ਧਰਮ ਗੁਰੂਆਂ ਦਾ ਖਪਤਕਾਰੀ ਉਤਪਾਦ ਵੇਚਣ ਦਾ ਵਧ ਰਿਹਾ ਕਾਰੋਬਾਰ : ਸਰਮਾਏਦਾਰੀ ਦੇ ਯੁੱਗ ‘ਚ ਧਰਮ ਵੀ ਇੱਕ ਵਣਜ ‘ਚ ਤਬਦੀਲ ਹੋਇਆ •ਗੁਰਪ੍ਰੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਵਿੱਚ ਬਾਬਿਆਂ, ਸਾਧਾਂ, ਸੰਤਾਂ, ਧਰਮ ਗੁਰੂਆਂ ਦਾ ਇੱਕ ਵੱਡਾ ਮੱਕੜਜਾਲ਼ ਵਿਛਿਆ ਹੋਇਆ ਹੈ। ਇਸ ਮੱਕੜਜਾਲ਼ ਵਿੱਚ ਭਾਂਤ-ਸੁਭਾਂਤੇ ਬਾਬੇ, ਧਰਮ-ਗੁਰੂ, ਸੰਤ ਤੁਹਾਨੂੰ ਦਿਸ ਜਾਣਗੇ। ਭਾਰਤ ਵਿੱਚ ਸਕੂਲਾਂ, ਹਸਪਤਾਲਾਂ ਨਾਲ਼ੋਂ ਧਾਰਮਿਕ ਸਥਾਨਾਂ ਦੀ ਗਿਣਤੀ ਕਈ ਗੁਣਾ ਵਧੇਰੇ ਹੈ। ਭਾਰਤ ਦੇ ਕਿਸੇ ਪੱਛੜੇ ਇਲਾਕੇ ਦੇ ਕਿਸੇ ਪਿੰਡ ‘ਚ ਕੋਈ ਡਾਕਟਰ, ਸਕੂਲ ਜਾਂ ਪੀਣ ਦਾ ਪਾਣੀ ਆਦਿ ਤਾਂ ਹੋ ਸਕਦਾ ਨਾ ਮਿਲ਼ੇ ਪਰ ਕੋਈ ਬਾਬਾ, ਤਾਂਤਰਿਕ, ਸਾਧ, ਡੇਰਾ, ਸਮਾਧ, ਮੰਦਰ, ਗੁਰਦੁਆਰਾ ਆਦਿ ਲਾਜ਼ਮੀ ਹੀ ਮਿਲ਼ ਜਾਵੇਗਾ। ਲੱਖਾਂ ਦੀ ਗਿਣਤੀ ‘ਚ ਇਹਨਾਂ ਛੋਟੇ-ਮੋਟੇ ਬਾਬਿਆਂ ਤੋਂ ਬਿਨਾਂ ਕੁੱਝ ਵੱਡੇ ਬਾਬੇ, ਧਰਮ-ਗੁਰੂ ਵੀ ਹਨ ਜਿਨ੍ਹਾਂ ਦੀ ਪ੍ਰਸਿੱਧੀ ਪੂਰੇ ਦੇਸ਼ ਜਾਂ ਘੱਟੋ-ਘੱਟ ਕਈ ਸੂਬਿਆਂ ਵਿੱਚ ਹੈ। ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਅਤੇ ਇੰਟਰਨੈੱਟ ਆਦਿ ‘ਤੇ ਇਹ ਬਾਬੇ ਚੰਗੀ ਤਰ੍ਹਾਂ ਛਾਏ ਰਹਿੰਦੇ ਹਨ। ਵੱਡੇ-ਵੱਡੇ ਸੱਨਅਤਕਾਰ, ਕਾਰੋਬਾਰੀ, ਵਪਾਰੀ, ਸਿਆਸਤਦਾਨ, ਅਫਸਰ, ਕਲਾਕਾਰ ਇਹਨਾਂ ਦੇ ਡੇਰਿਆਂ ‘ਤੇ ਮੱਥਾ ਰਗੜਦੇ ਮਿਲ਼ ਜਾਂਦੇ ਹਨ। ਇਹਨਾਂ ਵਿੱਚ ਆਸਾਰਾਮ, ਸਾਈਂ ਬਾਬਾ, ਨਿਰਮਲ ਬਾਬਾ, ਡੇਰਾ ਰਾਧਾ ਸੁਆਮੀ ਬਿਆਸ, ਡੇਰਾ ਸਿਰਸਾ, ਸ਼੍ਰੀ ਸ਼੍ਰੀ ਰਵੀਸ਼ੰਕਰ ਜਿਹੇ ਅਨੇਕਾਂ ਨਾਮ ਗਿਣਾਏ ਜਾ ਸਕਦੇ ਹਨ। ਸਰਮਾਏ ਦੀ ਤਾਕਤ ਵਾਲ਼ੇ ਇਸ ਯੁੱਗ ‘ਚ ਹਰ ਧਰਮ ਇੱਕ ਕਾਰੋਬਾਰ ਦਾ ਦਰਜਾ ਹਾਸਲ ਕਰ ਚੁੱਕਾ ਹੈ ਜਿੱਥੇ ਪਾਠ, ਅਰਦਾਸਾਂ, ਕਿਰਪਾ, ਅਧਿਆਤਮਕ ‘ਅਨੰਦ’, ਪ੍ਰਵਚਨ ਆਦਿ ਵੇਚੇ ਜਾਂਦੇ ਹਨ। ਧਾਰਮਿਕ ਸਥਾਨਾਂ ਅੰਦਰ ਥਾਂ-ਥਾਂ ਜਾਂ ਗੋਲਕਾਂ ਪਈਆਂ ਹੁੰਦੀਆਂ ਹਨ ਜਾਂ ‘ਸੇਵਾ’ ਆਦਿ ਦੇ ਨਾਮ ‘ਤੇ ਰਸੀਦਾਂ ਕੱਟਣ ਵਾਲ਼ੇ ਬੈਠੇ ਹੁੰਦੇ ਹਨ। ਧਾਰਮਿਕ ਸਥਾਨਾਂ ਅੰਦਰ ਦਾਖਲਾ, ਮੱਥਾ ਟੇਕਣ ਤੋਂ ਲੈ ਕੇ ਆਰਤੀ, ਅਰਦਾਸ ਆਦਿ ਦੇ ਹਰ ਕੰਮ ‘ਤੇ ਤੁਹਾਨੂੰ ਪੈਸਾ ਖਰਚਣਾ ਪੈਂਦਾ ਹੈ। ਜਿਵੇਂ ਡਾਕਟਰ ਮਰੀਜ਼ ਦੀ ਜੇਬ ਦਾ ਭਾਰ ਦੇਖ ਕੇ ਦਵਾਈ ਦਿੰਦੇ ਹਨ ਉਵੇਂ ਹੀ ਸਭ ਧਰਮ ਵੀ ਜੇਬ ਦੇ ਭਾਰ ਮੁਤਾਬਕ ਇੱਜਤ ਤੇ ‘ਕਿਰਪਾ’ ਵੰਡਦੇ ਹਨ ਤੇ ਡਾਕਟਰਾਂ ਦੀਆਂ ਡਿਗਰੀਆਂ ਵਾਂਗ ਹੀ ਬਾਬਿਆਂ ਦਾ ਪ੍ਰਭਾਵ ਵੀ ਉਹਨਾਂ ਦੀ ਔਕਾਤ ਮੁਤਾਬਕ ਸਮਾਜ ਦੇ ਅਮੀਰ-ਗਰੀਬ ਤਬਕੇ ‘ਚ ਹੈ। ਹੁਣ ਤਾਂ ਸ਼ਰਧਾਲੂ ਵੀ ਧਾਰਮਿਕ ਸਥਾਨ ਜਾ ਕੇ ਕਿਸੇ ਗਾਹਕ ਵਾਂਗ ਵਿਚਰਦੇ ਹਨ ਕਿ “ਆਹ ਚੱਕ ਬਾਬਾ 101 ਰੁਪਏ ਦਾ ਮੱਥਾ ਤੇ ਮੇਰਾ ਕੰਮ ਕਰਦੇ।”

ਸਮੁੱਚੇ ਧਰਮਾਂ ਵਿੱਚ ਇਹ ਤਬੀਦੀਲੀਆਂ ਆਉਣ ਤੋਂ ਬਿਨਾਂ ਭਾਰਤ ਵਿੱਚ ਬਦਲਦੇ ਵਕਤ ਨਾਲ਼ ਨਵੀਂ ਕਿਸਮ ਦੇ ਧਰਮ ਵੀ ਉੱਭਰੇ ਹਨ। ਪਿਛਲੀ ਸਦੀ ਦੇ ਦੂਜੇ ਅੱਧ ‘ਚ ਪਹਿਲੇ ਧਰਮਾਂ ਤੋਂ ਵੱਖਰੀ ਤਰ੍ਹਾਂ ਦੇ ਧਰਮਾਂ, ਡੇਰਿਆਂ ਦਾ ਉਭਾਰ ਸ਼ੁਰੂ ਹੋਇਆ ਜਿਨ੍ਹਾਂ ਨੇ ਆਪਣੇ-ਆਪ ਨੂੰ ਕਿਸੇ ਧਰਮ ਦੇ ਵਿਰੋਧ ਵਿੱਚ ਨਹੀਂ ਖੜਾ ਕੀਤਾ ਸਗੋਂ ਇਹ ‘ਸਰਭ ਧਰਮ ਸਾਂਝੀਵਾਲਤਾ’ ਦਾ ਸੁਨੇਹਾ ਦਿੰਦੇ ਨਜ਼ਰ ਆਏ ਜਾਂ ਆਪਣੇ-ਆਪ ਨੂੰ ਇੱਕ ਤਰਾਂ ਸਭ ਧਰਮਾਂ ਤੋਂ ਉੱਪਰ ਬਣਾ ਕੇ ਪੇਸ਼ ਕੀਤਾ। ਇਹਨਾਂ ਨੇ ਪੁਰਾਣੇ ਧਰਮਾਂ ਵਾਂਗ ਬਹੁਤੇ ਕਰਮ-ਕਾਂਡ, ਪਾਠ-ਪੂਜਾ, ਰਹਿਤਾਂ, ਪਬੰਦੀਆਂ ਦਾ ਚੱਕਰ ਨਹੀਂ ਪਾਇਆ ਤੇ ਨਾ ਹੀ ਕਿਸੇ ਨੂੰ ਦੂਜੇ ਧਰਮਾਂ ‘ਚ ਜਾਣ ਤੋਂ ਰੋਕਿਆ। ਇਹਨਾਂ ਨੇ ਤੇਜ-ਤਰਾਰ ਅਤੇ ਆਟੋਮੇਸ਼ਨ ਵਾਲ਼ੇ ਸਾਧਨਾਂ ‘ਤੇ ਨਿਰਭਰ ਹੋ ਰਹੀ ਜ਼ਿੰਦਗੀ ਨੂੰ ਸੌਖੇ, ਸਰਲ ਧਰਮ ਦਾ ਰਾਹ ਸੁਝਾਇਆ। ਸਿਰਸਾ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ, ਰਾਧਾ ਸੁਆਮੀ ਡੇਰਾ ਬਿਆਸ, ਸਾਈਂ ਬਾਬਾ, ਨਿਰਮਲ ਬਾਬਾ ਆਦਿ ਜਿਹੇ ਅਜਿਹੇ ਅਨੇਕਾਂ ਬਾਬੇ ਗਿਣਾਏ ਜਾ ਸਕਦੇ ਹਨ। ਇਹਨਾਂ ਤੋਂ ਬਿਨਾਂ ਇੱਕ ਹੋਰ ਕਿਸਮ ਦੇ ਬਾਬਿਆਂ ਦੀ ਕਿਸਮ ਉੱਭਰੀ ਜਿਨ੍ਹਾਂ ਨੇ ਯੋਗ, ਸਾਧਨਾ, ਮੈਡੀਟੇਸ਼ਨ, ਆਯੁਰਵੈਦ ਆਦਿ ਜਿਹੀਆਂ ਪੁਰਾਤਨ ਚੀਜ਼ਾਂ ਦੇ ਨਾਮ ‘ਤੇ ਆਪਣੇ ਧਰਮ ਦਾ ਧੰਦਾ ਤੋਰਿਆ। ਇਹਨਾਂ ਵਿੱਚ ਬਾਬਾ ਰਾਮਦੇਵ ਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਮੁੱਖ ਨਾਮ ਗਿਣਾਏ ਜਾ ਸਕਦੇ ਹਨ। 21ਵੀਂ ਸਦੀ ਦੇ ਸ਼ੁਰੂ ਤੱਕ ਇਹ ਸਭ ਆਧੁਨਿਕ ਕਿਸਮ ਦੇ ਧਰਮ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੇ ਸਨ। ਜਿਵੇਂ-ਜਿਵੇਂ ਇਹਨਾਂ ਧਰਮਾਂ ਦੀ ਮੰਡੀ ਤੇ ਮੁਨਾਫੇ ਵਧਦੇ ਗਏ ਉਵੇਂ-ਉਵੇਂ ਇਹਨਾਂ ਨੇ ਆਪਣੇ ਕਾਰੋਬਾਰਾਂ ਦਾ ਹੋਰ ਵਿਸਥਾਰ ਕਰਨ ਦੇ ਵੀ ਨਵੇਂ-ਨਵੇਂ ਢੰਗ ਲੱਭਣੇ ਸ਼ੁਰੂ ਕੀਤੇ।

ਇਸ ਸਦੀ ਵਿੱਚ ਵੱਧ ਮੁਨਾਫਿਆਂ ਦੀ ਭਾਲ਼ ਵਿੱਚ ਇਹਨਾਂ ਧਰਮਾਂ (ਵਣਜ਼ਾਂ) ਨੇ ਜੋ ਨਵਾਂ ਢੰਗ ਇਜਾਦ ਕੀਤਾ ਉਸ ਵਿੱਚ ਇਹਨਾਂ ਨੇ ਧਰਮ ਦੇ ਖੇਤਰ ਤੋਂ ਵੱਖ ਰੋਜ਼ਾਨਾ ਖਪਤ ਦੀਆਂ ਵਸਤਾਂ ਦਾ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਕੀਤਾ ਹੈ। ਆਯੁਰਵੈਦ, ਦੇਸੀ, ਆਰਗੈਨਿਕ, ਸ਼ੁੱਧਤਾ ਆਦਿ ਦੇ ਨਾਮ ‘ਤੇ ਕਈ ਬਾਬੇ ਤੇਲ, ਸਾਬਣ, ਕਾਸਮੈਟਿਕ, ਦਵਾਈਆਂ ਤੇ ਖਾਧ ਪਦਾਰਥਾਂ ਦੇ ਆਪਣੇ ਉਤਪਾਦ ਬਣਾ ਕੇ ਵੇਚਣਾ ਸ਼ੁਰੂ ਕਰ ਚੁੱਕੇ ਹਨ। ਇਹਨਾਂ ਉਤਪਾਦਾਂ ਦੇ ਕਾਰੋਬਾਰ ਦਾ ਕਿਸੇ ਧਾਰਮਿਕ ਕਰਮ-ਕਾਂਡ ਨਾਲ਼ ਕੋਈ ਸਿੱਧਾ ਸਬੰਧ ਨਹੀਂ ਹੈ ਸਗੋਂ ਇਹ ਸ਼ੁੱਧ ਰੂਪ ਵਿੱਚ ਇੱਕ ਕਾਰੋਬਾਰ ਹੈ। ਇਸ ਤਰ੍ਹਾਂ ਇਹਨਾਂ ਬਾਬਿਆਂ ਨੇ ਧਰਮ, ਅਧਿਆਤਮਿਕਤਾ, ਰੱਬ ਆਦਿ ਦੇ ਨਾਮ ‘ਤੇ ਲੋਕਾਂ ਦੀ ਲੁੱਟ ਕਰਨ ਦੇ ਨਾਲ਼-ਨਾਲ਼ ਸਿੱਧਾ ਹੀ ਪੈਦਾਵਾਰ ਤੇ ਵਿੱਕਰੀ ਦੇ ਰੂਪ ਵਿੱਚ ਕਾਮਿਆਂ ਦੀ ਕਿਰਤ ਦੀ ਲੁੱਟ ਕਰਕੇ ਵੀ ਜੇਬਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਕੀ ਕਾਰੋਬਾਰੀਆਂ ਦੇ ਉਲਟ ਇਹਨਾਂ ਨੂੰ ਆਪਣੀ ਧਾਰਮਿਕ ਪਛਾਣ ਕਾਰਨ ਸ਼ਰਧਾਲੂਆਂ ਦੇ ਰੂਪ ਵਿੱਚ ਤਿਆਰ-ਬਰ-ਤਿਆਰ ਮੰਡੀ ਉਪਲਬਧ ਹੈ। ਇਸ ਕਰਕੇ ਇਹਨਾਂ ਬਾਬਿਆਂ ਦੇ ਇਹ ਕਾਰੋਬਾਰ ਅਮਰਵੇਲ ਵਾਂਗ ਫੈਲਦੇ ਜਾ ਰਹੇ ਹਨ। ਇੱਥੇ ਅਸੀਂ ਕਾਰੋਬਾਰੀ ਬਣੇ ਕੁੱਝ ਮੁੱਖ ਬਾਬਿਆਂ ਦੇ ਵਧਦੇ ਕਾਰੋਬਾਰ ‘ਤੇ ਨਜ਼ਰ ਮਾਰਾਂਗੇ।

ਬਾਬਾਗਿਰੀ ਤੋਂ ਕਾਰੋਬਾਰੀ ਦੇ ਖੇਤਰ ‘ਚ ਸਭ ਤੋਂ ਵੱਧ ਤੇਜੀ ਨਾਲ਼ ਅੱਗੇ ਵਧਣ ਵਾਲ਼ਾ ਬਾਬਾ ਰਾਮਦੇਵ ਹੈ। ਰਾਮਦੇਵ ਨੇ ਯੋਗ ਰਾਹੀਂ ਬਿਮਾਰੀਆਂ ਤੋਂ ਬਚਣ ਤੇ ਕਈ ਬਿਮਾਰੀਆਂ ਦਾ ਇਲਾਜ ਕਰਨ ਦੇ ਰੂਪ ਵਿੱਚ ਆਪਣਾ ਜੁਗਾੜ ਤੋਰਿਆ। ਇਸ ਬਾਬੇ ਦੀਆਂ ਯੋਗ ਕਲਾਸਾਂ ਇੱਕ ਧਾਰਮਿਕ ਦੀਵਾਨ ਵਰਗੀਆਂ ਹੁੰਦੀਆਂ ਹਨ ਜਿੱਥੇ ਲੋਕਾਂ ਨੂੰ ਯੋਗ ਸਿਖਾਉਣ ਦੇ ਨਾਲ਼-ਨਾਲ਼ ਉਹਨਾਂ ਨੂੰ ਧਾਰਮਿਕ ਪ੍ਰਵਚਨ ਦਿੰਦੇ ਹੋਏ ‘ਰੱਬ’ ਨਾਲ਼ ਵੀ ਜੋੜਿਆ ਜਾਂਦਾ ਹੈ। ਯੋਗ ਦੇ ਨਾਲ਼-ਨਾਲ਼ ਇਲਾਜ ਲਈ ਬਾਬੇ ਨੇ ਆਯੁਰਵੈਦ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਕਰੀਬ 10 ਸਾਲ ਪਹਿਲਾਂ ‘ਪਤੰਜਲੀ’ ਬ੍ਰਾਂਡ ਦੇ ਨਾਮ ਹੇਠ ਆਯੁਰਵੈਦਿਕ ਦਵਾਈਆਂ ਦਾ ਕਾਰੋਬਾਰ ਸ਼ੁਰੂ ਕੀਤਾ। ਆਯੁਰਵੈਦ ਦਵਾਈਆਂ ਦੇ ਨਾਲ਼ ਜਲਦ ਹੀ ਸੁੱਹਪਣ ਵਾਲ਼ੇ ਉਤਪਾਦ ਤਿਆਰ ਕੀਤੇ ਗਏ। ਇਸ ਮਗਰੋਂ ਬਾਬੇ ਨੇ ਮੰਡੀ ਦੀ ਰਮਜ਼ ਪਛਾਣਦਿਆਂ ਯੋਗ ਨਾਲ਼ੋਂ ਵੀ ਵੱਧ ‘ਪਤੰਜਲੀ’ ਦੇ ਕਾਰੋਬਾਰ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਫਿਰ ਹੌਲ਼ੀ-ਹੌਲ਼ੀ ਇਸ ਵਿੱਚ ਖਾਧ ਪਦਾਰਥਾਂ, ਸਰਫ, ਸਾਬਣ ਆਦਿ ਜਿਹੇ ਰੋਜ਼ਾਨਾ ਵਰਤੋਂ ਵਾਲ਼ੇ ਉਤਪਾਦ ਵੀ ਸ਼ੁਰੂ ਹੋ ਗਏ ਜਿਨ੍ਹਾਂ ਨਾਲ਼ ਇਹ ਇਹਨਾਂ ਖੇਤਰ ਦੀਆਂ ਹੋਰਨਾਂ ਬਹੁ-ਕੌਮੀ ਕੰਪਨੀਆਂ ਦੇ ਮੁਕਾਬਲੇ ‘ਚ ਨਿੱਤਰ ਪਿਆ।

ਹੁਣ ਪਤੰਜਲੀ ਦੇ 500 ਦੇ ਕਰੀਬ ਉਤਪਾਦ ਹਨ ਜਿਸ ਵਿੱਚ ਆਯੁਰਵੈਦਿਕ ਦਵਾਈਆਂ ਤੋਂ ਲੈ ਕੇ ਖਾਧ ਪਦਾਰਥ, ਕਾਸਮੈਟਿਕ, ਆਦਿ ਸ਼ਾਮਲ ਹਨ। ਇਸਦਾ ਸਭ ਤੋਂ ਵੱਧ ਵਿਕਣ ਵਾਲ਼ਾ ਉਤਪਾਦ ਘਿਉ ਹੈ ਜੋ ਇਕੱਲਾ ਇਸਦੇ ਕੁੱਲ ਕਾਰੋਬਾਰ ਦੇ 30-35 ਫੀਸਦੀ ਉੱਪਰ ਕਾਬਜ ਹੈ। ਇਸਤੋਂ ਬਾਅਦ ਦਵਾਈਆਂ ਦੀ ਵਾਰੀ ਆਉਂਦੀ ਹੈ ਜਿਨ੍ਹਾਂ ਦਾ ਕੁੱਲ ਕਾਰੋਬਾਰ ਵਿੱਚ ਹਿੱਸਾ 20 ਫੀਸਦੀ ਹੈ। 2011-12 ‘ਚ ਪਤੰਜਲੀ ਦਾ ਕਾਰੋਬਾਰ 446 ਕਰੋੜ ਰੁਪਏ ਸੀ, 2014-15 ਤੱਕ ਇਹ 2,006 ਕਰੋੜ ਤੱਕ ਪੁੱਜ ਗਿਆ ਤੇ ਮਾਰਚ 2016 ਤੱਕ ਇਹ 5,000 ਤੱਕ ਪੁੱਜ ਗਿਆ ਹੈ। ਮਤਲਬ 4 ਸਾਲਾਂ ਵਿੱਚ ਇਸਦਾ ਕਾਰੋਬਾਰ 10 ਗੁਣਾਂ ਤੋਂ ਵੀ ਵੱਧ ਫੈਲਿਆ ਹੈ। 5,000 ਕਰੋੜ ਦੇ ਕਾਰੋਬਾਰ ਨਾਲ਼ ਇਸਨੇ ਕੋਲੇਗਟ, ਇਮਾਮੀ, ਡਾਬਰ, ਗੋਦਰੇਜ, ਗਲੈਕਸੋਸਮਿੱਥ ਜਿਹੇ ਵੱਡੇ ਘਰਾਣਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਮੁਕਾਬਲੇ ਵਿੱਚ ਆ ਗਿਆ ਹੈ।

ਆਪਣੇ ਇਹਨਾਂ ਉਤਪਾਦਾਂ ਲਈ ਇਸਨੇ ਬਾਕੀ ਕਾਰੋਬਾਰੀਆਂ ਵਾਂਗ ਹੀ ਵਿਗਿਆਪਨ ਦਾ ਖੂਬ ਸਹਾਰਾ ਲਿਆ ਹੈ। ਜਨਵਰੀ ਦੇ ਇੱਕ ਹਫਤੇ ਦੌਰਾਨ ਪੰਤਜਲੀ ਬ੍ਰਾਂਡ ਭਾਰਤੀ ਟੈਲੀਵਿਜ਼ਨ ‘ਚ ਵਿਗਿਆਪਨ ਕਰਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਸੀ। ਇਸ ਵਿੱਚ ਉਸਨੇ ਯੂਨੀਲੀਵਰ ਤੇ ਕੈਡਬਰੀ ਜਿਹੇ ਵੱਡੇ ਬ੍ਰਾਂਡਾਂ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਇਸ ਇੱਕ ਹਫਤੇ ਵਿੱਚ ਇਸਦੇ ਵੱਖ-ਵੱਖ ਟੀਵੀ ਚੈਨਲਾਂ ਉੱਪਰ 17,000 ਦੇ ਕਰੀਬ ਵਿਗਿਆਪਨ ਵਿਖਾਏ ਗਏ। 2015 ‘ਚ ਚਾਰ ਮਹੀਨਿਆਂ ‘ਚ ਇਸਨੇ ਵਿਗਿਆਪਨ ‘ਤੇ 360 ਕਰੋੜ ਰੁਪਏ ਖਰਚੇ।

ਪਤੰਜਲੀ ਦੇ ਕਾਰੋਬਾਰ ਦੀ ਇਸ ਸਫਲਤਾ ਤੋਂ ਬਾਅਦ ਰਾਮਦੇਵ ਦਾ ਕਹਿਣਾ ਹੈ 2017 ਤੱਕ ਸਾਡਾ ਕਾਰੋਬਾਰ 10,000 ਕਰੋੜ ਨੂੰ ਪਾਰ ਕਰ ਜਾਵੇਗਾ। ਅਗਲੇ ਸਾਲ ਵਿੱਚ ਪਤੰਜਲੀ 1000 ਕਰੋੜ ਰੁਪਏ ਖਰਚ ਕੇ 5-6 ਨਵੀਆਂ ਪੈਦਵਾਰੀ ਯੂਨਿਟ ਖੜੇ ਕਰੇਗਾ ਅਤੇ ਇਸਤੋਂ ਬਿਨਾਂ 150 ਕਰੋੜ ਰੁਪਏ ਆਪਣੇ ਖੋਜ ਤੇ ਵਿਕਾਸ ਕਾਰਜਾਂ ਲਈ ਖਰਚੇਗਾ। ਅਗਲੇ ਸਾਲ ਤੱਕ ਪਤੰਜਲੀ ਦੀ ਪ੍ਰਚੂਨ ਮੰਡੀ ‘ਚ  10,000 ਪਤੰਜਲੀ ਦੀ ਮਾਲਕੀ ਵਾਲ਼ੀਆਂ ਦੁਕਾਨਾਂ ਅਤੇ 100 ਵੱਡੇ ਪਤੰਜਲੀ ਸਟੋਰ ਖੋਲਣ ਦੀ ਯੋਜਨਾ ਹੈ। ਇਹਨਾਂ ਤੋਂ ਬਿਨਾਂ ਇਹ ਹੋਰ 4,000 ਗੈਰ-ਪਤੰਜਲੀ ਵਿਕ੍ਰੇਤਾਵਾਂ ਰਾਹੀਂ ਵੀ ਮੰਡੀ ‘ਚ ਪੁੱਜੇਗਾ। ਇਸ ਤਰ੍ਹਾਂ ਪਤੰਜਲੀ ਇੱਕ ਤਾਂ ਹੋਰ ਨਵੇਂ ਉਤਪਾਦ ਜਾਰੀ ਕਰੇਗਾ ਤੇ ਦੂਜਾ ਨਾਲ਼ੋ-ਨਾਲ਼ ਇਹਨਾਂ ਦੀ ਵਿੱਕਰੀ ਦਾ ਪੱਧਰ ਵੀ ਹੋਰ ਵਧਾਵੇਗਾ। 2020 ਤੱਕ ਇਸਦਾ ਕਾਰੋਬਾਰ 20,000 ਕਰੋੜ ਹੋਣ ਦੀ ਉਮੀਦ ਹੈ ਜੋ ਇਸ ਖੇਤਰ ਦੀ ਸਭ ਤੋਂ ਵੱਡੀ ਫਰਮ ਹਿੰਦੁਸਤਾਨ ਯੂਨੀਲਿਵਰ ਦਾ ਦੋ-ਤਿਹਾਈ ਹੋ ਜਾਵੇਗਾ।

ਪਤੰਜਲੀ ਤੋਂ ਬਾਅਦ ਦੂਜਾ ਵੱਡਾ ਨਾਮ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਹੈ। ਰਵੀਸ਼ੰਕਰ ਦੇ ਟਰੱਸਟ ਨੇ ਸ਼੍ਰੀ ਸ਼੍ਰੀ ਆਯੁਰਵੈਦਿਕ ਨਾਮ ਦੀ ਫਰਮ ਬਣਾਈ ਹੋਈ ਹੈ। ਇਸਨੇ ਵੀ 2003 ਤੋਂ ਕੁੱਝ ਉਤਪਾਦ ਜਾਰੀ ਕੀਤੇ ਹੋਏ ਹਨ, ਪਰ ਇਸ ਕਾਰੋਬਾਰ ਵੱਲ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਪਰ ਹੁਣ ਰਾਮਦੇਵ ਦੀ ਸਫਲਤਾ ਤੋਂ ਸਿੱਖਦੇ ਹੋਏ ਇਸਨੇ ਆਪਣੇ ਇਹਨਾਂ ਉਤਪਾਦਾਂ ਦਾ ਵਿਗਿਆਪਨ ਤੇ ਪ੍ਰਚਾਰ ਕਾਫੀ ਤੇਜ ਕਰ ਦਿੱਤਾ ਹੈ। ਹੁਣ ਤੱਕ ਇਸਦੇ 600 ਦੇ ਕਰੀਬ ਸਟੋਰ ਹਨ ਜਿਨ੍ਹਾਂ ਨੂੰ ਮਾਰਚ 2017 ਤੱਕ ਵਧਾ ਕੇ 2700 ਕਰਨ ਦਾ ਟੀਚਾ ਹੈ। ਇਹ ਫਰਮ ਆਪਣੀ ਵੈੱਬਸਾਈਟ, ਫੇਸਬੁੱਕ, ਟਵਿੱਟਰ ਆਦਿ ਰਾਹੀਂ ਕਾਫੀ ਕਾਰੋਬਾਰ ਕਰ ਰਹੀ ਹੈ। ਇਸਦੇ ਉਤਪਾਦਾਂ ਵਿੱਚ ਕ੍ਰੀਮ, ਟੁੱਥਪੇਸਟ, ਸ਼ੈਂਪੂ, ਬਾਡੀ ਲੋਸ਼ਨ, ਕਲੀਨਰ, ਸਾਬਣ, ਆਯੁਰਵੈਦਿਕ ਦਵਾਈਆਂ ਅਤੇ ਕੱਪੜੇ ਆਦਿ ਤੋਂ ਲੈ ਕੇ ਜੂਸ, ਚਾਹ, ਬਿਸਕੁਟ, ਆਟਾ, ਤੇਲ ਜਿਹੇ ਖਾਧ ਪਦਾਰਥ ਵੀ ਸ਼ਾਮਲ ਹਨ। ਇਹਨਾਂ ਖਪਤ ਦੇ ਉਤਪਾਦਾਂ ਤੋਂ ਬਿਨਾਂ ਆਰਟ ਆਫ ਲਿਵਿੰਗ ਵੱਲੋਂ ਵੱਖ-ਵੱਖ ਨਾਵਾਂ ਹੇਠ ਚਲਾਏ ਜਾਂਦੇ ਮੈਡੀਟੇਸ਼ਨ ਕੈਂਪ ਆਦਿ ਵੀ ਆਪਣੇ-ਆਪ ਵਿੱਚ ਇੱਕ ਵੱਡਾ ਕਾਰੋਬਾਰ ਹਨ।

ਆਪਣੇ ਧਾਰਮਿਕ ਅਧਾਰ ਕਾਰਨ ਇਹਨਾਂ ਨੂੰ ਉਤਪਾਦ ਖਰੀਦਣ ਵਾਲ਼ੀ ਇੱਕ ਤਿਆਰ ਮੰਡੀ ਪਹਿਲਾਂ ਹੀ ਮਿਲ਼ ਜਾਂਦੀ ਹੈ। ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਆਰਟ ਆਫ ਲਿਵਿੰਗ ਦੀ ਦੇਸ਼ਾਂ-ਵਿਦੇਸ਼ਾਂ ਤੱਕ 35 ਕਰੋੜ ਲੋਕਾਂ ਤੱਕ ਪਹੁੰਚ ਹੈ। ਇਸਤੋਂ ਬਿਨਾਂ ਅਨੇਕਾਂ ਸਿਆਸਤਦਾਨ, ਕਾਰੋਬਾਰੀ ਤੇ ਕਲਾਕਾਰ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਬੈਠੇ ਹਨ। ਪਿੱਛੇ ਜਿਹੇ ਦਿੱਲੀ  ‘ਚ ਯਮਨਾ ਕੰਢੇ ਹੋਏ ਆਰਟ ਆਫ ਲਿਵਿੰਗ ਦੇ ਪ੍ਰੋਗਰਾਮ ‘ਚ ਪ੍ਰਚੂਨ ਦੇ ਖੇਤਰ ਦੀ ਇੱਕ ਵੱਡੀ ਫਰਮ  ‘ਫਿਊਚਰ ਗਰੁੱਪ’ ਦੇ ਮਾਲਕ ਕਿਸ਼ੋਰ ਬਿਆਨੀ ਨੇ ਕਿਹਾ ਕਿ ਉਹ ਆਰਟ ਆਫ ਲਿਵਿੰਗ ਦੇ ਉਤਪਾਦਾਂ ਨੂੰ ਆਪਣੇ ਆਉਟਲੈੱਟ ਜਰੀਏ ਵੇਚਣ ਲਈ ਤਿਆਰ ਹੈ।

ਬੱਚਿਆਂ ਦੇ ਫੈਂਸੀ ਡਰੈੱਸ ਮੁਕਾਬਾਲੇ ਜਿਹੇ ਪਹਿਰਾਵੇ ਵਾਲ਼ਾ ਸਿਰਸੇ ਵਾਲ਼ਾ ਬਾਬਾ ਉਰਫ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਹੈ। ਉਹ ਪਹਿਲਾ ਬਾਬਾ ਹੈ ਜਿਸਨੇ ਫਿਲਮੀ ਖੇਤਰ ‘ਚ ਪੈਰ ਰੱਖਿਆ ਤੇ ਆਪਣੀ ਪ੍ਰੋਡਕਸ਼ਨ ਅਧੀਨ ‘ਮਸੈਂਜਰ ਆਫ ਗਾਡ’ ਨਾਮ ਤਹਿਤ ਤਿੰਨ ਫਿਲਮਾਂ ਕੱਢ ਚੁੱਕਾ ਹੈ, ਉਹ ਕਾਫੀ “ਸੁਰੀਲੇ” ਗੀਤ ਵੀ ਗਾਉਂਦਾ ਹੈ ਤੇ ਇਹ ਸਭ ਉਸਦੀ ਧਰਮ ਗੁਰੂ ਦੀ ਛਾਪ ਕਾਰਨ ਮੰਡੀ ਵਿੱਚ ਪ੍ਰਵਾਨ ਚੜਦਾ ਹੈ। ਇਹਨਾਂ ਫਿਲਮਾਂ, ਗੀਤਾਂ ਰਾਹੀਂ ਜਿੱਥੇ ਉਸਨੇ ਕਮਾਈ ਕੀਤੀ ਹੈ ਉੱਥੇ ਉਸਨੇ  ਲੋਕਾਂ ਤੱਕ ਆਪਣੀ ਪਹੁੰਚ ਨੂੰ ਵੀ ਵਿਸਥਾਰਿਆ ਹੈ। ਉਹ ਵੀ ਹੁਣ ਖਪਤਕਾਰੀ ਉਤਪਾਦਾਂ ਰਾਹੀਂ ਮੰਡੀ ਵਿੱਚ ਕੁੱਦਣ ਦੀ ਤਿਆਰੀ ਵਿੱਚ ਹੈ। ਇਹ ਬਾਬਾ ‘ਐੱਮਐੱਸਜੀ’ ਬ੍ਰਾਂਡ ਦੇ ਨਾਮ ਹੇਠ 150 ਦੇ ਕਰੀਬ ਉਤਪਾਦਾਂ ਰਾਹੀਂ ਮੰਡੀ ਵਿੱਚ ਆ ਰਿਹਾ ਹੈ। ਇਹ ਵੀ ਆਪਣੇ ਉਤਪਾਦਾਂ ਨੂੰ ਵੇਚਣ ਲਈ ਟੈਲੀਸ਼ਾਪਿੰਗ, ਮੋਬਾਇਲ ਐਪਲੀਕੇਸ਼ਨਸ ਤੇ ਹੋਰ ਆਨਲਾਈਨ ਪਲੇਟਫਾਰਮਾਂ ਦਾ ਸਹਾਰਾ ਲਵੇਗਾ।

ਰੋਜਾਨਾ ਖਪਤ ਦੇ ਉਤਾਪਾਦਾਂ ਤੋਂ ਬਿਨਾਂ ਅਧਿਆਤਮਕ ਮੈਗਜ਼ੀਨ, ਕਿਤਾਬਾਂ, ਕੈਸੇਟਾਂ, ਸੀਡੀਜ, ਤਸਵੀਰਾਂ, ਸਟਿੱਕਰਾਂ ਆਦਿ ਜਿਹੀਆਂ ਚੀਜਾਂ ਦੀ ਵੀ ਇਹਨਾਂ ਬਾਬਿਆਂ ਦੀ ਇੱਕ ਵੱਡੀ ਮੰਡੀ ਹੈ। ਭਾਰਤ ਵਿੱਚ ਆਯੁਰਵੈਦਿਕ ਉਤਪਾਦਾਂ ਦੀ ਮੰਡੀ 2016 ਤੋਂ 2020 ਤੱਕ 15 ਫੀਸਦੀ ਦੇ ਕਰੀਬ ਵਧਣ ਦੇ ਅਸਾਰ ਹਨ। ਇਸ ਕਰਕੇ ਇਹਨਾਂ ਬਾਬਿਆਂ ਦੀਆਂ ਵਾਛਾਂ ਖਿੜੀਆਂ ਹੋਈਆਂ ਹਨ।

ਸਰਮਾਏਦਾਰੀ ਦੇ ਇਸ ਦੌਰ ਵਿੱਚ ਧਰਮ ਵਿੱਚ ਮੁਦਰਾ ਦੀ ਭੂਮਿਕਾ ਵਧਣ ਤੋਂ ਬਾਅਦ ਹੁਣ ਇਹਨਾਂ ਬਾਬਿਆਂ ਵੱਲੋਂ ਧਰਮ ਨਾਲ਼ੋਂ ਵੱਖਰੇ ਤੌਰ ‘ਤੇ ਉਤਪਾਦਾਂ ਰਾਹੀਂ ਸਿੱਧਾ ਮੰਡੀ ਵਿੱਚ ਕੁੱਦਣਾ ਧਰਮਾਂ ਦੇ ਵਣਜ ਵਿੱਚ ਬਦਲਣ ਨੂੰ ਹੋਰ ਵੀ ਜ਼ਿਆਦਾ ਨੰਗੇ-ਚਿੱਟੇ ਰੂਪ ਵਿੱਚ ਸਾਫ ਕਰਦਾ ਹੈ। ਹੁਣ ਤੱਕ ਧਰਮ ਦਾ ਮੁੱਖ ਕੰਮ ਲੋਕਾਂ ਨੂੰ ਰੱਬ, ਕਿਸਮਤ, ਅਧਿਆਮਿਕਤਾ ਦੇ ਨਾਮ ‘ਤੇ ਲੋਕਾਂ ਨੂੰ ਮੂਰਖ ਬਣਾਈ ਰੱਖਣਾ ਰਿਹਾ ਹੈ। ਧਰਮ ਲੋਕਾਂ ਨੂੰ ਆਪਣੀ ਲੁੱਟ, ਗਰੀਬੀ ਤੇ ਹੋਰ ਸਮਾਜਿਕ ਸਮੱਸਿਆਵਾਂ ਦੇ ਕਾਰਨਾਂ ਨੂੰ ਸਮਾਜਿਕ ਢਾਂਚੇ ਵਿੱਚ ਲੱਭਣ ਦੀ ਥਾਂ ਇਹਨਾਂ ਦਾ ਦੈਵੀਕਰਨ ਕਰਦੇ ਹੋਏ ਇਹਨਾਂ ਨੂੰ ਕਿਸੇ ਅਗਿਆਤ ਤਾਕਤ ਦੀ ਮਰਜ਼ੀ ਮੰਨਣ ਲਈ ਮਜ਼ਬੂਰ ਕਰਦਾ ਰਿਹਾ ਹੈ। ਧਰਮ ਲੋਕਾਂ ਨੂੰ ਆਪਣੀ ਹਾਲਤ ਨੂੰ ਬਦਲਣ ਲਈ ਇੱਕਜੁੱਟ ਸੰਘਰਸ਼ ਕਰਨ ਦੀ ਥਾਂ ਨਿੱਸਲ਼ ਹੋਕੇ ਸਭ ਕੁੱਝ ਸਹਿਣ ਕਰਦੇ ਹੋਏ ਜਿਉਣਾ ਸਿਖਾਉਂਦਾ ਰਿਹਾ ਹੈ। ਇਹਨਾਂ ਅਰਥਾਂ ਵਿੱਚ ਧਰਮ ਹਮੇਸ਼ਾ ਹਾਕਮ ਜਮਾਤਾਂ ਦੀ ਸੇਵਾ ਕਰਦਾ ਰਿਹਾ ਹੈ। ਸਰਮਾਏ ਦੇ ਇਸ ਯੁੱਗ ਵਿੱਚ ਧਰਮ ਨੇ ਹੁਣ ਇੱਕ ਨੰਗੇ-ਚਿੱਟੇ ਮੁਨਾਫੇਖੋਰ ਧੰਦੇ ਦਾ ਰੂਪ ਵੀ ਧਾਰਨ ਕਰ ਲਿਆ ਹੈ। ਹੁਣ ਧਰਮ ਪਹਿਲਾਂ ਵਾਂਗ ਲੋਕਾਂ ਨੂੰ ਮੂਰਖ ਵੀ ਬਣਾਈ ਰੱਖਦਾ ਹੈ ਪਰ ਨਾਲ਼ ਹੀ ਇਹ ਮੋਟੀ ਕਮਾਈ ਦਾ ਵੀ ਚੰਗਾ ਸਾਧਨ ਬਣ ਚੁੱਕਾ ਹੈ। ਮਾਇਆ ਤੇ ਦੁਨਿਆਵੀ ਚੀਜ਼ਾਂ ਦੇ ਮੋਹ, ਲਾਲਚ ਤੋਂ ਬਚਣ ਦੀਆਂ ਨਸੀਹਤਾਂ ਦੇਣ ਵਾਲ਼ਾ ਧਰਮ ਹੁਣ ਖੁਦ ਹੀ ਮਾਇਆ ਤੇ ਦੁਨਿਆਵੀ ਚੀਜ਼ਾਂ ‘ਚ ਖੁਸ਼ੀ ਨਾਲ਼ ਗੋਤੇ ਲਾ ਰਿਹਾ ਹੈ।

ਧਰਮਾਂ ਬਾਰੇ ਹੋਰ ਗੱਲ ਕਰੀਏ ਤਾਂ ਹੁਣ ਜਦੋਂ ਸਭ ਧਰਮ ਚੰਗੀ ਤਰ੍ਹਾਂ ਕਾਰੋਬਾਰ ਬਣ ਚੁੱਕੇ ਹਨ ਤਾਂ ਇਹਨਾਂ ਵਿੱਚ ਮੁਕਾਬਲਾ ਵੀ ਸ਼ੁਰੂ ਹੋ ਗਿਆ ਹੈ। ਇਹ ਮੁਕਾਬਲਾ ਵੱਧ ਤੋਂ ਵੱਧ ਚੜਾਵਾ ਹਾਸਲ ਕਰਨ ਲਈ ਵੱਧ ਤੋਂ ਵੱਧ ਸ਼ਰਧਾਲੂ ਬਟੋਰਨ ਦਾ ਹੈ ਜੋ ਧਰਮਾਂ ਦੇ ‘ਸਿਧਾਂਤਕ ਮੱਤਭੇਦ’ ਦੇ ਰੂਪ ਵਿੱਚ ਚਲਦਾ ਹੈ। ਧਰਮ-ਗੁਰੂਆਂ, ਬਾਬਿਆਂ ਵਿੱਚ ਦੁਸ਼ਮਣੀਆਂ ਆਮ ਹੋ ਗਈਆਂ ਹਨ, ‘ਸਵਾਸਾਂ ਵਾਲ਼ੀ ਡੋਰ ਰੱਬ ਦੇ ਹੱਥ’ ਦਾ ਸੁਨੇਹਾ ਦੇਣ ਵਾਲ਼ੇ ਬਾਬੇ ਖੁਦ ਆਪਣੀ ਸਵਾਸਾਂ ਦੀ ਡੋਰ ਨੂੰ ਬਚਾਉਣ ਲਈ ਹਥਿਆਰਬੰਦ ਪਹਿਰੇ ਹੇਠ ਲੁਕੇ ਰਹਿੰਦੇ ਹਨ। ਇਹ ਗੱਲ ਪੰਜਾਬ ਵਿੱਚ ਵੀ ਨੰਗੇ-ਚਿੱਟੇ ਰੂਪ ਵਿੱਚ ਵੇਖੀ ਜਾ ਸਕਦੀ ਹੈ। ਢੱਡਰੀਆਂ ਵਾਲ਼ੇ ਸੰਤ ‘ਤੇ ਹਥਿਆਰਬੰਦ ਹਮਲਾ, ਸਿੱਖਾਂ ਵੱਖੋ-ਵੱਖਰੇ ਤਰ੍ਹਾਂ ਦੇ ਧੜੇ ਤੇ ਉਹਨਾਂ ਦੇ ਆਪਸੀ ਵਿਰੋਧ ਜਾਂ ਸਿੱਖਾਂ ਦੇ ਨਿਰੰਕਾਰੀਆਂ, ਡੇਰੇ ਵਾਲ਼ਿਆਂ ਨਾਲ਼ ਵਿਰੋਧਾਂ ਦੀ ਜ਼ਮੀਨ ਵੀ ਇਹੋ ਹੀ ਹੈ।

ਰਾਮਦੇਵ, ਰਵੀਸ਼ੰਕਰ ਤੇ ਸਰਸੇ ਵਾਲ਼ਾ ਜੋ ਕਾਰੋਬਾਰ ਚਲਾ ਰਹੇ ਹਨ ਸਮੇਂ ਨਾਲ ਇਹਨਾਂ ਵਿੱਚ ਵੀ ਮੰਡੀ ਲਈ ਆਪਸੀ ਮੁਕਾਬਲਾ ਤੇਜ ਹੋਵੇਗਾ ਤੇ ਉਸ ਵੇਲ਼ੇ ਇਹਨਾਂ ਵਿਚਲੇ ‘ਸਿਧਾਂਤਕ ਵਿਰੋਧ’ ਵੀ ਦੇਖਣ ਵਾਲ਼ੇ ਹੋਣਗੇ। ਇੱਕ ਗੱਲ ਤਾਂ ਸਪੱਸ਼ਟ ਹੈ ਕਿ ਧਰਮ ਸਮੇਂ ਨਾਲ ਆਪਣੇ ਰੂਪ ਬਦਲਦਾ ਹੋਇਆ ਲੋਕਾਂ ਉੱਪਰ ਆਪਣੀ ਜਕੜ ਮਜ਼ਬੂਤ ਕਰਦਾ ਜਾ ਰਿਹਾ ਹੈ ਤੇ ਸੱਤ੍ਹਾ ਨਾਲ ਇਸਦੀਆਂ ਗੰਢਾਂ ਹੋਰ ਪੀਡੀਆ ਹੁੰਦੀਆਂ ਜਾ ਰਹੀਆਂ ਹਨ। ਇਸ ਢਾਂਚੇ ਦੀ ਇਨਕਲਾਬੀ ਤਬਦੀਲੀ ਦੀ ਲੜਾਈ ਨੂੰ ਸਭ ਰੂਪਾਂ ਦੇ ਧਰਮ ਦੀ ਜਕੜ ਤੇ ਧਰਮ ਦੇ ਸਿਆਸਤ ਨਾਲ਼ ਗੱਠਜੋੜ ਉੱਪਰ ਜੋਰਦਾਰ ਸੱਟ ਮਾਰਨੀ ਪਵੇਗੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements