰਨ ਵਾਲਾ ਜੋਸ਼ੀਲਾ ਸੰਗੀਤ ਕਦੇ ਨਹੀਂ ਰੁਕਦਾ। ਕਿੰਨੀਆਂ ਵੀ ਮੌਤਾਂ ਕਿਉਂ ਨਾ ਆਉਣ, ਕਿੰਨਾ ਵੀ ਖੂਨ ਕਿਉਂ ਨਾ ਵਹਿ ਜਾਵੇ, ਇਹ ਸੰਗੀਤ ਉਦੋਂ ਆਦਮੀਆਂ ਅਤੇ ਔਰਤਾਂ ਨੂੰ ਨਚਾਉਂਦਾ ਰਹੇਗਾ ਜਦੋਂ ਤੱਕ ਉਹ ਸਾਹ ਲੈਂਦੇ ਰਹਿਣਗੇ, ਖੇਤ ਵਾਹੇ ਜਾਂਦੇ ਰਹਿਣਗੇ ਅਤੇ ਉਹ ਪਿਆਰ ਕਰਦੇ ਰਹਿਣਗੇ।

ਇਹੋ ਉਮੀਦਾਂ ਦੀਆਂ ਉਹ ਕਿਰਨਾਂ ਹਨ ਜੋ ਮੈਨੂੰ ਗਾਲਿਆਨੋ ਦੀਆਂ ਲਿਖਤਾਂ ਵੱਲ ਵਧੇਰੇ ਖਿੱਚਦੀਆਂ ਹਨ। 1973 ਦੇ ਫੌਜੀ ਤਖ਼ਤਾਪਲਟੇ ਤੋਂ ਬਾਅਦ ਮਹਾਂਦੀਪ ਦੇ ਹਜਾਰਾਂ ਸ਼ਰਨਾਰਥੀਆਂ ਵਾਂਗ ਮੈਨੂੰ ਵੀ ਆਪਣਾ ਵਤਨ ਛੱਡਣਾ ਪਿਆ। ਮੈਂ ਆਪਣੇ ਨਾਲ਼ ਬਹੁਤਾ ਕੁੱਝ ਨਾ ਲਿਜਾ ਸਕੀ: ਕੁੱਝ ਕੱਪੜੇ, ਪਰਿਵਾਰਕ ਤਸਵੀਰਾਂ, ਮੇਰੇ ਬਗੀਚੇ ਦੀ ਮਿੱਟੀ ਨਾਲ਼ ਭਰਿਆ ਛੋਟਾ ਜਿਹਾ ਬੈਗ ਅਤੇ ਦੋ ਕਿਤਾਬਾਂ ਇੱਕ ਪਾਬਲੋ ਨੇਰੂਦਾ ਦੀਆਂ ਕਵਿਤਾਵਾਂ ‘ਓਡਸ’ ਦਾ ਪੁਰਾਣਾ ਐਡੀਸ਼ਨ ਤੇ ਦੂਜੀ ਪੀਲ਼ੀ ਜਿਲਦ ਵਾਲੀ ਕਿਤਾਬ ‘ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ’। ਵੀਹ ਸਾਲ ਗੁਜਰਨ ਮਗਰੋਂ ਵੀ ਉਹ ਕਿਤਾਬ ਮੇਰੇ ਕੋਲ਼ ਹੈ। ਇਸੇ ਕਰਕੇ ਮੈਂ ਇਹ ਭੂਮਿਕਾ ਲਿਖਣ ਅਤੇ ਅਜ਼ਾਦੀ ਲਈ ਓੜਕਾਂ ਦੇ ਪਿਆਰ ਅਤੇ ਇੱਕ ਲੇਖਕ ਵਜੋਂ ਤੇ ਲਾਤੀਨੀ ਅਮਰੀਕਾ ਦੇ ਇੱਕ ਨਾਗਰਿਕ ਵਜੋਂ ਮੈਨੂੰ ਜਗਾਉਣ ਵਿੱਚ ਉਹਨਾਂ ਦੇ ਯੋਗਦਾਨ ਲਈ ਏਦੁਆਰਦੋ ਗਾਲਿਆਨੋ ਦਾ ਜਨਤਕ ਤੌਰ ‘ਤੇ ਧੰਨਵਾਦ ਕਰਨ ਦਾ ਮੌਕਾ ਨਹੀਂ ਖੁੰਝਾ ਸਕਦੀ। ਜਿਵੇਂ ਕਿ ਉਹਨਾਂ ਨੇ ਇੱਕ ਵਾਰ ਕਿਹਾ ਸੀ, “ਉਹਨਾਂ ਚੀਜ਼ਾਂ ਲਈ ਮਰਨਾ ਸਾਰਥਕ ਹੈ ਜਿਹਨਾਂ ਬਿਨਾਂ ਜਿਉਣਾ ਸਾਰਥਕ ਨਹੀਂ ਹੈ।”

ਪੰਜਾਬੀ ਅਨੁਵਾਦ – ਬਲਤੇਜ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ