ਡੇਰਾ ਸੱਚਾ ਸੌਦਾ-ਸਿੱਖ ਵਿਵਾਦ • ਪੰਜਾਬ ਇੱਕ ਵਾਰ ਫਿਰ ਫਿਰਕੂ ਅੱਗ ਦੀ ਲਪੇਟ ਵਿੱਚ

ਹਾਕਮਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫੇਰ ਫਿਰਕੂ ਅੱਗ ਵਿੱਚ ਝੋਕ ਦਿੱਤਾ ਹੈ। ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਦੁਆਰਾ ਸਿੱਖਾਂ ਦੇ ਦਸਵੇਂ ਗੁਰੂ ਦੀ ਨਕਲ ਕਰਨ ਦੀ ਨਿੰਦਣਯੋਗ ਕਾਰਵਾਈ ਤੋਂ ਭੜਕੀ ਫਿਰਕੂ ਅੱਗ ਹਾਲੇ ਵੀ ਬੁਝਣ ਦਾ ਨਾਂ ਨਹੀਂ ਲੈ ਰਹੀ ਹੈ। ਪੰਜਾਬ ਦੀਆਂ ਦੋਵੇਂ ਮੁੱਖ ਸਰਮਾਏਦਾਰਾਂ ਦੀਆਂ ਸੇਵਕ ਸਿਆਸੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਲਾਵਾ ਅਕਾਲੀਆਂ ਦੇ ਅਲੱਗ-ਅਲੱਗ ਧੜੇ, ਸਭ ਇਸ ਮੱਚਦੀ ਹੋਈ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰ ਰਹੇ ਹਨ। ਪੰਜਾਬ ਵਿੱਚ ਲਗਭਗ ਮਹੱਤਵਹੀਣ ਹੋ ਚੁੱਕੇ, ਮਰ ਰਹੇ ਕੁਝ ਸਿੱਖ ਕੱਟੜਪੰਥੀ, ਰਹੇ-ਸਹੇ ਖਾਲਿਸਤਾਨੀ ਫਾਸੀਵਾਦੀ ਸਭ ਆਪਣੇ ਘੁਰਨਿਆਂ ’ਚੋਂ ਬਾਹਰ ਨਿੱਕਲ ਆਏ ਹਨ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਹਰਕਤ ਨਾਲ ਭੜਕੇ ਸਿੱਖ ਜਜ਼ਬਾਤਾਂ ਨੂੰ ਹੋਰ ਭੜਕਾ ਕੇ ਆਪਣਾ ਉਲੂ ਸਿੱਧਾ ਕਰਨ ਦੇ ਕੰਮ ਵਿੱਚ ਰੁੱਝ ਗਏ ਹਨ।
 
ਪੰਜਾਬ ਵਿੱਚ ਅੱਜ ਜੋ ਹੋ ਰਿਹਾ ਹੈ ਅਸਲ ਵਿੱਚ ਇਸਦੀ ਜ਼ਮੀਨ ਤਾਂ ਪੰਜਾਬ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਵਿੱਚ ਹੀ ਤਿਆਰ ਹੋ ਗਈ ਸੀ। ਇਹਨਾਂ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਨੇ ਖੁੱਲੇਆਮ ਕਾਂਗਰਸ ਦਾ ਸਾਥ ਦਿੱਤਾ ਸੀ। ਜਿਸਦੇ ਕਾਰਨ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਅਕਾਲੀ ਦਲ(ਬਾਦਲ) ਨੂੰ ਕਾਫੀ ਨੁਕਸਾਨ ਉਠਾਉਣਾ ਪਿਆ। ਡੇਰਾ ਸੱਚਾ ਸੌਦਾ ਦਾ ਜ਼ਿਆਦਾਤਰ ਅਧਾਰ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਹੀ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਡੇਰਾ ਸੱਚਾ ਸੌਦਾ ਇਸ ਇਲਾਕੇ ਵਿੱਚ ਇੱਕ ਵੱਡੀ ਸਮਾਜਿਕ ਤਾਕਤ ਬਣਕੇ ਉਭਰਿਆ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਉਸਦਾ ਪੁੱਤਰ ਸੁਖਬੀਰ ਸਿੰਘ ਬਾਦਲ ਵੀ ਵਿਧਾਨ ਸਭਾ ਚੋਣਾਂ ਸਮੇਂ ਸਿਰਸੇ ਵਾਲੇ ਬਾਬੇ ਦਾ ਅਸ਼ੀਰਵਾਦ ਲੈਣ ਗਏ ਸਨ, ਪਰ ਇਹਨਾਂ ਨੂੰ ਬਾਬੇ ਦਾ ਅਸ਼ੀਰਵਾਦ ਨਹੀਂ ਮਿਲਿਆ। ਪਿਛਲੀਆਂ ਵਿਧਾਨ ਸਭਾ ਚੌਣਾਂ ਵਿੱਚ ਸਰਸੇ ਵਾਲੇ ਬਾਬੇ ਦੀ ਕਿਰਪਾ ਨਾਲ ਮਾਲਵੇ ਵਿੱਚ ਕਾਂਗਰਸ, ਅਕਾਲੀਆਂ ਦੀਆਂ ਕਈ ਸੀਟਾਂ ਖੋਹਣ ਵਿੱਚ ਕਾਮਯਾਬ ਰਹੀ ਸੀ। ਅਕਾਲੀਆਂ ਦਾ ਮੰਨਣਾ ਹੈ ਕਿ ਸਿਰਸਾ ਡੇਰੇ ਵੱਲੋਂ ਕਾਂਗਰਸ ਦਾ ਸਾਥ ਦੇਣ ਕਾਰਨ ਉਹਨਾਂ ਨੂੰ ਲਗਭਗ 20 ਸੀਟਾਂ ਦਾ ਨੁਕਸਾਨ ਉਠਾਉਣਾ ਪਿਆ।
 
ਇਹਨਾਂ ਚੋਣਾਂ ਵਿੱਚ ਸਿਰਸਾ ਡੇਰੇ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਿੱਖ ਸੰਸਥਾਵਾਂ, ਅਕਾਲ ਤਖਤ ਦੇ ਜੱਥੇਦਾਰਾਂ ਅਤੇ ਸਿੱਖ ਬੁੱਧੀਜੀਵੀਆਂ ਨੇ ਚਿੰਤਾ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਸੀ। ਸਿੱਖ ਧਰਮ ਦਾ ਪਰਚਾਰ ਵਧਾਉਣ ’ਤੇ ਜ਼ੋਰ ਦਿੱਤਾ ਜਾਣ ਲੱਗਿਆ ਸੀ। ਸਿੱਖ ਬੁੱਧੀਜੀਵੀ ਸਿੱਖ ਆਗੂਆਂ ਨੂੰ ਕੋਸਣ ਲੱਗੇ ਸਨ, ਜਿੰਨਾਂ ਦੀ ਲਾਪਰਵਾਹੀ ਕਾਰਨ ਲੋਕ ਸਿੱਖ ਧਰਮ ਨੂੰ ਛੱਡ ਕੇ ਹੋਰ ਫਿਰਕਿਆਂ ਵਿੱਚ ਸ਼ਾਮਿਲ ਹੋ ਰਹੇ ਹਨ। 1970 ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿੱਚ ‘ਖਾਲਿਸਤਾਨੀ ਅੰਦੋਲਨ’ ਦੇ ਨਾਂ ’ਤੇ ਪੰਜਾਬ ਵਿੱਚ ਫਿਰਕੂ ਫਾਸ਼ੀਵਾਦ ਦੀ ਲਹਿਰ ਚੱਲੀ ਸੀ ਜੋ ਲਗਭਗ ਡੇਢ ਦਹਾਕੇ ਤੱਕ ਜਾਰੀ ਰਹੀ ਸੀ। ਉਸਦੀ ਨੀਂਹ ਵੀ ਅਜਿਹੀਆਂ ਹੀ ਘਟਨਾਵਾਂ ਨਾਲ ਪਈ ਸੀ। ਉਦੋਂ ਇਸ ਕਿਸਮ ਦਾ ਵਿਵਾਦ ਸਿੱਖਾਂ ਅਤੇ ਨਿਰੰਕਾਰੀਆਂ ਵਿੱਚ ਸ਼ੁਰੂ ਹੋਇਆ ਸੀ। 13 ਅਪ੍ਰੈਲ 1978 ਨੂੰ ਵਿਸਾਖੀ ਦੇ ਦਿਨ ਅਮਿ੍ਰਤਸਰ ਭਿੰਡਰਾਂਵਾਲੇ ਦੇ ਅਖੰਡ ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਦੇ 13 ਬੰਦੇ ਨਿਰੰਕਾਰੀਆਂ ਦੇ ਹੱਥੋਂ ਮਾਰੇ ਗਏ ਸਨ ਜਦੋਂ ਉਹ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਖਿਲਾਫ਼ ਮੁਜ਼ਾਹਰਾ ਕਰ ਰਹੇ ਸਨ। 10 ਜੂਨ 1978 ਨੂੰ ਸਿੱਖਾਂ ਦੀ ਸਰਵਉਚ ਸੰਸਥਾ ਅਕਾਲ ਤਖਤ ਨੇ ਨਿਰੰਕਾਰੀਆਂ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਸੀ। ਇਹਨਾਂ ਘਟਨਾਵਾਂ ਨਾਲ਼ ਪੰਜਾਬ ਵਿੱਚ ਜੋ ਫਿਰਕੂ ਅੱਗ ਮੱਚੀ ਉਸ ਵਿੱਚ ਪੰਜਾਬ ਦੇ ਲੋਕ ਡੇਢ ਦਹਾਕਾ ਭੁਜਦੇ ਰਹੇ। ਹਜ਼ਾਰਾਂ ਬੇਗੁਨਾਹਾਂ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ। ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਸਰਕਾਰੀ ਦਹਿਸ਼ਤਗਰਦਾਂ (ਪੁਲਿਸ) ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ।
 
1978 ਵਿੱਚ ਜਦੋਂ ਪੰਜਾਬ ਦੇ ਹਾਲਾਤ ਵਿਗੜਣੇ ਸ਼ੁਰੂ ਹੋਏ ਸਨ ਤਾਂ ਉਸ ਸਮੇਂ ਵੀ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਸੀ। ਇਹ ਗੱਲ ਵੀ ਹੁਣ ਕਿਸੇ ਤੋਂ ਛੁਪੀ ਨਹੀਂ ਰਹੀ ਕਿ ਭਿੰਡਰਾਂਵਾਲੇ ਨੂੰ ਸਿੱਖਾਂ ਦੇ ਆਗੂ ਦੇ ਰੂਪ ਵਿੱਚ ਉਭਾਰਨ ਵਿੱਚ ਕਾਂਗਰਸ ਦਾ ਹੀ ਹੱਥ ਸੀ। ਬਾਅਦ ਵਿੱਚ ਵੀ ਨਾਮੀ-ਗਰਾਮੀ ਖਾਲਿਸਤਾਨੀ ਅੱਤਵਾਦੀ ਕਾਂਗਰਸੀ ਆਗੂਆਂ ਦੇ ਘਰਾਂ ਵਿੱਚ ਹੀ ਪਨਾਹ ਲੈਂਦੇ ਰਹੇ।
 
ਅੱਜ ਪੰਜਾਬ ਵਿੱਚ ਜੋ ਹੋ ਰਿਹਾ ਹੈ ਇਸਦੀ ਤੁਲਨਾ 1978 ਦੀਆਂ ਘਟਨਾਵਾਂ ਨਾਲ ਕਰਕੇ ਵੇਖੀਏ ਤਾਂ ਕੋਈ ਵਖਰੇਵਾਂ ਨਜ਼ਰ ਨਹੀਂ ਆਉਂਦਾ। ਅੱਜ ਇੱਕ ਵਾਰ ਫੇਰ ਪੰਜਾਬ ਵਿੱਚ ਅਕਾਲੀ ਸਰਕਾਰ ਬਣੀ ਹੈ ਤੇ ਕਾਂਗਰਸ ਫਿਰਕੂ ਜਨੂੰਨ ਨੂੰ ਉਤਸਾਹਿਤ ਕਰ ਰਹੀ ਹੈ। 13 ਮਈ ਨੂੰ ਸਿਰਸਾ ਡੇਰਾ ਦੇ ਮੁਖੀ ਨੇ ਜੋ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦੀ ਨਿੰਦਣਯੋਗ ਕਾਰਵਾਈ ਕੀਤੀ ਉਸਦੇ ਪਿੱਛੇ ਕਾਂਗਰਸ ਦਾ ਹੱਥ ਕਿਸੇ ਤੋਂ ਛੁਪਿਆ ਨਹੀਂ। 13 ਮਈ ਦੇ ਬਾਅਦ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਅਤੇ ਹੋਰ ਆਗੂਆਂ ਨੇ ਜੋ ਸਿਰਸਾ ਡੇਰਾ ਦੇ ਹੱਕ ਵਿੱਚ ਅਤੇ ਉਸਦਾ ਗੁਣਗਾਣ ਕਰਦੇ ਹੋਏ ਜੋ ਬਿਆਨ ਦਿੱਤੇ ਹਨ ਉਸ ਤੋਂ ਸਾਰੀ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਾਂਗਰਸ ਇੱਕ ਵਾਰ ਫੇਰ ਪੰਜਾਬ ਵਿੱਚ 80 ਦੇ ਦਹਾਕੇ ਨੂੰ ਵਾਪਸ ਲਿਆਉਣਾ ਚਾਹੁੰਦੀ ਹੈ।
 
ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿੱਖ ਜਨੂੰਨੀਆਂ ਦੀ ਸੁਰ ਵਿੱਚ ਸੁਰ ਮਿਲਾ ਰਹੇ ਹਨ ਅਤੇ ਉਹਨਾਂ ਨੂੰ ਪੰਜਾਬ ਵਿੱਚ ਮਨਮਾਨੀ ਕਰਨ ਦੀ ਖੁੱਲ੍ਹ ਦੇ ਰਹੇ ਹਨ।
ਅਕਾਲ ਤਖਤ ਨੇ ਸਿੱਖ ਬਿਰਾਦਰੀ ਨੂੰ ਸੱਚਾ ਸੌਦਾ ਸਰਸਾ ਦੇ ਭਗਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਦਮਦਮੀ ਟਕਸਾਲ ਜਿਹੀਆਂ ਜਨੂੰਨੀ ਸਿੱਖ ਜਥੇਬੰਦੀਆਂ ਸੱਚਾ ਸੌਦਾ ਦੇ ਡੇਰਿਆਂ ਨੂੰ ਬਲਪੂਰਵਕ ਬੰਦ ਕਰਵਾਉਣ ਦੀਆਂ ਧਮਕੀਆਂ ਦੇ ਰਹੀਆਂ ਹਨ ਅਤੇ ਸਰਕਾਰ ਚੁੱਪਚਾਪ ਤਮਾਸ਼ਾ ਦੇਖ ਰਹੀ ਹੈ ਜਾਂ ਸਿੱਖ ਜਨੂੰਨੀਆਂ ਦੀ ਹੀ ਬੋਲੀ ਬੋਲ ਰਹੀ ਹੈ।
 
ਪੰਜਾਬ ਵਿੱਚ ਇਸ ਸਮੇਂ ਸਥਿਤੀ ਬੇਹੱਦ ਵਿਸਫੋਟਕ ਬਣੀ ਹੋਈ ਹੈ। ਪੂਰੇ ਪੰਜਾਬ ਵਿੱਚ ਲੱਖਾਂ-ਲੱਖ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਨੌਜਵਾਨਾਂ ਵਿੱਚ ਨਸ਼ੇ ਦਾ ਚਲਣ ਜ਼ੋਰਾਂ ’ਤੇ ਹੈ। ਇਸ ਸਰਮਾਏਦਾਰੀ ਢਾਂਚੇ ਵਿੱਚ ਹਤਾਸ਼-ਨਿਰਾਸ਼ ਬੇਰੁਜ਼ਗਾਰ ਨੌਜਵਾਨ ਜਾਂ ਤਾਂ ਨਸ਼ੇ ਦੀ ਸ਼ਰਨ ਲੈ ਰਹੇ ਹਨ ਜਾਂ ਆਤਮ ਹੱਤਿਆਵਾਂ ਕਰ ਰਹੇ ਹਨ।
 
ਨਵੀਆਂ ਆਰਥਿਕ ਨੀਤੀਆਂ ਦੇ ਕਾਰਨ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਵਿੱਚ ਬੇਜ਼ਮੀਨਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਪੇਂਡੂ ਇਲਾਕਿਆਂ ਵਿੱਚ ਤੇਜ਼ ਰਫ਼ਤਾਰ ਧਰੁਵੀਕਰਨ ਹੋਇਆ ਹੈ। ਖੇਤੀ ਤੋਂ ਸੁਰਖਰੂ ਹੋਈ ਅਬਾਦੀ ਰੁਜ਼ਗਾਰ ਦੇ ਲਈ ਉਦਯੋਗਾਂ ਦੇ ਵੱਲ ਨਹੀਂ ਜਾ ਰਹੀ ਕਿਉਂਕਿ ਉਥੇ ਜੀਵਨ ਦੀਆਂ ਹਾਲਤਾਂ ਬੇਹੱਦ ਖਰਾਬ ਹਨ, ਤਨਖਾਹਾਂ ਬੇਹੱਦ ਘੱਟ ਹਨ। ਫੈਕਟਰੀਆਂ ਦੇ ਮਾਲਕ ਵੀ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਜ਼ਦੂਰਾਂ ਨੂੰ ਹੀ ਕੰਮ ’ਤੇ ਰਖਦੇ ਹਨ ਕਿਉਂਕਿ ਉਹ ਬਹੁਤ ਘੱਟ ਕੀਮਤਾਂ ’ਤੇ ਆਪਣੀ ਕਿਰਤ ਸ਼ਕਤੀ ਵੇਚਣ ਨੂੰ ਤਿਆਰ ਹੋ ਜਾਂਦੇ ਹਨ। ਇਨਕਲਾਬੀ ਤਾਕਤਾਂ ਦੇ ਲਈ ਜਿੱਥੇ ਲੋਕਾਂ ਦੀ ਸਾਰੀ ਦੁਰਗਤੀ ਦੀ ਜੜ੍ਹ ਇਸ ਲੋਟੂ ਸਰਮਾਏਦਾਰਾ ਢਾਂਚੇ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਅਜਿਹੀਆਂ ਹਾਲਤਾਂ ਬਹੁਤ ਅਨੁਕੂਲ ਹਨ, ਉਥੇ ਹੀ ਇਹ ਹਾਲਤਾਂ ਪਿਛਾਖੜੀ ਤਾਕਤਾਂ ਦੇ ਵਧਣ-ਫੁੱਲਣ ਲਈ ਵੀ ਬਹੁਤ ਅਨੁਕੂਲ ਹਨ। ਇਸਲਈ ਪੰਜਾਬ ਵਿੱਚ ਹਾਕਮ ਜਮਾਤ ਨੇ ਇਹ ਚਾਲ ਚੱਲੀ ਹੈ ਕਿ ਲੋਕਾਂ ਦਾ ਧਿਆਨ ਸਮੱਸਿਆਵਾਂ ਦੇ ਅਸਲੀ ਕਾਰਨਾਂ ਤੋਂ ਹਟਾ ਕੇ ਉਹਨਾਂ ਨੂੰ ਆਪਸ ਵਿੱਚ ਹੀ ਲੜਾਇਆ ਜਾਵੇ, ਭਾਈ ਦੇ ਹੱਥੋਂ ਭਾਈ ਦਾ ਖੂਨ ਵਹਾਇਆ ਜਾਵੇ। ਅਜਿਹੀਆਂ ਹਾਲਤਾਂ ਵਿੱਚ ਇਨਕਲਾਬੀ ਤਾਕਤਾਂ ਨੂੰ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨੀਆਂ ਪੈਣਗੀਆਂ, ਨਹੀਂ ਤਾਂ ਇੱਕ ਵਾਰ ਫਿਰ ਪੰਜਾਬ ਦਹਾਕਿਆਂ ਬੱਧੀ ਫਿਰਕੂ ਅੱਗ ਵਿੱਚ ਸੜਦਾ ਰਹੇਗਾ।
 
ਭਗਤ ਸਿੰਘ ਨੇ ਕਿਹਾ ਸੀ, ‘‘ਜਦੋਂ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲੈਂਦੀ ਹੈ ਤਾਂ ਉਹ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਹਿਚਕਿਚਾਉਂਦੇ ਹਨ। ਇਸ ਖੜੋਤ ਅਤੇ ਬੇਹਰਕਤੀ ਨੂੰ ਤੋੜਣ ਲਈ ਇਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ। ਨਹੀਂ ਤਾਂ ਪਤਣ ਅਤੇ ਬਰਬਾਦੀ ਦਾ ਵਾਤਾਵਰਣ ਛਾ ਜਾਂਦਾ ਹੈ। ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਪਿਛਾਖੜੀ ਤਾਕਤਾਂ ਲੋਕਾਂ ਨੂੰ ਗ਼ਲਤ ਰਾਹ ’ਤੇ ਲਿਜਾਣ ਵਿੱਚ ਸਫਲ ਹੋ ਜਾਂਦੀਆਂ ਹਨ। ਇਸ ਨਾਲ਼ ਇਨਸਾਨੀ ਤਰੱਕੀ ਰੁੱਕ ਜਾਂਦੀ ਹੈ ਅਤੇ ਉਸ ਵਿੱਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬੀ ਸਪਿਰਟ ਤਾਜਾ ਕੀਤੀ ਜਾਵੇ, ਤਾਂ ਕਿ ਇਨਸਾਨੀਅਤ ਦੀ ਰੂਹ ਵਿੱਚ ਹਰਕਤ ਪੈਦਾ ਹੋ ਸਕੇ।’’
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s