ਦਿੱਲੀ ਦੇ ਰਾਮਜਸ ਕਾਲਜ ‘ਚ ਸੰਘੀਆਂ ਦੀ ਗੁੰਡਾਗਰਦੀ •ਸੰਪਾਦਕੀ

abvp-reu-L-294x194

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬੀਤੀ 21 ਅਤੇ 22 ਫਰਵਰੀ ਨੂੰ ਦਿੱਲੀ ‘ਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਹੈ। ਇਹ ਦਿਖਾਉਂਦਾ ਹੈ ਕਿ ਦੇਸ਼ ‘ਚ ਫਾਸੀਵਾਦੀ ਹਮਲਾ ਕਿਸ ਕਦਰ ਗੰਭੀਰ ਰੁਖ ਅਖਤਿਆਰ ਕਰ ਰਿਹਾ ਹੈ। ਸੰਘੀ ਫਾਸਿਸਟ ਦੇਸ਼ ਦੀਆਂ ਖੱਬੇ-ਪੱਖੀ ਤਾਕਤਾਂ ਨੂੰ ਆਪਣਾ ਨੰਬਰ ਇੱਕ ਦੁਸ਼ਮਣ ਮੰਨਦੇ ਹਨ। ਇਸ ਮਾਮਲੇ ‘ਚ ਉਹ ਨਕਲੀ ਅਤੇ ਅਸਲੀ ਖੱਬੇ ਪੱਖੀਆਂ, ਸੰਸਦ ਮਾਰਗੀਆਂ ਅਤੇ ਇਲਕਲਾਬੀ ਖੱਬੇ ਪੱਖੀਆਂ ‘ਚ ਕੋਈ ਫਰਕ ਨਹੀਂ ਕਰਦੇ। ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ (ਖਾਸ ਕਰਕੇ ਮੁਸਲਮਾਨਾ), ਮਾਰਕਸਵਾਦੀ ਵਿਚਾਰਧਾਰਾ ਨੂੰ ਉਹ ਵਿਦੇਸ਼ੀ ਅਤੇ ਭਾਰਤੀ ਸੱਭਿਆਚਾਰ ਲਈ ਖਤਰਾ ਐਲਾਨ ਚੁੱਕੇ ਹਨ। ਇਸ ਲਈ ਸੰਘੀ ਫਾਸਿਸਟ ਗਰੋਹ ਧਾਰਮਿਕ ਘੱਟ ਗਿਣਤੀਆਂ ਅਤੇ ਖੱਬੀਆਂ ਜਾਂ ਖੱਬੀਆਂ ਕਹਾਉਣ ਵਾਲ਼ੀਆਂ ਜਥੇਬੰਦੀਆਂ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਦਿੱਲੀ ਦੇ ਰਾਮਜਸ ਕਾਲਜ ਅਤੇ ਇਸਦੇ ਇਰਦਗਿਰਦ ਬੀਤੀ 21-22 ਫਰਵਰੀ ਨੂੰ ਵਾਪਰੀਆਂ ਘਟਨਾਵਾਂ ਸੰਘੀ ਫਾਸਿਸਟ ਹਮਲੇ ਦੀ ਲਗਾਤਾਰਤਾ ਹੀ ਹੈ।

21 ਫਰਵਰੀ 2017 ਨੂੰ ਦਿੱਲੀ ਯੂਨਿਵਰਸਿਟੀ ਦੇ ਰਾਮਜਸ ਕਾਲਜ ‘ਚ ‘ਵਿਰੋਧ ਦਾ ਸੱਭਿਆਚਾਰ’ (Culture of Protest) ਜਿਸ ਵਿੱਚ ਵਿਦਿਆਰਥੀ ਆਗੂਆਂ ਉਮਰ ਖਾਲਿਦ ਅਤੇ ਸ਼ਹੇਲਾ ਰਾਸ਼ਿਦ ਨੇ ਵਕਤਿਆਂ ਵਜੋਂ ਸ਼ਾਮਿਲ ਹੋਣਾ ਸੀ। ਵਿਦਿਆਰਥੀ ਪ੍ਰੀਸ਼ਦ ਦੇ ਗੁੰਡਿਆਂ ਨੇ ਇਹਨਾਂ ਦੋ ਵਕਤਿਆਂ ਤੇ ਇਤਰਾਜ਼ ਕੀਤਾ। ਉਹਨਾਂ ਨੇ ਇਹਨਾਂ ਵਿਦਿਆਰਥੀ ਆਗੂਆਂ ਨੂੰ ਦੇਸ਼ ਧਰੋਹੀ ਐਲਾਨਿਆ ਹੋਇਆ ਹੈ। 2014 ‘ਚ ਕੇਂਦਰ ‘ਚ ਸੰਘ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭੂਤਰਿਆ ਸੰਘੀ ਲਾਣਾ, ਆਪਦੇ ਵਿਰੋਧੀ ਵਿਚਾਰ ਰੱਖਣ ਵਾਲ਼ੇ ਹਰ ਵਿਅਕਤੀ ਜਥੇਬੰਦੀ ਨੂੰ ਦੇਸ਼ ਧਰੋਹੀ ਦੇ ਸਰਟੀਫਿਕੇਟ ਵੰਡ ਰਿਹਾ ਹੈ। ਉਹ ਵੀ ਪੂਰੀ ਬੇਸ਼ਰਮੀ ਨਾਲ਼। ਜਦਕਿ ਇਸਦਾ ਆਪਦਾ ਇਤਿਹਾਸ ਬੇਹੱਦ ਕਾਲਾ ਹੈ। ਰਾਸ਼ਟਰੀ ਸਵੈ ਸੇਵਕ ਸੰਘ 1925 ‘ਚ ਹੋਂਦ ‘ਚ ਆਇਆ ਸੀ। ਉਸ ਸਮੇਂ ਭਾਰਤ ਬ੍ਰਿਟਿਸ਼ ਸਾਮਰਾਜ ਦਾ ਗੁਲਾਮ ਸੀ। ਸਾਮਰਾਜੀ ਜੂਲੇ ਤੋਂ ਅਜ਼ਾਦੀ ਦੀ ਲੜਾਈ ਵਿੱਚ ਸੰਘ ਨੇ ਕੋਈ ਭੁਮਿਕਾ ਨਹੀਂ ਨਿਭਾਈ। ਉਲਟਾ ਦੇਸ਼ ਦੇ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀਆਂ ਕੋਸ਼ਿਸ਼ਾਂ ਜ਼ਰੀਏ ਇਸਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ‘ਚ ਗੱਦਾਰਾਂ ਵਾਲ਼ੀ ਭੁਮਿਕਾ ਨਿਭਾਈ ਸੀ। ਦੇਸ਼ ਦੀ ਅਜ਼ਾਦੀ ਦੀ ਲਹਿਰ ਨਾਲ਼ ਧਰੋਹ ਕਮਾਉਣ ਵਾਲ਼ੇ ਅੱਜ ‘ਦੇਸ਼ ਭਗਤੀ ਅਤੇ ਦੇਸ਼ ਧਰੋਹ’ ਦੇ ਸਰਟੀਫਿਕੇਟ ਚੁੱਕੇ ਫਿਰਦੇ ਹਨ।

2014 ‘ਚ ਕੇਂਦਰ ‘ਚ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ੀ ਅਤੇ ਵਿਦੇਸ਼ੀ ਸਰਮਾਏਦਾਰਾਂ ਦੀ ਸੇਵਕ ਹੈ। ਦੇਸ਼ ਦੇ ਹਾਕਮਾਂ ਵੱਲੋਂ 1991 ਤੋਂ ਲਾਗੂ ਕੀਤੀਆਂ ਨਵਉਦਾਰਵਾਦੀ ਨੀਤੀਆਂ ਨੂੰ ਮੋਦੀ ਦੀ ਸਰਕਾਰ ਪੂਰੀ ਤੇਜ਼ੀ ਅਤੇ ਬੇਰਿਹਮੀ ਨਾਲ਼ ਲਾਗੂ ਕਰ ਰਹੀ ਹੈ। ਮੋਦੀ ਸਰਕਾਰ ਨੇ ਭਾਰਤ ਦੇ ਕਿਰਤੀਆਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਦੋਹੀ ਹੱਥੀ ਲੁੱਟਣ ਦੀ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਨੂੰ ਖੁੱਲ ਦਿੱਤੀ ਹੈ। ਕਈ ਰਾਜਾਂ ‘ਚ ਸਰਮਾਏਦਾਰਾਂ ਦੇ ਹੱਕ ‘ਚ ਕਿਰਤ ਕਨੂੰਨ ਬਦਲੇ ਜਾ ਚੁੱਕੇ ਹਨ। ਕੇਂਦਰੀ ਪੱਧਰ ‘ਤੇ ਅਜਿਹੀ ਹੀ ਤਿਆਰੀ ਹੋ ਰਹੀ ਹੈ। ਜਿੱਥੇ ਕਿਤੇ ਕਿਰਤ ਕਨੂੰਨ ਹਨ ਵੀ, ਜਿਹਨਾਂ ਤੋਂ ਮਜ਼ਦੂਰਾਂ ਨੂੰ ਥੋੜੀ ਰਾਹਤ ਮਿਲ਼ ਸਕਦੀ ਹੈ, ਉਹਨਾਂ ਨੂੰ ਪ੍ਰਭਾਵਹੀਣ ਬਣਾਇਆ ਜਾ ਚੁੱਕਾ ਹੈ। ਦੇਸ਼ ਦੇ ਵੱਡੇ ਸਰਮਾਏਦਾਰਾਂ ਦੁਆਰਾ 2014 ‘ਚ ਕੇਂਦਰ ਦੀ ਸੱਤਾ ‘ਚ ਲਿਆਂਦੇ ਫਾਸੀਵਾਦੀਆਂ ਦਾ ਅਸਲ ਨਿਸ਼ਾਨਾ ਇਸ ਦੇਸ਼ ਦੇ ਮਜ਼ਦੂਰ ਅਤੇ ਹੋਰ ਕਿਰਤੀ ਲੋਕ ਹਨ। ਮੋਦੀ ਸਰਕਾਰ ਨੇ ਦੇਸ਼ ਦੇ ਕਿਰਤੀ ਲੋਕਾਂ ਦਾ ਜਿਸ ਕਦਰ ਜਿਸ ਕਦਰ ਕਚੂੰਬਰ ਕੱਢਿਆ ਹੈ ਅਤੇ ਆਉਣ ਵਾਲ਼ੇ ਦਿਨਾਂ ‘ਚ ਹੋਰ ਕੱਢਣ ਦੀ ਤਿਆਰੀ ਕਰ ਰਹੀ ਹੈ, ਕਿਰਤੀ ਲੋਕ ਇਸ ਨੂੰ ਚੁੱਪ-ਚਾਪ ਲਬਰਦਾਸ਼ਤ ਨਹੀਂ ਕਰਦੇ ਰਹਿਣਗੇ। ਇਹ ਗੱਲ ਸੰਘੀ ਲਾਣਾਂ ਵੀ ਚੰਗੀ ਤਰਾਂ ਜਾਣਦਾ ਹੈ। ਇਸ ਲਈ ਇੱਕ ਪਾਸੇ ਜਿੱਥੇ ਕਿਰਤੀ ਲੋਕਾਂ ਦੇ ਸੰਘਰਸ਼ਾ ਨੂੰ ਫਾਸਿਸਟ ਡੰਡੇ ਦੇ ਜ਼ੋਰ ਦਬਾਉਣ ਲਈ ਪੱਬਾਂ ਭਾਰ ਨੇ, ਉੱਥੇ ਦੇਸ਼ ਦੇ ਕਿਰਤੀ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣਾ ਇਹ ਹੋਰ ਵੀ ਜਰੂਰੀ ਸਮਝਦੇ ਹਨ। ਕਦੇ ਗਵਾਂਡੀ ਮੁਲਕਾਂ ਖਿਲਾਫ ਨਫਰਤ ਭੜਕਾ ਕੇ “ਦੇਸ਼ ਭਗਤੀ” ਲੋਕਾਂ ਦੇ ਸੰਘ ਹੇਠਾਂ ਉਤਾਰੀ ਜਾਂਦੀ ਹੈ। ਵਿਰੋਧ ਦੀ ਹਰ ਅਵਾਜ ‘ਤੇ ਦੇਸ਼ ਧ੍ਰੋਹ ਦਾ ਠੱਪਾ ਜੜ ਕੇ ਉਸ ਵਿਰੁੱਧ ਜਨੂੰਨ ਭੜਕਾਇਆ ਜਾਂਦਾ ਹੈ। ਸੰਘੀ ਲਾਣੇ ਨੇ ਆਪਣੀਆਂ ਸਾਰੀਆਂ ਗੁੰਡਾ ਵਾਹਿਨੀਆਂ ਨੂੰ ਹਰ ਵਿਰੋਧੀ ਅਵਾਜ ਨੂੰ ਕੁਚਲਣ ਲਈ ਖੁੱਲਾ ਹੱਥ ਦੇ ਰੱਖਿਆ ਹੈ। ਦਿੱਲੀ ਦੀਆਂ ਤਾਜ਼ਾ ਘਟਨਾਵਾਂ ਇਸੇ ਲੜੀ ਦਾ ਅੰਗ ਹਨ।

21 ਫਰਵਰੀ ਨੂੰ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ‘ਚ ਸੈਮੀਨਾਰ ਦੇ ਅਯੋਜਕਾਂ ਨੇ ਵਿਦਿਆਰਥੀ ਪ੍ਰੀਸ਼ਦ ਦੇ ਦਬਾਅ ਅਧੀਨ ਉਮਰ ਖਾਲਿਦ ਅਤੇ ਸ਼ਹੇਲਾ ਰਾਸ਼ਿਦ ਦਾ ਸੱਦਾ ਪੱਤਰ ਰੱਦ ਕਰ ਦਿੱਤਾ। ਇਹਨਾਂ ਦੋ ਵਕਤਾਵਾਂ ਦੀ ਗੈਰ ਮੌਜੂਦਗੀ ‘ਚ ਜਦੋਂ ਸੈਮੀਨਾਰ ਸ਼ੁਰੂ ਹੋਇਆ ਤਾਂ, ਵਿਦਿਆਰਥੀ ਪ੍ਰੀਸ਼ਦ ਦੇ ਗੁੰਡਿਆ ਨੇ ਸੈਮੀਨਾਰ ਹਾਲ ‘ਤੇ ਪਥਰਾਅ ਕੀਤਾ। 22 ਫਰਵਰੀ ਨੂੰ ਜਦੋਂ ਰਾਮਜਸ ਅਤੇ ਹੋਰਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਆਇਸਾ ਆਦਿ ਜਥੇਬੰਦੀਆਂ ਦੀ ਅਗਵਾਈ ‘ਚ ਇਸ ਗੁੰਡਾਗਰਦੀ ਦੇ ਵਿਰੋਧ ‘ਚ ਮਾਰਚ ਕੀਤਾ ਤਾਂ ਵਿਦਿਆਰਥੀ ਪ੍ਰੀਸ਼ਦ ਦੇ ਗੁੰਡਿਆਂ ਨੇ ਇਸ ‘ਤੇ ਹਮਲਾ ਕੀਤਾ। ਇਸ ਵਿੱਚ ਸ਼ਾਮਿਲ ਅਧਿਆਪਕਾਂ ਤੱਕ ਨੂੰ ਬੁਰੀ ਤਰਾਂ ਕੁੱਟਿਆ ਅਤੇ ਗਲਤ ਹਰਕਤਾਂ ਕੀਤੀਆਂ ਗਈਆਂ। 21 ਅਤੇ 22 ਫਰਵਰੀ ਨੂੰ ਦੋਹਾਂ ਹੀ ਘਟਨਾਵਾਂ ‘ਚ ਦਿੱਲੀ ਪੁਲਿਸ ਜਾਂ ਤਾਂ ਮੂਕ ਦਰਸ਼ਕ ਬਣਕੇ ਵਿਦਿਆਰਥੀ ਪ੍ਰੀਸ਼ਦ ਦੀ ਗੁੰਡਾਗਰਦੀ ਨੂੰ ਦੇਖਦੀ ਰਹੀ ਜਾਂ ਵਿਦਿਆਰਥੀ ਪ੍ਰੀਸ਼ਦ ਦੇ ਗੁੰਡਿਆਂ ਦਾ ਹੀ ਸਾਥ ਦਿੰਦੀ ਰਹੀ।

ਦਿੱਲੀ ਦੇ ਰਾਮਜਸ ਕਾਲਜ ਦੀ ਘਟਨਾ ਸੰਘੀ ਗੁੰਡਾ ਗਰੋਹਾਂ ਦੀ ਗੁੰਡਾਗਰਦੀ ਦੀ ਕੋਈ ਨਿੱਖੜਵੀ ਘਟਨਾ ਨਹੀਂ ਹੈ। ਪਿਛਲੇ ਲੰਬੇ ਸਮੇਂ ਤੋਂ ਸੰਘੀ ਲਾਣਾ ਵਿੱਦਿਅਕ ਸੰਸਥਾਵਾਂ ‘ਚ ਵਿਰੋਧੀ ਅਵਾਜਾਂ ਨੂੰ ਕੁਚਲਣ, ਵਿਰੋਧੀਆਂ ਨੂੰ ਦਹਿਸ਼ਤਜ਼ਦਾ ਕਰਨ ‘ਚ ਲੱਗਿਆ ਹੋਇਆ ਹੈ। 2014 ‘ਚ ਮੋਦੀ ਸਰਕਾਰ ਬਣਨ ਤੋਂ ਬਾਅਦ ਸੰਘੀ ਲਾਣਾ ਵਧੇਰੇ ਭੂਤਰ ਗਿਆ ਹੈ ਅਤੇ ਵਿਦਿਅਕ ਸੰਸਥਾਵਾਂ ‘ਚ ਵਿਰੋਧੀ ਅਵਾਜਾਂ ਨੂੰ ਚੁੱਪ ਕਰਾਉਣ ਦੀਆਂ ਇਸਦੀਆਂ ਸਰਗਰਮੀਆਂ ‘ਚ ਤੇਜ਼ੀ ਆਈ ਹੈ।

ਦਿੱਲੀ ਦੇ ਰਾਮਜਸ ਕਾਲਜ ਦੀਆਂ ਘਟਨਾਵਾਂ ਦੇਸ਼ ਅੰਦਰ ਵਧ ਰਹੇ ਫਾਸੀਵਾਦੀ ਖਤਰੇ ਦਾ ਹੀ ਸੰਕੇਤ ਹਨ। ਇਸ ਖਤਰੇ ਨੂੰ ਘਟਾਕੇ ਅਤੇ ਇਸ ਪ੍ਰਤੀ ਨਿਸ਼ਚਿੰਤਤਾ ਵਾਲ਼ਾ ਰਵਈਆ ਘਾਤਕ ਹੋਵੇਗਾ। ਇਸ ਖਤਰੇ ਨਾਲ਼ ਸਿੱਝਣ ਲਈ ਜਿੱਥੇ ਵਿਦਿਆਰਥੀਆਂ- ਨੌਜਵਾਨਾਂ ਨੂੰ ਇਨਕਲਾਬੀ ਲੀਹਾਂ ‘ਤੇ ਜਥੇਬੰਦ ਕਰਨਾ ਬੇਹੱਦ ਜਰੂਰੀ ਹੈ, ਉੱਥੇ ਇਸ ਤੋਂ ਵੀ ਵੱਧ ਜਰੂਰੀ ਹੈ ਕਿ ਮਜ਼ਦੂਰ ਜਮਾਤ ਦੀ ਇਨਕਲਾਬੀ ਲੀਹਾਂ ‘ਤੇ ਜਥੇਬੰਦੀ ਅਤੇ ਲਾਮਬੰਦੀ ਕੀਤੀ ਜਾਵੇ। ਫਾਸੀਵਾਦ ਵਿਰੋਧੀ ਲੜਾਈਆਂ ਦਾ ਸਾਰਾ ਇਤਿਹਾਸ ਗਵਾਹ ਹੈ ਕਿ ਸਿਰਫ ਅਤੇ ਸਿਰਫ ਮਜ਼ਦੂਰ ਜਮਾਤ ਹੀ ਫਾਸੀਵਾਦ ਨੂੰ ਉਸਦੀ ਕਬਰ ‘ਚ ਪਹੁੰਚਾ ਸਕਦੀ ਹੈ।

ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ‘ਤੇ ਸੰਘੀ ਲਾਣੇ ਦੇ ਹਮਲਿਆਂ ਦੀ ਸੂਚੀ

ਫਰਵਰੀ 2015 :  ਜਮਸ਼ੇਦਪੁਰ ਕੋਆਪਰੇਟਿਵ ਕਾਲਜ

ਪ੍ਰਿੰਸੀਪਲ ਆਰਕੇ ਦਾਸ ਨੂੰ ਮੁਅੱਤਲ ਕੀਤੇ ਜਾਣ ‘ਤੇ ਗੁੱਸੇ ਵਿੱਚ ਆਏ ਏਬੀਵੀਪੀ ਮੈਂਬਰਾਂ ਨੇ ਕੈਂਪਸ ਵਿੱਚ ਹੁੱਲੜਬਾਜੀ ਅਤੇ ਭੰਨਤੋੜ ਕੀਤੀ।

ਅਗਸਤ 2015 : ਦਿੱਲੀ ਯੂਨੀਵਰਸਿਟੀ

ਏਬੀਵੀਪੀ ਨੇ 2013 ਦੇ ਮੁਜ਼ੱਫਰਨਗਰ ਦੰਗਿਆਂ ‘ਤੇ ਬਣੀ ਦਸਤਾਵੇਜ਼ੀ ਫਿਲਮ ਮੁਜੱਫਰ ਨਗਰ ਬਾਕੀ ਹੈ ਦੀ ਦਿੱਲੀ ਯੂਨੀਵਰਸਿਟੀ ਦੇ ਕਿਰੋਰੀ ਮੱਲ ਕਾਲਜ ਵਿੱਚ ਹੋ ਰਹੀ ਪੇਸ਼ਕਾਰੀ ਨੂੰ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਸ ਵਿੱਚ “ਧਰਮ-ਵਿਰੋਧੀ” ਤੱਤ ਹਨ।

ਜਨਵਰੀ 2016 : ਰੋਹਿਤ ਵੈਮੁਲਾ ਦੀ ਖੁਦਕੁਸ਼ੀ

ਅਗਸਤ 2015 ਵਿੱਚ ਹੈਦਰਾਬਾਦ ਯੂਨਿਵਰਸਿਟੀ ਦੇ ਪੀਐੱਚਡੀ ਖੋਜਆਰਥੀ ਰੋਹਿਤ ਵੈਮੁਲਾ ਅਤੇ ਅੰਬੇਡਕਰ ਸਟੂਡੈਂਟਸ ਯੂਨੀਅਨ ਦੇ ਦੂਸਰੇ ਮੈਂਬਰਾਂ ਦੁਆਰਾ ਯਾਕੂਬ ਮੈਨਨ ਨੂੰ ਫਾਂਸੀ ਦਿੱਤੇ ਜਾਣ ਦੇ ਸਬੰਧ ਵਿੱਚ ਇੱਕ ਮੁਜ਼ਾਹਰਾ ਜਥੇਬੰਦ ਕੀਤਾ ਗਿਆ ਸੀ। ਇਸ ਦੌਰਾਨ ਏਬੀਵੀਪੀ ਅਤੇ ਅੰਬੇਡਕਰ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਵਿੱਚ ਟਕਰਾ ਹੋਇਆ। ਬਾਅਦ ਵਿੱਚ ਏਬੀਵੀਪੀ ਆਗੂ ਸੁਸ਼ੀਲ ਕੁਮਾਰ ਦੁਆਰਾ ਰੋਹਿਤ ਤੇ ਹਮਲੇ ਦਾ ਮਨਘੜਤ ਇਲਜ਼ਾਮ ਲਗਾਇਆ ਗਿਆ ਜਿਸ ਲਈ ਰੋਹਿਤ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਤੀਜ਼ੇ ਵਜੋਂ ਰੋਹਿਤ ਨੇ 17 ਜਨਵਰੀ 2016 ਨੂੰ ਖੁਦਕੁਸ਼ੀ ਕਰ ਲਈ।

ਫਰਵਰੀ 2016 : ਜੇਐਨਯੂ, ਨਜ਼ੀਬ ਅਤੇ ਦੇਸ਼ਧ੍ਰੋਹੀ ਬਹਿਸ

9 ਫਰਵਰੀ 2016 ਨੂੰ ਜਵਾਹਰਲਾਲ ਨਹਿਰੂ ਯੂਨਿਵਰਸਿਟੀ ਵਿੱਚ 2001 ਦੇ ਸੰਸਦ ਹਮਲੇ ਦੇ ਦੋਸ਼ੀ ਅਫਜ਼ਲਗੁਰੂ ਦੀ ਫਾਂਸੀ ਦੇ ਸਬੰਧ ਵਿੱਚ ਕੁਝ ਵਿਦਿਆਰਥੀ ਜਥੇਬੰਦੀਆਂ ਦੁਅਰਾ ਰੱਖੀ ਵਿਚਾਰ-ਚਰਚਾ ਵਿੱਚ ਏਬੀਵੀਪੀ ਦੇ ਮੈਂਬਰਾਂ ਨੇ ਦਖ਼ਲ ਦਿੱਤਾ ਅਤੇ ਦੋਵਾਂ ਵਿੱਚ ਝੜਪ ਹੋਈ। ਬਾਅਦ ਵਿੱਚ ਏਬੀਵੀਪੀ ਦੁਆਰਾ ਇਹ ਇਲਜਾਮ ਲਗਾਇਆ ਗਿਆ ਕਿ ਇਸ ਚਰਚਾ ਵਿੱਚ ਦੇਸ਼ਵਿਰੋਧੀ ਨਾਅਰੇ ਲਗਾਏ ਗਏ। ਬਾਅਦ ਵਿੱਚ ਇਸ ਸਬੰਧ ‘ਚ ਵਿਦਿਅਰਥੀ ਆਗੂ ਘਨਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਨੂੰ ਗਿਫਤਾਰ ਕੀਤਾ ਗਿਆ।

ਜਵਾਹਰਲਾਲ ਯੂਨਿਵਰਸਿਟੀ ਦਾ ਵਿਦਿਆਰਥੀ ਨਜੀਬ ਐਹਮਦ 15 ਅਕਤੂਬਰ 2016 ਨੂੰ ਗਾਇਬ ਹੋ ਗਿਆ। ਜਿਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ। ਜਿਕਰਯੋਗ ਹੈ ਕਿ ਨਜੀਬ ਦੀ ਗੁੰਮਸ਼ੁਦਗੀ ਤੋਂ ਇੱਕ ਰਾਤ ਪਹਿਲਾਂ ਉਸ ਦੀ ਏਬੀਵੀਪੀ ਦੇ ਮੈਂਬਰਾਂ ਨਾਲ਼ ਝੜਪ ਹੋਈ ਸੀ।

ਮਾਰਚ 2016: ਦਿੱਲੀ ਯੁਨਿਵਰਸਿਟੀ

ਅਹਵਾਨ ਨਾਮ ਦੀ ਵਿਦਿਆਰਥੀ ਜਥੇਬੰਦੀ ਦੁਆਰਾ ਭਗਤ ਸਿੰਘ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ‘ਭਗਤ ਸਿੰਘ ਦਾ ਜੀਵਨ ਅਤੇ ਉਸਦੀਆਂ ਰਚਨਾਵਾਂ’ ਵਿਸ਼ੇ ‘ਤੇ ਵਿਚਾਰ-ਚਰਚਾ ਰੱਖੀ ਗਈ ਗਈ ਸੀ। ਪ੍ਰੋ.ਚਮਨ ਲਾਲ ਨੂੰ ਇਸ ਵਿਚਾਰ-ਚਰਚਾ ਵਿੱਚ ਬੁਲਾਇਆ ਗਿਆ ਸੀ। ਇਸ ਤੋਂ ਗੁੱਸੇ ਵਿੱਚ ਆਏ ਏਬੀਵੀਪੀ ਕਾਰਕੁੰਨਾ ਨੇ ਇਸ ਚਰਚਾ ਵਿੱਚ  ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਕੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਵਿਦਿਆਰਥੀਆਂ ਨਾਲ਼ ਕੁੱਟਮਾਰ ਕੀਤੀ।

ਮਈ 2016 : ਜਾਦਵਪੁਰ ਯੂਨਿਵਰਸਿਟੀ

ਜਾਦਵਪੁਰ ਯੂਨਿਵਰਸਿਟੀ ਵਿੱਚ ਏਬੀਵੀਪੀ ਅਤੇ ਖੱਬੇਪੱਖੀ ਵਿਦਿਆਰਥੀਆਂ ਵਿੱਚ ਟਕਰਾ ਹੋਇਆ। ਇਹ ਟਕਰਾ ਵਿਵੇਕ ਅਗਨੀਹੋਤਰੀ ਦੀ ਫਿਲਮ ਬੁੱਧਾ ਇੰਨ ਟ੍ਰੈਫਿਕ ਜਾਮ ਦਿਖਾਏ ਜਾਣ ਦੇ ਸਬੰਧ ਵਿੱਚ ਹੋਇਆ। ਏਬੀਵੀਪੀ ਨੇ ਯੂਨਿਵਰਸਿਟੀ ਪ੍ਰਸ਼ਾਸ਼ਨ ਵਲ਼ੋਂ ਮਨਜੂਰੀ ਨਾ ਦਿੱਤੇ ਜਾਣ ਦੇ ਬਾਵਜੂਦ ਨਾ ਸਿਰਫ ਫਿਲਮ ਦੀ ਪੇਸ਼ਕਾਰੀ ਕੀਤੀ ਸਗੋਂ ਇਸ ਦੌਰਾਨ ਲੜਕੀਆਂ ਨਾਲ਼ ਛੇੜਖਾਨੀ ਅਤੇ ਕੁੱਟਮਾਰ ਵੀ ਕੀਤੀ।

ਅਗਸਤ 2016 : ਏਬੀਵੀਪੀ ਅਤੇ ਐੱਮਨਿਸਟੀ ਇੰਟਰਨੈਸ਼ਨਲ

ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵੱਲ਼ ਧਿਆਨ ਖਿੱਚਣ ਦੇ ਸਬੰਧ ਵਿੱਚ ਬੈਗਲੁਰੁ ਦੇ ਐੱਮਨੈਸਟੀ ਇੰਟਰਨੈਸ਼ਨਲ ਵਿੱਚ ‘ਬ੍ਰੋਕਨ ਫੈਮਿਲੀਜ਼’ ਨਾਮ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਏਬੀਵੀਪੀ ਦੇ ਮੈਂਬਰਾਂ ਦੁਆਰਾ ਭੰਨ• ਤੋੜ ਵੀ ਕੀਤੀ ਗਈ। ਜਿਕਰ ਯੋਗ ਹੈ ਕਿ ਇਸ ਦੌਰਾਨ ਉਹਨਾ ਕੋਲ਼ ਪੈਟ੍ਰੋਲ ਬੰਬ ਵੀ ਸਨ।

ਸਤੰਬਰ 2016 : ਕੇਂਦਰੀ ਯੂਨਿਵਰਸਿਟੀ ਹਰਿਆਣਾ

21 ਸਤੰਬਰ 2016 ਨੂੰ ਯੁਨਿਵਰਸਿਟੀ ਵਿੱਚ ਮਹਾਂ ਸ਼ਵੇਤਾਦੇਵੀ ਦੀ ਕਹਾਣੀ ਦਰਾਉਪਦੀ ‘ਤੇ ਅਧਾਰਤ ਨਾਟਕ ਦੀ ਪੇਸ਼ਕਾਰੀ ਦੇ ਵਿਰੋਧ ਵਿੱਚ ਏਬੀਵੀਪੀ ਦੁਆਰਾ ਮੁਜ਼ਾਹਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਦੇਸ਼ਧ੍ਰੋਹ ਦਾ ਇਲਜ਼ਾਮ ਲਗਾ ਉਹਨਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਚੁੱਕੀ। 

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements