ਧੀ ਨੂੰ ਸੰਬੋਦਨ •ਡਾ. ਸੁਰਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਰਜ਼ੀ ਨਾਲ ਤਿਆਰ ਹੋਵੇਂ
ਮੈਨੂੰ ਬਿਨਾ ਦੱਸਿਆਂ ਘਰ ਤੋਂ ਚਲੀ ਜਾਵੇਂ
ਸਹੇਲੀਆਂ ਨਾਲ ਬਜ਼ਾਰ ਦੀ ਗੇੜੀ ਲਾਉਣ ਜਾਂ
ਯੂਨੀਵਰਸਿਟੀ ਦੀ ਕੈਂਟੀਨ ਦੇ ਕੋਲ ਬੈਠ
ਮੁੰਡਿਆਂ ਕੁੜੀਆਂ ਨਾਲ ਗੱਲਾਂ ਮਾਰ ਕੇ ਬਿਤਾ ਦੇਵੇਂ ਸਾਰਾ ਦਿਨ
ਫ਼ਿਰ ਜਦੋਂ ਦੇਰ ਸ਼ਾਮ ਘਰ ਆਵੇਂ ਤਾਂ ਪਿਆਰ ਭਰੀ ਤੱਕਣੀ ਤੇਰਾ ਸਵਾਗਤ ਕਰੇ।
ਮੈਂ ਦੇਖਣਾ ਚਾਹੁੰਨਾ
ਕੀ ਮੈਂ ਤੈਨੂੰ ਪਿਆਰ ਕਰ ਸਕਦਾ ਹਾਂ ਕਿ ਨਹੀਂ
ਜਿਵੇਂ ਮੇਰੀ ਮਾਂ ਕਰਦੀ ਸੀ।
ਤੂੰ ਮਹਾਨ ਬਣਨ ਦੀ ਸ਼ਰਤ ਤੋਂ ਮੁਕਤ
ਆਜ਼ਾਦੀ ਨਾਲ ਵਿਚਰਦੀ ਰਹੇਂ
ਕੁਝ ਮਨ ਮਰਜ਼ੀ ਦਾ ਬਣਨ ਦੀ ਚਾਹਤ ਨਾਲ।
‘ਘਰ’ ਦੀ ਇੱਜ਼ਤ ਦੇ ਬੋਝ ਨੂੰ ਢੋਣ ਦੀ ਜ਼ਿੰਮੇਵਾਰੀ ਤੋਂ ਸੁਰਖ਼ਰੂ
ਤੂੰ ਆਪਣੇ ਦਿਲ ਦੀ ਆਵਾਜ਼ ਮੁਤਾਬਿਕ ਕਰੇਂ ਆਪਣੇ ਫ਼ੈਸਲੇ।
ਬੁਢਾਪੇ ਵਿਚ ਪੁੱਤਰ ਨਾਲੋਂ ਜ਼ਿਆਦਾ ਮੋਹਵੰਤ ਸਾਬਿਤ ਹੋਣ ਤੋਂ ਬਿਨਾਂ
ਗੰਢ ਸਕੇਂ ਬਹੁਤ ਸਾਰੇ ਮੋਹ-ਮੁਹੱਬਤ ਦੇ ਰਿਸਤੇ।
ਮੈਂ ਦੇਖਣਾ ਚਾਹੁੰਦਾ ਹਾਂ।
ਮੈਂ ਫੇਰ ਵੀ ਤੈਨੂੰ ਪਿਆਰ ਕਰ ਸਕਦਾ ਹਾਂ ਕਿ ਨਹੀਂ
ਜਿਵੇਂ ਮੇਰੇ ਮਾਂ ਬਾਪ ਕਰਦੇ ਰਹੇ।
ਲਾਜ-ਸ਼ਰਮ ਦੇ ਗਹਿਣੇ ਲਾਹ ਕੇ ਘਰ ‘ਤੇ ਘਰ ਤੋਂ ਬਾਹਰ
ਆਪਣੇ ਨਾਲ ਹੁੰਦੀਆਂ ਵਧੀਕੀਆਂ ਬਾਰੇ ਬੋਲੇਂ ਹੋ ਕੇ ਬੇਲਿਹਾਜ਼।
ਤੂੰ ਲੜ ਸਕੇਂ ਮਾਂ ਅਤੇ ਪਿਤਾ ਅੰਦਰ ਛੁਪੇ ਮਰਦਾਂ ਨਾਲ
ਧੀਆਂ ਅੰਦਰ ਸਦੀਆਂ ਤੋਂ ਛਹਿ ਕੇ ਬੈਠੀ ਸੋਹਲ-ਸੁੰਦਰ-ਸ਼ਾਲੀਨ ਔਰਤ ਨਾਲ।
ਤੂੰ ਔਰਤ ਦੇ ਬਣੇ ਬਣਾਏ ਸਾਂਚੇ ਨੂੰ ਭੰਨ ਕੇ
ਬਣਾ ਲਵੇਂ ਬੰਦਿਆਈ ਦੀ ਆਪਣੀ ਪਰਿਭਾਸ਼ਾ।
ਤੂੰ ਭੁੱਲ ਜਾਂਵੇ ਔਰਤ-ਮਰਦ ਦਾ ਫ਼ਰਕ
ਸਾਰਾ ਸੰਸਾਰ ਤੇਰਾ ਘਰ ਬਣ ਜਾਵੇ ਤੇ ਸਾਰੀ ਮਨੁੱਖਤਾ ਤੇਰੀ ਮੁਹੱਬਤ।
ਜਦ ਬੋਝ ਬਣਨ ਤਾਂ ਲਾਹ ਸੁੱਟੇਂ ਗਹਿਣੇ ਪਿਆਰ, ਸੁਹਲਪੁਣੇ ਅਤੇ ਸਮਾਈ ਦੇ
ਲੋੜ ਪਵੇਂ ਤਾਂ ਚੁੱਕ ਲਵੇਂ ਹਥਿਆਰ ਹਿਕਾਰਤ, ਬਦਬਖ਼ਤੀ ਤੇ ਲੜਾਈ ਦੇ।
ਮੈਂ ਦੇਖਣਾ ਚਾਹੁੰਦਾ ਹਾਂ।
ਮੈਂ ਫੇਰ ਵੀ ਤੈਨੂੰ ਪਿਆਰ ਕਰ ਸਕਦਾ ਹਾਂ ਕਿ ਨਹੀਂ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements