ਡਾਕਟਰਾਂ ਉੱਤੇ ਲੋਕਾਂ ਦੀ ਖਿੱਝ ਦਾ ਕਾਰਨ – ਇਹ ਸਰਮਾਏਦਾਰੀ ਪ੍ਰਬੰਧ •ਡਾ. ਜਸ਼ਨ ਜੀਦਾ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਰਕਾਰੀ ਮੈਡੀਕਲ ਕਾਲਜ ਥੁਲੇ (ਮਹਾਰਾਸ਼ਟਰ) ਦੇ ਰੈਜੀਡੈਂਟ ਡਾਕਟਰ ਉੱਤੇ ਮਰੀਜ ਦੇ ਰਿਸ਼ਤੇਦਾਰਾਂ ਵੱਲੋਂ ਹਮਲਾ ਕਰਕੇ ਬੁਰੀ ਤਰਾਂ ਫੱਟੜ ਕੀਤੇ ਜਾਣ ਦੇ ਮਸਲੇ ਤੋਂ ਬਾਅਦ ਡਾਕਟਰਾਂ ਦੀ ਸੁਰੱਖਿਆ ਦਾ ਮਸਲਾ ਮਹਾਰਾਸ਼ਟਰ ਵਿੱਚ ਡਾਕਟਰਾਂ ਦੀ ਲਹਿਰ ਵਜੋਂ ਸਾਹਮਣੇ ਆਇਆ ਅਤੇ ਮਹਾਰਾਸ਼ਟਰ ਦੇ 4000 ਰੈਜੀਡੈਂਟ ਡਾਕਟਰ ਹੜਤਾਲ ਉੱਪਰ ਚਲੇ ਗਏ। ਦਿੱਲੀ ਸਮੇਤ ਵੱਖ ਵੱਖ ਰਾਜਾਂ ਦੇ ਡਾਕਟਰਾਂ ਦੀਆਂ ਜਥੇਬੰਦੀਆਂ ਨੇ ਇਸ ਦਾ ਸਮਰਥਨ ਕੀਤਾ। ਇਕ ਵਾਰ ਫਿਰ ਮੀਡੀਆ ਅਤੇ ਬੁਧੀਜੀਵੀਆਂ ਵਿੱਚ ਭਾਰਤ ਦੀਆਂ ਸਿਹਤ ਸਹੂਲਤਾਂ ਤੇ ਡਾਕਟਰਾਂ ਦੇ ਕੰਮ ਦੀਆ ਹਾਲਤਾਂ ਉੱਪਰ ਬਹਿਸ ਚੱਲ ਰਹੀ ਹੈ। ਅਤੇ ਇਸ ਦੀਆਂ ਜੜਾਂ ਨੂੰ ਸਮਝਣ ਲਈ ਇਹ ਦੇਖਣਾ ਪਵੇਗਾ ਕਿ ਇਹ ਵਰਤਾਰਾ ਆਖਰ ਕਿੰਨਾ ਹੈ। ਲੋਕਾਂ ਦਾ ਡਾਕਟਰਾਂ ਪ੍ਰਤੀ ਹਿੰਸਕ ਕਾਰਵਾਈਆਂ ਦਾ ਮਸਲਾ ਸੰਸਾਰਵਿਆਪੀ ਹੈ। ਸੰਸਾਰ ਸਿਹਤ ਸੰਗਠਨ ਦੁਆਰਾ ਵੀ ਇਸ ਉੱਪਰ ਨੋਟਿਸ ਲਿਆ ਗਿਆ ਹੈ। ਯੂਰਪ ਵਿੱਚ ਇਕ ਸਰਵੇ ਦੌਰਾਨ 10 ਵਿੱਚੋਂ 2 ਡਾਕਟਰਾਂ ਨੂੰ ਗੰਭੀਰ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਚੀਨ ਅਤੇ ਅਮਰੀਕਾ ਵਿੱਚ ਵੀ ਡਾਕਟਰਾਂ ਉੱਤੇ ਹਮਲੇ ਪਿਛਲੇ ਕੁਝ ਸਾਲਾਂ ਵਿੱਚ ਵਧਣ ਦੀਆਂ ਰਿਪੋਰਟਾ ਮਿਲ਼ਦੀਆ ਹਨ। ਸਾਡੇ ਦੇਸ਼ ਵਿੱਚ ਇਹ ਹਲਾਤ ਸਭ ਤੋਂ ਜ਼ਿਆਦਾ ਗੰਭੀਰ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ 2015 ਦੇ ਇਕ ਸਰਵੇਖਣ ਦੌਰਾਨ 75% ਡਾਕਟਰ ਕਿਸੇ ਨਾ ਕਿਸੇ ਤਰਾਂ ਦੀ ਹਿੰਸਾ ਦਾ ਸ਼ਿਕਾਰ ਹੋਏ ਹਨ। ਅਤੇ ਪਿਛਲੇ ਕੁਝ ਸਾਲਾਂ ਤੋਂ ਇਹ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿੱਚ 53 ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਹਨਾਂ ਵਿੱਚ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਡਾਕਟਰਾਂ ਨਾਲ਼ ਕੁੱਟ ਮਾਰ ਕੀਤੀ ਗਈ ਹੈ। ਇਸੇ ਸਾਲ 12 ਮਾਰਚ ਤੋਂ ਲੈ ਕੇ 10 ਦਿਨ ਦੇ ਅੰਦਰ ਅੰਦਰ ਗਿਆਰਾ ਘਟਨਾਵਾਂ ਇਸ ਤਰਾਂ ਦੀਆਂ ਵਾਪਰੀਆਂ ਹਨ। ਇਹਨਾਂ ਵਿੱਚ 12 ਮਾਰਚ ਸਰਕਾਰੀ ਮੈਡੀਕਲ ਕਾਲਜ ਥੁਲੇ, 16 ਮਾਰਚ ਸਿਵਲ ਹਸਪਤਾਲ ਨਾਸਿਕ, 16 ਮਾਰਚ ਗੋਇਨ ਹਾਸਪਤਾਲ ਮੁਬੰਈ ਅਤੇ 17 ਮਾਰਚ ਗਾਟੀ ਹਸਪਤਾਲ ਅਰੰਗਾਬਾਦ ਅਤੇ 19 ਮਾਰਚ ਵਾਦੀਆ ਹਸਪਤਾਲ ਮੁਬੰਈ ਸ਼ਾਮਲ ਹੈ। ਡਾਕਟਰਾਂ ਦੀਆਂ ਜਥੇਬੰਦੀਆਂ ਲਗਾਤਾਰ ਡਾਕਟਰਾਂ ਦੀ ਸੁਰੱਖਿਆ ਲਈ ਸੰਘਰਸ਼ ਕਰਦੀਆਂ ਰਹੀਆਂ ਹਨ। ਇਕ ਸਰਵੇਖਣ ਦੌਰਾਨ ਪਾਇਆ ਗਿਆ ਕਿ 50% ਡਾਕਟਰ ਇਸ ਸਮੇਂ ਡਿਪਰੈਸ਼ਨ ਦੀ ਬਿਮਾਰੀ ਦੇ ਸ਼ਿਕਾਰ ਹਨ ਅਤੇ 15% ਡਾਕਟਰਾ ਨੇ ਮੰਨਿਆ ਕਿ ਉਹਨਾਂ ਨੂੰ ਆਤਮ ਹੱਤਿਆ ਦੇ ਖਿਆਲ ਆਉਣ ਵਰਗੇ ਹਲਾਤਾਂ ਚੋ ਗੁਜਰਨਾ ਪਿਆ ਹੈ। 500 ਡਾਕਟਰਾਂ ਦੇ ਇਕ ਸਰਵੇਖਣ ਵਿੱਚੋਂ ਸਾਹਮਣੇ ਆਇਆ ਕਿ 66% ਡਾਕਟਰ ਇਹ ਮੰਨਦੇ ਹਨ ਕਿ  ਉਹਨਾਂ ਨੂੰ ਮਰੀਜਾਂ ਤੋਂ ਬਣਦੀ ਹਮਦਰਦੀ ਤੇ ਭਰੋਸੇਯੋਗਤਾ ਨਹੀਂ ਮਿਲ਼ਦੀ ਲੋਕਾਂ ਦਾ ਡਾਕਟਰਾਂ ਤੋਂ ਉੱਠ ਰਿਹਾ ਭਰੋਸਾ ਅਤੇ ਇਸ ਤਰਾਂ ਦੀਆ ਹਿੰਸਕ ਘਟਨਾਵਾਂ ਦਾ ਕਾਰਨ, ਡਾਕਟਰਾਂ ਦੀ ਲੋਕਾਂ ਤੋ ਬੇਗਾਨਗੀ ਹੈ। ਨੱਬੇ ਦੇ ਦਹਾਕੇ ਵਿੱਚ ਸਰਕਾਰਾਂ ਦੀਆਂ ਨਵਉਦਾਰਵਾਦੀ ਨੀਤੀਆਂ ਨੇ ਸਰਕਾਰਾਂ ਦੇ ਕਲਿਆਣਕਾਰੀ ਰਾਜ ਦੇ ਮਾਡਲ ਨੂੰ ਤੇਜ਼ੀ ਨਾਲ਼ ਖਤਮ ਕਰਨ ਦਾ ਕੰਮ ਸ਼ੁਰੂ ਕੀਤਾ। ਜਨਤਾ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਤੋਂ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ । ਜਿਸਦਾ ਨਤੀਜਾ ਇਹ ਹੋਇਆ ਕਿ ਸਿਹਤ ਖੇਤਰ ਵਿੱਚ ਧੜਾਧੜ ਬਹੁਕੌਮੀ ਕੰਪਨੀਆਂ ਅਤੇ ਨਿਜੀ ਖੇਤਰ ਦਾ ਫੈਲਾਅ ਸ਼ੁਰੂ ਹੋ ਗਿਆ। ਲਗਾਤਾਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ ਅਤੇ ‘ਸਿਹਤ ਦੇ ਅਧਿਕਾਰ’ ਨੂੰ ਦਰ-ਕਿਨਾਰ ਕੀਤਾ ਜਾ ਰਿਹਾ ਹੈ। ਸੰਸਾਰ ਸਿਹਤ ਸੰਗਠਨ ਅਨੁਸਾਰ ਜੀ.ਡੀ.ਪੀ. ਦਾ 4.5% ਸਿਹਤ ਸੇਵਾਵਾਂ ਤੇ ਲਾਉਣਾ ਲਾਜ਼ਮੀ ਹੈ ਪਰ ਸਾਡੇ ਦੇਸ਼ ਵਿੱਚ ਇਹ ਸਿਰਫ 1.2% ਹੈ ਜੋ ਕਿ 2015-16 ਵਿੱਚ ਸਿਰਫ 1.3% ਤੱਕ ਵਧਾਇਆ ਗਿਆ ਹੈ। ਸਰਕਾਰ ਦੇ ਆਪਣੇ ਦਸਤਾਵੇਜ਼ ਨੈਸ਼ਨਲ ਹੈਲਥ ਪਾਲਿਸੀ 2015 ਵਿੱਚ ਬਾਰਵੀਂ ਪੰਜ ਸਾਲਾ ਯੋਜਨਾਂ ਵਿੱਚ 2.5% ਕਰਨਾ ਐਲਾਨਿਆ ਗਿਆ ਸੀ। ਪਰ ਫਿਰ ਵੀ ਇਹ ਭਾਰਤ ਦੇ ਗੁਆਢੀ ਵਿਕਾਸਸ਼ੀਲ ਦੇਸ਼ਾਂ ਤੋਂ ਵੀ ਘੱਟ ਹੈ। ਅੱਜ ਲੋਕਾਂ ਨੂੰ ਇਲਾਜ ਲਈ ਵੱਡੀ ਰਾਸ਼ੀ ਆਪਣੀ ਜੇਬ ਵਿੱਚੋਂ ਖਰਚਣੀ ਪੈ ਰਹੀ ਹੈ। ਡਾਕਟਰੀ ਦੀ ਪੜਾਈ ਤੋਂ ਲੈ ਕੇ ਮੈਡੀਕਲ ਖੇਤਰ ਦੇ ਹਰ ਪਾਸੇ ਪੂੰਜੀ ਦਾ ਬੋਲਬਾਲਾ ਹੈ। ਜਿਸ ਕਾਰਨ ਲੋਕਾਂ ਦਾ ਡਾਕਟਰਾਂ ਪ੍ਰਤੀ ਅਤੇ ਡਾਕਟਰਾਂ ਦਾ ਲੋਕਾਂ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ। ਲੋਕਾਂ ਅਤੇ ਡਾਕਟਰਾਂ ਵਿੱਚ ਵਧ ਰਹੀ ਵਿੱਥ ਦੇ ਕਾਰਨ ਇਸ ਸਰਮਾਏਦਾਰਾ ਪ੍ਰਬੰਧ ਬਾਰੇ ਮਾਰਕਸ ਅਤੇ ਏਂਗਲਜ ਦੇ ਸ਼ਬਦਾਂ ਵਿੱਚੋਂ ਪਤਾ ਲੱਗ ਸਕਦਾ ਹੈ “ਆਦਮੀ ਤੇ ਆਦਮੀ ਵਿਚਾਲੇ ਨੰਗੀ ਚਿੱਟੀ ਖੁਦਗਰਜ਼ੀ, ਭਾਵਨਾਹੀਣ ਨਕਦ ਭੁਗਤਾਨ ਤੋਂ ਛੁੱਟ ਕਿਸੇ ਵੀ ਰਿਸ਼ਤੇ ਨੂੰ ਖਤਮ ਕਰ ਦਿੰਦੀ ਹੈ।”

ਭਾਰਤ ਵਿੱਚ ਇਸ ਸਮੇਂ 10,000 ਲੋਕਾਂ ਪਿੱਛੇ ਇਕ ਡਾਕਟਰ ਹੈ ਪਰ ਵਿਸ਼ਵ ਸਿਹਤ ਸੰਗਠਨ ਦੀਆ ਸਿਫਾਰਸ਼ਾਂ ਨਾਲ਼ ਇਹ ਗਿਣਤੀ 1000 ਲੋਕਾਂ ਪਿੱਛੇ ਇਕ ਡਾਕਟਰ ਹੋਣੀ ਚਾਹੀਦੀ ਹੈ। ਹਸਪਤਾਲਾਂ ਵਿੱਚ ਭਾਰਤ ਵਿੱਚ 3000 ਲੋਕਾਂ ਪਿੱਛੇ ਇੱਕ ਬੈੱਡ ਹੈ। ਸਰਕਾਰੀ ਹਸਪਤਾਲਾਂ ਵਿੱਚ ਪੂਰਾ ਪ੍ਰਬੰਧ ਨਹੀਂ ਹੈ। ਕਈ ਸਰਕਾਰੀ ਹਸਪਤਾਲ ਸਿਰਫ ਸਫੇਦ ਹਾਥੀ ਦਾ ਕੰਮ ਕਰ ਰਹੇ ਹਨ। ਜਨਤਕ ਹਸਪਤਾਲਾਂ ਵਿੱਚ ਕੰਮ ਦਾ ਬੋਝ ਇੰਨਾ ਹੈ ਕਿ ਇਕ ਮੈਡੀਕਲ ਅਫਸਰ ਨੂੰ ਔਸਤ ਹਰ ਦਿਨ 350 ਮਰੀਜ ਦੇਖਣੇ ਪੈਂਦੇ ਹਨ। ਮੈਡੀਕਲ ਕਾਲਜਾਂ ਦੇ ਰੈਜੀਡੈਂਟ ਡਾਕਟਰ 18-20 ਘੰਟੇ ਔਸਤ ਕੰਮ ਕਰਦੇ ਹਨ ਅਤੇ ਇਹ ਸਮਾਂ 36 ਘੰਟੇ ਤੱਕ ਚਲਾ ਜਾਂਦਾ ਹੈ। 1987 ਦੇ ਸੁਪਰੀਮ ਕੋਰਟ ਦੇ ਹੁਕਮਾ ਰਾਹੀ ਇਕ ਰੈਜੀਡੈਂਟ ਡਾਕਟਰ ਦੇ 48 ਘੰਟੇ ਹਰ ਹਫਤੇ ਕੰਮ ਲੈਣਾ ਬਣਦਾ ਹੈ। ਪਰ ਮਹਾਰਾਸ਼ਟਰ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਦੇ ਇਕ ਸਰਵੇਖਣ ਰਾਹੀਂ ਔਸਤ ਇਕ ਰੈਜੀਡੈਂਟ ਡਾਕਟਰ 100 ਘੰਟੇ ਹਰ ਹਫਤੇ ਕੰਮ ਕਰ ਰਿਹਾ ਹੈ। ਇਸ ਦਾ ਨਤੀਜ਼ਾ ਇਹ ਨਿਕਲ਼ਦਾ ਹੈ ਕਿ ਉਹ ਇੰਨੇ ਘੱਟ ਸਮੇਂ ਵਿੱਚ ਅਤੇ ਕੰਮ ਦੇ ਬੋਝ ਕਾਰਨ ਮਰੀਜ ਦੀ ਪੂਰੀ ਤਸੱਲੀ ਨਹੀ ਕਰਵਾ ਪਾਉਂਦੇ। ਸਹੂਲਤਾਂ ਦੀ ਘਾਟ ਅਤੇ ਸੁਚੱਜੇ ਪ੍ਰਬੰਧ ਦੀ ਘਾਟ ਨੂੰ ਇੱਕ ਬਾਪ ਜਿਸਦਾ ਬੱਚਾ ਆਈ. ਸੀ. ਯੂ. ਵਿੱਚ ਬੈੱਡ ਨਾ ਮਿਲ਼ਣ ਕਾਰਨ ਮਾਰਿਆ ਗਿਆ ਦੇ ਬੋਲਾਂ ਰਾਹੀਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ “ਮੈਨੂੰ ਨਹੀ ਪਤਾ ਕਿ ਡਾਕਟਰ ਕਿਸ ਪ੍ਰੈਸ਼ਰ ਵਿੱਚ ਕੰਮ ਕਰਦੇ ਹਨ। ਮੇਰਾ ਬੱਚਾ ਬਚ ਸਕਦਾ ਜੇਕਰ ਉਹ ਧਿਆਨ ਦਿੰਦੇ, ਮੇਰਾ ਬੱਚਾ ਬੈੱਡ ਦੀ ਘਾਟ ਕਾਰਨ ਮਰਿਆ।” 

ਨਿੱਜੀਕਰਨ ਦੇ ਖੇਤਰ ਵਿੱਚ ਲਗਾਤਾਰ ਵਧ ਰਹੀ ਮੁਨਾਫੇ ਦੀ ਦੌੜ ਫਾਰਮਾ ਕੰਪਨੀਆਂ ਅਤੇ ਲੈਬੋਰਟਰੀਆਂ ਤੋ ਮਿਲ਼ਣ ਵਾਲ਼ੇ ਇੰਨਸੈਟਿਵਾਂ ਨਾਲ ਸਰਮਾਏਦਾਰੀ ਦੇ ਇਸ ਦੌਰ ਨੇ ਡਾਕਟਰਾਂ ਲਈ ਕਾਫੀ ਹੱਦ ਤੱਕ ਡਾਕਟਰੀ ਕਿੱਤਾ ਸਿਰਫ ਅੱਯਾਸ਼ ਜ਼ਿੰਦਗੀ ਜਿਉਂਣ ਦਾ ਸਾਧਨ ਬਣਾ ਦਿੱਤਾ ਹੈ। ਸਰਮਾਏਦਾਰੀ ਪ੍ਰਬੰਧ ਵਿੱਚ ਵਧ ਰਹੀ ਸੰਵੇਦਨਹੀਣਤਾ ਅਤੇ ਡਾਕਟਰਾਂ ਅਤੇ ਲੋਕਾਂ ਦਰਮਿਆਨ ਵਧ ਰਹੇ ਟਕਰਾਅ ਕਾਰਨ ਕਾਫੀ ਗਲਤ ਸਿੱਟੇ ਨਿਕਲ਼ ਰਹੇ ਹਨ। ਹਸਪਤਾਲਾਂ ‘ਚ ਵਾਪਰਦੀਆਂ ਹਿੰਸਕ ਘਟਨਾਵਾਂ ਪਿੱਛੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਖਿੱਝ ਅਸਲ ਵਿੱਚ ਇਸ ਮਾੜੇ ਪ੍ਰਬੰਧ ਪ੍ਰਤੀ ਖਿੱਝ ਹੈ। ਇਸ ਸਭ ਕਾਰਨ ਡਾਕਟਰ ਤਣਾਅ ਵਿੱਚ ਕੰਮ ਕਰ ਰਹੇ ਹਨ। ਅਤੇ ਇਸ ਦਾ ਸਿੱਧਾ ਅਸਰ ਡਾਕਟਰਾਂ ਦੀ ਕੰਮ ਕਰਨ ਦੀ ਯੋਗਤਾ ਅਤੇ ਉਸ ਦੀ ਨਿਰਣਾ ਲੈਣ ਦੀ ਯੋਗਤਾ ਉੱਤੇ ਪੈਂਦਾ ਹੈ। ਇਸੇ ਮੁਨਾਫੇ ਖੋਰ ਸਿਸਟਮ ਕਰਕੇ ਅੱਜ ਡਾਕਟਰਾਂ ਦੀ ਆਮ ਜਨਤਾ ਵਿੱਚ ਦਿੱਖ ਇਸ ਤਰਾਂ ਬਣਦੀ ਜਾ ਰਹੀ ਹੈ ਕਿ ਆਮ ਬੋਲਚਾਲ ਵਿੱਚ ਡਾਕਟਰਾਂ ਪ੍ਰਤੀ ‘ਛਿੱਲ ਲਾਉਂਣੀ’ ਅਤੇ ‘ਗਲ ਵੱਡਣਾ’ ਸ਼ਬਦ ਵਰਤੇ ਜਾਦੇਂ ਹਨ। ਜਿਸ ਸਮੇਂ ਬਾਕੀ ਕਈ ਰਾਜਾਂ ਦੇ ਡਾਕਟਰਾਂ ਦੀ ਸੁਰੱਖਿਆ ਵਾਲ਼ੇ ਮਸਲੇ ਤੇ ਹੜਤਾਲ ਚਲ ਰਹੀ ਸੀ ਉਸ ਸਮੇ ਏਮਜ ਦੇ ਡਾਕਟਰਾਂ ਨੇ ਵੀ ਹੈਲਮਟ ਪਾ ਕੇ ਰੋਸ ਪ੍ਰਦਸ਼ਨ ਕੀਤਾ। ਡਾਕਟਰਾਂ ਦੀ ਹੜਤਾਲਾਂ ਹਸਪਤਾਲ ਵਿੱਚ ਸੁਰੱਖਿਆ ਗਾਰਡ ਵਧਾਉਣ ਤੇ ਡਾਕਟਰਾਂ ਦੀ ਸੁਰੱਖਿਆ ਦੇ ਹੋਰ ਸਖ਼ਤ ਕਨੂੰਨ ਬਣਾਉਣ ਜਿਹੀਆਂ ਮੰਗਾਂ ਉੱਪਰ ਕੇਂਦਰਤ ਰਹੀ। ਮਾਹਰਾਸ਼ਟਰ ਹਾਈ ਕੋਰਟ ਨੇ ਡਾਕਟਰਾਂ ਦੀ ਹੜਤਾਲ ਪ੍ਰਤੀ ਇਹ ਪ੍ਰਤੀਕਰਮ ਜਾਹਿਰ ਕੀਤਾ ਕਿ “ਡਾਕਟਰਾਂ ਦੀ ਹੜਤਾਲ ਨਿੰਦਣਯੋਗ ਹੈ। ਸ਼ਰਮ ਆਉਣੀ ਚਾਹੀਦੀ ਹੈ ਕਿ ਡਾਕਟਰ ਫੈਕਟਰੀ ਮਜ਼ਦੂਰਾਂ ਵਾਂਗ ਹੜਤਾਲ ਤੇ ਹਨ। ਜਿਹੜੇ ਡਾਕਟਰ ਹੜਤਾਲ ਤੇ ਹਨ ਉਹ ਡਾਕਟਰੀ ਕਿੱਤੇ ਲਈ ਅਣਫਿੱਟ ਹਨ।” ਕੋਰਟ ਨੇ ਇਸ ਬਿਆਨ ਨਾਲ਼ ਸਿੱਧ ਕਰ ਦਿੱਤਾ ਕਿ ਡਾਕਟਰਾਂ ਦੀ ਇਸ ਸਮੱਸਿਆ ਦਾ ਹੱਲ ਨਿਆਪਾਲਿਕਾ ਕੋਲ ਸੰਭਵ ਨਹੀ ਹੈ ਅਤੇ ਇਸ ਬਿਆਨ ਨੇ ਨਿਆਪਾਲਿਕਾ ਦੇ ਮਜ਼ਦੂਰ ਵਿਰੋਧੀ ਚਿਹਰੇ ਨੂੰ ਨੰਗਾ ਕਰ ਦਿੱਤਾ। ਡਾਕਟਰਾਂ ਦੇ ਇਸ ਸੰਘਰਸ਼ ਨੂੰ ਕੋਰਟ ਨੇ ਮਹਾਰਾਸ਼ਟਰ ਵਿੱਚ 1100 ਸਰੱਖਿਆ ਗਾਰਡ ਦੇਣ ਦੇ ਫੈਸਲੇ ਨਾਲ਼ ਸਮਾਪਤ ਕਰ ਦਿੱਤਾ ਹੈ। ਇਸੇ ਘਟਨਾਕ੍ਰਮ ਕਾਰਨ ਦਿੱਲੀ ਦੇ ਕਈ ਨਾਮਵਰ ਹਸਪਤਾਲਾਂ ਨੇ ਡਾਕਟਰਾਂ ਦੀ ਸੁਰੱਖਿਆ ਲਈ ਬੌਂਸਰ ਰੱਖਣੇ ਸ਼ੁਰੂ ਕਰ ਦਿੱਤੇ ਹਨ ਅਤੇ ਡਾਕਟਰਾਂ ਨੂੰ ਬਕਾਇਦਾ ਸੈਲਫ-ਡਿਫੈਂਸ ਦੀਆਂ ਕਲਾਸਾਂ ਦੇਣੀਆਂ ਸ਼ੁਰੂ ਕਰ ਦਿੱਤੀਆ ਹਨ। ਇਸ ਦੇ ਨਾਲ਼ ਹੀ ਲੋਕਾਂ ਅਤੇ ਡਾਕਟਰਾਂ ਦੇ ਰਿਸ਼ਤੇ ਵਿੱਚ ਨਵਾਂ ਰੰਗ ਭਰਿਆ ਜਾ ਰਿਹਾ ਹੈ। 

ਇਹ ਤਹਿ ਹੈ ਕਿ ਡਾਕਟਰਾਂ ਪ੍ਰਤੀ ਹਿੰਸਾ ਦੇ ਮਸਲੇ ਦਾ ਹੱਲ ਸਿਰਫ ਹਸਪਤਾਲਾਂ ਦੇ ਕੋਰੀਡੋਰਾਂ ਵਿੱਚ ਲੱਗੇ ਸੀ.ਸੀ.ਟੀ ਵੀ ਕੈਮਰੇ ਜਾਂ ਦਰਵਾਜੇ ਤੇ ਖੜਾ ਗਾਰਡ ਨਹੀਂ ਹੋ ਸਕਦਾ ਅਤੇ ਨਾ ਹੀ ਡਾਕਟਰਾਂ ਅਤੇ ਲੋਕਾਂ ਵਿੱਚ ਵਿੱਥ ਨੂੰ ਹੋਰ ਵਧਾ ਕੇ ਇਸ ਮਸਲੇ ਨੂੰ ਕੋਈ ਠੱਲ ਪਵੇਗੀ। ਹਰ ਰੋਗ ਲਈ ‘ਗਊ ਮੂਤਰ’ ਦਾ ਪ੍ਰਚਾਰ ਕਰਨ ਵਾਲ਼ੀ ਸਰਕਾਰ ਤੋਂ ਵੀ ਸਿਹਤ ਸਹੂਲਤਾਂ ਦੀ ਬਿਹਤਰੀ ਦੀ ਉਮੀਦ ਨਹੀ ਰੱਖੀ ਦਾ ਸਕਦੀ। 

ਡਾਕਟਰਾਂ ਅਤੇ ਜਨਤਾ ਦੇ ਵਧ ਰਹੇ ਟਕਰਾਅ ਨੂੰ ਰੋਕਣ ਲਈ ਅਤੇ ਲੋਕਾਂ ਦੇ ਮਨਾਂ ਵਿੱਚੋਂ ਡਾਕਟਰਾਂ ਪ੍ਰਤੀ ਉੱਠ ਰਹੇ ਵਿਸ਼ਵਾਸ ਦੀ ਮੁੜਬਹਾਲੀ ਲਈ ਲਾਜ਼ਮੀ ਹੈ ਕਿ ਡਾਕਟਰ ਅਤੇ ਜਨਤਾ ਇਕ ਪਲੇਟਫਾਰਮ ਤੇ ਆ ਕੇ ‘ਜਨਤਕ ਸਿਹਤ ਸਹੂਲਤਾਂ’ ਦੇ ਹੱਕ ਅਤੇ ‘ਸਿਹਤ ਦੇ ਅਧਿਕਾਰ’ ਲਈ ਮੌਜ਼ੂਦਾ ਸਰਕਾਰਾਂ ਨਾਲ਼ ਸੰਘਰਸ਼ ਕਰਦੇ ਹੋਏ ਇਸ ਸਰਮਾਏਦਾਰੀ ਅਤੇ ਮੁਨਾਫਾਖੋਰ ਪ੍ਰਬੰਧ ਦੇ ਪਾਜ ਉਘਾੜ ਸੁੱਟਣ।

ਜਿੰਨੀ ਦੇਰ ਤੱਕ ਡਾਕਟਰਾਂ ਦੀਆਂ ਜਥੇਬੰਦੀਆਂ ਲੋਕਾਂ ਦਾ ਪੱਖ ਨਹੀ ਮੱਲ਼ਦੀਆਂ ਓਨੀ ਦੇਰ ਡਾਕਟਰਾਂ ਦਾ ਸੰਘਰਸ਼ ਅਧੂਰਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements