ਧਾਰਮਿਕ ਅੰਧਵਿਸ਼ਵਾਸ਼ ਤੋਂ ਖਹਿੜਾ ਛੁਡਾਉਣ ਦੀ ਲੋੜ •ਪਾਠਕ ਮੰਚ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਵਿੱਚ ਲੋਕਾਂ ਦੀ ਆਪਣੇ-ਆਪਣੇ ਧਰਮ ਪ੍ਰਤੀ ਬਹੁਤ ਹੀ ਅੰਨੀ ਸ਼ਰਧਾ ਦੇਖਣ ਨੂੰ ਮਿਲਦੀ ਹੈ। ਇਸ ਲਈ ਕਿਸੇ ਵੀ ਧਰਮ ਬਾਰੇ ਕਹਿਣਾ ਜਾਂ ਲਿਖਣਾ ਮੌਤ ਨੂੰ ਗਲੇ ਲਗਾਉਣ ਵਾਲ਼ਾ ਕੰਮ ਹੈ। ਵੈਸੇ ਤਾਂ ਧਰਮ ਹਰ ਇੱਕ ਵਿਅਕਤੀ ਦਾ ਨਿੱਜੀ ਮਸਲਾ ਹੈ। ਪਰ ਮੈਂ ਇੱਥੇ ਕਿਸੇ ਇੱਕ ਧਰਮ ਬਾਰੇ ਨਹੀਂ ਸਗੋਂ ਸਾਡੇ ਸਮਾਜ ਵਿੱਚ ਜਿੰਨੇ ਵੀ ਧਰਮ ਹਨ ਉਹਨਾਂ ਸਾਰਿਆਂ ਦੀ ਗੱਲ ਕਰ ਰਹੀ ਹਾਂ। ਇਸ ਲਈ ਮੇਰਾ ਮਕਸਦ ਕਿਸੇ ਦੇ ਮਨ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਮੈਂ ਤਾਂ ਸਿਰਫ਼ ਆਪਣੇ ਵਿਚਾਰ ਤੁਹਾਡੇ ਨਾਲ਼ ਸਾਂਝੇ ਕਰ ਰਹੀ ਹਾਂ।

ਬੀਤੇ ਦਿਨਾਂ ਵਿੱਚ ਮੈਂ ਕਈ ਥਾਵਾਂ ‘ਤੇ ਦੇਖਿਆ ਕਿ ਇੱਕ ਤਿਉਹਾਰ ਲੋਕਾਂ ਨੇ ਬੜੀ ਧੂਮ-ਧਾਮ ਤੇ ਬਹੁਤ ਹੀ ਸ਼ਰਧਾ ਨਾਲ਼ ਮਨਾਇਆ। ਦੇਖ ਕੇ ਬੜਾ ਅਜੀਬ ਜਿਹਾ ਲੱਗਿਆ ਤੇ ਮਨ ਵਿੱਚ ਸਵਾਲ ਉੱਠਿਆ ਕਿ ਇਸ ਤਰ੍ਹਾਂ ਮੂਰਤੀ ਨੂੰ ਪਾਣੀ ‘ਚ ਕਿਉਂ ਤਾਰਦੇ ਹਨ। ਪਹਿਲਾਂ ਤਾਂ ਬੜੀ ਪੂਜਾ ਕਰਦੇ ਨੇ। ਮੈਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ ਜੋ ਕਿ ਇਸ ਦੀ ਪੂਜਾ ਕਰਦੇ ਸੀ ਪਰ ਕਿਸੇ ਨੇ ਵੀ ਸਹੀ ਜਵਾਬ ਨਾ ਦਿੱਤਾ। ਕੋਈ ਕਹਿੰਦਾ ਇਸ ਨੂੰ ਘਰ ਨਹੀਂ ਰੱਖਿਆ ਜਾਂਦਾ, ਕੋਈ ਕਹਿੰਦਾ ਇਸ ਦੀ ਮੂਰਤੀ ਨੂੰ ਘਰ ‘ਚ ਰੱਖਣ ਨਾਲ਼ ਟੁੱਟ ਜਾਂਦੀ ਹੈ। ਕੋਈ ਕੁੱਝ ਕੋਈ ਕੁਝ। ਅਜੀਬ ਜਿਹੇ ਉੱਤਰ ਦਿੰਦੇ ਸੀ। ਫਿਰ ਮੈਂ ਸਵਾਲ ਕੀਤਾ ਕਿ ਬਾਕੀ ਵੀ ਤਾਂ ਮੂਰਤੀਆਂ ਤੁਸੀਂ ਘਰ ‘ਚ ਰੱਖਦੇ ਹੋ। ਉਹਨਾਂ ਨੂੰ ਕੁਝ ਨਹੀਂ ਹੁੰਦਾ ਫਿਰ ਕੋਈ ਜਵਾਬ ਨਹੀਂ। ਖੈਰ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ।

ਇਸ ਸਰਮਾਏਦਾਰੀ ਸਮਾਜ ‘ਚ ਧਰਮ ਦੀ ਓਟ ਵਿੱਚ ਲੋਕਾਂ ਨੂੰ ਕਿੰਨਾ ਮੂਰਖ ਬਣਾਇਆ ਜਾਂਦਾ ਹੈ। ਇਹ ਤਾਂ ਆਪ ਦੇਖ ਹੀ ਸਕਦੇ ਹਾਂ। ਉਹਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਕਿੰਨੀ ਨਿੱਘਰ ਜਾਂਦੀ ਏ। ਉਹਨਾਂ ਨੂੰ ਲੱਗਦਾ ਕਿ ਕੋਈ ਦੈਵੀ ਸ਼ਕਤੀ ਹੈ ਜੋ ਸਾਡੀਆਂ ਸਾਰੀਆਂ ਮੁਸੀਬਤਾਂ, ਗ਼ਰੀਬੀ, ਬੇਰੁਜ਼ਗਾਰੀ ਦੂਰ ਕਰ ਦੇਵੇਗੀ। ਅਸੀਂ ਇੱਕ ਵਧੀਆ ਜ਼ਿੰਦਗੀ ਜੀਅ ਸਕਾਂਗੇ।

ਅਸਲੀ ਮੁੱਦੇ ਜਿਵੇਂ ਕਿ ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਬਲਾਤਕਾਰ ਹੋਰ ਅਨੇਕਾਂ ਕਾਂਡ ਆਦਿ ਮੁੱਦਿਆਂ ਤੋਂ ਭਟਕਾ ਕੇ ਉਹਨਾਂ ਦਾ ਧਿਆਨ ਦੂਸਰੇ ਪਾਸੇ ਲਾਇਆ ਜਾਂਦਾ ਹੈ।

ਹੁਣ ਜ਼ਰਾ ਸੋਚਣ ਵਾਲ਼ੀ ਗੱਲ ਏ ਕਿ ਜੇਕਰ ਇਸ ਦੁਨੀਆਂ ‘ਤੇ ਕੋਈ ਵੀ ਅਜਿਹੀ ਦੈਵੀ-ਸ਼ਕਤੀ ਹੈ ਜਿਸ ਨਾਲ਼ ਸਭ ਕੁਝ ਠੀਕ ਹੋ ਸਕਦਾ ਹੈ ਤਾਂ ਕਿਉਂ ਮਾਸੂਮ ਲੜਕੀਆਂ, ਬੱਚੀਆਂ, ਔਰਤਾਂ ਨਾਲ਼ ਹਰ-ਰੋਜ਼ ਬਲਾਤਕਾਰ ਹੁੰਦੇ ਨੇ? ਕਿਉਂ ਔਰਤ ਨੂੰ ਦਹੇਜ ਦੀ ਬਲੀ ਚਾੜਿਆ ਜਾਂਦਾ ਹੈ? ਕਿਉਂ ਅਨੇਕਾਂ ਟੈਂਪੂ, ਟਰੱਕ, ਬੱਸਾਂ ਭਰ-ਭਰ ਕੇ ਪੂਰੀ ਸ਼ਰਧਾ ਨਾਲ਼ ਆਪਣੇ-ਆਪਣੇ ਧਾਰਮਿਕ ਸਥਾਨਾਂ ‘ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਜਾਂਦੇ ਹਨ ਤੇ ਵਿਚਾਰੇ ਅੱਧ-ਵਿਚਾਲੇ ਹੀ ਮੌਤ ਦੇ ਘਾਟ ਉੱਤਰ ਜਾਂਦੇ ਹਨ। ਪਿਛਲੇ ਦਿਨੀਂ ਮੈਂ ਇੱਕ ਖਬਰ ਪੜ੍ਹੀ। ਵਿਸਰਜਨ ਕਰਨ ਗਏ 20 ਸ਼ਰਧਾਂਲੂਆਂ ਚੋਂ 18 ਵਿਸਰਜਨ ਸਮੇਂ ਵਾਪਰੀ ਦੁਰਘਟਨਾ ਕਾਰਨ ਮਾਰੇ ਗਏ। ਜਦਕਿ ਅਜਿਹੀ ਸਥਿਤੀ ਵਿੱਚ ਤਾਂ ਭਗਵਾਨ ਨੂੰ ਆ ਕੇ ਆਪਣੇ ਸ਼ਰਧਾਲੂਆਂ ਦੀ ਰੱਖਿਆ ਕਰਨੀ ਚਾਹੀਦੀ ਹੈ। ਜਦਕਿ ਅਜਿਹਾ ਕੁਝ ਵੀ ਨਹੀਂ ਹੁੰਦਾ।

ਧਰਮ ਦੇ ਨਾਮ ‘ਤੇ ਕਿੰਨਾ ਕਾਰੋਬਾਰ ਕੀਤਾ ਜਾਂਦਾ ਹੈ। ਇੱਕ ਪਾਸੇ ਤਾਂ ਉਹ ਲੋਕ ਜੋ ਮੰਦਰਾਂ, ਮਸੀਤਾਂ, ਗੁਰਦੁਵਾਰਿਆਂ ‘ਚ ਬੈਠ ਕੇ ਲੋਕਾਂ ਦੀ ਮਿਹਨਤ ‘ਤੇ ਐਸ਼ ਕਰਦੇ ਹਨ। ਸਾਧੂ, ਸੰਤ, ਪੁਜ਼ਾਰੀ ਕਿੰਨੀ ਲੋਕਾਂ ਦੀ ਲੁੱਟ ਕਰਦੇ ਨੇ। ਆਪ ਕਿੰਨੀ ਅਰਬਾਂ ਦੀ ਜਾਇਦਾਦ ਬਣਾ ਲੈਂਦੇ ਨੇ ਅਤੇ ਐਸ਼ੋ-ਅਰਾਮ ਦੀ ਜ਼ਿੰਦਗੀ ਬਤੀਤ ਕਰਦੇ ਨੇ। ਬਿਨ੍ਹਾਂ ਮਿਹਨਤ ਕੀਤੇ। ਦੂਸਰੇ ਪਾਸੇ ਉਹ ਲੋਕ ਜੋ ਦਿਨ-ਰਾਤ ਹੱਡ-ਭੰਨਵੀਂ ਮਿਹਨਤ ਕਰਦੇ ਨੇ ਜਿਹਨਾਂ ਨੂੰ ਇੱਕ ਟਾਇਮ ਦੀ ਰੋਟੀ ਵੀ ਮਸਾ ਹੀ ਨਸੀਬ ਹੁੰਦੀ ਹੈ। ਵੈਸੇ ਤਾਂ ਮਿਹਨਤ ਕਰਨ ਵਾਲ਼ਿਆਂ ਦੀ ਰੋਜ਼ ਹੀ ਲੁੱਟ-ਕਿਸੇ ਨਾ ਕਿਸੇ ਰੂਪ ‘ਚ ਹੁੰਦੀ ਹੀ ਰਹਿੰਦੀ ਹੈ। ਪਰ ਧਰਮ ਦੇ ਸਹਾਰੇ ਸਰਮਾਏਦਾਰਾਂ ਦਾ ਮੁਨਾਫ਼ਾ ਕਮਾਉਣ ਦਾ ਮਕਸਦ ਹੋਰ ਪੂਰਾ ਹੋ ਜਾਂਦਾ ਹੈ। ਧਰਮ ਦੇ ਨਾਮ ‘ਤੇ ਕਿੰਨਾ ਮੁਨਾਫ਼ਾ ਹੁੰਦਾ ਹੈ ਇਸ ਦਾ ਆਪਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ।

ਧਾਰਮਿਕ ਤਿਉਹਾਰਾਂ ‘ਤੇ ਕਿੰਨਾ ਪ੍ਰਦੂਸ਼ਨ ਹੁੰਦਾ ਹੈ। ਪਟਾਕੇ, ਆਤਿਸ਼ਬਾਜ਼ੀਆਂ ਆਦਿ ਜਲਾਏ ਜਾਂਦੇ ਨੇ। ਇਸ ਨਾਲ਼ ਵਾਤਾਵਰਣ ਕਿੰਨਾ ਦੂਸ਼ਿਤ ਹੁੰਦਾ ਹੈ। ਸਾਹ ਲੈਣਾ ਵੀ ਔਖਾ ਹੋ ਜਾਂਦਾ। ਚਾਰੇ ਪਾਸੇ ਧੂੰਆਂ ਹੀ ਧੂੰਆਂ ਹੁੰਦਾ ਹੈ। ਜਿਸ ਨਾਲ਼ ਅਨੇਕਾਂ ਹੀ ਬਿਮਾਰੀਆਂ ਫ਼ੈਲਦੀਆਂ ਹਨ। ਜੋ ਸਮਾਨ ਪੂਜ਼ਾ ਵਿੱਚ ਇਸਤੇਮਾਲ ਕਰਦੇ ਹਨ। ਉਹ ਸਾਰਾ ਨਦੀਆਂ, ਨਹਿਰਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜੋ ਕਿ ਹੜ੍ਹਾਂ ਦਾ ਕਾਰਨ ਬਣਦੇ ਹਨ ਅਤੇ ਪਾਣੀ ਕਿੰਨਾ ਦੂਸ਼ਿਤ ਹੁੰਦਾ ਹੈ। ਇਸ ਨਾਲ਼ ਸਮਾਂ ਵੀ ਕਿੰਨਾ ਬਰਬਾਦ ਹੁੰਦਾ ਹੈ।  

ਸਾਨੂੰ ਪੁਰਾਣੇ ਖ਼ਿਆਲਾਂ ਵਿੱਚੋਂ ਬਾਹਰ ਨਿਕਲ ਕੇ ਸੋਚਣਾ  ਚਾਹੀਦਾ ਹੈ। ਜੇਕਰ ਆਪਾਂ ਇਸ ਤਰ੍ਹਾਂ ਅੰਨ੍ਹੀ ਸ਼ਰਧਾ ‘ਚੋ ਬਾਹਰ ਆ ਕੇ ਇਸ ਤਰ੍ਹਾਂ ਨਹੀਂ ਕਰਦੇ ਤਾਂ ਆਪਾਂ ਸਮਾਜ ਪ੍ਰਤੀ ਆਪਣਾ ਸਹੀ ਨਜ਼ਰੀਆ ਨਹੀਂ ਬਣਾ ਸਕਦੇ।

ਅਸਲੀ ਅਰਥਾਂ ਵਿੱਚ ਤਾਂ ਇਨਸਾਨੀਅਤ ਹੀ ਅਸਲੀ ਧਰਮ ਏ ਅਤੇ ਸਾਨੂੰ ਵੱਧ ਤੋਂ ਵੱਧ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਹੀ ਇੱਕ ਸੱਚੀ ਸੇਵਾ ਹੈ ਜੋ ਸਾਨੂੰ ਖ਼ੁਸ਼ੀ ਵੀ ਦਿੰਦੀ ਹੈ।

– ਜੈਸਮੀਨ, ਲੁਧਿਆਣਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

 

Advertisements