ਦਸਤ-ਏ-ਸਬਾ ਦੀ ਭੂਮਿਕਾ •ਫ਼ੈਜ਼ ਅਹਿਮਦ ਫ਼ੈਜ਼

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਆਪਣੀ ਦੂਸਰੀ ਕਿਤਾਬ ਦਸਤ-ਏ-ਸਬਾ ਦੀ ਇਸ ਭੂਮਿਕਾ ਵਿੱਚ ਫੈਜ਼ ਨੇ ਸਾਹਿਤਕਾਰ ਦੇ ਸਮਾਜ ਨਾਲ਼ ਰਿਸ਼ਤੇ ਬਾਰੇ ਕੁੱਝ ਮਹੱਤਵਪੂਰਨ ਗੱਲਾਂ ਕੀਤੀਆਂ ਹਨ। ਇਸ ਲਈ ਅਸੀਂ ਇਹ ਭੂਮਿਕਾ ਇੱਥੇ ਛਾਪ ਰਹੇ ਹਾਂ। ਇਹ ਭੂਮਿਕਾ ਸੁਰਜੀਤ ਕਲਸੀ ਵੱਲੋਂ ਸੰਪਾਦਤ ਕਿਤਾਬ ਫ਼ੈਜ਼ ਅਹਿਮਦ ਫੈਜ਼ ਦਾ ਕਾਵਿ ਸਾਗਰ ਵਿੱਚੋਂ ਧੰਨਵਾਦ ਸਹਿਤ ਲਈ ਗਈ ਹੈ – ਸੰਪਾਦਕ)

ਇੱਕ ਸਮਾਂ ਹੋਇਆ ਗ਼ਾਲਿਬ ਨੇ ਲਿਖਿਆ ਸੀ ਕਿ ਜਿਹੜੀ ਅੱਖ ਕਤਰੇ ਵਿੱਚ ਦਜਲਾ ਦਰਿਆ ਨਹੀਂ ਵੇਖ ਸਕਦੀ, ਦੇਖਣ ਵਾਲ਼ੀ ਅੱਖ ਨਹੀਂ, ਬੱਚਿਆਂ ਦੀ ਖੇਡ ਹੈ। ਜੇ ਗ਼ਾਲਿਬ ਸਾਡੇ ਸਮਕਾਲੀ ਹੁੰਦੇ ਤਾਂ ਸ਼ਾਇਦ ਕੋਈ ਨਾ ਕੋਈ ਆਲੋਚਕ ਕਹਿ ਦਿੰਦਾ ਕਿ ਗ਼ਾਲਿਬ ਨੇ ਬੱਚਿਆਂ ਦੀ ਖੇਡ ਦਾ ਅਪਮਾਨ ਕੀਤਾ ਹੈ ਜਾਂ ਫਿਰ ਗ਼ਾਲਿਬ ਸਾਹਿਤ ਵਿੱਚ ਪ੍ਰਾਪੇਗੰਡਾ ਦੇ ਹਾਮੀ ਲਗਦੇ ਹਨ। ਕਵੀ ਦੀ ਅੱਖ ਨੂੰ ਕਤਰੇ ਵਿੱਚ ਦਜਲਾ ਦੇਖਣ ਦੀ ਗੱਲ ਕਹਿਣਾ ਸਪੱਸ਼ਟ ਤੌਰ ‘ਤੇ ਪ੍ਰਾਪੇਗੰਡਾ ਹੈ। ਉਸ ਦੀ ਅੱਖ ਨੂੰ ਤਾਂ ਕੇਵਲ ਹੁਸਨ ਨਾਲ਼ ਮਤਲਬ ਹੈ ਅਤੇ ਹੁਸਨ ਜੇ ਇਕ ਬੂੰਦ ਵਿੱਚ ਹੀ ਦਿਸ ਜਾਵੇ ਤਾਂ ਉਹ ਬੂੰਦ ਦਜਲੇ ਦੀ ਹੋਵੇ ਜਾਂ ਗਲ਼ੀ ਦੀ ਗੰਦੀ ਨਾਲ਼ੀ ਦੀ, ਸ਼ਾਇਰ ਨੇ ਉਸ ਤੋਂ ਕੀ ਲੈਣਾ ਹੈ। ਇਹ ਦਜਲਾ ਦੇਖਣਾ ਦਿਖਾਉਣਾ, ਦਾਰਸ਼ਨਿਕ, ਸਿਆਸਤਦਾਨ ਜਾਂ ਆਲਮ ਦਾ ਕੰਮ ਹੋਵੇਗਾ, ਕਵੀ ਦਾ ਨਹੀਂ।

ਜੇ ਇਨ੍ਹਾਂ ਸ਼ਮੀਮਾਨ ਦਾ ਕਹਿਣਾ ਦਰੁਸਤ ਹੁੰਦਾ ਤਾਂ ਇਨ੍ਹਾਂ ਹੁਨਰਮੰਦਾਂ ਦੀ ਆਬਰੂ ਰਹਿੰਦੀ ਜਾਂ ਨਾ ਰਹਿੰਦੀ, ਹੁਨਰਮੰਦਾਂ ਦਾ ਕੰਮ ਬਹੁਤ ਅਸਾਨ ਜ਼ਰੂਰ ਹੋ ਜਾਂਦਾ। ਪਰ ਖੁਸ਼ਕਿਸਮਤੀ ਜਾਂ ਬਦਕਿਸਮਤੀ ਨਾਲ਼ ਅਦਬ ਦੀ ਮੁਹਾਰਤ ਜਾਂ ਕਿਸੇ ਹੋਰ ਹੁਨਰ ਦੀ ਮੁਹਾਰਤ ਬੱਚਿਆਂ ਦੀ ਖੇਡ ਨਹੀਂ ਹੈ। ਇਸ ਲਈ ਤਾਂ ਗ਼ਾਲਿਬ ਦੇ ਦੇਖਣ ਵਾਲ਼ੀ ਅੱਖ ਵੀ ਕਾਫੀ ਨਹੀਂ। ਇਸ ਲਈ ਕਾਫੀ ਨਹੀਂ ਕਿ ਕਵੀ ਨੇ ਬੂੰਦ ਵਿੱਚ ਦਜਲਾ ਦੇਖਣਾ ਹੀ ਨਹੀਂ, ਦਿਖਾਉਣਾ ਵੀ ਹੁੰਦਾ ਹੈ। ਇਸ ਤੋਂ ਇਲਾਵਾ ਜੇ ਗ਼ਾਲਿਬ ਦੇ ਇਸ ਦਜਲੇ ਦੇ ਭਾਵ ਜ਼ਿੰਦਗੀ ਅਤੇ ਦੁਨੀਆਂ ਦੇ ਨਿਜ਼ਾਮ ਨੂੰ ਮੰਨਿਆ ਜਾਵੇ ਤਾਂ ਸਾਹਿਤਕਾਰ ਖ਼ੁਦ ਵੀ ਤਾਂ ਇਸੇ ਦਜਲੇ ਦੀ ਇਕ ਬੂੰਦ ਹੈ। ਇਸ ਦਾ ਅਰਥ ਇਹ ਹੈ ਕਿ ਹੋਰ ਅਣਗਿਣਤ ਬੂੰਦਾਂ ਨਾਲ਼ ਰਲ਼ ਕੇ ਇਸ ਦਰਿਆ ਦੇ ਵਹਿਣ, ਇਸ ਦੇ ਰੂਪ ਅਤੇ ਇਸ ਦੀ ਮੰਜ਼ਿਲ ਨਿਸ਼ਚਿਤ ਕਰਨ ਦੀ ਜ਼ਿੰਮੇਦਾਰੀ ਵੀ ਸਾਹਿਤਕਾਰ ਸਿਰ ਆਉਂਦੀ ਹੈ।

ਜਾਂ ਇਹ ਕਹਿ ਲਉ ਕਿ ਕਵੀ ਦਾ ਕੰਮ ਦਰਸ਼ਕ ਹੋਣਾ ਹੀ ਨਹੀਂ, ਰਿਆਜ਼ਤ ਜਾਂ ਸੰਘਰਸ਼ ਕਰਨਾ ਵੀ ਉਸ ਦਾ ਫਰਜ਼ ਬਣਦਾ ਹੈ। ਆਲ਼ੇ ਦੁਆਲ਼ੇ ਦੀਆਂ ਬੇਚੈਨ ਬੂੰਦਾਂ ਨੂੰ ਆਪਣੀਆਂ ਅੱਖਾਂ ਨਾਲ਼ ਦੇਖਣਾ ਉਸ ਦੀ ਅੱਖ ‘ਤੇ ਨਿਰਭਰ ਕਰਦਾ ਹੈ ਅਤੇ ਇਸ ਨੂੰ ਦੂਜਿਆ ਨੂੰ ਦਿਖਾਉਣਾ, ਉਸ ਦੇ ਵਹਿਣ ਵਿੱਚ ਦਖਲ ਦੇਣਾ ਉਸ ਦੀ ਕਲਾਤਮਕਤਾ, ਉਸ ਦੇ ਸ਼ੌਕ ਅਤੇ ਉਸ ਦੇ ਖੂਨ ਦੀ ਗਰਮੀ ‘ਤੇ ਨਿਰਭਰ ਕਰਦਾ ਹੈ।

ਇਹ ਤਿੰਨੇ ਕੰਮ ਲਗਾਤਾਰ ਮਿਹਨਤ ਅਤੇ ਸੰਘਰਸ਼ ਦੀ ਮੰਗ ਕਰਦੇ ਹਨ।

ਜੀਵਨ ਦੀ ਪ੍ਰਕਿਰਿਆ ਤੇ ਪ੍ਰਣਾਲ਼ੀ ਕਿਸੇ ਤਲਾਅ ਦਾ ਠਹਿਰਿਆ ਹੋਇਆ, ਬੰਨ੍ਹਿਆ ਹੋਇਆ ਪਾਣੀ ਨਹੀਂ ਜਿਸ ਨੂੰ ਦਰਸ਼ਕ ਇੱਕੋ ਤੱਕਣੀ ਨਾਲ ਭਾਂਪ ਸਕੇ। ਦੂਰ ਦੁਰਾਡੇ ਔਝੜ, ਬਿਖੜੇ ਪਹਾੜਾਂ ‘ਤੇ ਬਰਫ਼ਾਂ ਪਿਘਲ਼ਦੀਆਂ ਹਨ, ਚਸ਼ਮੇ ਉੱਬਲ਼ਦੇ ਹਨ, ਨਦੀ ਨਾਲ਼੍ਹੇ ਪੱਥਰਾਂ ਨੂੰ ਚੀਰ ਕੇ, ਚੱਟਾਨਾਂ ਨੂੰ ਪਾੜ ਕੇ ਮਿਲ਼ਦੇ ਹਨ ਅਤੇ ਫਿਰ ਇਹ ਸਾਰਾ ਪਾਣੀ ਰੋੜ੍ਹਦਾ, ਢਾਹੁੰਦਾ, ਵਾਦੀਆਂ, ਜੰਗਲ਼ਾਂ ਤੇ ਮੈਦਾਨਾਂ ਵਿੱਚ ਫੈਲਦਾ ਹੈ। ਜਿਸ ਦੇਖਣ ਵਾਲ਼ੀ ਅੱਖ ਨੇ ਮਨੁੱਖੀ ਜੀਵਨ ਦੇ ਇਹ ਉਤਰਾਅ ਚੜ੍ਹਾ, ਇਹ ਪੜਾਅ ਨਹੀਂ ਦੇਖੇ ਉਹ ਦਜਲਾ ਦਰਿਆ ਕੀ ਦੇਖੇਗੀ। ਕਵੀ ਦੀ ਅੱਖ ਤਾਂ ਇਨ੍ਹਾਂ ਸਾਰੀਆਂ ਥਾਂਵਾਂ ਤੋਂ ਵੀ ਅੱਗੇ ਪਹੁੰਚ ਗਈ ਹੈ। ਪਰ ਜੇ ਇਨ੍ਹਾਂ ਸਾਰਿਆਂ ਦ੍ਰਿਸ਼ਾਂ ਦੇ ਵਰਨਣ ਵਿੱਚ ਉਸ ਦੀ ਅਕਲ ਨੇ, ਸੋਚ ਨੇ, ਕਲਮ ਨੇ ਸਾਥ ਨਾ ਦਿੱਤਾ ਜਾਂ ਉਸ ਦਾ ਸਰੀਰ ਇਸ ਸੰਘਰਸ਼ ਲਈ ਤਿਆਰ ਨਾ ਹੋਇਆ ਤਾਂ ਕਵੀ ਆਪਣੇ ਮਨੋਰਥ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਮੰਨਿਆ ਜਾ ਸਕਦਾ।

ਮੈਂ ਤਾਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਮਨੁੱਖੀ ਜੀਵਨ ਦਾ ਸੰਘਰਸ਼ ਅਤੇ ਇਸ ਵਿੱਚ ਯਥਾਯੋਗ ਭਾਈਵਾਲ ਬਣਨਾ ਸ਼ਾਇਰ ਦੀ ਜ਼ਿੰਦਗੀ ਦਾ ਤਕਾਜ਼ਾ ਹੀ ਨਹੀਂ, ਉਸ ਦੀ ਕਲਾ ਦੀ ਮੰਗ ਵੀ ਹੈ।

ਕਲਾ ਇਸੇ ਜੀਵਨ ਦਾ ਇੱਕ ਪੱਖ ਹੈ। ਇਹ ਤਕਾਜ਼ਾ ਸਦਾ ਕਾਇਮ ਰਹਿੰਦਾ ਹੈ ਇਸ ਲਈ ਕਲਾ ਦੇ ਸੰਘਰਸ਼ ਤੋਂ ਕੋਈ ਛੁਟਕਾਰਾ ਨਹੀਂ, ਇਹ ਤਾਂ ਇਕ ਸਦੀਵੀ ਸੰਘਰਸ਼ ਹੈ, ਇੱਕ ਲਗਾਤਾਰ ਉੱਦਮ ਹੈ।

ਇਸ ਕੋਸ਼ਿਸ਼ ਵਿੱਚ ਸਫਲਤਾ ਜਾਂ ਅਸਫਲਤਾ ਵਿਅਕਤੀਗਤ ਤੌਰ ‘ਤੇ ਨਿਰਭਰ ਕਰਦੀ ਹੈ। ਪਰ ਇਹ ਕੋਸ਼ਿਸ਼ ਕਰਦੇ ਰਹਿਣਾ ਅਤੇ ਲਗਾਤਾਰ ਕਰਦੇ ਰਹਿਣਾ ਸੰਭਵ ਹੀ ਨਹੀਂ, ਹਰ ਤਰ੍ਹਾਂ ਲਾਜ਼ਮੀ ਹੈ।

ਇਹ ਕੁਝ ਪੰਨੇ ਇਸੇ ਪ੍ਰਕਾਰ ਦਾ ਇੱਕ ਉੱਦਮ ਹਨ। ਸੰਭਵ ਹੈ ਕਲਾ ਦੀਆਂ ਮਹਾਨ ਜ਼ਿੰਮੇਦਾਰੀਆਂ ਨਿਭਾਉਂਦਿਆਂ ਕਿਸੇ ਪ੍ਰਕਾਰ ਦੀ ਖ਼ੁਦਪਸੰਦੀ ਦਾ ਕੋਈ ਅੰਸ਼ ਨਿੱਕਲ਼ੇ। ਪਰ ਕੋਸ਼ਿਸ਼ ਕਿੰਨੀ ਵੀ ਨਿਗੂਣੀ ਕਿਉਂ ਨਾ ਹੋਵੇ, ਜ਼ਿੰਦਗੀ ਜਾਂ ਕਲਾ ਤੋਂ ਫਰਾਰ ਅਤੇ ਸ਼ਰਮਸਾਰੀ ਤੋਂ ਉੱਚੀ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements