ਦਰਿਆ ਦਾ ਦੂਸਰਾ ਕਿਨਾਰਾ •ਖਾਲਿਦ ਸੋਹੇਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਬੇਟਾ ! ਕੀ ਤੂੰ ਭੰਵਰ ਵਿੱਚ ਕੁੱਦਣ ਦੀਆਂ ਤਿਆਰੀਆਂ ਕਰ ਰਿਹਾ ਹੈਂ?

ਜੀ ਹਾਂ : ਅੱਬਾ ਜਾਨ ! ਕਿਨਾਰੇ ਕਿਨਾਰੇ ਚੱਲਣ ਦਾ ਕੀ ਲਾਭ।

ਤੁਹਾਡੇ ਸਫ਼ਰ ਦਾ ਨਿਸ਼ਾਨਾ ਕੀ ਹੈ?

ਮੇਰੀਆਂ ਆਸਾਂ ਅਤੇ ਸਵੈ-ਭਰੋਸਾ।

ਤੁਹਾਡੀ ਮੰਜ਼ਿਲ ।

ਦਰਿਆ ਦਾ ਦੂਸਰਾ ਕਿਨਾਰਾ।

ਜੇਕਰ ਤੁਫਾਨ ਬਹੁਤ ਤੇਜ਼ ਹੋਇਆ ਤਾਂ?

ਡੁੱਬ ਜਾਵਾਂਗਾ।

ਮੁੜ ਵਾਪਸ ਪਰਤ ਕੇ ਤਾਂ ਨਹੀਂ ਆਵੇਂਗਾ?

ਬਿਲਕੁਲ ਨਹੀਂ।

ਜਿਉਂਦਾ ਰਹਿ ਪੁੱਤਰ! ਮੇਰੀ ਇਹੋ ਪ੍ਰਾਰਥਨਾ ਹੈ ਕਿ ਤੇਰੇ ਖ਼ਾਬ੍ਹ ਸਫ਼ਲ ਹੋਣ ਅਤੇ ਤੂੰ ਦਰਿਆ ਦੇ ਪਾਰ ਅੱਪੜ ਸਕੇਂ। ਕਦੋਂ ਜਾ ਰਿਹਾ ਹੈਂ?

ਕੱਲ ਸਵੇਰੇ ਪਹਿਲੀ ਗੱਡੀ।

ਬੇਟਾ, ਸ਼ਾਮ ਨੂੰ ਅਸੀਂ ਦੋਵੇਂ ਸੈਰ ‘ਤੇ ਜਾਵਾਂਗੇ। ਮੈਂ ਤੇਰੇ ਨਾਲ਼ ਕੁਝ ਗੱਲਾਂ ਕਰਨੀਆਂ ਹਨ। ਮੈਂ ਆਪਣਾ ਸਮਾਨ ਤਿਆਰ ਕਰ ਲਵਾਂ।

ਬੇਟਾ! ਮੈਂ ਬੁੱਢਾ ਆਦਮੀ ਹਾਂ। ਚੱਲਦਿਆਂ ਥੱਕ ਗਿਆ ਹਾਂ। ਆ ਜ਼ਰਾ ਦਰਿਆ ਦੇ ਕਿਨਾਰੇ ‘ਤੇ ਬੈਠ ਕੇ ਗੱਲਾਂ ਕਰੀਏ।

ਬੇਟਾ, ਇਹ ਤੂੰ ਘਰੋਂ ਨਿਕਲ ਜਾਣ ਦਾ ਫੈਸਲਾ ਕਦੋਂ ਦਾ ਕੀਤਾ ਹੈ?

ਅੱਬਾ ਜਾਨ, ਅਜਿਹਾ ਸੋਚ ਤਾਂ ਮੈਂ ਚਿਰ ਤੋਂ ਰਿਹਾ ਸਾਂ। ਮੈਂ ਜਾਣਦਾ ਹਾਂ ਕਿ ਇਸ ਸ਼ਹਿਰ ਵਿੱਚ ਮੇਰੇ ਜੀਵਨ ਦਾ ਕੋਈ ਭਵਿੱਖ ਨਹੀਂ। ਮੈਂ ਹਮੇਸ਼ਾ ਖੂਹ ਦੇ ਡੱਡੂ ਵਾਂਗ ਰਹਾਂਗਾ। ਮੈਂ ਨਵੀਂ ਜ਼ਿੰਦਗੀ, ਨਵੀਂਆਂ ਮੰਜ਼ਿਲਾਂ ਅਤੇ ਨਵੇਂ ਅਕਾਸ਼ ਤਲਾਸ਼ ਕਰਨੇ ਹਨ। ਸੋਚਿਆ! ਅਣ-ਜਾਣੀਆਂ ਮੰਜ਼ਿਲਾਂ ਲਈ ਤਿਆਰ ਹੋ ਜਾਵਾਂ। ਉਂਜ ਮੈਂ ਪਿਛਲੇ ਕਈ ਹਫ਼ਤਿਆਂ ਤੋਂ ਇੱਕ ਸੁਪਨਾ ਵੇਖ ਰਿਹਾਂ ਹਾਂ ਜਿਸ ਵਿੱਚ ਇੱਕ ਅਵਾਜ਼ ਮੈਨੂੰ ਬਹੁਤ ਦੂਰ ਤੋਂ ਬੁਲਾ ਰਹੀ ਹੈ। ਤੁਹਾਡਾ ਕੀ ਖਿਆਲ ਹੈ?

ਬੇਟਾ, ਮੈਂ ਬਹੁਤ ਖੁਸ਼ ਹਾਂ ਕਿ ਤੂੰ ਇਹ ਫ਼ੈਸਲਾ ਕੀਤਾ ਹੈ। ਤੂੰ ਤਾਂ ਮੈਨੂੰ ਮੇਰੀ ਜਵਾਨੀ ਯਾਦ ਕਰਾ ਦਿੱਤੀ ਹੈ। ਜਦੋਂ ਮੇਰੇ ਦਿਲ ਵਿੱਚ ਵੀ ਜਜ਼ਬਿਆਂ ਦਾ ਤੁਫਾਨ ਉੱਠ ਖਲੋਂਦਾ ਸੀ ਅਤੇ ਮੈਂ ਵੀ ਇਹ ਫ਼ੈਸਲਾ ਕੀਤਾ ਸੀ ਕਿ ਮੈਂ ਜ਼ਿੰਦਗੀ ਦੇ ਦਰਿਆ ਵਿੱਚ ਕੁੱਦ ਪਵਾਂਗਾ ਅਤੇ ਉਨੀ ਦੇਰ ਤੱਕ ਚੈਨ ਨਾਲ਼ ਨਹੀਂ ਬੈਠਾਂਗਾ ਜਦੋਂ ਤੱਕ ਦਰਿਆ ਦੇ ਪਾਰ ਨਹੀਂ ਉੱਤਰ ਜਾਂਦਾ। ਸੋਚਿਆ! ਤੇਰੇ ਸਫ਼ਰ ਤੇ ਜਾਣ ਤੋਂ ਪਹਿਲਾਂ ਤੈਨੂੰ ਆਪਣੇ ਅਤੀਤ ਬਾਰੇ ਕੁੱਝ ਗੱਲਾਂ ਦੱਸਾਂ।

ਉਹ ਆਪਣੇ ਬੇਟੇ ਦੇ ਕੁਝ ਹੋਰ ਨੇੜੇ ਹੋ ਗਿਆ ਅਤੇ ਆਪਣਾ ਮੇਹਰ ਭਰਿਆ ਹੱਥ ਉਸ ਦੇ ਮੋਢੇ ‘ਤੇ ਰੱਖ ਦਿੱਤਾ।

“ਬੇਟਾ; ਮੈਨੂੰ ਬਚਪਨ ਦੇ ਉਹ ਦਿਨ ਯਾਦ ਹਨ ਜਦੋਂ ਮੈਂ ਬਾਕੀ ਬੱਚਿਆਂ ਤੋਂ ਨਵੇਕਲੇ ਜਿਹੇ ਹੋਕੇ ਆਪਣੇ ਕਮਰੇ ਵਿੱਚ ਬੈਠ ਕੇ ਕਿਤਾਬਾਂ ਪੜ੍ਹਿਆ ਕਰਦਾ ਸੀ। ਮੈਨੂੰ ਉਹ ਸ਼ਾਮਾਂ ਵੀ ਯਾਦ ਹਨ ਜਦੋਂ ਮੈਂ ਘੰਟਿਆਂ ਬੱਧੀ ਖੇਤਾਂ ਵਿੱਚ ਇਕੱਲਿਆਂ ਫਿਰਦਾ ਰਹਿੰਦਾ ਸੀ। ਮੈਨੂੰ ਸ਼ੁਰੂ ਤੋਂ ਇਸ ਗੱਲ ਦਾ ਅਹਿਸਾਸ ਸੀ ਕਿ ਮੈਂ ਕਿਸ ਲਿਹਾਜ਼ ਨਾਲ਼ ਉਨ੍ਹਾਂ ਤੋਂ ਨਵੇਕਲਾ ਹਾਂ। ”

ਬੇਟਾ, ਬਾਪੂ ਦੀਆਂ ਗੱਲਾਂ ਬੜੇ ਗੌਰ ਨਾਲ਼ ਸੁਣ ਰਿਹਾ ਸੀ। ਉਹ ਆਪਣੇ ਬਾਪ ਦੇ ਨੇੜੇ ਸੀ ਪਰੰਤੂ ਉਸ ਨੇ ਆਪਣੇ ਬਾਪ ਨੂੰ ਇਸ ਅੰਦਾਜ਼ ਵਿੱਚ ਗੱਲਾਂ ਕਰਦਿਆਂ ਨਹੀਂ ਸੁਣਿਆ ਸੀ।

“ਮੈਨੂੰ ਜਵਾਨੀ ਦੇ ਉਹ ਦਿਨ ਯਾਦ ਹਨ, ਜਦੋਂ ਮੈਂ ਹਾਈ ਸਕੂਲ ਵਿੱਚ ਦਾਖ਼ਲ ਹੋਣ ਲਈ ਜਾ ਰਿਹਾ ਸਾਂ ਤਾਂ ਮੇਰੇ ਅੱਬਾ ਨੇ ਮੈਨੂੰ ਪੁੱਛਿਆ ਸੀ : “ਬੇਟਾ ਤੂੰ ਕਿਹੜਾ ਮਜ਼ਮੂਨ ਲੈ ਰਿਹਾ ਹੈ।” ਤਾਂ ਮੈਂ ਕਿਹਾ ਸੀ “ਅਦਬ ਅਤੇ ਫਲਸਫ਼ਾ” ਅਤੇ ਉਹ ਗੁੱਸੇ ਨਾਲ਼ ਲਾਲ ਹੋ ਗਏ ਸਨ “ਤੂੰ ਅਜਿਹਾ ਨਹੀਂ ਕਰ ਸਕਦਾ। ਅਦਬ ਅਤੇ ਫ਼ਿਲਾਸਫ਼ੀ ਪੜ੍ਹ ਕੇ ਕੀ ਕਰੇਂਗਾ, ਭੁੱਖਾ ਮਰੇਂਗਾ। ਸਾਇੰਸ ਪੜ੍ਹ ਤਾਂ ਜੋ ਨੌਕਰੀ ਕਰ ਸਕੇਂ ਅਤੇ ਘਰ ਦੀ ਹਾਲਤ ਸੁਧਰੇ। ਪਰ ਮੈਂ ਵਿਦਰੋਹ ਵੱਲ ਪਹਿਲਾ ਕਦਮ ਉਠਾਇਆ। ਮਾਪਿਆਂ ਦੇ ਹੁਕਮ ਦੀ ਉਲੰਘਣਾ ਕਰਨ ਵਾਲ਼ਾ ਅਖਵਾਇਆ, ਪਰੰਤੂ ਆਪਣੀ ਗੱਲ ‘ਤੇ ਅੜਿਆ ਰਿਹਾ। ਮੈਂ ਖਾਨਦਾਨ ਹੀ ਨਹੀਂ ਸਗੋਂ ਸਾਰੀ ਦੁਨੀਆਂ ਨਾਲ਼ ਟੱਕਰਣ ਲਈ ਤਿਆਰ ਸੀ। ਮੈਂ ਤਾਂ ਇੱਕ ਨਵੀਂ ਦੁਨੀਆਂ ਦੇ ਖ਼ਾਬ੍ਹ ਦੇਖਦਾ ਸੀ।”

ਉਸ ਦਾ ਸਾਰਾ ਸਰੀਰ ਕੰਬਣ ਲੱਗ ਪਿਆ। ਉਹ ਭਾਵੁਕ ਹੋ ਗਿਆ ਸੀ। ਬੇਟੇ ਨੇ ਉਸ ਨੂੰ ਸਹਾਰਾ ਦਿੱਤਾ, ਉਹ ਦੋਵੇਂ ਇੱਕ ਵਾਰੀ ਫਿਰ ਹੌਲ਼ੀ-ਹੌਲ਼ੀ ਤੁਰਨ ਲੱਗ ਪਏ।

“ਅੱਬਾ ਜਾਨ, ਖਾਨਦਾਨ ਦੇ ਵਿਰੋਧ ‘ਤੇ ਤੁਹਾਡੇ ਕਦਮ ਲੜਖੜਾਏ ਤਾਂ ਨਹੀਂ ਸਨ।”

“ਨਹੀਂ, ਸਗੋਂ ਮੇਰੇ ਜਜ਼ਬਿਆਂ ਵਿੱਚ ਕੁਝ ਹੋਰ ਸ਼ਿੱਦਤ ਪੈਦਾ ਹੋ ਗਈ ਸੀ। ਮੈਂ ਗਿਆਨ ਅਤੇ ਤਜ਼ਰਬੇ ਦਾ ਪਿਆਸਾ ਸੀ। ਮੈਨੂੰ ਤਾਂ ਅਦਬ, ਫ਼ਿਲਾਸਫ਼ੀ, ਮਜ਼ਬ, ਸਮਾਜ ਵਿਗਿਆਨ ਨਾਲ਼ ਇਸ਼ਕ ਸੀ। ਮੈਂ ਦਿਨ ਰਾਤ ਕਿਤਾਬਾਂ ਪੜ੍ਹਦਾ ਰਹਿੰਦਾ ਸੀ ਅਤੇ ਦੋਸਤਾਂ ਨਾਲ਼ ਲੰਮੀਆਂ ਬਹਿਸਾਂ ਵਿੱਚ ਉਲਝਿਆ ਰਹਿੰਦਾ ਸੀ। ਮੇਰੇ ਸ਼ੌਕ ਅਤੇ ਜਜ਼ਬੇ ਦੀ ਕੋਈ ਥਾਹ ਨਹੀਂ ਸੀ। ਇਸ ਦੀ ਪੂਰਤੀ ਲਈ ਮੈਂ ਜਾਨ ਤੱਕ ਵੀ ਕੁਰਬਾਨ ਕਰਨ ਲਈ ਤਿਆਰ ਸਾਂ। ”

“ਇਹ ਮੁਖਾਲਫ਼ਤ ਕਦੋਂ ਤੱਕ ਜਾਰੀ ਰਹੀ?”

“ਬਹੁਤ ਲੰਮਾਂ ਸਮਾਂ ਤੱਕ, ਜੀਵਨ ਦੇ ਹਰ ਕਦਮ ਅਤੇ ਹਰ ਮੋੜ ਉੱਤੇ ਕੋਈ ਰਸਤਾ ਰੋਕ ਕੇ ਖਲੋਤਾ ਦਿਸਦਾ ਸੀ। ਜਦੋਂ ਫ਼ਲਸਫ਼ੇ ਦੀ ਬੀ.ਏ. ਕਰਨ ਤੋਂ ਬਾਅਦ ਨੌਕਰੀ ਨਾ ਮਿਲੀ ਤਾਂ ਮੈਨੂੰ ਮਜ਼ਬੂਰ ਹੋ ਕੇ ਇਕ ਕਾਰਖਾਨੇ ਵਿੱਚ ਕੰਮ ਕਰਨਾ ਪਿਆ। ਮੈਨੂੰ ਜਵਾਨੀ ਦੇ ਉਹ ਦਿਨ ਨਹੀਂ ਭੁੱਲਦੇ ਜਦੋਂ ਅਸਾਂ ਆਪਣੇ ਹੱਕਾਂ ਲਈ ਉਪਰਾਲੇ ਕੀਤੇ ਸਨ। ਇਸ ਮਾਮਲੇ ਵਿੱਚ ਮੈਂ ਸਭ ਤੋਂ ਅੱਗੇ ਸੀ ਇਸ ਲਈ ਮੈਨੂੰ ਧਮਕੀਆਂ ਵੀ ਮਿਲੀਆਂ ਅਤੇ ਅੰਤ ਨੌਕਰੀ ਤੋਂ ਛੁੱਟੀ ਮਿਲ ਗਈ, ਮੇਰੀ ਹਿੰਮਤ ਵਿੱਚ ਫਿਰ ਵੀ ਕੋਈ ਫ਼ਰਕ ਨਾ ਆਇਆ ਅਤੇ ਦੂਜੀ ਨੌਕਰੀ ਸ਼ੁਰੂ ਕਰ ਦਿੱਤੀ। ”

“ਤੁਹਾਨੂੰ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਹੋਣਗੀਆਂ।”

“ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਮੈਂ ਇਸ ਗੱਲ ਤੋਂ ਭਲੀਭਾਂਤ ਜਾਣੂ ਸਾਂ ਕਿ ਜੇਕਰ ਮਨੁੱਖ ਅਜਿਹੇ ਮਾਹੌਲ ਵਿੱਚ ਸਾਹ ਲੈ ਰਿਹਾ ਹੋਵੇ ਜਿੱਥੇ ਹੋਰ ਮਨੁੱਖਾਂ ਦਾ ਇੱਕ ਛੋਟਾ ਜਿਹਾ ਟੋਲਾ ਬਾਕੀ ਸਭ ਲੋਕਾਂ ਦੇ ਹੱਕਾਂ ਦਾ ਨਜਾਇਜ਼ ਫ਼ਾਇਦਾ ਉਠਾ ਰਿਹਾ ਹੋਵੇ ਤਾਂ ਉੱਥੇ ਬਿਨਾਂ ਕੁਰਬਾਨੀ ਦਿੱਤਿਆਂ ਕੋਈ ਸਮਾਜਿਕ ਤਬਦੀਲੀ ਲਿਆਉਣੀ ਅਸੰਭਵ ਸੀ। ਮੇਰੀ ਇੱਛਾ ਸੀ ਕਿ ਮੈਂ ਹਾਲਾਤ ਵਿੱਚ ਬਹੁਤ ਵਡੇਰੀ ਤਬਦੀਲੀ ਲਿਆਉਣ ਲਈ ਇੱਕ ਵਿਸ਼ੇਸ਼ ਪਾਤਰ ਦਾ ਰੋਲ਼ ਅਦਾ ਕਰ ਸਕਾਂ। ਮੈਂ ਕੋਸ਼ਿਸ਼ ਕਰਦਾ ਰਿਹਾ ਅਤੇ ਹਾਲਾਤਾਂ ਦੇ ਥਪੇੜੇ ਸਹਿੰਦਾ ਰਿਹਾ।”

“ਅੱਬਾ ਜਾਨ ਤੁਹਾਨੂੰ ਅੰਮੀ ਜਾਨ ਦੇ ਕਾਰਣ ਵੀ ਬਹੁਤ ਸਾਰੀਆਂ ਤਕਲੀਫ਼ਾਂ ਬਰਦਾਸ਼ਤ ਕਰਨੀਆਂ ਪਈਆਂ?”

“ਹਾਂ ਬੇਟਾ! ਇਹ ਤਾਂ ਆਮ ਮਰਿਆਦਾ ਨਾਲ਼ ਵੀ ਬਗਾਵਤ ਦੀ ਨਿਆਂਈ ਸੀ। ਮੈਂ ਅਤੇ ਤੇਰੀ ਅੰਮੀ ਜਦੋਂ ਸ਼ਾਦੀ ਤੋਂ ਬਿਨਾਂ ਇਕੱਠੇ ਰਹਿਣ ਲੱਗ ਪਏ ਤਾਂ ਇੱਕ ਕਿਆਮਤ ਆ ਗਈ। ਦੋਸਤ, ਰਿਸ਼ਤੇਦਾਰ ਅਤੇ ਮੁਹੱਲੇ ਵਾਲੇ ਸਭ ਨਾਰਾਜ਼ ਹੋਣ ਲੱਗ ਪਏ। ਕਿਸੇ ਦੇ ਨਾਲ਼ ਰਹਿਣ ਦਾ ਨਿੱਜੀ ਮਾਮਲਾਂ ਇਕ ਸਮਾਜਿਕ ਦੁੱਖ ਦਾ ਕਾਰਣ ਬਣ ਗਿਆ। ਸਾਨੂੰ ਲੋਕਾਂ ਦੇ ਗੁੱਸੇ ਅਤੇ ਘਿਰਣਾ-ਪੂਰਵਕ ਪੱਤਰ ਪ੍ਰਾਪਤ ਹੋਣ ਲੱਗ ਪਏ। ਪਹਿਲਾ ਤਾਂ ਅਸੀਂ ਇਨ੍ਹਾਂ ਗੱਲਾਂ ਨੂੰ ਨਜ਼ਰ-ਅੰਦਾਜ਼ ਕਰਦੇ ਰਹੇ ਪਰ ਹੌਲ਼ੇ-ਹੌਲ਼ੇ ਮਾਮਲਾ ਗੰਭੀਰ ਹੁੰਦਾ ਗਿਆ।”

ਮੈਨੂੰ ਉਹ ਸ਼ਾਮ ਕਦੇ ਨਹੀਂ ਭੁੱਲੇਗੀ ਜਦੋਂ ਮੇਰੀ ਮੁਲਾਕਾਤ ਮੁਹੱਲੇ ਦੇ ਮੌਲਵੀ ਨਾਲ਼ ਹੋਈ। ਉਹ ਕਹਿਣ ਲੱਗੇ। “ਮੈਂ ਤੁਹਾਡੇ ਬਾਰੇ ਬਹੁਤ ਚਿੰਤਾਤੁਰ ਹਾਂ।”

ਮੈਂ ਪੁੱਛਿਆ “ਉਹ ਕਿਉਂ?”

“ਪਤਾ ਲੱਗਾ ਹੈ ਕਿ ਤੁਸੀ ਗੁਨਾਹ ਦੀ ਜ਼ਿੰਦਗੀ ਗੁਜ਼ਾਰ ਰਹੇ ਹੋ।”

“ਉਹ ਕਿਵੇਂ?” ਮੈਂ ਹੈਰਾਨੀ ਨਾਲ਼ ਪੁੱਛਿਆ।

“ਬਗੈਰ ਨਿਕਾਹ ਤੋਂ ਕਿਸੇ ਔਰਤ ਨਾਲ਼ ਰਹਿਣਾ ਸਖ਼ਤ ਗੁਨਾਹ ਹੈ।”

“ਪਰ ਮੌਲਵੀ ਸਾਹਿਬ ਮੈਂ ਇਸ ਔਰਤ ਨਾਲ਼ ਮੁਹੱਬਤ ਕਰਦਾ ਹਾਂ।”

“ਮੈਂ ਗੱਲ ਨਿਕਾਹ ਦੀ ਕਰ ਰਿਹਾ ਹਾਂ, ਮੁਹੱਬਤ ਦੀ ਨਹੀਂ।”

“ਅਤੇ, ਮੈਂ ਮੁਹੱਬਤ ਦੀ ਗੱਲ ਕਰ ਰਿਹਾ ਹਾਂ, ਨਿਕਾਹ ਦੀ ਨਹੀਂ। ਮੇਰੇ ਲਹਿਜੇ ਤੋਂ ਮੇਰਾ ਵਿਦਰੋਹ ਸਪੱਸ਼ਟ ਪ੍ਰਗਟ ਹੁੰਦਾ ਸੀ।”

“ਅਜਿਹੇ ਗੁਨਾਹ ਦੀ ਜਿਸ ਦਾ ਤੂੰ ਭਾਗੀ ਹੈ, ਸਜ਼ਾ ਨਰਕ ਹੈ ਅਤੇ ਅਸੀਂ ਸਾਰੇ ਇਸ ਤੋਂ ਪਨਾਹ ਮੰਗਦੇ ਹਾਂ।”

“ਅਤੇ ਮੈਂ ਅਜਿਹੀ ਜਹੱਨਮ ਵਰਗੀ ਸ਼ਾਦੀ ਤੋਂ ਪਨਾਹ ਮੰਗਦਾ ਹਾਂ ਜਿਸ ਵਿੱਚ ਮੁਹੱਬਤ ਸ਼ਾਮਲ ਨਾ ਹੋਵੇ। ”

ਅਤੇ ਅਸੀਂ ਆਪਣੀਆਂ ਵੱਖ-ਵੱਖ ਰਾਹਵਾਂ ‘ਤੇ ਚੱਲ ਪਏ।

ਬਾਪ ਅਤੇ ਬੇਟਾ ਇੱਕ ਵਾਰ ਫਿਰ ਦਰੱਖਤ ਦੀ ਛਾਂ ਹੇਠ ਬੈਠ ਗਏ।

“ਅੱਬਾ ਜਾਨ, ਆਖਰ ਇੰਨੇ ਵਰ੍ਹਿਆਂ ਦੇ ਸੰਘਰਸ਼ ਤੋਂ ਕੀ ਹਾਸਲ ਹੋਇਆ?”

“ਤਲਖ਼ ਤਜ਼ਰਬੇ ਅਤੇ ਦਿਲ-ਟੁੱਟਣਾ। ਅਸੀਂ ਹੌਲ਼ੀ-ਹੌਲ਼ੀ ਸਭ ਨਾਲ਼ ਦੁਸ਼ਮਣੀ ਮੁੱਲ ਲੈ ਲਈ। ਦੋਸਤ, ਰਿਸ਼ਤੇਦਾਰ ਅਤੇ ਸਾਰੇ ਹਮਦਰਦ ਦੂਰ ਹੋਣ ਲੱਗ ਪਏ। ਜ਼ਿੰਦਗੀ ਦੇ ਭੰਵਰ ਵਿੱਚ ਬਹੁਤ ਸਾਰੀਆਂ ਮੱਛੀਆਂ ਸਨ ਜੋ ਹਰ ਵੇਲ਼ੇ ਸਾਨੂੰ ਖਾ ਜਾਣ ਨੂੰ ਤਿਆਰ ਸਨ। ਕੋਸ਼ਿਸ਼ ਕਰਨ ‘ਤੇ ਵੀ ਅਸੀਂ ਦਰਿਆ ਨੂੰ ਪਾਰ ਨਾ ਕਰ ਸਕੇ। ਥਪੇੜਿਆਂ ਦਾ ਮੁਕਾਬਲਾ ਨਾ ਕਰ ਸਕੇ। ਅਤੇ ਦੋਸ਼ੀਆਂ ਵਾਂਗ ਪਰਤ ਗਏ।”

“ਅੱਬਾ ਜਾਨ ਤੁਸੀਂ ਇਹ ਫੈਸਲਾ ਕਦੋਂ ਕੀਤਾ ਕਿ ਅੱਗੇ ਨਹੀਂ ਵਧੋਗੇ?”

“ਬੇਟੇ, ਉਸ ਸ਼ਾਮ।”

(ਉਹਦੀ ਅਵਾਜ਼ ਕੰਬਣ ਲੱਗ ਪਈ ਅਤੇ ਅੱਖਾਂ ਵਿੱਚੋਂ ਹੰਝੂ ਛਲਕਣ ਲੱਗ ਪਏ।)

“ਉਹ ਇੱਕ ਮਨਹੂਸ ਸ਼ਾਮ ਸੀ। ਤੇਰੀ ਅੰਮੀ ਦੀ ਵਰ੍ਹੇ-ਗੰਢ ਸੀ। ਅਸੀਂ ਬੜੇ ਉਚੇਚ ਨਾਲ਼ ਦਾਅਵਤ ਦਾ ਪ੍ਰਬੰਧ ਕੀਤਾ ਸੀ। ਪੰਜਾਹ ਟੱਬਰਾਂ ਨੂੰ ਪਾਰਟੀ ‘ਤੇ ਸੱਦਿਆ ਸੀ। ਅਸੀਂ ਉਸ ਸ਼ਾਮ ਉਡੀਕਦੇ ਰਹੇ, ਉਡੀਕਦੇ ਰਹੇ ਪਰੰਤੂ ਸਿਵਾਏ ਇਕ ਖਾਨਦਾਨ ਤੋਂ ਹੋਰ ਕੋਈ ਨਹੀਂ ਆਇਆ ਸੀ। ਸਾਡਾ ਸ਼ੋਸਲ ਬਾਈਕਾਟ ਹੋ ਚੁੱਕਾ ਸੀ। ਅਸੀਂ ਸਾਰੀ ਰਾਤ ਜਾਗਦੇ ਰਹੇ ਅਤੇ ਵਿਚਾਰ ਵਟਾਂਦਰਾ ਕਰਦੇ ਰਹੇ। ਅਤੇ ਇਹ ਸੋਚ ਕੇ ਕਿ ਅਸੀਂ ਇਕੱਲੇਪਣ ਦੇ ਅਹਿਸਾਸ ਵਿੱਚ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ, ਅਸੀਂ ਫੈਸਲਾ ਕੀਤਾ ਕਿ ਅਸੀਂ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਜਾਈਏ ਪਰ ਅਸੀਂ ਅਜਿਹਾ ਵੀ ਨਾ ਕਰ ਸਕੇ। ਨਾ ਚਹੁੰਦਿਆਂ ਹੋਇਆਂ ਵੀ ਅਸੀਂ ਉਸ ਰਾਤ ਹਥਿਆਰ ਸੁੱਟ ਦਿੱਤੇ, ਰਵਾਇਤ ਨੂੰ ਸਵੀਕਾਰ ਕਰ ਲਿਆ ਅਤੇ ਵਿਦਰੋਹ ਨੂੰ ਜੀਵਨ ਵਿੱਚੋਂ ਤਿਲਾਂਜਲੀ ਦੇ ਦਿੱਤੀ। ਅਸੀਂ ਸ਼ਾਦੀ ਕਰ ਲਈ। ਮੈਂ ਕਾਰਖਾਨੇ ਦੀ ਯੂਨੀਅਨ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਇੱਕ ਸ਼ਾਂਤ ਜੀਵਨ ਬਤੀਤ ਕਰਨ ਲੱਗ ਪਿਆ।”

“ਕੀ ਤੁਹਾਨੂੰ ਅਜਿਹੇ ਢੱਬ ਦੀ ਜ਼ਿੰਦਗੀ ਜਿਉਣ ਵਿੱਚ ਤਸੱਲੀ ਮਿਲੀ?”

“ਸਕੂਨ ਤਾਂ ਨਹੀਂ ਮਿਲਿਆ ਪਰੰਤੂ ਬਾਕੀ ਲੋਕਾ ਨਾਲ਼ ਮਿਲਣਾ ਜੁਲਣਾ ਵਧ ਗਿਆ ਅਤੇ ਲੋਕ ਸਾਡੇ ਦੁੱਖ ਦਰਦ ਵਿੱਚ ਸ਼ਰੀਕ ਹੋਣ ਲੱਗ ਪਏ। ਮੈਂ ਰਵਾਇਤ ਨੂੰ ਬਦਲਣ ਦੇ ਸੰਘਰਸ਼ ਤੋਂ ਤਿਆਗ-ਪੱਤਰ ਦੇ ਦਿੱਤਾ ਅਤੇ ਅੱਜ ਵੀ ਅਸਫ਼ਲਤਾ ਦਾ ਦੁੱਖ ਮੇਰੀ ਰੂਹ ਦਾ ਨਾਸੂਰ ਬਣਿਆ ਹੋਇਆ ਹੈ। ਮੈਂ ਆਪਣੀ ਜ਼ਿੰਦਗੀ ਦੇ ਇਮਤਿਹਾਨ ਵਿੱਚ ਪੂਰਾ ਨਾ ਉਤਰ ਸਕਿਆ। ਦਰਿਆ ਪਾਰ ਨਾ ਕਰ ਸਕਿਆ। ਇਸੇ ਲਈ ਹੁਣ ਮੇਰੀਆਂ ਆਸਾਂ ਦਾ ਕੇਂਦਰ ਤੂੰ ਹੈਂ। ਉਹ ਦਰਿਆ ਜੋ ਇੱਕ ਨਸਲ ਪਾਰ ਨਹੀਂ ਕਰ ਸਕੀ ਉਹ ਹੁਣ ਦੂਸਰੀ ਨਸਲ ਨੂੰ ਪਾਰ ਕਰਨਾ ਪਵੇਗਾ। ”

“ਕੀ ਤੁਸੀਂ ਮੇਰੇ ਬਾਰੇ ਪੂਰਨ-ਤੌਰ ‘ਤੇ ਆਸ਼ਾਵਾਦੀ ਹੋ?”

“ਬਿਲਕੁਲ, ਮੈਂ ਬੁੱਢਾ ਹਾਂ ਤੇ ਤੂੰ ਜਵਾਨ, ਮੈਂ ਨਿੱਜੀ ਤੌਰ ‘ਤੇ ਉਹ ਕੁਰਬਾਨੀਆਂ ਨਹੀਂ ਦੇ ਸਕਿਆ ਜੋ ਅਜਿਹੇ ਸੰਘਰਸ਼ ਲਈ ਜਰੂਰੀ ਹੁੰਦੀਆਂ ਹਨ। ਲੋਕਾਂ ਨੇ ਪਿਆਰ ਦੇ ਰਾਹ ਵਿੱਚ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਬਿਲਕੁਲ ਸੰਭਵ ਤਾਂ ਜੋ ਅਗਲੀ ਨਸਲ ਅਗਲੇ ਦਰਿਆ ਪਾਰ ਕਰ ਸਕੇ।”

“ਅੱਬਾ ਜਾਨ, ਤੁਸੀਂ ਅਸਫ਼ਲ ਹੋ ਕੇ ਵੀ ਆਸ਼ਾਵਾਦੀ ਹੋ।”

“ਹਾਂ, ਮੈਂ ਮਾਯੂਸੀ ਨੂੰ ਸਭ ਤੋਂ ਵੱਡਾ ਗੁਨਾਹ ਸਮਝਦਾ ਹਾਂ। ”

“ਪਰੰਤੂ ਤੁਹਾਡੀ ਆਸ ਯਥਾਰਥ ‘ਤੇ ਨਿਰਭਰ ਹੈ ਜਾਂ ਭਾਵੁਕਤਾ ‘ਤੇ।”

 “ਉਹ ਉੱਠਿਆ ਅਤੇ ਆਪਣੇ ਬੇਟੇ ਨੂੰ ਗਲ਼ੇ ਨਾਲ ਲਗਾ ਲਿਆ।”

“ਬੇਟਾ, ਤੂੰ ਇਕ ਜਿਉਂਦੀ ਹਕੀਕਤ ਹੈ ਅਤੇ ਚਮਕਦੀ ਉਮੀਦ ਕਿਰਨ ।”

“ਅੱਬਾ ਜਾਨ, ਮੈਂ ਦਾਦਾ ਜਾਨ ਨੂੰ ਕਦੇ ਨਹੀਂ ਵੇਖਿਆ। ਕੀ ਉਹਨਾਂ ਵਿੱਚ ਅਤੇ ਤੁਹਾਡੇ ਵਿੱਚ ਕੋਈ ਅੰਤਰ ਹੈ?”

“ਇਕ ਫ਼ਰਕ ਹੈ।”

“ਉਹ ਕੀ ਹੈ?”

“ਮੇਰੇ ਅੱਬਾ ਜਾਨ ਮੇਰਾ ਹੌਂਸਲਾ ਤੋੜਦੇ ਹੁੰਦੇ ਸਨ ਤੇ ਮੈਂ ਤੈਨੂੰ ਉਤਸ਼ਾਹਿਤ ਕਰਦਾ ਹਾਂ। ”

ਅਤੇ ਉਹ ਮੁਸਕਰਾਉਂਦੇ ਹੋਏ ਵਾਪਸ ਪਰਤ ਗਏ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements