ਧਰਮ ਦੇ ਨਾਂ ‘ਤੇ ਲੱਖਾਂ ਦਲਿਤ ਔਰਤਾਂ ਵੇਸ਼ਵਾਗਮਨੀ ਕਰਨ ‘ਤੇ ਮਜ਼ਬੂਰ •ਰਣਬੀਰ

10

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਰ ਜ਼ਬਰ-ਜੁਲਮ ਦਾ ਔਰਤਾਂ ਨੂੰ ਸਭ ਤੋਂ ਭਿਅੰਕਰ ਰੂਪ ਵਿੱਚ ਸਾਹਮਣਾ ਕਰਨਾ ਪੈਂਦਾ ਹੈ। ਜਾਤ-ਪਾਤ ਅਧਾਰਿਤ ਜ਼ਬਰ-ਜ਼ੁਲਮ ਦੇ ਮਾਮਲੇ ਵਿੱਚ ਵੀ ਔਰਤਾਂ ਹੀ ਸਭ ਤੋਂ ਬੁਰੀ ਹਾਲਤ ਦਾ ਸਾਹਮਣਾ ਕਰਦੀਆਂ ਹਨ। ਸਾਡੇ ਦੇਸ਼ ਵਿੱਚ ਅੱਜ ਵੀ ਵੱਡੇ ਪੱਧਰ ‘ਤੇ ਜਾਤ ਅਧਾਰਿਤ ਵੇਸ਼ਵਾਗਮਨੀ ਹੋ ਰਹੀ ਹੈ। ਲੱਖਾਂ ਦਲਿਤ ਔਰਤਾਂ ਨੂੰ ਧਰਮ ਦੇ ਨਾਂ ‘ਤੇ ਸੰਸਥਾਬੱਧ ਤਰੀਕੇ ਨਾਲ਼ ਇਸ ਵਾਸਤੇ ਮਜ਼ਬੂਰ ਕੀਤਾ ਜਾਂਦਾ ਹੈ।

ਸਦੀਆਂ ਪਹਿਲਾਂ ਸ਼ੁਰੂ ਹੋਈ ਦੇਵਦਾਸੀ ਪ੍ਰਥਾ ਅੱਜ ਵੀ ਭਾਰਤ ਵਿੱਚ ਜਾਰੀ ਹੈ। ਇਸ ਅਨੁਸਾਰ ਦਲਿਤ ਲੜਕੀਆਂ ਦਾ 11 ਸਾਲ ਦੀ ਉਮਰ ਵਿੱਚ ਦੇਵੀ, ਦੇਵਤੇ ਜਾਂ ਮੰਦਰ ਨਾਲ਼ ਵਿਆਹ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਲੜਕੀਆਂ ਜ਼ਿੰਦਗੀ ਭਰ ਦੇਵਦਾਸੀਆਂ ਦੀ ਜ਼ਿੰਦਗੀ ਜਿਉਂਦੀਆਂ ਹਨ। ਇਹ ਕਦੇ ਵੀ ਕਿਸੇ ਮਰਦ ਨਾਲ਼ ਵਿਆਹ ਨਹੀਂ ਕਰਵਾ ਸਕਦੀਆਂ ਪਰ ਮਰਦਾਂ ਦੁਆਰਾ ਜਿਣਸੀ ਲੁੱਟ ਦਾ ਸਾਰੀ ਜ਼ਿੰਦਗੀ ਸ਼ਿਕਾਰ ਹੁੰਦੀਆਂ ਹਨ। 

ਮੰਦਰਾਂ ਦੇ ਪੁਜ਼ਾਰੀ ਦਲਿਤ ਮਾਪਿਆਂ ਨੂੰ ਕਹਿੰਦੇ ਹਨ ਕਿ ਜੇਕਰ ਉਹਨਾਂ ਦੀ ਲੜਕੀ ਦੇਵਦਾਸੀ ਬਣੇਗੀ ਤਾਂ ਅਗਲੇ ਜਨਮ ਵਿੱਚ ਉਹ ਉੱਚ-ਜਾਤ ਵਿੱਚ ਪੈਦਾ ਹੋਣਗੇ। ਬੇਟੀ ਨੂੰ ਦੇਵਦਾਸੀ ਬਣਾਉਣ ਬਦਲੇ ਮਾਪਿਆਂ ਨੂੰ ਮੰਦਰ ਵਿੱਚ ਦਾਖਲੇ ਦੀ ਆਗਿਆ ਵੀ ਦਿੱਤੀ ਜਾਂਦੀ ਹੈ (ਜਿਸਦੀ ਆਗਿਆ ਦਲਿਤਾਂ ਨੂੰ ਆਮ ਤੌਰ ‘ਤੇ ਨਹੀਂ ਹੁੰਦੀ)। ਇਸ ਬਦਲੇ ਉਹਨਾਂ ਨੂੰ ਪੈਸੇ ਵੀ ਦਿੱਤੇ ਜਾਂਦੇ ਹਨ। ਪੁਜਾਰੀ ਤੇ ਪੈਸੇ ਦੀ ਅਦਾਇਗੀ ਕਰਨ ਵਾਲ਼ੇ ਉੱਚ ਜਾਤਾਂ ਦੇ ਹੋਰ ਵਿਅਕਤੀ ਦੇਵਦਾਸੀ ਦੀ ਸ਼ਰੀਰਕ ਲੁੱਟ ਕਰਦੇ ਹਨ। ਇਸਨੂੰ ਦੇਵੀ-ਦੇਵਤਿਆਂ ਦੀ ਇੱਛਾ ਕਿਹਾ ਜਾਂਦਾ ਹੈ, ਉਹਨਾਂ ਨੂੰ ਖੁਸ਼ ਕਰਨ ਦਾ ਤਰੀਕਾ ਦੱਸਿਆ ਜਾਂਦਾ ਹੈ।

ਅਤੀਤ ਵਿੱਚ ਦੇਵਦਾਸੀਆਂ ਮੰਦਰਾਂ ਦੀ ਦੇਖ-ਰੇਖ, ਪੂਜਾ-ਪਾਠ ਲਈ ਸਮੱਗਰੀ ਦਾ ਪ੍ਰਬੰਧ, ਮੰਦਰਾਂ ਵਿੱਚ ਨਾਚ ਆਦਿ ਦੇ ਕੰਮ ਦੇ ਨਾਲ਼-ਨਾਲ਼ ਮੁੱਖ ਪੁਜਾਰੀ, ਸਹਾਇਕ ਪੁਜ਼ਾਰੀਆਂ, ਵੱਡੇ ਅਧਿਕਾਰੀਆਂ, ਜਗੀਰਦਾਰਾਂ ਤੇ ਹੋਰ ਧਨਾਢਾਂ ਦੇ ਆਓ-ਭਗਤ (ਜਿਸ ਵਿੱਚ ਸੰਭੋਗ ਪ੍ਰਮੁੱਖ ਤੌਰ ‘ਤੇ ਸ਼ਾਮਲ ਹੈ) ਕਰਦੀਆਂ ਸਨ। ਇਹ ਧਾਰਨਾ ਪ੍ਰਚਾਰੀ ਗਈ ਕਿ ਇਸ ਨਾਲ਼ ਪਿੰਡ ਉੱਤੇ ਕੋਈ ਖਤਰਾ ਨਹੀਂ ਆਉਂਦਾ ਤੇ ਸ਼ੁਖ-ਸ਼ਾਂਤੀ ਬਣੀ ਰਹਿੰਦੀ ਹੈ। ਅੱਜ ਵੀ ਇਹ ਕੁਪ੍ਰਥਾ ਭਾਰਤ ਵਿੱਚ ਜ਼ਾਰੀ ਹੈ।  

ਇਹ ਕੁਪ੍ਰਥਾ ਮੁੱਖ ਤੌਰ ‘ਤੇ ਦੱਖਣ ਭਾਰਤ ਵਿੱਚ ਪ੍ਰਚਲਿਤ ਹੈ। ਕਰਨਾਟਕ ਦੇ ਬੇਲਗਾਮ ਜਿਲ੍ਹੇ ਦੇ ਸੌਦਤੀ ਸਥਿਤ ਯੇਲਮਾ ਦੇਵੀ ਮੰਦਿਰ ਵਿੱਚ ਹਰ ਸਾਲ ਮਾਘ ਪੁਰਣਿਮਾ (ਜਿਸਨੂੰ ‘ਰੰਡੀ ਪੁਰਣਿਮਾ’ ਵੀ ਕਿਹਾ ਜਾਂਦਾ ਹੈ) ਦੇ ਦਿਨ ਲੜਕੀਆਂ ਨੂੰ ਦੇਵਦਾਸੀਆਂ ਬਣਾਇਆ ਜਾਂਦਾ ਹੈ। ਲੱਖਾਂ ਭਗਤ ਇਸ ਮੌਕੇ ਪਹੁੰਚੇ ਹੁੰਦੇ ਹਨ ਅਤੇ ਦਲਿਤ-ਆਦਿਵਾਸੀ ਲੜਕੀਆਂ ਨਾਲ਼ ਸ਼ਰੇਆਮ ਛੇੜਛਾੜ ਕਰਦੇ ਹਨ, ਬਲਾਤਕਾਰ ਕਰਦੇ ਹਨ।

ਇੱਕ ਰਿਪੋਰਟ ਮੁਤਾਬਿਕ ਸਿਰਫ਼ ਕਰਨਾਕਟਕ ਵਿੱਚ ਹੀ ਇੱਕ ਲੱਖ ਤੋਂ ਵਧੇਰੇ ਦੇਵਦਾਸੀਆਂ ਹਨ। ਇੱਕ ਹੋਰ ਰਿਪੋਰਟ ਮੁਤਾਬਿਕ ਆਂਧਰਾ ਪ੍ਰਦੇਸ਼ ਵਿੱਚ ਤੀਹ ਹਜ਼ਾਰ ਤੋਂ ਵਧੇਰੇ ਦੇਵਦਾਸੀਆਂ ਹਨ। ਮਹਾਂਰਾਸ਼ਟਰ ਵਿੱਚ ਵੀ ਇਹ ਪ੍ਰਥਾ ਚੱਲ ਰਹੀ ਹੈ। ਇਹਨਾਂ ਵਿੱਚੋਂ ਜਿਆਦਾਤਰ ਨੂੰ ਸ਼ਹਿਰਾਂ ਦੇ ਵੇਸ਼ਵਾਘਰਾਂ ਵਿੱਚ ਧੱਕ ਦਿੱਤਾ ਗਿਆ ਹੈ ਕਿਉਂਕਿ ਉੱਥੇ ਪਿੰਡਾਂ ਦੇ ਮੰਦਰਾਂ ਦੇ ਮੁਕਾਬਲੇ ਵਧੇਰੇ ਪੈਸੇ ਮਿਲਦੇ ਹਨ। ਸੰਨ 1947 ਤੋਂ ਬਾਅਦ ਵੀ 40 ਸਾਲਾਂ ਤੱਕ ਭਾਰਤ ਵਿੱਚ ਇਹ ਪ੍ਰਥਾ ਕਨੂੰਨੀ ਰਹੀ ਹੈ। ਕਰਨਾਟਕ ਸਰਕਾਰ ਨੇ 1982 ਅਤੇ ਆਂਧਰਾ-ਪ੍ਰਦੇਸ਼ ਸਰਕਾਰ ਨੇ 1988 ਵਿੱਚ ਇਸ ‘ਤੇ ਪਾਬੰਦੀ ਲਗਾਈ ਸੀ। ਪਰ ਇਸ ਤੋਂ ਬਾਅਦ ਵੀ ਇਹ ਪ੍ਰਥਾ ਰੁਕੀ ਨਹੀਂ ਹੈ। ਕਨੂੰਨੀ ਰੋਕ ਤੋਂ ਪਹਿਲਾਂ ਹੀ ਮੰਦਰਾਂ ਵਿੱਚ ਦੇਵਦਾਸੀਆਂ ਤੋਂ ਲੋੜੀਂਦੀ ਕਮਾਈ ਨਹੀਂ ਹੋ ਪਾ ਰਹੀ ਸੀ ਇਸ ਲਈ ਦੇਵਦਾਸੀਆਂ ਨੂੰ ਸ਼ਹਿਰਾਂ ਦੇ ਵੇਸ਼ਵਾਘਰਾਂ ਵੱਲ ਧੱਕਿਆ ਗਿਆ। ਇਸ ਸਮੇਂ ਮੰਦਰਾਂ ਵਿੱਚ ਤਾਂ ਦੇਵਦਾਸੀਆਂ ਹਨ ਹੀ ਪਰ ਵੱਡੀ ਗਿਣਤੀ ਵੇਸ਼ਵਾਘਰਾਂ ਵਿੱਚ ਹਨ। 1990 ਵਿੱਚ ਇੱਕ ਸਰਵੇਖਣ ਹੋਇਆ ਸੀ। ਇਸ ਸਰਵੇਖਣ ਵਿੱਚ ਵੀ ਇਹ ਕੌੜੀ ਸੱਚਾਈ ਸਾਹਮਣੇ ਆਈ ਕਿ 45.9 ਫੀਸਦੀ ਦੇਵਦਾਸੀਆਂ ਸ਼ਹਿਰਾਂ ਵਿੱਚ ਵੇਸ਼ਵਾਗਮਨੀ ਕਰਨ ‘ਤੇ ਮਜ਼ਬੂਰ ਹਨ। ਕਨੂੰਨੀ ਪਾਬੰਦੀ, ਸਮਾਜਿਕ ਹਾਲਤਾਂ ਵਿੱਚ ਬਦਲਾਅ ਆਦਿ ਨੇ ਦੇਵਦਾਸੀਆਂ ਬਣਾਈਆਂ ਗਈਆਂ ਔਰਤਾਂ ਦੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦਾ ਤੇ ਕਿੰਨਾ ਕੁ ਬਦਲਾਅ ਲਿਆਂਦਾ ਹੈ ਇਹ ਸਾਡੇ ਸਾਹਮਣੇ ਹੈ।

ਦੇਵਦਾਸੀਆਂ ਦੇ ਰੂਪ ਵਿੱਚ ਵੇਸ਼ਵਾਵਾਂ ਦੀ ਜ਼ਿੰਦਗੀ ਜਿਉਣ ‘ਤੇ ਮਜ਼ਬੂਰ ਔਰਤਾਂ ਉਹ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਿਤ ਹਨ। ਉਹ ਚਾਹੁੰਦੀਆਂ ਹਨ ਕਿ ਸਰਕਾਰ ਉਹਨਾਂ ਦੇ ਬੱਚਿਆਂ ਦਾ ਹੋਸਟਲਾਂ ਵਿੱਚ ਪਾਲਣ-ਪੋਸ਼ਣ ਕਰੇ ਤੇ ਉਹ ਵੀ ਸਕੂਲ ਜਾਣ। ਉਹ ਚਾਹੁੰਦੀਆਂ ਹਨ ਕਿ ਬੱਚਿਆਂ ਦਾ ਡੀ.ਐਨ.ਏ. ਟੈਸਟ ਕਰਕੇ ਉਹਨਾਂ ਦੇ ਬਾਪ ਲੱਭੇ ਜਾਣ। ਇਸ ਨਾਲ਼ ਉਹ ਆਪਣੇ ਬੱਚਿਆਂ ਨੂੰ ਜਾਇਦਾਦ ਦੇ ਹੱਕ ਦਵਾਉਣਾ ਚਾਹੁੰਦੀਆਂ ਹਨ। ਉਹਨਾਂ ਦੀਆਂ ਮੰਗਾਂ ਇਸ ਗੱਲ ਦਾ ਸਬੂਤ ਹਨ ਕਿ ਉਹ ਇਸ ਭੈੜੀ ਜ਼ਿੰਦਗੀ ਤੋਂ ਛੁਟਕਾਰਾ ਚਾਹੁੰਦੀਆਂ ਹਨ। ਕੁੱਝ ਦੇਵਦਾਸੀਆਂ ਨੇ ਇਸ ਜ਼ਿੰਦਗੀ ਨੂੰ ਵਿਅਕਤੀਗਤ ਪੱਧਰ ‘ਤੇ ਠੋਕਰ ਮਾਰਨ ਦੀ ਹਿੰਮਤ ਵਖਾਈ ਹੈ। ਪਰ ਹਰ ਦੇਵਦਾਸੀ ਕੋਲ ਨਾ ਤਾਂ ਅਜਿਹੀਆਂ ਹਾਲਤਾਂ ਤੇ ਨਾ ਹੀ ਵਿਅਕਤੀਗਤ ਤੌਰ ‘ਤੇ ਏਨੀ ਹਿੰਮਤ ਹੁੰਦੀ ਹੈ ਕਿ ਇਸ ਭੈੜੀ ਜ਼ਿੰਦਗੀ ‘ਚੋਂ ਨਿਕਲ ਸਕਣ। ਕੁੱਝ ਸਾਬਕਾ ਦੇਵਦਾਸੀਆਂ ਇਸ ਕੁਪ੍ਰਥਾ ਨੂੰ ਖਤਮ ਕਰਨ ਲਈ ਮੁਹਿੰਮ ਵੀ ਚਲਾ ਰਹੀਆਂ ਹਨ। ਦੇਵਦਾਸੀਆਂ ਨੂੰ ਜਾਗਰੂਕ ਕਰ ਰਹੀਆਂ ਹਨ।

ਬੇਸ਼ੱਕ ਇਹ ਕੁਪ੍ਰਥਾ ਖਤਮ ਹੋਣੀ ਚਾਹੀਦੀ ਹੈ। ਧਰਮ ਤੇ ਜਾਤ ਅਧਾਰਿਤ ਵੇਸ਼ਵਾਗਮਨੀ ਹੀ ਨਹੀਂ ਸਗੋਂ ਹਰ ਤਰ੍ਹਾਂ ਦੀ ਵੇਸ਼ਵਾਗਮਨੀ ਖਤਮ ਹੋਣੀ ਚਾਹੀਦੀ ਹੈ। ਪਰ ਇਸਦੇ ਖਾਤਮੇ ਲਈ ਉਹਨਾਂ ਸਮਾਜਿਕ ਹਾਲਤਾਂ ਦੇ ਖਾਤਮੇ ਦੀ ਲੋੜ ਹੈ ਜਿਹਨਾਂ ਕਾਰਨ ਇਹ ਕੁਪ੍ਰਥਾ ਜਾਰੀ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements