ਦੇਸ਼ ਦੀ ਅਜ਼ਾਦੀ ਦੀ ਲੜਾਈ ਚ ਰਾਸ਼ਟਰੀ ਸਵੈ-ਸੇਵਕ ਸੰਘ ਦੇ ਯੋਗਦਾਨ ਦੀ ਅਸਲੀਅਤ •ਨਰਾਇਣ ਆਨੰਦ ਖਰਾੜੇ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ ਕੱਲ ਸਾਰੇ ਦੇਸ਼-ਵਾਸੀਆਂ ਨੂੰ ਦੇਸ਼-ਪਿਆਰ ਦੇ ਅਰਥ ਸਮਝਾਉਣ ਦੀ ਜ਼ਿੰਮੇਵਾਰੀ ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਤੇ ਉਸਦੀਆਂ ਭਰਾਤਰੀ ਜਥੇਬੰਦੀਆਂ ਨੇ ਆਪਣੇ ਸਿਰ ਲੈ ਰੱਖੀ ਹੈ। ਇਹੀ ਕਾਰਨ ਹੈ ਕਿ ਭਾਰਤ ਮਾਤਾ, ਹਿੰਦੂ ਕੌਮ, ਸਨਾਤਨ ਧਰਮ, ਪੁਰਾਤਨ ਸੱਭਿਆਚਾਰ ਵਰਗੇ ਸੰਘ ਦੇ ਮਨਪਸੰਦ ਸੰਕਲਪਾਂ ਨੇ ਹੁਣ ਅੰਗਾਰ ਤੋਂ ਜੰਗਲ ਦੀ ਅੱਗ ਦਾ ਰੂਪ ਧਾਰ ਲਿਆ ਹੈ। ਸੰਘ ਦੇ ਇਹਨਾਂ ਸੰਕਲਪਾਂ ਦਾ ਵਿਰੋਧ ਕਰਨ ਜਾਂ ਸੰਘ ‘ਤੇ ਕਿਸੇ ਵੀ ਤਰਾਂ ਦੀ ਟਿੱਪਣੀ ਕਰਨ ਵਾਲ਼ਿਆਂ ਨੂੰ ਸੰਘ ਦੇਸ਼ਧ੍ਰੋਹੀ ਗਰਦਾਨ ਰਿਹਾ ਹੈ। ਇਹ ਸੱਚ ਹੈ ਕਿ ਦੇਸ਼-ਭਗਤੀ ਜਾਂ ਦੇਸ਼ਧ੍ਰੋਹ ਦਾ ਪ੍ਰਮਾਣ-ਪੱਤਰ ਵੰਡਣ ਦਾ ਹੱਕ ਸੰਘ ਨੂੰ ਕਿਸੇ ਨੇ ਨਹੀਂ ਦਿੱਤਾ ਹੈ, ਫਿਰ ਵੀ ਸੰਘ ਦੇ ਬੋਲਣ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਇਸਦਾ ਕਾਰਨ ਇਹ ਹੈ ਕਿ ਸੰਘ 90 ਸਾਲਾਂ ਦੇ ਇਤਿਹਾਸ ਵਾਲ਼ੀ, ਪੂਰੇ ਦੇਸ਼ ‘ਚ 51,335 ਸ਼ਾਖਾਵਾਂ ਵਾਲ਼ੀ ਤੇ ਲਗਪਗ 60 ਲੱਖ ਸਵੈ-ਸੇਵਕਾਂ ਵਾਲ਼ੀ ਜਥੇਬੰਦੀ ਹੈ। ਇੰਨਾ ਹੀ ਨਹੀਂ ਸਗੋਂ ਪਿਛਲੇ 5 ਸਾਲਾਂ ‘ਚ ਸੰਘ ਦੀਆਂ ਰੋਜ਼ਾਨਾ ਸ਼ਾਖਾਵਾਂ ਵਿੱਚ 29 ਪ੍ਰਤੀਸ਼ਤ, ਹਫਤਾਵਾਰੀ ਸ਼ਾਖ਼ਾਵਾਂ ‘ਚ 61 ਫੀਸਦੀ ਅਤੇ ਮਹੀਨੇਵਾਰ ਸ਼ਾਖਾਵਾਂ ‘ਚ 40 ਫੀਸਦੀ ਦਾ ਵਾਧਾ ਵੀ ਹੋਇਆ ਹੈ। ਇਸਦੇ ਨਾਲ਼ ਹੀ ਮੌਜੂਦਾ ਪ੍ਰਧਾਨ ਮੰਤਰੀ ਵੀ ਸੰਘ ਦਾ ਸੱਚਾ ਸਵੈ-ਸੇਵਕ ਹੈ ਅਤੇ ਉਹਨੂੰ ਖੁਦ ਇਸਦਾ ਮਾਣ ਵੀ ਹੈ। ਇਸ ਲਈ ਦੇਸ਼ ਭਗਤੀ ਬਾਰੇ ਸੰਘ ਦੇ ਵਿਚਾਰਾਂ ਦੀ ਅਣਦੇਖੀ ਕਰਨ ਦੀ ਦਲੇਰੀ ਸੰਭਵ ਨਹੀਂ ਹੈ। ਉਲਟਾ ਸੰਘ ਦੀ ਦੇਸ਼-ਭਗਤੀ ਤੇ ਦੇਸ਼-ਪ੍ਰੇਮ ‘ਤੇ ਬੱਝਵੀਂ ਚਰਚਾ ਕਰਨਾ ਅੱਜ ਸਮਾਜ ਲਈ ਪਹਿਲਾਂ ਤੋਂ ਕਿਤੇ ਜ਼ਿਆਦਾ ਲਾਜ਼ਮੀ ਬਣ ਗਿਆ ਹੈ।

ਰਾਸ਼ਟਰੀ ਸਵੈ-ਸੇਵਕ ਸੰਘ ਦੀ ਸਥਾਪਨਾ 1925 ‘ਚ ਨਾਗਪੁਰ ‘ਚ ਹੋਈ ਸੀ। ਉਦੋਂ ਤੋਂ 15 ਅਗਸਤ 1947 ਤੱਕ, ਯਾਨੀ 22 ਸਾਲਾਂ ਤੱਕ ਭਾਰਤ ‘ਤੇ ਅੰਗਰੇਜ਼ਾਂ ਦਾ ਰਾਜ ਸੀ। ਇਸ ਸਮੇਂ ‘ਚ ਭਾਰਤੀ ਰਾਸ਼ਟਰੀ ਕਾਂਗਰਸ ਵਰਗੀ ਵੱਡੀ ਜਥੇਬੰਦੀ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਗਰਮ ਅਨੇਕਾਂ ਛੋਟੀਆਂ-ਛੋਟੀਆਂ ਜਥੇਬੰਦੀਆਂ ਅੰਗਰੇਜ਼ਾਂ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਆਪਣੇ-ਆਪਣੇ ਢੰਗ ਨਾਲ਼ ਯਤਨ ਕਰ ਰਹੀਆਂ ਸਨ। ਅਜਿਹੇ ਸਮੇਂ ਸੰਘ ਕੀ ਕਰ ਰਿਹਾ ਸੀ? ਇਹ ਸਮਝਣਾ ਸੰਘ ਦੀ ਦੇਸ਼-ਭਗਤੀ ਨੂੰ ਸਮਝਣ ਲਈ ਸਭ ਤੋਂ ਵਾਜਬ ਰਹੇਗਾ। ਸੰਖੇਪ ‘ਚ ਕਹਿਣਾ ਹੋਵੇ ਤਾਂ ਇੱਕ ਜਥੇਬੰਦੀ ਦੇ ਰੂਪ ‘ਚ ਸੰਘ ਨੇ ਅੰਗਰੇਜ਼ਾਂ ਖ਼ਿਲਾਫ ਕੁਝ ਨਹੀਂ ਕੀਤਾ। ਉਲਟਾ ਉਸ ਸਮੇਂ ਦੇਸ਼ ਲਈ ਦਿਲ ‘ਚ ਕੁਝ ਕਰਨ ਦਾ ਜਜ਼ਬਾ ਲੈ ਕੇ ਅਜ਼ਾਦੀ ਦੀ ਲੜਾਈ ‘ਚ ਹਿੱਸਾ ਲੈ ਰਹੇ ਲੋਕਾਂ ਦਾ ਹੌਂਸਲਾ ਢਾਉਣਾ ਅਤੇ ਦੇਸ਼ ਲਈ ਕੁਰਬਾਨੀ ਦੇਣ ਵਾਲ਼ੇ ਦੇਸ਼-ਭਗਤਾਂ ਦੇ ਤਿਆਗ ਦੀ ਬੇਇੱਜ਼ਤੀ ਸੰਘ ਨੇ ਯੋਜਨਾਬੱਧ ਢੰਗ ਨਾਲ਼ ਅਣਥੱਕ ਕੀਤੀ। ਅੱਜ ਸੰਘ ਦੇਸ਼ ਭਗਤੀ ਦੀਆਂ ਕਿੰਨੀਆਂ ਵੀ ਗੱਲਾਂ ਕਰ ਲਵੇ ਪਰ ਉਹਦਾ ਇਹ ਕਾਲ਼ਾ ਇਤਿਹਾਸ ਉਹਦੀਆਂ ਖੁਦ ਦੀਆਂ ਕਿਤਾਬਾਂ ਵਿੱਚ ਦਰਜ ਹੋ ਚੁੱਕਾ ਹੈ। ਬੇਸ਼ੱਕ ਇਹ ਵੀ ਸੱਚ ਹੈ ਕਿ ਆਪਣੀ ਇਸ ਕਮੀਨੀ ਭੂਮਿਕਾ ਲਈ ਸੰਘ ਨੇ ਕਦੇ ਸ਼ਰਮ ਮਹਿਸੂਸ ਨਹੀਂ ਕੀਤੀ। ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਅਜ਼ਾਦੀ ਦੀ ਲਹਿਰ ਤੋਂ ਦੂਰ ਰਹਿਣ ਦੇ ਸੰਘ ਦੇ ਕਿਰਦਾਰ ਦੀ ਹਮਾਇਤ ਸੰਘ ਦੇ ਦੂਜੇ ਸਰ ਸੰਘ ਚਾਲਕ ਮਾਧਵ ਸਦਾਸ਼ਿਵ ਗੋਲਵਲਕਰ (ਗੁਰੂਜੀ) ਨੇ ਹੇਠਲੇ ਸ਼ਬਦਾਂ ‘ਚ ਕੀਤੀ, “1942 ਦੇ ਸਮੇਂ ਵੀ ਅਨੇਕ ਲੋਕਾਂ ਦੇ ਮਨ ‘ਚ ਲਹਿਰ ਦੇ ਵਿਚਾਰ ਸਨ। ਪਰ ਤਦ ਵੀ ਸੰਘ ਦੇ ਨਿਯਮਤ ਪ੍ਰੋਗਰਾਮ ਚਲਦੇ ਰਹੇ। ਸੰਘ ਨੇ ਸਿੱਧੇ ਰੂਪ ‘ਚ ਕੁਝ ਵੀ ਨਾ ਕਰਨ ਦਾ ਸੰਕਲਪ ਲਿਆ ਸੀ, ਫਿਰ ਵੀ ਸੰਘ ਦੇ ਸਵੈ-ਸੇਵਕਾਂ ਦੇ ਮਨ ‘ਚ ਹਲਚਲ ਮੱਚੀ ਹੋਈ ਸੀ। ਸੰਘ ਕੇਵਲ ਵਿਹਲੜ ਲੋਕਾਂ ਦੀ ਜਥੇਬੰਦੀ ਹੈ, ਉਹਨਾਂ ਦੇ ਬੋਲਣ ਦਾ ਕੋਈ ਅਰਥ ਨਹੀਂ ਹੈ, ਅਜਿਹਾ ਕੇਵਲ ਬਾਹਰ ਦੇ ਲੋਕ ਹੀ ਨਹੀਂ ਸਗੋਂ ਸੰਘ ਦੇ ਸਵੈ-ਸੇਵਕ ਵੀ ਬੋਲਣ ਲੱਗੇ ਸਨ ਤੇ ਉਹ ਗੁੱਸੇ ਹੋ ਗਏ ਸਨ। ਇਸਦੇ ਬਾਵਜੂਦ ਸੰਘ ਨੇ ਆਪਣੀ ਪੋਜ਼ੀਸ਼ਨ ਛੱਡੀ ਨਹੀਂ।”1 ਸੰਘ ਦੇ ਪਰਮਪੂਜਯ ਗੋਲਵਲਕਰ ਗੁਰੂਜੀ ਦੇ ਇਹ ਸ਼ਬਦ ਸੰਘ ਦੀ ਦੇਸ਼-ਭਗਤੀ ਦਾ ਸਬੂਤ ਹਨ।

ਅਜ਼ਾਦੀ ਦੀ ਲੜਾਈ ਅਤੇ ਸੰਘ ਦੀ ਚਰਚਾ ਕਰਦੇ ਹੋਏ ਇੱਕ ਸਾਵਧਾਨੀ ਵਰਤਣੀ ਪਏਗੀ। ਜਥੇਬੰਦੀ ਤੇ ਇੱਕ ਵਿਅਕਤੀ ਦੇ ਰੂਪ ‘ਚ ਸਵੈ-ਸੇਵਕ ਬਾਰੇ ਅਲੱਗ-ਅਲੱਗ ਵਿਚਾਰ ਕਰਨਾ ਵੀ ਲਾਜ਼ਮੀ ਹੈ। ਕਿਸੇ ਵੀ ਜਥੇਬੰਦੀ ਦਾ ਆਪਣੇ ਮੈਂਬਰਾਂ ‘ਤੇ ਪੂਰਾ ਕੰਟਰੌਲ ਨਹੀਂ ਹੋ ਸਕਦਾ ਹੈ। ਜਥੇਬੰਦੀ ‘ਚ ਵੱਖ-ਵੱਖ ਮੁੱਦਿਆਂ ‘ਤੇ ਮਤਭੇਦ ਤੇ ਵਿਰੋਧੀ ਪੋਜ਼ੀਸ਼ਨਾਂ ਬਣਦੀਆਂ ਰਹਿੰਦੀਆਂ ਹਨ। ਆਗਿਆ ਪਾਲਣ ਲਈ ਪ੍ਰਸਿੱਧ ਸੰਘ ਵੀ ਇਸਦੀ ਛੋਟ ਨਹੀਂ ਹੈ। ਅਜਿਹੇ ਸਮੇਂ ਕੀ ਭੂਮਿਕਾ ਨਿਭਾਈ ਜਾਵੇਗੀ, ਇਸਦਾ ਫੈਸਲਾ ਕਿਸੇ ਜਥੇਬੰਦੀ ਦੇ ਸਿਧਾਂਤ ਤੇ ਉਦੇਸ਼ ਤੋਂ ਤੈਅ ਹੁੰਦਾ ਹੈ। ਜਮਹੂਰੀ ਕਦਰਾਂ-ਕੀਮਤਾਂ ਤੇ ਤਾਰਕਿਕਤਾ ‘ਚ ਭਰੋਸਾ ਕਰਨ ਵਾਲ਼ੀ ਜਥੇਬੰਦੀ ਵੋਟ, ਬਹਿਸ, ਤਰਕ ਆਦਿ ਦੁਆਰਾ ਆਪਣਾ ਪੱਖ ਤੈਅ ਕਰਦੀ ਹੈ। ਪਰ ਸੰਘ ‘ਚ ਅਜਿਹੀਆਂ “ਫਾਲਤੂ” ਕਦਰਾਂ-ਕੀਮਤਾਂ ਦੀ ਥਾਂ ਨਹੀਂ ਹੈ। ਸੰਘ ‘ਇੱਕ ਝੰਡਾ, ਇੱਕ ਆਗੂ, ਇੱਕ ਵਿਚਾਰਧਾਰਾ’, ਇਸ ਸਿਧਾਂਤ ਨਾਲ਼ ਆਪਣੀ ਪੋਜ਼ੀਸ਼ਨ ਦੱਸਦਾ ਹੈ। ਮਤਭੇਦ ਰੱਖਣ ਵਾਲ਼ਿਆਂ ਤੇ ਖੁਦ ਤਰਕ ਕਰਨ ਦੀ ਇੱਛਾ ਰੱਖਣ ਵਾਲ਼ਿਆਂ ਨੂੰ ਦੂਰ ਹੋਣਾ ਪੈਂਦਾ ਹੈ। ਸੰਘ ਸੱਚੇ ਅਰਥਾਂ ‘ਚ ਸਮਾਜ ਦੀ ਇੱਕ ਛੋਟੀ ਜਿਹੀ ਜਮਾਤ ਦੇ ਹਿੱਤਾਂ ਦੀ ਨੁਮਾਇੰਦਗੀ ਕਰਦਾ ਹੈ। ਇਹੀ ਕਾਰਨ ਹੈ ਕਿ ਵਿਸ਼ਾਲ ਲੋਕਾਂ ਦੀ ਹਮਾਇਤ ਲੈਣ ਲਈ ਅਸਲੀ ਉਦੇਸ਼ ਨੂੰ ਲੁਕਾ ਕੇ ਸੰਘ ਦੇ ਉਦੇਸ਼ਾਂ ਬਾਰੇ ਇੱਕ ਭਰਮਾਊ ਤਸਵੀਰ ਪ੍ਰਚਾਰਨਾ ਸੰਘ ਦੀ ਲੋੜ ਹੈ। ਉਸਦੇ ਲਈ ਸੰਘ ਨੇ ਜੋ ਸਭ ਤੋਂ ਕਾਰਗਾਰ ਹਥਿਆਰ ਤਿਆਰ ਕੀਤਾ ਹੈ, ਉਹ ਸੰਘ ਦੀਆਂ ਭਾਵਨਾਵਾਂ ਨੂੰ ਸਹਾਰਾ ਦਿੰਦੀ ਅਲੰਕਾਰਿਕ ਭਾਸ਼ਾ ਹੈ। ਭੋਲੇ-ਭਾਲੇ ਲੋਕਾਂ ਨੂੰ ਸੰਘ ਨਾਲ਼ ਜੋੜਣ ਦਾ ਕੰਮ ਇਸ ਜਾਦੂਈ ਅਸਤਰ ਨੇ ਸਾਲ ਦਰ ਸਾਲ ਪ੍ਰਭਾਵੀ ਢੰਗ ਨਾਲ਼ ਕੀਤਾ ਹੈ। ਇਸੇ ਕਾਰਨ ਆਮ ਸਵੈ-ਸੇਵਕ ਤੇ ਸੰਘ ਦੇ ਆਗੂਆਂ ਵਿਚਾਲੇ ਸਮੇਂ-ਸਮੇਂ ‘ਤੇ ਟਕਰਾਅ ਪੈਦਾ ਹੁੰਦਾ ਹੈ। ਵੈਸੇ ਤਾਂ ਸਾਰੀਆਂ ਹੋਰਨਾਂ ਜਥੇਬੰਦੀਆਂ ਵਿੱਚ ਵੀ ਇਸ ਤਰਾਂ ਦੇ ਟਕਰਾਅ ਪੈਦਾ ਹੁੰਦੇ ਹਨ। ਅਜ਼ਾਦੀ ਦੀ ਲੜਾਈ ਬਾਰੇ ਵੀ ਸੰਘ ਦੀ ਪੋਜ਼ੀਸ਼ਨ ‘ਤੇ ਅਜਿਹੇ ਹੀ ਟਕਰਾਅ ਪੈਦਾ ਹੋਣ ਦੀਆਂ ਅਨੇਕਾਂ ਉਦਾਹਰਨਾਂ ਹਨ। ਇਸ ਲਈ ਜਿੱਥੇ ਵੀ ਸੰਘ ਦੇ ਸਵੈ-ਸਵੇਕ ਦੇ ਨਿੱਜੀ ਤੌਰ ‘ਤੇ ਅਜ਼ਾਦੀ ਦੀ ਲਹਿਰ ‘ਚ ਹਿੱਸੇਦਾਰੀ ਕਰਨ ਦੀਆਂ ਉਦਾਹਰਨਾਂ ਮਿਲ਼ਦੀਆਂ ਹਨ, ਉਸ ਸਮੇਂ ਸੰਘ ਦੀ ਜਥੇਬੰਦਕ ਪੋਜ਼ੀਸ਼ਨ ਕੀ ਸੀ, ਇਸਦੀ ਪੜਤਾਲ ਕਰਨਾ ਲਾਜ਼ਮੀ ਹੈ।

ਆਰ.ਐੱਸ.ਐੱਸ ਦੇ ਸੰਸਥਾਪਕ ਡਾ. ਕੇਸ਼ਵ ਬਲਿਰਾਮ ਹੇਡਗੇਵਾਰ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਭਾਰਤੀ ਰਾਸ਼ਟਰੀ ਕਾਂਗਰਸ ਤੋਂ ਕੀਤੀ ਸੀ। 1920 ‘ਚ ਨਾ-ਮਿਲਵਰਤਨ ਲਹਿਰ ‘ਚ ਹਿੱਸਾ ਲੈਣ ਕਰਕੇ ਉਸ ‘ਤੇ ਕੇਸ ਦਰਜ ਹੋਇਆ ਤੇ ਇੱਕ ਸਾਲ ਲਈ ਬਾਮੁਸ਼ੱਕਤੀ ਜੇਲ ਦੀ ਸਜ਼ਾ ਮਿਲ਼ੀ। ਅਜ਼ਾਦੀ ਘੁਲਾਟੀਆਂ ਦਾ ਮੰਨਣਾ ਸੀ ਕਿ ਸਾਮਰਾਜਵਾਦੀ ਸੱਤਾ ਦਾ ਵਿਰੋਧ ਕਰਨਾ ਕੇਵਲ ਹੱਕ ਹੀ ਨਹੀਂ ਸਗੋਂ ਇੱਕ ਫਰਜ਼ ਹੈ, ਇਸ ਲਈ ਉਹਨਾਂ ਨੇ ਇਹ ਸੌਂਹ ਚੁੱਕੀ ਕਿ ਉਹ ਆਪਣਾ ਬਚਾਅ ਨਹੀਂ ਕਰਨਗੇ। ਪਰ ਡਾ. ਹੇਡਗੇਵਾਰ ਨੇ ਆਪਣਾ ਬਚਾਅ ਕੀਤਾ। “ਆਪਣਾ ਬਚਾਅ ਨਾ ਕਰਕੇ ਪਿੱਸੂ ਵਾਂਗ ਕੁਚਲਿਆ ਜਾਣਾ ਮੈਨੂੰ ਪ੍ਰਵਾਨ ਨਹੀਂ ਹੈ। ਆਪਣਾ ਪੱਖ ਰੱਖ ਕੇ ਸਾਨੂੰ ਦੁਸ਼ਮਣ ਦੀਆਂ ਭੈੜੀਆਂ ਹਰਕਤਾਂ ਨੂੰ ਸੰਸਾਰ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ”2, ਇਹੀ ਦੇਸ਼ ਸੇਵਾ ਹੈ, ਇਹ ਤਰਕ ਉਸਨੇ ਆਪਣੀ ਹਮਾਇਤ ‘ਚ ਦਿੱਤਾ। ਦੇਸ਼ ਸੇਵਾ ਕਰਦੇ ਹੋਏ ਜ਼ੇਲ ਤਾਂ ਕੀ, ਕਾਲ਼ੇ ਪਾਣੀ ਜਾਣਾ ਪਵੇ ਜਾਂ ਫਾਂਸੀ ‘ਤੇ ਵੀ ਚੜਣਾ ਪਵੇ, ਤਾਂ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ, ਅਜਿਹੀ ਲਲਕਾਰ ਵੀ ਉਸਨੇ ਮਾਰੀ। ਪਰ ਸਜ਼ਾ ਪੂਰੀ ਕਰਕੇ ਪਰਤਣ ਤੋਂ ਬਾਅਦ ਉਸਨੇ ਇਸ ਗੱਲ ਦੀ ਪੂਰੀ ਸਾਵਧਾਨੀ ਰੱਖੀ ਕਿ ਉਹਨੂੰ ਕਾਲ਼ਾ ਪਾਣੀ ਜਾਂ ਫਾਂਸੀ ਦੀ ਸਜ਼ਾ ਨਾ ਹੋਵੇ। ਉਹ ਕਾਂਗਰਸ ਤੋਂ ਦੂਰ ਹੋ ਗਏ ਕਿਉਂਕਿ ਉਹਨੂੰ ਇਹ ਪ੍ਰਵਾਨ ਨਹੀਂ ਸੀ ਕਿ ਇਹ ਦੇਸ਼ ਇੱਥੇ ਰਹਿਣ ਵਾਲ਼ੇ ਸਭ ਜਾਤ-ਧਰਮਾਂ ਦੇ ਲੋਕਾਂ ਦਾ ਹੈ। ਡਾ. ਹੇਡਗੇਵਾਰ ਦੀ ਜੀਵਨੀ ਲਿਖਣ ਵਾਲ਼ੇ ਐੱਨ. ਐੱਚ.ਪਾਲਕਰ ਅਨੁਸਾਰ, “ਹਿੰਦੁਸਤਾਨ ‘ਚ ਰਹਿਣ ਵਾਲ਼ੇ ਸਾਰੇ ਲੋਕਾਂ ਦਾ ਇਹ ਦੇਸ਼ ਹੈ, ਇਸ ਧਾਰਣਾ ਤੋਂ ਉਹਨਾਂ ਦਾ ਵਿਸ਼ਵਾਸ ਪੂਰੀ ਤਰਾਂ ਉੱਠ ਚੁੱਕਿਆ ਸੀ। ਉਹਨਾਂ ਦੇ ਮਨ ‘ਚ ਇਹ ਸਪੱਸ਼ਟ ਵਿਸ਼ਵਾਸ ਘਰ ਕਰ ਗਿਆ ਸੀ ਕਿ ਹਿੰਦੂਤਵ ਹੀ ਕੌਮੀਅਤ ਹੈ।” ਇਸ ਲਈ ਉਸਨੇ 1925 ‘ਚ ਸੰਘ ਦੀ ਸਥਾਪਨਾ ਕੀਤੀ। ਇਸ ਜਥੇਬੰਦੀ ਦੁਆਰਾ ਨੌਜਵਾਨਾਂ ਨੂੰ ਸਾਮਰਾਜਵਾਦ ਦਾ ਵਿਰੋਧ ਕਰਨ ਦੀ ਬਜਾਏ ਮੁਸਲਮਾਨਾਂ ਦਾ ਵਿਰੋਧ ਕਰਨ ਤੇ ਕੱਟੜ ਹਿੰਦੂਵਾਦ ਵੱਲ਼ ਲਿਆਉਣ ਲਈ ਉਹਨੇ ਆਪਣਾ ਸਾਰਾ ਜੀਵਨ ਲਾ ਦਿੱਤਾ। ਅਜ਼ਾਦੀ ਦੀ ਲੜਾਈ ‘ਚ ਸ਼ਾਮਲ ਹੋਣ ਲਈ ਉਤਸ਼ਾਹੀ ਨੌਜਵਾਨਾਂ ਨੂੰ ਹੇਡਗਵਾਰ ਕੀ ਬੋਲਦਾ ਸੀ, ਇਹ ਉਸਦੀ ਉਪਰੋਕਤ ਜੀਵਨੀ ‘ਚ ਦਿੱਤੇ ਗਏ ਵਰਣਨ ਤੋਂ ਸਪੱਸ਼ਟ ਹੋ ਜਾਂਦਾ ਹੈ। ਇਸ ਜੀਵਨੀ ਦਾ ਲੇਖਕ ਐੱਨ.ਐੱਚ.ਪਾਲਕਰ ਖੁਦ ਹੇਡਗਵਾਰ ਦਾ ਸੰਗੀ ਸੀ ਤੇ ਇੱਕ ਸੰਘ ਪ੍ਰਚਾਰਕ ਸੀ। ਇਸਦੇ ਨਾਲ਼ ਹੀ ਇਸ ਜੀਵਨੀ ਦੀ ਭੂਮਿਕਾ ਸੰਘ ਦੇ ਦੂਜੇ ਸਰ ਸੰਘ ਚਾਲਕ ਗੋਲਵਲਕਰ ਗੁਰੂਜੀ ਨੇ ਲਿਖੀ ਹੈ। ਇਸ ਲਈ ਇਹ ਦੋਸ਼ ਵੀ ਨਹੀਂ ਲਾਇਆ ਜਾ ਸਕਦਾ ਕਿ ਸੰਘ ਦੇ ਵਿਰੋਧੀ ਭੰਡੀ-ਪ੍ਰਚਾਰ ਕਰ ਰਹੇ ਹਨ। ਪਾਲਕਰ ਲਿਖਦਾ ਹੈ – “ਜੇਕਰ ਨੌਜਵਾਨਾਂ ਦੇ ਮਨ ‘ਚ ਸੱਤਿਆਗ੍ਰਹਿ ‘ਚ ਹਿੱਸਾ ਲੈਣ ਦੀ ਇੱਛਾ ਜਾਗਦੀ ਸੀ ਤਾਂ ਡਾਕਟਰ ਉਸਨੂੰ ਸਵਾਲ ਕਰਦੇ ਸਨ ਸੱਤਿਆਗ੍ਰਹਿ ਤੋਂ ਬਾਅਦ ਜ਼ੇਲ ਜਾਣਾ ਪਵੇਗਾ, ਤਿਆਰੀ ਹੈ? ਹਾਂ, ਨੌਜਵਾਨ ਦਾ ਦ੍ਰਿੜ ਉੱਤਰ ਹੁੰਦਾ ਸੀ। ਕਿੰਨੇ ਦਿਨਾਂ ਦਾ ਸੰਕਲਪ ਕਰਕੇ ਨਿਕਲਿਆ ਹੈਂ? ਨੌਜਵਾਨ ਵੱਲੋਂ ਛੇ ਮਹੀਨੇ ਵਰਗਾ ਕੁਝ ਉੱਤਰ ਆਉਂਦਾ। ਉਸ ਤੋਂ ਬਾਅਦ ਡਾਕਟਰ ਬੋਲਦੇ, ਜੇਕਰ ਛੇ ਮਹੀਨੇ ਦੀ ਬਜਾਏ ਦੋ ਸਾਲ ਦੀ ਸਜ਼ਾ ਹੋ ਗਈ ਤਾਂ? ਇਸ ਸਵਾਲ ਦਾ ਨੌਜਵਾਨ ਤੁਰੰਤ ਉੱਤਰ ਦਿੰਦਾ ਕਿ ਉਹ ਵੀ ਕੱਟ ਲਵਾਂਗੇ। ਇੰਨੀ ਲਗਨ ਦਿਖਾਉਣ ‘ਤੇ ਡਾਕਟਰ ਬੋਲਦੇ, ਤੁਹਾਨੂੰ ਸਜ਼ਾ ਹੋ ਗਈ ਹੈ, ਅਜਿਹਾ ਸਮਝਕੇ ਇਹ ਸਮਾਂ ਸੰਘ ਦਫ਼ਤਰ ਨੂੰ ਕਿਉਂ ਨਹੀਂ ਦਿੰਦੇ?” ਮਤਲਬ ਅਜ਼ਾਦੀ ਦੀ ਲੜਾਈ ‘ਚ ਹਿੱਸਾ ਲੈਣਾ ਸੰਘ ਦਾ ਕੰਮ ਨਹੀਂ ਸੀ। ਹੇਡਗਵਾਰ ਦੇ ਅਜਿਹੇ ਉਪਦੇਸ਼ਾਂ ਨੂੰ ਹਮੇਸ਼ਾ ਸਫਲਤਾ ਨਹੀਂ ਮਿਲਦੀ ਸੀ। ਕੁਝ ਲੋਕ ਆਪਣੇ ਵਿਚਾਰ ਬਦਲ ਲੈਂਦੇ ਸਨ ਪਰ ਬਹੁਤ ਸਾਰੇ ਸੱਤਿਆਗ੍ਰਹਿ ‘ਚ ਹਿੱਸਾ ਲੈਂਦੇ ਸਨ। ਉਹਨਾਂ ਬਾਰੇ ਡਾ. ਹੇਡਗੇਵਾਰ ਦੇ ਕੀ ਵਿਚਾਰ ਸਨ, ਇਸਦਾ ਉੱਤਰ ਵੀ ਪਾਲਕਰ ਨੇ ਦਿੱਤਾ ਹੈ। “ਅਸੀਂ ਦੇਸ਼ ਲਈ ਕੁਝ ਕੀਤਾ ਹੈ, ਇਹ ਲੋਕਾਂ ਸਾਹਮਣੇ ਦਿਖਾਉਣ ਦੀ ਇੱਛਾ ਰੱਖਣ ਵਾਲ਼ੇ ਨੌਜਵਾਨ ਜ਼ਿਆਦਾ ਦੇਖ ਕੇ ਉਹਨਾਂ ਨੂੰ (ਹੇਡਗੇਵਾਰ) ਦੁੱਖ ਹੁੰਦਾ ਸੀ।”3

ਲੂਣ ਸੱਤਿਆਗ੍ਰਹ ਸ਼ੁਰੂ ਹੁੰਦੇ ਹੀ ਸੰਘ ‘ਤੇ ਵੀ ਇਸ ਲਹਿਰ ‘ਚ ਹਿੱਸੇਦਾਰੀ ਕਰਨ ਦਾ ਦਬਾਅ ਬਣਨਾ ਸੁਭਾਵਿਕ ਸੀ। ਅਜਿਹੇ ਸਮੇਂ ਚਿੱਠੀ ਜਾਰੀ ਕਰਕੇ ਡਾ. ਹੇਡਗੇਵਾਰ ਨੇ ਸੰਘ ਦੀ ਪੋਜ਼ੀਸ਼ਨ ਹੇਠ ਲਿਖੇ ਸ਼ਬਦਾਂ ‘ਚ ਸਪੱਸ਼ਟ ਕੀਤੀ। “ਚੱਲ ਰਹੀ ਲਹਿਰ ‘ਚ ਸੰਘ ਨੇ ਇੱਕ ਜਥੇਬੰਦੀ ਵਜੋਂ ਹਿੱਸੇਦਾਰੀ ਕਰਨਾ ਹਾਲੇ ਤੈਅ ਨਹੀਂ ਕੀਤਾ। ਨਿੱਜੀ ਤੌਰ ‘ਤੇ ਜੇਕਰ ਕੋਈ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਆਪਣੇ ਸੰਘ ਚਾਲਕ ਦੀ ਮਨਜ਼ੂਰੀ ਨਾਲ਼ ਸ਼ਾਮਲ ਹੋ ਸਕਦਾ ਹੈ। ਉਸਨੂੰ ਉੱਥੇ ਵੀ ਉਸ ਢੰਗ ਨਾਲ਼ ਕੰਮ ਕਰਨਾ ਚਾਹੀਦਾ ਹੈ ਕਿ ਉਸ ਨਾਲ਼ ਸੰਘ ਦਾ ਹਿੱਤ ਸਾਧਿਆ ਜਾਵੇ।”2 ਸੰਘ ਦੀ ਕਮੀਨੀ ਭੂਮਿਕਾ ਦੀ ਇਹ ਉੱਤਮ ਉਦਾਹਰਨ ਹੈ। ਅਜ਼ਾਦੀ ਦੀ ਲੜਾਈ ਦਾ ਖੁੱਲਾ ਵਿਰੋਧ ਕਰਨਾ ਸੰਘ ਲਈ ਸਿਆਸੀ ਤੌਰ ‘ਤੇ ਆਤਮਘਾਤੀ ਹੁੰਦਾ, ਇਸ ਲਈ ਸੰਘ ਨੇ ਅਜਿਹਾ ਤਾਂ ਨਹੀਂ ਕੀਤਾ, ਪਰ ਸਵੈ-ਸੇਵਕਾਂ ਨੂੰ ਅਜ਼ਾਦੀ ਦੀ ਲੜਾਈ ਤੋਂ ਦੂਰ ਰੱਖਣ ਦਾ ਕੰਮ ਉਸਨੇ ਪੂਰੀ ਚਲਾਕੀ ਤੇ ਤਾਕਤ ਨਾਲ਼ ਕੀਤਾ।

ਕੌਮੀ ਮਾਣ ਦੀਆਂ ਡੀਂਗਾਂ ਮਾਰਨ ਅਤੇ ਅਜ਼ਾਦੀ ਦੀ ਲਹਿਰ ਤੋਂ ਦੂਰ ਰਹਿਣ ਦੀਆਂ ਨੀਤੀਆਂ ਕਰਕੇ ਸੰਘ ਪੂਰੀ ਤਰਾਂ ਨੰਗਾ ਹੋ ਰਿਹਾ ਸੀ। ਸਵੈ-ਸੇਵਕਾਂ ਦੇ ਨਿੱਜੀ ਤੌਰ ‘ਤੇ ਹਿੱਸਾ ਲੈਣ ਦੇ ਬਾਵਜੂਦ ਸੰਘ ਦੀ ਇੱਕ ਜਥੇਬੰਦੀ ਦੇ ਰੂਪ ‘ਚ ਅਜ਼ਾਦੀ ਦੀ ਜੰਗ ਵਿਰੋਧੀ ਪੋਜ਼ੀਸ਼ਨ ਪੈਰ-ਪੈਰ ‘ਤੇ ਦਿਖ ਰਹੀ ਸੀ। ਇਸ ਲਈ ਸੰਘ ਦੀ ਆਲੋਚਨਾ ਵੀ ਹੋ ਰਹੀ ਸੀ। ਅਜਿਹੇ ਸਮੇਂ ਸੰਘ ਦੁਆਰਾ ਦਿਖਾਈ ਗਈ ਹੱਦ ਦਰਜੇ ਦੀ ਬੇਸ਼ਰਮੀ ਭਾਗਾਨਗਰ ਸੱਤਿਆਗ੍ਰਹਿ ਤੇ ਉਸ ‘ਚ ਸੰਘ ਦੀ ਭੂਮਿਕਾ ਬਾਰੇ ਡਾ.ਹੇਡਗੇਵਾਰ ਦੇ ਸਪੱਸ਼ਟੀਕਰਨ ‘ਚ ਸਾਫ਼ ਦਿਖ ਰਹੀ ਸੀ। ਅਖ਼ਬਾਰਾਂ ਰਾਹੀਂ ਸੰਘ ਦੀ ਅਲੋਚਨਾ ਕਰਨ ਵਾਲ਼ਿਆਂ ‘ਚ ਇੱਕ ਸ਼੍ਰੀ ਗੋ.ਗੋ. ਅਧਿਕਾਰੀ ਸਨ। ਉਂਝ ਤਾਂ ਸੰਘ ਅਜਿਹੀਆਂ ਅਲੋਚਨਾਵਾਂ ਦਾ ਕੋਈ ਜਵਾਬ ਨਾ ਦੇਣ ਦਾ ਚਲਾਕੀ ਭਰਿਆ ਢੰਗ ਅਪਣਾਉਂਦਾ ਸੀ, ਪਰ ਉਸ ਸਮੇਂ ਹਾਲਤਾਂ ਨਾਜ਼ੁਕ ਹੋਣ ਕਾਰਨ ਹੇਡਗੇਵਾਰ ਨੂੰ ਉੱਤਰ ਦੇਣਾ ਪਿਆ। ਇਸ ਜਵਾਬ ‘ਚ ਹੇਡਗੇਵਾਰ ਬੋਲਦੇ ਹਨ, “ਨਿੱਤ ਦੇ ਕੰਮ ਤੇ ਕਦੇ ਕਦਾਈਂ ਕਰਨ ਵਾਲ਼ੇ ਕੰਮ ਵਿਚਾਲੇ ਫਰਕ ਜੇਕਰ ਉਹਨਾਂ ਨੇ (ਸ਼੍ਰੀ ਗੋ. ਗੋ. ਅਧਿਕਾਰੀ) ਆਪਣੇ ਵਿਵੇਕ ਨਾਲ਼ ਸਮਝਿਆ ਹੁੰਦਾ ਤਾਂ ਉਹ ਸੰਘ ਖ਼ਿਲਾਫ ਜ਼ਹਿਰ ਨਾ ਛੱਡਦੇ। ਅਜਿਹਾ ਲੱਗਦਾ ਹੈ ਕਿ ਸ਼੍ਰੀ ਅਧਿਕਾਰੀ ਭੁੱਲ ਗਏ ਹਨ ਕਿ ਭਾਗਾਨਗਰ ਸੱਤਿਆਗ੍ਰਹਿ ਖ਼ਤਮ ਹੋਣ ਤੋਂ ਬਾਅਦ ਵੀ ਕੌਮੀ ਮੁਕਤੀ ਦਾ ਕੰਮ ਬਣਿਆ ਰਹੇਗਾ। ਕੌਮ ਨੂੰ ਮੁਕਤ ਕਰਾਉਣ ਲਈ ਕੀਤੇ ਜਾਣ ਵਾਲ਼ੇ ਅਖੀਰੀ ਹਮਲੇ ਦਾ ਸਮਾਂ ਆਉਣ ਤੋਂ ਪਹਿਲਾਂ ਦੀ ਤਿਆਰੀ ਕੌਮੀ ਮੁਕਤੀ ਦਾ ਨਿੱਤ ਦਾ ਕੰਮ ਹੈ ਤੇ ਭਾਗਾਨਗਰ ਲਹਿਰ ਵਰਗੀ ਲਹਿਰ ਕੌਮੀ ਮੁਕਤੀ ਦੇ ਕਦੇ-ਕਦਾਈਂ ਕਰਨ ਵਾਲ਼ੇ ਕੰਮ ਹਨ। ਸਾਡੀ ਸਾਰੀ ਤਾਕਤ ਤੇ ਮੁਹਾਰਤ ਨਿੱਤ ਦੀ ਸੰਸਥਾ ਦੇ ਕਦੇ-ਕਦਾਈਂ ਦੇ ਕੰਮਾਂ ‘ਚ ਇਸ ਤਰਾਂ ਨਹੀਂ ਵਹਾਈ ਜਾ ਸਕਦੀ ਕਿ ਉਸ ਨਾਲ਼ ਨਿੱਤ ਦੇ ਕੰਮਾਂ ‘ਚ ਰੋਕ ਪੈਦਾ ਹੋਵੇ।”2 ਬ੍ਰਿਟਿਸ਼ ਸੱਤਾ ਖ਼ਿਲਾਫ ਲਹਿਰ ਖੜੀ ਕਰਨਾ ਸੰਘ ਦੀ ਨਿਗਾਹ ‘ਚ ਅਜਿਹਾ ਹੀ ਤੁੱਛ ਕਦੇ-ਕਦਾਈਂ ਵਾਲ਼ਾ ਕੰਮ ਸੀ। ਅਜਿਹੇ ਕਦੇ-ਕਦਾਈਂ ਵਾਲ਼ੇ ਕੰਮ ‘ਚ ਆਪਣੀ ਤਾਕਤ ਖ਼ਰਚ ਕਰਨ ਲਈ ਸੰਘ ਤਿਆਰ ਨਹੀਂ ਸੀ। ਅਜ਼ਾਦੀ ਦੀ ਲਹਿਰ ‘ਚ ਹਿੱਸੇਦਾਰੀ ਪ੍ਰਤੀ ਸੰਘ ਦੀ ਅਰੁਚੀ ਕਿੰਨੀ ਦ੍ਰਿੜ ਸੀ, ਇਸਦਾ ਦੂਜਾ ਸਬੂਤ ‘ਕ੍ਰਾਂਤਦਰਸ਼ੀ ਡਾ. ਕੇਸ਼ਵ ਬਲਿਰਾਮ ਹੇਡਗੇਵਾਰ’ ਨਾਮੀ ਕਿਤਾਬ ‘ਚ ਮਿਲਦਾ ਹੈ। ਇਸ ਕਿਤਾਬ ਦੇ ਲੇਖਕ ਡਾ. ਹੇਡਗੇਵਾਰ ਦੇ ਕੰਮਾਂ ਦੀ ਮਹਾਨਤਾ ਦੀ ਵਿਅਖਿਆ ਕਰਦੇ ਹੋਏ ਲਿਖਦੇ ਹਨ “ਜਿਸ ਸਮੇਂ ਅਜ਼ਾਦੀ ਲਈ ਚੱਲ ਰਹੀਆਂ ਵੱਖ-ਵੱਖ ਲਹਿਰਾਂ ਤੋਂ ਬਿਨਾਂ ਵੀ ਛੋਟੇ-ਮੋਟੇ ਸਮਾਜਿਕ ਕੰਮ ਹੱਥ ਲੈ ਕੇ ਵੰਨ-ਸੁਵੰਨੀਆਂ ਸੰਸਥਾਵਾਂ ਕੰਮ ਕਰ ਰਹੀਆਂ ਸਨ, ਉਸ ਸਮੇਂ ਵੀ ਡਾਕਟਰ ਜੀ ਨੇ ਅਜਿਹਾ ਕੋਈ ਵੀ ਅਭੀਸ਼ਟ ਕੰਮ ਅੱਖਾਂ ਅੱਗੇ ਨਾ ਰੱਖਦੇ ਹੋਏ, ਹਾਲਤਾਂ ਤੋਂ ਨਿਰਪੱਖ ਦੇਸ਼-ਵਿਆਪੀ ਜਥੇਬੰਦੀ ਖੜੀ ਕਰਨ ਦਾ ਬੁਨਿਆਦੀ ਕੰਮ ਹੱਥ ‘ਚ ਲਿਆ। ਡਾਕਟਰ ਸਾਹਿਬ ਕਹਿੰਦੇ ਸਨ ‘ਸੰਘ ਨੂੰ ਕੇਵਲ ਹਿੰਦੂ ਜਥੇਬੰਦੀ ਹੀ ਆਪਣਾ ਉਦੇਸ਼ ਰੱਖਣਾ ਚਾਹੀਦਾ ਹੈ’। ਸੰਘ ਕੇਵਲ ਜਥੇਬੰਦ ਕਰੇਗਾ ਅਤੇ ਇਸ ਤੋਂ ਬਿਨਾਂ ਕੁਝ ਨਹੀਂ ਕਰੇਗਾ।”2 ਸੰਘ ਅਸਲ ‘ਚ ਕੀ ਕਰ ਰਿਹਾ ਸੀ? ਇਸ ਜਥੇਬੰਦੀ ਦਾ ਉਦੇਸ਼ ਕੀ ਸੀ? ਅਜ਼ਾਦੀ ਦੀ ਲਹਿਰ ਤੇ ਹੋਰਨਾਂ ਸਮਾਜਿਕ ਕੰਮਾਂ, ਜਿਹਨਾਂ ਨੂੰ ਨਿੱਤ ਦੇ ਕੰਮਾਂ ਨਾਲ਼ ਪਿਆਰ ਕਰਕੇ ਸੰਘ ਵਰਜਿਤ ਮੰਨਦਾ ਸੀ, ਉਹ ਨਿੱਤ ਦੇ ਕੰਮ ਅਸਲ ‘ਚ ਕੀ ਸਨ ਤੇ ਉਹਨਾਂ ਦਾ ਉਦੇਸ਼ ਕੀ ਸੀ? ਅਸਲ ‘ਚ, ਕੀ ਸੰਘ ਕੋਈ ਵੀ ਕਦੇ-ਕਦਾਈਂ ਕਰਨ ਵਾਲ਼ਾ ਕੰਮ ਨਹੀਂ ਕਰ ਰਿਹਾ ਸੀ? ਇਹਨਾਂ ਸਵਾਲਾਂ ਦੇ ਜਵਾਬ ਲਈ ਡਾ. ਹੇਡਗੇਵਾਰ ਦੀ ਜੀਵਨੀ ‘ਚ ਨਾਗਪੁਰ ਦੰਗੇ ਦਾ ਜ਼ਿਕਰ ਪੜਨ ਯੋਗ ਹੈ। ਹਿੰਦੂ ਧਰਮੀ ਸਵੈ-ਸੇਵਕਾਂ ਨੇ ਇਹਨਾਂ ਦੰਗਿਆਂ ‘ਚ ਮੁਸਲਮਾਨਾਂ ਨੂੰ ਕਿਵੇਂ ਮਾਰਿਆ, ਮਸਜ਼ਿਦ ਕਿਵੇਂ ਮਚਾਈ, ਇਹਨਾਂ ਹਮਲਿਆਂ ਦਾ ਵਰਣਨ ਲੇਖਕ ਨੇ ਮਾਣ ਨਾਲ਼ ਕੀਤਾ ਹੈ। ਸੰਘ ਦੇ ਨਿੱਤ ਦੇ ਕੰਮਾਂ ਦਾ ਸਰੂਪ ਤੇ ਜਥੇਬੰਦੀ ਦਾ ਉਦੇਸ਼ ਉੱਥੇ ਸਪੱਸ਼ਟ ਹੋ ਜਾਂਦਾ ਹੈ।

ਸੰਘ ਦਾ ਹਥਿਆਰ ਪ੍ਰੇਮ ਸਭ ਨੂੰ ਪਤਾ ਹੈ। ਹਥਿਆਰਾਂ ਦੀ ਪੈਦਾਵਾਰ, ਰੱਖ-ਰਖਾ ਤੇ ਸਿਖਲਾਈ – ਇਸਨੂੰ ਸੰਘ ਦੀ ਸਥਾਪਨਾ ਤੋਂ ਹੀ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਸੰਘ ਦੇ ਸਵੈ-ਸੇਵਕਾਂ ਨੂੰ ਵੰਨ-ਸੁਵੰਨੇ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕੀ ਇਹ ਹਥਿਆਰ ਕਦੇ ਅੰਗਰੇਜ਼ਾਂ ਦੇ ਖ਼ਿਲਾਫ ਵਰਤੇ ਗਏੇ? ਨਾਗਪੁਰ ਦੰਗਿਆਂ ‘ਚ ਸਵੈ-ਸੇਵਕਾਂ ਨੇ ਦੂਰੋਂ ਹੀ ਮਚਦੇ ਤੀਰਾਂ ਦਾ ਮੀਂਹ ਵਰਾਕੇ ਮਸੀਤ ਨੂੰ ਅੱਗ ਲਾਈ3। ਤੀਰ ਚਲਾਉਣ ਦੀ ਸਿੱਖਿਆ ‘ਚ ਇੰਨੀ ਜਾਣਕਾਰੀ ਸਵੈ-ਸੇਵਕਾਂ ਨੂੰ ਮਿਲੀ ਸੀ ਪਰ ਅੰਗਰੇਜ਼ਾਂ ਦੀ ਕਚਹਿਰੀ ਜਾਂ ਪੁਲਿਸ ਥਾਣੇ ਵੱਲ ਕਦੇ ਇੱਕ ਵੀ ਮੱਚਦਾ ਹੋਇਆ ਤੀਰ ਇਹਨਾਂ ਰਾਮਸੇਵਕਾਂ ਦੇ ਤੀਰ ‘ਚੋਂ ਨਹੀਂ ਨਿਕਲਿਆ। ਹਥਿਆਰਾਂ ਦੇ ਇਸ ਭੰਡਾਰ ਦਾ ਇੱਕ ਵੱਡਾ ਹਿੱਸਾ ਡਾ. ਹੇਡਗੇਵਾਰ ਨੇ ਕਿਉਂ ਤਬਾਹ ਕੀਤਾ, ਇਸਦੀ ਕਹਾਣੀ ਵੀ ਸੰਘ ਦੀ ਅੰਗਰੇਜ਼-ਪ੍ਰਸਤੀ ਅਤੇ ਕਾਇਰਤਾ ‘ਤੇ ਚੰਗੀ ਤਰਾਂ ਚਾਨਣਾ ਪਾਉਂਦੀ ਹੈ। ਸੰਘ ਦੇ ਪਹਿਲੇ ਸਰਕਾਰਿਅਵਾਹ ਬਾਲਾਜੀ ਹੁਦਾਰ ਨੂੰ ਜਨਵਰੀ 1931 ‘ਚ ਬਾਲਾਘਾਟ ਸਰਕਾਰੀ ਹਥਿਆਰਾਂ ਦੀ ਲੁੱਟ ‘ਚ ਫੜਿਆ ਗਿਆ। (ਇਹੀ ਬਾਲਾਜੀ ਹੁਦਾਰ ਬਾਅਦ ‘ਚ ਸਪੇਨ ਖਾਨਾਜੰਗੀ ‘ਚ ਲੜੇ ਤੇ ਵਾਪਸ ਆਉਣ ਤੋਂ ਬਾਅਦ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਮੈਂਬਰ ਬਣੇ) ਬੇਸ਼ੱਕ ਇਹ ਲੁੱਟ ਸੰਘ ਨੇ ਨਹੀਂ ਕੀਤੀ ਸੀ। ਇਹ ਘਟਨਾ ਹੇਡਗੇਵਾਰ ਲਈ ਵੱਡੀ ਸੱਟ ਸੀ। ਐੱਨ.ਐੱਚ.ਪਾਲਕਰ ਦੇ ਸ਼ਬਦਾਂ ‘ਚ- “ਸਰ ਸੰਘ ਚਾਲਕ ਤੋਂ ਬਾਅਦ ਜਥੇਬੰਦੀ ‘ਚ ਜਿਸਦੀ ਥਾਂ ਹੈ, ਉਸ ‘ਤੇ ਇਸ ਤਰਾਂ ਦੇ ਦੋਸ਼ ਲੱਗਣ ਦਾ ਮਤਲਬ ਅੰਗਰੇਜ਼ਾਂ ਦੀ ਅੱਖ ‘ਚ ਚੁੱਭ ਰਹੇ ਰਾਸ਼ਟਰੀ ਸਵੈ-ਸੇਵਕ ਸੰਘ ‘ਤੇ ਮੁਸੀਬਤ ਸੀ। ਇਸ ਲਈ ਹੇਡਗੇਵਾਰ ਨੇ ਹਥਿਆਰਾਂ ਨੂੰ 1931 ‘ਚ ਨਸ਼ਟ ਕਰਵਾ ਦਿੱਤਾ।”3 ਸੰਘ ਅੰਗਰੇਜ਼ਾਂ ਦੀਆਂ ਅੱਖਾਂ ‘ਚ ਚੁਭ ਰਿਹਾ ਸੀ, ਅਜਿਹਾ ਇੱਥੇ ਐੱਨ.ਐੱਚ.ਪਾਲਕਰ ਬੋਲਦਾ ਹੈ। ਇਸ ‘ਚ ਕਿੰਨੀ ਸੱਚਾਈ ਹੈ? ਇਹ ਸੱਚ ਹੈ ਕਿ ਕੁਝ ਸਵੈ-ਸੇਵਕਾਂ ਦੇ ਵਿਅਕਤੀਗਤ ਤੌਰ ‘ਤੇ ਸੱਤਿਆਗ੍ਰਹਿ ‘ਚ ਹਿੱਸਾ ਲੈਣ ਤੇ ਪੂਰੇ ਦੇਸ਼ ‘ਚ ਅਜ਼ਾਦੀ ਦੀ ਲਹਿਰ ਦੇ ਚੜਤ ‘ਚ ਹੋਣ ਕਰਕੇ ਸੰਘ ‘ਤੇ ਅੰਗਰੇਜ਼ਾਂ ਦੀ ਅੱਖ ਸੀ। ਅਜਿਹੇ ਸਮੇਂ ਡਾ. ਹੇਡਗੇਵਾਰ ਨੇ ਸਵੈ-ਸੇਵਕਾਂ ਦੇ ਮਨ ‘ਚ ਇਹ ਬਿਠਾਉਣ ਤੇ ਅੰਗਰੇਜ਼ਾਂ ਨੂੰ ਇਸਦਾ ਭਰੋਸਾ ਦੇਣ ਦਾ ਲਗਾਤਾਰ ਤੇ ਜ਼ੋਰਦਾਰ ਯਤਨ ਕੀਤਾ ਕਿ ਅੰਗਰੇਜ਼ਾਂ ਦਾ ਵਿਰੋਧ ਸਾਡਾ ਉਦੇਸ਼ ਨਹੀਂ ਹੈ। ਇਹੀ ਕਾਰਨ ਸੀ ਕਿ ਸੰਘ ‘ਤੇ ਰੋਕ ਲਾਉਣ ਦੀ ਲੋੜ ਅੰਗਰੇਜ਼ਾਂ ਨੂੰ ਕਦੇ ਮਹਿਸੂਸ ਨਹੀਂ ਹੋਈ। ਮੁਸਲਮਾਨਾਂ ਨੂੰ ਦੇਸ਼ ਦਾ ਦੁਸ਼ਮਣ ਦੱਸ ਕੇ ਉਹਨਾਂ ਖ਼ਿਲਾਫ ਤਾਂ ਹਥਿਆਰ ਵਰਤੇ ਜਾਣ ਪਰ ਸਵੈ-ਸੇਵਕ ਅੰਗਰੇਜ਼ਾਂ ਖ਼ਿਲਾਫ ਹਥਿਆਰ ਵਰਤਣ ਦੀ ਬੇਲੋੜੀ ਮੁਸੀਬਤ ਮੁੱਲ ਨਾ ਲੈਣ, ਇਸ ਬਾਰੇ ਡਾ.ਕੇਸ਼ਵ ਬਲਿਰਾਮ ਹੇਡਗੇਵਾਰ ਕਿੰਨੇ ਸਾਵਧਾਨ ਸਨ, ਇਹ ਉਹਨਾਂ ਦੀ ਉਦਾਹਰਨ ਤੋਂ ਦਿਸ ਜਾਂਦਾ ਹੈ। ‘ਆਟੇ ਨਾਲ਼ ਘੁਣ ਵੀ ਪਿਸ ਜਾਂਦਾ’ ਕਹਾਵਤ ਨੂੰ ਸਹੀ ਸਿੱਧ ਕਰਦੇ ਹੋਏ ਕਰਦੇ ਹੋਏ ਜਦ ਕਿਸੇ ਵੀ ਤਰਾਂ ਦੀ ਬ੍ਰਿਟਿਸ਼-ਵਿਰੋਧੀ ਸਰਗਰਮੀ ‘ਚ ਸ਼ਾਮਲ ਨਾ ਹੋਣ ਦੇ ਬਾਵਜੂਦ ਸੰਘ ‘ਤੇ ਰੋਕ ਲੱਗੀ, ਤਾਂ ਡਾ.ਹੇਡਗੇਵਾਰ ਨੂੰ ਪੂਰਾ ਯਕੀਨ ਸੀ ਕਿ ਸੰਘ ‘ਤੇ ਰੋਕ ਨਹੀਂ ਲੱਗੇਗੀ। ਇਹ ਯਕੀਨ ਐਂਵੇਂ ਹੀ ਨਹੀਂ ਸੀ। ਅੰਗਰੇਜ਼ਾਂ ਨੇ ਸੰਘ ਦਾ ਸਰੂਪ ਪੂਰੀ ਤਰਾਂ ਪਛਾਣ ਲਿਆ ਸੀ। ਇਸ ਲਈ ਸੰਘ ਦੀ ਮਾਲਕ ਭਗਤੀ ‘ਤੇ ਅੰਗਰੇਜ਼ਾਂ ਦਾ ਪੂਰਾ ਯਕੀਨ ਸੀ। ਸੰਘ ਬਾਰੇ ਅੰਗਰੇਜ਼ਾਂ ਦੇ ਦਸਤਾਵੇਜ਼ਾਂ ‘ਚ ਅੱਗੇ ਦੀ ਜਾਣਕਾਰੀ ਮਿਲ਼ਦੀ ਹੈ। ਉਹਨਾਂ ਦਸਤਾਵੇਜ਼ਾਂ ‘ਚ ਲਿਖਿਆ ਹੈ ਕਿ ਭਵਿੱਖ ‘ਚ ਸੰਘ ਭਾਰਤ ‘ਚ ਉਹੀ ਭੂਮਿਕਾ ਨਿਭਾਵੇਗਾ ਜੋ ਜਰਮਨੀ ‘ਚ ਨਾਜ਼ੀ ਕਰ ਰਹੇ ਹਨ ਅਤੇ ਇਟਲੀ ‘ਚ ਫਾਸੀਵਾਦੀ।

ਦੇਸ਼ ਰੱਖਿਆ ਤੋਂ ਅਲਰਜੀ ਸੰਘ ਦੀ ਪਹਿਲੀ ਅਰਦਾਸ (ਪ੍ਰਾਰਥਨਾ) ਤੋਂ ਵੀ ਪ੍ਰਤੀਬਿੰਬਤ ਹੁੰਦੀ ਹੈ। ਸੰਘ ਦੀ ਪਹਿਲੀ ਅਰਦਾਸ ‘ਚ ਇੱਕ ਮਰਾਠੀ ਤੇ ਇੱਕ ਹਿੰਦੀ ਸਲੋਕ ਸੀ। ਇਹਨਾਂ ‘ਚੋਂ ਹਿੰਦੀ ਦਾ ਸਲੋਕ ਆਰਿਆ ਸਮਾਜ ਦੀ ਇੱਕ ਅਰਦਾਸ ‘ਚ ਕੁਝ ਬਦਲਾਅ ਕਰਕੇ ਲਿਆ ਗਿਆ ਸੀ। ਆਰਿਆ ਸਮਾਜ ਦੀ ਬੁਨਿਆਦੀ ਪ੍ਰਾਰਥਨਾ ਸੀ:

ਹੇ ਪ੍ਰਭੂ ਅੰਨਦਾਤਾ ਗਿਆਨ ਹਮਕੋ 

ਦੀਜੀਏ

ਸ਼ੀਘਰ ਸਾਰੇ ਦੁਰਗੁਣੋਂ ਕੋ ਦੂਰ ਹਮਸੇ

ਕੀਜੀਏ

ਲੀਜੀਏ ਹਮਕੋ ਸ਼ਰਨ ਮੇ ਹਮ

ਸਦਾਚਾਰੀ ਬਣੇ

ਬ੍ਰਹਮਚਾਰੀ ਦੇਸ਼ ਰਕਸ਼ਕ ਵੀਰ ਵ੍ਰਤਧਾਰੀ

ਬਣੇਂ

ਇਸ ‘ਚ ਤਬਦੀਲੀ ਕਰਕੇ ਸੰਘ ਨੇ ਹੇਠਾਂ ਦਿੱਤੀ ਗਈ ਪ੍ਰਾਰਥਨਾ ਪ੍ਰਵਾਨ ਕੀਤੀ।

ਹੇ ਗੁਰੋ, ਸ਼੍ਰੀਰਾਮਦੂਤਾ ਸ਼ੀਲ ਹਮਕੋ

ਦੀਜੀਏ

ਸ਼ੀਘਰ ਸਾਰੇ ਸਰਗੁਣੋਂ ਸੇ ਪੂਰਣ ਹਿੰਦੂ

ਕੀਜੀਏ

ਲੀਜੀਏ ਹਮਕੋ ਸ਼ਰਨ ਮੇਂ ਰਾਮਪੰਥੀ

ਹਮ ਬਣੇਂ

ਬ੍ਰਹਮਚਾਰੀ ਧਰਮ ਰਕਸ਼ਕ ਵੀਰਵ੍ਰਤਧਾਰੀ

ਬਣੇਂ…3

ਇਸ ‘ਚ ਕੀਤੀ ਗਈ ਤਬਦੀਲੀ ਦੇਖਣ ਲਾਇਕ ਹੈ। ਪੂਰਨ ਹਿੰਦੂ ਬਣਾਉਣ ਦੀ ਰਾਮ ਨੂੰ ਕੀਤੀ ਗਈ ਅਰਦਾਸ ‘ਚ, ਰਾਮਪੰਥੀ ਬਣਨ ਦੀ ਇੱਛਾ ਤਾਂ ਹੈ, ਪਰ ਦੇਸ਼ ਦੇ ਰਾਖੇ ਹੋਣ ਬਾਰੇ ਸੰਘ ਦੀ ਬੇਲਾਗਤਾ ਇੰਨੀ ਜ਼ਿਆਦਾ ਸੀ ਅਤੇ ਧਰਮ ਮੁਹਰੇ ਦੇਸ਼ ਦੀ ਥਾਂ ਇੰਨੀ ਦੁਵੱਲੀ ਸੀ ਕਿ ਬੁਨਿਆਦੀ ਅਰਦਾਸ ਦੀ ਅਖੀਰੀ ਸਤਰ ‘ਚ ‘ਦੇਸ਼ਰਕਸ਼ਕ’ (ਦੇਸ਼ ਦਾ ਰਾਖਾ) ਸ਼ਬਦ ਕੱਢ ਕੇ ‘ਧਰਮਰਕਸ਼ਕ’ (ਧਰਮ ਦਾ ਰਾਖਾ) ਸ਼ਬਦ ਪਾਉਣਾ ਸੰਘ ਦੇ ਆਗੂ ਭੁੱਲੇ ਨਹੀਂ।

ਅਜ਼ਾਦੀ ਦੀ ਲੜਾਈ ‘ਚ ਹਿੱਸਾ ਪਾਉਣ ਵਾਲ਼ੇ ਸਾਰੇ ਦੇਸ਼ ਭਗਤਾਂ ਨਾਲ਼ ਅੱਜ ਸੰਘ ਆਪਣਾ ਸਬੰਧ ਜੋੜ ਰਿਹਾ ਹੈ। ਝੂਠਾ ਇਤਿਹਾਸ ਫੈਲਾਇਆ ਜਾ ਰਿਹਾ ਹੈ। ਦੇਸ਼ ਲਈ ਲੜਦੇ-ਲੜਦੇ ਆਪਣੀ ਜਾਨ ਤੱਕ ਵਾਰ ਦੇਣ ਵਾਲ਼ੇ ਦੇਸ਼- ਭਗਤਾਂ ਬਾਰੇ ਸੰਘ ਦੁਆਰਾ ਆਪਣੇ ਲੇਖਣ ਤੇ ਭਾਸ਼ਣਾਂ ‘ਚ ਪ੍ਰਗਟ ਕੀਤਾ ਗਿਆ ਮਤ, ਸੰਘ ਦੀ ਅਜ਼ਾਦੀ ਲਹਿਰ ‘ਚ ਹਿੱਸੇਦਾਰੀ ਦੀ ਭੂਮਿਕਾ ਨਾਲ਼ ਪੂਰੀ ਤਰਾਂ ਸਬੰਧਿਤ ਹੈ। ਸਵੈ-ਸੇਵਕਾਂ ਨੂੰ ਰਾਹ ਦਿਖਾਉਂਦੇ ਹੋਏ ਦੂਜੇ ਸਰ ਸੰਘ ਚਾਲਕ ਗੋਲਵਲਕਰ ਗੁਰੂਜੀ ਕਹਿੰਦੇ ਹਨ “ਅੰਗਰੇਜ਼ਾਂ ਪ੍ਰਤੀ ਗੁੱਸੇ ਕਾਰਨ ਬਹੁਤਿਆਂ ਨੇ ਅਦੁੱਤੀ ਦਲੇਰੀ ਦਿਖਾਈ ਹੈ। ਅਸੀਂ ਵੀ ਅਜਿਹਾ ਹੀ ਕਰੀਏ, ਇਹ ਵਿਚਾਰ ਸਾਡੇ ਮਨ ‘ਚ ਵੀ ਕਦੇ ਆ ਸਕਦਾ ਹੈ। ਪਰ ਇੱਕ ਵਿਅਕਤੀ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਕੀ ਅਜਿਹਾ ਕਰਨ ਨਾਲ਼ ਦੇਸ਼ ਹਿੱਤ ਪੂਰੇ ਹੋ ਰਹੇ ਹਨ? ਕੁਰਬਾਨੀ ਨਾਲ਼ ਉਸ ਵਿਚਾਰਧਾਰਾ ਨੂੰ ਹੁਲਾਰਾ ਨਹੀਂ ਮਿਲਦਾ ਜਿਸ ਨਾਲ਼ ਸਮਾਜ ਆਪਣਾ ਸਾਰਾ ਕੁਝ ਕੌਮ ਦੇ ਨਾਂ ਕੁਰਬਾਨ ਕਰਨ ਬਾਰੇ ਪ੍ਰੇਰਿਤ ਹੁੰਦਾ ਹੈ। ਹੁਣ ਤੱਕ ਦੇ ਤਜ਼ਰਬੇ ਤੋਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਦਿਲ ‘ਚ ਇਸ ਤਰਾਂ ਦੀ ਅੱਗ ਲੈ ਕੇ ਜਿਉਂਣਾ ਇੱਕ ਆਮ ਵਿਅਕਤੀ ਲਈ ਅਸਹਿ ਹੈ।”1 ਦੇਸ਼ ਭਗਤਾਂ ਦਾ ਰਾਹ ਆਮ ਲੋਕਾਂ ਨੂੰ ਅਸਹਿ ਲੱਗਦਾ ਹੈ, ਕੇਵਲ ਇੰਨਾ ਹੀ ਸੰਘ ਦਾ ਦੋਸ਼ ਨਹੀਂ ਸੀ, ਸਗੋਂ ਇਹਨਾਂ ਦੇਸ਼-ਭਗਤਾਂ ਦਾ ਵੱਧ ਤੋਂ ਵੱਧ ਅਪਮਾਨ ਕਰਨਾ ਸੰਘ ਨੇ ਆਪਣਾ ਫਰਜ਼ ਸਮਝਿਆ ਸੀ, ਅਜਿਹਾ ਉਹਨਾਂ ਦੇ ਵਿਚਾਰਾਂ ਤੋਂ ਦਿਸਦਾ ਹੈ। “ਡਾ. ਹੇਡਗੇਵਾਰ ਕ੍ਰਾਂਤਦਰਸ਼ੀ ਯੁੱਗਪੁਰਸ਼” ਨਾਮੀ ਕਿਤਾਬ ਦੇ ਲੇਖਕ ਵਿ.ਵਾ. ਨੇਨੇ ਹੇਡਗੇਵਾਰ ਦਾ ਦੇਸ਼ ਭਗਤਾਂ ਬਾਰੇ ਮਤ ਸਪੱਸ਼ਟ ਕਰਦੇ ਹੋਏ ਲਿਖਦੇ ਹਨ “ਬ੍ਰਿਟਿਸ਼-ਵਿਰੋਧੀ ਭਾਵਨਾ ਹੀ ਉਸ ਲਹਿਰ ਦੀ ਮੁੱਖ ਪ੍ਰੇਰਣਾ ਸੀ। ਕੌਮ ਦੀ ਅਜ਼ਾਦੀ ਬਾਰੇ, ਅਜ਼ਾਦੀ ਬਾਰੇ ਰਚਨਾਤਮਕ ਦ੍ਰਿਸ਼ਟੀ ਜਾਂ ਧਾਰਨਾ ਉੱਥੇ ਕਿਤੇ ਨਹੀਂ ਮਿਲਦੀ।… ਸੱਤਿਆਗ੍ਰਹ ਕਰਨ ਵਾਲ਼ੇ ਬਹੁਤ ਲੋਕਾਂ ਨੂੰ ਛੋਟੀਆਂ-ਮੋਟੀਆਂ ਸਜ਼ਾਵਾਂ ਹੁੰਦੀਆਂ ਸਨ। ਇਸ ਤਰਾਂ ਸੱਤਿਆਗ੍ਰਹ ਕਰਕੇ ਜ਼ੇਲ ਜਾ ਕੇ ਆਏ ਲੋਕਾਂ ਨੂੰ ਅਜਿਹਾ ਲੱਗਦਾ ਸੀ ਕਿ ਅਸੀਂ ਦੇਸ਼ ਭਗਤੀ ਦਾ ਇੱਕ ਖ਼ਾਸ ਕੰਮ ਕੀਤਾ ਹੈ। ਅਸੀਂ ਹੋਰਨਾਂ ਲੋਕਾਂ ਤੋਂ ਉੱਤਮ ਹਾਂ, ਆਗੂ ਹਾਂ, ਦੂਜੇ ਲੋਕਾਂ ਨੂੰ ਸਾਡੀ ਜੈ-ਜੈ-ਕਾਰ ਕਰਨੀ ਚਾਹੀਦੀ ਹੈ, ਪੈਰੋਕਾਰ ਹੋ ਕੇ ਸਾਡੀ ਡਿੱਗਦੀ ਗੱਲ ਨੂੰ ਵੀ ਝੱਲਣ, ਅਜਿਹੀ ਭਾਵਨਾ ਉਹਨਾਂ ‘ਚ ਜ਼ੋਰ ਫੜਣ ਲੱਗੀ ਸੀ। ਦੇਸ਼ ਭਗਤੀ ਦਾ ਇੱਕ ਅਨੋਖਾ ਤਬਕਾ ਤਿਆਰ ਹੋਣ ਲੱਗਿਆ।”2 ਸੰਘ ਦਾ ਇਹ ਕਹਿਣਾ ਸੀ ਕਿ ਨੌਜਵਾਨਾਂ ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਦੇਸ਼ ਲਈ ਜਾਨਾਂ ਦੇਣ ਵਾਲ਼ੇ ਦੇਸ਼ ਭਗਤਾਂ ਨੂੰ ਆਦਰਸ਼ ਰੂਪ ‘ਚ ਨਹੀਂ ਦੇਖਣਾ ਚਾਹੀਦਾ। ਸਵੈ-ਸੇਵਕਾਂ ਨੂੰ ਇਸ ਬਾਬਤ ਸਾਵਧਾਨ ਕਰਦੇ ਹੋਏ ਗੋਲਵਲਕਰ ਕਹਿੰਦਾ ਹੈ “ਸਾਡੇ ਭਾਰਤੀ ਸੱਭਿਆਚਾਰ ਨੂੰ ਛੱਡ ਕੇ ਹੋਰਨਾਂ ਸਾਰੇ ਸੱਭਿਆਚਾਰਾਂ ਵਿੱਚ ਅਜਿਹੀਆਂ ਕੁਰਬਾਨੀਆਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਆਦਰਸ਼ ਮੰਨਿਆ ਜਾਂਦਾ ਹੈ ਅਤੇ ਅਜਿਹੀਆਂ ਕੁਰਬਾਨੀਆਂ ਕਰਨ ਵਾਲ਼ਿਆਂ ਨੂੰ ਕੌਮੀ ਨਾਇਕ ਦੇ ਰੂਪ ‘ਚ ਪ੍ਰਵਾਨ ਕੀਤਾ ਜਾਂਦਾ ਹੈ। ਪਰ ਅਸੀਂ ਸਾਡੇ ਭਾਰਤੀ ਸੱਭਿਆਚਾਰ ‘ਚ ਅਜਿਹੀਆਂ ਕੁਰਬਾਨੀਆਂ ਨੂੰ ਸਭ ਤੋਂ ਉੱਚ ਆਦਰਸ਼ ਨਹੀਂ ਮੰਨਿਆ ਹੈ।”1 ਇਹਨਾਂ ਦੇਸ਼ ਭਗਤਾਂ ਨੂੰ ਆਦਰਸ਼ ਨਾ ਮੰਨੋ, ਇੰਨਾ ਕਹਿ ਕੇ ਹੀ ਗੋਲਵਲਕਰ ਨਹੀਂ ਰੁਕਦਾ ਸੀ ਸਗੋਂ ਇਸ ਤੋਂ ਵੀ ਅੱਗੇ ਉਹ ਬੋਲਦਾ ਹੈ “ਇਹ ਸਾਫ਼ ਹੈ ਕਿ ਜੋ ਜੀਵਨ ਵਿੱਚ ਅਸਫਲ ਹੁੰਦੇ ਹਨ ਉਹਨਾਂ ਵਿੱਚ ਨਿਸ਼ਚਿਤ ਤੌਰ ‘ਤੇ ਕੁਝ ਗੰਭੀਰ ਕਮੀਆਂ ਹੁੰਦੀਆਂ ਹਨ। ਜੋ ਖੁਦ ਹਾਰਿਆ ਹੋਇਆ ਹੈ, ਉਹ ਕਿਸ ਤਰਾਂ ਦੂਜਿਆਂ ਨੂੰ ਚਾਨਣਾ ਦੇ ਸਕਦਾ ਹੈ ਅਤੇ ਸਫਲਤਾ ਦੀ ਰਾਹ ‘ਤੇ ਲੈ ਜਾ ਸਕਦਾ ਹੈ? ਹਵਾ ਦੇ ਹਲਕੇ ਜਿਹੇ ਬੁੱਲੇ ਤੋਂ ਕੰਬਣ ਵਾਲ਼ੀ ਜੋਤ ਸਾਨੂੰ ਰਾਹ ਕਿਵੇਂ ਦਿਖਾ ਸਕਦੀ ਹੈ?”1 ਸੰਘ ਦੀ ਨਿਗਾਹ ‘ਚ ਸ਼ਹੀਦ ਹੋਣ ਵਾਲ਼ੇ ਦੇਸ਼-ਭਗਤ ਅਸਫਲ ਨਾਇਕ ਹਨ ਅਤੇ ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਜ਼ੇਲ ਤੋਂ ਛੁਟੱਣ ਵਾਲ਼ਾ ਤੇ ਬਾਅਦ ‘ਚ ਕਿਸੇ ਤਰਾਂ ਦੀ ਬ੍ਰਿਟਿਸ਼ ਵਿਰੋਧ ਕਾਰਵਾਈ ਨਾ ਕਰਨ ਵਾਲ਼ਾ ਸਾਵਰਕਰ ਅਜ਼ਾਦੀ ਘੁਲਾਟੀਆ ਹੈ। ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਦਾਅ ‘ਤੇ ਲਾਉਣ ਵਾਲ਼ੇ ਮਹਾਨ ਦੇਸ਼ ਭਗਤਾਂ ਦੀ ਅਜਿਹੀ ਬੇਇੱਜ਼ਤੀ ਤਾਂ ਸਾਮਰਾਜਵਾਦੀ ਅੰਗਰੇਜ਼ਾਂ ਨੇ ਵੀ ਕਦੇ ਨਹੀਂ ਕੀਤੀ ਸੀ। ਰਾਸ਼ਟਰੀ ਸਵੈ-ਸੇਵਕ ਸੰਘ ਅੱਜ ਦੇਸ਼-ਭਗਤੀ ਜਾਂ ਦੇਸ਼-ਪਿਆਰ ਦਾ ਠੇਕੇਦਾਰ ਬਣਿਆ ਹੋਇਆ ਹੈ। ਲੋਕਾਂ ਨੂੰ ਹਨੇਰੇ ‘ਚ ਰੱਖਣ ਲਈ ਤੇ ਅਸਲ਼ੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਦੇਸ਼ ਭਗਤੀ ਦੀ ਅਫੀਮ ਦੀ ਗੋਲ਼ੀ ਵਾਂਗ ਵਰਤੋਂ ਕੀਤੀ ਜਾ ਰਹੀ ਹੈ। ਧਨ-ਪਸ਼ੂਆਂ ਤੇ ਸਰਮਾਏਦਾਰਾਂ ਦੀ ਚਾਕਰੀ ਕਰਨ ਦੇ ਕੰਮ ਨੂੰ ਬੇਹਤਰ ਢੰਗ ਨਾਲ਼ ਕਰਨ ਲਈ ਸੰਘ ਨੇ ਦੇਸ਼-ਭਗਤੀ ਨੂੰ ਇੱਕ ਬਜ਼ਾਰੂ ਜਿਣਸ ਬਣਾ ਦਿੱਤਾ ਹੈ। ‘ਪਤੰਜਲੀ ਦਾ ਸਮਾਨ ਖਰੀਦਣ ਵਾਲ਼ਾ ਹੀ ਅਸਲੀ ਦੇਸ਼-ਭਗਤ’, ਬਾਬਾ ਰਾਮਦੇਵ ਦਾ ਇਹ ਐਲਾਨ, ਇਸ ਬਜ਼ਾਰੂ ਦੇਸ਼-ਪਿਆਰ ਦੀ ਗਲੀ-ਸੜੀ ਲੱਭਤ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਵੰਨ-ਸੁਵੰਨੇ ਸਰਮਾਏਦਾਰਾ ਪ੍ਰਸਾਰ ਸਾਧਨਾਂ ਰਾਹੀਂ ਕੀਤੇ ਜਾ ਰਹੇ ਲੁਭਾਉਣੇ ਪ੍ਰਚਾਰ ਪਿੱਛੇ ਲੁਕੇ ਜ਼ਹਿਰੀ ਸੱਚ ਨੂੰ ਪਛਾਣਨ ਲਈ, ਲੋਕਾਂ ਨੂੰ ਗ਼ਰੀਬੀ ਵੱਲ਼ ਧੱਕਣ ਵਾਲ਼ੀ ਤੇ ਲੋਕਾਂ ਵਿਚਕਾਰ ਫੁੱਟ ਪਾਉਣ ਵਾਲ਼ੀ ਸੰਘੀ ਸਿਆਸਤ ਨੂੰ ਪੱਟ ਸਿੱਟਣ ਲਈ ਸੰਘ ਦਾ ਇਤਿਹਾਸ ਲੋਕਾਂ ਅੱਗੇ ਆਉਣਾ ਬਹੁਤ ਲਾਜ਼ਮੀ ਹੈ। ਅੱਜ ਸੰਘ ਦੇਸ਼-ਪਿਆਰ ਦੀਆਂ ਕਿੰਨੀਆਂ ਹੀ ਗੱਲਾਂ ਕਰ ਲਵੇ ਪਰ ਉਸਦਾ ਸੱਚਾ ਕਾਲ਼ਾ ਇਤਿਹਾਸ ਸੰਘ ਦੇ ਹੀ ਸਾਹਿਤ ‘ਚ ਸੁਰੱਖਿਅਤ ਰੱਖਿਆ ਹੋਇਆ ਹੈ। ਨਿੱਕਰ ਛੱਡਕੇ ਪੂਰੀ ਪੈਂਟ ਪਹਿਨਣ ‘ਤੇ ਵੀ ਰਾਸ਼ਟਰੀ ਸਵੈ-ਸੇਵਕ ਸੰਘ ਦਾ ਨੰਗੇਜ਼ ਨਹੀਂ ਲੁਕੇਗਾ।

ਸੰਦਰਭ

1. ਸ਼੍ਰੀ ਗੁਰੂਜੀ ਸਮੱਗਰ ਦਰਸ਼ਨ, ਜਿਲਦ 3

2. ਡਾ. ਹੇਡਗੇਵਾਰ: ਕ੍ਰਾਂਤਦਰਸ਼ੀ ਯੁੱਗਪੁਰਸ਼ ਵਿ. ਵਾ. ਨੇਨੇ.

3. ਡਾ. ਹੇਡਗੇਵਾਰ ਐੱਨ.ਐੱਚ.ਪਾਲਕਰ

(ਸਾਰੀਆਂ ਕਿਤਾਬਾਂ ਦਾ ਪ੍ਰਕਾਸ਼ਕ: ‘ਭਾਰਤੀ ਵਿਚਾਰ ਸਾਧਨਾ ਪ੍ਰਕਾਸ਼ਨ’)

(ਲੇਖਕ ਮਰਾਠੀ ਮਜ਼ਦੂਰ ਅਖ਼ਬਾਰ ‘ਕਾਮਗਾਰ ਬਿਗੁਲ’ ਦੇ ਸੰਪਾਦਕ ਹਨ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements