“ਦਲਿਤ ਸਕੂਲ” •ਗੁਰਮੀਤ ਕੜਿਆਲਵੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੈਂ ਪਿੰਡ ਦਾ ਦਲਿਤ ਸਕੂਲ ਹਾਂ
ਇਹ ਮੈਂ ਨਹੀਂ ਕਹਿੰਦਾ
ਸਕੂਲ ਦੀ ਲਿੱਪੀ -ਪੋਚੀ ਭੈਣਜੀ ਆਖਦੀ ਹ ,
“ਪੜਾਉਣ ਨੂੰ ਤਾਂ ਉੱਕਾ ਰੂਹ ਨਹੀਂ ਕਰਦੀ
ਕੋਈ ਚੱਜ ਦਾ ਜੁਆਕ ਤਾਂ
ਸਕੂਲੇ ਪੜਨ ਹੀ ਨਹੀਂ ਆਉਂਦਾ
ਐਂਵੇ ਨਿੱਕੀਆਂ ਸੁੱਕੀਆਂ ਜਾਤਾਂ ਆਲ਼ੇ
ਰਹਿਗੇ ਸਿਰ ਖਾਣ ਨੂੰ
ਭਲਾ ਇਹਨਾਂ ਨਾਲ ਕੌਣ ਮੱਥਾ ਮਾਰੇ?”

ਸਕੂਲ ਆਲ਼ੀ ਭੈਣਜੀ ਜਮਾਂ ਸੱਚ ਬੋਲਦੀ ਐ
ਨਿੱਕੀਆਂ ਸੁੱਕੀਆਂ ਜਾਤਾਂ ਦੇ ਪਚਾਧੇ ਨੂੰ ਪੜਾਉਦਿਆਂ
ਉਹਦੀ ਸੋਹਲ ਤੇ ਕੋਮਲ ਜਿੰਦ ਡੋਲਦੀ ਐ
ਏਸੇ ਕਰਕੇ ਉਹ ਹਰ ਰੋਜ਼
ਸਕੂਲੋਂ ਦੌੜਨ ਦਾ ਬਹਾਨਾ ਟੋਲਦੀ ਹੈ।

ਹੁਣ ਤਾਂ ਭੈਣਜੀ ਪੱਕੇ ਤੌਰ ‘ਤੇ ਸ਼ਹਿਰ ਦੇ
ਸਕੂਲ ਵਿਚ ਪਰਵਾਸ ਕਰ ਗਈ ਹੈ
ਜੁਆਕ ਆਂਹਦੇ ਸਕੂਲ ‘ਚੋਂ
ਇਤਰ ਫਲੇਲ ਦੀ ਮਹਿਕ ਈ ਉੱਡਗੀ ਐ

ਹੁਣ ਸਕੂਲ ਦੇ ਢਾਈ ਸੌ ਜੁਆਕਾਂ ਨੂੰ
ਇੱਕੋ (ਸਵਾ ਲੱਖ) ਮਾਸਟਰ ਪੜਾਉਂਦਾ ਹੈ
ਜੁਆਕਾਂ ਦੀਆਂ ਸ਼ਿਕਾਇਤਾਂ ਸੁਣਦਾ ਹੈ
ਉਹਨਾਂ ਨੂੰ “ਦਿਲ ਕੀ ਬਾਤ” ਸੁਣਾਉਂਦਾ ਹੈ
ਸਮਝ ਲਓ ਸਕੂਲ ਦੀ ਯਾਤਰਾ ‘ਤੇ
ਕਦੀ ਕਦਾਈਂ ਆਉਂਦਾ ਹੈ
ਤੇ ਫਿਰ
ਅਗਲੇ ਦੌਰੇ ਲਈ ਨਿਕਲ ਤੁਰਦਾ ਹੈ
ਕਦੇ ਵੋਟਾਂ ਬਣਾਉਣ
ਕਦੇ ਰੰਗ ਬਰੰਗੇ ਕਾਰਡ ਵੰਡਣ
ਤੇ ਕਦੇ ਮਰਦਮਸ਼ੁਮਾਰੀ ਕਰਨ

ਕਦੇ ਕਦੇ ਮਾਸਟਰ ਵੀ ਮੈਨੂੰ
ਆਪਣੇ ਵਰਗਾ ਦਲਿਤ ਹੀ ਲਗਦਾ ਹੈ
ਆਪਣੀ ਨਿਗੂਣੀ ਤਨਖਾਹ ਦਾ ਰੋਣਾ ਰੋਂਦਾ
ਪੱਕੇ ਹੋਣ ਲਈ ਟੈਕੀਂਆਂ ‘ਤੇ ਚੜਦਾ
ਧਰਨਿਆਂ ਮੁਜ਼ਾਹਰਿਆਂ ‘ਤੇ
ਆਪਣੇ ਵਾਲ਼ੀ ਪੁਲਿਸ ਤੋਂ ਸੇਵਾ ਕਰਾਉਂਦਾ

ਇਹ ਇਕਲੌਤਾ ਮਾਸਟਰ
ਬੱਚਿਆਂ ਨੂੰ ਗਣਿਤ ਦੇ ਪਹਾੜੇ ਵੀ ਪੜਾਉਂਦਾ ਹੈ
ਤੇ ਚਾਚਿਆਂ ਬਾਪੂਆਂ ਦੇ ਲੇਖਾਂ ਨੂੰ
ਰੱਟਾ ਵੀ ਲੁਆਉਂਦਾ ਹੈ
ਸਾਇੰਸ ਦੇ ਲਾਭ ਹਾਨੀਆਂ ਦੱਸਦਿਆਂ
ਆਪਣੇ ਮੋਬਾਇਲ ਨਾਲ ਮਨ ਪਰਚਾਉਂਦਾ ਹੈ
ਤੇ ਮੇਰੇ ਜੁਆਕ ਜੋੜੀਆਂ ਬਣਾ
ਚਿੜੀ ਉੱਡ ਕਾਂ ਉੱਡ ਖੇਡਣ ਲਗਦੇ ਹਨ
ਜੁਆਕ ਮਾਸਟਰ ਨੂੰ ਡਿਸਟਰਬ ਨਹੀਂ ਕਰਦੇ
ਤੇ ਮਾਸਟਰ ਵੀ ਜੁਆਕਾਂ ਦੇ ਕੰਮ ‘ਚ
ਦਖਲ ਨਹੀਂ ਦਿੰਦਾ
ਏਸ ਪੱਖੋਂ ਦੋਵੇਂ ਧਿਰਾਂ ਪੂਰੀਆਂ ਸ਼ਹਿਣਸ਼ੀਲ ਨੇ
ਸਦਭਾਵਨਾ ਏਨੀ ਕਿ ਅੱਧੀ ਛੁੱਟੀ ਵੇਲ਼ੇ
ਮਿਡ ਡੇ ਮੀਲ ਵੀ ਇਕੱਠੇ ਛਕਦੇ ਨੇ

ਇਕ ਦਿਨ ਮਾਸਟਰ ਨੇ
ਸੁਤੰਤਰਤਾ ਦਿਵਸ ਦੇ ਲੇਖ ਦਾ ਰੱਟਾ ਲਵਾਇਆ ਸੀ
ਅਗਲੇ ਦਿਨ ਬੱਕਰੀਆਂ ਆਲਿਆਂ ਦਾ ਠੋਲਾ
ਅਵੱਲੀ ਹੀ ਗੱਲ ਕੱਢ ਲਿਆਇਆ ਸੀ ,
“ਮਾਹਟਰ ਜੀ ਬਾਪੂ ਆਂਹਦਾ
ਥੋਡੇ ਮਾਹਟਰਾਂ ਨੂੰ ਤਾਂ ਭਕਾਈ ਮਾਰਨ ਦੀ ਵਾਦੀ ਐ
ਜਿਹੜੀ ਆਪਾਂ ਨੂੰ ਮਿਲੀ, ਸੱਚੀ ਨਹੀਂ
ਉਹ ਤਾਂ ਝੂਠੀ ਮੂਠੀ ਦੀ ਆਜ਼ਾਦੀ ਐ
ਬਾਪੂ ਆਂਹਦਾ ਰਾਜੇ ਤਾਂ ਪਹਿਲਾਂ ਆਲ਼ੇ ਈ ਨੇ
ਬਸ ਰੰਗ ਦਾ ਹੀ ਫਰਕ ਐ
ਕੁੱਝ ਘਰਾਣੇ ਹੀ ਅਮੀਰ ਹੋਏ ਨੇ
ਮੁਲਕ ਤਾਂ ਪਹਿਲਾਂ ਨਾਲੋਂ ਵੀ ਗਰਕ ਐ”

ਮੇਰੇ ਜੁਆਕ ਨਵੇਂ ਨਵੇਂ ਸੁਆਲ ਕਰਦੇ ਨੇ
ਮਾਸਟਰ ਦੇ ਗਿਆਨ ‘ਚ ਮਣਾਮੂੰਹੀ ਵਾਧਾ ਕਰਦੇ ਨੇ

ਮਾਸਟਰ ਜੀ ਵਲੋਂ ਪਾਣੀ ਬਾਰੇ ਪੜਾਉਂਦਿਆਂ
“ਲਾਟੂ” ਦਾ ਗੇਅਰ ਇਕ ਗੱਲ ‘ਤੇ ਅੜ ਗਿਆ ਸੀ
ਮਹਰਿਆਂ ਦਾ ਇਹ ਜੁਆਕ
ਮਾਸਟਰ ਅੱਗੇ ਸੁਆਲ ਬਣਕੇ ਖੜ ਗਿਆ ਸੀ
“ਮਾਸਟਰ ਜੀ ਕਹਿੰਦੇ ਧਰਤੀ ਉਤੇ ਤਿੰਨ ਹਿੱਸੇ ਪਾਣੀ ਐ
ਗੱਲ ਸੱਚੀ ਕਿ ਤੇਰੇ ਮੇਰੇ ਵਰਗਿਆਂ ਦੀ ਘੜੀ ਕਹਾਣੀ ਐ?”
ਮਾਸਟਰ ਐਨਕਾਂ ਨੂੰ ਨੱਕ ਦੀ ਘੋੜੀ ‘ਤੇ ਲਿਆਇਆ ਸੀ
ਤੇ ਸ਼ਰਾਰਤੀ ਅੱਖਾਂ ਨਾਲ ਮੁਸਕਰਾਇਆ ਸੀ,
“ਊਂ ਮੇਰੇ ਹਿਸਾਬ ਨਾਲ ਤਾਂ
ਧਰਤੀ ਉਤੇ ਤਿੰਨ ਹਿੱਸੇ ਪਾਣੀ ਐ
ਫੇਰ ਵੀ ਆਵਦੀ ਬੀਬੀ ਨੂੰ ਪੁੱਛ ਕੇ ਆਵੀਂ
ਮੇਰੇ ਨਾਲੋਂ ਤਾਂ ਉਹ ਕਈ ਗੁਣਾ ਸਿਆਣੀ ਐ”

ਤੇ ਅਗਲੇ ਦਿਨ

“ਮਾਸਟਰ ਜੀ ਮਾਂ ਤਾਂ ਆਂਹਦੀ
ਥੋਡਾ ਮਾਟਰ ਧੜੀ ਧੜੀ ਦੇ ਗਪੌੜ ਛੱਡਦਾ
ਧਰਤੀ ‘ਤੇ ਐਨਾ ਪਾਣੀ ਕਿਥੋਂ ਆ ਗਿਆ?
ਆਪਾਂ ਤਾਂ ਪੀਣ ਨੂੰ ਵੀ ਤਰਲੇ ਮਾਰਦੇ ਆਂ
ਕਈ ਕਈ ਦਿਨ ਨਾਉਣਾ ਧੋਣਾ ਟਾਲਦੇ ਆਂ
ਬਾਲਟੀ ਦੀ ਥਾਂ ਗਿਲਾਸ ਨਾਲ
ਤੇ ਗਿਲਾਸ ਦੀ ਥਾਂ ਚੂਲੀਆਂ ਨਾਲ ਸਾਰਦੇ ਆਂ”

ਸਾਂਸੀਆਂ ਦਾ ਦੌਲਤੀ ਇੰਡੀਆ ਆਲੇ ਨਕਸ਼ੇ ‘ਤੇ
ਉਂਗਲ ਘੁਮਾਉਂਦਾ ਹੈ
ਮਾਸਟਰ ਨੂੰ ਆਪਣਾ ਦਰਦ ਸੁਣਾਉਂਦਾ ਹੈ
“ਮਾਹਟਰ ਜੀ ਆਹ ਸਾਰਾ ਮੁਲਕ ਆਪਣਾ ਈ ਐ?”
“ਕੋਈ ਸ਼ੱਕ?” ਮਾਸਟਰ ਫਿਲਮੀ ਡਾਇਲਾਗ ਮਾਰਦਾ ਹੈ
“ਹੱਛਾ!!” ਦੌਲਤੀ ਹੈਰਾਨ ਹੀ ਨਹੀਂ ਪਰੇਸ਼ਾਨ ਐ
ਕਿ ਦੇਸ਼ ਦਾ ਕਿਹੋ ਜਿਹਾ ਵਿਧੀ ਵਿਧਾਨ ਐ
ਐਡੇ ਮੁਲਕ ਵਿਚ ਵੀ ਸਾਡੇ ਰਹਿਣ ਲਈ
ਨਾ ਕੋਈ ਥਾਂ ਤੇ ਨਾ ਕੋਈ ਮਕਾਨ ਐ
ਫਿਰ ਰੇਡੂਆ ਐਵੇਂ ਰੋਜ਼ ਰੌਲ਼ਾ ਪਾਈ ਜਾਂਦਾ
ਕਿ ਮੇਰਾ ਭਾਰਤ ਮਹਾਨ ਐ?
ਦੌਲਤੀ ਇਉਂ ਹੀ ਦੇਸ਼ ਆਲ਼ੇ ਨਕਸ਼ੇ ‘ਚੋਂ
ਆਪਣੇ ਰਹਿਣ ਲਈ ਅਕਸਰ ਥਾਂ ਭਾਲਦਾ ਹੈ)

ਘੁਮਿਆਰਾਂ ਦਾ ਘੰਮਾ ਤਾਂ ਬੜਾ ਵਹਿਬਤੀ ਐ
ਮਾਸਟਰ ਦੇ ਸੁਆਲ ਦਾ ਵੱਖਰਾ ਈ ਜੁਆਬ ਦਿੰਦਾ ਹੈ
“ਘੰਮਿਆ ਧਰਤੀ ਘੁੰਮਦੀ ਕਿ ਖੜੀ?”
“ਮਾਹਟਰ ਸੈਬ ਮੇਰਾ ਬਾਪੂ ਆਂਹਦਾ ਖੜੀ ਹੋਣੀ ਐ
ਜੇ ਘੁੰਮਦੀ ਹੁੰਦੀ ਤਾਂ
ਆਪਣਾ ਚੱਕ ਵੀ ਘੁੰਮਦੇ ਰਹਿਣਾ ਸੀ
ਤੇ ਚੱਕ ਦੇ ਘੁੰਮਣ ਨਾਲ ਹੀ
ਘਰਦੇ ਜੀਆਂ ਦੇ ਮੂੰਹ ‘ਚ ਅੰਨ ਪੈਣਾ ਸੀ
ਹੁਣ ਦੀਵਾਲੀ ਵੇਲੇ ਦੀਵੇ ਨਹੀਂ
ਬਨੇਰਿਆਂ ‘ਤੇ ਲੜੀਆਂ ਜਗਦੀਆਂ ਨੇ
ਕੀ ਦੱਸੀਏ ਮਾਟਰ ਜੀ ਕਿੰਨੀਆਂ ਬੁਰੀਆਂ ਲਗਦੀਆਂ ਨੇ
ਹਟੜੀਆਂ ਜਗਾਉਣ ਵਾਸਤੇ ਤਾਂ ਕੁੜੀਆਂ ਈ ਨਹੀਂ ਰਹੀਆਂ
ਸ਼ੋਹਦਿਆਂ ਢਿੱਡ ਅੰਦਰ ਈ ਮਾਰ ਸੁੱਟੀਆਂ ਨੇ
ਸੋ ਮਾਹਟਰ ਜੀ
ਬਾਪੂ ਦੀ ਗੱਲ ‘ਚ ਸਚਾਈ ਬੜੀ ਐ
ਧਰਤੀ ਘੁੰਮਦੀ ਨੀ ਇਕੋ ਥਾਂਏ ਖੜੀ ਐ”

ਮਜਬੀਆਂ ਦੀ ਘੀਟੋ
ਸਕੂਲ ਲੰਗੇ ਡੰਗ ਆਉਂਦੀ ਐ
ਜ਼ਿਆਦਾ ਦਿਨ ਆਵਦੀ ਵਿਧਵਾ ਮਾਂ ਨਾਲ਼
ਲੋਕਾਂ ਦੇ ਘਰੀਂ ਗੋਹਾ ਕੂੜਾ ਕਰਾਉਂਦੀ ਐ
ਗੋਹੇ ਦੇ ਭਰੇ ਟੋਕਰੇ ਚੁੱਕਦਿਆਂ ਮੁਤਰਾਲ
ਵਰਦੀ ‘ਤੇ ਭਾਰਤ ਮਾਤਾ ਦਾ ਨਕਸ਼ਾ ਬਣਾਉਂਦਾ ਹੈ
ਉਸਦੀਆਂ ਮਾਸੂਮ ਅੱਡੀਆਂ ‘ਚ ਫਸਿਆ ਗੋਹਾ
ਰਾਜਧਾਨੀ ਦੀ ਸਿੱਖਿਆ ਨੀਤੀ ਨੂੰ ਦੰਦੀਆਂ ਚਿੜਾਉਂਦਾ ਹੈ

ਮੈਂ ਪਿੰਡ ਦਾ ਦਲਿਤ ਸਕੂਲ
ਰਾਜਧਾਨੀ ਦੀ ਮੀਸਣੀ ਅੱਖ ਦਾ ਸੁਪਨਾ ਹਾਂ
ਜੋ ਕੇਵਲ ਨੇਤਾਵਾਂ ਦੇ ਵਿਕਾਸਮੁਖੀ ਬਿਆਨਾਂ ‘ਚ ਹੀ
ਚਮਕਦਾ ਤੇ ਦਮਕਦਾ ਹੈ
ਉਂਜ ਤਾਂ ਬਸ ਅਖਬਾਰਾਂ ਤੇ ਚੈਨਲਾਂ ਦੀਆਂ
ਖਬਰਾਂ ‘ਚ ਹੀ ਲਟਕਦਾ ਹੈ
ਤੇ ਘੰਮਿਆਂ, ਘੋਟੀਆਂ, ਦੌਲਤੀਆਂ, ਠੋਲਿਆਂ ਨੂੰ
ਸਰਵਪੱਖੀ ਗਿਆਨ ਬਖਸ਼ਦਾ ਹੈ

ਮੇਰੇ ਮੱਥੇ ‘ਤੇ ਉੱਕਰਿਆ,
“ਸਿੱਖਣ ਲਈ ਆਉ ਸੇਵਾ ਲਈ ਜਾਓ” ਦਾ ਨਾਅਰਾ
ਮੇਰੇ ਢਿੱਡ ‘ਚ ਕੁਤਕਤਾੜੀਆਂ ਕੱਢਦਾ ਹੈ
ਸੂਟ-ਬੂਟ ਤੇ ਨੈਕਟਾਈ ਵਾਲਿਆਂ ਦੇ ਫਰਜੰਦਾਂ ਨੂੰ
ਮੇਰੇ ਤੋਂ ਭਿੱਟ ਚੜਦੀ ਹੈ
ਮੇਰੇ ਕੋਲ਼ੋਂ ਲੰਘਣ ਲੱਗਿਆਂ
ਮੁਸ਼ਕ ਨੱਕ ਨੂੰ ਚੜਦੀ ਐ
ਏਸੇ ਕਰਕੇ ਉਹਨਾਂ ਦੀ ਸਕੂਲ ਵੈਨ
ਮੇਰੇ ਕੋਲ਼ੋਂ ਦੂਰ ਦੂਰ ਹੋਕੇ ਲੰਘਦੀ ਹੈ
ਮੈਨੂੰ ਦੁਖੀ ਕਰਦੀ ਹੈ
ਮੇਰੇ ਲਾਡਲ਼ਿਆਂ ਦਾ ਕਲੇਜਾ ਡੰਗਦੀ ਹੈ

ਮੈਂ ਆਪਣੇ ਆਲ਼ਿਆਂ-ਭੋਲ਼ਿਆਂ ਦੀਆਂ ਅੱਖਾਂ ‘ਚ
ਸੁਪਨੇ ਬੀਜਣਾਂ ਚਹੁੰਦਾ ਹਾਂ
ਇਸੇ ਕਰਕੇ ਆਏ ਸਾਲ
ਰਾਜਧਾਨੀ ਵੱਲ ਝੋਲ਼ੀ ਫੈਲਾਉਂਦਾ ਹਾਂ

ਮੈਂ ਪਿੰਡ ਦਾ ਦਲਿਤ ਸਕੂਲ ਹਾਂ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements