ਧਰਮ ਦਾ ਇੱਕ ਅਣਮਨੁੱਖੀ ਚਿਹਰਾ ਇਹ ਵੀ •ਗੁਰਪ੍ਰੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਆਸਟ੍ਰੇਲਿਆ ‘ਚ ਵੱਖ-ਵੱਖ ਸੰਸਥਾਵਾਂ ਵਿੱਚ ਬੱਚਿਆਂ ਦੇ ਲਿੰਗਕ ਸੋਸ਼ਣ ਦੇ ਅਧਿਐਨ ਲਈ ਬਣੇ ਇੱਕ ਕਮਿਸ਼ਨ ਦੀ ਰਿਪੋਰਟ ਤੋਂ ਇਹ ਸਾਹਮਣੇ ਆਇਆ ਹੈ ਕਿ ਆਸਟ੍ਰੇਲਿਆ ਦੇ ਕੈਥੋਲਿਕ ਗਿਰਜਿਆਂ ਵਿੱਚ 1980 ਤੋਂ 2015 ਦਰਮਿਆਨ ਬੱਚਿਆਂ ਦੇ ਲਿੰਗਕ ਸੋਸ਼ਣ ਦੀਆਂ 4,440 ਘਟਨਾਵਾਂ ਵਾਪਰੀਆਂ ਹਨ। ਇਹ ਘਟਨਾਵਾਂ ਕੁੱਲ ਗਿਰਜਿਆਂ ਦੇ 40 ਫੀਸਦੀ ਗਿਰਜਿਆਂ ਵਿੱਚ ਵਾਪਰੀਆਂ ਹਨ ਤੇ ਇਹਨਾਂ ਵਿੱਚ 7 ਫੀਸਦੀ ਪਾਦਰੀ ਸ਼ਾਮਲ ਹਨ। ਇਹਨਾਂ ਬੱਚਿਆਂ ਵਿੱਚ ਕੁੜੀਆਂ ਦੀ ਔਸਤ ਉਮਰ 10.5 ਸਾਲ ਅਤੇ ਮੁੰਡਿਆਂ ਦੀ ਉਮਰ 11.5 ਸਾਲ ਹੈ।

ਧਰਮ ਦੇ ਨਾਮ ‘ਤੇ ਅਜਿਹੀ ਵਹਿਸ਼ਤ ਸਿਰਫ ਆਸਟ੍ਰੇਲਿਆ ‘ਚ ਜਾਂ ਸਿਰਫ ਕੈਥੋਲਿਕ ਗਿਰਜਿਆਂ ਵਿੱਚ ਹੀ ਨਹੀਂ ਹੈ ਸਗੋਂ ਪੂਰੇ ਸੰਸਾਰ ਵਿੱਚ ਤੇ ਸਭ ਧਰਮਾਂ ਵਿੱਚ ਬੱਚਿਆਂ ਨਾਲ਼ ਅਣਮਨੁੱਖੀ ਵਤੀਰੇ ਦੀਆਂ ਅਨੇਕਾਂ ਉਦਾਹਰਨਾਂ ਹਨ। ਅਮਰੀਕਾ ਦੇ ਇੱਕ ਡਾਕਟਰ ਅਬੇਲ ਦੀ ਰਿਪੋਰਟ ਅਮਰੀਕਾ ‘ਚ ਅਜਿਹੀਆਂ ਘਟਨਾਵਾਂ ਦੀ ਗਿਣਤੀ 2,91,000 ਦੱਸਦੀ ਹੈ। ‘ਰਸਲ ਸਟੱਡੀ’ ਨਾਮੀ ਇੱਕ ਹੋਰ ਅਧਿਐਨ ਮੁਤਾਬਕ 38 ਫੀਸਦੀ ਕੁੜੀਆਂ ਤੇ 16 ਫੀਸਦੀ ਮੁੰਡੇ 18 ਸਾਲ ਦੀ ਉਮਰ ਤੋਂ ਪਹਿਲਾਂ ਧਾਰਮਿਕ ਸਥਾਨਾਂ ‘ਤੇ ਲਿੰਗਕ ਸੋਸ਼ਣ ਦਾ ਸ਼ਿਕਾਰ ਹੋਏ ਹਨ ਤੇ ਇਹਨਾਂ ਵਿੱਚ 5 ਫੀਸਦੀ ਮਾਮਲੇ ਹੀ ਕਨੂੰਨੀ ਚਾਰਾਜੋਈ ਲਈ ਦਰਜ ਹੋਏ ਹਨ।

ਭਾਰਤ ਵਰਗੇ ਪਛੜੇ ਦੇਸ਼ਾਂ ਵਿੱਚ ਜਿੱਥੇ ਅਗਿਆਨਤਾ, ਅੰਧਵਿਸ਼ਵਾਸ਼ ਤੇ ਮੱਧਯੁਗੀ ਕਦਰਾਂ, ਵਹਿਮਾਂ ਦਾ ਬੋਲਬਾਲਾ ਹੈ ਉੱਥੇ ਧਰਮ ਦੇ ਨਾਮ ‘ਤੇ ਬੱਚਿਆਂ ਨਾਲ਼ ਅਜਿਹੀਆਂ ਘਟਨਾਵਾਂ ਦੀ ਗਿਣਤੀ ਤੇ ਬਰਬਰਤਾ ਹੋਰ ਵੀ ਜਿਆਦਾ ਹੈ। ਇਸ ਸਬੰਧੀ ਵਿਸਥਾਰੀ ਅਧਿਐਨ ਨਾਮਾਤਰ ਹੀ ਹਨ। ਧਾਰਮਿਕ ਡੇਰਿਆਂ ਵਿੱਚ ਹੁੰਦੇ ਬੱਚਿਆਂ, ਔਰਤਾਂ ਨਾਲ਼ ਲਿੰਗਕ ਸੋਸ਼ਣ ਤੋਂ ਬਿਨਾਂ ਭਾਰਤ ਵਿੱਚ ਅਜਿਹੀਆਂ ਅਨੇਕਾਂ ਪ੍ਰਥਾਵਾਂ ਵੀ ਹਨ ਜੋ ਅਣਮਨੁੱਖੀ ਕਾਰੇ ਨੂੰ ਜਾਇਜ਼ ਮੰਨਦੀਆਂ ਹਨ। ਮਿਸਾਲ ਵਜੋਂ ਦੱਖਣ ਭਾਰਤ ਦੇ ਕਈ ਹਿੰਦੂ ਮੰਦਰਾਂ ‘ਚ ਦੇਵਦਾਸੀ ਪ੍ਰਥਾ ਹਾਲੇ ਵੀ ਜਾਰੀ ਹੈ। ਇਸ ਅਨੁਸਾਰ ਦਲਿਤ ਲੜਕੀਆਂ ਦਾ 11 ਸਾਲ ਦੀ ਉਮਰ ਵਿੱਚ ਦੇਵੀ, ਦੇਵਤੇ ਜਾਂ ਮੰਦਰ ਨਾਲ਼ ਵਿਆਹ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਲੜਕੀਆਂ ਜ਼ਿੰਦਗੀ ਭਰ ਦੇਵਦਾਸੀਆਂ ਦੀ ਜ਼ਿੰਦਗੀ ਜਿਉਂਦੀਆਂ ਹਨ। ਇਹ ਕਦੇ ਵੀ ਕਿਸੇ ਮਰਦ ਨਾਲ਼ ਵਿਆਹ ਨਹੀਂ ਕਰਵਾ ਸਕਦੀਆਂ, ਪਰ ਮਰਦਾਂ ਦੁਆਰਾ ਜਿਣਸੀ ਲੁੱਟ ਦਾ ਸਾਰੀ ਜ਼ਿੰਦਗੀ ਸ਼ਿਕਾਰ ਹੁੰਦੀਆਂ ਹਨ। ਮੰਦਰਾਂ ਦੇ ਪੁਜਾਰੀ ਦਲਿਤ ਮਾਪਿਆਂ ਨੂੰ ਕਹਿੰਦੇ ਹਨ ਕਿ ਜੇਕਰ ਉਹਨਾਂ ਦੀ ਲੜਕੀ ਦੇਵਦਾਸੀ ਬਣੇਗੀ ਤਾਂ ਅਗਲੇ ਜਨਮ ਵਿੱਚ ਉਹ ਉੱਚ-ਜਾਤ ਵਿੱਚ ਪੈਦਾ ਹੋਣਗੇ। ਬੇਟੀ ਨੂੰ ਦੇਵਦਾਸੀ ਬਣਾਉਣ ਬਦਲੇ ਮਾਪਿਆਂ ਨੂੰ ਮੰਦਰ ਵਿੱਚ ਦਾਖਲੇ ਦੀ ਆਗਿਆ ਵੀ ਦਿੱਤੀ ਜਾਂਦੀ ਹੈ (ਜਿਸਦੀ ਆਗਿਆ ਦਲਿਤਾਂ ਨੂੰ ਆਮ ਤੌਰ ‘ਤੇ ਨਹੀਂ ਹੁੰਦੀ)। ਇਸ ਬਦਲੇ ਉਹਨਾਂ ਨੂੰ ਪੈਸੇ ਵੀ ਦਿੱਤੇ ਜਾਂਦੇ ਹਨ। ਪੁਜਾਰੀ ਤੇ ਪੈਸੇ ਦੀ ਅਦਾਇਗੀ ਕਰਨ ਵਾਲ਼ੇ ਉੱਚ ਜਾਤਾਂ ਦੇ ਹੋਰ ਵਿਅਕਤੀ ਦੇਵਦਾਸੀ ਦੀ ਸਰੀਰਕ ਲੁੱਟ ਕਰਦੇ ਹਨ। ਇਸਨੂੰ ਦੇਵੀ-ਦੇਵਤਿਆਂ ਦੀ ਇੱਛਾ ਕਿਹਾ ਜਾਂਦਾ ਹੈ, ਉਹਨਾਂ ਨੂੰ ਖੁਸ਼ ਕਰਨ ਦਾ ਤਰੀਕਾ ਦੱਸਿਆ ਜਾਂਦਾ ਹੈ। ਕਰਨਾਕਟਕ ਵਿੱਚ ਹੀ ਇੱਕ ਲੱਖ ਤੋਂ ਵਧੇਰੇ ਦੇਵਦਾਸੀਆਂ ਹਨ। ਇੱਕ ਹੋਰ ਰਿਪੋਰਟ ਮੁਤਾਬਿਕ ਆਂਧਰਾ ਪ੍ਰਦੇਸ਼ ਵਿੱਚ ਤੀਹ ਹਜ਼ਾਰ ਤੋਂ ਵਧੇਰੇ ਦੇਵਦਾਸੀਆਂ ਹਨ। ਮਹਾਂਰਾਸ਼ਟਰ ਵਿੱਚ ਵੀ ਇਹ ਪ੍ਰਥਾ ਚੱਲ ਰਹੀ ਹੈ।

ਸਭ ਧਰਮਾਂ ਵਿੱਚ ਅਜਿਹੇ ਅਨੇਕਾਂ ਸਕੂਲ, ਵਿਦਿਆਲੇ ਆਦਿ ਚਲਦੇ ਹਨ ਜਿੱਥੇ ਬੱਚਿਆਂ ਦੇ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਅਕਾਦਮਿਕ ਤੇ ਧਾਰਮਿਕ ਪੜ੍ਹਾਈ ਚਲਦੀ ਹੈ। ਅਜਿਹੀਆਂ ਸੰਸਥਾਵਾਂ ਵਿੱਚ ਬੱਚਿਆਂ ਨੂੰ ਬੇਰਹਿਮ ਸਜਾਵਾਂ ਦੇਣਾ, ਉਹਨਾਂ ਨਾਲ਼ ਬਦਸਲੂਕੀ, ਦੂਜੇ ਬੱਚਿਆਂ ਸਾਹਮਣੇ ਆਰਥਿਕ, ਜਾਤੀਗਤ ਪੱਖੋਂ ਬੇਇੱਜਤ ਕਰਨਾ ਆਮ ਹੈ। ਇਸਦੇ ਨਾਲ਼ ਹੀ ਧਰਮ ਗੁਰੂ, ਪੁਜਾਰੀ, ਅਧਿਆਪਕ, ਚੇਲੇ ਆਦਿ ਇਹਨਾਂ ਬੱਚਿਆਂ ਨੂੰ ਆਪਣੀ ਹਵਸ ਦੀ ਪੂਰਤੀ ਲਈ ਵੀ ਵਰਤਦੇ ਹਨ। ਨਿੱਕੀ ਉਮਰ ਹੋਣ ਕਾਰਨ ਬੱਚੇ ਇਹ ਸਮਝਣ ਤੋਂ ਅਸਮਰੱਥ ਹੁੰਦੇ ਹਨ ਕਿ ਉਹਨਾਂ ਨਾਲ਼ ਗਲਤ ਹੋ ਰਿਹਾ ਹੈ ਜੋ ਅਣਮਨੁੱਖੀ ਵੀ ਹੈ ਤੇ ਕਨੂੰਨੀ ਜੁਰਮ ਵੀ। ਕਈ ਬੱਚਿਆਂ ਨੂੰ ਲਗਦਾ ਹੁੰਦਾ ਹੈ ਕਿ ਲਿੰਗਕ ਸੋਸ਼ਣ ਵੀ ਬਾਕੀ ਸਰੀਰਕ ਸਜਾਵਾਂ ਵਾਂਗ ਉਹਨਾਂ ਨੂੰ ਗਲਤੀਆਂ ਲਈ ਦਿੱਤੀ ਜਾ ਰਹੀ ਹੈ ਸਜਾ ਹੈ। ਜਦੋਂ ਤੱਕ ਬੱਚੇ ਅਸਲ ਮਾਮਲਾ ਸੋਚਣ-ਸਮਝਣ ਤੱਕ ਦੀ ਉਮਰ ਤੱਕ ਪਹੁੰਚਦੇ ਹਨ ਉਦੋਂ ਤੱਕ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੁੰਦੀ ਹੈ। ਅਜਿਹੇ ਬੱਚੇ ਸਾਰੀ ਉਮਰ ਲਈ ਦੱਬੂ, ਮਾਨਸਿਕ ਰੋਗੀ ਬਣ ਜਾਂਦੇ ਹਨ ਤੇ ਉਹਨਾਂ ਦਾ ਆਤਮਕ ਵਿਕਾਸ ਕੁਮਲ਼ਾ ਜਾਂਦਾ ਹੈ। ਕਈ ਬੱਚੇ ਸਰੀਰਕ ਬਿਮਾਰੀਆਂ ਦੇ ਸ਼ਿਕਾਰ ਵੀ ਹੁੰਦੇ ਹਨ।

ਦੂਜੇ ਪਾਸੇ ਭਾਰਤ ਵਿੱਚ ਅਨੇਕਾਂ ਤਰ੍ਹਾਂ ਦੇ ਧਾਰਮਿਕ ਡੇਰੇ ਚਲਦੇ ਹਨ ਜੋ ਲੋਕਾਂ ਦੀ ਆਰਥਿਕ ਤੇ ਵਿਚਾਰਕ ਲੁੱਟ ਦੇ ਨਾਲ਼-ਨਾਲ਼ ਔਰਤਾਂ ਦੀ ਜਿਸਮਾਨੀ ਲੁੱਟ ਦੇ ਅੱਡੇ ਬਣੇ ਹੋਏ ਹਨ। ਅਨੇਕਾਂ ਧਾਰਮਿਕ ਡੇਰਿਆਂ ਵਿੱਚ ਕੁੜੀਆਂ, ਔਰਤਾਂ ਨੂੰ ਸੇਵਕਾਂ ਦੇ ਤੌਰ ‘ਤੇ ਰੱਖਿਆ ਜਾਂਦਾ ਹੈ ਤੇ ਉਹਨਾਂ ਨਾਲ਼ ਰਖੈਲਾਂ ਜਿਹਾ ਸਲੂਕ ਕੀਤਾ ਜਾਂਦਾ ਹੈ। ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਰਹੇ ਆਸਾਰਾਮ ਦੇ ਡੇਰੇ ਸਬੰਧੀ ਅਜਿਹਾ ਖੁਲਾਸਾ ਹੋਣ ਦਾ ਮਾਮਲਾ ਸਭ ਦੇ ਸਾਹਮਣੇ ਹੈ। ਅਜਿਹੇ ਹੋਰ ਵੀ ਅਨੇਕਾਂ ਖੁਲਾਸੇ ਹੁੰਦੇ ਹੀ ਰਹਿੰਦੇ ਹਨ। ਇਸ ਤੋਂ ਬਿਨਾਂ ਵਿੱਚ ਧਰਮ ਗੁਰੂਆਂ, ਬਾਬਿਆਂ, ਸੰਤਾਂ ਵੱਲੋਂ ਆਪਣੇ ਡੇਰਿਆਂ ਵਿੱਚ ਸ਼ਰਧਾਲੂਆਂ ਦੇ ਰੂਪ ‘ਚ ਆਉਣ ਵਾਲ਼ੇ ਬੱਚਿਆਂ, ਕੁੜੀਆਂ ਤੇ ਔਰਤਾਂ ਨਾਲ਼ ਬਲਾਤਕਾਰ ਵੀ ਆਮ ਵਰਤਾਰਾ ਹੀ ਹੈ।

ਬੱਚਿਆਂ, ਔਰਤਾਂ ਨਾਲ਼ ਅਜਿਹੀਆਂ ਘਟਨਾਵਾਂ ਦਾ ਕਾਰਨ ਸਿਰਫ ਧਾਰਮਿਕ ਗੁਰੂਆਂ, ਸੰਤਾਂ, ਪਾਦਰੀਆਂ ਦੇ ਨੈਤਿਕ ਨਿਘਾਰ ਤੱਕ ਸੀਮਤ ਨਹੀਂ ਹੈ। ਇਸਦਾ ਇੱਕ ਵੱਡਾ ਕਾਰਨ ਖੁਦ ਧਰਮ ਦੀ ਬਣਤਰ ਵਿੱਚ ਵੀ ਪਿਆ ਹੈ। ਧਰਮ ਦੀ ਹੋਂਦ ਹੀ ਵਿਵੇਕਸ਼ੀਲ ਸੋਚਣੀ ਦੀ ਅਣਹੋਂਦ ਤੇ ਅੰਨ੍ਹੀ ਸ਼ਰਧਾ ‘ਤੇ ਟਿਕੀ ਹੋਈ ਹੈ। ਧਰਮ ਵਿੱਚ ਵੱਡੇ ਸੰਤਾਂ, ਆਗੂਆਂ ਨੂੰ ਦੈਵੀ ਤਾਕਤ ਦੇ ਨੁਮਾਇੰਦੇ ਮੰਨਿਆਂ ਜਾਂਦਾ ਹੈ ਤੇ ਉਹਨਾਂ ਅੱਗੇ ਉਹਨਾਂ ਦੇ ਚੇਲੇ, ਉਪਾਸ਼ਕ ਸਭ ਮਾਨਸਿਕ ਗੁਲਾਮਾਂ ਵਾਂਗ ਹੁੰਦੇ ਹਨ ਜੋ ਉਹਨਾਂ ਉੱਪਰ ਕੋਈ ਸਵਾਲ ਨਹੀਂ ਕਰ ਸਕਦੇ, ਸਗੋਂ ਉਹਨਾਂ ਪ੍ਰਤੀ ਕਿਸੇ ਤਰ੍ਹਾਂ ਦੇ ਸ਼ੰਕੇ-ਸਵਾਲ ਦਾ ਮਨ ਵਿੱਚ ਆਉਣਾ ਵੀ ਪਾਪ ਮੰਨਿਆ ਜਾਂਦਾ ਹੈ ਤੇ ਉਹਨਾਂ ਦੀ ਹਰ ਨਿਘਾਰਮੁਖੀ ਕਾਰਵਾਈ ਨੂੰ ਵੀ ਕੋਈ ਗੈਬੀ ਕੌਤਕ ਮੰਨਿਆਂ ਜਾਂਦਾ ਹੈ। ਇਸ ਕਰਕੇ ਬਹੁਤੇ ਲੋਕ, ਸ਼ਰਧਾਲੂ ਤੇ ਬੱਚਿਆਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹਨਾਂ ਨਾਲ ਗਲਤ ਹੋ ਰਿਹਾ ਹੈ। ਸਗੋਂ ਕਈ ਥਾਂ ‘ਤੇ ਧਾਰਮਿਕ ਰਸਮਾਂ ਦੇ ਨਾਮ ‘ਤੇ ਵੀ ਖੁੱਲ੍ਹਾ ਵਿਭਚਾਰ ਹੁੰਦਾ ਹੈ।

ਦੂਜਾ ਕਾਰਨ ਇਹ ਵੀ ਹੈ ਕਿ ਕੋਈ ਵੀ ਧਰਮ ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਤਿਆਰ ਨਹੀਂ ਹੈ। ਹਰ ਧਰਮ ਪ੍ਰੰਪਰਾ ਦੇ ਨਾਮ ‘ਤੇ ਅਤੇ ਆਧੁਨਿਕਤਾ ਦੇ ਵਿਰੋਧ ਦੇ ਨਾਮ ‘ਤੇ ਔਰਤਾਂ ਨੂੰ ਚੁੱਲ੍ਹੇ-ਚੌਂਕੇ ਨਾਲ ਬੰਨ੍ਹ ਦੇਣ ਤੇ ਮਰਦ ਦੀ ਸੇਵਕ, ਉਸਦੀ ਗੁਲਾਮ ਦੇ ਰੂਪ ਵਿੱਚ ਮਾਨਤਾ ਦਿੰਦਾ ਹੈ। ਔਰਤ ਦੀ ਹੋਣੀ ਆਪਣੀ ਮੌਲਿਕ ਪਛਾਣ, ਸੋਚ ਮਿਟਾ ਕੇ ਖੁਦ ਨੂੰ ਮਰਦ ਅੱਗੇ ਪੇਸ਼ ਕਰਨ ਵਿੱਚ ਹੀ ਹੈ। ਇਸੇ ਲਈ ਧਾਰਮਿਕ ਪੋਥੀਆਂ ਤੇ ਰਸਮਾਂ ਵਿੱਚ ਮਨੁੱਖ ਦੇ ਰੱਬ ਅੱਗੇ ਸਰਮਪਣ ਵਿੱਚ ਵੀ ਰੱਬ ਨੂੰ ਮਰਦ ਦਾ ਤੇ ਸ਼ਰਧਾਲੂ ਮਨੁੱਖ ਨੂੰ ਔਰਤ ਦੇ ਬਿੰਬ ਵਿੱਚ ਪੇਸ਼ ਕੀਤਾ ਜਾਂਦਾ ਹੈ।

ਅੱਜ ਅਸੀਂ ਜਿਸ ਯੁੱਗ ਵਿੱਚ ਪਹੁੰਚ ਚੁੱਕੇ ਹਾਂ ਉੱਥੇ ਧਰਮਾਂ ਵਿੱਚ ਨਿਘਾਰ ਵਾਲ਼ਾ ਪੱਖ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਧਰਮ ਨਿਰੋਲ ਵਪਾਰ ਬਣ ਚੁੱਕਾ ਹੈ। ਮੰਦਰ, ਗਿਰਜੇ, ਗੁਰਦੁਆਰੇ ਆਦਿ ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਗੋਲਕਾਂ, ਪਰਚੀਆਂ ਕੱਟਣ ਦੀਆਂ ਥਾਵਾਂ ਨਾਲ਼ ਭਰੇ ਪਏ ਹਨ। ਸਭ ਧਾਰਮਿਕ ਸਥਾਨ ਪੈਸੇ, ਜਾਇਦਾਦ, ਸੋਨੇ, ਗਹਿਣੇ ਆਦਿ ਦੇ ਵੱਡੇ ਭੰਡਾਰ ਬਣ ਚੁੱਕੇ ਹਨ। ਇਸ ਤੋਂ ਬਿਨਾਂ ਖੁਦ ਧਾਰਮਿਕ ਰਸਮਾਂ ਦਾ ਵੀ ਵਾਪਰੀਕਰਨ ਹੋ ਚੁੱਕਾ ਹੈ। ਹੁਣ ਕੀਤੇ-ਕਰਾਏ ਪਾਠ, ਪੂਜਾ ਆਦਿ ਵਿਕਦੇ ਹਨ। ਇਸ ਤੋਂ ਬਿਨਾਂ ਵਿਚਾਰਕ ਪੱਖੋਂ ਧਰਮ ਲੋਕਾਂ ਦੀ ਚੇਤਨਾ ਨੂੰ ਖੁੰਢੀ ਕਰਨ, ਅੱਜ ਦੀਆਂ ਸਮੱਸਿਆਵਾਂ ਦੇ ਕਾਰਨ ਤੇ ਹੱਲ ਮੌਜੂਦਾ ਸਮਾਜਿਕ ਢਾਂਚੇ ਵਿੱਚੋਂ ਲੱਭਣ ਦੀ ਥਾਂ ਪਿਛਲੇ ਕਰਮਾਂ ਜਾਂ ਕਿਸੇ ਗੈਬੀ ਤਾਕਤ ਦੇ ਹੱਥ ਵਿੱਚ ਦੇਖਣਾ ਸਿਖਾਉਂਦਾ ਹੈ। ਅੱਜ ਜਾਇਦਾਦ ਮਾਲਕਾਂ ਹੱਥ ਧਰਮ ਸਿਰਫ ਲੋਕਾਂ ਨੂੰ ਭਰਮਾਉਣ ਦਾ ਹੀ ਸਾਧਨ ਨਹੀਂ ਹੈ ਸਗੋਂ ਇਸ ਨਾਲੋਂ ਵੀ ਵਧਕੇ ਉਹਨਾਂ ਨੂੰ ਆਪਸ ਵਿੱਚ ਲੜਾ ਮਰਵਾਉਣ ਦਾ ਹਥਿਆਰ ਬਣ ਚੁੱਕਾ ਹੈ। ਅਜਿਹੇ ਹੋਰ ਅਨੇਕਾਂ ਨਿਘਾਰਾਂ ਦੇ ਨਾਲ਼-ਨਾਲ਼ ਬੱਚਿਆਂ ਤੇ ਔਰਤਾਂ ਦੇ ਲਿੰਗਕ ਸੋਸ਼ਣ ਵਰਗੇ ਅਣਮਨੁੱਖੀ ਨਿਘਾਰ ਦੀ ਚਰਚਾ ਅਸੀਂ ਉੱਪਰ ਕਰ ਆਏ ਹਾਂ।

ਅਜਿਹੀ ਹਾਲਤ ਵਿੱਚ ਅਨੇਕਾਂ ਲੋਕ ਬਦਲ ਵਜੋਂ ਅੱਜ ਧਰਮਾਂ ਵਿਚਲੀ ਗੰਦਗੀ ਦੀ ਸਫਾਈ ਕਰਨ ਤੇ ਸੱਚੇ-ਸੁੱਚੇ ਧਰਮ ਨੂੰ ਮੁੜ-ਸਥਾਪਤ ਕਰਨ ਨੂੰ ਦੇਖਦੇ ਹਨ। ਪਿਛਲੇ ਸਾਲਾਂ ਵਿੱਚ ਚਰਚਾ ਵਿੱਚ ਰਹੀਆਂ ‘ਓ ਮਾਈ ਗਾਡ’ ਤੇ ‘ਪੀਕੇ’ ਜਿਹੀਆਂ ਫਿਲਮਾਂ ਅਜਿਹਾ ਹੀ ਭਰਮ ਸਿਰਜਦੀਆਂ ਹਨ। ਇਸ ਤੋਂ ਬਿਨਾਂ ਅਨੇਕਾਂ ਸਾਹਿਤਕ ਤੇ ਬੌਧਿਕ ਲਿਖਤਾਂ ਵੀ ਅਜਿਹੇ ਚੀਕ-ਚਿਹਾੜੇ ਨਾਲ ਭਰੀਆਂ ਪਈਆਂ ਹਨ। ਪਰ ਅਜਿਹੀਆਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿੱਕਲ਼ ਸਕਦਾ। ਕਿਉਂਕਿ ਧਰਮ ਕਿਤੋਂ ਹਵਾ ਵਿੱਚ ਨਹੀਂ ਪੈਦਾ ਹੁੰਦਾ ਸਗੋਂ ਇਸਦੀ ਜਮੀਨ ਸਮਾਜਿਕ ਢਾਂਚੇ ਵਿੱਚ ਹੀ ਪਈ ਹੁੰਦੀ ਹੈ। ਅੱਜ ਦਾ ਮੁਨਾਫਾ ਕੇਂਦਰਤ ਸਾਮਜਿਕ ਢਾਂਚਾ ਜਿਸ ਤਰ੍ਹਾਂ ਦਾ ਆਤਮਿਕ, ਸੱਭਿਆਚਾਰਕ ਨਿਘਾਰ ਸਮਾਜ ਵਿੱਚ ਲਿਆ ਰਿਹਾ ਹੈ ਉਸੇ ਤਰ੍ਹਾਂ ਦੀ ਮੁਨਾਫੇਖੋਰੀ ਤੇ ਨਿਘਾਰ ਧਰਮ ਵਿੱਚ ਵੀ ਆ ਰਿਹਾ ਹੈ। ਇਸ ਲਈ ਅੱਜ ਇੱਕ ਧਰਮ ਤੋਂ ਦੂਜੇ ਧਰਮ ਵਿੱਚ ਭਟਕਣ ਜਾਂ ਧਰਮ ਦੀ ਸਫਾਈ ਕਰਨ ਦੀਆਂ ਕੋਸ਼ਿਸ਼ਾਂ ਨਾਲ਼ ਕੁੱਝ ਨਹੀਂ ਹੋਣਾ ਸਗੋਂ ਮਨੁੱਖਤਾ ਨੂੰ ਖੁਦ ਧਰਮ ਤੋਂ ਹੀ ਮੁਕਤ ਕੀਤੇ ਜਾਣ ਦੀ ਲੋੜ ਹੈ। ਮਨੁੱਖਤਾ ਦੇ ਮੋਢੇ ਤੋਂ ਧਰਮ ਦੀ ਇਹ ਪੰਜਾਲੀ ਲਾਹੁਣ ਦਾ ਇਹ ਕੰਮ ਮਨੁੱਖਤਾ ਉੱਤੇ ਬੋਝਣ ਬਣੇ ਨਿੱਜੀ ਜਾਇਦਾਦ ਤੇ ਮੁਨਾਫੇ ‘ਤੇ ਟਿਕੇ ਢਾਂਚੇ ਦੇ ਖਾਤਮੇ ਦੀ ਲੜਾਈ ਨਾਲ਼ ਹੀ ਜੁੜਿਆ ਹੋਇਆ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements