ਦੂਜੀ ਤਿੰਨ ਦਿਨਾਂ ‘ਰਾਏਕੋਟ ਫ਼ਿਲਮ ਮਿਲਣੀ’ ਦਾ ਸਫ਼ਲ ਆਯੋਜਨ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਅਸੀਂ ਇਤਿਹਾਸ ਦੇ ਅਜਿਹੇ ਮੋੜ ‘ਤੇ ਖੜ੍ਹੇ ਹਾਂ ਜਿੱਥੇ ਮਨੁੱਖੀ ਸਮਾਜ ਦੀਆਂ ਆਖ਼ਰੀ ਦੋ ਜਮਾਤਾਂ — ਸਰਮਾਏਦਾਰ ਜਮਾਤ ਅਤੇ ਮਜ਼ਦੂਰ ਜਮਾਤ — ਆਹਮੋ-ਸਾਹਮਣੇ ਹਨ। ਇਹਨਾਂ ਦੋਵਾਂ ਦੀ ਟੱਕਰ ਆਰਥਿਕਤਾ ਤੇ ਸਿਆਸਤ ਵਿੱਚ ਹੀ ਨਹੀਂ ਹੈ ਸਗੋਂ ਕਲਾ, ਸਾਹਿਤ ਤੇ ਸੱਭਿਆਚਾਰ ਸਮੇਤ ਜੀਵਨ ਦੇ ਹਰੇਕ ਵਰਤਾਰੇ ਵਿੱਚ ਹੈ। ਵਿਗਿਆਨ, ਤਕਨੀਕ ਅਤੇ ਕਲਾ ਦੇ ਵਿਕਾਸ ਨਾਲ਼ ਜਿੱਥੇ ਮਨੁੱਖਤਾ ਨੇ ਮਨੁੱਖਾਂ ਦੀਆਂ ਰੋਜ਼ਮੱਰ੍ਹਾ ਦੀਆਂ ਲੋੜਾਂ ਸਮੇਤ ਕਲਾਤਮ ਅਤੇ ਸੁਹਜਾਤਮਕ ਅਨੰਦ ਹਾਸਲ ਕਰਨ ਦੇ ਨਵੇਂ ਰੂਪ, ਨਵੇਂ ਸਾਧਨ ਖੋਜੇ ਹਨ? ਉੱਥੇ ਹੀ ਇਹ ਸਾਧਨ ਸਮਾਜ ਦੀ ਜਮਾਤੀ ਟੱਕਰ ਦਾ ਵੀ ਅਖਾੜਾ ਬਣੇ ਹਨ। ਸਿਨੇਮਾ ਵੀ ਇੱਕ ਅਜਿਹਾ ਹੀ ਸਾਧਨ ਹੈ। ਸਿਨੇਮਾ ਕਲਾਤਮਕ ਤੇ ਸੁਹਜਾਤਮਕ ਅਨੰਦ ਦਾ ਸੋਮਾ ਹੋਣ ਦੇ ਨਾਲ਼-ਨਾਲ਼ ਇਹ ਜਮਾਤੀ ਘੋਲ਼ ਦੇ ਇੱਕ ਹਥਿਆਰ ਵਜੋਂ ਵੀ ਸਾਹਮਣੇ ਆਇਆ ਹੈ। ਮੌਜੂਦਾ ਸਮੇਂ ਭਾਰੂ ਹੈਸੀਅਤ ਵਿੱਚ ਹੋਣ ਕਾਰਨ ਸਿਨੇਮਾ ਵੀ ਮੁੱਖ ਤੌਰ ‘ਤੇ ਸਰਮਾਏਦਾਰਾ ਜਮਾਤ ਦਾ ਵਿਚਾਰਧਾਰਕ ਗਲਬਾ ਕਾਇਮ ਕਰਨ, ਲੋਕਾਂ ਨੂੰ ਭਰਮਾਉਣ, ਮੂਰਖ਼ ਬਣਾਈ ਰੱਖਣ, ਬੀਤੇ ਦੀ ਇਨਕਲਾਬੀ ਵਿਰਾਸਤ ‘ਤੇ ਚਿੱਕੜ ਸੁੱਟਣ ਅਤੇ ਲੋਕਾਂ ਦੇ ਮਨਾਂ ‘ਚ ਸਮਾਜਵਾਦ ਵਿਰੋਧੀ ਵਿਚਾਰ ਭਰਨ ਦਾ ਸਾਧਨ ਹੈ। ਇਸਦੀ ਪਹੁੰਚ ਵਧੇਰੇ ਵਿਆਪਕ ਤੇ ਵਧੇਰੇ ਡੂੰਘੀ ਹੋਣ ਕਾਰਨ ਇਹ ਜ਼ਿਆਦਾ ਅਸਰਦਾਰ ਵੀ ਹੈ। ਕਲਾ ਦੇ ਹੋਰਨਾਂ ਰੂਪਾਂ ਵਾਂਗ ਇਸ ਵਿੱਚ ਵੀ ਅਗਾਂਹਵਧੂ, ਇਨਕਲਾਬੀ ਤੇ ਉੱਚ ਪਾਏ ਦੀਆਂ ਕਲਾਤਮਕ ਫ਼ਿਲਮਾਂ ਵੀ ਬਣੀਆਂ ਹਨ, ਬੇਸ਼ੱਕ ਥੋੜ੍ਹੀ ਗਿਣਤੀ ਵਿੱਚ ਹੀ ਸਹੀ। ਇਸ ਲਈ ਲੋਕਾਂ ਨੂੰ ਸਮਾਜ ਵਿੱਚ ਸਿਨੇਮਾ ਦੀ ਭੂਮਿਕਾ ਦੱਸਣਾ, ਫ਼ਿਲਮਾਂ ਨੂੰ ਅਲੋਚਨਾਮਤਕ ਵਿਵੇਕ ਨਾਲ਼ ਵੇਖਣਾ ਸਿਖਾਉਣਾ, ਤੱਤ ਪੱਖੋਂ ਅਗਾਂਹਵਧੂ, ਇਨਕਲਾਬੀ ਹੋਣ ਦੇ ਨਾਲ਼-ਨਾਲ਼ ਕਲਾਤਮਕ ਪੱਖੋਂ ਵੀ ਉੱਚ ਪਾਏ ਦੀਆਂ ਫ਼ਿਲਮਾਂ ਲੋਕਾਂ ਵਿੱਚ ਲਿਜਾਣਾ ਅਤੇ ਇਸ ਤਰ੍ਹਾਂ ਲੋਕਾਂ ਸਾਮਹਣੇ ਮੌਜੂਦਾ ਸਰਮਾਏਦਾਰਾ ਸਿਨੇਮਾ ਦਾ ਬਦਲ ਪੇਸ਼ ਕਰਨਾ ਮੌਜੂਦਾ ਸਮੇਂ ਵਿੱਚ ਚੱਲ ਰਹੇ ਜਮਾਤੀ ਘੋਲ਼ ਦਾ ਇੱਕ ਅਟੁੱਟ ਅੰਗ ਬਣਦਾ ਹੈ।

ਇਸੇ ਉਦੇਸ਼ ਤਹਿਤ ਬੀਤੀ 11 ਤੋਂ 13 ਸਤੰਬਰ ਤੱਕ ‘ਦ ਪੀਪਲਜ਼ ਵਾਇਸ’ ਵੱਲੋਂ ਸ਼ਹੀਦ ਭਗਤ ਸਿੰਘ ਭਵਨ, ਰਾਏਕੋਟ ਵਿਖੇ ਤਿੰਨ ਦਿਨਾਂ ਫ਼ਿਲਮ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 60 ਦੇ ਕਰੀਬ ਨੌਜਵਾਨਾਂ, ਵਿਦਿਆਰਥੀਆਂ, ਸਮਾਜਕ ਕਾਰਕੁੰਨਾਂ, ਅਧਿਆਪਕਾਂ ਤੇ ਬੁੱਧੀਜੀਵੀਆਂ ਨੇ ਭਾਗ ਲਿਆ। ਫ਼ਿਲਮ ਮਿਲ਼ਣੀ ਦੀ ਸ਼ੁਰੂਆਤ 11 ਸਤੰਬਰ ਨੂੰ ਸਵੇਰੇ 10 ਵਜੇ ਹੋਈ। ਪਹਿਲੇ ਦਿਨ ਦੇ ਪਹਿਲੇ ਸ਼ੈਸ਼ਨ ਵਿੱਚ ਸਭ ਤੋਂ ਪਹਿਲਾਂ ਮਾਰਕਸਵਾਦੀ ਰਸਾਲੇ ‘ਪ੍ਰਤੀਬੱਧ’ ਦੇ ਸੰਪਾਦਕ ਸੁਖਵਿੰਦਰ ਨੇ ‘ਫ਼ਿਲਮ ਮਿਲ਼ਣੀ ਦੇ ਉਦੇਸ਼ ਅਤੇ ਜਮਾਤੀ ਸਮਾਜ ਵਿੱਚ ਸਿਨੇਮਾ ਦੀ ਭੂਮਿਕਾ’ ਬਾਰੇ ਆਪਣੀ ਗੱਲ ਰੱਖੀ। ਇਸ ਮਗਰੋਂ ‘ਦ ਪੀਪਲਜ਼ ਵਾਇਸ’ ਦੇ ਸ਼ੈਲੇਸ਼ ਨੇ ‘ਦ ਪੀਪਲਜ਼ ਵਾਇਸ’ ਦੇ ਸੰਖੇਪ ਇਤਿਹਾਸ, ਇਸਦੇ ਉਦੇਸ਼ ਤੇ ਕੰਮ-ਢੰਗਾਂ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਮਗਰੋਂ ਕ. ਕਸ਼ਮੀਰ ਹੁਣਾਂ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਕਲਾ ਦੇ ਮਹੱਤਵ ਬਾਰੇ ਆਪਣੀ ਗੱਲ ਰੱਖੀ।

ਇਸ ਮਗਰੋਂ ਫ਼ਿਲਮਾਂ ਦਾ ਸ਼ੈਸ਼ਨ ਸ਼ੁਰੂ ਹੋਇਆ, ਪੂਰੇ ਪ੍ਰੋਗਰਾਮ ਨੂੰ ਚਾਰ ਸ਼ੈਸ਼ਨਾਂ — ਦਸਤਾਵੇਜ਼ੀ ਫ਼ਿਲਮ, “ਸਮਾਂਤਰ” ਸਿਨੇਮਾ, ਮੌਜੂਦਾ ਭਾਰਤੀ ਸਿਨੇਮਾ ਅਤੇ ਵਿਸ਼ਵ ਕਲਾਸਿਕ — ਵਿੱਚ ਵੰਡਿਆ ਗਿਆ ਸੀ। ਹਰ ਫ਼ਿਲਮ ਮਗਰੋਂ ਗੱਲਬਾਤ ਦਾ ਦੌਰ ਚੱਲਿਆ ਜਿਸ ਵਿੱਚ ਹਾਜ਼ਰ ਲੋਕਾਂ ਨੇ ਫ਼ਿਲਮਾਂ ‘ਤੇ ਆਪਣੇ ਵਿਚਾਰ ਰੱਖਦਿਆਂ ਗੰਭੀਰ ਵਿਚਾਰ-ਚਰਚਾ ਕੀਤੀ। ਆਖ਼ਰੀ ਦਿਨ ਮਿਤੀ 13 ਸਤੰਬਰ ਨੂੰ ਫ਼ਿਲਮਾਂ ‘ਤੇ ਚਰਚਾ ਮੁੱਕਣ ਮਗਰੋਂ ਹਾਜ਼ਰ ਲੋਕਾਂ ਨੇ ਇਸ ਫ਼ਿਲਮ ਮਿਲ਼ਣੀ ਬਾਰੇ ਆਪਣੇ ਵਿਚਾਰ ਦੱਸੇ। ਜ਼ਿਆਦਾਤਰ ਦੀ ਰਾਏ ਇਹ ਸੀ ਕਿ ਇਹ ਤਜ਼ਰਬਾ ਬੜਾ ਕਾਮਯਾਬ ਰਿਹਾ ਅਤੇ ਉਹਨਾਂ ਨੂੰ ਇਸ ਫ਼ਿਲਮ ਮਿਲ਼ਣੀ ਰਾਹੀਂ ਫ਼ਿਲਮਾਂ ਨੂੰ ਡੂੰਘਾਈ ਨਾਲ਼ ਵੇਖਣ,  ਉਸ ਬਾਰੇ ਕਈ ਪੱਖਾਂ ਤੋਂ ਸੋਚਣ ਅਤੇ ਇਸਦੀਆਂ ਲੁਕੀਆਂ ਤੰਦਾਂ ਫੜਨ ਦੀ ਸੂਝ ਮਿਲ਼ੀ ਹੈ। ਇਸ ਤਰ੍ਹਾਂ ਸਮੂਹਿਕ ਰੂਪ ਵਿੱਚ ਫ਼ਿਲਮਾਂ ਵੇਖਣਾ ਤੇ ਚਰਚਾ ਕਰਨਾ ਹੋਰ ਵੀ ਫਾਇਦੇਮੰਦ ਰਿਹਾ। ਮਜ਼ਦੂਰ ਇਲਾਕਿਆਂ ਅਤੇ ਨੌਜਵਾਨਾਂ ਸਮੇਤ ਹੋਰਾਂ ਮੋਰਚਿਆਂ ‘ਤ ਸਰਗ਼ਰਮ ਸਮਾਜਕ ਕਾਰਕੁੰਨਾਂ ਨੇ ਵੀ ਆਪੋ-ਆਪਣੇ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਅਤੇ ਇਹਨਾਂ ਚੀਜ਼ਾਂ ਨੂੰ ਆਮ ਲੋਕਾਈ ਤੱਕ ਲਿਜਾਣ ਦੀ ਆਪਣੀ ਯੋਜਨਾ ਦੱਸੀ। ਅੰਤ ਵਿੱਚ ‘ਦ ਪੀਪਲਜ਼ ਵਾਇਸ’ ਵੱਲੋਂ ਇਸ ਫ਼ਿਲਮ ਮਿਲ਼ਣੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ।

-ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements