ਦੇਸ਼ ਵਿੱਚ ਔਰਤਾਂ ਦੀ ਵਧ ਰਹੀ ਅਸੁਰੱਖਿਆ •ਗਗਨ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਤੇ ਖਾਸ ਤੌਰ ‘ਤੇ ਪੰਜਾਬ ਦੀਆਂ ਧੀਆਂ ਦੀ ਸੁਰੱਖਿਆਂ ਦੇ ਨਾਂਅ ਅਤੇ ਉਹਨਾਂ ਦੇ ਚੰਗੇਰੇ ਭਵਿੱਖ ਦੇ ਨਾਂਅ ‘ਤੇ ਚਲਾਏ ਜਾ ਰਹੇ ‘ਨੰਨੀ ਛਾਂ’ ਜਿਹੇ ਸਿਆਸੀ ਪਖੰਡ ਦਾ ਮੂੰਹ ਚਿੜਾਉਂਦੇ ਤੱਥ ਪਿੱਛੇ ਹੀ ਖ਼ਤਮ ਹੋਏ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਉੱਭਰ ਕੇ ਸਾਹਮਣੇ ਆਏ। ਜਿਸ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਸੂਬੇ ਅੰਦਰ ਸਾਡੀਆਂ ਧੀਆਂ ਕਿੰਨੀਆਂ ਕੁ ਸੁਰੱਖਿਅਤ ਹਨ ਤੇ ਇਹਨਾਂ ਖ਼ਿਲਾਫ਼ ਹੁੰਦੇ ਅਨੇਕਾਂ ਘਿਨੌਣੇ ਜ਼ੁਲਮਾਂ ਨੂੰ ਲੈ ਕੇ ਸਾਡੀਆਂ ਸਰਕਾਰਾਂ ਕਿੰਨੀਆਂ ਕੁ ਸੁਹਿਰਦ ਹਨ ।

ਹੁਣੇ ਹੀ ਖ਼ਤਮ ਹੋਏ ਇਸ ਸੈਸ਼ਨ ਵਿੱਚ ਪੇਸ਼ ਕੀਤੇ ਗਏ ਇੰਨਾਂ ਅੰਕੜਿਆਂ ਮੁਤਾਬਿਕ ਸਰਕਾਰ ਦੇ ਇਸ ”ਮਹਾਰਾਜਾ ਰਣਜੀਤ ਸਿੰਘ” ਦੇ ਰਾਜ ਅੰਦਰ ਹਰ ਰੋਜ਼ ਦੋ ਤੋਂ ਵੱਧ ਔਰਤਾਂ ਨਾਲ਼ ਬਲਾਤਕਾਰ ਤੇ ਸੱਤ ਤੋਂ ਵੱਧ ਔਰਤਾਂ ਨਾਲ਼ ਛੇੜਛਾੜ ਦੀਆਂ ਘਟਨਾਵਾਂ ਆਮ ਜਿਹੀ ਗੱਲ ਹਨ। ਅੰਕੜਿਆਂ ਮੁਤਾਬਿਕ ਪੰਜਾਬ ਅੰਦਰ ਜਨਵਰੀ 2012 ਤੋਂ 31 ਅਗਸਤ 2015 ਤੱਕ ਬਲਾਤਕਾਰ ਦੇ 3,146 ਮਾਮਲੇ ਸਾਹਮਣੇ ਆਏ ਹਨ। ਸੂਬੇ ਅੰਦਰ 2012 ਦੌਰਾਨ 680, ਸਾਲ 2013 ਦੌਰਾਨ 888, ਸਾਲ 2014 ਦੌਰਾਨ 981 ਤੇ ਸਾਲ 2015(31 ਅਗਸਤ) ਦੌਰਾਨ 697 ਘਟਨਾਵਾਂ ਉਹ ਹਨ ਜੋ ਸਰਕਾਰੀ ਰਿਕਾਰਡ ਵਿੱਚ ਦਰਜ਼ ਹਨ। ਇਸ ਤੋਂ ਇਲਾਵਾ ਸੈਂਕੜੇ ਉਹ ਘਟਨਾਵਾਂ ਹਨ ਜੋ ਕਿਸੇ ਨਾ ਕਿਸੇ ਤਰ੍ਹਾਂ ਦੇ ਸਿਆਸੀ ਦਬਾਅ ਜਾਂ ਸਮਾਜਕ ਡਰ ਕਰਕੇ ਦਰਜ ਹੀ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਦਹੇਜ਼ ਕਾਰਨ ਮਾਰ ਕੁੱਟ, ਘਰੇਲੂ ਹਿੰਸਾ ਤੇ ਜਿਸਮਾਨੀ ਛੇੜਛਾੜ ਦੀਆਂ 9102 ਘਟਨਾਵਾਂ ਹੋਈਆਂ ਹਨ। ਇਹਨਾਂ ਵਿੱਚੋਂ ਜੇਕਰ ਅਲੱਗ-ਅਲੱਗ ਹਿੰਸਾ ਦੀਆਂ ਘਟਨਾਵਾਂ ਦੇ ਅੰਕੜੇ ਦੇਖੇ ਜਾਣ ਤਾਂ ਜਿਸਮਾਨੀ ਛੇੜਛਾੜ ਦੇ ਸਾਲ 2012 ਦੌਰਾਨ 340, ਸਾਲ 2013 ਦੌਰਾਨ 1045, ਸਾਲ 2014 ਦੌਰਾਨ 1113 ਅਤੇ ਸਾਲ 2015 (31 ਅਗਸਤ) ਦੌਰਾਨ 836 ਘਟਨਾਵਾਂ ਹੋ ਚੁੱਕੀਆਂ ਹਨ। ਹਿੰਸਾ ਦੇ ਹੀ ਇੱਕ ਹੋਰ ਰੂਪ ਦਹੇਜ਼ ਕਾਰਨ ਕੁੱਟਮਾਰ ਦੀਆਂ ਸਾਲ 2012 ਦੌਰਾਨ 1293, ਸਾਲ 2013 ਦੌਰਾਨ 1741, ਸਾਲ 2014 ਦੌਰਾਨ 1681 ਅਤੇ ਸਾਲ 2015 ਦੌਰਾਨ 1054 ਘਟਨਾਵਾਂ ਵਾਪਰੀਆਂ ਹਨ।

ਉਪਰੋਕਤ ਅਤੇ ਵੱਖ-ਵੱਖ ਘਟਨਾਵਾਂ ਦੇ ਅੰਕੜਿਆਂ ਵਿੱਚ ਇੱਕ ਗੱਲ ਤਕਰੀਬਨ ਮਿਲਦੀ-ਜੁਲਦੀ ਹੈ ਉਹ ਹੈ ਇਹਨਾਂ ਘਟਨਾਵਾਂ ਦਾ ਲਗਾਤਾਰ ਵੱਧ ਰਿਹਾ ਗਰਾਫ। ਪਿੱਛੇ ਜਿਹੇ ਕੌਮੀ ਪੱਧਰ ‘ਤੇ ਹੋਈਆਂ ਕਾਨਫਰੰਸਾਂ ਵਿੱਚ ਵੀ ਇਹ ਗੱਲ ਚਿੱਟੇ ਦਿਨ ਵਾਂਗ ਸਾਹਮਣੇ ਆ ਚੁੱਕੀ ਹੈ ਕਿ ਹੋਰਨਾਂ ਰਾਜਾਂ ਦੇ ਮਕਾਬਲੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਖਾਸ਼ ਤੌਰ ‘ਤੇ ਘਰੇਲੂ ਹਿੰਸਾ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਰਾਜ ਸਰਕਾਰ ਦੁਆਰਾ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਕਿਸੇ ਵੀ ਘਟਨਾ ਨੂੰ ਲੈ ਕੇ ਜਦੋਂ ਕਿਤੇ ਥਾਣੇ ਪਹੁੰਚ ਕੀਤੀ ਵੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਅਕਸਰ ਹੀ ਢਿੱਲਾ ਰਵੱਈਆ ਵਰਤੀਆ ਜਾਂਦਾ ਹੈ। ਪਹਿਲਾਂ ਤਾਂ ਕੋਈ ਰਪਟ ਵਗੈਰਾ ਹੀ ਨਹੀਂ ਦਰਜ਼ ਹੁੰਦੀ ਤੇ ਜੇ ਹੁੰਦੀ ਵੀ ਹੈ ਤਾਂ ਉਸ ‘ਤੇ ਕੋਈ ਠੋਸ ਕਾਰਵਾਈ ਹੋਣ ਦੀ ਥਾਂ ਉਸਨੂੰ ਲਮਕਾਇਆ ਜਾਂਦਾ ਹੈ ਤੇ ਅਜਿਹੇ ਢਿੱਲੇ-ਢਾਲੇ ਤਰੀਕਿਆਂ ਕਰਕੇ ਹੀ ਅਕਸਰ ਦੋਸ਼ੀ ਬਚ ਨਿਕਲਣ ਵਿੱਚ ਸਫਲ਼ ਹੋ ਜਾਂਦੇ ਹਨ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਹੀ ਅਦਾਲਤਾਂ ਵੱਲੋਂ ਉਕਤ ਪੌਣੇ ਚਾਰ ਸਾਲਾਂ ਦੇ ਸਮੇਂ ਦੌਰਾਨ ਬਲਾਤਕਾਰ ਦੇ ਕੁੱਲ ਕੇਸਾਂ ਵਿੱਚੋਂ 595 ਮਾਮਲਿਆਂ ਵਿੱਚ ਹੀ ਸਜ਼ਾ ਸੁਣਾਈ ਗਈ ਜਦੋਂ ਕਿ ਛੇੜਛਾੜ ਤੇ ਦਹੇਜ਼ ਦੇ 188 ਮਾਮਲਿਆਂ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਤੇ ਘਰੇਲੂ ਹਿੰਸਾ ਵਿੱਚ ਕਿਸੇ ਵੀ ਕੇਸ ਵਿੱਚ ਕੋਈ ਸਜ਼ਾ ਨਹੀਂ ਹੋਈ।

ਹੁਣ ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸੱਚਾਈ ਹੋਰ ਉਘੜ ਕੇ ਸਾਹਮਣੇ ਆ ਜਾਂਦੀ ਹੈ ਜਦ ਕੁਝ ਚਿਰ ਪਹਿਲਾਂ ਹੀ ਹੋਏ ਇੱਕ ਕੌਮਾਂਤਰੀ ਸਰਵੇਖਣ ਤੇ ਨਜ਼ਰ ਮਾਰੀ ਜਾਵੇ ਤਾਂ ਭਾਰਤ, ਪਾਕਿਸਤਾਨ, ਬੰੰਗਲਾ ਦੇਸ਼, ਇੰਡੋਨੇਸ਼ੀਆ ਤੇ ਹੋਰਨਾਂ ਗ਼ਰੀਬ ਤੇ ਆਰਥਿਕ ਤੌਰ ‘ਤੇ ਪੱਛੜੇ ਹੋਏ ਦੇਸ਼ਾਂ ਦੇ ਮੁਕਾਬਲੇ ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੀ ਥਾਂ ਹਾਸਲ ਕਰ ਚੁੱਕਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements