ਦੇਸ਼ਧ੍ਰੋਹ •ਕੁਲਵਿੰਦਰ ਬੱਛੋਆਣਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਿਰ ਵਿਹੂਣੀ ਭੀੜ ਵਿੱਚੋਂ ਸਿਰ ਉਠਾ ਕੇ ਲੰਘਣਾ
ਜਬਰ ਦੇ ਖੰਘੂਰਿਆਂ ਦੇ ਜੁਆਬ ਦੇ ਵਿਚ ਖੰਘਣਾ
ਕੰਮ ਹੱਥਾਂ ਲਈ ਤੇ ਚਾਨਣ ਮੱਥਿਆਂ ਲਈ ਮੰਗਣਾ
ਸੀਨਿਆਂ ਵਿਚ ਤੀਰ ਖਾ ਕੇ ਤੜਫਣਾ ਵੀ ਦੇਸ਼ਧ੍ਰੋਹ ਹੈ

ਪੌਣ ਦੀ ਫੁੱਲਾਂ ਦੇ ਨਾਲ ਕਰਨੀ ਸ਼ਰਾਰਤ ਗਲਤ ਹੈ
ਪੰਛੀਆਂ ਦੀ ਪਿੰਜਰੇ ਬਾਰੇ ਸ਼ਿਕਾਇਤ ਗਲਤ ਹੈ
ਦੋ ਦਿਲਾਂ ਦੀ ਆਪਸੀ ਚਾਹਤ ਮੁਹੱਬਤ ਗਲਤ ਹੈ
ਸੀਨੇ ਅੰਦਰ ਧੜਕਦਾ ਦਿਲ ਰੱਖਣਾ ਵੀ ਦੇਸ਼ਧ੍ਰੋਹ ਹੈ

ਦਾਗ ਡੁੱਲ ਦੁੱਧ ਦੇ ਹੁਣ ਉਹ ਲਹੂ ਨਾਲ ਧੋਣਗੇ
ਮਿੱਟੀ ਅੰਦਰ ਇਸ ਕਦਰ ਮਜਬਾਂ ਦੀ ਨਫਰਤ ਬੋਣਗੇ
ਫੁੱਲ ਜੋ ਵੀ ਖਿੜਨਗੇ ਤਰਸ਼ੂਲ ਵਰਗੇ ਹੋਣਗੇ
ਫੁੱਲ ਹੋ ਕੇ ਫੁੱਲ ਵਾਂਗੂੰ ਮਹਿਕਣਾ ਵੀ ਦੇਸ਼ਧ੍ਰੋਹ ਹੈ

ਰੱਖਣੀ ਰਾਜੇ ਤੋਂ ਵੱਖਰੀ ਸੋਚ ਵੀ ਹੁਣ ਹੈ ਖਤਾ
ਬਾਲ ਦਿਓ ਆਪਣੇ ਸਾਰੇ ਸਵਾਲਾਂ ਦੀ ਚਿਤਾ
ਕੌਣ ਹੋ ਕਿੱਥੋਂ ਹੋ ਇਹ ਬੰਦੂਕ ਨੂੰ ਹੈ ਸਭ ਪਤਾ
ਗਲਤ ਕੀ ਤੇ ਠੀਕ ਕੀ ਹੈ, ਸੋਚਣਾ ਵੀ ਦੇਸ਼ਧ੍ਰੋਹ ਹੈ

ਹੋ ਰਹੀ ਕੋਸ਼ਿਸ਼ ਮਨਾਂ ਵਿਚ ਭਗਵਾਂ ਕੂੜਾ ਢੋਣ ਦੀ
ਸਾਇੰਸ ਦੇ ਮੱਥੇ ‘ਤੇ ਅਧਿਆਤਮ ਦਾ ਟਿੱਕਾ ਲਾਉਣ ਦੀ
‘ਦੇਸ਼ਭਗਤੀ’ ਦੀ ਕਬਰ ਵਿਚ ਹਰ ਜ਼ਖ਼ਮ ਦਫਨਾਉਣ ਦੀ
ਲਾਠੀਆਂ ਨਾਲ ਹੈ ਸਵਾਗਤ, ਚੀਕਣਾ ਪਰ ਦੇਸ਼ਧ੍ਰੋਹ ਹੈ

ਦੇਸ਼ਧ੍ਰੋਹੀ ਕੌਣ ਨੇ ਤੇ ਕਿਹੜੇ ਦੇਸ਼ਭਗਤ ਨੇ
ਫੈਸਲਾ ਇਹਦਾ ਅਜੇ ਕਰਨਾ ਹੈ ਯਾਰੋ ਵਕਤ ਨੇ
ਜੰਮਣਾ ਜੇਕਰ ਸ਼ੁਰੂ ਕੀਤਾ ਨੀ ਅੰਦਰ ਰਕਤ ਨੇ
ਫਿਰ ਘਰਾਂ ਵਿਚ ਸੁੰਨ ਹੋ ਕੇ ਬੈਠਣਾ ਤਾਂ ਦੇਸ਼ਧ੍ਰੋਹ ਹੈ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements