ਦਹੇਜ਼ ਪ੍ਰਥਾ ਇਕ ਸਮਾਜਿਕ ਕੋਹੜ •ਬਲਜੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦਹੇਜ਼ ਪ੍ਰਥਾ ਸਦੀਆਂ ਤੋਂ ਚੱਲੀ ਆ ਰਹੀ ਰੂੜੀਵਾਦੀ ਪ੍ਰਥਾ ਹੈ। ਜੋ ਅੱਜ ਵੀ ਸਾਡੇ ਸਮਾਜ ਵਿੱਚ ਜੜ੍ਹਾਂ ਜਮਾਈ ਬੈਠੀ ਹੈ। ਲੜਕੀ ਨੂੰ ਉਸਦੇ ਵਿਆਹ ਮੌਕੇ ਉਸਦੇ ਮਾਪਿਆਂ ਵੱਲੋਂ ਮਹਿੰਗੇ ਤੋਹਫੇ, ਗਹਿਣੇ ਤੇ ਧਨ ਦੇਣ ਦਾ ਰਿਵਾਜ਼ ਜਗੀਰਦਾਰੀ ਸਮਾਜ ਦੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਰਾਜੇ-ਰਜਵਾੜੇ ਤੇ ਵੱਡੇ ਜਗੀਰਦਾਰ ਆਪਣੀਆਂ ਲੜਕੀਆਂ ਦੇ ਵਿਆਹ ਤੇ ਇੱਕ ਦੂਜੇ ਤੋਂ ਵਧ-ਚੜ ਕੇ ਦਹੇਜ਼ ਦਿੰਦੇ ਸਨ। ਇਸ ਪਿੱਛੇ ਉਹਨਾਂ ਦੇ ਸਮਾਜਿਕ ਰੁਤਬੇ ਤੇ ਸ਼ਾਨੋ-ਸ਼ੌਕਤ ਦਾ ਪ੍ਰਗਟਾਵਾ ਸੀ। ਨਾ ਸਿਰਫ ਅਮੀਰ ਘਰਾਣੇ ਸਗੋਂ ਆਮ ਲੋਕਾਂ ਵਿੱਚ ਵੀ ਇਹ ਪ੍ਰਥਾ ਮਸ਼ਹੂਰ ਸੀ। ਕਿਉਂਕਿ ਸਮਾਜਿਕ ਦੇ ਨਾਲ਼-ਨਾਲ਼ ਇਹ ਧਾਰਮਿਕ ਰਸਮਾਂ ਨਾਲ਼ ਵੀ ਜੁੜੀ ਹੋਈ ਹੈ। ਹਿੰਦੂ ਤੇ ਮੁਸਲਿਮ ਧਰਮ ਦਹੇਜ਼ ਪ੍ਰਥਾ ਨੂੰ ਮਾਨਤਾ ਦਿੰਦੇ ਹਨ। ਇਸ ਲਈ ਪੁਰਾਣੇ ਸਮੇਂ ਇਹ ਪ੍ਰਥਾ ਲੋਕਾਂ ਦੇ ਜੀਵਨ ਨਾਲ਼ ਸਬੰਧਿਤ ਰਹੀ ਪਰ ਅੱਜ 21ਵੀਂ ਸਦੀ ਵਿੱਚ ਵੀ ਇਹ ਰੂੜੀਵਾਦੀ ਪ੍ਰਥਾ ਲੋਕਾਂ ਦੀ ਮਾਨਸਿਕਤਾ ਅੰਦਰ ਘਰ ਕਰੀ ਬੈਠੀ ਹੈ। ਸਗੋਂ ਪਹਿਲਾਂ ਨਾਲ਼ੋਂ ਵੀ ਘਿਨੌਣਾ ਰੂਪ ਧਾਰਨ ਕਰ ਗਈ ਹੈ। ਕਿਉਂਕਿ ਸਰਮਾਏਦਾਰੀ ਸਮਾਜ ਵਿੱਚ ਹਰ ਚੀਜ਼ ਮੁਨਾਫੇ ਜਾਂ ਵੱਧ ਤੋਂ ਵੱਧ ਧਨ ਇਕੱਤਰ ਕਰਨ ਦੇ ਪੱਖ ਤੋਂ ਦੇਖੀ ਜਾਂਦੀ ਹੈ ਤਾਂ ਵਿਆਹ ਪ੍ਰਣਾਲੀ ਵੀ ਧਨ ਇਕੱਠਾ ਕਰਨ ਦਾ ਸਾਧਨ ਬਣ ਗਈ ਹੈ। ਸਮਾਜ ਦਾ ਹਰ ਤਬਕਾ ਗਰੀਬ, ਅਮੀਰ ਤੇ ਮੱਧ-ਵਰਗ ਵਿਆਹਾਂ ਤੇ ਦਹੇਜ਼ ਦਾ ਲੈਣ-ਦੇਣ ਕਰਦਾ ਹੈ। ਦਾਜ਼-ਦਹੇਜ਼ ਉਹਨਾਂ ਨੂੰ ਸਮਾਜਿਕ ਕੁਰੀਤੀ ਦੇ ਰੂਪ ‘ਚ ਨਜ਼ਰ ਨਹੀਂ ਆਉਂਦਾ ਸਗੋਂ ਮਹੱਤਵਪੂਰਨ ਰਸਮ ਮੰਨਿਆ ਜਾਂਦਾ ਹੈ। ਦੂਜੇ ਪਾਸੇ ਲੜਕੀ ਦੇ ਜਨਮ ਤੋਂ ਹੀ ਪਰਿਵਾਰ ਨੂੰ ਉਸਦੇ ਵਿਆਹ ਦਾ ਫਿਕਰ ਖਾਣ ਲੱਗ ਜਾਂਦਾ ਹੈ। ਇਸੇ ਕਾਰਨ ਲੜਕੀ ਪੈਦਾ ਹੋਣ ‘ਤੇ ਘਰਾਂ ਵਿਚ ਸੋਗ ਦਾ ਮਹੌਲ ਬਣ ਜਾਂਦਾ ਹੈ। ਵਿਆਹ ਤੇ ਦਾਜ਼ ਦੇਣ ਤੋਂ ਬਾਅਦ ਵੀ ਸਹੁਰਿਆਂ ਵੱਲੋਂ ਲਗਾਤਾਰ ਲੜਕੀਆਂ ‘ਤੇ ਹੋਰ ਦਾਜ਼ ਲਿਆਉਣ ਲਈ ਦਬਾ ਪਾਇਆ ਜਾਂਦਾ ਹੈ। ਕੁੱਟ-ਮਾਰ, ਸਰੀਰਕ ਤੇ ਮਾਨਸਿਕ ਹਿੰਸਾ ਕਾਰਨ ਕਈ ਕੁੜੀਆਂ ਆਤਮ-ਹੱਤਿਆ ਕਰ ਲੈਂਦੀਆਂ ਹਨ ਤੇ ਕਈਆਂ ਨੂੰ ਸਹੁਰਿਆਂ ਵੱਲੋਂ ਮਾਰ ਦਿੱਤਾ ਜਾਂਦਾ ਹੈ।

ਕੌਮੀ ਅਪਰਾਧ ਬਿਉਰੋ ਦੇ ਇੱਕ ਸਰਵੇਖਣ ਅਨੁਸਾਰ ਹਰ 90 ਮਿੰਟ ਬਾਅਦ ਇੱਕ ਲੜਕੀ ਨੂੰ ਜਲ੍ਹਾ ਕੇ ਕਤਲ ਕਰ ਦਿੱਤਾ ਜਾਂਦਾ ਹੈ। ਸੰਨ 2010 ਦੇ ਇਕ ਰਿਕਾਰਡ ਮੁਤਾਬਕ ਹਰ ਰੋਜ਼ 20 ਔਰਤਾਂ ਦੀ ਦਹੇਜ਼ ਕਾਰਨ ਮੌਤ ਹੁੰਦੀ ਹੈ। ਮਾਰ-ਕੁੱਟ. ਘਰੋਂ ਕੱਢਣਾ,ਸਰੀਰਕ ਹਿੰਸਾ, ਯੋਨ ਸੋਸ਼ਨ ਤੋਂ ਲੈ ਕੇ ਤੇਜ਼ਾਬ ਪਾ ਦੇਣਾ ਜਾਂ ਜਲ੍ਹਾ ਦੇਣ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ। ਕੌਮੀ ਅਪਰਾਧ ਬਿਉਰੋ ਦੁਅਰਾ ਜਾਰੀ ਕੀਤੀ ਇੱਕ ਹੋਰ ਰਿਪੋਰਟ ਮੁਤਾਬਕ ਲੜਕੀ ਦੇ ਪਤੀ ਜਾਂ ਰਿਸ਼ਤੇਦਾਰਾਂ ਦੁਆਰਾ ਮਾਰਨ ਕੁੱਟਣ ਦੇ 3.48 ਲੱਖ ਕੇਸ ਚੱਲ ਰਹੇ ਹਨ। ਜਿਨ੍ਹਾਂ ਵਿੱਚੋਂ ਸਿਰਫ ਦੱਖਣੀ ਬੰਗਾਲ ਵਿੱਚ 61,254, ਰਾਜਸਥਾਨ ਵਿੱਚ 44,311 ਅਤੇ ਆਂਧਰਾ ਪ੍ਰਦੇਸ਼ ਵਿੱਚ 34,855 ਦਰਜ਼ ਹੋਏ ਹਨ। ਕੌਮੀ ਪਰਿਵਾਰ ਸਿਹਤ ਦੇ ਇੱਕ ਸਰਵੇਖਣ ਦੌਰਾਨ ਅੰਕੜੇ ਸਾਹਮਣੇ ਆਏ ਹਨ ਕਿ ਇਕ ਲੱਖ ਪਿਛੇ 46 ਬਲਾਤਕਾਰ ਲੜਕੀ ਦੇ ਪਤੀ ਤੇ ਉਸਦੇ ਸਹੁਰੇ ਪਰਿਵਾਰ ਦੇ ਹੋਰ ਮਰਦਾਂ ਦੁਆਰਾ ਦਾਜ਼ ਲਈ ਹੋਣ ਵਾਲੀ ਹਿੰਸਾ ਦੌਰਾਨ ਹੁੰਦੇ ਹਨ। ਲੜਕੀਆਂ ਨੂੰ ਨਾ ਸਿਰਫ ਸਰੀਰਿਕ ਸਗੋਂ ਮਾਨਸਿਕ ਤੌਰ ਤੇ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੜਕੀਆਂ ਨੂੰ ਨੌਕਰੀ ਤੇ ਘਰ ਦੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਨਿਮਨ ਵਰਗ ਦੀਆਂ ਔਰਤਾਂ ਨੂੰ ਵੇਚਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ। ਭਾਰਤ ਵਿੱਚ 2007 ਵਿੱਚ 8093 ਮੌਤਾਂ ਦਹੇਜ਼ ਕਾਰਨ ਹੋਈਆਂ, 2008 ਵਿੱਚ 8,172, 2009 ਵਿੱਚ 8,383, 2010 ਵਿੱਚ 8,391, 2011 ਵਿੱਚ 8,618 ਅਤੇ 2012 ਵਿੱਚ 8,022 ਕੁੜੀਆਂ ਨੂੰ ਦਹੇਜ਼ ਦੇ ਲੋਭੀਆਂ ਨੇ ਬਲੀ ਚਾੜ ਦਿੱਤਾ।

ਔਰਤ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਅਨੁਸਾਰ ਧਾਰਾ 304 ਬੀ ਹੇਠ 2012 ਵਿੱਚ 8,233, 2013 ਵਿੱਚ 8,083, 2014 ਵਿੱਚ 8,455 ਕੇਸ ਦਰਜ਼ ਹੋਏ ਹਨ ਅਤੇ ਦਹੇਜ਼ ਵਿਰੋਧੀ ਐਕਟ 1961 ਹੇਠ ਇਹਨਾਂ ਤਿੰਨ ਸਾਲਾਂ ਦੌਰਾਨ ਸਿਲਸਲੇਵਾਰ 2012 ਵਿੱਚ 9,038, 2013 ਵਿੱਚ 10,709, 2014 ਵਿੱਚ 10,050 ਕੇਸ ਦਰਜ਼ ਹੋਏ ਹਨ। ਅੰਕੜਿਆਂ ਅਨੁਸਾਰ ਇਹਨਾਂ ਤਿੰਨ ਸਾਲਾਂ ਵਿੱਚ 25,000 ਮੌਤਾਂ ਦਹੇਜ਼ ਕਾਰਨ ਹੋ ਚੁੱਕੀਆਂ ਹਨ। ਭਾਰਤ ਵਿੱਚ 1 ਲੱਖ ਪਿੱਛੇ 1.4 ਮੌਤਾਂ ਦਹੇਜ਼ ਕਾਰਨ ਕਤਲ ਜਾਂ ਖੁਦਕੁਸ਼ੀ ਦੇ ਰੂਪ ‘ਚ ਹੁੰਦੀਆਂ ਹਨ। 2012 ਤੋਂ 14 ਤੱਕ ਸਿਰਫ ਉੱਤਰ-ਪ੍ਰਦੇਸ਼ ਤੇ ਬਿਹਾਰ ‘ਚ 3,830 ਤੇ ਮੱਧ-ਪ੍ਰਦੇਸ਼ ਵਿੱਚ  22,52 ਮੌਤਾਂ ਹੋਈਆਂ ਹਨ। ਨਾ ਸਿਰਫ ਭਾਰਤ ਸਗੋਂ ਦੂਜੇ ਦੇਸ਼ਾਂ ਜਿਵੇਂ ਪਾਕਿਸਤਾਨ, ਬੰਗਲਾਦੇਸ਼ ਤੇ ਇਰਾਨ ਵਿੱਚ ਵੀ ਇਹ ਸਮੱਸਿਆ ਕਾਫੀ ਗੰਭੀਰ ਰੂਪ ‘ਚ ਹੈ। ਪਾਕਿਸਤਾਨ ਵਿੱਚ 1 ਲੱਖ ਪਿੱਛੇ 2.45 ਮੌਤਾਂ ਤੇ ਬੰਗਲਾਦੇਸ਼ ਵਿੱਚ 1 ਲੱਖ ਪਿੱਛੇ 2.8 ਮੌਤਾਂ ਦਹੇਜ਼ ਕਾਰਨ ਹੁੰਦੀਆਂ ਹਨ।

ਸਾਡੇ ਸਮਾਜ ਵਿੱਚ ਬਹੁਤ ਸਾਰੇ ਜ਼ੁਲਮ ਅਜਿਹੇ ਹਨ ਜਿਨ੍ਹਾਂ ਨੂੰ ਜ਼ੁਲਮ ਮੰਨਿਆ ਹੀ ਨਹੀਂ ਜਾਂਦਾ ਸਗੋਂ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਆਮ ਜਿਹੀ ਗੱਲ ਸਮਝੀ ਜਾਂਦੀ ਹੈ। ਜਿਵੇਂ ਵਿਆਹੁਤਾ ਬਲਾਤਕਾਰ, ਲੜਕੇ ਤੇ ਲੜਕੀ ‘ਚ ਭੇਦ-ਭਾਵ, ਔਰਤਾਂ ਤੇ ਪਬੰਦੀਆਂ ਆਦਿ। ਇਹਨਾਂ ਵਿੱਚੋਂ ਦਹੇਜ਼ ਵੀ ਅਜਿਹੀ ਪ੍ਰਥਾ ਹੈ ਜਿਸ ਨੂੰ ਸਮਾਜ ਨੇ ਕੋਈ ਕੁਰੀਤੀ ਜਾਂ ਔਰਤ ਵਿਰੋਧੀ ਪ੍ਰਥਾ ਮੰਨਣਾ ਸਿੱਖਿਆ ਹੀ ਨਹੀਂ। ਬਚਪਨ ਤੋਂ ਲੜਕੀ ਦੇ ਪਾਲਣ-ਪੋਸ਼ਣ ਸਮੇਂ ਦਹੇਜ਼ ਬਾਰੇ ਗੱਲਾਂ ਘਰਾਂ ਵਿੱਚ ਆਮ ਵਿਸ਼ੇ ਹੁੰਦੇ ਹਨ। ਲੜਕੀਆਂ ਤੇ ਲੜਕਿਆਂ ਦੀ ਮਾਨਸਿਕਤਾ ਅਜਿਹੀ ਬਣਾਈ ਜਾਂਦੀ ਹੈ ਕਿ ਉਹਨਾਂ ਨੂੰ ਦਾਜ਼ ਦਾ ਲੈਣ-ਦੇਣ ਕੋਈ ਓਪਰੀ ਗੱਲ ਨਾ ਲੱਗੇ। ਸਾਡੇ ਸਮਾਜ ਵਿੱਚ ਵੱਧ ਤੋਂ ਵੱਧ ਦਾਜ਼ ਦੇਣਾ ਜਾਂ ਲੈਣਾ ਲੋਕਾਂ ਦੀ ਸ਼ਾਨੋ-ਸ਼ੌਕਤ ਤੇ ਰੁਤਬੇ ਨਾਲ਼ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਪਰ ਦੂਜੇ ਪਾਸੇ ਹਰ ਲੜਕੀ ਦੇ ਪਰਿਵਾਰ (ਖਾਸ ਕਰ ਮੱਧ-ਵਰਗ ਤੇ ਹੇਠਲੇ-ਵਰਗ) ਨੂੰ ਅੰਦਰੋ-ਅੰਦਰੀ ਦਹੇਜ਼ ਦੇਣ ਦੀ ਚਿੰਤਾ ਵੀ ਸਤਾਉਂਦੀ ਹੈ। ਇਸੇ ਲਈ ਲੜਕੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਤੇ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਪੈਦਾ ਹੁੰਦੀਆਂ ਹਨ।

ਦਰਅਸਲ ਸਾਡੇ ਦੇਸ਼ ਅੰਦਰ ਲੜਕੀਆਂ ਦੇ ਜਨਮ ਨੂੰ ਜਾਇਦਾਦ ਦੇ ਨੁਕਸਾਨ ਨਾਲ਼ ਜੋੜ ਕੇ ਦੇਖਿਆ ਜਾਂਦਾ ਹੈ ਤੇ ਦੂਜੇ ਪਾਸੇ ਸਹੁਰਿਆਂ ਵੱਲੋਂ ਧਨ ਇਕੱਠਾ ਕਰਨ ਦੇ ਸਾਧਨ ਵਜੋਂ। ਇਸ ਲਈ ਉਹਨਾਂ ਦੇ ਵਿਅਗਤੀਗਤ ਗੁਣ ਤੇ ਖੂਬੀਆਂ ਦਹੇਜ਼ ਦੀ ਚਮਕ-ਦਮਕ ਪਿੱਛੇ ਲੁਕ ਕੇ ਰਹਿ ਜਾਂਦੇ ਹਨ। ਚੰਗਾ ਪੜ੍ਹਣ-ਲਿਖਣ ਤੋਂ ਬਾਅਦ ਵੀ ਉਹਨਾਂ ਦੇ ਰਿਸ਼ਤੇ ਦਹੇਜ਼ ਨਾਲ਼ ਤੈਅ ਹੁੰਦੇ ਹਨ। ਨਾ ਸਿਰਫ ਵਿਆਹ ਸਮੇਂ ਸਗੋਂ ਸਹੁਰੇ ਪਰਿਵਾਰ ਵਿੱਚ ਕਿਸੇ ਵੀ ਪ੍ਰੋਗਰਾਮ ਜਾਂ ਤਿਉਹਾਰ ਮੌਕੇ ਕੁੜੀ ਦੇ ਪੇਕਿਆਂ ਤੋਂ ਤੋਹਫੇ ਤੇ ਕੀਮਤੀ ਵਸਤਾਂ ਦੀ ਆਸ ਰੱਖੀ ਜਾਂਦੀ ਹੈ। ਕਈ ਪਿੰਡਾਂ ਵਿੱਚ ਤਾਂ ਕੁੜੀ ਦੇ ਪੇਕਿਆਂ ਤੋਂ ਆਏ ਤੋਹਫਿਆਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਜੇਕਰ ਸਹੁਰਿਆਂ ਦੀਆਂ ਆਸਾਂ ਪੂਰੀਆਂ ਨਾ ਹੋਣ ਤਾਂ ਤਾਹਨੇ-ਮੇਹਣੇ ਸ਼ੁਰੂ ਹੁੰਦੇ ਹਨ ਤੇ ਅੱਗੇ ਜਾ ਕੇ ਸਰੀਰਕ ਤੇ ਮਾਨਸਿਕ ਹਿੰਸਾ ਕਤਲ ਤੇ ਖੁਦਕੁਸ਼ੀ ਲਈ ਮਜ਼ਬੂਰ ਕਰ ਦੇਣ ਤੱਕ ਨੌਬਤ ਆ ਜਾਂਦੀ ਹੈ। ਕੁੱਝ ਮਾਮਲਿਆਂ ਵਿੱਚ ਤਲਾਕ ਹੋ ਜਾਂਦਾ ਹੈ। ਤਲਾਕ ਤੋਂ ਬਾਅਦ ਲੜਕੀ ਤੇ ਤੇਜ਼ਾਬ ਸੁੱਟੇ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਹੁਣ ਅਸੀਂ ਇਸ ਦੇ ਹੱਲ ਦੀ ਗੱਲ ਕਰੀਏ ਸਰਕਾਰਾਂ ਨੇ ਇਸ ਬਾਰੇ ਕਈ ਕਨੂੰਨ ਬਣਾਏ ਹਨ ਜਿਵੇਂ …ਦਹੇਜ਼ ਵਿਰੋਧੀ ਕਨੂੰਨ 1961 ਜਿਸ ਅਨੁਸਾਰ ਦਾਜ ਲੈਣ ਜਾਂ ਦੇਣ ਵਾਲੇ ਨੂੰ ਜੁਰਮਾਨਾ ਅਤੇ ਛੇ ਮਹੀਨੇ ਕੈਦ ਦੀ ਸਜ਼ਾ, ਧਾਰਾ 498 ਇੰਡੀਅਨ ਪੈਨਲ ਕੋਡ (1983), ਐਕਟ 2005 ਪ੍ਰਟੈਕਸ਼ਨ ਆਫ ਵੂਮੈਨ ਫਾਰ ਡੋਮੈਸਟਿਕ ਵਾਇਲੈਂਸ (ਦਾਜ਼ ਲਈ ਮਾਰਕੁੱਟ ਤੇ ਤੰਗ ਕਰਨ ਵਿਰੋਧੀ) ਆਦਿ। ਐਕਟ 1961 ਅਨੁਸਾਰ ਲੋਕਾਂ ਵਿੱਚ ਦਹੇਜ਼ ਵਿਰੋਧੀ ਜਾਗ੍ਰਿਤੀ ਲਿਆਉਣ ਲਈ ਵਰਕਸ਼ਾਪ, ਵਿਚਾਰ-ਚਰਚਾ, ਸੈਮੀਨਾਰ, ਲੜਕਿਆਂ ਨੂੰ ਦਾਜ ਨਾ ਲੈਣ ‘ਤੇ ਲੜਕੀਆਂ ਨੂੰ ਦਾਜ਼ ਦੇ ਖਿਲਾਫ ਅਵਾਜ਼ ਚੁੱਕਣ ਲਈ ਤਿਆਰ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਕਰਾਉਂਣ ਦੀ ਗੱਲ ਕੀਤੀ ਗਈ ਸੀ। ਸਿਰਫ ਕੁਝ ਕ ਲੋਕ ਪੱਖੀ ਜਥੇਬੰਦੀਆਂ ਤੋਂ ਬਿਨ੍ਹਾ ਦਹੇਜ਼ ਵਿਰੋਧੀ ਜਾਗਰੁਕਤਾ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਦਹੇਜ ਰੋਕਣ ਲਈ ਬਣਾਏ ਗਏ ਕਨੂੰਨ ਏਨੇ ਕਮਜ਼ੋਰ ਹਨ ਕਿ ਇਹਨਾਂ ਦੇ ਕੇਸ ਕਈ-ਕਈ ਸਾਲ ਲਟਕਦੇ ਰਹਿ ਜਾਂਦੇ ਹਨ। ਦੂਜੇ ਪਾਸੇ ਕਈ ਥਾਵਾਂ ‘ਤੇ ਇਹਨਾਂ ਦੀ ਦੁਰਵਰਤੋ ਵੀ ਹੋ ਰਹੀ ਹੈ।

ਦਹੇਜ਼ ਵਰਗੀਆਂ ਅਲਾਮਤਾਂ ਨੂੰ ਲੋਕਾਂ ਦੀ ਮਾਨਸਿਕਤਾ ‘ਚੋਂ ਕੱਢਣਾ ਕੋਈ ਜਾਦੂ ਦੀ ਛੜੀ ਘੁੰਮਾਉਂਣ ਵਾਲਾ ਕੰਮ ਨਹੀਂ। ਅੱਜ ਦੇ ਸਮਾਜ ‘ਚ ਜਦ ਹਰ ਚੀਜ਼ ਮੁਨਾਫੇ ‘ਤੇ ਧਨ ਇਕੱਠਾ ਕਰਨ ਦੀ ਹੋੜ ‘ਚ ਲੱਗੀ ਹੋਈ ਹੈ ਤਾਂ ਵਿਆਹ ਇਸਤੋਂ ਅਣਛੂਹਿਆ ਕਿਵੇਂ ਰਹਿ ਸਕਦਾ ਹੈ। ਸਮਾਜ ਵਿੱਚ ਜਿਵੇਂ-ਜਿਵੇਂ ਆਰਥਿਕ ਅਸੁਰੱਖਿਆ ਵੱਧਦੀ ਜਾਵੇਗੀ ਓਵੇਂ-ਓਵੇਂ ਇਹ ਬੁਰਾਈਆਂ ਹੋਰ ਤਿੱਖਾ ‘ਤੇ ਭਿਆਨਕ ਰੂਪ ਧਾਰਨ ਕਰਨਗੀਆਂ। ਇਹਨਾਂ ਨੂੰ ਜੜੋਂ ਮੁਕਾਉਣ ਲਈ ਇਹਨਾਂ ਦੇ ਕਾਰਨਾ ਨੂੰ ਜੜੋਂ ਖਤਮ ਕਰਨ ਦੀ ਲੋੜ ਹੈ। ਜੋ ਕਿ ਸਰਮਾਏਦਾਰੀ ਢਾਂਚਾ ਕਰ ਹੀ ਨਹੀਂ ਸਕਦਾ। ਇਸਦਾ ਜੜ੍ਹੋ ਖਾਤਮਾਂ ਤਾਂ ਅਜਿਹੇ ਸਮਾਜ ਵਿੱਚ ਹੀ ਸੰਭਵ ਹੈ ਜਿੱਥੇ ਆਰਥਿਕ ਅਸੁਰੱਖਿਆ ਨਾ ਹੋਵੇ। ਪਰ ਜਦੋਂ ਤੱਕ ਅਜਿਹਾ ਸਮਾਜ ਨਹੀਂ ਬਣਦਾ ਉਦੋਂ ਤੱਕ ਔਰਤਾਂ ਦੀਆਂ ਜਥੇਬੰਦੀਆਂ ਬਣਾਉਣ ਦੀ ਲੋੜ ਹੈ ਤਾਂ ਕਿ ਉਨ੍ਹਾਂ ‘ਤੇ ਹੋਣ ਵਾਲੇ ਅਜਿਹੇ ਜ਼ੁਲਮਾਂ ਦਾ ਉਹ ਇਕਜੁੱਟ ਵਿਰੋਧ ਕਰ ਸਕਣ। ਦੂਜਾ ਸਮਾਜ ਵਿੱਚ ਚੇਤਨਾ ਪੱਧਰ ਨੂੰ ਉੱਚਾ ਚੁੱਕਣ, ਨੈਤਿਕ ਤੇ ਇਨਸਾਨੀ ਕੀਮਤਾਂ ਦਾ ਵੱਡੇ ਪੱਧਰ ‘ਤੇ ਪ੍ਰਚਾਰ-ਪ੍ਰਸਾਰ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ। ਦਹੇਜ਼ ਵਰਗੀਆਂ ਪ੍ਰਥਾਵਾਂ ਦਾ ਜੜੋਂ ਖਾਤਮਾਂ ਕਰਨ ਲਈ ਮਨੁੱਖਤਾ ਪੱਖੀ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ।  

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements