ਮੋਹਨ ਭਾਗਵਤ, ਸੁਰੇਸ਼ ਰਾਣਾ, ਸੰਗੀਤ ਸੋਮ ਵਰਗੇ ਦੰਗਈਆਂ ਨੂੰ ਮਿਲੀ ਜ਼ੈਡ ਸੁਰੱਖਿਆ : ਦੰਗਈਆਂ ਕਾਤਲਾਂ ਲਈ ‘ਅੱਛੇ ਦਿਨ’ •ਕੁਲਦੀਪ

9

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਤੋਂ ਮੋਦੀ ਦੀ ਅਗਵਾਈ ਵਿੱਚ ਬੀਜੇਪੀ ਸੱਤਾ ‘ਚ ਆਈ ਹੈ ਉਦੋਂ ਤੋਂ ਜਿੱਥੇ ਇੱਕ ਪਾਸੇ ਭਾਰਤੀ ਸਰਮਾਏਦਾਰ ਜਮਾਤ ਦੀ ਵੱਧ-ਚੜ੍ਹ ਕੇ ਸੇਵਾ ਕਰ ਰਹੀ ਹੈ, ਉਹਨਾਂ ਲਈ ‘ਅੱਛੇ ਦਿਨ’ ਲਿਆਉਣ ਦੇ ਯਤਨ ਕਰ ਰਹੀ ਹੈ; ਤਾਂ ਉੱਥੇ ਦੂਜੇ ਪਾਸੇ ਆਮ ਲੋਕਾਂ ਲਈ ਕੀ ਕਰ ਰਹੀ ਹੈ? ਉਹ ਕਿਰਤ ਕਾਨੂੰਨਾਂ ਵਿੱਚ “ਸੋਧਾਂ” ਦੇ ਨਾਂ ਹੇਠ ਹਰ ਨਿਯਮ-ਕਾਨੂੰਨ ਨੂੰ ਕਿੱਲੀ ‘ਤੇ ਟੰਗ ਰਹੀ ਹੈ, ਲੋਕਾਂ ਦੀਆਂ ਜਮੀਨਾਂ ਜ਼ਬਰਦਸਤੀ ਖੋਹ ਰਹੀ ਹੈ, ਨਿੱਜੀਕਰਨ ਦਾ ਕੁਹਾੜਾ ਲੋਕਾਂ ‘ਤੇ ਵਾਹ ਰਹੀ ਹੈ। ਨਾਲ਼ ਹੀ ਲੋਕ ਆਪਣੀਆਂ ਮੰਗਾਂ ‘ਤੇ ਇਕੱਠੇ ਨਾ ਹੋ ਜਾਣ, ਇਸ ਨੂੰ ਰੋਕਣ ਲਈ ਆਪਣਾ ਸੰਘੀ ਫਿਰਕੂ ਏਜੰਡਾ ਲਾਗੂ ਕਰ ਰਹੀ ਹੈ। ਸਿੱਖਿਆ ਦਾ ਭਗਵਾਕਰਨ ਕਰ ਰਹੀ ਹੈ, ‘ਭਾਰਤੀ ਇਤਿਹਾਸ ਖੋਜ ਸੰਸਥਾ’ ਜਿਹੀਆਂ ਸੰਸਥਾਵਾਂ ਵਿੱਚ ਆਪਣੇ ਪਿੱਠੂਆਂ ਨੂੰ ਬਿਠਾ ਰਹੀ ਹੈ ਅਤੇ ਆਪਣੇ ਫਿਰਕੂ ਏਜੰਡੇ ਅਨੁਸਾਰ ਇਤਿਹਾਸ ਦੀ ਤੋੜ-ਮਰੋੜ ਕਰ ਰਹੀ ਹੈ।

ਦੂਜੇ ਪਾਸੇ ਆਪਣੇ ਸੰਘੀ ਸੰਗੀਆਂ ਲਈ ਅਨੇਕ ਤਰੀਕਿਆਂ ਨਾਲ਼ ‘ਅੱਛੇ ਦਿਨ’ ਲਿਆਉਣ ਲਈ ਯਤਨ ਕਰ ਰਹੀ ਹੈ। ਪਿੱਛੇ ਜਿਹੇ ਹੀ ਸਰਕਾਰ ਨੇ ਰ.ਸ.ਸ. (ਰਾਸ਼ਟਰੀ ਸਵੈਸੇਵਕ ਸੰਘ) ਦੇ ਮੁਖੀ ਮੋਹਨ ਭਾਗਵਤ ਨੂੰ ਜ਼ੈੱਡ-ਪੁਲਿਸ ਸੁਰੱਖਿਆ ਦੇ ਦਿੱਤੀ ਹੈ। ਇਸ ਤੋਂ ਬਿਨਾਂ ਸੁਰੇਸ਼ ਰਾਣਾ ਵਰਗੇ ਬੀਜੇਪੀ ਦੇ ਦੰਗਈ ਆਗੂ ਨੂੰ ਵੀ ਜ਼ੈੱਡ ਸੁਰੱਖਿਆ ਦੇਣ ਦਾ ਇੰਤਜ਼ਾਮ ਕੀਤਾ ਗਿਆ ਹੈ। ਮੁਜ਼ੱਫਰਨਗਰ ਦੰਗਿਆਂ ਦੇ ਦੋਸ਼ੀ ਸੰਗੀਤ ਸੋਮ ਨੂੰ ਵੀ ਜ਼ੈੱਡ ਸੁਰੱਖਿਆ ਦਿੱਤੀ ਜਾ ਰਹੀ ਹੈ। ਭੜਕਾਊ ਭਾਸ਼ਣ ਦੇਣ ਵਾਲ਼ੀ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਿਓਤੀ ਨੂੰ ਵੀ ਵੀਆਈਪੀ ਸੁਰੱਖਿਆ ਦਿੱਤੀ ਗਈ ਹੈ। ਬਾਬਾ ਰਾਮ ਦੇਵ ਨੂੰ ਵੀ ਜ਼ੈੱਡ ਸੁਰੱਖਿਆ ਸਰਕਾਰ ਨੇ ਪ੍ਰਦਾਨ ਕੀਤੀ ਹੋਈ ਹੈ, ਇਹ ਉਹੀ ਬਾਬਾ ਰਾਮਦੇਵ ਹੈ ਜਿਸਨੇ ਮਨਮੋਹਨ ਦੀ ਸਰਕਾਰ ਵੇਲੇ ਭ੍ਰਿਸ਼ਟਾਚਾਰ, ਵੀਆਈਪੀ ਸੱਭਿਆਚਾਰ ਦੇ ਵਿਰੁੱਧ ਮੁਜ਼ਾਹਰੇ ਕੀਤੇ ਸਨ। ਇਸੇ ਤਰ੍ਹਾਂ ਮੋਦੀ ਸਰਕਾਰ ਨੇ ਆਪਣੇ ਚਹੇਤੇ ਆਕਾ ਮੁਕੇਸ਼ ਅੰਬਾਨੀ ਨੂੰ ਵੀ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਹੈ। ਇਸੇ ਮੁਕੇਸ਼ ਅੰਬਾਨੀ ਨੇ ਚੋਣਾਂ ਦੌਰਾਨ ਮੋਦੀ ਲਹਿਰ ‘ਤੇ ਪੈਸਾ ਪਾਣੀ ਵਾਂਗ ਵਹਾਇਆ ਸੀ। ਸ਼ੋਹਰਾਬੁਦੀਨ ਸ਼ੇਖ ਅਤੇ ਉਸਦੀ ਪਤਨੀ ਦੇ ਕਤਲ ਦੇ ਦੋਸ਼ੀ ਅਤੇ ਇਸ਼ਰਤ ਜਹਾਂ ਝੂਠੇ ਪੁਲਿਸ ਮੁਕਾਬਲੇ ‘ਚ ਚਰਚਾ ‘ਚ ਆਏ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਸਰਕਾਰ ਨੇ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਹੈ।

ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਵਿੱਚ ਵੀਵੀਆਈਪੀ ਜਾਂ ਵੀਆਈਪੀ ਸੁਰੱਖਿਆ ਦੀਆਂ ਚਾਰ ਕੈਟਾਗਿਰੀਆਂ ਹਨ:- 1.ਜ਼ੈੱਡ-ਪਲਸ ਸੁਰੱਖਿਆ ਇਸ ਵਿੱਚ ਨੈਸ਼ਨਲ ਸੁਰੱਖਿਆ ਗਾਰਡਜ਼ (ਐਨਐਸਜੀ) ਦੇ 36 ਪੁਲਿਸ ਮੁਲਾਜ਼ਮ ਹੁੰਦੇ ਹਨ ਅਤਿ ਆਧੁਨਿਕ ਰਾਇਫਲਾਂ ਤੇ ਤਕਨੀਕੀ ਸਮਾਨ ਨਾਲ਼ ਲੈਸ ਹੁੰਦੇ ਹਨ, 2. ਜ਼ੈੱਡ ਸੁਰੱਖਿਆ ਇਸ ਤਹਿਤ ਦਿੱਲੀ ਪੁਲਿਸ, ਆਈਟੀਬੀਪੀ ਜਾਂ ਸੀਆਰਪੀਐਫ਼ ਦੇ 22 ਜਵਾਨ ਤਾਇਨਾਤ ਹੁੰਦੇ ਹਨ, 3. ਵਾਈ ਸੁਰੱਖਿਆ ਵਿੱਚ 11 ਪੁਲਿਸ ਪੁਲਾਜ਼ਮ ਅਤੇ 4. ਐਕਸ ਸੁਰੱਖਿਆ ਵਿੱਚ 2 ਪੁਲਿਸ ਮੁਲਾਜ਼ਮ ਹੁੰਦੇ ਹਨ। ਇਹਨਾਂ ਵੀਵੀਆਈਪੀਜ਼ ਜਾਂ ਵੀਆਪੀਜ਼ ਦੀ ਪੂਰੀ ਸੁਰੱਖਿਆ ‘ਤੇ ਸਰਕਾਰ ਹਰ ਸਾਲ 500 ਕਰੋੜ ਤੋਂ ਵੀ ਵੱਧ ਪੈਸਾ ਖਰਚ ਕਰਦੀ ਹੈ।

ਦੂਜੇ ਪਾਸੇ ਆਮ ਲੋਕਾਂ ਦੀ ਹਾਲਤ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਦੇਸ਼ ਵਿੱਚ 9000 ਬੱਚਾ ਭੁੱਖ ਤੇ ਕਪੋਸ਼ਣ ਨਾਲ਼ ਮਰਦਾ ਹੈ, ਦੇਸ਼ ਦੀਆਂ 50 ਪ੍ਰਤੀਸ਼ਤ ਔਰਤਾਂ ਖ਼ੂਨ ਦੀ ਘਾਟ ਦੀਆਂ ਸ਼ਿਕਾਰ ਹਨ, ਹਸਪਤਾਲਾਂ ਵਿੱਚ ਲੱਖਾਂ ਲੋਕ ਪੈਸਾ ਨਾ ਹੋਣ ਕਾਰਨ ਇਲਾਜ ਖੁਣੋਂ ਮਰਦੇ ਹਨ, 36 ਕਰੋੜ ਲੋਕ ਭਾਰਤ ਵਿੱਚ ਝੁੱਗੀਆਂ ਝੌਂਪੜੀਆਂ ਤੇ ਫੁੱਟਪਾਥਾਂ ‘ਤੇ ਸੌਂਦੇ ਨੇ। ਲੱਖਾਂ ਔਰਤਾਂ ਨਾਲ਼ ਬਲਾਤਕਾਰ ਹੁੰਦੇ ਹਨ। ਔਰਤ ਦੀ ਇਸ ਮੁਲਕ ਵਿੱਚ ਕੋਈ ਸੁਰੱਖਿਆ ਨਹੀਂ ਹੈ। ਪਰ ਬਲਾਤਕਾਰੀਆਂ, ਭ੍ਰਿਸ਼ਟਾਚਾਰੀਆਂ, ਦੰਗਈਆਂ ਨੂੰ ਸਰਕਾਰ ਜ਼ੈੱਡ ਸੁਰੱਖਿਆ ਪ੍ਰਦਾਨ ਕਰਦੀ ਹੈ। ਦੂਜੇ ਪਾਸੇ ਆਮ ਲੋਕਾਂ ਲਈ ਸੁਰੱਖਿਆ ਦੇ ਨਾਂ ‘ਤੇ ਮਜ਼ਾਕ ਕੀਤਾ ਜਾ ਰਿਹਾ ਹੈ। ਇਹ ਸਥਿਤੀ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਚੰਗੇ ਦਿਨ ਕਿਹਨਾਂ ਲਈ ਹਨ। ਪਰ ਸਾਡਾ ਅਜੋਕਾ ਮੀਡੀਆ ਹਰ ਗੱਲ ਨੂੰ ਸਧਾਰਨੀਕ੍ਰਿਤ ਕਰਕੇ ਪੇਸ਼ ਕਰਦਾ ਹੈ। ਜਿਵੇਂ ‘ਦੇਸ਼ ਦਾ ਵਿਕਾਸ’, ‘ਅੱਛੇ ਦਿਨ’ ਆਦਿ ਜੁਮਲੇ ਜਦ ਮੀਡੀਆ ਉਛਾਲਦਾ ਹੈ ਤਾਂ ਇਸ ਵਿਚਲੇ ਜਮਾਤੀ ਤੱਤ ਨੂੰ ਗੋਲ ਕਰ ਦਿੰਦਾ ਹੈ ਕਿ ਸਰਮਾਏਦਾਰਾ ਸਮਾਜ ਵਿੱਚ ਵਿਕਾਸ ਦਾ ਮਤਲਬ ਹੁੰਦਾ ਹੈ ਲੱਖਾਂ ਲੋਕਾਂ ਦੀ ਤਬਾਹੀ ਦੇ ਮੰਜ਼ਰ ‘ਤੇ ਮੁੱਠੀਭਰ ਲੋਕਾਂ ਦਾ ਵਿਕਾਸ ਅਤੇ ਉਹਨਾਂ ਦੀ ਮੁੱਠੀ ਭਰ ਲੋਕਾਂ ਲਈ ਅੱਛੇ ਦਿਨ। ਹੁਣ ਤੱਕ ਦੇ ਸਾਰੇ ਲੋਟੂ ਸਮਾਜਾਂ ਲਈ ਆਮ ਕਿਰਤੀ ਲੋਕਾਂ ਲਈ ‘ਅੱਛੇ ਦਿਨ’ ਕਦੇ ਵੀ ਨਹੀਂ ਰਹੇ। ਇਤਿਹਾਸ ‘ਚ ਹਮੇਸ਼ਾ ਹੀ ਕਿਰਤੀ ਲੋਕਾਂ ਨੇ ਅਜਿਹੇ ‘ਅੱਛੇ ਦਿਨਾਂ’ ਲਈ ਹਮੇਸ਼ਾ ਆਪਣਾ ਖ਼ੂਨ-ਪਸੀਨਾ ਵਹਾਇਆ ਹੈ ਪਰ ਉਹਨਾਂ ਲਈ ਅੱਛੇ ਦਿਨ ਹਾਲੇ ਤੱਕ ਵੀ ਨਹੀਂ ਆਏ। ਪਰ ਜਦੋਂ ਸਮਾਜਿਕ ਪੈਦਾਵਾਰ ਜੋ ਮੁਨਾਫ਼ਾ ਕੇਂਦਰਿਤ ਨਾ ਹੋ ਕੇ ਮਨੁੱਖ ਅਧਾਰਿਤ ਹੋਵੇਗੀ ਉਦੋਂ ਹੀ ਸਭ ਲੋਕਾਂ ਲਈ ‘ਅੱਛੇ ਦਿਨ’ ਆ ਸਕਦੇ ਹਨ। ਪਰ ਇਸਦਾ ਵਾਹਕ ਭਵਿੱਖ ਹੈ ਜਦ ਮਨੁੱਖਤਾ ਆਪਣੇ ਪਿੰਡੇ ਤੋਂ ਲਹੂ ਪੀਣੀਆਂ ਜੋਕਾਂ ਨੂੰ ਉਤਾਰ ਸੁੱਟੇਗੀ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ