ਧਰਮ ਦੇ ਰੱਥ ‘ਤੇ “ਮਾਰਕਸਵਾਦ” ਨੂੰ ਗੇੜੀਆਂ ਦਿਵਾਉਂਦੇ “ਕਾਮਰੇਡ”! •ਗੁਰਪ੍ਰੀਤ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਦਿਨਾਂ ਵਿੱਚ ਫੇਸਬੁੱਕ ਉੱਪਰ ਇੱਕ ਅਜੀਬੋ-ਗਰੀਬ ਲਾਲ ਝੰਡਾ ਵੇਖਣ ਨੂੰ ਮਿਲ਼ਿਆ। ਇਸ ਵਿੱਚ ਦਾਤੀ-ਹਥੌੜੇ ਦਾ ਨਿਸ਼ਾਨ ਕੁੱਝ ਅਨੋਖਾ ਲੱਗਾ। ਧਿਆਨ ਨਾਲ਼ ਵੇਖਣ ‘ਤੇ ਪਤਾ ਲੱਗਿਆ ਕਿ ਇਸ ਵਿੱਚ ਦਾਤੀ ਨਾਲ਼ ਹਥੌੜੇ ਦੀ ਥਾਂ ਬਾਂਸਰੀ ਸੀ। ਇਕਦਮ ਮਨ ਵਿੱਚ ਇਹ ਸਵਾਲ ਆਇਆ ਕਿ ਇਹ ਲਾਲ ਝੰਡਾ ਕਿਸਦਾ ਹੈ? ਹੋਰ ਘੋਖਣ ‘ਤੇ ਪਤਾ ਲੱਗਿਆ ਕਿ ਇਹ ਝੰਡਾ 1964 ਤੋਂ ਕਮਿਊਨਿਸਟ ਹੋਣ ਦੇ ਨਕਲੀ ਫੱਟੇ ਹੇਠ ਵਿਚਰ ਰਹੀ ਪਾਰਟੀ ਮਾਕਪਾ ਦੇ ਕਾਰਕੁੰਨਾਂ ਦਾ ਬਣਾਇਆ ਹੈ। ਮਾਕਪਾ ਨੇ ਕੇਰਲਾ ਵਿੱਚ ਹਿੰਦੂ ਧਰਮ ਦੇ ਭਗਵਾਨ ਕ੍ਰਿਸ਼ਨ ਦੇ ਜਨਮ ਦੇ ਮੌਕੇ ਜਨਮਆਸ਼ਟਮੀ ਮਨਾਈ ਅਤੇ ਇਹ ਝੰਡਾ ਇਸੇ ਦਾ ਪ੍ਰਤੀਕ ਸੀ। ਮਾਕਪਾ ਵੱਲੋਂ ਮਨਾਈ ਇਸ ਜਨਮਆਸ਼ਟਮੀ ਵਿੱਚ ਕ੍ਰਿਸ਼ਨ ਦੇ ਨਾਲ਼-ਨਾਲ਼ ਕਾਰਲ ਮਾਰਕਸ ਅਤੇ ਮਾਕਪਾ ਦੇ ਗਿੱਟਿਆਂ ਜਿੱਡੇ ਆਗੂ ਹਰਕ੍ਰਿਸ਼ਨ ਸਿੰਘ ਸੁਰਜੀਤ ਦੀਆਂ ਤਸਵੀਰਾਂ ਸਨ। ਇਸ ਤਰ੍ਹਾਂ ਸੋਧਵਾਦੀ ਮਾਕਪਾ ਨੇ ਆਪਣੀਆਂ ਸਿਆਸੀ, ਬੌਧਿਕ ਕਵੱਲੀਆਂ ਦੀਆਂ ਨਵੀਆਂ ਸਿਖਰਾਂ ਨੂੰ ਛੂਹ ਲਿਆ। ਆਪਣੇ ਨਾਮ ਦੀ ਦੁਰਦਸ਼ਾ ਹੁੰਦੀ ਵੇਖ ਕੇ ਕਾਰਲ ਮਾਰਕਸ ਦੀਆਂ ਜਰੂਰ ਤ੍ਰੇਲੀਆਂ ਛੁੱਟ ਜਾਣੀਆਂ ਸਨ। ਇਹ ਘਟਨਾ ਦਿਖਾਉਂਦੀ ਹੈ ਕਿ ਮਾਰਕਸ ਦਾ ਨਾਮ ਲੈਕੇ ਆਪਣੇ ਵੋਟਾਂ ਦੇ ਵਣਜ ਦੀ ਦੁਕਾਨ ਵਾਲੇ ਇਹ ਅਖੌਤੀ ਕਮਿਊਨਿਸਟ ਕਿਸ ਹੱਦ ਤੱਕ ਨਖਿੱਧ,  ਬੇਗੈਰਤ ਤੇ ਹਾਸੋਹੀਣੇ ਹਨ। ਪਾਸ਼ ਤੋਂ ਮਾਫੀ ਮੰਗਦੇ ਹੋਏ ਇਹ ਆਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ:

ਇਹ ਸ਼ਰਮਨਾਕ ਹਾਦਸਾ ਸਾਡੇ ਨਾਲ਼ ਹੀ ਹੋਣਾ ਸੀ
ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਝੰਡੇ ਦੇ ਹਥੌੜੇ ਨੇ
ਬਣ ਜਾਣਾ ਸੀ ਕ੍ਰਿਸ਼ਨ ਦੀ ਬਾਂਸਰੀ
ਤੇ ਮਾਰਕਸ ਦਾ ਸ਼ੇਰ ਵਰਗਾ ਸਿਰ
ਮੰਦਰਾਂ ‘ਚ ਮੱਥੇ ਰਗੜਦਾ ਮਿਲ਼ਣਾ ਸੀ

ਉਂਝ ਤਾਂ ਮਾਕਪਾ 1964 ਵਿੱਚ ਆਪਣੇ ਜਨਮ ਤੋਂ ਹੀ ਸੋਧਵਾਦੀ ਹੈ। ਜਨਮ ਤੋਂ ਹੀ ਨਾ ਤਾਂ ਇਨਕਲਾਬ ਤੇ ਕਮਿਊਨਿਜ਼ਮ ਇਸਦੇ ਏਜੰਡੇ ‘ਤੇ ਸਨ ਤੇ ਨਾ ਹੀ ਭਵਿੱਖ ਵਿੱਚ ਕੋਈ ਸੰਭਾਵਨਾ ਦਿਸਦੀ ਹੈ। ਇਸ ਲਈ ਇਸਦੇ ਜਨਮ ਤੋਂ ਹੀ ਇਸਤੋਂ ਮਾਰਕਸਵਾਦ ਪ੍ਰਤੀ ਕਿਸੇ ਸੰਜੀਦਗੀ, ਗੰਭੀਰਤਾ ਤੇ ਦ੍ਰਿੜਤਾ ਦੀ ਉਮੀਦ ਹੀ ਨਹੀਂ ਰੱਖੀ ਜਾ ਸਕਦੀ। ਇਸਦੇ ਜਨਮ ਤੋਂ ਹੁਣ ਤੱਕ ਦੇ ਇਸਦੇ ਅਮਲ, ਪੱਛਮੀ ਬੰਗਾਲ ਵਿੱਚ 32 ਸਾਲ ਸਰਕਾਰ ਚਲਾਉਣ ਦੇ ਤਜ਼ਰਬੇ, ਸਿੰਗੂਰ ਤੇ ਨੰਦੀਗ੍ਰਾਮ ਦੀ “ਪ੍ਰੋਲੇਤਾਰੀ ਦੀ ਤਾਨਾਸ਼ਾਹੀ” ਜਿਹੇ ਅਨੇਕਾਂ ਕਾਰੇ ਵੀ ਇਸਦੇ ਅਸਲ ਕਿਰਦਾਰ ਨੂੰ ਨੰਗਾ ਕਰਦੇ ਹਨ। ਪਰ ਫੇਰ ਵੀ ਇੱਥੇ ਇਸ ਮੁੱਦੇ ਨੂੰ ਵਿਚਾਰਨ ਦੇ ਦੋ ਕਾਰਨ ਹਨ। ਪਹਿਲਾ ਕਾਰਨ ਤਾਂ ਇਹ ਹੈ ਕਿ ਅੱਜ ਵੀ ਭਾਰਤੀ ਲੋਕਾਂ ਦਾ ਇੱਕ ਠੀਕ-ਠਾਕ ਹਿੱਸਾ ਹਾਲੇ ਵੀ ਮਾਕਪਾ ਨੂੰ ਇੱਕ ਕਮਿਊਨਿਸਟ ਪਾਰਟੀ ਮੰਨਦਾ ਹੈ। ਦੂਜਾ ਕਾਰਨ ਇਹ ਹੈ ਕਿ ਕਈ ਸੰਜੀਦਾ ਮੰਨੇ ਜਾਂਦੇ ਮਾਰਕਸਵਾਦੀਆਂ, ਬੁੱਧੀਜੀਵੀਆਂ, ਜਥੇਬੰਦੀਆਂ ਤੇ ਪਾਰਟੀਆਂ ਵਿੱਚ ਵੀ ਮਾਰਕਸਵਾਦ ਨੂੰ ਧਰਮ ਦੀਆਂ ਜੁੱਤੀਆਂ ਪਵਾ ਭਾਰਤ ਦੀਆਂ ਸੜਕਾਂ ‘ਤੇ ਤੋਰਨ ਦਾ ਰੁਝਾਨ ਹੈ।

ਮਾਰਕਸਕਸਵਾਦ ਇੱਕ ਮੁਕੰਮਲ ਸੰਸਾਰ ਨਜ਼ਰੀਆ ਹੈ ਜਿਸ ਵਿੱਚ ਧਰਮ ਦੇ ਉਲਟ ਕਿਸੇ ਪਰਾਭੌਤਿਕ ਤਾਕਤ ਲਈ ਕੋਈ ਥਾਂ ਨਹੀਂ ਹੈ। ਇਹ ਸੰਸਾਰ ਤੇ ਕੁਦਰਤ ਦੇ ਵਰਤਾਰਿਆਂ ਨੂੰ ਅਬੁੱਝ ਤੇ ਕਿਸੇ ਗੈਬੀ ਤਾਕਤ ਦੇ ਵੱਸ ਨਹੀਂ ਮੰਨਦਾ, ਮਨੁੱਖ ਨੂੰ ਇਹਨਾਂ ਅੱਗੇ ਬੇਵਸ ਨਹੀਂ ਮੰਨਦਾ ਸਗੋਂ ਮਾਰਕਸਵਾਦ ਮੁਤਾਬਕ ਕੁਦਰਤ ਅਤੇ ਸੰਸਾਰ ਦੇ ਵਰਤਾਰਿਆਂ ਦੇ ਆਪਣੇ ਨਿਯਮ ਹਨ ਜਿਨ੍ਹਾਂ ਨੂੰ ਸਮਝ ਕੇ ਕੁਦਰਤ ਤੇ ਸਮਾਜ ਨੂੰ ਮਨੁੱਖਤਾ ਦੀ ਬਿਹਤਰੀ ਦੀ ਦਿਸ਼ਾ ਵਿੱਚ ਢਾਲ਼ਿਆ ਜਾ ਸਕਦਾ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਧਰਮ ਵਿੱਚ ਵਿਚਾਰਵਾਦੀ ਤੇ ਅਧਿਆਤਮਵਾਦੀ ਫਲਸਫਾ ਹੈ ਅਤੇ ਮਾਰਕਸਵਾਦ ਇਸਦੇ ਉਲਟ (ਦਵੰਦਵਾਦੀ) ਪਦਾਰਥਵਾਦੀ ਫਲਸਫਾ ਹੈ। ਇਸ ਲਈ ਨਾ ਤਾਂ ਦੋਵਾਂ ਵਿੱਚ ਕੋਈ ਸਾਂਝ ਹੈ ਤੇ ਨਾ ਹੀ ਦੋਵਾਂ ਵਿੱਚ ਕੋਈ ਏਕਤ ਸੰਭਵ ਹੈ। ਪਰ ਭਾਰਤ ਵਿੱਚ ਉਲਟੀ ਹੀ ਗੰਗਾ ਵਹਿ ਰਹੀ ਹੈ। ਮਾਕਪਾ ਦਾ ਆਵਾ ਕਿੱਥੇ ਤੱਕ ਊਤਿਆ ਪਿਆ ਹੈ ਇਹ ਗੱਲ ਇਸਦ ਸਾਬਕਾ ਸਕੱਤਰ ਪ੍ਰਕਾਸ਼ ਕਰਾਤ ਦੇ ਬਿਆਨ ਤੋਂ ਸਾਫ ਹੋ ਜਾਂਦੀ ਹੈ। ਪ੍ਰਕਾਸ਼ ਕਰਾਤ ਮੁਤਬਾਕ “ਮਾਕਪਾ ਕਿਸੇ ਵੀ ਵਿਅਕਤੀ ਦੇ ਧਾਰਮਿਕ ਵਿਸ਼ਵਾਸ਼ ਨੂੰ ਪਾਰਟੀ ਮੈਂਬਰ ਬਣਨ ਦੇ ਰਾਹ ਵਿੱਚ ਰੋਕ ਨਹੀਂ ਮੰਨਦੀ। ਪਾਰਟੀ ਮੈਂਬਰ ਬਣਨ ਦਾ ਪੈਮਾਨਾ ਸਿਰਫ ਪਾਰਟੀ ਪ੍ਰੋਗਰਾਮ ਤੇ ਸੰਵਿਧਾਨ ਨਾਲ਼ ਸਹਿਮਤੀ ਅਤੇ ਪਾਰਟੀ ਦੇ ਅਨੁਸ਼ਾਸ਼ਨ ਹੇਠ ਕੰਮ ਕਰਨ ਨੂੰ ਪ੍ਰਵਾਨ ਕਰਨਾ ਹੈ।”

ਕਰਾਤ ਦੇ ਉਕਤ ਬਿਆਨ ਤੋਂ ਹੀ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਮਾਕਪਾ ਲਈ ਮਾਰਕਸਵਾਦ ਲੋਕਾਂ ਨੂੰ ਧੋਖਾ ਦੇਣ ਲਈ ਮੁਖੌਟਾ ਹੈ, ਅਸਲ ਵਿੱਚ ਇਹ ਪਾਰਟੀ ਮਾਰਕਸਵਾਦ ਦੀ ਸਮਝ ਤੋਂ ਖੋਖਲੀ ਤੇ ਅਮਲ ਵਿੱਚ ਮਾਰਕਸਵਾਦ ਤੋਂ ਕੋਹਾਂ ਦੂਰ, ਸਗੋਂ ਮਾਰਕਸਵਾਦ ਤੋਂ ਉਲਟ ਵਿਚਰਦੀ ਹੈ। ਜਿੱਥੋਂ ਤੱਕ ਧਰਮ ਦਾ ਸਵਾਲ ਹੈ ਤਾਂ ਆਓ ਦੇਖੀਏ ਲੈਨਿਨ ਦਾ ਇਸ ਬਾਰੇ ਕੀ ਕਹਿਣਾ ਹੈ। ਆਪਣੇ ਇੱਕ ਮਹੱਤਵਪੂਰਨ ਲੇਖ ‘ਸਮਾਜਵਾਦ ਅਤੇ ਧਰਮ’ ਵਿੱਚ ਲੈਨਿਨ ਕਹਿੰਦੇ ਹਨ ਕਿ “ਹਰੇਕ ਜਣੇ ਨੂੰ ਮਨ-ਮਰਜ਼ੀ ਅਨੁਸਾਰ ਕਿਸੇ ਵੀ ਧਰਮ ਜਾਂ ਉਸ ਦੇ ਉਲਟ, ਅਰਥਾਤ ਨਾਸਤਕ ਅਨੀਸ਼ਵਰਵਾਦੀ (ਜੋ ਕਿ ਹਰੇਕ ਸਮਾਜਵਾਦੀ, ਅਸੂਲ ਵਜੋਂ ਹੁੰਦਾ ਹੀ ਹੈ) ਹੋਣ ਦੀ ਸੂਰਤ ਵਿੱਚ, ਪ੍ਰਚਾਰ ਦੀ ਪੂਰਨ ਅਜ਼ਾਦੀ ਹੋਣੀ ਚਾਹੀਦੀ ਹੈ। ਧਰਮ ਦੇ ਅਧਾਰ ‘ਤੇ ਨਾਗਰਿਕਾਂ ਵਿਚਕਾਰ ਵਿਤਕਰਾ ਉੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।” ਇਸ ਵਿਆਖਿਆ ਵਿੱਚ ਹੀ ਉਹ ਅੱਗੇ ਲਿਖਦੇ ਹਨ, “ਜਿਥੋਂ ਤੀਕਰ ਸਮਾਜਵਾਦੀ ਪ੍ਰੋਲੇਤਾਰੀਆਂ ਦੀ ਪਾਰਟੀ ਦਾ ਸਬੰਧ ਹੈ, ਧਰਮ ਇੱਕ ਨਿੱਜੀ ਮਾਮਲਾ ਨਹੀਂ। ਸਾਡੀ ‘ਪਾਰਟੀ’ ਮਿਹਨਤਕਸ਼ ਜਮਾਤ ਦੀ ਅਜ਼ਾਦੀ ਲਈ ਜੂਝਦੇ ਜਮਾਤ-ਚੇਤੰਨ ਤੇ ਪ੍ਰੋਢ ਘੁਲਾਟੀਆਂ ਦਾ ਇਕੱਠ ਜਾਂ ਸਮੂਹ ਹੈ। ਅਜਿਹਾ ਸਮੂਹ ਜਮਾਤੀ-ਚੇਤੰਨਤਾ ਦੀ ਘਾਟ, ਅਤੇ ਧਾਰਮਿਕ ਅਕੀਦਿਆਂ ਦੇ ਰੂਪ ਵਿੱਚ ਗਿਆਨ-ਉੱਨਤੀ-ਵਿਰੋਧ ਜਾਂ ਅਗਿਆਨਤਾ ਨੂੰ ਅੱਖੋਂ-ਪਰੋਖੇ ਨਹੀਂ ਕਰ ਸਕਦਾ ਅਤੇ ਨਾ ਹੀ ਉਸ ਨੂੰ ਇੰਝ ਕਰਨਾ ਚਾਹੀਦਾ ਹੈ।” ਸਾਫ ਹੈ ਕਿ ਪਹਿਲਾ ਹਿੱਸਾ ਆਮ ਨਾਗਰਿਕਾਂ ਲਈ ਹੈ ਜਿੱਥੇ ਹਰ ਕਿਸੇ ਨੂੰ ਮਨ-ਮਰਜੀ ਦਾ ਧਰਮ ਚੁਣਨ ਦੀ ਅਜਾਦੀ ਹੈ, ਪਰ (ਦੂਜੇ ਹਿੱਸੇ ਮੁਤਾਬਕ) ਕਮਿਊਨਿਸਟ ਪਾਰਟੀ ਦੇ ਅੰਦਰ ਧਰਮ ਨੂੰ ਕੋਈ ਛੋਟ ਨਹੀਂ ਹੈ। ਪਰ ਜਨਾਬ ਪ੍ਰਕਾਸ਼ ਕਰਾਤ ਨੇ ਧਰਮ ਦੇ ਸਵਾਲ ‘ਤੇ ਆਮ ਨਾਗਰਿਕਾਂ ਤੇ ਪਾਰਟੀ ਮੈਂਬਰਾਂ ਵਿਚਲਾ ਫਰਕ ਹੀ ਮੇਸ ਦਿੱਤਾ ਹੈ।

ਜਿੱਥੇ ਤੱਕ ਪਾਰਟੀ ਮੈਂਬਰਸ਼ਿਪ ਦਾ ਸਵਾਲ ਹੈ ਤਾਂ ਇਹ ਸਿਰਫ ਪਾਰਟੀ ਪ੍ਰੋਗਰਾਮ ਤੇ ਜਥੇਬੰਦਕ ਢਾਂਚੇ ਦੇ ਅਧਾਰ ‘ਤੇ ਨਹੀਂ ਹੁੰਦੀ ਸਗੋਂ ਇਹਦੇ ਨਾਲ਼ ਵਿਚਾਰਧਾਰਾ ਨਾਲ਼ ਵੀ ਸਹਿਮਤੀ ਲਾਜਮੀ ਸ਼ਰਤ ਹੈ। ਇੱਕ ਖਰੀ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਦਵੰਦਵਾਦੀ ਪਦਾਰਥਵਾਦੀ ਫਲਸਫੇ ‘ਤੇ ਹੀ ਅਧਾਰਤ ਹੋ ਸਕਦੀ ਹੈ ਤੇ ਇਸ ਵਿੱਚ ਧਰਮ ਲਈ ਕੋਈ ਥਾਂ ਨਹੀਂ ਹੈ। ਇੱਥੇ ਵੀ ਪ੍ਰਕਾਸ਼ ਕਰਾਤ ਨੇ ਵਿਚਾਰਧਾਰਾ ਦੇ ਅਹਿਮ ਸਵਾਲ ਨੂੰ ਗੋਲ਼ ਕਰਕੇ ਆਪਣੇ ਸੋਧਵਾਦੀ ਪੈਂਤੜੇ ਦੀ ਨਮੂਨੇ ਦੀ ਪੇਸ਼ਕਾਰੀ ਕੀਤੀ ਹੈ। ਉਂਝ ਮਾਕਪਾ ਦੇ ਧਰਮ ਦੀ ਪੀਂਘ ਝੂਟਣ ਦਾ ਇੱਕ ਕਾਰਨ ਇਹ ਵੀ ਬਣਦਾ ਹੈ ਕਿ ਇਸਦਾ ਵੋਟ ਬੈਂਕ ਲਗਾਤਾਰ ਖੁਰਦਾ ਜਾ ਰਿਹਾ ਹੈ, ਇਸ ਲਈ ਧਰਮ ਦੇ ਨਾਮ ‘ਤੇ ਲੋਕਾਂ ਦੇ ਇੱਕ ਹਿੱਸੇ ਨੂੰ ਆਪਣੇ ਨਾਲ਼ ਜੋੜਨ ਦੀਆਂ ਕੋਸ਼ਿਸ਼ਾਂ ਵਿੱਚ ਹੈ। ਇਸ ਕੋਸ਼ਿਸ਼ ਵਿੱਚ ਇਹ ਫਿਰਕੂ ਸੰਘੀ ਲਾਣੇ ਦੀ ਸ਼ਰੀਕ ਬਣ ਗਈ ਹੈ। ਉਂਝ ਮਾਕਪਾ ਦਾ ਇਹ ਪੈਂਤੜਾ ਵੀ “ਕਮਾਲ” ਹੈ – ਫਿਰਕੂ ਤਾਕਤਾਂ ਨੂੰ ਉਹਨਾਂ ਦੇ ਹਥਿਆਰ ਨਾਲ਼ ਹੀ ਹਰਾਓ। ਧਰਮ ਦੇ ਨਾਮ ‘ਤੇ ਉਹਨਾਂ ਨਾਲ਼ੋਂ ਵੱਧ ਲੋਕਾਂ ਨੂੰ ਨਾਲ਼ ਜੋੜੋ! ਹੁਣ ਦੇਖਣਾ ਇਹ ਹੈ ਕਿ ਅੱਗੇ ਮਾਕਪਾ ਆਪਣੇ ਹਰਕ੍ਰਿਸ਼ਨ ਸਿੰਘ ਸੁਰਜੀਤ ਵਰਗੇ ਆਗੂਆਂ ਦੇ ਮੰਦਰ ਵੀ ਉਸਾਰਦੀ ਹੈ ਜਾਂ ਫੇਰ ਹਿੰਦੂ ਦੇਵਤਿਆਂ ਦੇ ਮੰਦਰਾਂ ਵਿੱਚ “ਕਮਿਊਨਿਸਟ ਪੁਜਾਰੀ” ਸਥਾਪਤ ਕਰਦੀ ਹੈ!

ਭਾਰਤ ਦੀ ਸਿਤਮਜ਼ਰੀਫੀ ਹੈ ਕਿ ਦੇਸ਼ ਵਿੱਚ ਇੱਕ ਮਜ਼ਬੂਤ ਤੇ ਵਿਆਪਕ ਖਰੀ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਇਸ ਵੇਲ਼ੇ ਅਣਹੋਂਦ ਕਾਰਨ ਮਾਕਪਾ ਜਿਹੇ ਸੋਧਵਾਦੀ ਡੱਡੂ ਟਪੂਸੀਆਂ ਮਾਰਦੇ ਫਿਰ ਰਹੇ ਹਨ। ਭਾਰਤ ਵਿਚਲਾ ਇਹ ਸੋਧਵਾਦੀ ਗੰਦ ਸਹੀ ਇਨਕਲਾਬੀ ਲੀਹ ਦੇ ਵਿਕਾਸ ਅਤੇ ਇਨਕਲਾਬੀ ਕਤਾਰਾਂ ਤੇ ਲੋਕਾਂ ਦੀ ਸਿਆਸੀ ਸਿਖਲਾਈ ਦੀ ਪ੍ਰਕਿਰਿਆ ਵਿੱਚ ਹੀ ਹੂੰਝਿਆ ਜਾਣਾ ਹੈ। ਇਹੋ ਮਾਕਪਾ ਸਮੇਤ ਸਭ ਸੋਧਵਾਦੀਆਂ ਦੀ ਇੱਕੋ-ਇੱਕ ਅਟੱਲ ਹੋਣੀ ਹੈ।

ਇੱਥੇ ਇਸ ਮਸਲੇ ਨੂੰ ਵਿਚਾਰਨ ਦੇ ਦੂਜੇ ਕਾਰਨ ਦੀ ਵੀ ਥੋੜੀ ਚਰਚਾ ਕਰ ਲਈਏ। ਭਾਰਤ ਵਿੱਚ ਨਕਲਸਬਾੜੀ ਦੇ ਝੰਡਾਬਰਦਾਰ ਕਮਿਊਨਿਸਟ ਗਰੁੱਪਾਂ, ਪਾਰਟੀਆਂ ਸਮੇਤ ਅਨੇਕਾਂ “ਮਾਰਕਸਵਾਦੀ” ਵਿਦਵਾਨ ਧਰਮ ਨਾਲ਼ ਗੰਢ-ਸੰਢ ਕਰਦੇ ਹੋਏ ਚਲਦੇ ਹਨ। ਆਪਣੇ ਪਛੜੇਵੇਂ ਤੇ ਵਿਚਾਰਧਾਰਕ-ਸਿਆਸੀ ਕੰਗਲੀ ਵਿੱਚੋਂ ਉਹ ਧਰਮ ਹੀ ਨਹੀਂ ਸਗੋਂ ਅਨੇਕਾਂ ਪ੍ਰਕਾਰ ਦੀਆਂ ਗਲ਼ੀਆਂ-ਸੜੀਆਂ ਕਦਰਾਂ-ਕੀਮਤਾਂ ਤੇ ਰਸਮ-ਰਿਵਾਜਾਂ ਨੂੰ ਆਪਣੇ ਘਨੇੜੇ ਚੜਾਈ ਬੈਠੇ ਹਨ। ਇਹਦੇ ਲਈ ਉਹ “ਲੋਕਾਂ ਨਾਲ਼ ਜੁੜਨ” ਦਾ ਘਸਿਆ-ਪਿਟਿਆ ਤੇ ਗਲਤ ਤਰਕ ਦਿੰਦੇ ਹਨ। ਸਾਡੇ ਇਹ “ਕਮਿਊਨਿਸਟ” ਲੋਕਾਂ ਨਾਲ਼ ਜੁੜਨ ਜਾਂ ਉਹਨਾਂ ਨਾਲ਼ੋਂ ਟੁੱਟਣੋਂ ਬਚਣ (!) ਲਈ ਧਰਮ ਸਮੇਤ ਸਭ ਪੁਰਾਣੇ ਗੰਦ ਨੂੰ ਲੋਕਾਂ ਨਾਲ਼ੋਂ ਵੀ ਵੱਧ ਜੱਫਾ ਮਾਰੀ ਬੈਠੇ ਹਨ। ਮਿਸਾਲ ਵਜੋਂ ਪੰਜਾਬ ਵਿੱਚ ਜਿੱਥੇ ਨਵੀਂ ਪੀੜੀ ਸੱਭਿਆਚਾਰਕ ਵਿਕਾਸ ਦੀ ਪ੍ਰਕਿਰਿਆ ਵਿੱਚ ਕਈ ਧਾਰਮਿਕ ਪ੍ਰਤੀਕਾਂ ਨੂੰ ਤੱਜ ਰਹੀ ਹੈ ਉੱਥੇ ਸਾਡੇ “ਕਾਮਰੇਡ” ਲੋਕਾਂ ਨਾਲ਼ ਜੁੜਨ ਲਈ ਸਿਰ ਉੱਪਰ ਧਾਰਮਿਕ ਪ੍ਰਤੀਕਾਂ ਨੂੰ ਸਜਾਈ ਫਿਰਦੇ ਹਨ। ਯੂਰਪ ਦੀ ਸਰਮਾਏਦਾਰ ਜਮਾਤ ਜਦੋਂ ਜਗੀਰਦਾਰੀ ਵਿਰੁੱਧ ਆਪਣੀ ਇਨਕਲਾਬੀ ਭੂਮਿਕਾ ਵਿੱਚ ਸੀ ਤਾਂ ਇਸਦੇ ਦਿਦਰੋ, ਵਾਲਤੇਅਰ, ਰੂਸੋ, ਟਾਮਸ ਪੇਨ ਜਿਹੇ ਨਾਇਕਾਂ ਨੇ ਮੱਧਯੁੱਗ ਦੇ ਧਰਮਾਂ ਵਿਗਿਆਨਕ ਦਲੀਲਾਂ ਦੇ ਅਧਾਰ ‘ਤੇ ਖੂਬ ਪਰਖੱਚੇ ਉਡਾਏ। ਪਰ ਸਾਡੇ “ਮਾਰਕਸਵਾਦੀ” ਇਸ ਮਾਮਲੇ ਵਿੱਚ ਇਹਨਾਂ ਜਮਹੂਰੀ ਇਨਕਲਾਬੀਆਂ ਨਾਲ਼ੋਂ ਵੀ ਪਿੱਛੇ ਖੜੇ ਨਜਰ ਆਉਂਦੇ ਹਨ। ਇਹ ਵੀ ਇਤਿਹਾਸਕ ਤੱਥ ਹੈ ਕਿ ਯੂਰਪ ਵਿੱਚ ਧਰਮ ਸੁਧਾਰ ਲਹਿਰਾਂ ਹੇਠ ਉਸ ਵੇਲੇ ਦੀ ਰਾਜਾਸ਼ਾਹੀ ਵਿਰੁੱਧ ਅਨੇਕਾਂ ਕਿਸਾਨ ਵਿਦਰੋਹ ਵੀ ਉੱਠਦੇ ਰਹੇ ਹਨ ਜਦਕਿ ਭਾਰਤ ਵਿੱਚ ਕਿਸੇ ਵੀ ਧਰਮ ਦੇ ਝੰਡੇ ਹੇਠ ਕਦੇ ਕੋਈ ਵਿਆਪਕ ਕਿਸਾਨ ਵਿਦਰੋਹ ਨਹੀਂ ਉੱਠੇ ਸਗੋਂ ਧਰਮਾਂ, ਜਾਤਾਂ ਦੀਆਂ ਵੰਡੀਆਂ ਲੋਕਾਂ ਨੂੰ ਇੱਕਜੁੱਟ ਹੋਣੋਂ ਰੋਕਦੀਆਂ ਰਹੀਆਂ। ਇਹਨਾਂ ਅਰਥਾਂ ਵਿੱਚ ਯੂਰਪ ਦੀਆਂ ਧਰਮ ਸੁਧਾਰ ਲਹਿਰਾਂ ਵੀ ਭਾਰਤ ਦੀਆਂ ਸਭੇ ਧਾਰਮਿਕ ਲਹਿਰਾਂ ਨਾਲ਼ੋਂ ਅਗਾਂਹਵਧੂ ਸਨ। ਪਰ ਇਸਦੇ ਬਾਵਜੂਦ ਕਦੇ ਵੀ ਮਾਰਕਸ, ਏਂਗਲਜ਼, ਲੈਨਿਨ ਜਾਂ ਹੋਰ ਮਾਰਕਸਵਾਦੀਆਂ ਨੇ ਕਦੇ ਵੀ ਇਹਨਾਂ ਨੂੰ ਆਪਣੀ ਵਿਰਾਸਤ ਨਹੀਂ ਮੰਨਿਆ ਤੇ ਨਾ ਹੀ ਕਦੇ ਇਹਨਾਂ ਵਿੱਚੋਂ ਕਦੇ ਪ੍ਰੇਰਣਾ ਲੈਣ ਦੀ ਗੱਲ ਕੀਤੀ। ਪਰ ਸਾਡੇ “ਮਾਰਕਸਵਾਦੀਆਂ” ਨੂੰ ਮਾਰਕਸਵਾਦ ਦੇ ਬਾਨੀਆਂ ਨਾਲ਼ੋਂ ਵੀ ਅੱਗੇ ਵਧਦੇ ਹੋਏ ਬਹੁਤ ਪਿੱਛੇ ਖੜੀਆਂ ਧਾਰਮਿਕ ਲਹਿਰਾਂ ਨੂੰ ਵਿੱਚ ਵੀ “ਇਨਕਲਾਬੀ ਤੱਤ” ਨਜ਼ਰ ਆਉਂਦੇ ਹਨ। ਉਹ ਵੱਖਰੀ ਗੱਲ ਹੈ ਕਿ ਇਹਨਾਂ “ਇਨਕਲਾਬੀ ਤੱਤਾਂ” ਉੱਤੇ ਕਿਸੇ ਵੀ ਸੰਜੀਦਾ ਮਾਰਕਸਵਾਦੀ ਪੜਚੋਲ ਜਾਂ ਬਹਿਸ-ਵਟਾਂਦਰੇ ਵੇਲ਼ੇ ਇਹਨਾਂ ਦੇ ਮੂੰਹਾਂ ਉੱਤੇ ਸਿੱਕਰੀ ਉੱਗ ਆਉਂਦੀ ਹੈ ਤੇ ਹੱਥਾਂ ਨੂੰ ਲਕਵਾ ਮਾਰ ਜਾਂਦਾ ਹੈ।

ਸਾਡੇ “ਮਾਰਕਸਵਾਦੀ” ਇਹ ਛੋਟੀ ਜਿਹੀ ਗੱਲ ਨਹੀਂ ਸਮਝਦੇ ਕਿ ਧਰਮ ਤੋਂ ਠੇਕੇ ‘ਤੇ ਜਮੀਨ ਲੈਕੇ ਖੇਤੀ ਕਰਨ ਨਾਲ਼ ਉਸ ਵਿੱਚੋਂ ਇਨਕਲਾਬ ਦੀ ਫਸਲ ਨਹੀਂ ਉੱਗਣੀ, ਹਾਂ ਧਰਮ ਨੇ ਆਪਣੇ ਪਿਛਾਖੜੀ ਕਰਮਾਂ ਲਈ ਇਸ “ਇਨਕਲਾਬੀ” ਖੇਤੀ ਵਿੱਚੋਂ ਵੀ ਆਪਣਾ ਹਿੱਸਾ ਹਰ ਹੀਲੇ ਬਟੋਰ ਲੈਣਾ ਹੈ। ਪੰਜਾਬ ਵਿੱਚ ’70ਵਿਆਂ ਦੀ ਇਨਕਲਾਬੀ ਲਹਿਰ ਦਾ ਵੱਡਾ ਹਿੱਸਾ 80ਵਿਆਂ ਦੇ ਆਉਂਦੇ-ਆਉਂਦੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾਉਣ ਲੱਗ ਪਿਆ ਸੀ। ਪਰ ਸਾਡੇ “ਅਮਲਾਂ ਨਾਲ਼ ਹੋਣਗੇ ਨਿਬੇੜੇ” ਦੀ ਤੋਤਾ ਰਟ ਲਾਈ ਰੱਖਣ ਵਾਲ਼ੇ ਇਹ ਭੋਲ਼ੇ ਮਾਰਕਸਵਾਦੀ ਉਪਰੋਕਤ ਅਮਲ ਦਾ ਕੋਈ ਨਿਚੋੜ ਕੱਢਣ ਤੇ ਉਸਤੋਂ ਕੁੱਝ ਸਿੱਖਣ ਲਈ ਹਾਲੇ ਵੀ ਤਿਆਰ ਨਹੀਂ ਹਨ। ਭਾਰਤ ਇੱਕ ਪਛੜਿਆ ਸਰਮਾਏਦਾਰਾ ਮੁਲਕ ਹੈ ਜਿਸ ਵਿੱਚ ਮੱਧਯੁਗੀ ਕਦਰਾਂ-ਕੀਮਤਾਂ ਤੇ ਪਿਛਾਖੜੀ ਵਿਚਾਰਾਂ ਦੀ ਜ਼ਮੀਨ ਬਹੁਤ ਜਰਖੇਜ਼ ਹੈ ਤੇ ਇੱਥੇ ਫਿਰਕੂ ਤਾਕਤਾਂ ਵੱਲੋਂ ਇੰਨਾ ਲਹੂ ਵਹਾਏ ਜਾਣ ਮਗਰੋਂ ਹੁਣ ਫਿਰਕੂ-ਫਾਸੀਵਾਦ ਦਾ ਪਹਿਲਾਂ ਦੇ ਸਮਿਆਂ ਨਾਲ਼ੋਂ ਵੀ ਵੱਧ ਹੈ। ਅਜਿਹੇ ਮਹੌਲ ਵਿੱਚ ਧਰਮ ਨਾਲ਼ ਕੋਈ ਗੰਢ-ਸੰਢ ਕਰਨੀ, ਉਸ ਪ੍ਰਤੀ ਸਮਝੌਤਾਪ੍ਰਸਤ ਰਵੱਈਆ ਅਪਣਾਉਣਾ ਤੇ ਇਸਤੋਂ ਵੀ ਵਧਕੇ ਲੋਕਾਂ ਨਾਲ਼ “ਜੁੜਨ” ਲਈ ਇਸਦਾ ਸਹਾਰਾ ਲੈਣਾ ਸਿਆਸੀ ਬਚਗਾਨੇਪਣ ਸਿਖਰ ਹੋਵੇਗਾ।

ਇਸ ਸਭ ਦਾ ਮੂਲ ਕਾਰਨ ਭਾਰਤ ਦੀ ਕਮਿਊਨਸਿਟ ਲਹਿਰ ਨੂੰ ਜਨਮ ਤੋਂ ਹੀ ਚੰਬੜੀ ਵਿਚਾਰਕ ਕਮਜੋਰੀ ਹੈ। 90 ਸਾਲਾਂ ਦੀਆਂ ਅਥਾਹ ਕੁਰਬਾਨੀਆਂ ਭਰੀ ਜੱਦੋ-ਜਹਿਦ ਤੋਂ ਬਾਅਦ ਵੀ ਇਨਕਲਾਬੀ ਲਹਿਰ ਦੇ ਵੱਡੇ ਹਿੱਸੇ ਨੇ ਇਸਨੂੰ ਦੂਰ ਕਰਨ ਦੇ ਸੰਜੀਦਾ ਯਤਨ ਤਾਂ ਕੀ ਕਰਨੇ ਸਨ ਸਗੋਂ ਇਸਨੂੰ ਗੰਭੀਰਤਾ ਨਾਲ਼ ਮੰਨਣ ਲਈ ਵੀ ਤਿਆਰ ਨਹੀਂ ਹੈ। ਆਪਣੀ ਇਸ ਘਾਟ ਨੂੰ ਉਹ ਹਾਲੇ ਵੀ ਲੋਕਾਂ ਵਿੱਚ ਜਾਓ, ਅਮਲਾਂ ਨਾਲ਼ ਨਿਬੇੜੇ ਜਿਹੀਆਂ ਇੱਕਪਾਸੜ ਤੇ ਕੁਤਰਕੀ ਦਲੀਲਾਂ ਨਾਲ਼ ਲੁਕਾਉਣ ਦੇ ਯਤਨ ਕਰਦੇ ਹਨ। ਇਸ ਮਾਮਲੇ ਵਿੱਚ ਉਹਨਾ ਦਾ ਹਾਲ ਗੁਰਦੁਆਰੇ ਦੇ ਪਾਠੀਆਂ ਨਾਲ਼ੋਂ ਵੀ ਮਾੜਾ ਹੈ, ਉਹਨਾਂ ਨੇ ਘੱਟੋ-ਘੱਟ ਆਪਣੇ ਗ੍ਰੰਥ ਪੜ੍ਹੇ ਤਾਂ ਹੁੰਦੇ ਹਨ ਪਰ ਸਾਡੇ ਮਾਰਕਸਵਾਦੀਆਂ ਨੂੰ ਕਈ ਸਾਲ ਲਹਿਰ ਵਿੱਚ ਗੁਜ਼ਾਰਨ ਅਤੇ ਜਨਤਕ ਜਥੇਬੰਦੀਆਂ ਵਿੱਚ ਜ਼ਿੰਮੇਵਾਰ ਅਹੁਦਿਆਂ ‘ਤੇ ਕੰਮ ਕਰਨ ਦੇ ਬਾਵਜੂਦ ਮਾਰਕਸਾਵਦ ਦੀਆਂ ਬੁਨਿਆਦੀ ਤੇ ਅਹਿਮ ਲਿਖਤਾਂ ਦੇ ਨਾਮ ਵੀ ਪਤਾ ਨਹੀਂ ਹੁੰਦੇ, ਪੜ੍ਹਨਾ ਤਾਂ ਹੋਰ ਦੂਰ ਰਿਹਾ। ਕਿਸੇ ਵੀ ਵਿਰਾਸਤ ਉੱਤੇ ਪਹਿਰਾ ਦੇਣ ਦਾ ਮਤਲਬ ਉਸਦੀਆਂ ਪ੍ਰਾਪਤੀਆਂ ਤੋਂ ਗਿਆਨ ਤੇ ਪ੍ਰੇਰਣਾ ਲੈਂਦੇ ਹੋਏ ਉਸਦੀਆਂ ਘਾਟਾਂ-ਕਮਜੋਰੀਆਂ ਉੱਤੇ ਉਂਗਲ ਧਰਨਾ ਤੇ ਉਹਨਾਂ ਨੂੰ ਸੁਧਾਰਨਾ ਹੁੰਦਾ ਹੈ। ਇਹਨਾਂ ਕਮਜ਼ੋਰੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਨਾ ਕਰਨਾ ਉਸ ਵਿਰਾਸਤ ਨਾਲ਼ ਗੱਦਾਰੀ ਹੁੰਦਾ ਹੈ। ਸਾਡੇ ਬੁਹਤ ਸਾਰੇ ਮਾਰਕਸਾਵਦੀ ਕਹਾਉਂਦੇ ਵਿਦਵਾਨ, ਜਥੇਬੰਦੀਆਂ ਆਪਣੀ ਇਨਕਲਾਬੀ ਵਿਰਾਸਤ ਨਾਲ਼ ਗੱਦਾਰੀ ਹੀ ਕਰ ਰਹੀਆਂ ਹਨ। ਸਿਧਾਂਤਕ, ਸਿਆਸੀ ਸਿਖਲਾਈ ਦੀਆਂ ਹਰ ਦੋਸਤਾਨਾਂ ਸਲਾਹਾਂ ਨੂੰ ਉਹ ਅਭਿਆਸ ਨੂੰ ਰੱਦਣ ਦੇ ਝੂਠੇ ਦੋਸ਼ਾਂ ਹੇਠ ਲੁਕਾਉਂਦੇ ਹਨ। ਖੈਰ, ਜੇ ਅੱਜ ਵੀ ਇਨਕਲਾਬੀ ਲਹਿਰ ਦਾ ਸੰਜੀਦਾ ਹਿੱਸਾ ਇਹਨਾਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਉਸਨੇ ਵੀ ਦੇਰ-ਸਵੇਰ ਮਾਕਪਾ ਦੇ ਅੰਜਾਮ ਉੱਤੇ ਹੀ ਪੁੱਜਣਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements