ਦਿੱਲੀ ਸਮੂਹਿਕ ਬਲਾਤਕਾਰ ਕਾਂਡ ਤੋਂ ਬਾਅਦ ਅੱਜ ਵੀ ਜਾਰੀ ਹੈ ਸਿਲਸਿਲਾ •ਬਿੰਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਖ਼ਬਾਰ ‘ਚ ਹਰ ਦਿਨ ਕਈ ਕਾਲਮ ਬਲਾਤਕਾਰ ਦੀ ਉਹਨਾਂ ਘਟਨਾਵਾਂ ਦੇ ਹੁੰਦੇ ਹਨ ਜੋ ਦਰਜ ਹੋ ਜਾਂਦੀਆਂ ਹਨ। ਕਿਉਂਕਿ ‘ਨੈਸ਼ਨਲ ਕਰਾਈਮ ਰਿਪੋਰਟ ਬਿਉਰੋ’ ਦੀ ਰਿਪੋਰਟ ਮੁਤਾਬਿਕ ਬਲਾਤਕਾਰ ਦੇ 10 ‘ਚੋਂ ਸਿਰਫ ਇੱਕ ਕੇਸ ਹੀ ਦਰਜ ਹੋ ਪਾਉਂਦਾ ਹੈ। ਕਿਸੇ ਦਾ ਪਰਿਵਾਰਕ ਮੈਂਬਰ, ਗੁਆਂਡ ਜਾਂ ਵੈਸੇ ਹੀ ਕੁੜੀ ਨੂੰ ਇੱਕਲਿਆ ਵੇਖ ਕੇ ਕੋਈ ਲੰਘਦਾ ਜਾਂਦਾ ਰਾਹੀ ਬਲਾਤਕਰ ਕਰ ਦਿੰਦਾ ਹੈ। ਇਸ ਅਪਰਾਧ ਲਈ ਅਪਰਾਧੀ ਨੂੰ ਕੋਈ ਬਹੁਤੀ ਵਿਉਂਤਬੰਧੀ ਦੀ ਲੋੜ ਨਹੀਂ ਪੈਂਦੀ ਬਲਾਤਕਾਰ ਬਸ ਕੀਤਾ ਜਾ ਸਕਦਾ ਹੈ ਕਿਉਂਕਿ ਸਾਡਾ ਸਮਾਜ ਬਲਾਤਕਾਰ ਨੂੰ ਇੱਕ ਮਨੁੱਖ ਖਿਲਾਫ ਹਿੰਸਾ ਜਾਂ ਅਨੈਤਿਕਤਾ ਦੀ ਸ਼੍ਰੇਣੀ ‘ਚ ਨਹੀਂ ਰੱਖਦਾ ਸਗੋਂ ਪਛੜੀਆਂ ਹੋਈਆਂ ਕਦਰਾਂ ਕੀਮਤਾਂ ਕਰਕੇ ਔਰਤ ਦੀ ਹੋਣੀ ਮੰਨਦਾ ਹੈ।

ਦਸੰਬਰ 2012 ਦੇ ਦਿੱਲੀ ਸਮੂਹਿਕ ਬਲਾਤਕਾਰ ਕਾਂਡ ਨੂੰ ਕੋਈ ਬਿਨਾਂ ਦਿੱਲ ਵਾਲ਼ਾ ਮਨੁੱਖ ਹੀ ਭੁੱਲਾ ਸਕਦਾ ਹੈ। ਪਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੂੰ ਵੀ ਮਨੁੱਖੀ ਦਿਲ ਨੂੰ ਭੁਲਾ ਨਹੀਂ ਦੇਣਾ ਚਾਹੀਦਾ। ਅੱਜ ਵੀ ਨੈਸ਼ਨਲ ਕਰਾਈਮ ਰਿਪੋਰਟ ਬਿਉਰੋ ਦੀ ਰਿਪੋਰਟ ਮੁਤਾਬਿਕ ਹਰ ਰੋਜ਼ 92 ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਹਨ ਤੇ ਦਿੱਲੀ ‘ਚ ਹੀ ਬਲਾਤਕਾਰ ਦੀਆਂ ਘਟਨਾਵਾਂ ਸਭ ਤੋਂ ਵੱਧ ਹੁੰਦੀਆਂ ਹਨ। ਇਸ ਅੰਕੜੇ ਦਾ ਭਾਵ ਹੈ ਕਿ ਹਰ 16 ਮਿਮਟਾਂ ਬਾਅਦ ਕਿਸੇ ਕੁੜੀ ਨੂੰ ਸ਼ਰੀਰਕ ਤੇ ਮਾਨਸਿਕ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਅਂੰਕੜੇ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਸਰਕਾਰਾਂ ਇਸ ਅਪਰਾਧ ਨੂੰ ਲੈ ਕੇ ਕਿੰਨਾ ਕੰਮ ਕਰ ਰਹੀ ਹੈ।

ਦਸੰਬਰ 2012 ਦੀ ਘਟਨਾ ਤੋਂ ਬਾਅਦ ਸਰਕਾਰ ਨੇ ਕਨੂੰਨ ‘ਚ ਕਈ ਤਰ੍ਹਾਂ ਦੇ ਬਦਲਾਅ ਕੀਤੇ, ਇੱਕ ਸਪੈਸ਼ਲ ਫਾਸਟ ਟਰੈਕ ਕੋਰਟ ਬਣਾਇਆ ਗਿਆ ਤਾਂ ਕਿ ਬਲਾਤਕਾਰ ਦੇ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਸਜਾ ਦਿੱਤੀ ਜਾ ਸਕੇ ਤੇ ਦੂਜੇ ਹੀ ਪਾਸੇ ਬਹੁਤ ਉੱਘੇ ਸਿਆਸੀ ਲੀਡਰ ਅਪਣੇ ਬਿਆਨਾ ਰਾਹੀਂ ਸਾਫ ਹੀ ਕਨੂੰਨ ਦੀ ਪੈਰਵੀ ਕਰਦੇ ਹੋਏ ਦਿੱਖ ਜਾਂਦੇ ਹਨ। ਆਉ ਜਾਣੀਏ ਕਿਵੇਂ :

1. ਬੀ.ਜੇ.ਪੀ. ਲੀਡਰ, ਬਾਬੂਲਾਲ ਗੋਅਰ ਦਾ ਕਹਿਣਾ ਹੈ ਕਿ ਬਲਾਤਕਾਰ ਇੱਕ ਸਮਾਜਿਕ ਅਪਰਾਧ ਹੈ ਇਹ ਕੁੜੀ ਮੁੰਡਾ ਦੋਹਾਂ ‘ਤੇ ਹੀ ਨਿਰਭਰ ਕਰਦਾ ਹੈ ਇਹ ਕਦੇ ਗਲਤ ਵੀ ਹੁੰਦਾ ਹੈ ਤੇ ਸਹੀ ਵੀ।

2. ਸਮਾਜਵਾਦੀ ਪਾਰਟੀ ਦੇ ਲੀਡਰ, ਮੁਲਾਇਮ ਸਿੰਘ ਯਾਦਵ ਦਾ ਕਹਿਣਾ ਹੈ ਕਿ ਕੀ ਬਲਾਤਕਾਰ ਕਰਨ ਵਾਲਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ? ਮੁੰਡੇ ਮੁੰਡੇ ਹੁੰਦੇ ਹਨ ਉਹਨਾਂ ਤੋਂ ਗਲਤੀ ਹੋ ਜਾਂਦੀ ਹੈ।

3. ਪੂਰਵ ਸੀ.ਐਮ. ਹਰਿਆਣਾ, ਓਮ ਪ੍ਰਕਾਸ਼ ਚੌਟਾਲਾ ਦਾ ਕਹਿਣਾ ਹੈ ਕਿ ਬਾਲ ਵਿਆਹ ਹੀ ਬਲਾਤਕਾਰ ਜਾਂ ਹੋਰ ਹਿੰਸਾ ਦਾ ਹੱਲ ਹੋ ਸਕਦਾ ਹੈ।

4. ਆਰ.ਐਸ.ਐਸ. ਦੇ ਲੀਡਰ, ਮੋਹਨ ਭਾਗਵਤ ਦਾ ਕਹਿਣਾ ਹੈ ਕਿ ਬਲਾਤਕਾਰ ਸ਼ਹਿਰਾਂ ‘ਚ ਹੀ ਹੁੰਦੇ ਹਨ ਪਿੰਡਾਂ ‘ਚ ਨਹੀਂ। ਔਰਤਾਂ ਨੂੰ ਅਪਣੇ ਰਿਸ਼ਤੇਦਾਰ ਤੋਂ ਇਲਾਵਾ ਕਿਸੇ ਹੋਰ ਨਾਲ਼ ਜਾਣ ਦਾ ਪਰਹੇਜ ਕਰਨਾ ਚਾਹੀਦਾ ਹੈ। ਇਹ ਘਟਨਾਵਾਂ ਵਿਦੇਸ਼ੀ ਸੱਭਿਆਚਾਰ ਤੇ ਪਹਿਰਾਵੇ ਨਾਲ਼ ਹੁੰਦੀਆਂ ਹਨ।

ਇੰਟਰਨੈਸ਼ਨਲ਼ ਟਾਇਮਸ ਬਿਜ਼ਨਸ ਦੀ ਰਿਪੋਰਟ ਮੁਤਾਬਕ ਭਾਰਤ ‘ਚ ਬੈਠੇ ਪਾਰਲੀਮੈਂਟ ਮੈਂਬਰਾਂ ‘ਚੋਂ 186 ਮੈਂਬਰ ‘ਤੇ ਔਰਤਾਂ ਵਿਰੁੱਧ ਅਪਰਾਧ ਦੇ ਪਰਚੇ ਦਰਜ ਹਨ। ਇਹਨਾਂ ਲੋਕਾਂ ਦੇ ਰਖਵਾਲਿਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਕਨੂੰਨ ‘ਚ ਸੋਧਾਂ ਰਾਹੀਂ ਕੋਈ ਹੱਲ ਕੱਢ ਦੇਣਗੇ? ਜੋ ਬਲਾਤਕਾਰ ਨੂੰ ਬਹੁਤਾ ਵੱਡਾ ਅਪਰਾਧ ਨਹੀਂ ਮੰਨਦੇ ਤੇ ਕਿਤੇ ਨਾ ਕਿਤੇ ਔਰਤਾਂ ਬਾਰੇ ਉਹਨਾਂ ਦੀ ਸੋਚ ਘਰ, ਚੁਲ੍ਹੇ ਚੌਂਕੇ, ਬੱਚੇ ਪੈਦਾ ਕਰਨ ਤੱਕ ਹੈ। ਇਹ ਬਿਮਾਰ ਮਾਨਸਿਕਤਾ ਵਾਲੇ ਲੀਡਰਾਂ ਤੋਂ ਕੁੱਝ ਵੀ ਆਸ ਕਰਨਾ ਅਪਣਾ ਸਿਰ ਹਨੇਰੇ ‘ਚ ਟਕਰ ਮਾਰਨ ਦੇ ਬਰਾਬਰ ਹੋਵੇਗਾ।

ਹੁਣ, ਜੇ ਅਸੀਂ ਗੱਲ ਕਰੀਏ ਪੂਰੇ ਸਮਾਜ ਦੀ ਤਾਂ ਸਮਾਜ ਵੀ ਕੋਈ ਬਹੁਤੀ ਵੱਖਰੀ ਸੋਚ ਨਹੀਂ ਰੱਖਦਾ। ਅੱਜ ਜੇ ਸਮਾਜ ‘ਚ ਇਹ ਘਟਨਾਵਾਂ ਅੱਗੇ ਨਾਲੋਂ ਵੀ ਵੱਧ ਰਹੀਆਂ ਹਨ ਤਾਂ ਉਹਦਾ ਜ਼ਿਮੇਵਾਰ ਸਾਡਾ ਸਮਾਜ ਵੀ ਹੈ। ਸਾਰਾ ਸਮਾਜ ਬਚਪਨ ਤੋਂ ਹੀ ਕੁੜੀ ਨੂੰ ਘਰ ਦੀ ਇੱਜਤ ਬਣਾ ਕੇ ਜਗੀਰੂ ਕਦਰਾਂ ਕੀਮਤਾਂ ਦੀ ਪੰਡ ਉਸ ‘ਤੇ ਥੋਪ ਦਿੰਦਾ ਹੈ ਜਿਸ ਦਾ ਉਸਨੇ ਖੁਦ ਵੀ ਤੇ ਸਾਰੇ ਪਰਿਵਾਰ ਨੇ ਖਿਆਲ ਕਰਨਾ ਹੁੰਦਾ ਹੈ। ਉਸ ਇੱਜਤ ਦਾ ਰਹੱਸ ਏਨਾਂ ਕ ਹੀ ਹੁੰਦਾ ਹੈ ਕਿ ਕੋਈ ਕੁੜੀ ਅਪਣੇ ਘਰ ਦਿਆਂ ਦੀ ਮਰਜੀ ਬਿਨਾਂ ਕਿਸੇ ਨਾਲ਼ ਸ਼ਰੀਰਕ ਸਬੰਧ ਨਾ ਬਣਾ ਲਵੇ। ਭਾਰਤ ਮਨੁੱਖੀ ਵਿਕਾਸ ਸਰਵੇ ਦੀ ਇੱਕ ਰਿਪੋਰਟ ਮੁਤਾਬਕ ਜਿਸਨੇ ਕਿ ਮੇਰੀਲੈਂਡ ਯੂਨੀਵਰਸਿਟੀ ਤੇ ‘ਨੈਸ਼ਨਲ ਕਾਉਂਸਲ ਫਾਰ ਅਪਲਾਈਡ ਇਕਨਾਮਿਕ ਰਿਸਰਚ’ ਦੁਆਰਾ 2004-2005 ਤੇ 2011-2012 ‘ਚ ਇੱਕ ਸਰਵੇਖਣ ਕੀਤਾ ਗਿਆ ਜਿਸ ‘ਚ ਦੱਸਿਆ ਗਿਆ ਹੈ ਕਿ ਭਾਰਤ ‘ਚ ਅੱਜ ਵੀ ਸਿਰਫ 5% ਔਰਤਾਂ ਹੀ ਅਪਣੀ ਮਰਜੀ ਨਾਲ਼ ਵਿਆਹ ਕਰਵਾਉਂਦੀਆਂ ਹਨ। ਇਸ ਇੱਜਤ ਦੇ ਦਾਗ ਜਾਂ ਇਹਨਾਂ ਔਰਤ ਵਿਰੁੱਧ ਅਪਰਾਧਾਂ ਤੋਂ ਬਚਣ ਲਈ ਸਮਾਜ ਪਿੱਛੇ ਵੱਲ ਨੂੰ ਝਾਕਦਾ ਹੈ। ਉਹ ਕੁੱਝ ਇਸ ਤਰ੍ਹਾਂ ਦੇ ਹੱਲ ਕੱਢਦਾ ਹੈ 1. ਕੁੜੀਆਂ ਨੂੰ ਘੱਟ ਪੜ੍ਹਾਉਣ 2. ਬਾਲ ਵਿਆਹ ਕਰਨ 3. ਘਰੋਂ ਬਾਹਰ ਜਾਣ ਦੀ ਮਨਾਹੀ 4. ਮੁੰਡਿਆਂ ਨਾਲ਼ ਦੋਸਤੀ ਦੀ ਮਨਾਹੀ 5. ਕਪੜੇ ਸਰੀਰ ਨੂੰ ਢੱਕਣ ਵਾਲੇ ਪਾਉਣਾ ਆਦਿ । ਇਹਨੂੰ ਸਾਰਾ ਸਮਾਜ ਅਪਣੇ ਮਹਾਨ ਪੁਰਾਤਨ ਸੱਭਿਆਚਾਰ ਦਾ ਨਾਂ ਦਿੰਦਾ ਹੈ ਜੋ ਨੇੜੇ ਜਾਣ ‘ਤੇ ਓਨਾਂ ਹੀ ਨੀਚ ਹੁੰਦਾ ਹੈ ਜਿੰਨਾਂ ਮਹਾਨ। ਦੂਸਰਾ, ਅੱਜ ਦਾ ਸਰਮਾਏਦਾਰਾ ਮੀਡੀਆ ਜੋ ਔਰਤਾਂ ਨੂੰ ਨੰਗੇਜ ਜਾਂ ਭੋਗਨ ਦੀ ਵਸਤੂ ਤੋਂ ਵੱਧ ਕੁਝ ਨਹੀਂ ਦਿਖਾਉਂਦਾ ਅੱਜ ਮਰਦਾਂ ਦੀ ਕਾਮ ਇੱਛਾ ਨੂੰ ਪੂਰਾ ਕਰਨ ਲਈ ਔਰਤਾਂ ਦੇ ਸਰੀਰ ਨੂੰ ਫਿਲਮਾਂ, ਗਾਣਿਆ, ਨਾਟਕਾਂ, ਪੋਰਨੋਗ੍ਰਾਫੀ ਰਾਹੀਂ ਵੱਖ-ਵੱਖ ਤਰ੍ਹਾਂ ਪਰੋਸਿਆ ਜਾਂਦਾ ਹੈ ਜਿਸ ਤੋਂ ਇੱਕ ਅਨੈਤਿਕ ਕਿਸਮ ਦਾ ਸੱਭਿਆਚਾਰ ਪੈਦਾ ਹੋਇਆ ਹੈ ਜਿਸ ‘ਚ ਜਗੀਰੂ ਕਦਰਾਂ ਕੀਮਤਾਂ ਦੇ ਨਾਲ਼-ਨਾਲ਼ ਸਰਮਾਏਦਾਰਾ ਅਨੈਤਿਕ ਸੱਭਿਆਚਾਰ ਵੀ ਮਿਲ਼ਿਆ ਹੋਇਆ ਹੈ। ਇਸ ਤੋਂ ਜੋ ਅੱਜ ਦੇ ਨੌਜਵਾਨਾਂ ‘ਚ ਔਰਤਾਂ ਪ੍ਰਤੀ ਤਸਵੀਰ ਬਣਾਈ ਜਾਂਦੀ ਹੈ ਉਹ ਇੱਕ ਮਨੁੱਖ ਦੀ ਨਹੀਂ ਸਗੋ ਭੋਗਨ ਦੀ ਵਸਤੂ ਦੀ ਬਣਾਈ ਜਾਂਦੀ ਹੈ। ਜੋ ਸਮਾਜ ‘ਚ ਬਲਾਤਕਾਰ ਜਿਹੇ ਅਪਰਾਧਾਂ ਨੂੰ ਵਧਾ-ਫੁਲਾ ਰਹੀ ਹੈ।

ਅੱਜ ਇਹਨਾਂ ਜਗੀਰੂ ਕਦਰਾਂ ਕੀਮਤਾਂ ਤੇ ਸਰਮਾਏਦਾਰੀ ਅਨੈਤਿਕ ਸੱਭਿਆਚਾਰ ਨੂੰ ਜੜੋਂ ਖਤਮ ਕੀਤੇ ਬਿਨਾਂ ਇਹਨਾਂ ਅਪਰਾਧਾਂ ‘ਤੇ ਰੋਕ ਨਹੀਂ ਲਾਈ ਜਾ ਸਕਦੀ। ਜਿਸ ਦੀ ਜ਼ਿੰਮੇਵਾਰੀ ਲਾਜਮੀ ਸਾਰੇ ਸਮਾਜ ਦੀ ਹੈ ਕਿਉਂਕਿ ਸਮਾਜ ‘ਚ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਸਮਾਜ ਨੂੰ ਚੰਗਾ ਨਹੀਂ ਬਣਾ ਸਕਦੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ

Advertisements