ਡੂੰਘਾ ਹੋ ਰਿਹਾ ਚੀਨ ਦਾ ਆਰਥਿਕ ਸੰਕਟ ਅਤੇ ਮਜ਼ਦੂਰ ਸੰਘਰਸ਼ਾਂ ਦਾ ਉਭਾਰ •ਤਜਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਸਾਰ ਵਿੱਚ ਸਸਤੀ ਕਿਰਤ ਸ਼ਕਤੀ ਕਾਰਨ ਚੀਨ ਸਰਮਾਏ ਨਾਲ਼ ਆਫ਼ਰੇ ਸਾਮਰਾਜੀ ਮੁਲਕਾਂ ਲਈ ਲੁੱਟ ਦੀ ਚਰਾਗਾਹ ਬਣਿਆ ਹੋਇਆ ਸੀ। 2007 ਤੋਂ ਸ਼ੁਰੂ ਹੋਏ ਸੰਸਾਰ ਵਿਆਪੀ ਆਰਥਿਕ ਮੰਦਵਾੜੇ ਦੇ ਬਾਵਜੂਦ ਚੀਨੀ ਅਰਥਚਾਰਾ ਪੁਲਾਂਘਾਂ ਪੁੱਟ ਰਿਹਾ ਸੀ। ਪਰ ਅਗਸਤ 2015 ਵਿੱਚ ਇਹ ਵੀ ਸੰਸਾਰ ਵਿਆਪੀ ਆਰਥਿਕ ਸੰਕਟ ਦੇ ਟੋਏ ਵਿੱਚ ਜਾ ਡਿੱਗਿਆ ਜੋ ਕਿ ਲਗਾਤਾਰ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ।

ਮਕਾਨ ਉਸਾਰੀ ਜੋ ਚੀਨੀ ਅਰਥਚਾਰੇ ਦੀ ਧੜਕਣ ਬਣੀ ਹੋਈ ਸੀ, ਅੱਜ ਸਭ ਤੋਂ ਵੱਧ ਸੰਕਟ ਦੀ ਸ਼ਿਕਾਰ ਹੈ। ਧੜਾਧੜ ਕੀਤੀ ਗਈ ਉਸਾਰੀ ਕਾਰਨ ਪੂਰੇ ਦੇ ਪੂਰੇ ਸ਼ਹਿਰ ਖਾਲੀ ਪਏ ਹਨ। ਇਸ ਮੰਦੀ ਦੀ ਸਭ ਤੋਂ ਵੱਧ ਮਾਰ ਇਸ ਖੇਤਰ ਵਿੱਚ ਲੱਗੇ ਹੋਏ ਮਜ਼ਦੂਰ ਝੱਲ ਰਹੇ ਹਨ। ਲਗਭਗ ਛੇ-ਛੇ ਮਹੀਨੇ ਤੋਂ ਮਜ਼ਦੂਰਾਂ ਨੂੰ ਉਜ਼ਰਤਾਂ ਨਹੀਂ ਮਿਲੀਆਂ। ਕੰਮ ਲਗਾਤਰ ਬੰਦ ਹੋ ਰਿਹਾ ਹੈ। ਨਤੀਜੇ ਵਜੋਂ  ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ।  ਸਾਲ 2016 ਦੀ ਸ਼ੁਰੂਆਤ ਵੀ ਚੀਨ ਵਿੱਚ ਧਰਨੇ, ਮੁਜ਼ਾਹਰੇ ਅਤੇ ਹੜਤਾਲਾਂ ਨਾਲ਼ ਹੋਈ।  

ਰੀਅਲ ਅਸਟੇਟ ਖੇਤਰ ਤੋਂ ਇਲਾਵਾ ਚੀਨ ਦੀ ਸਟੀਲ, ਕੋਲਾ, ਸੀਮੇਂਟ ਅਤੇ ਲੋਹਾ ਸਨਅਤ ਵੀ ਵਾਧੂ ਪੈਦਾਵਾਰ ਦੇ ਸੰਕਟ ਨਾਲ਼ ਜੂਝ ਰਹੀ ਹੈ। ਜਿੱਥੇ ਇਸ ਮੰਦੀ ਕਾਰਨ ਬਹੁ-ਗਿਣਤੀ ਪਹਿਲਾਂ ਹੀ ਬੇਰੁਜ਼ਗਾਰ ਹੈ, ਉੱਥੇ ਪਿਛਲੇ ਦਿਨੀਂ ਚੀਨ ਦੀ ਸਰਕਾਰ ਦੁਅਰਾ ਸਟੀਲ ਦੀ ਪੈਦਾਵਾਰ 1 ਕਰੋੜ 50 ਲੱਖ ਟਨ ਘਟਾਉਣ ਦਾ ਫੈਸਲਾ ਲਿਆ ਗਿਆ ਹੈ, ਇਸ ਦੇ ਨਤੀਜੇ ਵਜੋਂ ਲਗਭਗ 4 ਤੋਂ 5 ਲੱਖ ਲੋਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣਾ ਪਵੇਗਾ। ਏਨਾ ਹੀ ਨਹੀਂ Reuter ਵੈਬਸਾਈਟ ਅਨੁਸਾਰ ਸਰਕਾਰ ਦੀ ਲੱਗਭੱਗ 7 ਵੱਡੀਆਂ ਰਾਜਕੀ ਸਨਅੱਤਾਂ ਦੀ ਪੈਦਾਵਾਰ ਘਟਾਉਣ ਦੀ ਯੋਜਨਾ ਹੈ ਜਿਸ ਦੇ ਸਿੱਟੇ ਵਜੋਂ ਲਗਭਗ 60 ਲੱਖ ਲੋਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣਾ ਪਵੇਗਾ।

1949 ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਸਮਾਜਵਾਦੀ ਇਨਕਲਾਬ ਨੇਪਰੇ ਚਾੜਿਆ ਗਿਆ ਅਤੇ ਨਿੱਜੀ ਜਇਦਾਦ ਨੂੰ ਖਤਮ ਕਰਕੇ ਇੱਕ ਸਮਾਜਵਾਦੀ ਢਾਂਚਾ ਸਥਾਪਤ ਕੀਤਾ ਗਿਆ। 1949 ਤੋਂ 1976 ਤੱਕ ਚੀਨ ਵਿੱਚ ਨਿੱਜੀ ਜਇਦਾਦ ਰਹਿਤ ਢਾਂਚਾ ਕਾਇਮ ਰਿਹਾ ਜਿਸ ਦੇ ਤਹਿਤ ਪੈਦਾਵਾਰ ਪੂਰੇ ਸਮਾਜ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਸੀ ਨਾ ਕਿ ਕਿਸੇ ਸਰਮਾਏਦਾਰਾ ਦੇ ਮੁਨਾਫ਼ੇ ਲਈ। ਇਸ ਸਮੇਂ ਦੌਰਾਨ ਚੀਨ ਨੇ ਸਰਮਾਏਦਾਰ ਮੁਲਕਾਂ ਦੇ ਮੁਕਾਬਲੇ ਆਰਥਿਕ ਬੁਲੰਦੀਆਂ ਨੂੰ ਛੂੰਹਦੇ ਹੋਏ ਪੂਰੇ ਸਮਾਜ ਦਾ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਧਰ ਵੀ ਉੱਪਰ ਚੁੱਕਿਆ। ਪਰ 1976 ਵਿੱਚ ਮਾਓ ਦੀ ਮੌਤ ਤੋਂ ਬਾਅਦ ਇੱਕ ਰਾਜ ਪਲਟੇ ਰਾਹੀਂ ਸਰਮਾਏਦਾਰ ਜਮਾਤ ਸੱਤਾ ‘ਤੇ ਕਾਬਜ਼ ਹੋ ਗਈ। ਤਦ ਤੋਂ ਲੈ ਕੇ ਹੁਣ ਤੱਕ ਚੀਨ ਦੀ ਅਖੌਤੀ ਕਮਿਊਨਿਸਟ ਸਰਕਾਰ ਦੁਆਰਾ ਲਗਾਤਾਰ ਆਰਥਿਕ ਸੁਧਾਰਾਂ ਨੂੰ ਅੰਜ਼ਾਮ ਦਿੱਤਾ ਗਿਆ। ਰਾਜਕੀ ਢਾਂਚੇ ਨੂੰ ਨਿੱਜੀ ਹੱਥਾਂ ‘ਚ ਦਿੰਦੇ ਹੋਏ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਲਗਾਤਾਰ ਖੋਹਿਆ ਗਿਆ ਹੈ। ਪਰ ਇਸ ਦੇ ਨਾਲ਼ ਹੀ ਚੀਨ ਦੀ ਕਿਰਤੀ ਲੋਕਾਈ ਇਹਨਾਂ ਆਰਥਿਕ ਹਮਲਿਆਂ ਦਾ ਜਵਾਬ ਆਪਣੇ ਸੰਘਰਸ਼ਾਂ ਰਾਹੀਂ ਦਿੰਦੀ ਰਹੀ ਹੈ।

ਪਿਛਲੇ ਸਮੇਂ ਤੋਂ ਜਿੱਥੇ ਇੱਕ ਪਾਸੇ ਚੀਨ ਦੀ ਰਾਜਕੀ ਸਨਅਤ ਦੀ ਮੁੜਢਲਾਈ ਵਿੱਚ ਤੇਜ਼ੀ ਆਈ ਹੈ ਅਤੇ ਮਜ਼ਦੂਰਾਂ ਤੋਂ ਬਚੀਆਂ-ਖੁਚੀਆਂ ਸਹੂਲਤਾਂ ਵੀ ਖੋਹੀਆਂ ਜਾ ਰਹੀਆਂ ਹਨ, ਉੱਥੇ ਦੂਜੇ ਪਾਸੇ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਵੀ ਤੇਜ਼ੀ ਆਈ ਹੈ। ਚੀਨ ਵਿੱਚ ਸਾਲ 2013 ਦੌਰਾਨ 1200, 2014 ਵਿੱਚ 1300 ਦੇ ਕਰੀਬ ਹੜਤਾਲਾਂ ਅਤੇ ਮੁਜ਼ਾਹਰੇ ਹੋਏ। ਪਿਛਲੇ ਸਾਲ ਇਹ ਗਿਣਤੀ ਵਧ ਕੇ 2726 ‘ਤੇ ਪਹੁੰਚ ਗਈ। ਸਾਲ 2016 ਦੇ ਮੁੱਢਲੇ ਮਹੀਨਿਆਂ ਵਿੱਚ ਹੀ ਲੱਗਭੱਗ 792 ਹੜਤਾਲਾਂ ਅਤੇ ਮੁਜ਼ਾਹਰੇ ਹੋ ਚੁੱਕੇ ਹਨ। ਅਜਿਹਾ ਸ਼ਾਇਦ ਹੀ ਕੋਈ ਖਿੱਤਾ ਹੋਵੇ ਜੋ ਸੰਘਰਸ਼ਾਂ ਤੋਂ ਅਣਛੂਹਿਆ ਹੋਵੇ।

ਮੌਜੂਦਾ ਸੰਕਟ ‘ਚੋਂ ਨਿਕਲਣ ਲਈ ਚੀਨ ਦੀ ਸਰਕਾਰ ਜਿਸ ਤੇਜ਼ੀ ਨਾਲ਼ ਆਰਥਿਕ ਸੁਧਾਰਾਂ ਨੂੰ ਅੰਜ਼ਾਮ ਦੇ ਰਹੀ ਹੈ, ਲਾਜ਼ਮੀ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਮਜ਼ਦੂਰ ਸੰਘਰਸ਼ ਇੱਕ ਵਿਸਫੋਟਕ ਰੂਪ ਧਾਰਨ ਕਰਨਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements